ਅਹਬਾਰ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27

0:00
0:00

-Reset+

ਕਾਂਡ 5

1 “ਜਦੋਂ ਕਿਸੇ ਬੰਦੇ ਨੂੰ ਗਵਾਹੀ ਦੇਣ ਲਈ ਸਦਿਆ ਜਾਂਦਾ ਅਤੇ ਉਹ ਚਸ਼ਮਦੀਦ ਗਵਾਹ ਜਾਂ ਉਸ ਘਟਨਾ ਬਾਰੇ ਕੁਝ ਜਾਣਦਾ, ਅਤੇ ਜੇ ਉਹ ਬੰਦਾ ਉਹ ਕੁਝ ਨਹੀਂ ਦੱਸਦਾ ਜੋ ਉਸਨੇ ਦੇਖਿਆ ਜਾਂ ਜੋ ਉਹ ਜਾਣਦਾ, ਤਾਂ ਉਹ ਆਪਣੀ ਸਾਖੀ ਦੇਣ ਵਿੱਚ ਨਾਕਾਮਯਾਬ ਹੋਣ ਦੇ ਸਿੱਟੇ ਦਾ ਜਿੰਮੇਵਾਰ ਹੈ।
2 “ਜਾਂ ਸ਼ਾਇਦ ਕੋਈ ਬੰਦਾ ਕਿਸੇ ਨਾਪਾਕ ਸ਼ੈਅ ਨੂੰ ਛੂਹ ਲਵੇ। ਇਹ ਕਿਸੇ ਨਾਪਾਕ ਪਾਲਤੂ ਜਾਨਵਰ ਦੀ ਲਾਸ਼ ਹੋ ਸਕਦੀ ਹੈ, ਜਾਂ ਕਿਸੇ ਨਾਪਾਕ ਜੰਗਲੀ ਜਾਨਵਰ ਦੀ ਲਾਸ਼ ਹੋ ਸਕਦੀ ਹੈ, ਜਾਂ ਇਹ ਕਿਸੇ ਨਾਪਾਕ ਰੀਂਗਦੇ ਜਾਨਵਰ ਦੀ ਵੀ ਹੋ ਸਕਦੀ ਹੈ। ਹੋ ਸਕਦਾ ਕਿ ਉਹ ਬੰਦਾ ਸਚੇਤ ਨਾ ਹੋਵੇ ਕਿ ਉਸਨੇ ਇਨ੍ਹਾਂ ਚੀਜ਼ਾਂ ਨੂੰ ਛੂਹ ਲਿਆ, ਪਰ ਹਾਲੇ ਵੀ ਉਹ ਪਲੀਤ ਹੈ ਅਤੇ ਉਹ ਦੋਸ਼ੀ ਹੈ।
3 “ਜੇਕਰ ਕੋਈ ਵਿਅਕਤੀ ਮਨੁੱਖੀ ਨਾਪਾਕਤਾ ਨੂੰ ਛੂਹ ਲਵੇ, ਕੁਝ ਵੀ ਜੋ ਕਿਸੇ ਵਿਅਕਤੀ ਨੂੰ ਨਾਪਾਕ ਬਣਾਵੇ, ਭਾਵੇਂ ਉਹ ਇਸਤੋਂ ਸਚੇਤ ਨਹੀਂ, ਪਰ ਮਗਰੋਂ ਜਾਣ ਜਾਵੇ ਕਿ ਉਸਨੇ ਇਨ੍ਹਾਂ ਵਿੱਚੋਂ ਕਿਸੇ ਨਾਪਾਕ ਚੀਜ਼ ਨੂੰ ਛੂਹ ਲਿਆ ਹੈ, ਤਾਂ ਉਹ ਦੋਸ਼ੀ ਹੋਵੇਗਾ।
4 “ਜਾਂ ਹੋ ਸਕਦਾ ਆਦਮੀ ਕੋਈ ਕਸਮ ਜਲਦੀ ਵਿੱਚ ਲੈ ਲਵੇ ਇਹ ਸਾਬਤ ਕਰਨ ਲਈ ਕਿ ਉਹ ਸੱਚ ਕਹਿ ਰਿਹਾ ਹੈ, ਭਾਵੇਂ ਨਤੀਜਾ ਚੰਗਾ ਹੋਵੇ ਜਾਂ ਬੁਰਾ, ਅਤੇ ਉਹ ਇਸਨੂੰ ਮਹਿਸੂਸ ਨਹੀਂ ਕਰਦਾ। ਜਦੋਂ ਉਹ ਮਹਿਸੂਸ ਕਰੇ ਕਿ ਉਸਨੇ ਕੀ ਕੀਤਾ ਹੈ, ਉਹ ਦੋਸ਼ੀ ਬਣ ਜਾਂਦਾ।
5 ਜਦੋਂ ਕੋਈ ਬੰਦਾ ਇਨ੍ਹਾਂ ਵਿੱਚੋਂ ਕਿਸੇ ਵੀ ਦੋਸ਼ ਨੂੰ ਮਹਿਸੂਸ ਕਰੇ, ਉਸਨੂੰ, ਜੋ ਉਸਨੇ ਗਲਤ ਕੀਤਾ ਹੈ ਕਬੂਲਣਾ ਚਾਹੀਦਾ।
6 ਉਸਨੂੰ ਆਪਣੇ ਪਾਪ ਲਈ ਯਹੋਵਾਹ ਨੂੰ ਆਪਣੀ ਦੋਸ਼ ਦੀ ਭੇਟ ਲੈਕੇ ਆਉਣੀ ਚਾਹੀਦੀ ਹੈ। ਉਸਨੂੰ ਪਾਪ ਦੀ ਭੇਟ ਵਜੋਂ ਇੱਕ ਲੇਲੀ ਜਾਂ ਇੱਕ ਬੱਕਰੀ ਲਿਆਉਣੀ ਚਾਹੀਦੀ ਹੈ। ਫ਼ੇਰ ਜਾਜਕ ਉਸ ਵਿਅਕਤੀ ਦੇ ਪਾਪ ਲਈ, ਉਸਦੇ ਬਦਲੇ ਪਰਾਸਚਿਤ ਕਰੇਗਾ।
7 “ਜੇ ਉਸ ਬੰਦੇ ਤੋਂ ਲੇਲਾ ਜਾਂ ਬੱਕਰੀ ਨਾ ਸਰਦੀ ਹੋਵੇ, ਉਹ ਦੋ ਘੁੱਗੀ ਜਾਂ ਦੋ ਜਵਾਨ ਕਬੂਤਰ ਯਹੋਵਾਹ ਲਈ ਲੈਕੇ ਆਵੇ। ਇਹ ਉਸਦੇ ਪਾਪ ਲਈ ਦੋਸ਼ ਦੀ ਭੇਟ ਹੋਵੇਗੀ। ਇੱਕ ਪੰਛੀ ਪਾਪ ਦੀ ਭੇਟ ਲਈ ਹੋਵੇ ਤੇ ਦੂਸਰਾ ਹੋਮ ਦੀ ਭੇਟ ਲਈ।
8 ਉਹ ਬੰਦਾ ਉਨ੍ਹਾਂ ਨੂੰ ਜਾਜਕ ਕੋਲ ਲੈਕੇ ਆਵੇ। ਪਹਿਲਾਂ, ਜਾਜਕ ਇੱਕ ਪੰਛੀ ਨੂੰ ਪਾਪ ਦੀ ਭੇਟ ਵਜੋਂ ਚੜਾਵੇਗਾ। ਜਾਜਕ ਪੰਛੀ ਦੇ ਸਿਰ ਨੂੰ ਉਸ ਦੀ ਗਿੱਚੀ ਤੋਂ ਤੋੜ ਦੇਵੇਗਾ। ਪਰ ਜਾਜਕ ਪੰਛੀ ਨੂੰ ਹਿਸਿਆਂ ਵਿੱਚ ਨਹੀਂ ਵੰਡੇਗਾ।
9 ਜਾਜਕ ਪਾਪ ਦੀ ਭੇਟ ਦਾ ਖੂਨ ਜਗਵੇਦੀ ਦੇ ਇੱਕ ਪਾਸੇ ਛਿੜਕੇਗਾ ਫ਼ੇਰ ਜਾਜਕ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹੇਗਾ। ਇਹ ਪਾਪ ਦੀ ਭੇਟ ਹੈ।
10 ਫ਼ੇਰ ਜਾਜਕ ਨੂੰ ਦੂਸਰਾ ਪੰਛੀ ਹੋਮ ਦੀ ਭੇਟ ਦੇ ਨੇਮਾਂ ਅਨੁਸਾਰ ਭੇਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਨੂੰ, ਉਸਦੇ ਕੀਤੇ ਪਾਪਾਂ ਤੋਂ ਪਾਕ ਕਰ ਦੇਵੇਗਾ। ਅਤੇ ਪਰਮੇਸ਼ੁਰ ਉਸ ਬੰਦੇ ਨੂੰ ਮਾਫ਼ ਕਰ ਦੇਵੇਗਾ।
11 “ਜੇ ਉਸ ਬੰਦੇ ਤੋਂ ਦੋ ਘੁੱਗੀ ਜਾਂ ਦੋ ਕਬੂਤਰ ਨਾ ਸਰਦੇ ਹੋਣ, ਉਸਨੂੰ ਆਪਣੇ ਪਾਪ ਦੀ ਭੇਟ ਲਈ ਮੈਦੇ ਦੇ
8 ਕੱਪ ਲਿਆਉਣੇ ਚਾਹੀਦੇ ਹਨ। ਉਸਨੂੰ ਮੈਦੇ ਵਿੱਚ ਤੇਲ ਨਹੀਂ ਮਿਲਾਉਣਾ ਚਾਹੀਦਾ ਅਤੇ ਇਸ ਉੱਤੇ ਲੋਬਾਨ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਹ ਪਾਪ ਦੀ ਭੇਟ ਹੈ।
12 ਉਹ ਮੈਦਾ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਮੈਦੇ ਦੀ ਇੱਕ ਮੁੱਠੀ ਭਰੇਗਾ। ਇਹ ਇੱਕ ਯਾਦਗਾਰੀ ਭੇਟ ਹੋਵੇਗੀ। ਉਹ ਮੈਦੇ ਨੂੰ ਯਹੋਵਾਹ ਨੂੰ ਅੱਗ ਦੁਆਰਾ ਚੜਾਈਆਂ ਗਈਆਂ ਹੋਰਨਾਂ ਭੇਟਾਂ ਦੇ ਨਾਲ ਚੜਾਵੇਗਾ। ਇਹ ਉਸਦੇ ਪਾਪ ਦੀ ਭੇਟ ਹੈ।
13 ਇਸ ਤਰ੍ਹਾਂ ਜਾਜਕ ਉਸ ਬੰਦੇ ਨੂੰ ਪਾਕ ਬਣਾ ਦੇਵੇਗਾ। ਅਤੇ ਪਰਮੇਸ਼ੁਰ ਉਸ ਬੰਦੇ ਨੂੰ ਮਾਫ਼ ਕਰ ਦੇਵੇਗਾ। ਜਿਹੜਾ ਹਿੱਸਾ ਬਚ ਜਾਵੇਗਾ ਉਹ ਜਾਜਕ ਦਾ ਹੋਵੇਗਾ, ਜਿਵੇਂ ਅਨਾਜ਼ ਦੀ ਭੇਟ ਦਾ ਹੁੰਦਾ ਹੈ।”
14 ਯਹੋਵਾਹ ਨੇ ਮੂਸਾ ਨੂੰ ਆਖਿਆ,
15 “ਹੋ ਸਕਦਾ ਹੈ ਕੋਈ ਬੰਦਾ ਯਹੋਵਾਹ ਦੀਆਂ ਪਵਿੱਤਰ ਚੀਜ਼ਾਂ ਨਾਲ ਅਚਨਚੇਤ ਕੋਈ ਗਲਤ ਗੱਲ ਕਰ ਬੈਠੇ। ਉਸ ਬੰਦੇ ਨੂੰ ਬਿਨਾ ਨੁਕਸ ਵਾਲਾ ਭੇਡੂ ਲੈਕੇ ਆਉਣਾ ਚਾਹੀਦਾ ਹੈ। ਇਹ ਯਹੋਵਾਹ ਨੂੰ ਉਸਦੇ ਦੋਸ਼ ਦੀ ਭੇਟ ਹੋਵੇਗੀ। ਤੁਹਾਨੂੰ ਸਰਕਾਰੀ ਨਾਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭੇਡੂ ਦੀ ਕੀਮਤ ਨਿਸ਼ਚਿੰਤ ਕਰਨੀ ਚਾਹੀਦੀ ਹੈ।
16 ਉਸਨੂੰ ਪਵਿੱਤਰ ਚੀਜ਼ਾਂ ਲਈ ਅਦਾਇਗੀ ਕਰਨੀ ਪਵੇਗੀ ਜੋ ਉਸਨੇ ਲਈਆਂ। ਉਸਨੂੰ ਪੰਜਵਾਂ ਹਿੱਸਾ ਜੋੜ ਕੇ, ਜਾਜਕ ਨੂੰ ਦੇਣਾ ਚਾਹੀਦਾ ਹੈ। ਫ਼ੇਰ ਜਾਜਕ ਉਸ ਵਿਅਕਤੀ ਲਈ ਦੋਸ਼ ਦੀ ਭੇਟ ਦੇ ਭੇਡੂ ਨਾਲ ਪਰਾਸਚਿਤ ਕਰੇਗਾ ਅਤੇ ਇਹ ਮਾਫ਼ ਹੋ ਜਾਵੇਗਾ।
17 “ਜੇ ਕੋਈ ਬੰਦਾ ਪਾਪ ਕਰਦਾ ਅਤੇ ਉਨ੍ਹਾਂ ਵਿੱਚੋਂ ਕੋਈ ਇੱਕ ਗੱਲ ਕਰਦਾ ਜਿਨ੍ਹਾਂ ਨੂੰ ਯਹੋਵਾਹ ਨੇ ਨਾ ਕਰਨ ਦਾ ਆਦੇਸ਼ ਦਿੱਤਾ ਭਾਵੇਂ ਉਹ ਬੰਦਾ ਨਹੀਂ ਜਾਣਦਾ, ਉਹ ਦੋਸ਼ੀ ਹੋਵੇਗਾ ਅਤੇ ਉਸਨੂੰ ਆਪਣੇ ਪਾਪ ਦੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ।
18 ਉਸਨੂੰ ਇੱਕ ਬੇਨੁਕਸ ਅਤੇ ਜਾਜਕ ਦੁਆਰਾ ਨਿਰਧਾਰਿਤ ਕੀਤੀ ਗਈ ਕੀਮਤ ਦਾ ਭੇਡੂ ਉਸ ਕੋਲ ਲਿਆਉਣਾ ਚਾਹੀਦਾ ਹੈ। ਉਹ ਭੇਡੂ ਦੋਸ਼ ਦੀ ਭੇਟ ਹੋਵੇਗਾ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਉਸ ਪਾਪ ਖਾਤਰ ਪਰਾਸਚਿਤ ਕਰੇਗਾ ਜੋ ਉਸਨੇ ਅਨਜਾਣੇ ਵਿੱਚ ਕੀਤਾ ਸੀ ਅਤੇ ਉਹ ਮਾਫ਼ ਹੋ ਜਾਵੇਗਾ।
19 ਇਹ ਦੋਸ਼ ਦੀ ਭੇਟ ਹੈ ਕਿਉਂਜੁ ਉਹ ਯਹੋਵਾਹ ਅੱਗੇ ਦੋਸ਼ੀ ਹੈ।