ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 1

1 ਪਿਆਰੇ ਥਿਉਫ਼ਿਲੁਸ,ਜਿਹੜੀ ਮੈਂ ਪਹਿਲੀ ਪੋਥੀ ਲਿਖੀ ਸੀ ਉਹ, ਯਿਸੂ ਨੇ ਜੋ ਕੁਝ ਕੀਤਾ ਅਤੇ ਸਿਖਾਇਆ ਸੀ, ਉਸ ਬਾਰੇ ਲਿਖੀ ਸੀ।
2 ਮੈਂ ਯਿਸੂ ਦੇ ਸਾਰੇ ਜੀਵਨ ਬਾਰੇ ਸ਼ੁਰੂ ਤੋਂ ਲੈਕੇ ਉਸ ਦਿਨ ਤੱਕ ਲਿਖਿਆ ਹੈ, ਜਦੋਂ ਉਹ ਸੁਰਗਾਂ ਨੂੰ ਚੁਕਿਆ ਗਿਆ ਸੀ। ਇਸ ਘਟਨਾ ਤੋਂ ਪਹਿਲਾਂ, ਉਸਨੇ ਪਵਿੱਤਰ ਆਤਮਾ ਰਾਹੀਂ ਉਨ੍ਹਾਂ ਰਸੂਲਾਂ ਨੂੰ ਹਿਦਾਇਤਾਂ ਦਿੱਤੀਆਂ ਜਿਨ੍ਹਾਂ ਨੂੰ ਉਸਨੇ ਚੁਣਿਆ ਸੀ।
3 ਉਸ ਉਪਰੰਤ ਉਸਨੇ ਰਸੂਲਾਂ ਨੂੰ ਇਹੀ ਦਰਸ਼ਾਇਆ ਕਿ ਨਬੀ ਜਿਉਂਦਾ ਸੀ। ਯਿਸੂ ਨੇ ਬਹੁਤ ਸ਼ਕਤੀਸ਼ਾਲੀ ਕਰਿਸ਼ਮੇ ਕਰਕੇ ਇਹ ਸਾਬਿਤ ਕਰ ਦਿੱਤਾ। ਉਸਦੇ ਮੌਤ ਤੋਂ ਪਰਤਨ ਤੋਂ ਬਾਦ, ਚਾਲੀ ਦਿਨਾਂ ਤੱਕ, ਰਸੂਲਾਂ ਨੇ ਉਸਨੂੰ ਬਹੁਤ ਵਾਰੀ ਵੇਖਿਆ।
4 ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਵੀ ਦੱਸਿਆ। ਇੱਕ ਵਾਰ ਜਦੋਂ ਯਿਸੂ ਉਨ੍ਹਾਂ ਨਾਲ ਭੋਜਨ ਕਰ ਰਿਹਾ ਸੀ, ਤਾਂ ਉਸਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਜਾਣ ਨੂੰ ਵੀ ਆਖਿਆ। ਉਸਨੇ ਕਿਹਾ, “ਪਰਮੇਸ਼ੁਰ ਨੇ ਤੁਹਾਨੂੰ ਕੋਈ ਵਚਨ ਦਿੱਤਾ ਸੀ ਜਿਸ ਬਾਰੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁਕਿਆ ਹਾਂ। ਤੁਸੀ ਇਥੇ (ਯਰੂਸ਼ਲਮ) ਵਿੱਚ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਵਿੱਚ ਰਹੋ।
5 ਯੂਹੰਨਾ ਨੇ ਲੋਕਾਂ ਨੂੰ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜੇ ਹੀ ਦਿਨਾਂ ਵਿੱਚ, ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।”
6 ਜਦੋਂ ਸਾਰੇ ਰਸੂਲ ਇਕਠੇ ਹੋਏ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੂੰ ਹੁਣ ਇਸਰਾਏਲ ਦੇ ਰਾਜ ਨੂੰ ਵਾਪਸ ਆਉਣ ਵਾਲਾ ਹੈਂ?”
7 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਿਰਫ਼ ਪਿਤਾ ਨੂੰ ਹੀ ਉਹ ਦਿਨ ਅਤੇ ਸਮਾਂ ਨਿਰਧਾਰਿਤ ਕਰਨ ਦਾ ਹੱਕ ਹੈ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਜਾਣ ਸਕਦੇ।
8 ਪਰ ਪਵਿੱਤਰ ਆਤਮਾ ਤੁਹਾਡੇ ਕੋਲ ਆਵੇਗਾ ਤੇ ਤੁਹਾਨੂੰ ਸ਼ਕਤੀ ਮਿਲ ਜਾਵੇਗੀ। ਅਤੇ ਤੁਸੀਂ ਮੇਰੇ ਗਵਾਹ ਹੋਵੋਂਗੇ। ਸਭ ਤੋਂ ਪਹਿਲਾਂ ਤੁਸੀਂ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸੋਂਗੇ ਤੇ ਉਸਤੋਂ ਬਾਦ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਅਤੇ ਹੋਰ ਸਾਰੀ ਧਰਤੀ ਦੇ ਹਿਸਿਆਂ ਵਿੱਚ ਮੇਰੇ ਬਾਰੇ ਗਵਾਹ ਹੋਵੋਂਗੇ।”
9 ਜਦੋਂ ਯਿਸੂ ਇਹ ਗੱਲਾਂ ਰਸੂਲਾਂ ਨੂੰ ਕਹਿ ਹਟਿਆ, ਉਹ ਸੁਰਗਾਂ ਵੱਲ ਲਿਜਾਇਆ ਗਿਆ। ਜਦੋਂ ਰਸੂਲ ਉਸਨੂੰ ਵੇਖ ਰਹੇ ਸਨ, ਵੇਖਦਿਆਂ ਹੀ ਵੇਖਦਿਆਂ ਯਿਸੂ ਇੱਕ ਬੱਦਲ ਵਿੱਚ ਉਨ੍ਹਾਂ ਦੀਆਂ ਅਖਾਂ ਤੋਂ ਓਹਲੇ ਹੋ ਗਿਆ।
10 ਯਿਸੂ ਅਲੋਪ ਹੋ ਰਿਹਾ ਸੀ ਤੇ ਰਸੂਲ ਉਸਨੂੰ ਅਕਾਸ਼ ਵਿੱਚ ਵੇਖ ਰਹੇ ਸਨ। ਅਚਾਨਕ ਦੋ ਜਣੇ ਸਫ਼ੇਦ ਕੱਪੜੇ ਪਾਏ ਹੋਏ ਉਨ੍ਹਾਂ ਦੇ ਨਾਲ ਆਕੇ ਖੜ੍ਹੇ ਹੋ ਗਏ।
11 ਉਨ੍ਹਾਂ ਦੋਹਾਂ ਨੇ ਰਸੂਲਾਂ ਨੂੰ ਆਖਿਆ, “ਹੇ ਗਲੀਲੀ ਦੇ ਲੋਕੋ, ਤੁਸੀਂ ਇਥੇ ਖੜ੍ਹੇ ਹੋਕੇ ਆਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਹੈ, ਇਹ ਉਸੇ ਤਰ੍ਹਾਂ ਵਾਪਸ ਆਵੇਗਾ ਜਿਵੇਂ ਤੁਸੀਂ ਇਸਨੂੰ ਧਰਤੀ ਤੋਂ ਸਵਰਗ ਵੱਲ ਜਾਂਦਿਆਂ ਵੇਖਿਆ ਹੈ।”
12 ਤੱਦ ਰਸੂਲ ਜੈਤੂਨ ਦੇ ਪਹਾੜ ਵੱਲੋਂ ਯਰੂਸ਼ਲਮ ਨੂੰ ਗਏ (ਇਹ ਪਹਾੜ ਯਰੂਸ਼ਲਮ ਤੋਂ ਇੱਕ-ਅਧ ਮੀਲ ਦੀ ਵਾਟ ਤੇ ਹੈ)
13 ਰਸੂਲ ਸ਼ਹਿਰ ਨੂੰ ਗਏ ਅਤੇ ਉਸ ਜਗ੍ਹਾ ਤੇ ਠਹਿਰੇ ਜਿਥੇ ਉਹ ਪਹਿਆਂ ਰਹਿੰਦੇ ਸਨ। ਇਕ ਕਮਰਾ ਪੌੜੀਆਂ ਚੜ੍ਹਕੇ ਸੀ। ਉਥੇ ਇਹ ਰਸੂਲ ਸਨ: ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿਪੁੱਸ, ਥੋਮਾਸ, ਬਰਥੁਮਲਈ, ਮੱਤੀ ਅਤੇ ਯਾਕੂਬ ਹਲਫ਼ਾ ਦਾ ਪੁੱਤਰ ਸ਼ਮਊਨ ਜੋ ਜ਼ੇਲੋਤੇਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਯਹੂਦਾ, ਯਾਕੂਬ ਦਾ ਪੁੱਤਰ।
14 ਸਾਰੇ ਰਸੂਲ ਇਕਠੇ ਰਹਿ ਰਹੇ ਸਨ ਅਤੇ ਉਹ ਉਸੇ ਮਕਸਦ ਲਈ ਅਡੋਲ ਪ੍ਰਾਰਥਨਾ ਕਰ ਰਹੇ ਸਨ। ਕੁਝ ਔਰਤਾਂ, ਮਰਿਯਮ, ਯਿਸੂ ਦੀ ਮਾਤਾ ਅਤੇ ਉਸਦੇ ਭਰਾ ਵੀ ਉਥੇ ਰਸੂਲਾਂ ਨਾਲ ਸਨ।
15 ਕੁਝ ਦਿਨਾਂ ਬਾਦ ਜਦੋਂ ਉਥੇ ਕੋਈ ਇੱਕ ਸੌ ਵੀਹ ਨਿਹਚਾਵਾਨ ਇਕਠੇ ਹੋਕੇ ਆਏ, ਪਤਰਸ ਉਨ੍ਹਾਂ ਵਿੱਚੋਂ ਉਠਿਆ ਤੇ ਉਸਨੇ ਆਖਿਆ,
16 “ਹੇ ਭਰਾਵੋ, ਜੋ ਪਵਿੱਤਰ ਆਤਮਾ ਨੇ ਪਹਿਲਾਂ ਹੀ ਪੋਥੀਆਂ ਵਿੱਚ ਦਾਊਦ ਰਾਹੀਂ ਯਹੂਦਾ ਬਾਰੇ ਆਖਿਆ ਹੈ ਉਹ ਨਿਸ਼ਚਿਤ ਹੀ ਵਾਪਰਨਾ ਚਾਹੀਦਾ ਹੈ। ਯਹੂਦਾ ਸਾਡੇ ਸਮੂਹ ਵਿੱਚੋਂ ਇੱਕ ਸੀ। ਉਸਨੇ ਸਾਡੇ ਨਾਲ ਇਸ ਸੇਵਾ ਵਿੱਚ ਇੱਕ ਹਿੱਸਾ ਦਿੱਤਾ ਸੀ, ਪਰ ਇਹ ਉਹੀ ਸੀ, ਜਿਸਨੇ ਉਨ੍ਹਾਂ ਲੋਕਾਂ ਦੀ ਅਗਵਾਈ ਕੀਤੀ। ਜਿਨ੍ਹਾਂ ਨੇ ਯਿਸੂ ਨੂੰ ਫ਼ੜਵਾਇਆ।”
17
18 ਯਹੂਦਾ ਨੂੰ ਇਸ ਦੁਸ਼ਟ ਕਰਨੀ ਵਾਸਤੇ ਧਨ ਦਿਤਾ ਗਿਆ ਸੀ, ਅਤੇ ਉਸਨੇ ਇਸ ਧਨ ਨਾਲ ਇੱਕ ਖੇਤ ਖਰੀਦਿਆ। ਪਰ ਯਹੂਦਾ ਸਿਰ ਪਰਨੇ ਡਿਗਿਆ ਉਸਦਾ ਸ਼ਰੀਰ ਫ਼ਟਕੇ ਪਾਟ ਗਿਆ, ਉਸ ਦੀਆਂ ਸਾਰੀਆਂ ਆਂਤੜੀਆਂ ਬਾਹਰ ਨਿਕਲ ਆਈਆਂ।
19 ਯਰੂਸ਼ਲਮ ਦੇ ਸਾਰੇ ਲੋਕਾਂ ਨੇ ਇਸ ਬਾਰੇ ਸੁਣਿਆ। ਇਸ ਲਈ ਉਨ੍ਹਾਂ ਨੇ ਇਸ ਖੇਤ ਨਾ ਨਾਉ ‘ਅਕਲਦਮਾ’ ਰੱਖਿਆ ਜਿਸਦਾ ਉਨ੍ਹਾਂ ਦੀ ਭਾਸ਼ਾ ਵਿੱਚ ਅਰਥ ਹੈ ‘ਲਹੂ ਦਾ ਖੇਤ।”
20 ਪਤਰਸ ਨੇ ਕਿਹਾ, “ਯਹੂਦਾ ਬਾਰੇ ਜ਼ਬੂਰ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ‘ਕਾਸ਼ ਉਸਦਾ ਘਰ ਉਜੜ ਜਾਵੇ।’ਉਥੇ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ। ਅਤੇ ਇਹ ਵੀ ਲਿਖਿਆ ਹੈ ਕਿ‘ਉਸਦਾ ਕੰਮ ਕੋਈ ਹੋਰ ਸਾਂਭ ਲਵੇ।’
21 ਇਸ ਲਈ ਹੁਣ ਸਾਡੇ ਨਾਲ ਇੱਕ ਅਜਿਹਾ ਮਨੁੱਖ ਰਲੇ ਜੋ ਯਿਸੂ ਦੇ ਮੁੜ ਜੀਅ ਉਠਣ ਦਾ ਗਵਾਹ ਬਣੇ। ਇਹ ਆਦਮੀ ਉਨ੍ਹਾਂ ਲੋਕਾਂ ਵਿੱਚੋਂ ਹੋਣਾ ਚਾਹੀਦਾ ਹੈ, ਜਿਹੜੇ ਉਸ ਪੂਰੇ ਸਮੇਂ ਸਾਡੇ ਸਮੂਹ ਦਾ ਇੱਕ ਹਿੱਸਾ ਹੁੰਦੇ ਸਨ, ਜਦੋਂ ਪ੍ਰਭੂ ਯਿਸੂ ਸਾਡੇ ਨਾਲ ਸੀ। ਇਹ ਮਨੁੱਖ ਉਦੋਂ ਤੋਂ ਸਾਡੇ ਸਾਥੀਆਂ ਵਿੱਚੋਂ ਇੱਕ ਜ਼ਰੂਰ ਹੋਣਾ ਚਾਹੀਦਾ ਹੈ ਜਦ ਤੋਂ ਯੂਹੰਨਾ ਨੇ ਲੋਕਾਂ ਨੂੰ ਬਪਤਿਸਮਾ ਦੇਣਾ ਸ਼ੁਰੂ ਕੀਤਾ ਸੀ, ਅਤੇ ਉਦੋਂ ਤੱਕ, ਜਦ ਤੱਕ ਕਿ ਯਿਸੂ ਨੂੰ ਸੁਰਗਾਂ ਵੱਲ ਨੂੰ ਲਿਜਾਇਆ ਗਿਆ ਸੀ।”
22
23 ਤਦ ਰਸੂਲਾਂ ਨੇ ਦੋਹਾਂ ਨੂੰ ਖੜ੍ਹਾ ਕੀਤਾ। ਉਨ੍ਹਾਂ ਵਿੱਚੋਂ ਇੱਕ ਯੂਸੁਫ਼ ਬਰਸਬਾਮ ਸੀ, ਜੋ ਯੂਸਤੁਸ ਬੁਲਾਇਆ ਜਾਂਦਾ ਸੀ ਅਤੇ ਦੂਜਾ ਵਿਅਕਤੀ ਮਥਿਯਾਸ ਸੀ।
24 ਉਨ੍ਹਾਂ ਨੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ, ਤੂੰ ਹਰੇਕ ਦੇ ਦਿਲ ਨੂੰ ਜਾਣਦਾ ਹੈਂ ਇਸ ਲਈ ਸਾਨੂੰ ਵਿਖਾ ਕਿ ਇਨ੍ਹਾਂ ਦੋਹਾਂ ਵਿੱਚੋਂ ਇਸ ਕੰਮ ਵਾਸਤੇ ਤੂੰ ਕਿਸ ਨੂੰ ਚੁਣਿਆ ਹੈ। ਯਹੂਦਾ ਨੇ ਇਹ ਕੰਮ ਛੱਡ ਦਿੱਤਾ ਅਤੇ ਉਸ ਥਾਵੇਂ ਚਲਿਆ ਗਿਆ ਜਿਥੋਂ ਦਾ ਉਹ ਸੀ। ਹੇ ਪਰਮੇਸ਼ੁਰ, ਤੂੰ ਵਿਖਾ ਕਿ ਉਸਦੀ ਰਸੂਲ ਵਾਲੀ ਜਗ਼੍ਹਾ ਕਿਸ ਨੂੰ ਲੈਣੀ ਚਾਹੀਦੀ ਹੈ।”
25
26 ਫ਼ੇਰ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਜਾਣ ਗਏ ਕਿ ਪ੍ਰਭੂ ਨੇ ਮਥਿਯਾਸ ਨੂੰ ਉਸ ਕਾਰਜ ਲਈ ਚੁਣਿਆ ਸੀ। ਇਸ ਲਈ ਉਹ ਬਾਕੀ ਦੇ ਗਿਆਰਾਂ ਰਸੂਲਾਂ ਨਾਲ ਜੋੜਿਆ ਗਿਆ।