ਅਹਬਾਰ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27


ਕਾਂਡ 1

1 ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਬੁਲਾਇਆ ਅਤੇ ਮੰਡਲੀ ਵਾਲੇ ਤੰਬੂ ਵਿੱਚੋਂ ਉਸ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਯਹੋਵਾਹ ਲਈ ਕੋਈ ਭੇਟ ਲੈਕੇ ਆਵੋਂ, ਇਹ ਭੇਟ ਤੁਹਾਡੇ ਪਾਲਤੂ ਪਸ਼ੂਆਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ - ਇਹ ਗਾਂ ਵੀ ਹੋ ਸਕਦੀ ਹੈ, ਭੇਡ ਵੀ ਤੇ ਬੱਕਰੀ ਵੀ।
3 “ਜਦੋਂ ਕੋਈ ਬੰਦਾ ਆਪਣੀਆਂ ਗਾਵਾਂ ਵਿੱਚੋਂ ਕਿਸੇ ਇੱਕ ਨੂੰ ਹੋਮ ਦੀ ਭੇਟ ਵਜੋਂ ਪੇਸ਼ ਕਰਦਾ ਹੈ, ਉਹ ਪਸ਼ੂ ਬੇਨੁਕਸ ਨਰ ਹੋਣਾ ਚਾਹੀਦਾ ਹੈ। ਉਸ ਬੰਦੇ ਨੂੰ ਉਸ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਤਾਂ ਜੋ ਯਹੋਵਾਹ ਉਸ ਭੇਟ ਨੂੰ ਪ੍ਰਵਾਨ ਕਰੇਗਾ।
4 ਉਸਨੂੰ ਆਪਣੇ ਹੱਥ ਉਸ ਜਾਨਵਰ ਉੱਪਰ ਰੱਖਣੇ ਚਾਹੀਦੇ ਹਨ। ਯਹੋਵਾਹ ਉਸ ਹੋਮ ਦੀ ਭੇਟ ਨੂੰ ਉਸ ਵਿਅਕਤੀ ਦੇ ਪਰਾਸਚਿਤ ਵਜੋਂ ਕਬੂਲ ਕਰੇਗਾ।
5 “ਉਸ ਬੰਦੇ ਨੂੰ ਬਲਦ ਨੂੰ ਯਹੋਵਾਹ ਦੇ ਸਾਮ੍ਹਣੇ ਮਾਰਨਾ ਚਾਹੀਦਾ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਖੂਨ ਲੈਕੇ ਆਉਣਾ ਚਾਹੀਦਾ ਹੈ, ਅਤੇ ਇਸਨੂੰ ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ।
6 ਜਾਜਕ ਨੂੰ ਜਾਨਵਰ ਦੀ ਖੱਲ ਲਾਹ ਲੈਣੀ ਚਾਹੀਦੀ ਹੈ ਅਤੇ ਜਾਨਵਰ ਨੂੰ ਟੁਕੜਿਆਂ ਵਿੱਚ ਕੱਟ ਦੇਣਾ ਚਾਹੀਦਾ ਹੈ।
7 ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਤੇ ਅੱਗ ਬਾਲਣ ਅਤੇ ਫ਼ੇਰ ਅੱਗ ਉੱਤੇ ਲੱਕੜਾਂ ਚਿਣਨ।
8 ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਪਰ ਬਲਦੀ ਹੋਈ ਲੱਕੜੀ ਉੱਤੇ ਟੁਕੜੇ (ਸਿਰੀ ਅਤੇ ਚਰਬੀ) ਰੱਖ ਦੇਣ।
9 ਜਾਜਕਾਂ ਨੂੰ ਚਾਹੀਦਾ ਹੈ ਕਿ ਜਾਨਵਰ ਦੀਆਂ ਲੱਤਾਂ ਅਤੇ ਉਸਦੇ ਅੰਦਰਲੇ ਹਿਸਿਆਂ ਨੂੰ ਪਾਣੀ ਨਾਲ ਧੋ ਲਵੇ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ ਉਸਨੂੰ ਚਾਹੀਦਾ ਹੈ ਕਿ ਜਾਨਵਰ ਦੇ ਸਾਰੇ ਹਿਸਿਆਂ ਨੂੰ ਜਗਵੇਦੀ ਉੱਤੇ ਸਾੜ ਦੇਵੇ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਆਹੂਤੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
10 “ਜਦੋਂ ਕੋਈ ਬੰਦਾ ਭੇਡ ਜਾਂ ਬੱਕਰੀ ਨੂੰ ਹੋਮ ਦੀ ਭੇਟ ਵਜੋਂ ਚੜਾਉਂਦਾ ਹੈ, ਤਾਂ ਉਹ ਜਾਨਵਰ ਬੇਨੁਕਸ ਨਰ ਹੋਣਾ ਚਾਹੀਦਾ ਹੈ।
11 ਉਸਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਹੋਵਾਹ ਦੇ ਸਾਮ੍ਹਣੇ ਉਸ ਜਾਨਵਰ ਨੂੰ ਮਾਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਖੂਨ, ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ।
12 ਫ਼ੇਰ ਜਾਜਕਾਂ ਨੂੰ ਜਾਨਵਰ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਟੁਕੜਿਆਂ (ਸਿਰੀ ਅਤੇ ਚਰਬੀ) ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖ ਦੇਵੇ।
13 ਜਾਜਕਾਂ ਨੂੰ ਜਾਨਵਰ ਦੀਆਂ ਲੱਤਾਂ ਅਤੇ ਉਸਦੇ ਅੰਦਰੂਨੀ ਹਿਸਿਆਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ। ਉਸਨੂੰ ਜਗਵੇਦੀ ਉੱਤੇ ਜਾਨਵਰ ਨੂੰ ਸਾੜ ਦੇਣਾ ਚਾਹੀਦਾ ਹੈ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਬਲੀ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
14 “ਜਦੋਂ ਕੋਈ ਵਿਅਕਤੀ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਪੰਛੀ ਨੂੰ ਚੜਾਉਂਦਾ ਹੈ, ਤਾਂ ਉਹ ਪੰਛੀ ਇੱਕ ਘੁੱਗੀ ਜਾਂ ਛੋਟਾ ਕਬੂਤਰ ਹੋਣਾ ਚਾਹੀਦਾ ਹੈ।
15 ਜਾਜਕ ਨੂੰ ਭੇਟ ਜਗਵੇਦੀ ਦੇ ਕੋਲ ਲਿਆਉਣੀ ਚਾਹੀਦੀ ਹੈ। ਉਸਨੂੰ ਪੰਛੀ ਦਾ ਸਿਰ ਉਖਾੜ ਦੇਣਾ ਚਾਹੀਦਾ ਅਤੇ ਇਸਨੂੰ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ। ਪੰਛੀ ਦੇ ਖੂਨ ਨੂੰ ਜਗਵੇਦੀ ਦੇ ਇੱਕ ਪਾਸੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
16 ਉਸਨੂੰ ਪੰਛੀ ਦੇ ਗਲ ਦੀ ਥੈਲੀ ਅਤੇ ਖੰਭਾਂ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਜਗਵੇਦੀ ਦੇ ਪੂਰਬ ਵਾਲੇ ਪਾਸੇ ਸੁੱਟ ਦੇਣਾ ਚਾਹੀਦਾ, ਜਿਥੇ ਉਹ ਜਗਵੇਦੀ ਤੋਂ ਰਾਖ ਪਾਉਂਦੇ ਹਨ।
17 ਫ਼ੇਰ ਉਸਨੂੰ ਪੰਛੀ ਨੂੰ ਇਸ ਦੇ ਪਰਾਂ ਤੋਂ ਫ਼ੜਕੇ ਪਾੜ ਦੇਣ ਚਾਹੀਦਾ ਹੈ, ਪਰ ਉਸਨੂੰ ਪੰਛੀ ਨੂੰ ਦੋ ਹਿਸਿਆਂ ਵਿੱਚ ਨਹੀਂ ਵੰਡਣਾ ਚਾਹੀਦਾ। ਉਸਨੂੰ ਪੰਛੀ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਤੇ ਸਾੜ ਦੇਣਾ ਚਾਹੀਦਾ। ਇਹ ਹੋਮ ਦੀ ਭੇਟ ਹੈ। ਅੱਗ ਦੁਆਰਾ ਚੜਾਇਆ ਗਿਆ ਚੜਾਵਾ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
ਕਾਂਡ 2

1 “ਜਦੋਂ ਕੋਈ ਬੰਦਾ ਯਹੋਵਾਹ ਪਰਮੇਸ਼ੁਰ ਨੂੰ ਅਨਾਜ਼ ਦੀ ਭੇਟ ਦਿੰਦਾ ਹੈ, ਉਸਦੀ ਭੇਟ ਮੈਦੇ ਦੀ ਹੋਣੀ ਚਾਹੀਦੀ ਹੈ। ਉਸਨੂੰ ਮੈਦੇ ਉੱਤੇ ਤੇਲ ਚੋਣਾ ਚਾਹੀਦਾ ਹੈ ਅਤੇ ਇਸ ਉੱਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ।
2 ਫ਼ੇਰ ਉਸਨੂੰ ਇਹ ਹਾਰੂਨ ਦੇ ਪੁੱਤਰਾਂ, ਜਾਜਕਾਂ ਕੋਲ ਲੈਕੇ ਆਉਣਾ ਚਾਹੀਦਾ ਹੈ। ਉਸਨੂੰ, ਤੇਲ ਵਿੱਚ ਮਿਲੇ ਹੋਏ ਮੈਦੇ ਦੀ ਇੱਕ ਮੁਠ ਲੈਣੀ ਚਾਹੀਦੀ ਹੈ ਅਤੇ ਇਸ ਵਿੱਚ ਲੋਬਾਨ ਹੋਣਾ ਚਾਹੀਦਾ ਹੈ ਅਤੇ ਇਹ ਯਾਦਗਾਰੀ ਭੇਟ ਜਗਵੇਦੀ ਉੱਤੇ ਸਾੜ ਦੇਣੀ ਚਾਹੀਦੀ ਹੈ। ਇਹ ਅੱਗ ਦੁਆਰਾ ਦਿੱਤੀ ਹੋਈ ਭੇਟ ਹੈ, ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
3 ਬਚੀ ਹੋਈ ਅਨਾਜ਼ ਦੀ ਭੇਟ ਹਾਰੂਨ ਅਤੇ ਉਸਦੇ ਪੁੱਤਰਾਂ ਦੀ ਹੋਵੇਗੀ। ਯਹੋਵਾਹ ਅੱਗੇ ਚੜਾਈ ਗਈ ਇਹ ਅੱਗ ਦੀ ਭੇਂਟ ਬਹੁਤ ਪਵਿੱਤਰ ਹੈ।
4 “ਜਦੋਂ ਕੋਈ ਬੰਦਾ ਅਜਿਹੀ ਭੇਟ ਚੜਾਉਂਦਾ ਜਿਸਨੂੰ ਚੁਲ੍ਹੇ ਵਿੱਚ ਪਕਾਇਆ ਗਿਆ ਹੋਵੇ, ਇਹ ਮੈਦੇ ਨਾਲ ਤੇਲ ਵਿੱਚ ਬਣੀ ਹੋਈ ਪਤੀਰੀ ਰੋਟੀ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਬੇਖਮੀਰੀਆਂ ਮਠੀਆਂ ਹੋਣਿਆਂ ਚਾਹੀਦੀਆਂ ਹਨ।
5 ਜੇ ਤੁਸੀਂ ਤਵੇ ਉੱਤੇ ਭੁਂਨੇ ਹੋਏ ਅਨਾਜ਼ ਦੀ ਭੇਟ ਨੂੰ ਲੈਕੇ ਆਉਂਦੇ ਹੋ ਤਾਂ ਇਹ ਤੇਲ ਵਿੱਚ ਮਿਲੇ ਹੋਏ ਬੇਖਮੀਰੇ ਮੈਦੇ ਦੀ ਹੋਣੀ ਚਾਹੀਦੀ ਹੈ।
6 ਤੁਹਾਨੂੰ ਚਾਹੀਦਾ ਹੈ ਕਿ ਇਸਦੇ ਟੁਕੜੇ ਕਰ ਲਵੋ ਅਤੇ ਇਨ੍ਹਾਂ ਉੱਪਰ ਤੇਲ ਪਾਉ। ਇਹ ਅਨਾਜ਼ ਦੀ ਭੇਟ ਹੈ।
7 ਜੇ ਤੁਸੀਂ ਕੜਾਹੀ ਵਿੱਚ ਪੱਕੇ ਹੋਏ ਅਨਾਜ਼ ਦੀ ਭੇਟ ਲੈਕੇ ਆਉਂਦੇ ਹੋ ਤਾਂ ਇਹ ਤੇਲ ਵਿੱਚ ਗੁੰਨ੍ਹੇ ਮੈਦੇ ਦਾ ਹੋਣਾ ਚਾਹੀਦਾ ਹੈ।
8 “ਤੁਹਾਨੂੰ ਯਹੋਵਾਹ ਅੱਗੇ ਇਨ੍ਹਾਂ ਚੀਜ਼ਾਂ ਤੋਂ ਬਣੀ ਹੋਈ ਅਨਾਜ਼ ਦੀ ਭੇਟ ਲੈਕੇ ਆਉਣੀ ਚਾਹੀਦੀ ਹੈ। ਤੁਹਾਨੂੰ ਉਹ ਚੀਜ਼ਾਂ ਜਾਜਕ ਕੋਲ ਲੈਕੇ ਆਉਣੀਆਂ ਚਾਹੀਦੀਆਂ ਹਨ, ਅਤੇ ਉਹ ਉਨ੍ਹਾਂ ਨੂੰ ਜਗਵੇਦੀ ਕੋਲ ਲਿਆਵੇਗਾ।
9 ਫ਼ੇਰ ਜਾਜਕ ਅਨਾਜ਼ ਦੀ ਭੇਟ ਦਾ ਇੱਕ ਹਿੱਸਾ ਲਵੇਗਾ ਅਤੇ ਇਸ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਸਾੜੇਗਾ। ਇਹ ਅੱਗ ਦੁਆਰਾ ਚੜਾਈ ਗਈ ਭੇਟ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
10 ਬਾਕੀ ਬਚੇ ਅਨਾਜ਼ ਦੀ ਭੇਟ ਹਾਰੂਨ ਅਤੇ ਉਸਦੇ ਪੁੱਤਰਾਂ ਦੀ ਹੈ। ਯਹੋਵਾਹ ਨੂੰ ਅੱਗ ਦੁਆਰਾ ਚੜਾਈ ਗਈ ਭੇਟ ਦਾ ਇਹ ਹਿੱਸਾ ਅੱਤ ਪਵਿੱਤਰ ਹੈ।
11 “ਤੁਹਾਨੂੰ ਕੋਈ ਵੀ ਅਜਿਹੀ ਅਨਾਜ਼ ਦੀ ਭੇਟ ਯਹੋਵਾਹ ਨੂੰ ਨਹੀਂ ਚੜਾਉਣੀ ਚਾਹੀਦੀ ਜਿਸ ਵਿੱਚ ਖਮੀਰ ਹੋਵੇ ਅਤੇ ਤੁਹਾਨੂੰ ਸ਼ਹਿਦ ਜਾਂ ਖਮੀਰ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਗਏ ਚੜਾਵੇ ਵਜੋਂ ਨਹੀਂ ਸਾੜਨਾ ਚਾਹੀਦਾ।
12 ਤੁਸੀਂ ਸ਼ਹਿਦ ਅਤੇ ਖਮੀਰ ਨੂੰ ਯਹੋਵਾਹ ਲਈ ਪਹਿਲੀ ਵਾਢੀ ਦੀ ਭੇਟ ਵਜੋਂ ਲਿਆ ਸਕਦੇ ਹੋ ਪਰ ਕਦੇ ਯਹੋਵਾਹ ਨੂੰ ਪ੍ਰਸੰਨ ਕਰਨ ਵਾਲੀ ਸੁਗੰਧੀ ਵਜੋਂ ਕਦੇ ਵੀ ਖਮੀਰ ਅਤੇ ਸ਼ਹਿਦ ਨੂੰ ਜਗਵੇਦੀ ਉੱਤੇ ਨਾ ਸਾੜੋ।
13 ਜਿਹੜੀ ਵੀ ਅਨਾਜ਼ ਦੀ ਭੇਟ ਤੁਸੀਂ ਲੈਕੇ ਆਵੋਂ ਉਸ ਉੱਤੇ ਨਮਕ ਵੀ ਜ਼ਰੂਰ ਰੱਖੋ। ਤੁਹਾਨੂੰ ਆਪਣੇ ਅਨਾਜ਼ ਦੀ ਭੇਟ ਵਿੱਚੋਂ ਕਦੇ ਵੀ ਪਰਮੇਸ਼ੁਰ ਦੇ ਇਕਰਾਰਨਾਮੇ ਦਾ ਨਮਕ ਖਾਰਜ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਸਾਰੇ ਚੜਾਵਿਆਂ ਨਾਲ ਨਮਕ ਲੈਕੇ ਆਉਣ ਚਾਹੀਦਾ ਹੈ।
14 “ਜਦੋਂ ਤੁਸੀਂ ਯਹੋਵਾਹ ਵਾਸਤੇ ਪਹਿਲੀ ਫ਼ਸਲ ਦੇ ਅਨਾਜ਼ ਦੀ ਭੇਟ ਲੈਕੇ ਆਵੋ, ਤਾਂ ਤੁਹਾਨੂੰ ਅਨਾਜ਼ ਦੀਆਂ ਭੁਨੀਆਂ ਹੋਈਆਂ ਬੱਲੀਆਂ ਲੈਕੇ ਆਉਣੀਆਂ ਚਾਹੀਦੀਆਂ ਹਨ। ਇਹ ਤਾਜੇ ਅਨਾਜ਼ ਦੇ ਕੁੱਟੇ ਹੋਏ ਦਾਣੇ ਹੋਣੇ ਚਾਹੀਦੇ ਹਨ। ਇਹ ਤੁਹਾਡੀ ਪਹਿਲੀ ਫ਼ਸਲ ਦੇ ਅਨਾਜ਼ ਦੀ ਭੇਟ ਹੋਵੇਗੀ।
15 ਤੁਹਾਨੂੰ ਇਸ ਵਿੱਚ ਤੇਲ ਅਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ। ਇਹ ਅਨਾਜ਼ ਦੀ ਭੇਟ ਹੈ।
16 ਜਾਜਕ ਨੂੰ ਇਸ ਕੁੱਟੇ ਹੋਏ ਅਨਾਜ਼ ਦੇ ਇੱਕ ਹਿੱਸੇ, ਇਸ ਉੱਤੇ ਪਾਏ ਹੋਏ ਤੇਲ ਅਤੇ ਸਾਰੇ ਲੋਬਾਨ ਨੂੰ ਯਾਦਗਾਰੀ ਭੇਟ ਵਜੋਂ ਸਾੜਨਾ ਚਾਹੀਦਾ ਹੈ। ਇਹ ਯਹੋਵਾਹ ਨੂੰ ਅੱਗ ਦੁਆਰਾ ਦਿੱਤਾ ਗਿਆ ਚੜਾਵਾ ਹੈ।
ਕਾਂਡ 3

1 “ਜਦੋਂ ਕੋਈ ਬੰਦਾ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜਾਉਂਦਾ, ਉਹ ਯਹੋਵਾਹ ਅੱਗੇ ਇੱਕ ਬੇਨੁਕਸ ਬਲਦ ਨੂੰ ਜਾਂ ਇੱਕ ਗਾਂ ਨੂੰ ਚੜਾ ਸਕਦਾ ਹੈ।
2 ਉਸਨੂੰ ਜਾਨਵਰ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਜ਼ਿਬਾਹ ਕਰਨਾ ਚਾਹੀਦਾ। ਫ਼ੇਰ ਹਰੂਨ ਦੇ ਪੁੱਤਰਾਂ, ਜਾਜਕਾਂ ਨੂੰ ਜਗਵੇਦੀ ਦੇ ਸਾਰੀ ਪਾਸੀਂ ਖੂਨ ਡੋਲ੍ਹਣਾ ਚਾਹੀਦਾ ਹੈ।
3 ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ, ਉਸਨੂੰ ਯਹੋਵਾਹ ਲਈ ਅੱਗ ਦੁਆਰਾ ਚੜਾਈ ਗਈ ਇੱਕ ਬਲੀ ਲਿਆਉਣੀ ਚਾਹੀਦੀ ਹੈ। ਇਸ ਵਿੱਚ ਸਾਰੀ ਚਰਬੀ ਜੋ ਜਾਨਵਰ ਦੇ ਅੰਦਰਲੇ ਅੰਗਾਂ ਦੇ ਅੰਦਰ ਅਤੇ ਆਸੀਂ-ਪਾਸੀਂ ਹੈ, ਹੋਣੀ ਚਾਹੀਦੀ ਹੈ।
4 ਜਾਜਕ ਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਤੇ ਚੜੀ ਹੋਈ ਪੁਠ ਦੇ ਨੇੜੇ ਦੀ ਚਰਬੀ ਚੜਾਵੇ। ਉਸਨੂੰ ਕਲੇਜੀ ਦੀ ਚਰਬੀ ਵਾਲਾ ਹਿੱਸਾ ਵੀ ਅਰਪਨ ਕਰਨਾ ਚਾਹੀਦਾ ਹੈ। ਉਸਨੂੰ ਚਾਹੀਦਾ ਹੈ ਕਿ ਇਸਨੂੰ ਗੁਰਦਿਆਂ ਸਮੇਤ ਲਾਹ ਲਵੇ।
5 ਫ਼ੇਰ ਹਾਰੂਨ ਦੇ ਪੁੱਤਰ ਚਰਬੀ ਨੂੰ ਅੱਗ ਉੱਤੇ ਸਾੜਨਗੇ। ਉਹ ਇਸਨੂੰ ਹੋਮ ਦੀ ਭੇਟ ਉੱਤੇ ਰੱਖ ਦੇਣਗੇ ਜਿਹੜੀ ਬਲਦੀ ਹੋਈ ਲੱਕੜ ਉੱਤੇ ਹੈ। ਇਹ ਅੱਗ ਦੁਆਰਾ ਦਿੱਤੀ ਗਈ ਭੇਟ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
6 “ਜਦੋਂ ਕੋਈ ਬੰਦਾ ਯਹੋਵਾਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ, ਇੱਜੜ ਵਿੱਚੋਂ ਕੋਈ ਜਾਨਵਰ ਚੜਾਉਂਦਾ ਹੈ ਤਾਂ ਜਾਨਵਰ, ਬੇਨੁਕਸ ਨਰ ਜਾਂ ਮਾਦਾ ਹੋ ਸਕਦਾ ਹੈ।
7 ਜੇ ਉਹ ਕਿਸੇ ਲੇਲੇ ਨੂੰ ਭੇਟ ਵਜੋਂ ਲਿਆਉਂਦਾ ਹੈ, ਤਾਂ ਉਸਨੂੰ ਇਹ ਯਹੋਵਾਹ ਦੇ ਸਾਮ੍ਹਣੇ ਲੈਕੇ ਆਉਣਾ ਚਾਹੀਦਾ ਹੈ।
8 ਉਸਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਜ਼ਿਬਾਹ ਕਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਜਾਨਵਰ ਦਾ ਖੂਨ ਜਗਵੇਦੀ ਉੱਤੇ ਸਾਰੇ ਪਾਸੇ ਛਿੜਕਨਾ ਚਾਹੀਦਾ ਹੈ।
9 ਉਸਨੂੰ ਸੁੱਖ-ਸਾਂਦ ਦੀ ਭੇਟ ਦਾ ਇੱਕ ਹਿੱਸਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਗਏ ਚੜਾਵੇ, ਵਜੋਂ ਚੜਾਉਣਾ ਚਾਹੀਦਾ ਹੈ। ਉਸਨੂੰ ਚਰਬੀ, ਸਾਰੀ ਪੂਛ ਅਤੇ ਜਿਹੜੀ ਚਰਬੀ ਜਾਨਵਰ ਦੇ ਅੰਦਰ ਅਤੇ ਅੰਦਰਲੇ ਅੰਗਾਂ ਦੇ ਆਲੇ-ਦੁਆਲੇ ਹੋਵੇ, ਚੜਾਉਣੀ ਚਾਹੀਦੀ ਹੈ। (ਉਸਨੂੰ ਰੀਢ਼ ਦੀ ਹੱਡੀ ਦੇ ਨੇੜਿਉਂ ਪੂਛ ਕੱਟ ਦੇਣੀ ਚਾਹੀਦੀ ਹੈ।)
10 ਉਸਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਪੁਠ ਦੇ ਹੇਠਲੇ ਹਿੱਸੇ ਨੇੜੇ ਦੀ ਚਰਬੀ, ਕਲੇਜੀ ਦਾ ਚਰਬੀ ਵਾਲਾ ਹਿੱਸਾ ਵੀ ਭੇਟ ਕਰਨਾ ਚਾਹੀਦਾ ਜਿਸਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ।
11 ਜਾਜਕ ਨੂੰ ਇਨ੍ਹਾਂ ਨੂੰ ਅੱਗ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਯਹੋਵਾਹ ਨੂੰ ਭੋਜਨ ਦੀ ਭੇਟ ਹੈ।
12 “ਜੇ ਭੇਟ ਬੱਕਰੀ (ਨਰ ਜਾਂ ਮਾਦਾ) ਦੀ ਹੋਵੇ, ਉਹ ਬੰਦਾ ਇਸਨੂੰ ਯਹੋਵਾਹ ਦੇ ਸਾਮ੍ਹਣੇ ਲੈਕੇ ਆਵੇ।
13 ਉਸ ਬੰਦੇ ਨੂੰ ਚਾਹੀਦਾ ਹੈ ਕਿ ਬੱਕਰੇ ਦੇ ਸਿਰ ਉੱਤੇ ਹੱਥ ਰੱਖੇ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਜ਼ਿਬਾਹ ਕਰੇ। ਫ਼ੇਰ ਹਰੂਨ ਦੇ ਪੁੱਤਰ ਨੂੰ ਬੱਕਰੇ ਦਾ ਖੂਨ ਜਗਵੇਦੀ ਉੱਤੇ ਅਤੇ ਇਸਦੇ ਆਸੇ-ਪਾਸੇ ਛਿੜਕਨਾ ਚਾਹੀਦਾ ਹੈ।
14 ਉਸ ਬੰਦੇ ਨੂੰ ਸੁੱਖ-ਸਾਂਦ ਦੀ ਭੇਟ ਦਾ ਇੱਕ ਹਿੱਸਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਭੇਟ ਵਜੋਂ ਚੜਾਉਣਾ ਚਾਹੀਦਾ ਹੈ। ਉਸਨੂੰ ਪਸ਼ੂ ਦੇ ਅੰਦਰਲੇ ਅੰਗਾਂ ਨੂੰ ਢਕਦੀ ਹੋਈ ਚਰਬੀ ਨੂੰ ਭੇਟ ਕਰਨਾ ਚਾਹੀਦਾ ਹੈ।
15 ਬੰਦੇ ਨੂੰ ਦੋਵੇ ਗੁਰਦੇ ਅਤੇ ਪੁਠ ਦੇ ਹੇਠਲੇ ਹਿੱਸੇ ਦੀ ਚਰਬੀ ਭੇਟ ਕਰਨੀ ਚਾਹੀਦੀ ਹੈ। ਉਸਨੂੰ ਕਲੇਜੀ ਦਾ ਚਰਬੀ ਵਾਲਾ ਹਿੱਸਾ ਵੀ ਅਰਪਨ ਕਰਨਾ ਚਾਹੀਦਾ ਹੈ। ਉਸਨੂੰ ਚਾਹੀਦਾ ਹੈ ਕਿ ਇਸਨੂੰ ਗੁਰਦਿਆਂ ਦੇ ਨਾਲ ਹੀ ਲਾਹ ਲਵੇ।
16 ਫ਼ੇਰ ਜਾਜਕ ਨੂੰ ਇਨ੍ਹਾਂ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਭੋਜਨ ਦੀ ਭੇਟ ਹੈ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਸਾਰੀ ਚਰਬੀ ਯਹੋਵਾਹ ਦੀ ਹੈ।
17 ਇਹ ਅਸੂਲ ਤੁਹਾਡੀਆਂ ਸਾਰੀਆਂ ਪੀੜੀਆਂ ਤੱਕ ਹਮੇਸ਼ਾ ਜਾਰੀ ਰਹੇਗਾ। ਜਿਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਤੁਹਾਨੂੰ ਕਦੇ ਵੀ ਚਰਬੀ ਜਾਂ ਖੂਨ ਨਹੀਂ ਖਾਣਾ ਚਾਹੀਦਾ।”
ਕਾਂਡ 4

1 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖੋ; ਜੇ ਕੋਈ ਬੰਦਾ ਅਚਨਚੇਤੀ ਪਾਪ ਕਮਾਉਂਦਾ ਹੈ ਅਤੇ ਉਨ੍ਹਾਂ ਗੱਲਾਂ ਵਿੱਚੋਂ ਕੋਈ ਕਰ ਬੈਠਦਾ ਹੈ ਜਿਹੜੀਆਂ ਯਹੋਵਾਹ ਨੇ ਕਰਨ ਤੋਂ ਮਨਾਂ ਕੀਤਾ ਹੈ, ਤਾਂ ਉਸ ਬੰਦੇ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਹਨ:
3 “ਜੇ ਮਸਹ ਕੀਤਾ ਹੋਇਆ ਜਾਜਕ ਪਾਪ ਕਰਦਾ ਅਤੇ ਲੋਕਾਂ ਤੇ ਦੋਸ਼ ਲਿਆਉਂਦਾ, ਤਾਂ ਉਸਨੂੰ ਆਪਣੇ ਪਾਪ ਲਈ ਯਹੋਵਾਹ ਨੂੰ ਪਾਪ ਦੀ ਭੇਟ ਵਜੋਂ ਇੱਕ ਬੇਨੁਕਸ ਜਵਾਨ ਬਲਦ ਚੜਾਉਣ ਚਾਹੀਦਾ ਹੈ।
4 ਉਸ ਨੂੰ ਬਲਦ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਮ੍ਹਣੇ ਲਿਆਉਣਾ ਚਾਹੀਦਾ ਹੈ। ਉਸਨੂੰ ਆਪਣਾ ਹੱਥ ਬਲਦ ਦੇ ਸਿਰ ਉੱਤੇ ਰੱਖਣਾ ਚਾਹੀਦਾ ਅਤੇ ਇਸਨੂੰ ਯਹੋਵਾਹ ਦੇ ਸਾਮ੍ਹਣੇ ਮਾਰਨਾ ਚਾਹੀਦਾ ਹੈ।
5 ਫ਼ੇਰ ਮਸਹ ਕੀਤੇ ਜਾਜਕ ਨੂੰ ਬਲਦ ਦਾ ਥੋੜਾ ਜਿਹਾ ਖੂਨ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਦੇ ਅੰਦਰ ਲੈ ਜਾਣਾ ਚਾਹੀਦਾ ਹੈ।
6 ਜਾਜਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਉਂਗਲੀ ਨੂੰ ਖੂਨ ਵਿੱਚ ਡੁਬੋਏ ਅਤੇ ਸਭ ਤੋਂ ਪਵਿੱਤਰ ਸਥਾਨ ਦੇ ਪਰਦੇ ਦੇ ਸਾਮ੍ਹਣੇ ਯਹੋਵਾਹ ਦੇ ਸਨਮੁਖ ਸੱਤ ਵਾਰੀ ਖੂਣ ਛਿੜਕੇ।
7 ਜਾਜਕ ਨੂੰ ਚਾਹੀਦਾ ਹੈ ਕਿ ਕੁਝ ਖੂਨ ਧੁਫ਼ ਵਾਲੀ ਜਗਵੇਦੀ ਦੇ ਕੋਨਿਆਂ ਉੱਪਰ ਛਿੜਕੇ। (ਇਹ ਜਗਵੇਦੀ ਯਹੋਵਾਹ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਵਿੱਚ ਹੈ।) ਜਾਜਕ ਨੂੰ ਚਾਹੀਦਾ ਹੈ ਕਿ ਬਲਦ ਦਾ ਸਾਰਾ ਖੂਨ ਹੋਮ ਦੀ ਭੇਟ ਵਾਲੀ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਵੇ। (ਇਹ ਜਗਵੇਦੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੈ।)
8 ਅਤੇ ਉਸਨੂੰ ਚਾਹੀਦਾ ਹੈ ਕਿ ਪਾਪ ਦੀ ਭੇਟ ਵਾਲੇ ਬਲਦ ਦੀ ਸਾਰੀ ਚਰਬੀ ਇਕਠੀ ਕਰ ਲਵੇ। ਉਸਨੂੰ ਉਹ ਚਰਬੀ ਲੈਣੀ ਚਾਹੀਦੀ ਹੈ ਜਿਹੜੀ ਅੰਦਰਲੇ ਹਿਸਿਆਂ ਉੱਤੇ ਅਤੇ ਆਲੇ-ਦੁਆਲੇ ਹੈ।
9 ਉਹ ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਪੁੱਠ ਦੇ ਹੇਠਲੇ ਹਿੱਸੇ ਦੀ ਚਰਬੀ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲੈ ਲਵੇ ਜਿਸਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ।
10 ਉਸਨੂੰ ਇਨ੍ਹਾਂ ਹਿੱਸਿਆਂ ਨੂੰ ਉਸੇ ਤਰ੍ਹਾਂ ਲਾਹੁਣਾ ਚਾਹੀਦਾ ਜਿਵੇਂ ਸੁੱਖ-ਸਾਂਦ ਦੀ ਭੇਟ ਵਾਲੇ ਬਲਦ ਤੋਂ ਚਰਬੀ ਨੂੰ ਲਾਹਿਆ ਜਾਂਦਾ ਹੈ। ਉਸਨੂੰ ਪਸ਼ੂ ਦੇ ਅੰਗਾਂ ਨੂੰ ਹੋਮ ਦੀ ਭੇਟ ਵਾਲੀ ਜਗਵੇਦੀ ਉੱਤੇ ਸਾੜ ਦੇਣ ਚਾਹੀਦਾ।
11 ਪਰ ਉਸਨੂੰ ਬਲਦ ਦੀ ਖੱਲ, ਇਸਦੇ ਅੰਦਰਲੇ ਹਿਸਿਆਂ ਅਤੇ ਇਸਦੇ ਸ਼ਰੀਰ ਦੀ ਰਹਿੰਦ-ਖੂੰਦ ਅਤੇ ਇਸਦੇ ਸਿਰ ਅਤੇ ਲੱਤਾਂ ਦਾ ਸਾਰਾ ਮਾਸ ਡੇਰੇ ਤੋਂ ਬਾਹਰ ਉਸ ਸਾਫ਼ ਥਾਵੇਂ ਲੈ ਜਾਣਾ ਚਾਹੀਦਾ ਜਿਥੇ ਰਾਖ ਸੁੱਟੀ ਜਾਂਦੀ ਹੈ। ਉਸਨੂੰ ਇਨ੍ਹਾਂ ਹਿੱਸਿਆਂ ਨੂੰ ਲੱਕੜਾਂ ਉੱਤੇ ਪਾਕੇ ਸਾੜ ਦੇਣਾ ਚਾਹੀਦਾ। ਬਲਦ ਨੂੰ ਉਥੇ ਸਾੜਿਆ ਜਾਵੇ ਜਿਥੇ ਰਾਖ ਸੁੱਟੀ ਜਾਂਦੀ ਹੈ।
12
13 “ਜੇਕਰ ਇਸਰਾਏਲ ਦੀ ਸਾਰੀ ਕੌਮ ਅਨਜਾਣੇ ਹੀ ਉਹ ਗੱਲ ਕਰਕੇ ਪਾਪ ਕਰੇ ਜਿਸਨੂੰ ਯਹੋਵਾਹ ਨੇ ਉਨ੍ਹਾਂ ਨੂੰ ਨਾ ਕਰਨ ਵਾਸਤੇ ਆਖਿਆ, ਉਹ ਦੋਸ਼ੀ ਹੋਣਗੇ, ਭਾਵੇਂ ਉਹ ਅਨਜਾਣ ਹਨ ਕਿ ਉਨ੍ਹਾਂ ਨੇ ਕੀਤਾ ਹੈ।
14 ਜਦੋਂ ਉਨ੍ਹਾਂ ਨੇ ਆਪਣੇ ਪਾਪ ਦਾ ਪਤਾ ਚੱਲ ਜਾਵੇ, ਉਨ੍ਹਾਂ ਨੂੰ ਸਾਰੀ ਕੌਮ ਖਾਤਰ ਇੱਕ ਜਵਾਨ ਬਲਦ ਪਾਪ ਦੀ ਭੇਟ ਵਜੋਂ ਯਹੋਵਾਹ ਨੂੰ ਚੜਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਬਲਦ ਮੰਡਲੀ ਵਾਲੇ ਤੰਬੂ ਕੋਲ ਲੈ ਆਉਣਾ ਚਾਹੀਦਾ ਹੈ।
15 ਲੋਕਾਂ ਦੇ ਬਜ਼ੁਰਗ ਯਹੋਵਾਹ ਦੇ ਸਾਮ੍ਹਣੇ ਬਲਦ ਦੇ ਸਿਰ ਤੇ ਹੱਥ ਰੱਖਣ ਅਤੇ ਫ਼ੇਰ ਇਸਨੂੰ ਯਹੋਵਾਹ ਦੇ ਸਾਮ੍ਹਣੇ ਮਾਰਿਆ ਜਾਵੇਗਾ।
16 ਫ਼ੇਰ ਮਸਹ ਕੀਤਾ ਹੋਇਆ ਜਾਜਕ ਬਲਦ ਦਾ ਕੁਝ ਖੂਨ ਲਵੇ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਵੇ।
17 ਜਾਜਕ ਆਪਣੀ ਉਂਗਲੀ ਨੂੰ ਖੂਨ ਵਿੱਚ ਡੁਬੋਏ ਅਤੇ ਇਸਨੂੰ ਸੱਤ ਵਾਰੀ ਯਹੋਵਾਹ ਦੇ ਸਾਮ੍ਹਣੇ ਵਾਲੇ ਪਰਦੇ ਅੱਗੇ ਛਿੜਕੇ।
18 ਫ਼ੇਰ ਜਾਜਕ ਨੂੰ ਚਾਹੀਦਾ ਹੈ ਕਿ ਕੁਝ ਖੂਨ ਜਗਵੇਦੀ ਦੇ ਕੋਨਿਆਂ ਉੱਤੇ ਲਗਾ ਦੇਵੇ। (ਇਹ ਜਗਵੇਦੀ ਯਹੋਵਾਹ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਵਿੱਚ ਹੈ।) ਜਾਜਕ ਨੂੰ ਚਾਹੀਦਾ ਹੈ ਕਿ ਸਾਰਾ ਖੂਨ ਹੋਮ ਦੀ ਭੇਟ ਵਾਲੀ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਵੇ। (ਇਹ ਜਗਵੇਦੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੈ।)
19 ਫ਼ੇਰ ਜਾਜਕ ਨੂੰ ਜਾਨਵਰ ਦੀ ਸਾਰੀ ਚਰਬੀ ਲੈ ਲੈਣੀ ਚਾਹੀਦੀ ਹੈ ਅਤੇ ਇਸਨੂੰ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ।
20 ਉਸ ਨੂੰ ਇਨ੍ਹਾਂ ਹਿਸਿਆਂ ਨੂੰ ਉਸੇ ਤਰ੍ਹਾਂ ਭੇਟ ਕਰਨਾ ਚਾਹੀਦਾ ਜਿਵੇਂ ਉਸਨੇ ਪਾਪ ਦੀ ਭੇਟ ਵਾਲੇ ਬਲਦ ਨੂੰ ਭੇਟ ਕੀਤਾ ਸੀ। ਇਸ ਤਰ੍ਹਾਂ ਜਾਜਕ ਲੋਕਾਂ ਲਈ ਪਰਾਸਚਿਤ ਕਰੇਗਾ ਅਤੇ ਉਨ੍ਹਾਂ ਦੇ ਪਾਪ ਮੁਆਫ਼ ਹੋ ਜਾਣਗੇ।
21 ਜਾਜਕ ਨੂੰ ਚਾਹੀਦਾ ਹੈ ਕਿ ਇਸ ਬਲਦ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਸਾੜ ਦੇਵੇ, ਜਿਵੇਂ ਉਸਨੇ ਦੂਸਰੇ ਬਲਦ ਨੂੰ ਸਾੜਿਆ ਸੀ। ਇਹ ਸਾਰੀ ਕੌਮ ਲਈ ਪਾਪ ਦੀ ਭੇਟ ਹੈ।
22 “ਜਦੋਂ ਕੋਈ ਹਾਕਮ ਅਨਜਾਣੇ ਪਾਪ ਕਰਦਾ ਅਤੇ ਕੁਝ ਅਜਿਹਾ ਕਰਦਾ ਜਿਸਨੂੰ ਨਾ ਕਰਨ ਬਾਰੇ ਯਹੋਵਾਹ, ਉਸਦੇ ਪਰਮੇਸ਼ੁਰ, ਨੇ ਆਖਿਆ ਹੋਵੇ, ਉਹ ਦੋਸ਼ੀ ਹੋਵੇਗਾ।
23 ਜਦੋਂ ਹਾਕਮ ਆਪਣੇ ਪਾਪ ਬਾਰੇ ਜਾਣ ਜਾਵੇ, ਉਸ ਨੂੰ ਭੇਟ ਵਜੋਂ ਇੱਕ ਬੱਕਰੀ ਲਿਆਉਣੀ ਚਾਹੀਦੀ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ।
24 ਹਾਕਮ ਨੂੰ ਬੱਕਰੀ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਹੈ ਅਤੇ ਬੱਕਰੀ ਨੂੰ ਉਸੇ ਥਾਂ ਤੇ ਮਾਰਨਾ ਚਾਹੀਦਾ ਜਿਥੇ ਉਹ ਯਹੋਵਾਹ ਦੇ ਸਾਮ੍ਹਣੇ ਹੋਮ ਦੀ ਭੇਟ ਨੂੰ ਜ਼ਿਬਾਹ ਕਰਦੇ ਹਨ। ਇਹ ਬੱਕਰੀ ਪਾਪ ਦੀ ਭੇਟ ਹੈ।
25 ਜਾਜਕ ਨੂੰ ਚਾਹੀਦਾ ਹੈ ਕਿ ਪਾਪ ਦੀ ਭੇਟ ਦਾ ਖੂਨ ਆਪਣੀ ਉਂਗਲੀ ਉੱਤੇ ਲਾਵੇ ਅਤੇ ਇਸਨੂੰ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਦੇ ਕੋਨਿਆਂ ਉੱਤੇ ਲਾਵੇ। ਜਾਜਕ ਨੂੰ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
26 ਉਸਨੂੰ ਬੱਕਰੀ ਦੀ ਸਾਰੀ ਚਰਬੀ ਜਗਵੇਦੀ ਉੱਤੇ ਉਸੇ ਤਰ੍ਹਾਂ ਸਾੜ ਦੇਣੀ ਚਾਹੀਦੀ ਹੈ ਜਿਵੇਂ ਉਹ ਸੁੱਖ-ਸਾਂਦ ਦੀ ਬਲੀ ਨੂੰ ਸਾੜਦਾ ਹੈ। ਇਸ ਤਰ੍ਹਾਂ, ਜਾਜਕ ਹਾਕਮ ਲਈ ਪਰਾਸਚਿਤ ਕਰੇਗਾ ਅਤੇ ਪਰਮੇਸ਼ੁਰ ਹਾਕਮ ਨੂੰ ਮੁਆਫ਼ ਕਰ ਦੇਵੇਗਾ।
27 “ਜਦੋਂ ਕੋਈ ਸਧਾਰਣ ਆਦਮੀ ਅਚਨਚੇਤੀ ਹੀ ਪਾਪ ਕਰਦਾ ਅਤੇ ਕੁਝ ਅਜਿਹਾ ਕਰਦਾ ਜਿਸਨੂੰ ਨਾ ਕੀਤੇ ਜਾਣ ਲਈ ਯਹੋਵਾਹ ਨੇ ਆਖਿਆ, ਉਹ ਦੋਸ਼ੀ ਹੋਵੇਗਾ।
28 ਜਦੋਂ ਉਹ ਬੰਦਾ ਆਪਣੇ ਪਾਪ ਬਾਰੇ ਜਾਣ ਜਾਂਦਾ ਹੈ ਤਾਂ ਉਸਨੂੰ ਇੱਕ ਬੱਕਰੀ ਲੈਕੇ ਆਉਣੀ ਚਾਹੀਦੀ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ। ਉਸਨੂੰ ਇਹ ਬੱਕਰੀ ਆਪਣੇ ਪਾਪ ਦੀ ਖਾਤਿਰ ਆਪਣੀ ਭੇਟ ਵਜੋਂ ਲਿਆਉਣੀ ਚਾਹੀਦੀ ਹੈ।
29 ਉਸਨੂੰ ਆਪਣਾ ਹੱਥ ਬੱਕਰੀ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਇਸਨੂੰ ਹੋਮ ਦੀ ਭੇਟ ਵਾਲੀ ਥਾਂ ਉੱਤੇ ਮਾਰਨਾ ਚਾਹੀਦਾ।
30 ਫ਼ੇਰ ਜਾਜਕ ਨੂੰ ਆਪਣੀ ਉਂਗਲੀ ਉੱਤੇ ਬੱਕਰੀ ਦਾ ਕੁਝ ਖੂਨ ਲਾਉਣਾ ਚਾਹੀਦਾ ਹੈ ਅਤੇ ਇਸਨੂੰ ਹੋਮ ਦੀ ਭੇਟ ਦੀ ਜਗਵੇਦੀ ਦੇ ਕੋਨਿਆਂ ਉੱਤੇ ਲਾਉਣਾ ਚਾਹੀਦਾ ਹੈ। ਉਸਨੂੰ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
31 ਉਸਨੂੰ ਬੱਕਰੀ ਦੀ ਸਾਰੀ ਚਰਬੀ ਉਸੇ ਤਰ੍ਹਾਂ ਭੇਟ ਕਰ ਦੇਣੀ ਚਾਹੀਦੀ ਹੈ ਜਿਵੇਂ ਉਸਨੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜਾਈ ਸੀ। ਉਹ ਇਸਨੂੰ ਭਿਂਨੀ ਸੁਗੰਧੀ ਵਜੋਂ ਜਗਵੇਦੀ ਉੱਤੇ ਸਾੜੇ ਜੋ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਪਰਾਸਚਿਤ ਕਰੇਗਾ ਅਤੇ ਉਸਦਾ ਪਾਪ ਮਾਫ਼ ਹੋ ਜਾਵੇਗਾ।
32 “ਜੇ ਉਹ ਬੰਦਾ ਆਪਣੇ ਪਾਪ ਦੀ ਭੇਟ ਲਈ ਲੇਲਾ ਲੈਕੇ ਆਉਂਦਾ ਹੈ, ਤਾਂ ਉਸਨੂੰ ਮਾਦਾ ਲੇਲਾ ਲੈਕੇ ਆਉਣਾ ਚਾਹੀਦਾ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ।
33 ਉਸ ਬੰਦੇ ਨੂੰ ਜਾਨਵਰ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਅਤੇ ਇਸਨੂੰ ਉਸੇ ਥਾਂ ਤੇ ਪਾਪ ਦੀ ਭੇਟ ਵਜੋਂ ਮਾਰਨਾ ਚਾਹੀਦਾ ਹੈ ਜਿਥੇ ਉਹ ਹੋਮ ਦੀ ਭੇਟ ਦੇ ਜਾਨਵਰ ਨੂੰ ਮਾਰਦੇ ਹਨ।
34 ਜਾਜਕ ਨੂੰ ਪਾਪ ਦੀ ਭੇਟ ਦਾ ਕੁਝ ਖੂਨ ਆਪਣੀ ਉਂਗਲੀ ਉੱਤੇ ਲਾਉਣਾ ਚਾਹੀਦਾ ਹੈ ਅਤੇ ਇਸਨੂੰ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਦੇ ਕੋਨਿਆਂ ਉੱਤੇ ਲਾਉਣਾ ਚਾਹੀਦਾ ਹੈ। ਫ਼ੇਰ ਜਾਜਕ ਨੂੰ ਲੇਲੇ ਦਾ ਸਾਰਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
35 ਉਸਨੂੰ ਲੇਲੇ ਦੀ ਸਾਰੀ ਚਰਬੀ ਉਸੇ ਤਰ੍ਹਾਂ ਭੇਟ ਕਰ ਦੇਣੀ ਚਾਹੀਦੀ ਹੈ ਜਿਵੇਂ ਉਸਨੇ ਸੁੱਖ-ਸਾਂਦ ਦੀ ਭੇਟ ਵਾਲੇ ਲੇਲੇ ਦੀ ਚਰਬੀ ਭੇਟ ਕੀਤੀ ਸੀ। ਜਾਜਕ ਨੂੰ ਇਸਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਹੋਰਨਾਂ ਚੜਾਵਿਆਂ ਦੇ ਨਾਲ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਵਿਅਕਤੀ ਦੇ ਕੀਤੇ ਪਾਪਾਂ ਦੇ ਲਈ ਪਰਾਸਚਿਤ ਕਰੇਗਾ ਅਤੇ ਪਰਮੇਸ਼ੁਰ ਉਸ ਵਿਅਕਤੀ ਨੂੰ ਮੁਆਫ਼ ਕਰ ਦੇਵੇਗਾ।
ਕਾਂਡ 5

1 “ਜਦੋਂ ਕਿਸੇ ਬੰਦੇ ਨੂੰ ਗਵਾਹੀ ਦੇਣ ਲਈ ਸਦਿਆ ਜਾਂਦਾ ਅਤੇ ਉਹ ਚਸ਼ਮਦੀਦ ਗਵਾਹ ਜਾਂ ਉਸ ਘਟਨਾ ਬਾਰੇ ਕੁਝ ਜਾਣਦਾ, ਅਤੇ ਜੇ ਉਹ ਬੰਦਾ ਉਹ ਕੁਝ ਨਹੀਂ ਦੱਸਦਾ ਜੋ ਉਸਨੇ ਦੇਖਿਆ ਜਾਂ ਜੋ ਉਹ ਜਾਣਦਾ, ਤਾਂ ਉਹ ਆਪਣੀ ਸਾਖੀ ਦੇਣ ਵਿੱਚ ਨਾਕਾਮਯਾਬ ਹੋਣ ਦੇ ਸਿੱਟੇ ਦਾ ਜਿੰਮੇਵਾਰ ਹੈ।
2 “ਜਾਂ ਸ਼ਾਇਦ ਕੋਈ ਬੰਦਾ ਕਿਸੇ ਨਾਪਾਕ ਸ਼ੈਅ ਨੂੰ ਛੂਹ ਲਵੇ। ਇਹ ਕਿਸੇ ਨਾਪਾਕ ਪਾਲਤੂ ਜਾਨਵਰ ਦੀ ਲਾਸ਼ ਹੋ ਸਕਦੀ ਹੈ, ਜਾਂ ਕਿਸੇ ਨਾਪਾਕ ਜੰਗਲੀ ਜਾਨਵਰ ਦੀ ਲਾਸ਼ ਹੋ ਸਕਦੀ ਹੈ, ਜਾਂ ਇਹ ਕਿਸੇ ਨਾਪਾਕ ਰੀਂਗਦੇ ਜਾਨਵਰ ਦੀ ਵੀ ਹੋ ਸਕਦੀ ਹੈ। ਹੋ ਸਕਦਾ ਕਿ ਉਹ ਬੰਦਾ ਸਚੇਤ ਨਾ ਹੋਵੇ ਕਿ ਉਸਨੇ ਇਨ੍ਹਾਂ ਚੀਜ਼ਾਂ ਨੂੰ ਛੂਹ ਲਿਆ, ਪਰ ਹਾਲੇ ਵੀ ਉਹ ਪਲੀਤ ਹੈ ਅਤੇ ਉਹ ਦੋਸ਼ੀ ਹੈ।
3 “ਜੇਕਰ ਕੋਈ ਵਿਅਕਤੀ ਮਨੁੱਖੀ ਨਾਪਾਕਤਾ ਨੂੰ ਛੂਹ ਲਵੇ, ਕੁਝ ਵੀ ਜੋ ਕਿਸੇ ਵਿਅਕਤੀ ਨੂੰ ਨਾਪਾਕ ਬਣਾਵੇ, ਭਾਵੇਂ ਉਹ ਇਸਤੋਂ ਸਚੇਤ ਨਹੀਂ, ਪਰ ਮਗਰੋਂ ਜਾਣ ਜਾਵੇ ਕਿ ਉਸਨੇ ਇਨ੍ਹਾਂ ਵਿੱਚੋਂ ਕਿਸੇ ਨਾਪਾਕ ਚੀਜ਼ ਨੂੰ ਛੂਹ ਲਿਆ ਹੈ, ਤਾਂ ਉਹ ਦੋਸ਼ੀ ਹੋਵੇਗਾ।
4 “ਜਾਂ ਹੋ ਸਕਦਾ ਆਦਮੀ ਕੋਈ ਕਸਮ ਜਲਦੀ ਵਿੱਚ ਲੈ ਲਵੇ ਇਹ ਸਾਬਤ ਕਰਨ ਲਈ ਕਿ ਉਹ ਸੱਚ ਕਹਿ ਰਿਹਾ ਹੈ, ਭਾਵੇਂ ਨਤੀਜਾ ਚੰਗਾ ਹੋਵੇ ਜਾਂ ਬੁਰਾ, ਅਤੇ ਉਹ ਇਸਨੂੰ ਮਹਿਸੂਸ ਨਹੀਂ ਕਰਦਾ। ਜਦੋਂ ਉਹ ਮਹਿਸੂਸ ਕਰੇ ਕਿ ਉਸਨੇ ਕੀ ਕੀਤਾ ਹੈ, ਉਹ ਦੋਸ਼ੀ ਬਣ ਜਾਂਦਾ।
5 ਜਦੋਂ ਕੋਈ ਬੰਦਾ ਇਨ੍ਹਾਂ ਵਿੱਚੋਂ ਕਿਸੇ ਵੀ ਦੋਸ਼ ਨੂੰ ਮਹਿਸੂਸ ਕਰੇ, ਉਸਨੂੰ, ਜੋ ਉਸਨੇ ਗਲਤ ਕੀਤਾ ਹੈ ਕਬੂਲਣਾ ਚਾਹੀਦਾ।
6 ਉਸਨੂੰ ਆਪਣੇ ਪਾਪ ਲਈ ਯਹੋਵਾਹ ਨੂੰ ਆਪਣੀ ਦੋਸ਼ ਦੀ ਭੇਟ ਲੈਕੇ ਆਉਣੀ ਚਾਹੀਦੀ ਹੈ। ਉਸਨੂੰ ਪਾਪ ਦੀ ਭੇਟ ਵਜੋਂ ਇੱਕ ਲੇਲੀ ਜਾਂ ਇੱਕ ਬੱਕਰੀ ਲਿਆਉਣੀ ਚਾਹੀਦੀ ਹੈ। ਫ਼ੇਰ ਜਾਜਕ ਉਸ ਵਿਅਕਤੀ ਦੇ ਪਾਪ ਲਈ, ਉਸਦੇ ਬਦਲੇ ਪਰਾਸਚਿਤ ਕਰੇਗਾ।
7 “ਜੇ ਉਸ ਬੰਦੇ ਤੋਂ ਲੇਲਾ ਜਾਂ ਬੱਕਰੀ ਨਾ ਸਰਦੀ ਹੋਵੇ, ਉਹ ਦੋ ਘੁੱਗੀ ਜਾਂ ਦੋ ਜਵਾਨ ਕਬੂਤਰ ਯਹੋਵਾਹ ਲਈ ਲੈਕੇ ਆਵੇ। ਇਹ ਉਸਦੇ ਪਾਪ ਲਈ ਦੋਸ਼ ਦੀ ਭੇਟ ਹੋਵੇਗੀ। ਇੱਕ ਪੰਛੀ ਪਾਪ ਦੀ ਭੇਟ ਲਈ ਹੋਵੇ ਤੇ ਦੂਸਰਾ ਹੋਮ ਦੀ ਭੇਟ ਲਈ।
8 ਉਹ ਬੰਦਾ ਉਨ੍ਹਾਂ ਨੂੰ ਜਾਜਕ ਕੋਲ ਲੈਕੇ ਆਵੇ। ਪਹਿਲਾਂ, ਜਾਜਕ ਇੱਕ ਪੰਛੀ ਨੂੰ ਪਾਪ ਦੀ ਭੇਟ ਵਜੋਂ ਚੜਾਵੇਗਾ। ਜਾਜਕ ਪੰਛੀ ਦੇ ਸਿਰ ਨੂੰ ਉਸ ਦੀ ਗਿੱਚੀ ਤੋਂ ਤੋੜ ਦੇਵੇਗਾ। ਪਰ ਜਾਜਕ ਪੰਛੀ ਨੂੰ ਹਿਸਿਆਂ ਵਿੱਚ ਨਹੀਂ ਵੰਡੇਗਾ।
9 ਜਾਜਕ ਪਾਪ ਦੀ ਭੇਟ ਦਾ ਖੂਨ ਜਗਵੇਦੀ ਦੇ ਇੱਕ ਪਾਸੇ ਛਿੜਕੇਗਾ ਫ਼ੇਰ ਜਾਜਕ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹੇਗਾ। ਇਹ ਪਾਪ ਦੀ ਭੇਟ ਹੈ।
10 ਫ਼ੇਰ ਜਾਜਕ ਨੂੰ ਦੂਸਰਾ ਪੰਛੀ ਹੋਮ ਦੀ ਭੇਟ ਦੇ ਨੇਮਾਂ ਅਨੁਸਾਰ ਭੇਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਨੂੰ, ਉਸਦੇ ਕੀਤੇ ਪਾਪਾਂ ਤੋਂ ਪਾਕ ਕਰ ਦੇਵੇਗਾ। ਅਤੇ ਪਰਮੇਸ਼ੁਰ ਉਸ ਬੰਦੇ ਨੂੰ ਮਾਫ਼ ਕਰ ਦੇਵੇਗਾ।
11 “ਜੇ ਉਸ ਬੰਦੇ ਤੋਂ ਦੋ ਘੁੱਗੀ ਜਾਂ ਦੋ ਕਬੂਤਰ ਨਾ ਸਰਦੇ ਹੋਣ, ਉਸਨੂੰ ਆਪਣੇ ਪਾਪ ਦੀ ਭੇਟ ਲਈ ਮੈਦੇ ਦੇ
8 ਕੱਪ ਲਿਆਉਣੇ ਚਾਹੀਦੇ ਹਨ। ਉਸਨੂੰ ਮੈਦੇ ਵਿੱਚ ਤੇਲ ਨਹੀਂ ਮਿਲਾਉਣਾ ਚਾਹੀਦਾ ਅਤੇ ਇਸ ਉੱਤੇ ਲੋਬਾਨ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਹ ਪਾਪ ਦੀ ਭੇਟ ਹੈ।
12 ਉਹ ਮੈਦਾ ਜਾਜਕ ਕੋਲ ਲਿਆਵੇ ਅਤੇ ਜਾਜਕ ਉਸ ਮੈਦੇ ਦੀ ਇੱਕ ਮੁੱਠੀ ਭਰੇਗਾ। ਇਹ ਇੱਕ ਯਾਦਗਾਰੀ ਭੇਟ ਹੋਵੇਗੀ। ਉਹ ਮੈਦੇ ਨੂੰ ਯਹੋਵਾਹ ਨੂੰ ਅੱਗ ਦੁਆਰਾ ਚੜਾਈਆਂ ਗਈਆਂ ਹੋਰਨਾਂ ਭੇਟਾਂ ਦੇ ਨਾਲ ਚੜਾਵੇਗਾ। ਇਹ ਉਸਦੇ ਪਾਪ ਦੀ ਭੇਟ ਹੈ।
13 ਇਸ ਤਰ੍ਹਾਂ ਜਾਜਕ ਉਸ ਬੰਦੇ ਨੂੰ ਪਾਕ ਬਣਾ ਦੇਵੇਗਾ। ਅਤੇ ਪਰਮੇਸ਼ੁਰ ਉਸ ਬੰਦੇ ਨੂੰ ਮਾਫ਼ ਕਰ ਦੇਵੇਗਾ। ਜਿਹੜਾ ਹਿੱਸਾ ਬਚ ਜਾਵੇਗਾ ਉਹ ਜਾਜਕ ਦਾ ਹੋਵੇਗਾ, ਜਿਵੇਂ ਅਨਾਜ਼ ਦੀ ਭੇਟ ਦਾ ਹੁੰਦਾ ਹੈ।”
14 ਯਹੋਵਾਹ ਨੇ ਮੂਸਾ ਨੂੰ ਆਖਿਆ,
15 “ਹੋ ਸਕਦਾ ਹੈ ਕੋਈ ਬੰਦਾ ਯਹੋਵਾਹ ਦੀਆਂ ਪਵਿੱਤਰ ਚੀਜ਼ਾਂ ਨਾਲ ਅਚਨਚੇਤ ਕੋਈ ਗਲਤ ਗੱਲ ਕਰ ਬੈਠੇ। ਉਸ ਬੰਦੇ ਨੂੰ ਬਿਨਾ ਨੁਕਸ ਵਾਲਾ ਭੇਡੂ ਲੈਕੇ ਆਉਣਾ ਚਾਹੀਦਾ ਹੈ। ਇਹ ਯਹੋਵਾਹ ਨੂੰ ਉਸਦੇ ਦੋਸ਼ ਦੀ ਭੇਟ ਹੋਵੇਗੀ। ਤੁਹਾਨੂੰ ਸਰਕਾਰੀ ਨਾਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭੇਡੂ ਦੀ ਕੀਮਤ ਨਿਸ਼ਚਿੰਤ ਕਰਨੀ ਚਾਹੀਦੀ ਹੈ।
16 ਉਸਨੂੰ ਪਵਿੱਤਰ ਚੀਜ਼ਾਂ ਲਈ ਅਦਾਇਗੀ ਕਰਨੀ ਪਵੇਗੀ ਜੋ ਉਸਨੇ ਲਈਆਂ। ਉਸਨੂੰ ਪੰਜਵਾਂ ਹਿੱਸਾ ਜੋੜ ਕੇ, ਜਾਜਕ ਨੂੰ ਦੇਣਾ ਚਾਹੀਦਾ ਹੈ। ਫ਼ੇਰ ਜਾਜਕ ਉਸ ਵਿਅਕਤੀ ਲਈ ਦੋਸ਼ ਦੀ ਭੇਟ ਦੇ ਭੇਡੂ ਨਾਲ ਪਰਾਸਚਿਤ ਕਰੇਗਾ ਅਤੇ ਇਹ ਮਾਫ਼ ਹੋ ਜਾਵੇਗਾ।
17 “ਜੇ ਕੋਈ ਬੰਦਾ ਪਾਪ ਕਰਦਾ ਅਤੇ ਉਨ੍ਹਾਂ ਵਿੱਚੋਂ ਕੋਈ ਇੱਕ ਗੱਲ ਕਰਦਾ ਜਿਨ੍ਹਾਂ ਨੂੰ ਯਹੋਵਾਹ ਨੇ ਨਾ ਕਰਨ ਦਾ ਆਦੇਸ਼ ਦਿੱਤਾ ਭਾਵੇਂ ਉਹ ਬੰਦਾ ਨਹੀਂ ਜਾਣਦਾ, ਉਹ ਦੋਸ਼ੀ ਹੋਵੇਗਾ ਅਤੇ ਉਸਨੂੰ ਆਪਣੇ ਪਾਪ ਦੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ।
18 ਉਸਨੂੰ ਇੱਕ ਬੇਨੁਕਸ ਅਤੇ ਜਾਜਕ ਦੁਆਰਾ ਨਿਰਧਾਰਿਤ ਕੀਤੀ ਗਈ ਕੀਮਤ ਦਾ ਭੇਡੂ ਉਸ ਕੋਲ ਲਿਆਉਣਾ ਚਾਹੀਦਾ ਹੈ। ਉਹ ਭੇਡੂ ਦੋਸ਼ ਦੀ ਭੇਟ ਹੋਵੇਗਾ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਉਸ ਪਾਪ ਖਾਤਰ ਪਰਾਸਚਿਤ ਕਰੇਗਾ ਜੋ ਉਸਨੇ ਅਨਜਾਣੇ ਵਿੱਚ ਕੀਤਾ ਸੀ ਅਤੇ ਉਹ ਮਾਫ਼ ਹੋ ਜਾਵੇਗਾ।
19 ਇਹ ਦੋਸ਼ ਦੀ ਭੇਟ ਹੈ ਕਿਉਂਜੁ ਉਹ ਯਹੋਵਾਹ ਅੱਗੇ ਦੋਸ਼ੀ ਹੈ।
ਕਾਂਡ 6

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਹੋ ਸਕਦਾ ਹੈ ਕੋਈ ਬੰਦਾ ਇਨ੍ਹਾਂ ਵਿੱਚੋਂ ਕੋਈ ਇੱਕ ਪਾਪ ਕਰਕੇ ਯਹੋਵਾਹ ਦੇ ਖਿਲਾਫ਼ ਕੁਝ ਗਲਤ ਕਰੇ; ਕੋਈ ਬੰਦਾ ਕਿਸੇ ਜਮ੍ਹਾਂ ਕਰਾਈ ਹੋਈ ਰਕਮ ਬਾਰੇ ਝੂਠ ਬੋਲ ਸਕਦਾ ਜੋ ਉਸਨੂੰ ਮਿਲੀ ਹੋਵੇ। ਜਾਂ ਕੋਈ ਬੰਦਾ ਕਿਸੇ ਚੀਜ਼ ਨੂੰ ਚੁਰਾ ਲਵੇ। ਜਾਂ ਕੋਈ ਬੰਦਾ ਕਿਸੇ ਨੂੰ ਧੋਖਾ ਦੇਵੇ।
3 ਜਾਂ ਹੋ ਸਕਦਾ ਕਿ ਕੋਈ ਬੰਦਾ ਗੁਆਂਢੀ ਦੀ ਗੁਆਚੀ ਹੋਈ ਕਿਸੇ ਚੀਜ਼ ਨੂੰ ਲੱਭ ਲਵੇ ਅਤੇ ਇਸ ਬਾਰੇ ਝੂਠ ਬੋਲੇ। ਜਾਂ ਹੋ ਸਕਦਾ ਕੋਈ ਬੰਦਾ ਕਾਸੇ ਬਾਰੇ ਝੂਠੀ ਸਹੁੰ ਖਾਵੇ ਜਾਂ ਉਹ ਕੋਈ ਹੋਰ ਪਾਪ ਕਰੋ।
4 ਜੇ ਕੋਈ ਬੰਦਾ ਇਨ੍ਹਾਂ ਵਿੱਚੋਂ ਕੋਈ ਗੱਲ ਕਰੇ, ਤਾਂ ਉਹ ਬੰਦਾ ਪਾਪ ਦਾ ਦੋਸ਼ੀ ਹੈ। ਉਸ ਬੰਦੇ ਨੂੰ ਉਹ ਚੀਜ਼ ਵਾਪਸ ਲਿਆਉਣੀ ਚਾਹੀਦੀ ਹੈ ਜੋ ਉਸਨੇ ਚੋਰੀ ਕੀਤੀ, ਜਾਂ ਜਿਸਨੂੰ ਉਸਨੇ ਧੋਖੇ ਨਾਲ ਲਿਆ, ਜਾਂ ਉਸਨੇ ਜੋ ਕੁਝ ਵੀ ਲਿਆ ਜਿਸਨੂੰ ਕਿਸੇ ਹੋਰ ਨੇ ਅਮਾਨਤ ਦੇ ਤੌਰ ਤੇ ਰੱਖਣ ਲਈ ਦਿੱਤਾ ਸੀ। ਜਾਂ ਜੋ ਕੁਝ ਵੀ ਉਸਨੂੰ ਲਭਿਆ ਅਤੇ ਉਸ ਬਾਰੇ ਝੂਠ ਬੋਲਿਆ,
5 ਜਾਂ ਉਸਨੇ ਜੋ ਵੀ ਝੂਠੀ ਸਹੁੰ ਖਾਧੀ, ਉਸਨੂੰ ਇਸਦੀ ਪੂਰੀ ਕੀਮਤ ਵਿੱਚ ਚੀਜ਼ ਦੇ ਮੁੱਲ ਦਾ ਪੰਜਵਾਂ ਹਿੱਸਾ ਵਧ ਜਮ੍ਹਾਂ ਕਰਕੇ ਅਦਾ ਕਰਨਾ ਚਾਹੀਦਾ ਹੈ। ਉਸਨੂੰ ਇਹ ਪੈਸਾ ਜਦੋਂ ਉਹ ਆਪਣਾ ਦੋਸ਼ ਦੀ ਭੇਟ ਲੈਕੇ ਆਉਂਦਾ, ਉਸਦੇ ਅਸਲੀ ਮਾਲਕ ਨੂੰ ਦੇਣਾ ਚਾਹੀਦਾ ਹੈ।
6 ਉਸ ਬੰਦੇ ਨੂੰ ਜਾਜਕ ਕੋਲ ਆਪਣੀ ਦੋਸ਼ ਦੀ ਭੇਟ ਲੈਕੇ ਆਉਣੀ ਚਾਹੀਦੀ ਹੈ। ਇਹ ਉਸਦੇ ਇੱਜੜ ਵਿੱਚੋਂ ਇੱਕ ਬੇਨੁਕਸ ਭੇਡੂ ਹੋਣਾ ਚਾਹੀਦਾ ਹੈ। ਇਹ ਉਨੇ ਹੀ ਮੁੱਲ ਦਾ ਹੋਣਾ ਚਾਹੀਦਾ ਜਿੰਨਾ ਜਾਜਕ ਆਖੇ। ਇਹ ਯਹੋਵਾਹ ਨੂੰ ਦੋਸ਼ ਦੀ ਭੇਟ ਹੋਵੇਗੀ।
7 ਫ਼ੇਰ ਜਾਜਕ ਦੇ ਅੱਗੇ ਜਾਵੇਗਾ ਅਤੇ ਉਸ ਵਿਅਕਤੀ ਲਈ ਪਰਾਸਚਿਤ ਕਰੇਗਾ ਅਤੇ ਉਹ ਗੱਲਾਂ ਜਿਨ੍ਹਾਂ ਨੂੰ ਕਰਕੇ ਉਹ ਦੋਸ਼ੀ ਬਣਿਆ ਸੀ ਮਾਫ਼ ਕਰ ਦਿੱਤੀਆਂ ਜਾਣਗੀਆਂ।
8 ਯਹੋਵਾਹ ਨੇ ਮੂਸਾ ਨੂੰ ਆਖਿਆ,
9 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਇਹ ਹੁਕਮ ਦਿਉ; ਇਹ ਹੋਮ ਦੀ ਭੇਟ ਦੀ ਬਿਧੀ ਹੈ। ਹੋਮ ਦੀ ਭੇਟ ਸਾਰੀ ਰਾਤ, ਸਵੇਰ ਹੋਣ ਤੀਕ ਜਗਵੇਦੀ ਉੱਤੇ ਰਹਿਣੀ ਚਾਹੀਦੀ ਹੈ। ਜਗਵੇਦੀ ਦੀ ਅੱਗ ਬਲਦੀ ਰਹਿਣੀ ਚਾਹੀਦੀ ਹੈ।
10 ਜਾਜਕ ਨੂੰ ਆਪਣਾ ਲਿਨਨ ਦਾ ਕੱਛਾ ਅਤੇ ਲਿਨਨ ਦਾ ਚੋਲਾ ਪਹਿਨਣਾ ਚਾਹੀਦਾ ਹੈ। ਫ਼ੇਰ ਉਸਨੂੰ ਹੋਮ ਦੀ ਭੇਟ ਸੜਨ ਤੋਂ ਬਾਦ ਜਗਵੇਦੀ ਉੱਤੇ ਬਚੀ ਹੋਈ ਰਾਖ ਚੁੱਕ ਦੇਣੀ ਚਾਹੀਦੀ ਹੈ। ਉਸਨੂੰ ਇਹ ਰਾਖ ਜਗਵੇਦੀ ਦੇ ਪਾਸੇ ਤੇ ਪਾ ਦੇਣੀ ਚਾਹੀਦੀ ਹੈ।
11 ਫ਼ੇਰ ਉਸਨੂੰ ਆਪਣੇ ਉਸ ਵਸਤਰ ਉਤਾਰ ਦੇਣੇ ਚਾਹੀਦੇ ਹਨ ਅਤੇ ਹੋਰ ਵਸਤਰ ਪਾਕੇ ਉਹ ਰਾਖ ਚੁੱਕੇ ਡੇਰੇ ਤੋਂ ਬਾਹਰ ਸ਼ੁਧ ਥਾਂ ਤੇ ਲੈ ਜਾਣੀ ਚਾਹੀਦੀ ਹੈ।
12 ਪਰ ਜਗਵੇਦੀ ਦੀ ਅੱਗ ਬਲਦੀ ਰੱਖਣੀ ਚਾਹੀਦੀ ਹੈ। ਇਸਨੂੰ ਬੁਝਣ ਨਹੀਂ ਦਿੱਤਾ ਜਾਣਾ ਚਾਹੀਦਾ ਹਰ ਸਵੇਰ ਜਾਜਕ ਨੂੰ ਅੱਗ ਵਿੱਚ ਲੱਕੜਾਂ ਪਾਉਣੀਆਂ ਚਾਹੀਦੀਆਂ ਹਨ। ਉਸਨੂੰ ਹੋਮ ਦੀ ਭੇਟ ਨੂੰ ਜਗਵੇਦੀ ਉੱਤੇ ਰੱਖਣਾ ਚਾਹੀਦਾ ਹੈ ਅਤੇ ਸੁੱਖ-ਸਾਂਦ ਦੀ ਭੇਟ ਦੀ ਚਰਬੀ ਸਾੜ ਦੇਣੀ ਚਾਹੀਦੀ ਹੈ।
13 ਜਗਵੇਦੀ ਉੱਤੇ ਅੱਗ ਬਿਨਾ ਰੁਕੇ ਬਲਦੀ ਰੱਖਣੀ ਚਾਹੀਦੀ ਹੈ। ਇਹ ਕਦੇ ਵੀ ਬੁਝਣ ਨਹੀਂ ਦੇਣੀ ਚਾਹੀਦੀ।
14 “ਅਨਾਜ਼ ਦੀਆਂ ਭੇਟਾਂ ਦਾ ਨੇਮ ਇਹ ਹੈ; ਹਾਰੂਨ ਦੇ ਪੁੱਤਰ ਇਸਨੂੰ ਜਗਵੇਦੀ ਦੇ ਸਾਮ੍ਹਣੇ ਯਹੋਵਾਹ ਕੋਲ ਲੈਕੇ ਆਉਣ।
15 ਜਾਜਕ ਨੂੰ ਅਨਾਜ਼ ਦੀ ਭੇਟ ਵਿੱਚੋਂ ਮੈਦੇ ਦੀ ਇੱਕ ਮੁਠੀ ਭਰਨੀ ਚਾਹੀਦੀ ਹੈ। ਉਸਨੂੰ ਕੁਝ ਤੇਲ ਅਤੇ ਸਾਰਾ ਲੋਬਾਨ ਲੈਣਾ ਚਾਹੀਦਾ ਜੋ ਅਨਾਜ਼ ਦੀ ਭੇਟ ਉੱਤੇ ਹੈ। ਉਸਨੂੰ ਅਨਾਜ਼ ਦੀ ਭੇਟ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਯਹੋਵਾਹ ਲਈ ਯਾਦਗਾਰ ਭੇਟ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
16 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਬਚੀ ਹੋਈ ਅਨਾਜ਼ ਦੀ ਭੇਟ ਖਾਣੀ ਚਾਹੀਦੀ ਹੈ। ਅਨਾਜ਼ ਦੀ ਭੇਟ ਇੱਕ ਤਰ੍ਹਾਂ ਦੀ ਪਤੀਰੀ ਰੋਟੀ ਹੈ। ਜਾਜਕਾਂ ਨੂੰ ਪਵਿੱਤਰ ਸਥਾਨ ਉੱਤੇ ਇਹ ਰੋਟੀ ਖਾਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਵਿਹੜੇ ਵਿੱਚ ਖਾਣੀ ਚਾਹੀਦੀ ਹੈ।
17 ਅਨਾਜ਼ ਦੀ ਭੇਟ ਨੂੰ ਖਮੀਰ ਨਾਲ ਨਹੀਂ ਪਕਾਉਣਾ ਚਾਹੀਦਾ। ਮੈਂ ਇਸ ਹਿੱਸੇ ਨੂੰ, ਮੈਨੂੰ ਅੱਗ ਦੁਆਰਾ ਦਿੱਤੇ ਗਏ ਚੜਾਵੇ ਵਿੱਚੋਂ ਜਾਜਕਾਂ ਨੂੰ ਦਿੱਤਾ ਹੈ। ਇਹ ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ ਅੱਤ ਪਵਿੱਤਰ ਹੈ।
18 ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਹਰ ਨਰ, ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਅਨਾਜ਼ ਦੀ ਭੇਟ ਵਿੱਚੋਂ ਖਾ ਸਕਦਾ ਹੈ। ਇਹ ਤੁਹਾਡੀਆਂ ਪੀੜੀਆਂ ਲਈ ਸਦਾ ਵਾਸਤੇ ਇੱਕ ਨੇਮ ਹੈ। ਇਨ੍ਹਾਂ ਭੇਟਾਂ ਨੂੰ ਛੂਹਣਾ ਉਨ੍ਹਾਂ ਆਦਮੀਆਂ ਨੂੰ ਪਵਿੱਤਰ ਬਣਾਉਂਦਾ ਹੈ।
19 ਯਹੋਵਾਹ ਨੇ ਮੂਸਾ ਨੂੰ ਆਖਿਆ,
20 “ਇਹ ਉਹ ਭੇਟ ਹੈ ਜਿਹੜੀ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਯਹੋਵਾਹ ਲਈ ਲੈਕੇ ਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਉਸ ਦਿਨ ਕਰਨਾ ਚਾਹੀਦਾ ਜਦੋਂ ਹਾਰੂਨ ਨੂੰ ਪਰਧਾਨ ਜਾਜਕ ਵਜੋਂ ਮਸਹ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅਨਾਜ਼ ਦੀ ਭੇਟ ਵਜੋਂ 8 ਕੱਪ ਮੈਦੇ ਦੇ ਲੈਕੇ ਆਉਣੇ ਚਾਹੀਦੇ ਹਨ। (ਇਹ ਨਿਯਮਿਤ ਅਨਾਜ਼ ਦੀ ਭੇਟ ਹੈ।) ਉਨ੍ਹਾਂ ਨੂੰ ਇਸਦਾ ਅਧਾ ਹਿੱਸਾ ਸਵੇਰੇ ਲੈਕੇ ਆਉਣਾ ਚਾਹੀਦਾ ਹੈ ਅਤੇ ਅਧਾ ਸ਼ਾਮ ਨੂੰ।
21 ਮੈਦੇ ਵਿੱਚ ਤੇਲ ਮਿਲਾਉਣਾ ਚਾਹੀਦਾ ਹੈ ਅਤੇ ਇਸਨੂੰ ਤਵੇ ਉੱਤੇ ਪਕਾਉਣਾ ਚਾਹੀਦਾ ਹੈ। ਜਦੋਂ ਇਕ ਪੱਕ ਜਾਵੇ ਤਾਂ ਤੁਹਾਨੂੰ ਇਹ ਅੰਦਰ ਲਿਆਉਣਾ ਚਾਹੀਦਾ ਹੈ। ਤੁਹਾਨੂੰ ਇਸ ਚੜਾਵੇ ਦੇ ਟੁਕੜੇ ਕਰ ਲੈਣੇ ਚਾਹੀਦੇ ਹਨ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
22 “ਉਸ ਜਾਜਕ ਨੂੰ ਜਿਹੜਾ ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਹਾਰੂਨ ਦੀ ਥਾਂ ਲੈਣ ਲਈ ਚੁਣਿਆ ਜਾਂਦਾ, ਯਹੋਵਾਹ ਨੂੰ ਇਹ ਭੇਟ ਦੇਣੀ ਚਾਹੀਦੀ ਹੈ। ਇਹ ਨੇਮ ਸਦਾ ਲਈ ਜਾਰੀ ਰਹੇਗਾ। ਜਾਜਕ ਦੀ ਅਨਾਜ਼ ਦੀ ਭੇਟ ਨੂੰ ਪੂਰੀ ਤਰ੍ਹਾਂ ਸਾੜਨਾ ਚਾਹੀਦਾ ਅਤੇ ਇਸਨੂੰ ਖਾਣਾ ਨਹੀਂ ਚਾਹੀਦਾ।
23
24 ਯਹੋਵਾਹ ਨੇ ਮੂਸਾ ਨੂੰ ਆਖਿਆ,
25 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਆਖ; ਇਹ ਪਾਪ ਦੀ ਭੇਟ ਦੀ ਬਿਧੀ ਹੈ। ਪਾਪ ਦੀ ਭੇਟ ਨੂੰ ਉਸੇ ਸਥਾਨ ਉੱਤੇ ਮਾਰਿਆ ਜਾਣਾ ਚਾਹੀਦਾ ਜਿੱਥੇ ਯਹੋਵਾਹ ਦੇ ਸਾਮ੍ਹਣੇ ਹੋਮ ਦੀ ਭੇਟ ਨੂੰ ਮਾਰਿਆ ਜਾਂਦਾ ਹੈ। ਇਹ ਅੱਤ ਪਵਿੱਤਰ ਹੈ।
26 ਜਿਹੜਾ ਜਾਜਕ ਪਾਪ ਦੀ ਭੇਟ ਨੂੰ ਭੇਟ ਕਰਦਾ ਹੈ ਉਸਨੂੰ ਇਸਨੂੰ ਖਾਣਾ ਚਾਹੀਦਾ ਹੈ। ਪਰ ਉਸਨੂੰ ਇਸ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚ ਪਵਿੱਤਰ ਸਥਾਨ ਉੱਤੇ ਖਾਣਾ ਚਾਹੀਦਾ ਹੈ।
27 ਪਾਪ ਦੀ ਭੇਟ ਦੇ ਮਾਸ ਨੂੰ ਛੂਹਣਾ ਕਿਸੇ ਬੰਦੇ ਜਾਂ ਚੀਜ਼ ਨੂੰ ਪਵਿੱਤਰ ਬਣਾਉਂਦਾ ਹੈ।“ਜੇਕਰ ਥੋੜਾ ਜਿਹਾ ਖੂਨ ਵੀ ਕਿਸੇ ਬੰਦੇ ਦੇ ਕੱਪੜਿਆਂ ਉੱਤੇ ਪੈ ਜਾਵੇ, ਉਸਨੂੰ ਆਪਣੇ ਕੱਪੜੇ ਪਵਿੱਤਰ ਸਥਾਨ ਵਿੱਚ ਧੋ ਲੈਣੇ ਚਾਹੀਦੇ ਹਨ। ਜੇ ਪਾਪ ਦੀ ਭੇਟ ਨੂੰ ਮਿੱਟੀ ਦੇ ਬਰਤਨ ਵਿੱਚ ਉਬਾਲਿਆ ਗਿਆ ਹੋਵੇ, ਤਾਂ ਉਸ ਬਰਤਨ ਨੂੰ ਭੰਨ ਦੇਣਾ ਚਾਹੀਦਾ ਹੈ। ਜੇ ਪਾਪ ਦੀ ਭੇਟ ਨੂੰ ਪਿੱਤਲ ਦੇ ਭਾਂਡੇ ਵਿੱਚ ਉਬਾਲਿਆ ਗਿਆ ਹੋਵੇ, ਉਸ ਭਾਂਡੇ ਨੂੰ ਪਾਣੀ ਨਾਲ ਹਂਘਾਲ ਕੇ ਧੋ ਲੈਣਾ ਚਾਹੀਦਾ ਹੈ।
28
29 “ਜਾਜਕ ਦੇ ਘਰ ਦਾ ਕੋਈ ਵੀ ਆਦਮੀ ਪਾਪ ਦੀ ਭੇਟ ਖਾ ਸਕਦਾ ਹੈ। ਇਹ ਬਹੁਤ ਪਵਿੱਤਰ ਹੈ।
30 ਪਰ ਜੇ ਪਾਪ ਦੀ ਭੇਟ ਦਾ ਖੂਨ ਮੰਡਲੀ ਵਾਲੇ ਤੰਬੂ ਵਿੱਚ ਲਿਜਾਇਆ ਗਿਆ ਸੀ ਅਤੇ ਪਵਿੱਤਰ ਸਥਾਨ ਵਿੱਚ ਪਰਾਸਚਿਤ ਕਰਨ ਲਈ ਵਰਤਿਆ ਗਿਆ ਸੀ, ਤਾਂ ਇਸ ਪਾਪ ਦੀ ਭੇਟ ਨੂੰ ਨਹੀਂ ਖਾਣਾ ਚਾਹੀਦਾ ਅਤੇ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
ਕਾਂਡ 7

1 “ਦੋਸ਼ ਦੀ ਭੇਟ ਦੀਆਂ ਬਿਧੀਆਂ ਇਹ ਹਨ। ਇਹ ਬਹੁਤ ਪਵਿੱਤਰ ਹੈ।
2 ਉਨ੍ਹਾਂ ਨੂੰ ਦੋਸ਼ ਦੀ ਭੇਟ ਨੂੰ ਉਸੇ ਥਾਂ ਮਾਰਨਾ ਚਾਹੀਦਾ ਹੈ ਜਿਥੋ ਹੋਮ ਦੀਆਂ ਭੇਟਾਂ ਨੂੰ ਮਾਰਿਆ ਜਾਂਦਾ। ਫ਼ੇਰ ਜਾਜਕ ਨੂੰ ਦੋਸ਼ ਦੀ ਭੇਟ ਦੇ ਖੂਨ ਨੂੰ ਜਗਵੇਦੀ ਦੇ ਸਾਰੀਂ ਪਾਸੀਂ ਡੋਲ੍ਹਣਾ ਚਾਹੀਦਾ ਹੈ।
3 “ਜਾਜਕ ਨੂੰ ਦੋਸ਼ ਦੀ ਭੇਟ ਦੀ ਸਾਰੀ ਚਰਬੀ ਭੇਟ ਕਰਨੀ ਚਾਹੀਦੀ ਹੈ। ਉਸਨੂੰ ਚਰਬੀ ਵਾਲੀ ਪੂਛ ਅਤੇ ਉਹ ਚਰਬੀ ਜਿਹੜੀ ਉਸਦੇ ਅੰਦਰਲੇ ਅੰਗਾਂ ਵਿੱਚ ਹੈ, ਭੇਟ ਕਰਨੀ ਚਾਹੀਦੀ ਹੈ।
4 ਉਸਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਨੂੰ ਕੱਜਣ ਵਾਲੀ ਪੁਠ ਦੇ ਹੇਠਲੇ ਪਾਸੇ ਦੀ ਚਰਬੀ ਅਤੇ ਕਲੇਜੀ ਦੇ ਚਰਬੀ ਵਾਲੇ ਹਿੱਸੇ ਨੂੰ ਵੀ ਭੇਟ ਕਰਨਾ ਚਾਹੀਦਾ ਹੈ ਜਿਸਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ।
5 ਜਾਜਕ ਨੂੰ ਇਹ ਸਾਰੀਆਂ ਚੀਜ਼ਾਂ ਜਗਵੇਦੀ ਉੱਤੇ ਸਾੜਨੀਆਂ ਚਾਹੀਦੀਆਂ ਹਨ। ਇਹ ਯਹੋਵਾਹ ਨੂੰ ਅਗਨੀ ਰਾਹੀਂ ਭੇਟ ਕੀਤਾ ਚੜਾਵਾ ਹੋਵੇਗਾ। ਇਹ ਦੋਸ਼ ਦੀ ਭੇਟ ਹੈ।
6 “ਜਾਜਕ ਦੇ ਪਰਿਵਾਰ ਦਾ ਕੋਈ ਵੀ ਨਰ ਬੰਦਾ ਦੋਸ਼ ਦੀ ਭੇਟ ਖਾ ਸਕਦਾ। ਇਹ ਬਹੁਤ ਪਵਿੱਤਰ ਹੈ, ਇਸ ਲਈ ਇਸਨੂੰ ਪਵਿੱਤਰ ਸਥਾਨ ਉੱਤੇ ਖਾਣਾ ਚਾਹੀਦਾ ਹੈ।
7 ਦੋਸ਼ ਦੀ ਭੇਟ ਪਾਪ ਦੀ ਭੇਟ ਵਰਗੀ ਹੀ ਹੈ। ਦੋਹਾਂ ਭੇਟਾਂ ਦੇ ਅਸੂਲ ਇੱਕੋ ਜਿਹੇ ਹਨ। ਜਿਹੜਾ ਜਾਜਕ ਬਲੀ ਚੜਾਉਂਦਾ ਹੈ ਉਹੀ ਭੋਜਨ ਲਈ ਮਾਸ ਪ੍ਰਾਪਤ ਕਰੇਗਾ।
8 ਹੁਣ ਪੂਰੀ ਹੋਮ ਦੀ ਭੇਟ ਬਾਰੇ; ਜਿਹੜਾ ਜਾਜਕ ਪੂਰੀਆਂ ਹੋਮ ਦੀਆਂ ਬਲੀਆਂ ਚੜਾਉਂਦਾ ਹੈ, ਉਸਨੂੰ ਜਾਨਵਰ ਦੀ ਖੱਲ ਵੀ ਪ੍ਰਾਪਤ ਹੋਣੀ ਚਾਹੀਦੀ ਹੈ।
9 ਹਰ ਅਨਾਜ਼ ਦੀ ਭੇਟ ਜਿਹੜੀ ਜਾਜਕ ਚੜਾਉਂਦਾ ਹੈ, ਉਸ ਇਕੱਲੇ ਦੀ ਹੋਵੇਗੀ। ਜਾਜਕ ਉਨ੍ਹਾਂ ਅਨਾਜ਼ ਦੀਆਂ ਭੇਟਾਂ ਨੂੰ ਪ੍ਰਾਪਤ ਕਰੇਗਾ ਜਿਹੜੀਆਂ ਤੰਦੂਰ ਵਿੱਚ ਜਾਂ ਪਤੀਲੇ ਵਿੱਚ ਜਾਂ ਤਵੇ ਉੱਤੇ ਪਕਾਈਆਂ ਗਈਆਂ ਸਨ।
10 ਪਰ ਹਰ ਅਨਾਜ਼ ਦੀ ਭੇਟ ਜੋ ਸੁੱਕੀ ਹੈ ਜਾਂ ਤੇਲ ਨਾਲ ਮਿਲੀ ਹੋਈ ਹਾਰੂਨ ਦੇ ਸਾਰੇ ਪੁੱਤਰਾਂ ਦੀ ਹੋਵੇਗੀ। ਉਹ ਇਸ ਭੋਜਨ ਨੂੰ ਸਾਂਝਾ ਕਰਨਗੇ।
11 “ਸੁੱਖ-ਸਾਂਦ ਦੀਆਂ ਭੇਟਾਂ ਲਈ ਇਹ ਬਿਧੀ ਹੈ ਜੋ ਕੋ ਵੀ ਵਿਅਕਤੀ ਯਹੋਵਾਹ ਲਈ ਲਿਆ ਸਕਦਾ ਹੈ;
12 ਜੇਕਰ ਉਹ ਸ਼ੁਕਰਾਨੇ ਲਈ ਸੁੱਖ-ਸਾਂਦ ਦੀ ਭੇਟ ਲਿਆਉਂਦਾ, ਉਸਨੂੰ ਤੇਲ ਨਾਲ ਮਿਲੀ ਬੇਖਮੀਰੀ ਰੋਟੀ, ਬੇਖਮੀਰੀਆਂ ਮਠੀਆਂ ਉੱਤੇ ਤੇਲ ਪਾਕੇ ਅਤੇ ਤੇਲ ਨਾਲ ਮਿਲੇ ਹੋਏ ਮੈਦੇ ਦੇ ਕੇਕ ਵੀ ਲਿਆਉਣੇ ਚਾਹੀਦੇ ਹਨ।
13 ਸ਼ੁਕਰਾਨੇ ਦੇ ਸੁੱਖ-ਸਾਂਦ ਦੀ ਭੇਟ ਦੇ ਨਾਲ, ਉਸ ਵਿਅਕਤੀ ਨੂੰ ਪਤੀਰੀ ਰੋਟੀ ਦੇ ਕੇਕ ਲਿਆਉਣੇ ਚਾਹੀਦੇ ਹਨ।
14 ਯਹੋਵਾਹ ਨੂੰ ਦਿੱਤੀਆਂ ਇਨ੍ਹਾਂ ਸੁਗਾਤਾਂ ਵਿੱਚੋਂ, ਹਰ ਤਰ੍ਹਾਂ ਦਾ ਇੱਕ ਟੁਕੜਾ ਉਸ ਜਾਜਕ ਦਾ ਹੋਵੇਗਾ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਡੋਲ੍ਹਦਾ ਹੈ।
15 ਸੁੱਖ-ਸਾਂਦ ਦੀ ਭੇਟ ਦਾ ਮਾਸ ਜਿਹੜਾ ਸ਼ੁਕਰਾਨਾ ਜਾਹਰ ਕਰਨ ਲਈ ਦਿੱਤਾ ਗਿਆ ਹੋਵੇ, ਉਸੇ ਦਿਨ ਖਾ ਲਿਆ ਜਾਣਾ ਚਾਹੀਦਾ ਹੈ ਜਿਸ ਦਿਨ ਇਹ ਚੜਾਇਆ ਜਾਂਦਾ ਹੈ। ਮਾਸ ਦਾ ਕੋਈ ਵੀ ਹਿੱਸਾ ਅਗਲੀ ਸਵੇਰ ਲਈ ਨਹੀਂ ਬਚਣਾ ਚਾਹੀਦਾ।
16 “ਜੇਕਰ ਉਸਦੀ ਭੇਟ ਕਿਸੇ ਖਾਸ ਸਹੁੰ ਜਾਂ ਸ੍ਵੈਂ-ਇਛਿਤ ਚੜਾਵੇ ਕਾਰਣ ਹੈ, ਤਾਂ ਬਲੀ ਉਸੇ ਦਿਨ ਖਾਧੀ ਜਾਣੀ ਚਾਹੀਦੀ ਹੈ ਜਿਸ ਦਿਨ ਉਹ ਇਸਨੂੰ ਭੇਟ ਕਰਦਾ ਹੈ। ਜੇ ਇਸ ਵਿੱਚੋਂ ਕੁਝ ਬਚ ਜਾਵੇ ਤਾਂ ਇਸਨੂੰ ਅਗਲੇ ਦਿਨ ਖਾ ਲਿਆ ਜਾਵੇ।
17 ਪਰ ਜੇ ਇਸ ਬਲੀ ਦਾ ਮਾਸ ਤੀਸਰੇ ਦਿਨ ਵੀ ਬਚ ਜਾਵੇ ਤਾਂ ਇਸਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
18 ਜੇ ਕੋਈ ਬੰਦਾ ਆਪਣੀ ਸੁੱਖ-ਸਾਂਦ ਦੀ ਭੇਟ ਦਾ ਬਚਿਆ ਹੋਇਆ ਮਾਸ ਤੀਸਰੇ ਦਿਨ ਖਾਂਦਾ ਹੈ, ਉਸਦੀ ਬਲੀ ਮਂਜੂਰਸ਼ੁਦਾ ਨਹੀਂ ਸਮਝੀ ਜਾਵੇਗੀ। ਇਹ ਇੱਕ ਘਿਨਾਉਣੀ ਗੱਲ ਹੈ। ਉਹ ਆਪਣੇ ਕੀਤੇ ਲਈ ਜਿੰਮੇਵਾਰ ਹੋਵੇਗਾ।
19 “ਇਹ ਵੀ ਗੱਲ ਹੈ ਕਿ ਲੋਕਾਂ ਨੂੰ ਉਹ ਮਾਸ ਨਹੀਂ ਖਾਣਾ ਚਾਹੀਦਾ ਜਿਸਨੂੰ ਕੋਈ ਨਾਪਾਕ ਸ਼ੈਅ ਛੂਹ ਲੈਂਦੀ ਹੈ। ਉਨ੍ਹਾਂ ਨੂੰ ਇਸ ਮਾਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਪਾਕ ਹੈ ਉਹ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾ ਸਕਦਾ ਹੈ।
20 ਪਰ ਜੇ ਕੋਈ ਬੰਦਾ ਨਾਪਾਕ ਹੈ ਅਤੇ ਸੁੱਖ-ਸਾਂਦ ਦੀ ਭੇਟ ਦਾ ਉਹ ਮਾਸ ਖਾ ਲੈਂਦਾ ਹੈ ਜੋ ਯਹੋਵਾਹ ਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ।
21 “ਜੇਕਰ ਕੋਈ ਬੰਦਾ ਨਾਪਾਕ ਹੈ, ਕਿਉਂਕਿ ਉਸਨੇ ਕਿਸੇ ਮਨੁੱਖੀ ਨਾਪਾਕਤਾ ਜਾਂ ਜਾਨਵਰ ਦੀ ਨਾਪਾਕਤਾ ਜਾਂ ਕਿਸੇ ਘਿਰਣਾਯੋਗ ਪ੍ਰਾਣੀ ਦੀ ਨਾਪਾਕਤਾ ਨੂੰ ਛੂਹ ਲਿਆ, ਅਤੇ ਜੇਕਰ ਉਹ ਯਹੋਵਾਹ ਨੂੰ ਚੜਾਈ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾ ਲੈਂਦਾ ਹੈ, ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।”
22 ਯਹੋਵਾਹ ਨੇ ਮੂਸਾ ਨੂੰ ਆਖਿਆ,
23 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਹਾਨੂੰ ਗਾਵਾਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਨਹੀਂ ਖਾਣੀ ਚਾਹੀਦੀ।
24 ਤੁਸੀਂ ਕਿਸੇ ਅਜਿਹੇ ਜਾਨਵਰ ਦੀ ਚਰਬੀ ਵਰਤ ਸਕਦੇ ਹੋ ਜਿਹੜਾ ਆਪਣੇ-ਆਪ ਮਰ ਗਿਆ ਹੋਵੇ ਜਾਂ ਜਿਸਨੂੰ ਹੋਰਨਾਂ ਜਾਨਵਰਾਂ ਨੇ ਮਾਰ ਸੁਟਿਆ ਹੋਵੇ। ਪਰ ਤੁਹਾਨੂੰ ਇਸਨੂੰ ਕਦੇ ਵੀ ਖਾਣਾ ਨਹੀਂ ਚਾਹੀਦਾ।
25 ਜੇ ਕੋਈ ਬੰਦਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਭੇਟ ਦੇ ਜਾਨਵਰ ਦੀ ਚਰਬੀ ਖਾਂਦਾ ਹੈ, ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।
26 “ਤੁਸੀਂ ਜਿਥੇ ਕਿਤੇ ਵੀ ਰਹਿੰਦੇ ਹੋਵੋਂ, ਤੁਹਾਨੂੰ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ।
27 ਜੇ ਕੋਈ ਬੰਦਾ ਖੂਨ ਖਾਂਦਾ ਹੈ ਤਾਂ ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।”
28 ਯਹੋਵਾਹ ਨੇ ਮੂਸਾ ਨੂੰ ਆਖਿਆ,
29 “ਇਸਰਾਏਲ ਦੇ ਲੋਕਾਂ ਨੂੰ ਆਖ; ਜੇ ਕੋਈ ਬੰਦਾ ਯਹੋਵਾਹ ਲਈ ਸੁੱਖ-ਸਾਂਦ ਦੀ ਭੇਟ ਲੈਕੇ ਆਵੇ, ਤਾਂ ਉਹ ਬੰਦਾ ਉਸ ਸੁਗਾਤ ਦਾ ਇੱਕ ਹਿੱਸਾ ਯਹੋਵਾਹ ਨੂੰ ਦੇਵੇ।
30 ਸੁਗਾਤ ਦਾ ਉਹ ਹਿੱਸਾ ਅੱਗ ਵਿੱਚ ਸਾੜਿਆ ਜਾਵੇਗਾ। ਉਸਨੂੰ ਸੁਗਾਤ ਦਾ ਉਹ ਹਿੱਸਾ ਆਪਣੇ ਹੱਥਾਂ ਵਿੱਚ ਫ਼ੜ ਕੇ ਲਿਆਉਣਾ ਚਾਹੀਦਾ ਹੈ। ਉਸਨੂੰ ਜਾਨਵਰ ਦਾ ਸੀਨਾ ਅਤੇ ਚਰਬੀ ਜਾਜਕ ਕੋਲ ਲਿਆਉਣੀ ਚਾਹੀਦੀ ਹੈ। ਸੀਨੇ ਨੂੰ ਯਹੋਵਾਹ ਦੇ ਸਾਮ੍ਹਣੇ ਉੱਪਰ ਉਠਾਇਆ ਜਾਵੇਗਾ। ਇਹ ਹਿਲਾਉਣ ਦੀ ਭੇਟ ਹੋਵੇਗੀ।
31 ਫ਼ੇਰ ਜਾਜਕ ਨੂੰ ਚਰਬੀ ਜਗਵੇਦੀ ਉੱਤੇ ਸਾੜਨੀ ਚਾਹੀਦੀ ਹੈ। ਪਰ ਜਾਨਵਰ ਦਾ ਸੀਨਾ ਹਾਰੂਨ ਅਤੇ ਉਸਦੇ ਪੁੱਤਰਾਂ ਦਾ ਹੋਵਗਾ।
32 ਤੁਹਾਨੂੰ ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਵੀ ਜਾਜਕ ਨੂੰ ਦੇਣੀ ਚਾਹੀਦੀ ਹੈ।
33 ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਉਸ ਜਾਜਕ ਦੀ ਹੋਵੇਗੀ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਅਤੇ ਚਰਬੀ ਭੇਟ ਕਰਦਾ ਹੈ।
34 ਮੈਂ (ਯਹੋਵਾਹ) ਇਸਰਾਏਲ ਦੇ ਲੋਕਾਂ ਤੋਂ ਹਿਲਾਉਣ ਦੀ ਭੇਟ ਦਾ ਸੀਨਾ ਲੈ ਰਿਹਾ ਹਾਂ ਅਤੇ ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਲੈ ਰਿਹਾ ਹਾਂ। ਅਤੇ ਮੈਂ ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਰਿਹਾ ਹਾਂ। ਇਸਰਾਏਲ ਦੇ ਲੋਕਾਂ ਨੂੰ ਇਹ ਨੇਮ ਹਮੇਸ਼ਾ ਮੰਨਣਾ ਚਾਹੀਦਾ ਹੈ।”
35 ਇਹ ਯਹੋਵਾਹ ਨੂੰ ਅੱਗ ਦੁਆਰਾ ਦਿੱਤੀਆਂ ਗਈਆਂ ਭੇਟਾਂ ਦੇ ਉਹ ਅੰਗ ਹਨ ਜੋ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦਿੱਤੇ ਗਏ। ਜਦੋਂ ਵੀ ਹਾਰੂਨ ਅਤੇ ਉਸਦੇ ਪੁੱਤਰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਦੇ ਹਨ, ਉਹ ਬਲੀਆਂ ਦਾ ਹਿੱਸਾ ਪ੍ਰਾਪਤ ਕਰਦੇ ਹਨ।
36 ਉਸ ਸਮੇਂ ਜਦੋਂ ਯਹੋਵਾਹ ਨੇ ਜਾਜਕ ਦੀ ਚੋਣ ਕੀਤੀ ਉਸਨੇ ਇਸਰਾਏਲ ਦੇ ਲੋਕਾਂ ਨੂੰ ਉਹ ਅੰਗ ਜਾਜਕਾਂ ਨੂੰ ਦੇਣ ਦਾ ਹੁਕਮ ਕੀਤਾ ਸੀ। ਲੋਕਾਂ ਨੂੰ ਉਹ ਅੰਗ ਹਮੇਸ਼ਾ ਹੀ ਜਾਜਕਾਂ ਨੂੰ ਦੇਣੇ ਚਾਹੀਦੇ ਹਨ।
37 ਇਹ ਬਿਧੀਆਂ ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾ, ਦੋਸ਼ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾਂ ਅਤੇ ਜਾਜਕਾਂ ਨੂੰ ਦੀਖਿਆ ਚੜਾਵਿਆਂ ਬਾਰੇ ਹਨ।
38 ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਾਈ ਪਰਬਤ ਉੱਤੇ ਦਿੱਤੀਆਂ। ਯਹੋਵਾਹ ਨੇ ਇਹ ਬਿਧੀਆਂ ਉਸ ਦਿਨ ਦਿੱਤੀਆਂ ਜਦੋਂ ਉਸਨੇ ਇਸਰਾਏਲ ਦੇ ਲੋਕਾਂ ਨੂੰ ਸੀਨਾਈ ਮਾਰੂਥਲ ਵਿੱਚ ਆਪਣੀਆਂ ਭੇਟਾਂ ਯਹੋਵਾਹ ਲਈ ਲੈਣ ਦਾ ਹੁਕਮ ਦਿੱਤਾ ਸੀ।
ਕਾਂਡ 8

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਹਾਰੂਨ ਨੂੰ ਉਸਦੇ ਪੁੱਤਰਾਂ ਉਨ੍ਹਾਂ ਦੇ ਵਸਤਰਾਂ, ਮਸਹ ਵਾਲੇ ਤੇਲ, ਪਾਪ ਦੀ ਭੇਟ ਦੇ ਬਲਦ ਦੋ ਭੇਡੂਆਂ ਅਤੇ ਪਤੀਰੀ ਰੋਟੀ ਦੀ ਟੋਕਰੀ ਸਮੇਤ ਨਾਲ ਲੈ।
3 ਅਤੇ ਫ਼ੇਰ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਇਕਠਿਆਂ ਕਰ।
4 ਮੂਸਾ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਲੋਕ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਕੋਲ ਇਕੱਠੇ ਹੋ ਗਏ।
5 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਇਹ ਚੀਜ਼ ਹੈ ਜੋ ਯਹੋਵਾਹ ਨੇ ਹੁਕਮ ਦਿੱਤਾ ਹੈ ਕਿ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।”
6 ਫ਼ੇਰ ਮੂਸਾ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਲਿਆਇਆ। ਉਸਨੇ ਉਨ੍ਹਾਂ ਨੂੰ ਪਾਣੀ ਨਾਲ ਧੋਤਾ।
7 ਫ਼ੇਰ ਮੂਸਾ ਨੇ ਉਣੀ ਹੋਈ ਕਮੀਜ਼ ਹਾਰੂਨ ਨੂੰ ਪਹਿਨਾਈ ਅਤੇ ਉਸਦੇ ਲੱਕ ਦੁਆਲੇ ਪੇਟੀ ਬੰਨ੍ਹੀ। ਫ਼ੇਰ ਉਸਨੇ ਹਾਰੂਨ ਨੂੰ ਚੋਲਾ ਪਹਿਨਾਇਆ। ਇਸਤੋਂ ਮਗਰੋਂ, ਉਸਨੇ ਹਾਰੂਨ ਨੂੰ ਏਫ਼ੋਦ ਪਹਿਨਾਇਆ ਅਤੇ ਇਸ ਨੂੰ ਸੁੰਦਰ ਕਮਰਬੰਦ ਦੇ ਨਾਲ ਬੰਨ੍ਹ ਦਿੱਤਾ।
8 ਉਸਨੇ ਉਸਨੂੰ ਸੀਨੇ-ਬੰਦ ਪਹਿਨਾਇਆ ਅਤੇ ਸੀਨੇ-ਬੰਦ ਦੀ ਜੇਬ ਵਿੱਚ ਉਰੀਮ ਅਤੇ ਥੁੰਮੀਮ ਪਾਏ।
9 ਉਸਨੇ ਹਾਰੂਨ ਦੇ ਸਿਰ ਤੇ ਅਮਾਮਾ ਵੀ ਰੱਖਿਆ ਅਤੇ ਅਮਾਮੇ ਦੇ ਅਗਲੇ ਪਾਸੇ ਇੱਕ ਸੋਨੇ ਦੀ ਪੱਟੀ ਬੰਨ੍ਹੀ। ਇਹ ਪਵਿੱਤਰ ਤਾਜ ਹੈ। ਮੂਸਾ ਨੇ ਇਹ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਆਦੇਸ਼ ਦਿੱਤਾ ਸੀ।
10 ਫ਼ੇਰ ਮੂਸਾ ਨੇ ਮਸਹ ਕਰਨ ਵਲਾ ਤੇਲ ਲਿਆ ਅਤੇ ਇਸਨੂੰ ਪਵਿੱਤਰ ਤੰਬੂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਉੱਤੇ ਛਿੜਕਿਆ। ਇਸ ਤਰ੍ਹਾਂ ਮੂਸਾ ਨੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ।
11 ਉਸਨੇ ਮਸਹ ਵਾਲਾ ਕੁਝ ਤੇਲ ਜਗਵੇਦੀ ਉੱਤੇ ਅਤੇ ਇਸਦੇ ਸਾਰੇ ਸੰਦਾਂ ਅਤੇ ਪਲੇਟਾਂ ਉੱਤੇ ਸੱਤ ਵਾਰੀ ਛਿੜਕਿਆ। ਉਸਨੇ ਇਹ ਤੇਲ ਪਾਣੀ ਦੇ ਵੱਡੇ ਹੌਂਦ ਅਤੇ ਉਸਦੀ ਚੌਂਕੀ ਉੱਤੇ ਵੀ ਛਿੜਕਿਆ ਅਤੇ ਇਸ ਤਰ੍ਹਾਂ, ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ।
12 ਫ਼ੇਰ ਉਸਨੇ ਮਸਹ ਵਾਲਾ ਕੁਝ ਤੇਲ ਹਾਰੂਨ ਦੇ ਸਿਰ ਉੱਤੇ ਡੋਲ੍ਹਿਆ। ਇਸ ਤਰ੍ਹਾਂ ਉਸਨੇ ਹਾਰੂਨ ਨੂੰ ਮਸਹ ਕੀਤਾ ਅਤੇ ਉਸਨੂੰ ਪਵਿੱਤਰ ਬਣਾ ਦਿੱਤਾ।
13 ਫ਼ੇਰ ਉਹ ਹਾਰੂਨ ਦੇ ਪੁੱਤਰਾਂ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਉਣੀਆਂ ਹੋਈਆਂ ਕਮੀਜ਼ਾਂ ਪੁਆਈਆਂ। ਉਨ੍ਹਾਂ ਦੁਆਲੇ ਪੇਟੀਆਂ ਬਂਨ੍ਹੀਆਂ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਟੋਪੀਆਂ ਪਾਈਆਂ। ਮੂਸਾ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ।
14 ਫ਼ੇਰ ਮੂਸਾ ਨੇ ਪਾਪ ਦੀ ਭੇਟ ਦਾ ਬਲਦ ਲਿਆਂਦਾ। ਹਾਰੂਨ ਤੇ ਉਸਦੇ ਪੁੱਤਰਾਂ ਨੇ ਪਾਪ ਦੀ ਭੇਟ ਦੇ ਬਲਦ ਦੇ ਸਿਰ ਤੇ ਆਪਣੇ ਹੱਥ ਰੱਖੇ।
15 ਫ਼ੇਰ ਉਸਨੇ ਬਲਦ ਨੂੰ ਮਾਰਕੇ ਇਸਦਾ ਖੂਨ ਇਕਠਾ ਕਰ ਲਿਆ। ਉਸਨੇ ਆਪਣੀ ਉਂਗਲੀ ਦੀ ਵਰਤੋਂ ਕੀਤੀ ਅਤੇ ਕੁਝ ਖੂਨ ਜਗਵੇਦੀ ਦੇ ਸਾਰੇ ਕੋਨਿਆਂ ਤੇ ਲੇਪ ਦਿੱਤਾ। ਇਸ ਤਰ੍ਹਾਂ, ਉਸਨੇ ਜਗਵੇਦੀ ਨੂੰ ਸ਼ੁਧ ਕਰ ਦਿੱਤਾ। ਫ਼ੇਰ ਉਸਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ। ਇਸ ਤਰ੍ਹਾਂ, ਉਸਨੇ ਜਗਵੇਦੀ ਨੂੰ ਪਵਿੱਤਰ ਅਤੇ ਵਰਤੋਂ ਦੇ ਲਾਇਕ ਬਣਾ ਦਿੱਤਾ।
16 ਉਸਨੇ ਬਲਦ ਦੇ ਅੰਦਰਲੇ ਅੰਗਾਂ ਵਿੱਚੋਂ ਸਾਰੀ ਚਰਬੀ, ਕਲੇਜੀ ਦਾ ਚਰਬੀ ਵਾਲਾ ਹਿੱਸਾ ਦੋਹਾਂ ਗੁਰਦਿਆਂ ਸਮੇਤ ਅਤੇ ਉਸ ਉੱਪਰਲੀ ਚਰਬੀ ਲਈ। ਫ਼ੇਰ ਉਸਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ।
17 ਪਰ ਮੂਸਾ ਬਲਦ ਦੀ ਚਮੜੀ ਅਤੇ ਇਸ ਦਾ ਬਚਿਆ ਹੋਇਆ ਸ਼ਰੀਰ ਅਤੇ ਇਸਦੀ ਰਹਿੰਦ ਖੁੰਹਦ ਨੂੰ ਡੇਰੇ ਤੋਂ ਬਾਹਰ ਲੈ ਆਇਆ ਅਤੇ ਇਨ੍ਹਾਂ ਚੀਜ਼ਾਂ ਨੂੰ ਸਾੜ ਦਿੱਤਾ। ਉਸਨੇ ਇਹ ਗੱਲਾਂ ਉਵੇਂ ਹੀ ਕੀਤੀਆਂ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ।
18 ਫ਼ੇਰ ਮੂਸਾ ਹੋਮ ਦੀ ਭੇਟ ਦੇ ਭੇਡੂ ਨੂੰ ਲੈ ਆਇਆ। ਹਾਰੂਨ ਅਤੇ ਉਸਦੇ ਪੁੱਤਰਾਂ ਨੇ ਆਪਣੇ ਹੱਥ ਭੇਡੂ ਦੇ ਸਿਰ ਉੱਤੇ ਰੱਖੇ।
19 ਫ਼ੇਰ ਉਸਨੇ ਭੇਡੂ ਨੂੰ ਜਿਬਹ ਕੀਤਾ ਅਤੇ ਉਸਨੇ ਖੂਨ ਨੂੰ ਜਗਵੇਦੀ ਦੇ ਸਾਰੀ ਪਾਸੀਂ ਛਿੜਕ ਦਿੱਤਾ।
20 ਮੂਸਾ ਨੇ ਭੇਡੂ ਦੇ ਟੋਟੇ ਕੀਤੇ। ਮੂਸਾ ਨੇ ਅੰਦਰਲੇ ਹਿਸਿਆਂ ਅਤੇ ਲੱਤਾਂ ਨੂੰ ਪਾਣੀ ਨਾਲ ਸਾਫ਼ ਕੀਤਾ। ਫ਼ੇਰ ਮੂਸਾ ਨੇ ਪੂਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। ਮੂਸਾ ਨੇ ਸਿਰੀ, ਟੁਕੜਿਆਂ ਅਤੇ ਚਰਬੀ ਨੂੰ ਸਾੜਿਆ। ਇਹ ਅੱਗ ਨਾਲ ਭੇਟ ਕੀਤੀ ਹੋਮ ਦੀ ਭੇਟ ਸੀ। ਇਸਦੀ ਸੁਗੰਧ ਨੇ ਯਹੋਵਾਹ ਨੂੰ ਪ੍ਰਸੰਨ ਕੀਤਾ। ਮੂਸਾ ਨੇ ਇਹ ਗੱਲਾਂ ਉਵੇਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ।
21
22 ਫ਼ੇਰ ਮੂਸਾ ਦੂਸਰੇ ਭੇਡੂ ਨੂੰ ਲਿਆਇਆ। ਇਸ ਭੇਡੂ ਨੂੰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਜਾਜਕ ਬਨਾਉਣ ਵਾਸਤੇ ਮਸਹ ਕਰਨ ਲਈ ਵਰਤਿਆ ਗਿਆ। ਹਾਰੂਨ ਅਤੇ ਉਸਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।
23 ਫ਼ੇਰ ਉਸਨੇ ਭੇਡੂ ਨੂੰ ਮਾਰਕੇ ਇਸਦਾ ਕੁਝ ਖੂਨ ਹਾਰੂਨ ਦੇ ਸੱਜੇ ਕੰਨ ਦੀ ਪਿਪਲੀ ਉੱਤੇ, ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਇਆ।
24 ਫ਼ੇਰ ਉਹ ਹਾਰੂਨ ਦੇ ਪੁੱਤਰਾਂ ਨੂੰ ਲਿਆਇਆ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਕੰਨਾਂ ਦੀਆਂ ਪਿਪਲੀਆਂ ਉੱਤੇ, ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਲਾਇਆ। ਫ਼ੇਰ ਉਸਨੇ ਜਗਵੇਦੀ ਦੇ ਉੱਤੇ ਅਤੇ ਆਸੇ-ਪਾਸੇ ਖੂਨ ਡੋਲ੍ਹਿਆ।
25 ਮੂਸਾ ਨੇ ਚਰਬੀ ਲਈ, ਚਰਬੀ ਵਾਲੀ ਪੂਛ, ਅੰਦਰਲੇ ਅੰਗਾਂ ਦੀ ਸਾਰੀ ਚਰਬੀ, ਕਲੇਜੀ ਤੇ ਚੜੀ ਹੋਈ ਚਰਬੀ, ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ।
26 ਪਤੀਰੀ ਰੋਟੀ ਦੀ ਇੱਕ ਟੋਕਰੀ ਹਰ ਰੋਜ਼ ਯਹੋਵਾਹ ਅੱਗੇ ਰੱਖੀ ਜਾਂਦੀ ਹੈ। ਮੂਸਾ ਨੇ ਉਨ੍ਹਾਂ ਰੋਟੀਆਂ ਵਿੱਚੋਂ ਇੱਕ ਰੋਟੀ ਲਈ, ਅਤੇ ਇੱਕ ਰੋਟੀ ਤੇਲ ਨਾਲ ਚੋਪੜੀ ਹੋਈ, ਅਤੇ ਇੱਕ ਪਤੀਰੀ ਮਠੀ ਲਈ। ਮੂਸਾ ਨੇ ਰੋਟੀਆਂ ਦੇ ਉਹ ਟੁਕੜੇ ਭੇਡੂ ਦੇ ਸੱਜੇ ਪੱਟ ਅਤੇ ਚਰਬੀ ਉੱਤੇ ਰੱਖ ਦਿੱਤੇ।
27 ਫ਼ੇਰ ਮੂਸਾ ਨੇ ਉਹ ਸਾਰੀਆਂ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਉੱਤੇ ਧਰ ਦਿੱਤੀਆਂ। ਮੂਸਾ ਨੇ ਇਨ੍ਹਾਂ ਟੁਕੜਿਆਂ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀਆਂ ਭੇਟਾਂ ਵਜੋਂ ਹਿਲਾਇਆ।
28 ਫ਼ੇਰ ਉਸਨੇ ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚੋਂ ਵਾਪਸ ਲੈ ਲਈਆਂ ਅਤੇ ਇਨ੍ਹਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਨਾਲ ਸਾੜਿਆ। ਇਹ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਮਸਹ ਕਰਨ ਲਈ ਚੜਾਵਾ ਸੀ। ਇਹ ਅੱਗ ਦੁਆਰਾ ਦਿੱਤਾ ਗਿਆ ਚੜਾਵਾ ਸੀ ਅਤੇ ਇਸਦੀ ਸੁਗੰਧ ਨੇ ਯਹੋਵਾਹ ਨੂੰ ਪ੍ਰਸੰਨ ਕਰ ਦਿੱਤਾ।
29 ਮੂਸਾ ਨੇ ਸੀਨਾ ਲਿਆ ਅਤੇ ਇਸਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ। ਇਹ ਮੂਸਾ ਦਾ ਜਾਜਕਾਂ ਨੂੰ ਮਸਹ ਕਰਨ ਦੀ ਰਸਮ ਦਾ ਇੱਕ ਹਿੱਸਾ ਸੀ। ਇਹ ਉਸੇ ਤਰ੍ਹਾਂ ਸੀ ਜਿਵੇਂ ਮੂਸਾ ਨੂੰ ਯਹੋਵਾਹ ਨੇ ਹੁਕਮ ਕੀਤਾ ਸੀ।
30 ਮੂਸਾ ਨੇ ਕੁਝ ਕੁ ਮਸਹ ਕਰਨ ਵਾਲਾ ਤੇਲ ਲਿਆ ਅਤੇ ਜਗਵੇਦੀ ਉੱਪਰਲਾ ਕੁਝ ਖੂਨ ਲਿਆ। ਮੂਸਾ ਨੇ ਇਸ ਵਿੱਚੋਂ ਕੁਝ ਹਾਰੂਨ ਅਤੇ ਹਾਰੂਨ ਦੇ ਵਸਤਰਾਂ ਉੱਤੇ ਛਿੜਕਿਆ। ਮੂਸਾ ਨੇ ਇਸ ਵਿੱਚੋਂ ਕੁਝ ਹਾਰੂਨ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕਿਆ। ਜਿਹੜੇ ਹਾਰੂਨ ਦੇ ਨਾਲ ਸਨ। ਇਸ ਤਰ੍ਹਾਂ ਮੂਸਾ ਨੇ ਹਾਰੂਨ, ਉਸਦੇ ਵਸਤਰਾਂ, ਉਸਦੇ ਪੁੱਤਰਾਂ ਅਤੇ ਉਸਦੇ ਪੁੱਤਰਾਂ ਦੇ ਵਸਤਰਾਂ ਨੂੰ ਪਵਿੱਤਰ ਬਣਾ ਦਿੱਤਾ।
31 ਫ਼ੇਰ ਮੂਸਾ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਆਖਿਆ, “ਜਿਵੇਂ ਮੈਂ ਹੁਕਮ ਦਿੱਤਾ ਸੀ, ‘ਹਾਰੂਨ ਤੇ ਉਸਦੇ ਪੁੱਤਰਾਂ ਨੂੰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ।’ ਇਸ ਲਈ ਰੋਟੀਆਂ ਵਾਲੀ ਟੋਕਰੀ ਅਤੇ ਜਾਜਕ ਚੁਨਣ ਦੀ ਰਸਮ ਦਾ ਮਾਸ ਲੈ ਲਵੋ। ਉਸ ਮਾਸ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਕੋਲ ਉਬਾਲੋ ਅਤੇ ਮਾਸ ਤੇ ਰੋਟੀ ਨੂੰ ਉਸ ਥਾਂ ਉੱਤੇ ਖਾਉ।
32 ਜੇ ਮਾਸ ਜਾਂ ਰੋਟੀ ਵਿੱਚੋਂ ਕੁਝ ਬਚ ਜਾਵੇ ਤਾਂ ਇਸਨੂੰ ਸਾੜ ਦਿਉ।
33 ਜਾਜਕਾਂ ਨੂੰ ਚੁਨਣ ਦੀ ਰਸਮ ਸੱਤ ਦਿਨਾਂ ਤੱਕ ਚੱਲੇਗੀ। ਜਦੋਂ ਤੱਕ ਇਹ ਸਮਾਂ ਖਤਮ ਨਹੀਂ ਹੋ ਜਾਂਦਾ ਤੁਹਾਨੂੰ ਮੰਡਲੀ ਵਾਲੇ ਤੰਬੂ ਦਾ ਪ੍ਰਵੇਸ਼ ਦੁਆਰ ਨਹੀਂ ਛੱਡਣਾ ਚਾਹੀਦਾ।
34 ਜਿਹੜੀਆਂ ਗੱਲਾਂ ਅੱਜ ਹੋਈਆਂ ਹਨ ਯਹੋਵਾਹ ਨੇ ਤੁਹਾਡੇ ਲਈ ਪਰਾਸਚਿਤ ਕਰਨ ਲਈ ਉਨ੍ਹਾਂ ਨੂੰ ਕਰਨ ਦਾ ਆਦੇਸ਼ ਦਿੱਤਾ ਹੈ।
35 ਤੁਹਾਨੂੰ ਸੱਤਾਂ ਦਿਨਾਂ ਤੱਕ ਦਿਨ ਰਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਰਹਿਣਾ ਪਵੇਗਾ। ਜੇ ਤੁਸੀਂ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੋਂਗੇ ਤਾਂ ਤੁਸੀਂ ਮਰ ਜਾਉਂਗੇ। ਯਹੋਵਾਹ ਨੇ ਮੈਨੂੰ ਇਹ ਹੁਕਮ ਦਿੱਤੇ ਸਨ।”
36 ਇਸ ਲਈ ਹਾਰੂਨ ਅਤੇ ਉਸਦੇ ਪੁੱਤਰਾਂ ਨੇ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਕਾਂਡ 9

1 ਅਠਵੇਂ ਦਿਨ, ਮੂਸਾ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਸਦਿਆ। ਉਸਨੇ ਇਸਰਾਏਲ ਦੇ ਬਜ਼ੁਰਗਾਂ ਨੂੰ ਵੀ ਸਦਿਆ।
2 ਮ੍ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਬਲਦ ਅਤੇ ਇੱਕ ਭੇਡੂ ਲਵੋ। ਇਨ੍ਹਾਂ ਜਾਨਵਰਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਬਲਦ ਪਾਪ ਦੀ ਭੇਟ ਹੋਵੇਗਾ ਅਤੇ ਭੇਡੂ ਹੋਮ ਦੀ ਭੇਟ ਹੋਵੇਗਾ। ਇਹ ਜਾਨਵਰ ਯਹੋਵਾਹ ਨੂੰ ਭੇਟ ਕਰੋ।
3 ਇਸਰਾਏਲ ਦੇ ਲੋਕਾਂ ਨੂੰ ਆਖੋ, ‘ਪਾਪ ਦੀ ਭੇਟ ਲਈ ਇੱਕ ਬਕਰਾ ਲਵੋ ਅਤੇ ਹੋਮ ਦੀ ਭੇਟ ਲਈ ਇੱਕ ਵੱਛਾ ਅਤੇ ਲੇਲਾ ਲਵੋ। ਵੱਛਾ ਅਤੇ ਲੇਲਾ ਇੱਕ-ਇੱਕ ਸਾਲ ਦੇ ਹੋਣੇ ਚਾਹੀਦੇ ਹਨ। ਇਨ੍ਹਾਂ ਜਾਨਵਰਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ।
4 ਸੁੱਖ-ਸਾਂਦ ਦੀ ਭੇਟ ਲਈ ਇੱਕ ਬਲਦ ਤੇ ਭੇਡੂ ਲਵੋ। ਉਨ੍ਹਾਂ ਜਾਨਵਰਾਂ ਨੂੰ ਅਤੇ ਤੇਲ ਨਾਲ ਗੁਨ੍ਹੇ ਹੋਏ ਅਨਾਜ਼ ਦੀ ਭੇਟ ਨੂੰ ਲਵੋ ਅਤੇ ਇਹ ਚੀਜ਼ਾਂ ਯਹੋਵਾਹ ਨੂੰ ਭੇਟ ਕਰੋ। ਕਿਉਂ? ਕਿਉਂਕਿ ਅੱਜ ਯਹੋਵਾਹ ਤੁਹਾਡੇ ਸਾਮ੍ਹਣੇ ਆਵੇਗਾ।’”
5 ਇਸ ਲਈ ਸਾਰੇ ਲੋਕ ਮੰਡਲੀ ਵਾਲੇ ਤੰਬੂ ਕੋਲ ਆ ਗਏ। ਉਨ੍ਹਾਂ ਸਾਰਿਆਂ ਨੇ ਉਹ ਚੀਜ਼ਾਂ ਲਿਆਂਦੀਆਂ ਜਿਨ੍ਹਾਂ ਦਾ ਮੂਸਾ ਨੇ ਆਦੇਸ਼ ਦਿੱਤਾ ਸੀ। ਸਾਰੇ ਲੋਕ ਯਹੋਵਾਹ ਦੇ ਸਾਮ੍ਹਣੇ ਖੜੇ ਹੋ ਗਏ।
6 ਮੂਸਾ ਨੇ ਆਖਿਆ, “ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ। ਤਾਂ ਯਹੋਵਾਹ ਦਾ ਪਰਤਾਪ ਤੁਹਾਨੂੰ ਦਿਖਾਈ ਦੇਵੇਗਾ।”
7 ਤਾਂ ਮੂਸਾ ਨੇ ਹਾਰੂਨ ਨੂੰ ਇਹ ਗੱਲਾਂ ਆਖੀਆਂ; “ਜਾ, ਉਹ ਗੱਲਾਂ ਕਰ ਜਿਨ੍ਹਾਂ ਦਾ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਜਗਵੇਦੀ ਕੋਲ ਜਾ ਅਤੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਟ ਚੜਾ। ਆਪਣੇ ਅਤੇ ਆਪਣੇ ਲੋਕਾਂ ਦੇ ਪਾਪਾਂ ਲਈ ਪਰਾਸਚਿਤ ਕਰ। ਲੋਕਾਂ ਦੀਆਂ ਬਲੀਆਂ ਲੈ ਅਤੇ ਉਨ੍ਹਾਂ ਲਈ ਪਰਾਸਚਿਤ ਕਰ।
8 ਇਸ ਲਈ ਹਾਰੂਨ ਜਗਵੇਦੀ ਕੋਲ ਗਿਆ। ਉਸਨੇ ਬਲਦ ਨੂੰ ਪਾਪ ਦੀ ਭੇਟ ਵਜੋਂ ਜ਼ਿਬਹ ਕੀਤਾ। ਇਹ ਪਾਪ ਦੀ ਭੇਟ ਉਸਦੇ ਆਪਣੇ ਲਈ ਸੀ।
9 ਫ਼ੇਰ ਹਾਰੂਨ ਦੇ ਪੁੱਤਰ ਨੇ ਖੂਨ ਹਾਰੂਨ ਕੋਲ ਲਿਆਂਦਾ। ਹਾਰੂਨ ਨੇ ਖੂਨ ਵਿੱਚ ਆਪਣੀ ਉਂਗਲੀ ਡੁਬੋਈ ਅਤੇ ਇਸਨੂੰ ਜਗਵੇਦੀ ਦੇ ਕਿਨਾਰਿਆਂ ਉੱਤੇ ਲਾਇਆ। ਫ਼ੇਰ ਹਾਰੂਨ ਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ।
10 ਉਸਨੇ ਪਾਪ ਦੀ ਭੇਟ ਤੋਂ ਚਰਬੀ, ਗੁਰਦੇ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲੈਕੇ ਇਨ੍ਹਾਂ ਨੂੰ ਜਗਵੇਦੀ ਉੱਤੇ ਉਸੇ ਤਰ੍ਹਾਂ ਸਾੜ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
11 ਫ਼ੇਰ ਹਾਰੂਨ ਨੇ ਮਾਸ ਅਤੇ ਚਮੜੀ ਨੂੰ ਡੇਰੇ ਤੋਂ ਬਾਹਰ ਅੱਗ ਉੱਤੇ ਸਾੜ ਦਿੱਤਾ।
12 ਇਸਤੋਂ ਮਗਰੋਂ, ਉਸਨੇ ਹੋਮ ਦੀ ਭੇਟ ਲਈ ਜਾਨਵਰਾਂ ਨੂੰ ਮਾਰਿਆ। ਹਾਰੂਨ ਦੇ ਪੁੱਤਰ ਹਾਰੂਨ ਕੋਲ ਖੂਨ ਲਿਆਏ ਅਤੇ ਉਸਨੇ ਖੂਨ ਨੂੰ ਜਗਵੇਦੀ ਉੱਤੇ ਅਤੇ ਉਸਦੇ ਆਲੇ-ਦੁਆਲੇ ਡੋਲ੍ਹ ਦਿੱਤਾ।
13 ਹਾਰੂਨ ਦੇ ਪੁੱਤਰਾਂ ਨੇ ਹੋਮ ਦੀ ਭੇਟ ਦੀ ਸਿਰੀ ਅਤੇ ਟੁਕੜੇ ਹਾਰੂਨ ਨੂੰ ਦੇ ਦਿੱਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ।
14 ਹਾਰੂਨ ਨੇ ਹੋਮ ਦੀ ਭੇਟ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ। ਅਤੇ ਉਸਨੇ ਇਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ।
15 ਫ਼ੇਰ ਹਾਰੂਨ ਨੇ ਲੋਕਾਂ ਨੂੰ ਚੜਾਵਾ ਲਿਆਂਦਾ। ਉਸਨੇ ਪਾਪ ਦੀ ਭੇਟ ਦਾ ਬਕਰਾ ਮਾਰਿਆ ਜਿਹੜਾ ਲੋਕਾਂ ਲਈ ਸੀ। ਉਸਨੇ ਪਹਿਲਾਂ ਵਾਂਗ ਪਾਪ ਲਈ ਬਕਰਾ ਭੇਟ ਕੀਤਾ।
16 ਉਸਨੇ ਹੋਮ ਦੀ ਭੇਟ ਲਿਆਂਦੀ ਅਤੇ ਇਸਨੂੰ ਉਸੇ ਤਰ੍ਹਾਂ ਭੇਟ ਕੀਤਾ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ।
17 ਉਸਨੇ ਅਨਾਜ਼ ਦੀ ਭੇਟ ਜਗਵੇਦੀ ਤੇ ਲਿਆਂਦੀ। ਉਸਨੇ ਅਨਾਜ਼ ਦੀ ਇੱਕ ਮੁਠ ਭਰੀ ਅਤੇ ਇਸਨੂੰ ਜਗਵੇਦੀ ਉੱਤੇ ਸਵੇਰ ਵੇਲੇ ਦੀ ਰੋਜ਼ਾਨਾ ਹੋਮ ਦੀ ਭੇਟ ਨਾਲ ਸਾੜ ਦਿੱਤਾ।
18 ਹਾਰੂਨ ਨੇ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਇੱਕ ਬਲਦ ਅਤੇ ਇੱਕ ਭੇਡੂ ਵੀ ਮਾਰਿਆ। ਉਸਦੇ ਪੁੱਤਰ ਉਸ ਕੋਲ ਖੂਨ ਲਿਆਏ ਅਤੇ ਉਸ ਨੇ ਖੂਨ ਨੂੰ ਜਗਵੇਦੀ ਉੱਤੇ ਅਤੇ ਉਸਦੇ ਆਲੇ-ਦੁਆਲੇ ਡੋਲ੍ਹ ਦਿੱਤਾ।
19 ਹਾਰੂਨ ਦੇ ਪੁੱਤਰ, ਉਸ ਕੋਲ ਬਲਦ ਅਤੇ ਭੇਡੂ ਦੀ ਚਰਬੀ ਵੀ ਲਿਆਏ। ਉਹ ਮੋਟੀ ਪੂਛ, ਅੰਦਰਲੇ ਅੰਗਾਂ ਤੇ ਚੜੀ ਹੋਈ ਚਰਬੀ, ਗੁਰਦੇ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲਿਆਏ।
20 ਉਸਦੇ ਪੁੱਤਰਾਂ ਨੇ ਚਰਬੀ ਵਾਲੇ ਇਨ੍ਹਾਂ ਹਿੱਸਿਆਂ ਨੂੰ ਬਲਦ ਅਤੇ ਭੇਡੂ ਦੇ ਸੀਨਿਆਂ ਉੱਤੇ ਪਾ ਦਿੱਤਾ ਅਤੇ ਉਸਨੇ ਚਰਬੀ ਵਾਲੇ ਹਿਸਿਆਂ ਨੂੰ ਜਗਵੇਦੀ ਉੱਤੇ ਸਾੜਿਆ।
21 ਉਸਨੇ ਸੀਨਿਆਂ ਅਤੇ ਸੱਜੇ ਪੱਟਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਮੂਸਾ ਦੇ ਆਦੇਸ਼ ਅਨੁਸਾਰ ਹਿਲਾਇਆ।
22 ਫ਼ੇਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਉਠਾਏ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। ਜਦੋਂ ਹਾਰੂਨ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜਾ ਹਟਿਆ ਤਾਂ ਉਹ ਜਗਵੇਦੀ ਤੋਂ ਹੇਠਾਂ ਉਤਰ ਆਇਆ।
23 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਗਏ। ਉਹ ਬਾਹਰ ਨਿਕਲੇ ਅਤੇ ਲੋਕਾਂ ਨੂੰ ਅਸੀਸ ਦਿੱਤੀ। ਫ਼ੇਰ ਯਹੋਵਾਹ ਦਾ ਪਰਤਾਪ ਸਾਰੇ ਲੋਕਾਂ ਸਾਮ੍ਹਣੇ ਪ੍ਰਗਟ ਹੋਇਆ।
24 ਯਹੋਵਾਹ ਵੱਲੋਂ ਅੱਗ ਬਾਹਰ ਆਈ ਅਤੇ ਜਗਵੇਦੀ ਉੱਪਰ ਹੋਮ ਦੀ ਭੇਟ ਅਤੇ ਚਰਬੀ ਨੂੰ ਸਾੜ ਦਿੱਤਾ। ਜਦੋਂ ਸਮੂਹ ਲੋਕਾਂ ਨੇ ਇਹ ਦੇਖਿਆ, ਉਨ੍ਹਾਂ ਨੇ ਨਾਅਰੇ ਲਾਏ ਅਤੇ ਧਰਤੀ ਉੱਤੇ ਝੁਕਕੇ ਮਥਾ ਟੇਕਿਆ।
ਕਾਂਡ 10

1 ਫ਼ੇਰ ਹਾਰੂਨ ਦੇ ਪੁੱਤਰਾਂ, ਨਾਦਾਬ ਅਤੇ ਅਬੀਹੂ ਨੇ ਪਾਪ ਕੀਤਾ। ਹਰੇਕ ਪੁੱਤਰ ਨੇ ਆਪੋ-ਆਪਣਾ ਧੂਪਦਾਨ ਲਿਆ, ਅਤੇ ਇਨ੍ਹਾਂ ਵਿੱਚ ਅੱਗ ਪਾਕੇ ਇਸ ਵਿੱਚ ਧੂਪ ਪਾਈ। ਉਨ੍ਹਾਂ ਨੇ ਯਹੋਵਾਹ ਅੱਗੇ ਅਜੀਬ ਤਰ੍ਹਾਂ ਦੀ ਅੱਗ ਭੇਟ ਕੀਤੀ। ਉਨ੍ਹਾਂ ਨੇ ਉਸ ਅੱਗ ਦੀ ਵਰਤੋਂ ਨਹੀਂ ਕੀਤੀ ਜਿਸਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਯਹੋਵਾਹ ਨੇ ਕਿਹਾ ਸੀ।
2 ਇਸ ਲਈ ਯਹੋਵਾਹ ਵੱਲੋਂ ਅੱਗ ਆਈ ਅਤੇ ਨਾਦਾਬ ਅਤੇ ਅਬੀਹੂ ਨੂੰ ਭਸਮ ਕਰ ਦਿੱਤਾ। ਉਹ ਯਹੋਵਾਹ ਦੇ ਸਾਮ੍ਹਣੇ ਮਰ ਗਏ।
3 ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਜਿਹੜੇ ਜਾਜਕ ਮੇਰੇ ਨੇੜੇ ਆਉਣ ਉਨ੍ਹਾਂ ਨੂੰ ਮੇਰੇ ਪਵਿੱਤਰ ਹੋਣ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਸਾਰੇ ਲੋਕਾਂ ਦੇ ਸਾਮ੍ਹਣੇ ਸਤਿਕਾਰਿਆ ਜਾਣਾ ਚਾਹੀਦਾ ਹੈ।’” ਹਾਰੂਨ ਚੁੱਪ-ਚਾਪ ਸੀ।
4 ਹਾਰੂਨ ਦੇ ਚਾਚੇ ਉਜਿਏਲ ਦੇ ਦੋ ਪੁੱਤਰ ਸਨ। ਉਹ ਸਨ ਮੀਸ਼ਾਏਲ ਤੇ ਇਲਜਫ਼ਾਨ। ਮੂਸਾ ਨੇ ਉਨ੍ਹਾਂ ਪੁੱਤਰਾਂ ਨੂੰ ਆਖਿਆ ਪਵਿੱਤਰ ਸਥਾਨ ਦੇ ਅਗਲੇ ਹਿੱਸੇ ਵੱਲ ਜਾਓ। ਆਪਣੇ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਚੁੱਕੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਲੈ ਜਾਓ।”
5 ਇਸ ਤਰ੍ਹਾਂ, ਮੀਸ਼ਾਏਲ ਤੇ ਇਲਜਫ਼ਾਨ ਨੇ ਮੂਸਾ ਦਾ ਆਦੇਸ਼ ਮੰਨਿਆ। ਉਹ ਨਾਦਾਬ ਅਤੇ ਅਬੀਹੂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੀਆਂ ਬੁਣੀਆਂ ਹੋਈਆਂ ਕਮੀਜ਼ਾਂ ਤੋਂ ਚੁੱਕੇ ਡੇਰੇ ਤੋਂ ਬਾਹਰ ਲੈ ਗਏ।
6 ਤਾਂ ਮੂਸਾ ਨੇ ਹਾਰੂਨ ਅਤੇ ਉਸਦੇ ਦੋ ਦੂਸਰੇ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਦਰਸਾਉਣੀ। ਆਪਣੇ ਵਸਤਰ ਨਹੀਂ ਪਾੜਨੇ ਜਾਂ ਆਪਣੇ ਵਾਲ ਨਹੀਂ ਫ਼ਰੋਲਣੇ। ਆਪਣੀ ਉਦਾਸੀ ਨਾ ਦਰਸਾਉਣੀ ਫ਼ੇਰ ਤੁਸੀਂ ਨਹੀਂ ਮਾਰੇ ਜਾਉਂਗੇ। ਯਹੋਵਾਹ ਸਾਰੇ ਲੋਕਾਂ ਤੇ ਕਰੋਧਵਾਨ ਨਹੀਂ ਹੋਵੇਗਾ। ਇਸਰਾਏਲ ਦੇ ਸਾਰੇ ਲੋਕ ਤੁਹਾਡੇ ਰਿਸ਼ਤੇਦਾਰ ਹਨ - ਉਹ ਯਹੋਵਾਹ ਵੱਲੋਂ ਨਾਦਾਬ ਅਤੇ ਅਬੀਹੂ ਨੂੰ ਸਾੜੇ ਜਾਣ ਤੇ ਰੋ ਸਕਦੇ ਹਨ।
7 ਪਰ ਤੁਹਾਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਛੱਡਕੇ ਵੀ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਚਲੇ ਚਾਉਂਗੇ, ਤਾਂ ਤੁਸੀਂ ਮਾਰੇ ਜਾਉਂਗੇ। ਕਿਉਂ? ਕਿਉਂਕਿ ਯਹੋਵਾਹ ਦਾ ਮਸਹ ਵਾਲਾ ਤੇਲ ਤੁਹਾਨੂੰ ਲਗਿਆ ਹੋਇਆ ਹੈ।” ਇਸ ਲਈ ਹਾਰੂਨ, ਅਲਆਜ਼ਾਰ ਅਤੇ ਈਥਮਾਰ ਨੇ ਮੂਸਾ ਦਾ ਹੁਕਮ ਮੰਨਿਆ।
8 ਤਾਂ ਯਹੋਵਾਹ ਨੇ ਹਾਰੂਨ ਨੂੰ ਆਖਿਆ,
9 “ਜਦੋਂ ਤੁਸੀਂ ਮੰਡਲੀ ਵਾਲੇ ਤੰਬੂ ਵਿੱਚ ਆਉ, ਤੁਹਾਨੂੰ ਮੈਅ ਜਾਂ ਬੀਅਰ ਨਹੀਂ ਪੀਣੀ ਚਾਹੀਦੀ। ਜੇ ਤੁਸੀਂ ਇਹ ਚੀਜ਼ਾਂ ਪੀਉਂਗੇ, ਤੁਸੀਂ ਮਾਰੇ ਜਾਉਂਗੇ। ਇਹ ਕਾਨੂਨ ਤੁਹਾਡੀਆਂ ਪੀੜੀਆਂ ਤੀਕ ਹਮੇਸ਼ਾ ਲਈ ਜਾਰੀ ਰਹੇਗਾ।
10 ਤੁਹਾਨੂੰ ਉਨ੍ਹਾਂ ਈਜ਼ਾਂ ਵਿੱਚ, ਜਿਹੜੀਆਂ ਪਵਿੱਤਰ ਹਨ ਅਤੇ ਉਨ੍ਹਾਂ ਵਿੱਚ ਜਿਹੜੀਆਂ ਸਾਧਾਰਣ ਹਨ, ਅਤੇ ਉਨ੍ਹਾਂ ਵਿੱਚ ਜਿਹੜੀਆਂ ਪਾਕ ਅਤੇ ਨਾਪਾਕ ਚੀਜ਼ਾਂ ਹਨ, ਸਾਫ਼ ਫ਼ਰਕ ਕਰਨਾ ਚਾਹੀਦਾ ਹੈ।
11 ਯਹੋਵਾਹ ਨੇ ਆਪਣੇ ਨੇਮ ਮੂਸਾ ਨੂੰ ਦਿੱਤੇ, ਅਤੇ ਮੂਸਾ ਨੇ ਇਹ ਨੇਮ ਲੋਕਾਂ ਨੂੰ ਦਿੱਤੇ। ਹਾਰੂਨ, ਤੈਨੂੰ ਲੋਕਾਂ ਨੂੰ ਇਨ੍ਹਾਂ ਸਾਰੇ ਨੇਮਾਂ ਬਾਰੇ ਸਿਖਿਆ ਦੇਣੀ ਚਾਹੀਦੀ ਹੈ।”
12 ਹਾਰੂਨ ਦੇ ਦੋ ਹੋਰ ਪੁੱਤਰ ਸਨ, ਅਲਆਜ਼ਾਰ ਅਤੇ ਈਥਮਾਰ ਜਿਹੜੇ ਹਾਲੇ ਜਿਉਂਦੇ ਸਨ। ਮੂਸਾ ਨੇ ਹਾਰੂਨ ਅਤੇ ਉਸਦੇ ਦੋਹਾਂ ਪੁੱਤਰਾਂ ਨੂੰ ਆਖਿਆ, “ਅੱਗ ਵਿੱਚ ਸਾੜੀਆਂ ਗਈਆਂ ਬਲੀਆਂ ਵਿੱਚੋਂ ਕੁਝ ਅਨਾਜ਼ ਦੀ ਭੇਟ ਬਚ ਗਈ ਹੈ। ਤੁਹਾਨੂੰ ਅਨਾਜ਼ ਦੀ ਭੇਟ ਦਾ ਇਹ ਹਿੱਸਾ ਜਗਵੇਦੀ ਦੇ ਨੇੜੇ ਖਾਣਾ ਚਾਹੀਦਾ ਹੈ ਜਿਸ ਵਿੱਚ ਖਮੀਰ ਨਾ ਹੋਵੇ। ਕਿਉਂਕਿ ਉਹ ਭੇਟ ਅੱਤ ਪਵਿੱਤਰ ਹੈ।
13 ਅੱਗ ਦੁਆਰਾ ਦਿੱਤੀ ਭੇਟ ਦਾ ਇਹ ਹਿੱਸਾ ਤੇਰੇ ਅਤੇ ਤੇਰੇ ਪੁੱਤਰਾਂ ਦਾ ਹੈ। ਇਹੀ ਹੈ ਜਿਸਦਾ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ। ਪਰ ਤੁਹਾਨੂੰ ਇਹ ਕਿਸੇ ਪਵਿੱਤਰ ਸਥਾਨ ਵਿੱਚ ਖਾਣਾ ਚਾਹੀਦਾ ਹੈ।
14 “ਇਸਤੋਂ ਇਲਾਵਾ, ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਹਿਲਾਉਣ ਦੀਆਂ ਭੇਟਾਂ ਵਿੱਚੋਂ ਸੀਨਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਪੱਟ ਖਾ ਸਕਦੀਆਂ ਹਨ। ਪਰ ਤੁਹਾਨੂੰ ਇਸਨੂੰ ਕਿਸੇ ਸਾਫ਼ ਸਥਾਨ ਤੇ ਖਾਣਾ ਪਵੇਗਾ। ਕਿਉਂਕਿ ਲੋਕਾਂ ਦੇ ਸੁੱਖ-ਸਾਂਦ ਦੀਆਂ ਭੇਟ ਦਾ ਇਹ ਹਿੱਸਾ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਦਿੱਤਾ ਗਿਆ ਹੈ।
15 ਲੋਕਾਂ ਨੂੰ, ਸਾੜੇ ਜਾਣ ਵਾਲੀ ਚਰਬੀ ਸਮੇਤ, ਸੁੱਖ-ਸਾਂਦ ਦੀ ਭੇਟ ਦਾ ਪੱਟ ਅਤੇ ਹਿਲਾਉਣ ਦੀ ਭੇਟ ਦਾ ਸੀਨਾ ਲਿਆਉਣਾ ਚਾਹੀਦਾ ਹੈ। ਇਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਹਿਲਾਇਆ ਜਾਵੇਗਾ, ਅਤੇ ਬਲੀਆਂ ਦਾ ਇਹ ਹਿੱਸਾ ਹਮੇਸ਼ਾ ਤੇਰਾ ਅਤੇ ਤੇਰੇ ਬੱਚਿਆਂ ਦਾ ਹੋਵੇਗਾ, ਜਿਹਾ ਕਿ ਯਹੋਵਾਹ ਨੇ ਆਖਿਆ ਹੈ।”
16 ਮੂਸਾ ਨੇ ਪਾਪ ਦੀ ਭੇਟ ਦੇ ਬੱਕਰੇ ਵੱਲ ਦੇਖਿਆ, ਪਰ ਇਹ ਪਹਿਲਾਂ ਹੀ ਸੜ ਚੁੱਕੀ ਸੀ। ਉਹ ਹਾਰੂਨ ਦੇ ਦੂਸਰੇ ਪੁੱਤਰ, ਅਲਆਜ਼ਾਰ ਅਤੇ ਈਥਾਮਾਰ ਨਾਲ ਬਹੁਤ ਨਾਰਾਜ਼ ਹੋ ਗਿਆ। ਅਤੇ ਆਖਿਆ,
17 “ਤੁਹਾਨੂੰ ਇਸ ਬੱਕਰੇ ਨੂੰ ਪਵਿੱਤਰ ਖੇਤਰ ਵਿੱਚ ਖਾਣਾ ਚਾਹੀਦਾ ਸੀ। ਇਹ ਅੱਤ ਪਵਿੱਤਰ ਹੈ। ਤੁਸੀਂ ਇਸਨੂੰ ਯਹੋਵਾਹ ਦੇ ਸਾਮ੍ਹਣੇ ਕਿਉਂ ਨਹੀਂ ਖਾਧਾ? ਯਹੋਵਾਹ ਨੇ ਇਹ ਤੁਹਾਨੂੰ ਲੋਕਾਂ ਦੇ ਪਾਪ ਲੈਣ ਲਈ, ਯਹੋਵਾਹ ਦੇ ਅੱਗੇ ਉਨ੍ਹਾਂ ਲਈ ਪਰਾਸਚਿਤ ਕਰਨ ਲਈ, ਦਿੱਤਾ ਸੀ।
18 ਬੱਕਰੀ ਦਾ ਖੂਨ ਪਵਿੱਤਰ ਸਥਾਨ ਦੇ ਅੰਦਰ ਨਹੀਂ ਲਿਆਂਦਾ ਗਿਆ। ਇਸ ਲਈ ਤੁਹਾਨੂੰ ਇਸ ਮਾਸ ਨੂੰ ਪਵਿੱਤਰ ਸਥਾਨ ਵਿੱਚ ਖਾਣਾ ਚਾਹੀਦਾ ਸੀ, ਜਿਵੇਂ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ।”
19 ਪਰ ਹਾਰੂਨ ਨੇ ਮੂਸਾ ਨੂੰ ਆਖਿਆ, “ਦੇਖੋ, ਅੱਜ ਉਹ ਆਪਣੀ ਪਾਪ ਦੀ ਭੇਟ ਨੂੰ ਅਤੇ ਹੋਮ ਦੀ ਭੇਟ ਨੂੰ ਯਹੋਵਾਹ ਦੇ ਸਾਮ੍ਹਣੇ ਲੈਕੇ ਆਏ। ਪਰ ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਅੱਜ ਕੀ ਵਾਪਰਿਆ ਹੈ। ਕੀ ਤੁਹਾਡਾ ਖਿਆਲ ਹੈ ਕਿ ਯਹੋਵਾਹ ਪ੍ਰਸੰਨ ਹੋਵੇਗਾ। ਜੇ ਮੈਂ ਅੱਜ ਪਾਪ ਦੀ ਭੇਟ ਖਾ ਲਈ? ਨਹੀਂ।”
20 “ਜਦੋਂ ਮੂਸਾ ਨੇ ਇਹ ਗੱਲ ਸੁਣੀ ਤਾਂ ਉਹ ਮੰਨ ਗਿਆ।
ਕਾਂਡ 11

1 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖੋ; ਇਹ ਉਹ ਜਾਨਵਰ ਹਨ ਜਿਨ੍ਹਾਂ ਨੂੰ ਤੁਸੀਂ ਖਾ ਸਕਦੇ ਹੋ;
3 ਜੇ ਕਿਸੇ ਜਾਨਵਰ ਦੇ ਖੁਰ ਦੋ ਹਿਸਿਆਂ ਵਿੱਚ ਪਾਟੇ ਹੋਏ ਹਨ ਅਤੇ ਜੇ ਉਹ ਜਾਨਵਰ ਜੁਗਾਲੀ ਵੀ ਕਰਦਾ ਹੈ ਤਾਂ ਤੁਸੀਂ ਉਸ ਜਾਨਵਰ ਦਾ ਮਾਸ ਖਾ ਸਕਦੇ ਹੋ।
4 “ਕੁਝ ਜਾਨਵਰ ਜੁਗਾਲੀ ਕਰਦੇ ਹਨ, ਪਰ ਉਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ। ਉਨ੍ਹਾਂ ਨੂੰ ਨਾ ਖਾਉ। ਊਠ, ਪਹਾੜੀ ਬਿਜੂ ਅਤੇ ਖਰਗੋਸ਼ ਇਸੇ ਤਰ੍ਹਾਂ ਦੇ ਹਨ, ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ।
5
6
7 ਸੂਰਾਂ ਦੇ ਖੁਰ ਹੁੰਦੇ ਹਨ ਜੋ ਦੋ ਹਿਸਿਆਂ ਵਿੱਚ ਵੰਡੇ ਹੋਏ ਹੁੰਦੇ ਹਨ, ਪਰ ਉਹ ਜੁਗਾਲੀ ਨਹੀਂ ਕਰਦੇ ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ।
8 ਉਨ੍ਹਾਂ ਜਾਨਵਰਾਂ ਦਾ ਮਾਸ ਨਾ ਖਾਉ। ਉਨ੍ਹਾਂ ਦੇ ਮੁਰਦਾ ਸ਼ਰੀਰਾਂ ਨੂੰ ਛੂਹੋ ਵੀ ਨਾ। ਉਹ ਤੁਹਾਡੇ ਲਈ ਨਾਪਾਕ ਹਨ।
9 “ਜੇ ਕੋਈ ਜਾਨਵਰ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਅਤੇ ਜੇ ਉਹ ਜਾਨਵਰ ਦੇ ਖੰਭ ਅਤੇ ਛਿਲਕੇ ਹੋਣ, ਤਾਂ ਤੁਸੀਂ ਉਸ ਜਾਨਵਰ ਨੂੰ ਖਾ ਸਕਦੇ ਹੋ।
10 ਪਰ ਜੇ ਕੋਈ ਵੀ ਜਾਨਵਰ ਜਾਂ ਕੋਈ ਹੋਰ ਜਿਉਂਦਾ ਪ੍ਰਾਣੀ ਜੋ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਜਿਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਤੁਹਾਨੂੰ ਉਨ੍ਹਾਂ ਜਾਨਵਰਾਂ ਨੂੰ ਨਹੀਂ ਖਾਣਾ ਚਾਹੀਦਾ। ਇਨ੍ਹਾਂ ਜਾਨਵਰਾਂ ਦੇ ਮੁਰਦਾ ਸ਼ਰੀਰਾਂ ਨੂੰ ਵੀ ਨਾ ਛੂਹੋ। ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ।
11
12 ਤੁਹਾਨੂੰ ਚਾਹੀਦਾ ਹੈ ਕਿ ਪਾਣੀ ਦੇ ਕਿਸੇ ਵੀ ਉਸ ਜਾਨਵਰ ਨੂੰ ਜਿਸਦੇ ਖੰਭ ਤੇ ਛਿਲਕੇ ਨਾ ਹੋਣ, ਅਜਿਹਾ ਜਾਨਵਰ ਸਮਝੋਂ ਜਿਨ੍ਹਾਂ ਨੂੰ ਖਾਣਾ, ਪਰਮੇਸ਼ੁਰ ਬੁਰਾ ਆਖਦਾ ਹੈ।
13 “ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਪੰਛੀਆਂ ਨੂੰ ਪਰਮੇਸ਼ੁਰ ਦੇ ਆਖੇ ਅਨੁਸਾਰ ਖਾਣ ਲਈ ਬੁਰਾ ਜਾਨਵਰ ਸਮਝੋ। ਇਨ੍ਹਾਂ ਵਿੱਚੋਂ ਕਿਸੇ ਵੀ ਪੰਛੀ ਨੂੰ ਨਾ ਖਾਉ। ਉਕਾਬ, ਗਿਰਝਾਂ, ਮੱਛੀਮਾਰ,
14 ਇਲਾਂ ਅਤੇ ਹਰ ਕਿਸਮ ਦੇ ਬਾਜ,
15 ਹਰ ਤਰ੍ਹਾਂ ਦੇ ਕਾਂ,
16 ਸ਼ਤਰ ਮੁਰਗ, ਕਲਪੇਚਕ, ਜਲਕਾਉਂ ਅਤੇ ਹਰ ਤਰ੍ਹਾਂ ਦੇ ਸ਼ਿਕਰੇ,
17 ਉੱਲੂ, ਚੁਗਲ, ਬੋਜਾ,
18 ਰਾਜ ਹਂਸ, ਹਵਾਸਿਲ, ਆਰਗਲ,
19 ਲਮ ਢੀਂਗ ਅਤੇ ਹਰ ਤਰ੍ਹਾਂ ਦੇ ਬਗਲੇ, ਟਟੀਹਰੀ ਅਤੇ ਚਾਮਚੜਿਕਾਂ।
20 “ਤੁਹਾਨੂੰ ਕਿਸੇ ਵੀ ਉਸ ਮਕੌੜੇ ਨੂੰ ਨਫ਼ਰਤ ਕਰਨੀ ਚਾਹੀਦੀ ਹੈ ਜੋ ਉੱਡਦਾ ਜਾਂ ਲੱਤਾਂ ਉੱਤੇ ਰੀਂਗਦਾ ਹੈ।
21 ਪਰ ਤੁਸੀਂ ਉਨ੍ਹਾਂ ਜਾਨਵਰਾਂ ਨੂੰ ਖਾ ਸਕਦੇ ਹੋ ਜੇ ਉਨ੍ਹਾਂ ਦੇ ਪੈਰਾਂ ਦੇ ਉੱਪਰ ਵੱਲ ਜੋੜਾਂ ਵਾਲੀਆਂ ਲੱਤਾਂ ਹਨ ਤਾਂ ਜੋ ਉਹ ਉੱਛਲ ਸਕਦੇ ਹਨ।
22 ਤੁਸੀਂ ਹਰ ਤਰ੍ਹਾਂ ਦੀਆਂ ਟਿੱਡੀਆਂ, ਪਰਾਂ ਵਾਲੀਆਂ ਟਿੱਡੀਆਂ, ਝੀਂਗਰ ਅਤੇ ਟਿੱਡੇ ਖਾ ਸਕਦੇ ਹੋ।
23 “ਪਰ ਹੋਰ ਸਾਰੇ ਮਕੌੜੇ ਜੋ ਉਡਦੇ ਹਨ ਜਾਂ ਚਾਰ ਲੱਤਾਂ ਵਾਲੇ ਹਨ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ।
24 ਉਹ ਮਕੌੜੇ ਤੁਹਾਨੂੰ ਨਾਪਾਕ ਬਣਾ ਦੇਣਗੇ। ਜਿਹੜਾ ਵੀ ਬੰਦਾ ਇਨ੍ਹਾਂ ਮਕੌੜਿਆਂ ਦੇ ਮੁਰਦਾ ਸ਼ਰੀਰਾਂ ਨੂੰ ਹੱਥ ਲਾਉਂਦਾ ਹੈ ਉਹ ਸ਼ਾਮ ਤੱਕ ਨਾਪਾਕ ਰਹੇਗਾ।
25 ਜੇ ਕੋਈ ਬੰਦਾ ਇਨ੍ਹਾਂ ਮਰੇ ਹੋਏ ਮਕੌੜਿਆਂ ਵਿੱਚੋਂ ਕਿਸੇ ਨੂੰ ਚੁੱਕਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਸ਼ਾਮ ਤੱਕ ਨਾਪਾਕ ਰਹੇਗਾ।
26 “ਕੁਝ ਜਾਨਵਰਾਂ ਦੇ ਖੁਰ ਤਾਂ ਪਾਟੇ ਹੁੰਦੇ ਹਨ ਪਰ ਪੂਰੀ ਤਰ੍ਹਾਂ ਦੋ ਹਿਸਿਆਂ ਵਿੱਚ ਨਹੀਂ ਪਾਟੇ ਹੁੰਦੇ। ਕੁਝ ਜਾਨਵਰ ਜੁਗਾਲੀ ਨਹੀਂ ਕਰਦੇ।
27 ਕੋਈ ਵੀ ਚੌਹਾਂ ਲੱਤਾਂ ਵਾਲਾ ਜਾਨਵਰ ਜੋ ਆਪਣੇ ਪੰਜਿਆਂ ਉੱਤੇ ਚੱਲਦਾ ਹੈ ਤੁਹਾਡੇ ਲਈ ਨਾਪਾਕ ਹੋਣਾ ਚਾਹੀਦਾ ਹੈ। ਕੋਈ ਵੀ ਬੰਦਾ ਜਿਹੜਾ ਇਨ੍ਹਾਂ ਜਾਨਵਰਾਂ ਦੇ ਮੁਰਦਾ ਸ਼ਰੀਰਾਂ ਨੂੰ ਛੂਹੇਗਾ ਨਾਪਾਕ ਹੋ ਜਾਵੇਗਾ। ਉਹ ਬੰਦਾ ਸ਼ਾਮ ਤੀਕ ਨਾਪਾਕ ਰਹੇਗਾ।
28 ਜੇ ਕੋਈ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਚੁੱਕਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਬੰਦਾ ਸ਼ਾਮ ਤੱਕ ਨਾਪਾਕ ਰਹੇਗਾ। ਉਹ ਜਾਨਵਰ ਤੁਹਾਡੇ ਲਈ ਨਾਪਾਕ ਹਨ।
29 “ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ; ਚਕੂਂਦਰ, ਚੂਹੇ ਅਤੇ ਹਰ ਤਰ੍ਹਾਂ ਦੀਆਂ ਕਿਰਲੀਆਂ,
30 ਵਰਲ, ਮਗਰਮਛ, ਕੋਹੜਕਿਰਲੇ ਅਤੇ ਰੇਤੇ ਦੇ ਸੱਪ ਅਤੇ ਗਿਰਗਿਟ।
31 ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ। ਜਿਹੜਾ ਵੀ ਬੰਦਾ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹ ਲਵੇਗਾ ਉਹ ਸ਼ਾਮ ਤੱਕ ਨਾਪਾਕ ਰਹੇਗਾ।
32 “ਜੇ ਇਨ੍ਹਾਂ ਵਿੱਚੋਂ ਕੋਈ ਵੀ ਨਾਪਾਕ ਜਾਨਵਰ ਮਰਕੇ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਵੀ ਨਾਪਾਕ ਹੋ ਜਾਵੇਗੀ। ਇਹ ਕੋਈ ਲੱਕੜੀ, ਕੱਪੜਾ, ਚਮੜਾ, ਬੋਰੇ ਜਾਂ ਕੋਈ ਔਜ਼ਾਰ ਹੋ ਸਕਦਾ ਹੈ। ਭਾਵੇਂ ਇਹ ਜੋ ਵੀ ਹੈ, ਇਸਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ। ਇਹ ਸ਼ਾਮ ਤੱਕ ਨਾਪਾਕ ਬਣੀ ਰਹੇਗੀ ਅਤੇ ਮਗਰੋਂ ਇਹ ਫ਼ੇਰ ਤੋਂ ਪਾਕ ਹੋ ਜਾਵੇਗੀ।
33 ਜੇ ਇਨ੍ਹਾਂ ਜਾਨਵਰਾਂ ਵਿੱਚੋਂ ਕੋਈ ਵੀ ਮਰਕੇ ਕਿਸੇ ਮਿੱਟੀ ਦੇ ਘੜੇ ਵਿੱਚ ਡਿੱਗ ਪੈਂਦਾ ਹੈ ਤਾਂ ਉਸ ਘੜੇ ਵਿੱਚ ਦਾ ਸਭ ਕੁਝ ਨਾਪਾਕ ਹੋ ਜਾਵੇਗਾ। ਅਤੇ ਤੁਹਾਨੂੰ ਉਹ ਘੜਾ ਤੋੜ ਦੇਣਾ ਚਾਹੀਦਾ ਹੈ।
34 ਜੇ ਉਸ ਨਾਪਾਕ ਘੜੇ ਦਾ ਪਾਣੀ ਕਿਸੇ ਭੋਜਨ ਤੇ ਡਿੱਗਦਾ ਹੈ, ਉਹ ਭੋਜਨ ਨਾਪਾਕ ਹੋ ਜਾਵੇਗਾ ਅਤੇ ਕੋਈ ਵੀ ਪੇਯ ਜੇ ਅਜਿਹੇ ਬਰਤਨ ਵਿੱਚ ਸੀ, ਨਾਪਾਕ ਹੋ ਜਾਵੇਗਾ।
35 ਜੇ ਕਿਸੇ ਵੀ ਮਰੇ ਹੋਏ ਨਾਪਾਕ ਜਾਨਵਰ ਦਾ ਕੋਈ ਅੰਗ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਚੀਜ਼ ਨਾਪਾਕ ਹੈ। ਇਹ ਮਿੱਟੀ ਦਾ ਤੰਦੂਰ ਜਾਂ ਭੋਜਨ ਪਕਾਉਣ ਵਾਲੀ ਭਠੀ ਵੀ ਹੋ ਸਕਦੀ ਹੈ ਅਤੇ ਇਸਨੂੰ ਭੰਨ ਦੇਣਾ ਚਾਹੀਦਾ ਹੈ। ਇਹ ਚੀਜ਼ਾਂ ਫ਼ੇਰ ਕਦੇ ਵੀ ਪਾਕ ਨਹੀਂ ਹੋਣਗੀਆਂ। ਉਹ ਹਮੇਸ਼ਾ ਤੁਹਾਡੇ ਲਈ ਨਾਪਾਕ ਹੋਣਗੀਆਂ।
36 “ਕੋਈ ਵੀ ਚਸ਼ਮਾ ਜਾਂ ਖੂਹ ਜਿਸ ਵਿੱਚ ਪਾਣੀ ਜਮ੍ਹਾਂ ਹੁੰਦਾ ਹੈ ਪਾਕ ਰਹੇਗਾ। ਪਰ ਜੇ ਕੋਈ ਬੰਦਾ ਕਿਸੇ ਨਾਪਾਕ ਜਾਨਵਰ ਦੀ ਲਾਸ਼ ਨੂੰ ਛੂਹ ਲੈਂਦਾ ਹੈ, ਉਹ ਵਿਅਕਤੀ ਨਾਪਾਕ ਹੋ ਜਾਂਦਾ।
37 ਜੇ ਉਨ੍ਹਾਂ ਮਰੇ ਹੋਏ ਨਾਪਾਕ ਜਾਨਵਰਾਂ ਦਾ ਕੋਈ ਅੰਗ ਕਿਸੇ ਬੀਜਣ ਵਾਲੇ ਬੀਜ ਉੱਤੇ ਡਿੱਗ ਪੈਂਦਾ ਹੈ ਤਾਂ ਉਹ ਬੀਜ ਹਾਲੇ ਵੀ ਪਾਕ ਹੈ।
38 ਪਰ ਜੇ ਤੁਸੀਂ ਬੀਜਾਂ ਉੱਤੇ ਪਾਣੀ ਪਾ ਦਿੰਦੇ ਹੋ ਅਤੇ ਜੇ ਉਨ੍ਹਾਂ ਮਰੇ ਹੋਏ ਜਾਨਵਰਾਂ ਦਾ ਕੋਈ ਅੰਗ ਇਨ੍ਹਾ ਬੀਜਾਂ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਬੀਜ ਤੁਹਾਡੇ ਲਈ ਨਾਪਾਕ ਹਨ।
39 “ਇਸ ਤੋਂ ਇਲਾਵਾ, ਜੇ ਕੋਈ ਅਜਿਹਾ ਜਾਨਵਰ ਜਿਸਨੂੰ ਤੁਸੀਂ ਭੋਜਨ ਲਈ ਵਰਤਦੇ ਹੋ ਮਰ ਜਾਂਦਾ ਹੈ, ਤਾਂ ਜਿਹੜਾ ਬੰਦਾ ਉਸਦੀ ਲਾਸ਼ ਨੂੰ ਛੂਹੇਗਾ ਸ਼ਾਮ ਤੱਕ ਨਾਪਾਕ ਰਹੇਗਾ।
40 ਉਹ ਬੰਦਾ ਜਿਹੜਾ ਇਸ ਜਾਨਵਰ ਦਾ ਮਾਸ ਖਾਂਦਾ ਹੈ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਨਾਪਾਕ ਰਹੇਗਾ। ਜਿਹੜਾ ਬੰਦਾ ਜਾਨਵਰ ਦੇ ਮੁਰਦਾ ਸ਼ਰੀਰ ਨੂੰ ਚੁੱਕਦਾ ਹੈ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੀਕ ਨਾਪਾਕ ਰਹੇਗਾ।
41 “ਹਰ ਉਹ ਜਾਨਵਰ ਜਿਹੜਾ ਧਰਤੀ ਉੱਤੇ ਘਿਸਰਦਾ ਹੈ ਉਨ੍ਹਾਂ ਜਾਨਵਰਾਂ ਵਿੱਚੋਂ ਹੈ ਜਿਨ੍ਹਾਂ ਨੂੰ ਖਾਣਾ ਯਹੋਵਾਹ ਨੇ ਮਨ੍ਹਾ ਕੀਤਾ ਹੈ।
42 ਤੁਹਾਨੂੰ ਉਹ ਜਾਨਵਰ ਨਹੀਂ ਖਾਣੇ ਚਾਹੀਦੇ ਜਿਹੜੇ ਧਰਤੀ ਤੇ ਰੀਂਗਦੇ ਹਨ; ਉਹ ਜਿਹੜੇ ਆਪਣੇ ਢਿੱਡ ਭਾਰ ਰੀਂਗਦੇ ਹਨ, ਉਹ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ ਜਾਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੱਤਾਂ ਹੋਣ। ਇਹ ਜਾਨਵਰ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ।
43 ਇਨ੍ਹਾਂ ਰੀਂਗਣ ਵਾਲੇ ਜੀਵਾਂ ਜਾਂ ਸੱਪਾਂ ਕਾਰਣ ਆਪਣੇ-ਆਪ ਨੂੰ ਘ੍ਰਿਣਾਯੋਗ ਨਾ ਬਣਾਉ। ਤੁਹਾਨੂੰ ਇਨ੍ਹਾਂ ਨਾਲ ਆਪਣੇ-ਆਪ ਨੂੰ ਗੰਦਾ ਨਹੀਂ ਬਨਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਨਾਪਾਕ ਹੋ ਜਾਵੋਂਗੇ।
44 ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਆਪਣੇ-ਆਪ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ। ਇਨ੍ਹਾਂ ਘਿਸਰਨ ਵਾਲਿਆਂ ਸ਼ੈਆਂ ਨਾਲ ਆਪਣੇ-ਆਪ ਨੂੰ ਪਲੀਤ ਨਾ ਬਣਾਉ।
45 ਮੈਂ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਲਿਆਇਆ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋ ਸਕਾਂ। ਤੁਹਾਨੂੰ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਮੈਂ ਪਵਿੱਤਰ ਹਾਂ।”
46 ਇਹ ਨੇਮ ਸਾਰੇ ਪਾਲਤੂ ਜਾਨਵਰਾਂ, ਪੰਛੀਆਂ ਅਤੇ ਧਰਤੀ ਦੇ ਹੋਰ ਜਾਨਵਰਾਂ ਬਾਰੇ ਹਨ। ਇਹ ਨੇਮ ਸਮੁੰਦਰ ਦੇ ਸਾਰੇ ਜਾਨਵਰਾਂ, ਅਤੇ ਉਨ੍ਹਾਂ ਸਾਰੇ ਜਾਨਵਰਾਂ ਬਾਰੇ ਹਨ ਜਿਹੜੇ ਧਰਤੀ ਉੱਤੇ ਘਿਸਰਦੇ ਹਨ।
47 ਇਹ ਸਿਖਿਆਵਾਂ ਇਸ ਲਈ ਹਨ ਤਾਂ ਜੋ ਲੋਕ ਪਲੀਤ ਜਾਨਵਰਾਂ ਨੂੰ ਪਾਕ ਜਾਨਵਰਾਂ ਨਾਲੋਂ ਨਿਖੇੜ ਸਕਣ। ਤਾਂ ਜੋ ਲੋਕ ਜਾਣ ਸਕਣ ਕਿ ਕਿਨ੍ਹਾਂ ਜਾਨਵਰਾਂ ਨੂੰ ਉਹ ਖਾ ਸਕਦੇ ਹਨ ਅਤੇ ਕਿਨ੍ਹਾਂ ਨੂੰ ਉਹ ਨਹੀਂ ਖਾ ਸਕਦੇ।
ਕਾਂਡ 12

1 ਯਹੋਵਾਹ ਨੇ ਮੁਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ:“ਜੇ ਕੋਈ ਔਰਤ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਉਹ ਔਰਤ ਸੱਤ ਦਿਨ ਤੱਕ ਪਲੀਤ ਰਹੇਗੀ। ਇਹ ਉਸਦੇ ਮਹਾਂਵਾਰੀ ਦੇ ਸਮੇਂ ਪਲੀਤ ਹੋਣ ਵਾਂਗ ਹੋਵੇਗਾ।
3 ਅਠਵੇਂ ਦਿਨ ਉਸ ਮੁੰਡੇ ਦੀ ਸੁੰਨਤ ਹੋਣੀ ਚਾਹੀਦੀ ਹੈ।
4 ਖੂਨ ਦੀ ਕਮੀ ਤੋਂ ਉਸਦੀ ਸ਼ੁਧਤਾ ਲਈ ਹੋਰ 33ਦਿਨ ਲੱਗਣਗੇ। ਉਸਨੂੰ ਕਿਸੇ ਵੀ ਪਵਿੱਤਰ ਚੀਜ਼ ਨੂੰ ਨਹੀਂ ਛੂਹਣਾ ਚਾਹੀਦਾ। ਉਸਦੇ ਪਾਕ ਹੋ ਜਾਣ ਦੇ ਸਮੇਂ ਤੀਕ, ਉਸਨੂੰ ਪਵਿੱਤਰ ਸਥਾਨ ਵਿੱਚ ਦਾਖਲ ਨਹੀਂ ਹੋਣਾ ਚਾਹੀਦਾ।
5 ਪਰ ਜੇ ਔਰਤ ਕਿਸੇ ਕੁੜੀ ਨੂੰ ਜਨਮ ਦਿੰਦੀ ਹੈ, ਉਹ ਦੋ ਹਫ਼ਤਿਆਂ ਤੱਕ ਉਸੇ ਤਰ੍ਹਾਂ ਪਲੀਤ ਰਹੇਗੀ ਜਿਵੇਂ ਮਹਾਵਾਰੀ ਦੇ ਸਮੇਂ ਰਹਿੰਦੀ ਹੈ। ਖੂਨ ਦੀ ਕਮੀ ਤੋਂ ਉਸਦੀ ਸ਼ੁਧਤਾ ਲਈ ਹੋਰ 66 ਦਿਨ ਲੱਗਣਗੇ।
6 “ਆਪਣੇ ਪਾਕ ਹੋਣ ਦੇ ਸਮੇਂ ਦੇ ਮੁੱਕਣ ਤੋਂ ਮਗਰੋਂ ਮੁੰਡੇ ਜਾਂ ਕੁੜੀ ਦੀ ਨਵੀਂ ਮਾਂ ਨੂੰ ਮੰਡਲੀ ਵਾਲੇ ਤੰਬੂ ਲਈ ਖਾਸ ਬਲੀਆਂ ਲੈਕੇ ਆਉਣੀਆਂ ਚਾਹੀਦੀਆਂ ਹਨ। ਉਸਨੂੰ ਉਹ ਬਲੀਆਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਜਾਜਕ ਨੂੰ ਦੇਣੀਆਂ ਚਾਹੀਦੀਆਂ ਹਨ। ਉਸਨੂੰ ਹੋਮ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਦੀ ਭੇਟ ਲਈ ਇੱਕ ਘੁੱਗੀ ਜਾਂ ਕਬੂਤਰ ਲਿਆਉਣਾ ਚਾਹੀਦਾ ਹੈ।
7 ਜਾਜਕ ਇਨ੍ਹਾਂ ਨੂੰ ਯਹੋਵਾਹ ਅੱਗੇ ਭੇਟ ਕਰੇਗਾ। ਇਸ ਤਰ੍ਹਾਂ ਜਾਜਕ ਉਸ ਲਈ ਪਰਾਸਚਿਤ ਕਰੇਗਾ। ਫ਼ੇਰ ਉਹ ਆਪਣੇ ਖੂਨ ਦੀ ਕਮੀ ਤੋਂ ਪਾਕ ਹੋ ਜਾਵੇਗੀ। ਇਹ ਨੇਮ ਉਸ ਔਰਤ ਲਈ ਹਨ ਜੋ ਕਿਸੇ ਮੁੰਡੇ ਜਾਂ ਕੁੜੀ ਨੂੰ ਜਨਮ ਦਿੰਦੀ ਹੈ।” ਜੇ ਉਸ ਔਰਤ ਵਿੱਚ ਲੇਲਾ ਲਿਆ ਸਕਣ ਦੀ ਪੁੱਜਤ ਨਹੀਂ ਤਾਂ ਉਹ ਦੋ ਘੁੱਗੀ ਜਾਂ ਦੋ ਕਬੂਤਰ ਲਿਆ ਸਕਦੀ ਹੈ। ਇੱਕ ਪੰਛੀ ਹੋਮ ਦੀ ਭੇਟ ਲਈ ਅਤੇ ਦੂਸਰਾ ਪੰਛੀ ਪਾਪ ਦੀ ਭੇਟ ਲਈ ਹੋਵੇਗਾ।
8
ਕਾਂਡ 13

1 ਯਹੋਵਾਹ ਨੇ ਮੁਸਾ ਤੇ ਹਾਰੂਨ ਨੂੰ ਆਖਿਆ,
2 “ਕਿਸੇ ਬੰਦੇ ਦੀ ਚਮੜੀ ਤੇ ਸੋਜਸ਼ ਜਾਂ ਖੁਜਲੀ ਹੋ ਸਕਦੀ ਹੈ ਜਾਂ ਫ਼ੋੜਾ ਹੋ ਸਕਦਾ ਹੈ। ਜੇ ਫ਼ੋੜਾ ਕੋੜ ਵਰਗਾ ਲਗਦਾ ਹੋਵੇ, ਉਸ ਬੰਦੇ ਨੂੰ ਜਾਜਕ ਹਾਰੂਨ ਜਾਂ ਉਸਦੇ ਕਿਸੇ ਇੱਕ ਜਾਜਕ ਪੁੱਤਰ ਕੋਲ ਲਿਆਂਦਾ ਜਾਣਾ ਚਾਹੀਦਾ ਹੈ।
3 ਜਾਜਕ ਨੂੰ ਉਸ ਬੰਦੇ ਦੀ ਚਮੜੀ ਉਤਲੇ ਫ਼ੋੜੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਫ਼ੋੜੇ ਦਾ ਵਾਲ ਚਿੱਟਾ ਹੋ ਗਿਆ ਹੈ ਅਤੇ ਜੇ ਫ਼ੋੜਾ ਉਸ ਬੰਦੇ ਦੀ ਚਮੜੀ ਨਾਲ ਡੂੰਘਾ ਨਜ਼ਰ ਆਉਂਦਾ ਹੈ, ਤਾਂ ਇਹ ਕੋੜ ਦੀ ਬਿਮਾਰੀ ਹੈ। ਉਸ ਬੰਦੇ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।
4 “ਜੇਕਰ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟਾ ਨਿਸ਼ਾਨ ਹੈ ਅਤੇ ਇਹ ਚਮੜੀ ਨਾਲੋਂ ਡੂੰਘਾ ਦਿਖਾਈ ਦਿੰਦਾ ਅਤੇ ਧੱਬੇ ਵਿਚਲੇ ਵਾਲ ਚਿੱਟੇ ਨਹੀਂ ਹੋਏ। ਜੇ ਇਹ ਸੱਚ ਹੈ, ਜਾਜਕ ਨੂੰ, ਉਸਨੂੰ ਸੱਤਾਂ ਦਿਨਾਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।
5 ਸੱਤਵੇਂ ਦਿਨ, ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਜਾਜਕ ਦੇਖਦਾ ਹੈ ਕਿ ਫ਼ੋੜਾ ਨਹੀਂ ਬਦਲਿਆ ਤੇ ਚਮੜੀ ਉੱਤੇ ਨਹੀਂ ਫ਼ੈਲਿਆ, ਉਸਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
6 ਸੱਤਾਂ ਦਿਨਾਂ ਮਗਰੋਂ ਜਾਜਕ ਨੂੰ ਇੱਕ ਵਰੀ ਫ਼ੇਰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ੋੜਾ ਮਧਮ ਹੋ ਗਿਆ ਹੈ ਅਤੇ ਚਮੜੀ ਉੱਤੇ ਨਹੀਂ ਫ਼ੈਲਿਆ ਉਸਨੂੰ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ ਅਤੇ ਇਹ ਕਿ ਫ਼ੋੜਾ ਸਿਰਫ਼ ਖਾਰਸ਼ ਹੀ ਹੈ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਇੱਕ ਵਾਰੀ ਫ਼ੇਰ ਉਹ ਪਾਕ ਹੋ ਜਾਵੇਗਾ।
7 “ਪਰ ਜੇ, ਉਸ ਬੰਦੇ ਨੂੰ ਪਾਕ ਘੋਸ਼ਿਤ ਹੋਣ ਲਈ ਦੋਬਾਰਾ ਜਾਜਕ ਨੂੰ ਦਿਖਾਏ ਜਾਣ ਤੋਂ ਬਾਦ, ਫ਼ੋੜਾ ਉਸਦੀ ਚਮੜੀ ਉੱਤੇ ਹੋਰ ਵੀ ਵਧੇਰੇ ਫ਼ੈਲ ਗਿਆ ਹੋਵੇ ਤਾਂ ਉਸ ਬੰਦੇ ਨੂੰ ਇੱਕ ਵਾਰੀ ਫ਼ੇਰ ਜਾਜਕ ਕੋਲ ਆਉਣਾ ਚਾਹੀਦਾ ਹੈ।
8 ਜਾਜਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਪਪੜੀ ਚਮੜੀ ਉੱਤੇ ਫ਼ੈਲ ਗਈ ਹੈ, ਤਾਂ ਜਾਜਕ ਇਹ ਐਲਾਨ ਕਰੇ ਕਿ ਬੰਦਾ ਪਲੀਤ ਹੈ। ਇਹ ਕੋੜ ਦੀ ਬਿਮਾਰੀ ਹੈ।
9 “ਜੇ ਕਿਸੇ ਬੰਦੇ ਨੂੰ ਕੋੜ ਦੀ ਬਿਮਾਰੀ ਹੈ ਤਾਂ ਉਸਨੂੰ ਜਾਜਕ ਕੋਲ ਲਿਆਂਦਾ ਜਾਵੇ।
10 ਜਾਜਕ ਨੂੰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਉਸਦੇ ਸ਼ਰੀਰ ਉੱਤੇ ਚਿੱਟੇ ਰੰਗ ਦੀ ਸੋਜ਼ਿਸ਼ ਹੈ ਅਤੇ ਜੇ ਵਾਲ ਚਿੱਟੇ ਹੋ ਗਏ ਹਨ ਅਤੇ ਜੇਕਰ ਚਮੜੀ ਉਸ ਜਗ਼੍ਹਾ ਤੋਂ ਕੱਚੀ ਹੋਵੇ ਜਿਥੋਂ ਇਹ ਸੁੱਜੀ ਹੋਈ ਹੈ,
11 ਤਾਂ ਇਹ ਛੂਤ ਦੀ ਬਿਮਾਰੀ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਨੂੰ ਉਸ ਬੰਦੇ ਨੂੰ ਥੋੜੇ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਹੈ ਕਿ ਬੰਦਾ ਨਾਪਾਕ ਹੈ।
12 “ਕਈ ਵਾਰੀ ਕੋਈ ਚਮੜੀ ਦਾ ਰੋਗ ਕਿਸੇ ਬੰਦੇ ਦੇ ਸਾਰੇ ਸ਼ਰੀਰ ਉੱਤੇ ਫ਼ੈਲ ਜਾਵੇਗਾ। ਇਹ ਚਮੜੀ ਦਾ ਰੋਗ ਉਸ ਬੰਦੇ ਦੀ ਚਮੜੀ ਦੇ ਸਿਰ ਤੋਂ ਪੈਰਾਂ ਤੱਕ ਫ਼ੈਲ ਜਾਵੇਗਾ। ਜਾਜਕ ਨੂੰ ਉਸ ਬੰਦੇ ਦੇ ਸਾਰੇ ਸ਼ਰੀਰ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ।
13 ਜੇ ਜਾਜਕ ਦੇਖਦਾ ਹੈ ਕਿ ਚਮੜੀ ਦਾ ਰੋਗ ਸਾਰੇ ਸ਼ਰੀਰ ਉੱਤੇ ਫ਼ੈਲਿਆ ਹੋਇਆ ਹੈ ਅਤੇ ਇਸਨੇ ਉਸ ਬੰਦੇ ਦੀ ਸਾਰੀ ਚਮੜੀ ਨੂੰ ਚਿੱਟਾ ਕਰ ਦਿੱਤਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ।
14 ਪਰ ਜੇਕਰ ਉਥੇ ਕੱਚੀ ਚਮੜੀ ਹੈ, ਤਾਂ ਉਹ ਨਾਪਾਕ ਹੈ।
15 ਜਦੋਂ ਜਾਜਕ ਕੱਚੀ ਚਮੜੀ ਨੂੰ ਦੇਖੇ, ਉਸਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਬੰਦਾ ਨਾਪਾਕ ਹੈ। ਕੱਚੀ ਚਮੜੀ ਪਾਕ ਨਹੀਂ ਹੈ, ਇਹ ਕੋੜ ਹੈ।
16 “ਜੇ ਕੱਚੀ ਚਮੜੀ ਰੰਗ ਬਦਲੇ ਅਤੇ ਚਿੱਟੀ ਹੋ ਜਾਵੇ, ਉਸ ਵਿਅਕਤੀ ਨੂੰ ਜਾਜਕ ਕੋਲ ਆਉਣਾ ਚਾਹੀਦਾ ਹੈ।
17 ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਜਗ਼੍ਹਾ ਚਿੱਟੀ ਹੋ ਗਈ ਹੋਵੇ, ਉਸਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਵਿਅਕਤੀ ਪਾਕ ਹੈ।
18 “ਕਿਸੇ ਬੰਦੇ ਦੇ ਫ਼ੋੜਾ ਹੋ ਸਕਦਾ ਜੋ ਬਾਦ ਵਿੱਚ ਰਾਜੀ ਹੋ ਜਾਵੇ।
19 ਜੇਕਰ ਉਸ ਜਗ਼੍ਹਾ ਤੇ ਚਿੱਟੀ ਸੋਜ਼ਿਸ਼ ਹੋਵੇ ਜਾਂ ਲਾਲ ਧਾਰੀਆਂ ਵਾਲਾ ਚਮਕੀਲਾ ਚਿੱਟਾ ਨਿਸ਼ਾਨ ਬਣ ਜਾਵੇ ਤਾਂ ਉਸ ਬੰਦੇ ਨੂੰ ਉਹ ਜਗ਼੍ਹਾ ਜਾਜਕ ਨੂੰ ਦਿਖਾਉਣੀ ਚਾਹੀਦੀ ਹੈ।
20 ਜੇ ਫ਼ੋੜਾ ਚਮੜੀ ਨਾਲੋਂ ਗਹਿਰਾ ਹੈ ਅਤੇ ਇਸਦੇ ਉੱਪਰ ਵਾਲ ਚਿੱਟੇ ਹੋ ਜਾਣ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਫ਼ੋੜੇ ਵਿੱਚੋਂ ਛੂਤ ਦੀ ਭੈੜੀ ਸਥਿਤੀ ਫੁੱਟ ਪਈ ਹੈ।
21 ਪਰ ਜੇ ਜਾਜਕ ਧਿਆਨ ਨਾਲ ਉਸ ਨਿਸ਼ਾਨ ਨੂੰ ਦੇਖਦਾ ਹੈ ਅਤੇ ਇਸਦੇ ਉੱਪਰ ਚਿੱਟੇ ਵਾਲ ਨਹੀਂ ਹਨ ਅਤੇ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
22 ਜੇ ਫ਼ੋੜਾ ਚਮੜੀ ਉੱਪਰ ਫ਼ੈਲ ਜਾਵੇ, ਤਾਂ ਉਸਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਨਾਪਾਕ ਹੈ। ਇਹ ਛੂਤ ਹੈ।
23 ਪਰ ਜੇ ਚਮਕੀਲਾ ਨਿਸ਼ਾਨ ਉਸੇ ਥਾਂ ਰਹਿੰਦਾ ਹੈ ਅਤੇ ਫ਼ੈਲਦਾ ਨਹੀਂ, ਇਹ ਸਿਰਫ਼ ਪੁਰਾਣੇ ਫ਼ੋੜੇ ਦਾ ਚਟਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਪਾਕ ਹੈ।
24 “ਕਿਸੇ ਬੰਦੇ ਦੀ ਚਮੜੀ ਉੱਤੇ ਛਾਲਾ ਹੋ ਸਕਦਾ ਹੈ। ਜੇ ਰਿਸਦੀ ਹੋਈ ਚਮੜੀ ਚਿੱਟਾ ਨਿਸ਼ਾਨ ਜਾਂ ਲਾਲ ਧਾਰੀਆਂ ਵਾਲਾ ਚਿੱਟਾ ਨਿਸ਼ਾਨ ਬਣ ਜਾਂਦੀ ਹੈ, ਤਾਂ ਜਾਜਕ ਨੂੰ ਇਸ ਵੱਲ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਉਹ ਚਿੱਟਾ ਨਿਸ਼ਾਨ ਚਮੜੀ ਨਾਲੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਇਸ ਨਿਸ਼ਾਨ ਉੱਪਰ ਵਾਲ ਚਿੱਟੇ ਹੋ ਗਏ ਹਨ ਤਾਂ ਇਹ ਕੋੜ ਦਾ ਰੋਗ ਹੈ। ਕੋੜ ਛਾਲੇ ਵਿੱਚੋਂ ਫੁੱਟ ਰਿਹਾ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ। ਇਹ ਕੋੜ ਦਾ ਰੋਗ ਹੈ।
25
26 ਪਰ ਜੇ ਉਹ ਨਿਸ਼ਾਨ ਦਾ ਧਿਆਨ ਨਾਲ ਨਿਰੀਖਣ ਕਰਦਾ ਹੈ ਅਤੇ ਚਮਕੀਲੇ ਨਿਸ਼ਾਨ ਉੱਤੇ ਚਿੱਟੇ ਵਾਲ ਨਹੀਂ ਹਨ ਅਤੇ ਜੇਕਰ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ, ਉਸ ਨੂੰ ਉਸ ਵਿਅਕਤੀ ਨੂੰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
27 ਸੱਤਵੇਂ ਦਿਨ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਚਮੜੀ ਦਾ ਨਿਸ਼ਾਨ ਫ਼ੈਲ ਜਾਂਦਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਲੀਤ ਹੈ। ਇਹ ਕੋੜ ਦਾ ਰੋਗ ਹੈ।
28 ਪਰ ਜੇ ਚਮਕੀਲਾ ਨਿਸ਼ਾਨ ਚਮੜੀ ਉੱਤੇ ਹੋਰ ਨਹੀਂ ਫ਼ੈਲਿਆ ਅਤੇ ਮੱਧਮ ਹੋ ਗਿਆ, ਤਾਂ ਇਹ ਛਾਲੇ ਦੀ ਸੋਜ਼ਿਸ਼ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ। ਇਹ ਸਿਰਫ਼ ਛਾਲੇ ਦਾ ਦਾਗ ਹੈ।
29 “ਕਿਸੇ ਬੰਦੇ ਦੇ ਸਿਰ ਜਾਂ ਦਾਢ਼ੀ ਉੱਤੇ ਕੋਈ ਛੂਤ ਲੱਗ ਸਕਦੀ ਹੈ।
30 ਜਾਜਕ ਨੂੰ ਇਸ ਬੁਰੇ ਅਸਰ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਲੱਗੇ ਕਿ ਇਹ ਚਮੜੀ ਤੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਜੇ ਇਸ ਵਿਚਲੇ ਵਾਲ ਪਤਲੇ ਤੇ ਪੀਲੇ ਹਨ ਉਸਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਵਿਅਕਤੀ ਨਾਪਾਕ ਹੈ। ਇਹ ਇੱਕ ਮੰਦਾ ਰੋਗ ਹੈ। ਇਹ ਸਿਰ ਜਾਂ ਦਾਢ਼ੀ ਉੱਤੇ ਛੂਤ ਦੀ ਇੱਕ ਭੈੜੀ ਸਥਿਤੀ ਹੈ।
31 ਜੇ ਬਿਮਾਰੀ ਚਮੜੀ ਤੋਂ ਡੂੰਘੇਰੀ ਦਿਖਾਈ ਨਹੀਂ ਦਿੰਦੀ, ਪਰ ਇਸ ਵਿੱਚ ਕੋਈ ਕਾਲਾ ਵਾਲ ਨਹੀਂ ਹੈ, ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
32 ਸੱਤਵੇਂ ਦਿਨ ਜਾਜਕ ਨੂੰ ਛੂਤ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਬਿਮਾਰੀ ਹੋਰ ਨਹੀਂ ਵਧੀ ਅਤੇ ਇਸ ਵਿੱਚ ਪੀਲੇ ਵਾਲ ਨਹੀਂ ਉਗੇ ਹੋਏ ਅਤੇ ਬਿਮਾਰੀ ਚਮੜੀ ਤੋਂ ਡੂੰਘੇਰੀ ਨਹੀਂ ਜਾਪਦੀ,
33 ਤਾਂ ਉਸ ਬੰਦੇ ਨੂੰ ਆਪਣੀ ਹਜਾਮਤ ਕਰਾਉਣੀ ਚਾਹੀਦੀ ਹੈ ਪਰ ਉਸਨੂੰ ਬਿਮਾਰੀ ਵਾਲੀ ਥਾਂ ਦੀ ਹਜਾਮਤ ਨਹੀਂ ਕਰਾਉਣੀ ਚਾਹੀਦੀ। ਜਾਜਕ ਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ।
34 ਸੱਤਵੇਂ ਦਿਨ ਉਸਨੂੰ ਬਿਮਾਰੀ ਦਾ ਹੋਰ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਬਿਮਾਰੀ ਚਮੜੀ ਉੱਤੇ ਹੋਰ ਨਹੀਂ ਫ਼ੈਲੀ ਅਤੇ ਇਹ ਚਮੜੀ ਨਾਲੋਂ ਗਹਿਰੀ ਨਹੀਂ ਦਿਖਾਈ ਦਿੰਦੀ, ਉਸਨੂੰ ਐਲਾਨ ਕਰਨਾ ਚਾਹੀਦਾ ਕਿ ਬੰਦਾ ਪਾਕ ਹੈ। ਫ਼ੇਰ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਪਾਕ ਹੋ ਜਾਵੇਗਾ।
35 ਪਰ ਜੇ ਉਸ ਬੰਦੇ ਦੇ ਪਾਕ ਹੋ ਜਾਣ ਤੋਂ ਬਾਦ ਬਿਮਾਰੀ ਚਮੜੀ ਉੱਤੇ ਫ਼ੈਲ ਜਾਂਦੀ ਹੈ,
36 ਤਾਂ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਜੇ ਬਿਮਾਰੀ ਚਮੜੀ ਵਿੱਚ ਫ਼ੈਲ ਗਈ ਹੈ ਤਾਂ ਜਾਜਕ ਨੂੰ ਪੀਲੇ ਵਾਲਾਂ ਨੂੰ ਦੇਖਣ ਦੀ ਲੋੜ ਨਹੀਂ। ਉਹ ਬੰਦਾ ਪਲੀਤ ਹੈ।
37 ਪਰ ਜੇ ਜਾਜਕ ਸੋਚਦਾ ਹੈ ਕਿ ਬਿਮਾਰੀ ਰੁਕ ਗਈ ਹੈ ਅਤੇ ਇਸ ਵਿੱਚ ਕਾਲੇ ਵਾਲ ਉੱਗ ਰਹੇ ਹਨ ਤਾਂ ਬਿਮਾਰੀ ਠੀਕ ਹੋ ਗਈ ਹੈ। ਬੰਦਾ ਪਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ।
38 “ਜੇ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟੇ ਨਿਸ਼ਾਨ ਹਨ,
39 ਤਾਂ ਜਾਜਕ ਨੂੰ ਉਨ੍ਹਾਂ ਨੂੰ ਨਿਸ਼ਾਨਾਂ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਉਸ ਬੰਦੇ ਦੀ ਚਮੜੀ ਉਤਲੇ ਨਿਸ਼ਾਨ ਮੱਧਮ ਜਿਹੇ ਚਿੱਟੇ ਹਨ, ਤਾਂ ਇਹ ਬਿਮਾਰੀ ਨੁਕਸਾਨ ਰਹਿਤ ਖਾਰਸ਼ ਹੀ ਹੈ ਅਤੇ ਉਹ ਬੰਦਾ ਪਾਕ ਹੈ।
40 “ਹੋ ਸਕਦਾ ਹੈ ਕਿ ਕੋਈ ਬੰਦਾ ਗੰਜਾ ਹੋ ਜਾਵੇ। ਉਹ ਪਾਕ ਹੈ। ਇਹ ਸਿਰਫ਼ ਗੰਜ ਹੈ।
41 ਹੋ ਸਕਦਾ ਹੈ ਕਿਸੇ ਬੰਦੇ ਦੇ ਮਥੇ ਦੇ ਵਾਲ ਝੜ ਜਾਣ। ਉਹ ਪਾਕ ਹੈ। ਇਹ ਸਿਰਫ਼ ਇੱਕ ਹੋਰ ਤਰ੍ਹਾਂ ਦਾ ਗੰਜਾਪਨ ਹੈ।
42 ਪਰ ਜੇ ਉਸਦੇ ਸਿਰ ਦੀ ਚਮੜੀ ਉੱਤੇ ਲਾਲ ਅਤੇ ਚਿੱਟੀ ਛੂਤ ਹੈ, ਇਹ ਛੂਤ ਦੀ ਇੱਕ ਭੈੜੀ ਸਥਿਤੀ ਹੈ।
43 ਜਾਜਕ ਨੂੰ ਉਸ ਬੰਦੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਛੂਤ ਦੀ ਸੋਜ਼ਿਸ਼ ਲਾਲ ਅਤੇ ਚਿੱਟੀ ਹੈ ਅਤੇ ਸ਼ਰੀਰ ਦੇ ਹੋਰਨਾਂ ਹਿਸਿਆਂ ਉੱਤੇ ਕੋੜ ਵਰਗੀ ਦਿਖਾਈ ਦਿੰਦੀ ਹੈ,
44 ਤਾਂ ਉਸ ਬੰਦੇ ਦੇ ਸਿਰ ਦੀ ਚਮੜੀ ਉੱਤੇ ਕੋੜ ਦਾ ਰੰਗ ਹੈ। ਉਹ ਬੰਦਾ ਪਲੀਤ ਹੈ। ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।
45 “ਜੇਕਰ ਕਿਸੇ ਬੰਦੇ ਨੂੰ ਛੂਤ ਦੀ ਅਜਿਹੀ ਭੈੜੀ ਬਿਮਾਰੀ ਹੈ ਉਸਨੂੰ ਹੋਰਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਉਸਨੂੰ ਉੱਚੀ ਅਵਾਜ਼ ਵਿੱਚ ਐਲਾਨ ਕਰਨਾ ਚਾਹੀਦਾ ਹੈ, ‘ਨਾਪਾਕ, ਨਾਪਾਕ।’ ਉਸਦੇ ਕੱਪੜਿਆਂ ਨੂੰ ਪਾੜ ਦੇਣਾ ਚਾਹੀਦਾ ਹੈ, ਉਸਨੂੰ ਆਪਣੇ ਵਾਲ ਨਹੀਂ ਵਾਹੁਣੇ ਚਾਹੀਦੇ ਅਤੇ ਆਪਣਾ ਮੂੰਹ ਢਕ ਲੈਣਾ ਚਾਹੀਦਾ ਹੈ।
46 ਜਿੰਨਾ ਚਿਰ ਤੱਕ ਉਸ ਬੰਦੇ ਨੂੰ ਬਿਮਾਰੀ ਲਗੀ ਹੋਈ ਹੈ, ਉਹ ਨਾਪਾਕ ਰਹੇਗਾ ਅਤੇ ਉਸਨੂੰ ਇਕੱਲੇ ਨੂੰ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ।
47 “ਕੁਝ ਕੱਪੜਿਆਂ ਉੱਤੇ ਫ਼ਫ਼ੂੰਦੀ ਦੇ ਨਿਸ਼ਾਨ ਹੋ ਸਕਦੇ ਹਨ। ਇਹ ਕੱਪੜਾ ਲਿਨਨ ਦਾ ਜਾਂ ਉੱਨ ਦਾ ਵੀ ਹੋ ਸਕਦਾ ਹੈ, ਜਾਂ ਲਿਨਨ ਜਾਂ ਉੱਨ ਤੋਂ ਉਣਿਆ ਹੋਇਆ ਜਾਂ ਬੁਣਿਆ ਹੋਇਆ ਹੋ ਸਕਦਾ ਹੈ। ਜਾਂ ਇਹ ਫ਼ਫ਼ੂੰਦੀ ਦਾ ਨਿਸ਼ਾਨ ਕਿਸੇ ਚਮੜੇ ਜਾਂ ਚਮੜੇ ਦੀ ਬਣੀ ਹੋਈ ਚੀਜ਼ ਉੱਪਰ ਹੋ ਸਕਦਾ ਹੈ।
48
49 ਜੇ ਫ਼ਫ਼ੂੰਦੀ ਹਰੀ ਜਾਂ ਲਾਲ ਹੈ ਤਾਂ ਇਹ ਨੁਕਸਾਨ ਦਾਇਕ ਫ਼ਫ਼ੂੰਦੀ ਹੈ ਅਤੇ ਇਸਨੂੰ ਜਾਜਕ ਨੂੰ ਦਿਖਾਉਣਾ ਚਾਹੀਦਾ ਹੈ।
50 ਜਾਜਕ ਨੂੰ ਇਸ ਫ਼ਫ਼ੂੰਦੀ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਉਸਨੂੰ ਇਹ ਚੀਜ਼ ਸੱਤ ਦਿਨਾਂ ਲਈ ਵਖਰੀ ਥਾਂ ਰੱਖ ਦੇਣੀ ਚਾਹੀਦੀ ਹੈ।
51 ਸੱਤਵੇਂ ਦਿਨ, ਉਸਨੂੰ ਇਸ ਫ਼ਫ਼ੂੰਦੀ ਦਾ ਬੜੇ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਕਾਸੇ ਲਈ ਵਰਤੇ ਗਏ ਚਮੜੇ ਉੱਤੇ ਹੈ ਜਾਂ ਉਣੇ ਹੋਏ ਕੱਪੜੇ ਉੱਤੇ ਹੈ। ਜੇ ਫ਼ਫ਼ੂੰਦੀ ਫ਼ੈਲ ਗਈ ਹੈ, ਉਹ ਕੱਪੜਾ ਜਾਂ ਚਮੜਾ ਨਾਪਾਕ ਹੈ। ਇਹ ਨੁਕਸਾਨਦੇਹ ਫ਼ਫ਼ੂੰਦੀ ਹੈ ਜਾਜਕ ਨੂੰ ਉਹ ਕੱਪੜਾ ਜਾਂ ਚਮੜਾ ਸਾੜ ਦੇਣਾ ਚਾਹੀਦਾ ਹੈ।
52
53 “ਜੇ ਜਾਜਕ ਉਸ ਕੱਪੜੇ ਜਾਂ ਚਮੜੇ ਦਾ ਨਿਰੀਖਣ ਕਰਦਾ ਅਤੇ ਵੇਖਦਾ ਕਿ ਫ਼ਫ਼ੂੰਦੀ ਨਹੀਂ ਫ਼ੈਲੀ,
54 ਤਾਂ ਜਾਜਕ ਨੂੰ ਲੋਕਾਂ ਨੂੰ ਉਸ ਚਮੜੇ ਜਾਂ ਕੱਪੜੇ ਦੇ ਟੁਕੜੇ ਨੂੰ ਧੋਣ ਦਾ ਆਦੇਸ਼ ਦੇਣਾ ਚਾਹੀਦਾ ਭਾਵੇਂ ਇਹ ਬੁਣਿਆ ਹੋਵੇ ਜਾਂ ਉਣਿਆ ਹੋਵੇ, ਅਤੇ ਉਸ ਚਮੜੇ ਜਾਂ ਕੱਪੜੇ ਨੂੰ ਹੋਰ ਸੱਤ ਦਿਨਾਂ ਲਈ ਵਖਰਾ ਰਖਣਾ ਚਾਹੀਦਾ ਹੈ।
55 ਇਸ ਸਮੇਂ ਤੋਂ ਬਾਦ, ਜਾਜਕ ਨੂੰ ਇੱਕ ਵਾਰੀ ਫ਼ੇਰ ਧਿਆਨ ਨਾਲ ਇਸਦਾ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ਫ਼ੂੰਦੀ ਫ਼ੇਰ ਵੀ ਉਸੇ ਤਰ੍ਹਾਂ ਦਿਖਾਈ ਦਿੰਦੀ ਹੈ ਅਤੇ ਬਦਲੀ ਨਹੀਂ, ਇਹ ਨਾਪਾਕ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਉਸ ਚਮੜੇ ਜਾਂ ਕੱਪੜੇ ਦੇ ਅੰਦਰਲੇ ਪਾਸੇ ਹੈ ਜਾਂ ਬਾਹਰਲੇ ਪਾਸੇ। ਤੁਹਾਨੂੰ ਇਸਨੂੰ ਸਾੜ ਦੇਣਾ ਚਾਹੀਦਾ ਹੈ।
56 “ਪਰ ਜੇ ਜਾਜਕ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਦਾ ਨਿਰੀਖਣ ਕਰਦਾ ਹੈ, ਅਤੇ ਫ਼ਫ਼ੂੰਦੀ ਮਧਮ ਪੈ ਗਈ ਹੋਵੇ, ਤਾਂ ਜਾਜਕ ਨੂੰ ਚਮੜੇ ਜਾਂ ਕੱਪੜੇ ਤੋਂ ਉਸ ਫ਼ਫ਼ੂੰਦੀ ਨੂੰ ਪਾੜ ਦੇਣਾ ਚਾਹੀਦਾ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ।
57 ਪਰ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਉੱਤੇ ਫ਼ਫ਼ੂੰਦੀ ਫ਼ੇਰ ਉਭਰ ਸਕਦੀ ਹੈ। ਇਸ ਲਈ ਇਸਨੂੰ ਸਾੜ ਦੇਣਾ ਚਾਹੀਦਾ ਹੈ।
58 ਪਰ ਜੇ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਨੂੰ ਧੋਣ ਤੋਂ ਮਗਰੋਂ ਫ਼ਫ਼ੂੰਦੀ ਫ਼ੇਰ ਨਹੀਂ ਉਭਰੀ, ਇਸਨੂੰ ਫ਼ੇਰ ਤੋਂ ਧੋਤਾ ਜਾਣਾ ਚਾਹੀਦਾ ਹੈ। ਫ਼ੇਰ ਇਹ ਪਾਕ ਹੋ ਜਾਵੇਗਾ।”
59 ਚਮੜੇ ਜਾਂ ਕੱਪੜੇ ਦੇ ਟੁਕੜੇ ਉੱਤੇ ਫ਼ਫ਼ੂੰਦੀ ਪਾਕ ਹੈ ਜਾਂ ਨਾਪਾਕ ਦਾ ਫ਼ੈਸਲਾ ਕਰਨ ਦੇ ਲਈ ਇਹ ਬਿਧੀਆਂ ਹਨ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਲਿਨਨ ਤੋਂ ਬਣਿਆ ਜਾਂ ਉੱਨ ਤੋਂ ਜਾਂ ਇਹ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ।
ਕਾਂਡ 14

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਉਨ੍ਹਾਂ ਲੋਕਾਂ ਲਈ ਇਹ ਬਿਧੀਆਂ ਹਨ ਜਿਨ੍ਹਾਂ ਨੂੰ ਚਮੜੀ ਦਾ ਰੋਗ ਹੋਇਆ ਅਤੇ ਫ਼ੇਰ ਰਾਜ਼ੀ ਹੋ ਗਏ। ਉਸ ਬੰਦੇ ਨੂੰ ਪਾਕ ਬਨਾਉਣ ਦੀਆਂ ਬਿਧੀਆਂ ਇਹ ਹਨ।“ਉਸ ਬੰਦੇ ਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ।
3 ਜਾਜਕ ਨੂੰ ਡੇਰੇ ਤੋਂ ਬਾਹਰ ਉਸ ਬੰਦੇ ਕੋਲ ਜਾਣਾ ਚਾਹੀਦਾ ਹੈ। ਜਾਜਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਚਮੜੀ ਦਾ ਰੋਗ ਹਟ ਗਿਆ ਹੈ ਜਾਂ ਨਹੀਂ।
4 ਜੇ ਬੰਦਾ ਸਿਹਤਮੰਦ ਹੋ ਗਿਆ ਹੈ ਤਾਂ ਜਾਜਕ ਨੂੰ ਉਸਨੂੰ ਇਹ ਗੱਲਾਂ ਕਰਨ ਲਈ ਆਖਣਾ ਚਾਹੀਦਾ ਹੈ; ਉਸ ਬੰਦੇ ਨੂੰ ਦੋ ਜਿਉਂਦੇ ਪਾਕ ਪੰਛੀ ਲੈਣੇ ਚਾਹੀਦੇ ਹਨ। ਉਸਨੂੰ ਦਿਆਰ ਦੀ ਲੱਕੜੀ ਦਾ ਇੱਕ ਟੁਕੜਾ, ਲਾਲ ਕੱਪੜੇ ਦੀ ਇੱਕ ਟਾਕੀ ਅਤੇ ਜ਼ੁਫ਼ਾ ਲਿਆਉਣ ਚਾਹੀਦਾ ਹੈ।
5 ਫ਼ੇਰ ਜਾਜਕ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਵਗਦੇ ਪਾਣੀ ਉੱਤੇ ਮਿੱਟੀ ਦੇ ਭਾਂਡੇ ਵਿੱਚ ਇੱਕ ਪੰਛੀ ਨੂੰ ਮਾਰਿਆ ਜਾਵੇ।
6 ਜਾਜਕ ਨੂੰ ਦੂਸਰਾ ਪੰਛੀ, ਜਿਹੜਾ ਹਾਲੇ ਜਿਉਂਦਾ ਹੈ, ਅਤੇ ਦਿਆਰ ਦੀ ਲੱਕੜੀ ਦਾ ਟੁਕੜਾ, ਲਾਲ ਕੱਪੜੇ ਦੀ ਟਾਕੀ ਅਤੇ ਜ਼ੂਫ਼ਾ ਲੈਣਾ ਚਾਹੀਦਾ ਹੈ। ਉਸਨੂੰ ਉਹ ਜਿਉਂਦਾ ਪੰਛੀ ਅਤੇ ਦੂਸਰੀਆਂ ਚੀਜ਼ਾਂ ਨੂੰ ਉਸ ਪੰਛੀ ਦੇ ਖੂਨ ਵਿੱਚ ਡੁਬੋਣਾ ਚਾਹੀਦਾ ਹੈ ਜਿਹੜਾ ਵਗਦੇ ਪਾਣੀ ਉੱਤੇ ਮਾਰਿਆ ਗਿਆ ਸੀ।
7 ਜਾਜਕ ਨੂੰ ਉਸ ਬੰਦੇ ਉੱਤੇ ਸੱਤ ਵਾਰੀ ਖੂਨ ਛਿੜਕਣਾ ਚਾਹੀਦਾ ਹੈ। ਜਿਸਨੂੰ ਚਮੜੀ ਦਾ ਰੋਗ ਸੀ। ਫ਼ੇਰ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ। ਇਸਤੋਂ ਮਗਰੋਂ ਜਾਜਕ ਨੂੰ ਕਿਸੇ ਖੁਲ੍ਹੇ ਖੇਤ ਵੱਲ ਜਾਣਾ ਚਾਹੀਦਾ ਹੈ ਅਤੇ ਜਿਉਂਦੇ ਪੰਛੀ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ।
8 “ਫ਼ੇਰ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਸਨੂੰ ਆਪਣੇ ਸਾਰੇ ਵਾਲ ਮੁੱਨ ਲੈਣੇ ਚਾਹੀਦੇ ਹਨ। ਅਤੇ ਉਸਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ। ਫ਼ੇਰ ਉਹ ਬੰਦਾ ਡੇਰੇ ਵਿੱਚ ਜਾ ਸਕੇਗਾ। ਪਰ ਉਸਨੂੰ ਸੱਤ ਦਿਨ ਤੱਕ ਆਪਣੇ ਤੰਬੂ ਤੋਂ ਬਾਹਰ ਰਹਿਣਾ ਚਾਹੀਦਾ ਹੈ।
9 ਸੱਤਵੇਂ ਦਿਨ, ਉਸਨੂੰ ਆਪਣੇ ਸਾਰੇ ਵਾਲ ਮੁਨਾ ਲੈਣੇ ਚਾਹੀਦੇ ਹਨ। ਉਸਨੂੰ ਆਪਣਾ ਸਿਰ, ਆਪਣੀ ਦਾਹੜੀ ਅਤੇ ਆਪਣੇ ਭਰਵੱਟੇ - ਹਾਂ ਸਾਰੇ ਹੀ ਵਾਲ ਮੁਨਾ ਲੈਣੇ ਚਾਹੀਦੇ ਹਨ। ਫ਼ੇਰ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ।
10 “ਅੱਠਵੇਂ ਦਿਨ, ਜਿਸ ਬੰਦੇ ਨੂੰ ਚਮੜੀ ਦਾ ਰੋਗ ਸੀ, ਉਸਨੂੰ ਦੋ ਬੇਨੁਕਸ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣੀ ਚਾਹੀਦੀ ਹੈ। ਉਸ ਬੰਦੇ ਨੂੰ ਤੇਲ ਮਿਲਿਆ 24 ਕੱਪ ਮੈਦਾ ਅਤੇ 2/3 ਪਿੰਟ ਜੈਤੂਨ ਦਾ ਤੇਲ ਵੀ ਲਿਆਉਣਾ ਚਾਹੀਦਾ ਹੈ।
11 ਜਾਜਕ ਨੂੰ ਉਸ ਬੰਦੇ ਨੂੰ ਅਤੇ ਉਸ ਦੀਆਂ ਬਲੀਆਂ ਨੂੰ ਯਹੋਵਾਹ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਲਿਆਉਣਾ ਚਾਹੀਦਾ ਹੈ।
12 ਜਾਜਕ ਲੇਲਿਆਂ ਵਿੱਚੋਂ ਇੱਕ ਨੂੰ ਦੋਸ਼ ਦੀ ਭੇਟ ਵਜੋਂ ਭੇਟ ਕਰੇਗਾ। ਉਹ ਉਸ ਲੇਲੇ ਅਤੇ ਤੇਲ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜਾਵੇਗਾ।
13 ਫ਼ੇਰ ਉਹ ਜਾਜਕ ਉਸ ਲੇਲੇ ਨੂੰ ਪਵਿੱਤਰ ਸਥਾਨ ਵਿੱਚ ਉਸ ਥਾਂ ਤੇ ਮਾਰੇਗਾ ਜਿਥੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਨੂੰ ਮਾਰਿਆ ਜਾਂਦਾ ਹੈ। ਦੋਸ਼ ਦੀ ਭੇਟ ਪਾਪ ਦੀ ਭੇਟ ਵਰਗੀ ਹੀ ਹੈ। ਇਹ ਜਾਜਕ ਦੀ ਹੈ ਅਤੇ ਇਹ ਅੱਤ ਪਵਿੱਤਰ ਹੈ।
14 “ਜਾਜਕ ਦੋਸ਼ ਦੀ ਭੇਟ ਦਾ ਥੋੜਾ ਜਿਹਾ ਖੂਨ ਲਵੇਗਾ। ਜਾਜਕ ਇਸ ਵਿੱਚੋਂ ਥੋੜਾ ਜਿਹਾ ਖੂਨ ਉਸ ਬੰਦੇ ਦੇ ਸੱਜੇ ਕੰਨ ਦੀ ਕਰੂੰਬਲ ਉੱਤੇ ਲਾਵੇਗਾ ਜਿਸਨੂੰ ਪਾਕ ਬਣਾਇਆ ਜਾਣਾ ਹੈ। ਜਾਜਕ ਇਸ ਖੂਨ ਵਿੱਚੋਂ ਥੋੜਾ ਜਿਹਾ ਉਸ ਬੰਦੇ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ।
15 ਜਾਜਕ ਥੋੜਾ ਜਿਹਾ ਜੈਤੂਨ ਦਾ ਤੇਲ ਆਪਣੀ ਖੱਬੀ ਹਥੇਲੀ ਉੱਤੇ ਪਾਵੇਗਾ।
16 ਫ਼ੇਰ ਜਾਜਕ ਆਪਣੇ ਸੱਜੇ ਹੱਥ ਦੀ ਉਂਗਲੀ ਆਪਣੀ ਖੱਬੀ ਹਥੇਲੀ ਉੱਤੇ ਰੱਖੇ ਤੇਲ ਵਿੱਚ ਡੋਬੇਗਾ ਅਤੇ ਉਸ ਤੇਲ ਨੂੰ ਸੱਤ ਵਾਰੀ ਯਹੋਵਾਹ ਦੇ ਸਾਮ੍ਹਣੇ ਛਿੜਕੇਗਾ।
17 ਫ਼ੇਰ ਜਾਜਕ ਆਪਣੀ ਹਥੇਲੀ ਤੋਂ ਕੁਝ ਤੇਲ ਲਵੇਗਾ ਅਤੇ ਉਸ ਵਿਅਕਤੀ ਤੇ ਪਾਵੇਗਾ ਜਿਸਨੂੰ ਪਾਕ ਬਣਾਇਆ ਜਾਣਾ ਹੈ। ਉਹ ਇਸ ਤੇਲ ਨੂੰ ਉਸ ਬੰਦੇ ਦੇ ਸੱਜੇ ਕੰਨ ਦੀ ਪਿਪਲੀ ਉੱਤੇ, ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾਵੇਗਾ। ਉਹ ਇਸ ਤੇਲ ਨੂੰ ਉਸ ਖੂਨ ਦੇ ਉੱਤੇ ਪਾਵੇਗਾ ਜਿਹੜਾ ਪਹਿਲਾਂ ਹੀ ਇਨ੍ਹਾਂ ਥਾਵਾਂ ਉੱਤੇ ਪਾਇਆ ਗਿਆ ਸੀ।
18 ਜਾਜਕ ਆਪਣੀ ਹਥੇਲੀ ਤੇ ਬਚੇ ਹੋਏ ਤੇਲ ਨੂੰ ਉਸ ਬੰਦੇ ਦੇ ਸਿਰ ਤੇ ਪਾਵੇਗਾ ਜਿਸਨੂੰ ਪਾਕ ਬਣਾਇਆ ਜਾਣਾ ਹੈ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਸਾਮ੍ਹਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।
19 “ਫ਼ੇਰ ਜਾਜਕ ਨੂੰ ਪਾਕ ਬਣਾਏ ਜਾਣ ਵਾਲੇ ਬੰਦੇ ਲਈ ਇੱਕ ਪਾਪ ਦੀ ਭੇਟ ਚੜਾਉਣੀ ਚਾਹੀਦੀ ਹੈ। ਉਹ ਉਸ ਪਾਪ ਦੀ ਭੇਟ ਨੂੰ ਚੜਾਵੇਗਾ ਅਤੇ ਉਸ ਬੰਦੇ ਲਈ ਪਰਾਸਚਿਤ ਕਰੇਗਾ। ਇਸਤੋਂ ਮਗਰੋਂ, ਜਾਜਕ ਹੋਮ ਦੀ ਭੇਟ ਲਈ ਜਾਨਵਰ ਨੂੰ ਮਾਰੇਗਾ। ਫ਼ੇਰ ਉਹ ਜਗਵੇਦੀ ਉੱਤੇ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਚੜਾਵੇਗਾ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਅੱਗੇ ਉਸ ਬੰਦੇ ਲਈ ਪਰਾਸਚਿਤ ਕਰੇਗਾ।
20
21 “ਪਰ ਜੇ ਬੰਦਾ ਗਰੀਬ ਹੈ ਅਤੇ ਉਨ੍ਹਾਂ ਚੜਾਵਿਆਂ ਦੀ ਉਸਦੀ ਪੁੱਜਤ ਨਹੀਂ ਤਾਂ ਉਸਨੂੰ ਦੋਸ਼ ਦੀ ਭੇਟ ਲਈ ਇੱਕ ਲੇਲਾ ਲੈਣਾ ਚਾਹੀਦਾ ਹੈ। ਇਹ ਹਿਲਾਉਣ ਦੀ ਭੇਟ ਹੋਵੇਗੀ ਤਾਂ ਜੋ ਜਾਜਕ ਉਸ ਬੰਦੇ ਨੂੰ ਸ਼ੁਧ ਬਣਾ ਸਕੇ। ਉਸਨੂੰ 8 ਕੱਪ ਤੇਲ ਮਿਲਿਆ ਮੈਦਾ ਲਿਆਉਣਾ ਚਾਹੀਦਾ ਹੈ। ਇਹ ਮੈਦਾ ਅਨਾਜ਼ ਦੀ ਭੇਟ ਲਈ ਵਰਤਿਆ ਜਾਵੇਗਾ। ਉਸ ਬੰਦੇ ਨੂੰ 2/3 ਪਿੰਟ ਜੈਤੂਨ ਦਾ ਤੇਲ ਲਿਆਉਣਾ ਚਾਹੀਦਾ ਹੈ।
22 ਉਸਨੂੰ ਦੋ ਘੁੱਗੀ ਜਾਂ ਦੋ ਕਬੂਤਰ ਲਿਆਉਣੇ ਚਾਹੀਦੇ ਹਨ ਜਿਨ੍ਹਾਂ ਨੂੰ ਕੋਈ ਵੀ ਦੇ ਸਕਦਾ ਹੈ। ਇੱਕ ਪੰਛੀ ਪਾਪ ਦੀ ਭੇਟ ਲਈ ਅਤੇ ਦੂਸਰਾ ਹੋਮ ਦੀ ਭੇਟ ਲਈ ਹੋਵੇਗਾ।
23 “ਅਠਵੇਂ ਦਿਨ, ਉਹ ਬੰਦਾ ਜਾਜਕ ਕੋਲ ਇਹ ਚੀਜ਼ਾਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਮ੍ਹਣੇ ਲੈਕੇ ਆਵੇਗਾ।
24 ਜਾਜਕ ਦੋਸ਼ ਦੀ ਭੇਟ ਦੇ ਲੇਲੇ ਅਤੇ ਤੇਲ ਨੂੰ ਲਾਵੇਗਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਭੇਟ ਕਰੇਗਾ।
25 ਫ਼ੇਰ ਜਾਜਕ ਦੀ ਦੋਸ਼ ਦੀ ਭੇਟ ਵਾਲੇ ਲੇਲੇ ਨੂੰ ਮਾਰੇਗਾ। ਉਹ ਦੋਸ਼ ਦੀ ਭੇਟ ਦਾ ਥੋੜਾ ਜਿਹਾ ਖੂਨ ਲੈਕੇ ਉਸ ਬੰਦੇ ਦੇ ਸੱਜੇ ਕੰਨ ਦੀ ਪਪੜੀ ਉੱਤੇ ਲਾਵੇਗਾ ਜਿਸਨੂੰ ਪਾਕ ਬਣਾਇਆ ਜਾਣਾ ਹੈ। ਉਹ ਉਸ ਖੂਨ ਵਿੱਚੋਂ ਥੋੜਾ ਜਿਹਾ ਖੂਨ ਉਸ ਬੰਦੇ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ।
26 ਜਾਜਕ ਇਹ ਥੋੜਾ ਜਿਹਾ ਤੇਲ ਆਪਣੀ ਖੱਬੀ ਤਲੀ ਉੱਤੇ ਪਾਵੇਗਾ।
27 ਜਾਜਕ ਆਪਣੇ ਸੱਜੇ ਹੱਥ ਦੀ ਉਂਗਲੀ ਨਾਲ ਆਪਣੇ ਖੱਬੇ ਹੱਥ ਦੀ ਹਥੇਲੀ ਤੋਂ ਥੋੜਾ ਜਿਹਾ ਤੇਲ ਯਹੋਵਾਹ ਦੇ ਸਾਮ੍ਹਣੇ ਸੱਤ ਵਾਰੀ ਛਿੜਕੇਗਾ।
28 ਫ਼ੇਰ ਜਾਜਕ ਆਪਣੀ ਹਥੇਲੀ ਉਤਲੇ ਤੇਲ ਵਿੱਚੋਂ ਕੁਝ ਉਨ੍ਹਾਂ ਥਾਵਾਂ ਉੱਤੇ ਪਾਵੇਗਾ ਜਿਥੇ ਉਸਨੇ ਦੋਸ਼ ਦੀ ਭੇਟ ਦਾ ਖੂਨ ਪਾਇਆ ਸੀ। ਉਹ ਤੇਲ ਪਾਕ ਬਣਾਏ ਜਾਣ ਵਾਲੇ ਬੰਦੇ ਦੇ ਸੱਜੇ ਕੰਨ ਦੀ ਪਪੜੀ ਉੱਤੇ ਲਾਵੇਗਾ। ਉਹ ਕੁਝ ਤੇਲ ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਕੁਝ ਤੇਲ ਉਸ ਬੰਦੇ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ।
29 ਜਾਜਕ ਆਪਣੀ ਹਥੇਲੀ ਤੇ ਬਚੇ ਹੋਏ ਤੇਲ ਨੂੰ ਪਾਕ ਬਣਾਏ ਜਾਣ ਵਾਲੇ ਬੰਦੇ ਦੇ ਸਿਰ ਉੱਤੇ ਪਾਵੇਗਾ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਸਾਮ੍ਹਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।
30 “ਫ਼ੇਰ ਜਾਜਕ ਘੁੱਗੀਆਂ ਜਾਂ ਕਬੂਤਰਾਂ ਵਿੱਚੋਂ ਇੱਕ ਨੂੰ ਭੇਟ ਕਰੇਗਾ। (ਉਸਨੂੰ ਉਹੀ ਭੇਟ ਕਰਨਾ ਚਾਹੀਦਾ ਹੈ ਜੋ ਕਿਸੇ ਬੰਦੇ ਦੀ ਪੁੱਜਤ ਹੈ।)
31 ਉਸਨੂੰ ਇਨ੍ਹਾਂ ਵਿੱਚੋਂ ਇੱਕ ਪੰਛੀ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਭੇਟ ਕਰਨਾ ਚਾਹੀਦਾ ਹੈ। ਉਸਨੂੰ ਪੰਛੀਆਂ ਨੂੰ ਅਨਾਜ਼ ਦੀ ਭੇਟ ਦੇ ਨਾਲ ਭੇਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਪਰਾਸਚਿਤ ਕਰੇਗਾ ਜਿਹੜਾ ਯਹੋਵਾਹ ਦੇ ਸਾਮ੍ਹਣੇ ਪਾਕ ਬਣਾਇਆ ਜਾ ਰਿਹਾ।”
32 ਇਹ ਨੇਮ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਆਪਣੇ ਚਮੜੀ ਦੇ ਰੋਗਾਂ ਤੋਂ ਰਾਜੀ ਹੋਏ ਹਨ ਪਰ ਪਾਕ ਹੋਣ ਲਈ ਬਲੀਆਂ ਦੇਣ ਦੇ ਸਮਰਥ ਨਹੀਂ ਹਨ।
33 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਇਹ ਵੀ ਆਖਿਆ,
34 “ਤੁਸੀਂ ਕਨਾਨ ਦੀ ਧਰਤੀ ਵਿੱਚ ਦਾਖਲ ਹੋਵੋਂਗੇ ਜਿਸਨੂੰ ਮੈਂ ਤੁਹਾਡੇ ਵਿਰਸੇ ਵਿੱਚੋਂ ਤੁਹਾਨੂੰ ਦੇ ਰਿਹਾ ਹਾਂ। ਉਥੇ ਮੈਂ ਕਿਸੇ ਬੰਦੇ ਦੇ ਘਰੇ ਫ਼ਫ਼ੂੰਦੀ ਉਗਾਉਣ ਦਾ ਕਾਰਣ ਬਣ ਸਕਦਾ ਹਾਂ।
35 ਜਿਹੜਾ ਬੰਦਾ ਉਸ ਘਰ ਦਾ ਮਾਲਕ ਹੈ ਉਸਨੂੰ ਜਾਜਕ ਕੋਲ ਆਕੇ ਇਹ ਆਖਣਾ ਚਾਹੀਦਾ ਹੈ, ‘ਮੈਨੂੰ ਆਪਣੇ ਘਰ ਵਿੱਚ ਫ਼ਫ਼ੂੰਦ ਵਰਗੀ ਕੋਈ ਚੀਜ਼ ਨਜ਼ਰ ਆਉਂਦੀ ਹੈ।’
36 “ਤਾਂ ਜਾਜਕ ਲੋਕਾਂ ਨੂੰ ਉਸ ਘਰ ਵਿੱਚੋਂ ਹਰ ਚੀਜ਼ ਨੂੰ ਬਾਹਰ ਕਢਣ ਦਾ ਹੁਕਮ ਦੇਵੇਗਾ। ਇਸਤੋਂ ਪਹਿਲਾਂ ਕਿ ਜਾਜਕ ਅੰਦਰ ਜਾਕੇ ਫ਼ਫ਼ੂੰਦ ਨੂੰ ਧਿਆਨ ਨਾਲ ਦੇਖੇਗਾ, ਲੋਕਾਂ ਨੂੰ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਫ਼ੇਰ ਜਾਜਕ ਨੂੰ ਇਹ ਨਹੀਂ ਕਹਿਣਾ ਪਵੇਗਾ ਕਿ ਘਰ ਦੀ ਹਰ ਚੀਜ਼ ਪਲੀਤ ਹੈ। ਜਦੋਂ ਲੋਕ ਘਰ ਵਿੱਚੋਂ ਹਰ ਚੀਜ਼ ਬਾਹਰ ਕਢ ਹਟਣਗੇ, ਜਾਜਕ ਘਰ ਨੂੰ ਅੰਦਰ ਜਾਕੇ ਧਿਆਨ ਨਾਲ ਦੇਖੇਗਾ।
37 ਜਾਜਕ ਫ਼ਫ਼ੂੰਦੀ ਦਾ ਧਿਆਨ ਨਾਲ ਨਿਰੀਖਣ ਕਰੇਗਾ। ਜੇ ਘਰ ਦੀਆਂ ਕੰਧਾਂ ਤੇ ਉੱਗੀ ਫ਼ਫ਼ੂੰਦੀ ਵਿੱਚ ਹਰੇ ਰੰਗ ਦੇ ਜਾਂ ਲਾਲ ਰੰਗ ਦੇ ਛੇਕ ਹਨ, ਅਤੇ ਜੇ ਫ਼ਫ਼ੂੰਦੀ ਕੰਧ ਦੀ ਸਤਹ ਤੋਂ ਡੂੰਘੇਰੀ ਦਿਖਾਈ ਦਿੰਦੀ ਹੈ,
38 ਜਾਜਕ ਨੂੰ ਘਰ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ ਅਤੇ ਘਰ ਨੂੰ ਸੱਤ ਦਿਨਾਂ ਲਈ ਤਾਲਾ ਲਾ ਦੇਣਾ ਚਾਹੀਦਾ ਹੈ।
39 “ਸੱਤਵੇਂ ਦਿਨ, ਜਾਜਕ ਨੂੰ ਵਾਪਸ ਆਕੇ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਫ਼ਫ਼ੂੰਦ ਘਰ ਦੀਆਂ ਕੰਧਾਂ ਉੱਤੇ ਫ਼ੈਲ ਗਈ ਹੈ,
40 ਤਾਂ ਜਾਜਕ ਨੂੰ ਲੋਕਾਂ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਫ਼ਫ਼ੂੰਦ ਲੱਗੇ ਪੱਥਰਾਂ ਨੂੰ ਖਿੱਚਕੇ ਬਾਹਰ ਸੁੱਟ ਦੇਣ। ਉਨ੍ਹਾਂ ਨੂੰ ਇਹ ਪੱਥਰ ਸ਼ਹਿਰ ਤੋਂ ਬਾਹਰ ਕਿਸੇ ਖਾਸ ਪਲੀਤ ਥਾਂ ਉੱਤੇ ਸੁੱਟਣੇ ਚਾਹੀਦੇ ਹਨ।
41 ਫ਼ੇਰ ਜਾਜਕ ਨੂੰ ਲੋਕਾਂ ਤੋਂ ਸਾਰੇ ਘਰ ਨੂੰ ਖੁਰਚਵਾ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਉਹ ਖੁਰਚਿਆ ਹੋਇਆ ਪਲਸਤਰ ਸ਼ਹਿਰ ਤੋਂ ਬਾਹਰ ਖਾਸ ਨਾਪਾਕ ਥਾਂ ਤੇ ਸੁੱਟ ਦੇਣਾ ਚਾਹੀਦਾ ਹੈ।
42 ਫ਼ੇਰ ਮਾਲਕ ਨੂੰ ਕੰਧਾਂ ਵਿੱਚ ਨਵੇਂ ਪੱਥਰ ਲਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਕੰਧਾਂ ਉੱਤੇ ਨਵਾਂ ਪਲਸਤਰ ਕਰਨਾ ਚਾਹੀਦਾ ਹੈ।
43 “ਹੋ ਸਕਦਾ ਹੈ ਕਿ ਕੋਈ ਬੰਦਾ ਪੁਰਾਣੇ ਪੱਥਰਾਂ ਅਤੇ ਪਲਸਤਰ ਨੂੰ ਚੁੱਕ ਲਵੇ ਅਤੇ ਨਵੇਂ ਪੱਥਰਾਂ ਅਤੇ ਪਲਸਤਰ ਵਿੱਚ ਮਿਲਾ ਦੇਵੇ। ਅਤੇ ਹੋ ਸਕਦਾ ਹੈ ਕਿ ਉਸ ਘਰ ਵਿੱਚ ਫ਼ਫ਼ੂੰਦ ਇੱਕ ਵਾਰ ਫ਼ੇਰ ਦਿਖਾਈ ਦੇਵੇ।
44 ਤਾਂ ਜਾਜਕ ਨੂੰ ਅੰਦਰ ਆਕੇ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਫ਼ਫ਼ੂੰਦੀ ਘਰ ਵਿੱਚ ਫ਼ੈਲ ਗਈ ਹੈ, ਇਹ ਨੁਕਸਾਨਦੇਹ ਫ਼ਫ਼ੂੰਦੀ ਹੈ। ਇਸ ਲਈ ਉਹ ਘਰ ਪਲੀਤ ਹੈ।
45 ਉਸ ਬੰਦੇ ਨੂੰ ਘਰ, ਇਸਦੇ ਪੱਥਰ, ਇਸ ਦੀਆਂ ਲੱਕੜਾਂ ਅਤੇ ਇਸਦਾ ਸਾਰਾ ਪਲਸਤਰ ਉਧੇੜ ਦੇਣਾ ਚਾਹੀਦਾ ਹੈ। ਲੋਕਾਂ ਨੂੰ ਘਰ ਦਾ ਸਾਰਾ ਮਲਬਾ ਸ਼ਹਿਰ ਤੋਂ ਬਾਹਰ ਖਾਸ ਪਲੀਤ ਥਾਂ ਤੇ ਸੁੱਟ ਦੇਣਾ ਚਾਹੀਦਾ ਹੈ।
46 ਕੋਈ ਵੀ ਬੰਦਾ ਜੋ ਉਸ ਘਰ ਵਿੱਚ ਜਾਂਦਾ ਹੈ ਜਦ ਉਹ ਘਰ ਬੰਦ ਪਿਆ ਹੋਵੇ, ਤਾਂ ਉਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ।
47 ਜੇ ਕੋਈ ਬੰਦਾ ਉਸ ਘਰ ਵਿੱਚ ਭੋਜਨ ਕਰਦਾ ਹੈ ਜਾਂ ਲੇਟ ਜਾਂਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ।
48 “ਜਦੋਂ ਕਿਸੇ ਘਰ ਵਿੱਚ ਨਵੇਂ ਪੱਥਰ ਤੇ ਚੂਨਾ ਲੱਗ ਜਾਵੇ, ਜਾਜਕ ਨੂੰ ਉਸ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਘਰ ਵਿੱਚ ਫ਼ਫ਼ੂੰਦ ਨਹੀਂ ਫ਼ੈਲੀ ਹੋਈ ਤਾਂ ਜਾਜਕ ਇਹ ਐਲਾਨ ਕਰੇਗਾ ਕਿ ਘਰ ਪਾਕ ਹੈ। ਕਿਉਂਕਿ ਫ਼ਫ਼ੂੰਦ ਚਲੀ ਗਈ ਹੈ।
49 “ਫ਼ੇਰ, ਘਰ ਨੂੰ ਪਾਕ ਬਨਾਉਣ ਲਈ, ਜਾਜਕ ਨੂੰ ਦੋ ਪੰਛੀ, ਦਿਆਰ ਦੀ ਲੱਕੜ ਦਾ ਇੱਕ ਟੁਕੜਾ ਅਤੇ ਲਾਲ ਕੱਪੜੇ ਦੀ ਟਾਕੀ ਅਤੇ ਜ਼ੂਫ਼ਾ ਲੈਣਾ ਚਾਹੀਦਾ ਹੈ।
50 ਜਾਜਕ ਇੱਕ ਪੰਛੀ ਨੂੰ ਵਗਦੇ ਪਾਣੀ ਉੱਤੇ ਮਿੱਟੀ ਦੇ ਬਰਤਨ ਵਿੱਚ ਜ਼ਿਬਹ ਕਰੇਗਾ।
51 ਫ਼ੇਰ ਜਾਜਕ ਦਿਆਰ ਦੀ ਲੱਕੜ, ਜ਼ੂਫ਼ਾ, ਲਾਲ ਕੱਪੜੇ ਦੀ ਟਾਕੀ ਅਤੇ ਜਿਉਂਦੇ ਪੰਛੀ ਨੂੰ ਲਵੇਗਾ। ਉਹ ਇਨ੍ਹਾਂ ਚੀਜ਼ਾਂ ਨੂੰ ਉਸ ਪੰਛੀ ਦੇ ਖੂਨ ਵਿੱਚ ਡੁਬੋਵੇਗਾ ਜਿਸ ਨੂੰ ਵਗਦੇ ਪਾਣੀ ਵਿੱਚ ਮਾਰਿਆ ਗਿਆ ਸੀ। ਫ਼ੇਰ ਉਹ ਖੂਨ ਨੂੰ ਸੱਤ ਵਾਰੀ ਉਸ ਘਰ ਉੱਤੇ ਛਿੜਕੇਗਾ।
52 ਜਾਜਕ ਉਨ੍ਹਾਂ ਚੀਜ਼ਾਂ ਦੀ ਇਹ ਵਰਤੋਂ ਘਰ ਨੂੰ ਪਾਕ ਬਨਾਉਣ ਲਈ ਕਰੇਗਾ।
53 ਜਾਜਕ ਸ਼ਹਿਰ ਤੋਂ ਬਾਹਰ ਖੁਲ੍ਹੇ ਖੇਤਾਂ ਵਿੱਚ ਜਾਵੇਗਾ ਅਤੇ ਜਿਉਂਦੇ ਪੰਛੀ ਨੂੰ ਉਡਾ ਦੇਵੇਗਾ। ਇਸ ਤਰ੍ਹਾਂ, ਜਾਜਕ ਉਸ ਘਰ ਲਈ ਪਰਾਸਚਿਤ ਕਰੇਗਾ ਅਤੇ ਇਸਨੂੰ ਪਾਕ ਘੋਸ਼ਿਤ ਕਰ ਦੇਵੇਗਾ।”
54 ਇਹ ਨੇਮ ਕੋੜ ਦੀ ਕਿਸੇ ਵੀ ਛੂਤ ਲਈ,
55 ਕੱਪੜਿਆਂ ਉੱਤੇ ਜਾਂ ਘਰ ਵਿੱਚ ਲਗੀ ਫ਼ਫ਼ੂੰਦ ਲਈ ਹਨ।
56 ਇਹ ਨੇਮ ਚਮੜੀ ਉੱਤੇ ਉਭਰੀ ਸੋਜ਼ਿਸ਼, ਪਪੜੀ ਜਾਂ ਚਮਕੀਲੇ ਧਬਿਆਂ ਲਈ ਹਨ।
57 ਇਹ ਨੇਮ ਸਿਖਾਉਂਦੇ ਹਨ ਕਿ ਕਦੋਂ ਚੀਜ਼ਾਂ ਨਾਪਾਕ ਹੁੰਦੀਆਂ ਹਨ ਅਤੇ ਕਦੋਂ ਚੀਜ਼ਾਂ ਪਲੀਤ ਹੁੰਦੀਆਂ ਹਨ। ਇਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਲਈ ਨੇਮ ਹਨ।
ਕਾਂਡ 15

1 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਇਹ ਵੀ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖੋ; ਜਦੋਂ ਕਿਸੇ ਬੰਦੇ ਦੇ ਸ਼ਰੀਰ ਵਿੱਚੋਂ ਦ੍ਰਵ ਨਿਕਲ ਰਿਹਾ ਹੋਵੇ, ਤਾਂ ਉਹ ਪਲੀਤ ਹੈ।
3 ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਉਸਦੇ ਸ਼ਰੀਰ ਵਿੱਚੋਂ ਇਹ ਚੀਜ਼ ਵਗਣਾ ਜਾਰੀ ਰੱਖਦੀ ਹੈ ਜਾਂ ਉਸਦਾ ਸ਼ਰੀਰ ਇਸਨੂੰ ਵਗਣ ਤੋਂ ਰੋਕ ਦਿੰਦਾ ਹੈ।
4 “ਜੇ ਉਹ ਬੰਦਾ, ਜਿਸਦੇ ਸ਼ਰੀਰ ਵਿੱਚੋਂ ਕੋਈ ਚੀਜ਼ ਵਗਦੀ ਹੈ, ਕਿਸੇ ਬਿਸਤਰੇ ਉੱਤੇ ਲੇਟਿਆ ਹੈ, ਤਾਂ ਉਹ ਬਿਸਤਰਾ ਪਲੀਤ ਹੋ ਜਾਂਦਾ ਹੈ। ਉਹ ਹਰ ਚੀਜ਼, ਜਿਸ ਉੱਤੇ ਉਹ ਬੰਦਾ ਬੈਠਦਾ ਹੈ, ਪਲੀਤ ਹੋ ਜਾਂਦੀ ਹੈ।
5 ਜੇ ਕੋਈ ਉਸ ਬੰਦੇ ਦੇ ਬਿਸਤਰੇ ਨੂੰ ਛੂਹ ਲੈਂਦਾ ਹੈ, ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
6 ਜੇ ਕੋਈ ਬੰਦਾ ਕਿਸੇ ਐਸੀ ਚੀਜ਼ ਉੱਤੇ ਬੈਠਦਾ ਹੈ ਜਿਸ ਉੱਤੇ ਵਗਦੀ ਹੋਈ ਚੀਜ਼ ਵਾਲਾ ਬੰਦਾ ਬੈਠਿਆ ਸੀ ਤਾਂ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
7 ਇਸਤੋਂ ਇਲਾਵਾ, ਜੇ ਕੋਈ ਬੰਦਾ ਪ੍ਰਮੇਹ ਵਾਲੇ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
8 “ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਪਾਕ ਬੰਦੇ ਉੱਤੇ ਥੁਕ੍ਕ ਸੁੱਟਦਾ ਹੈ ਤਾਂ ਉਸ ਪਾਕ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ।
9 ਸਵਾਰੀ ਕਰਦੇ ਵਕਤ ਪ੍ਰਮੇਹ ਵਾਲਾ ਬੰਦਾ ਜਿਸ ਕਾਸੇ ਤੇ ਵੀ ਬੈਠਦਾ ਹੈ ਪਲੀਤ ਹੋ ਜਾਂਦੀ ਹੈ।
10 ਇਸ ਲਈ ਜੋ ਵੀ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂਹ ਲੈਂਦਾ ਹੈ ਜਿਹੜੀਆਂ ਪ੍ਰਮੇਹ ਵਾਲੇ ਬੰਦੇ ਦੇ ਹੇਠਾਂ ਸਨ, ਸ਼ਾਮ ਤੱਕ ਪਲੀਤ ਰਹੇਗਾ। ਜਿਹੜਾ ਬੰਦਾ ਇਨ੍ਹਾਂ ਚੀਜ਼ਾਂ ਨੂੰ ਚੁੱਕਦਾ ਜਿਹੜੀਆਂ ਪ੍ਰਮੇਹ ਵਾਲੇ ਬੰਦੇ ਦੇ ਹੇਠਾਂ ਸਨ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ।
11 ਅਜਿਹਾ ਵੀ ਵਾਪਸ ਸਕਦਾ ਹੈ ਕਿ ਪ੍ਰਮੇਹ ਵਾਲੇ ਬੰਦੇ ਨੇ ਆਪਣੇ ਹੱਥ ਨਹੀਂ ਧੋਤੇ ਅਤੇ ਕਿਸੇ ਦੂਸਰੇ ਬੰਦੇ ਨੂੰ ਛੂਹ ਲਿਆ ਹੋਵੇ। ਤਾਂ ਦੂਸਰੇ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
12 “ਪਰ ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਮਿੱਟੀ ਦੇ ਭਾਂਡੇ ਨੂੰ ਛੂਹ ਲੈਂਦਾ ਹੈ, ਤਾਂ ਉਹ ਭਾਂਡਾ ਤੋੜ ਦੇਣਾ ਚਾਹੀਦਾ ਹੈ। ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਲੱਕੜ ਦੇ ਬਰਤਨ ਨੂੰ ਛੂਹ ਲੈਂਦਾ ਹੈ ਤਾਂ ਉਸ ਬਰਤਨ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।
13 “ਜਦੋਂ ਕੋਈ ਪ੍ਰਮੇਹ ਵਾਲਾ ਬੰਦਾ ਪਾਕ ਬਣਾਏ ਜਾਣ ਲਈ ਤਿਆਰ ਹੁੰਦਾ ਹੈ, ਉਸਨੂੰ ਪਾਕ ਬਣਾਏ ਜਾਣ ਤੋਂ ਪਹਿਲਾਂ ਸੱਤ ਦਿਨ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ।
14 ਅਠਵੇਂ ਦਿਨ, ਉਹ ਬੰਦਾ ਦੋ ਘੁੱਗੀਆਂ ਜਾਂ ਦੋ ਕਬੂਤਰ ਲੈਕੇ ਆਵੇ। ਉਸਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਮ੍ਹਣੇ ਆਉਣਾ ਚਾਹੀਦਾ ਹੈ। ਉਹ ਦੋਵੇਂ ਪੰਛੀ ਜਾਜਕ ਨੂੰ ਦੇਵੇਗਾ।
15 ਜਾਜਕ ਪੰਛੀਆਂ ਨੂੰ, ਇੱਕ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜਾਵੇਗਾ। ਇਸ ਤਰ੍ਹਾਂ, ਜਾਜਕ ਯਹੋਵਾਹ ਦੇ ਸਾਮ੍ਹਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।
16 “ਜੇਕਰ ਕੋਈ ਬੰਦਾ ਵੀਰਜ ਵਗਾਉਂਦਾ, ਉਸ ਨੂੰ ਆਪਣੇ-ਆਪ ਨੂੰ ਪਾਣੀ ਵਿੱਚ ਪੂਰੀ ਤਰ੍ਹਾਂ ਧੋਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
17 ਜੇ ਵੀਰਜ ਕਿਸੇ ਕੱਪੜੇ ਜਾਂ ਚਮੜੇ ਉੱਤੇ ਹੈ, ਇਸਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ ਹੈ। ਇਹ ਸ਼ਾਮ ਤੱਕ ਪਲੀਤ ਰਹੇਗਾ।
18 ਜੇ ਕੋਈ ਬੰਦਾ ਕਿਸੇ ਔਰਤ ਨਾਲ ਸੰਭੋਗ ਕਰਦਾ ਹੈ, ਆਦਮੀ ਤੇ ਔਰਤ, ਦੋਹਾਂ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹਿਣਗੇ।
19 “ਜੇ ਕਿਸੇ ਔਰਤ ਦਾ ਮਾਹਵਾਰੀ ਸਮੇਂ ਖੂਨ ਵਗਦਾ ਹੈ, ਤਾਂ ਉਹ ਸੱਤ ਦਿਨਾਂ ਤੱਕ ਪਲੀਤ ਰਹੇਗੀ। ਜੇ ਕੋਈ ਬੰਦਾ ਉਸਨੂੰ ਛੂਹ ਲੈਂਦਾ ਹੈ, ਤਾਂ ਉਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ।
20 ਇਸਤੋਂ ਇਲਾਵਾ ਹਰ ਉਹ ਚੀਜ਼ ਜਿਸ ਉੱਤੇ ਮਾਹਵਾਰੀ ਸਮੇਂ ਵਾਲੀ ਔਰਤ ਲੇਟਦੀ ਹੈ। ਪਲੀਤ ਹੋ ਜਾਵੇਗੀ। ਅਤੇ ਹਰ ਉਹ ਚੀਜ਼, ਜਿਸ ਉੱਤੇ ਉਹ ਉਸ ਸਮੇਂ ਦੌਰਾਨ ਬੈਠਦੀ ਹੈ, ਪਲੀਤ ਹੋ ਜਾਵੇਗੀ।
21 ਜੇ ਕੋਈ ਬੰਦਾ ਉਸ ਔਰਤ ਦੇ ਬਿਸਤਰੇ ਨੂੰ ਛੂੰਹਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਨਹਾਉਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ।
22 ਜੇ ਕੋਈ ਵੀ ਕਿਸੇ ਅਜਿਹੀ ਚੀਜ਼ ਨੂੰ ਛੂੰਹਦਾ ਹੈ ਜਿਸ ਉੱਤੇ ਉਹ ਔਰਤ ਬੈਠੀ ਸੀ, ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ? ਉਹ ਸ਼ਾਮ ਤੱਕ ਪਲੀਤ ਰਹੇਗਾ।
23 ਜੇ ਕੋਈ ਬੰਦਾ ਕਿਸੇ ਉਸ ਚੀਜ਼ ਨੂੰ ਛੂਹਦਾ ਜੋ ਬਿਸਤਰੇ ਉੱਤੇ ਸੀ ਜਾਂ ਜਿਸ ਉੱਤੇ ਉਹ ਬੈਠੀ ਹੋਈ ਸੀ, ਉਹ ਸ਼ਾਮ ਤੱਕ ਪਲੀਤ ਰਹੇਗਾ।
24 “ਜੇ ਕੋਈ ਆਦਮੀ ਕਿਸੇ ਔਰਤ ਨਾਲ ਉਸਦੇ ਮਾਹਵਾਰੀ ਸਮੇਂ ਦੌਰਾਨ, ਸੰਭੋਗ ਕਰਦਾ ਹੈ, ਉਹ ਸੱਤਾਂ ਦਿਨਾਂ ਤੱਕ ਪਲੀਤ ਰਹੇਗਾ। ਹਰ ਉਹ ਬਿਸਤਰ ਜਿਸ ਉੱਤੇ ਉਹ ਆਦਮੀ ਸੌਵੇਗਾ, ਪਲੀਤ ਹੋਵੇਗਾ।
25 “ਜੇ ਕਿਸੇ ਔਰਤ ਨੂੰ ਬਹੁਤ ਦਿਨ ਲਈ ਖੂਨ ਪੈਂਦਾ ਹੈ, ਆਪਣੇ ਮਾਹਵਾਰੀ ਸਮੇਂ ਤੋਂ ਬਿਨਾ, ਜਾਂ ਜੇ ਉਸਨੂੰ ਮਾਹਵਾਰੀ ਦੇ ਸਮੇਂ ਤੋਂ ਵਧ ਖੂਨ ਪੈਂਦਾ ਹੈ, ਤਾਂ ਉਹ ਮਾਹਵਾਰੀ ਸਮੇਂ ਵਾਂਗ ਹੀ ਪਲੀਤ ਹੋਵੇਗੀ।
26 ਖੂਨ ਪੈਣ ਦੇ ਸਮੇਂ ਦੌਰਾਨ ਜਿਹੜੇ ਬਿਸਤਰੇ ਉੱਤੇ ਉਹ ਔਰਤ ਲੇਟਦੀ ਹੈ ਉਹ ਉਸਦੇ ਮਾਹਵਾਰੀ ਸਮੇਂ ਦੇ ਬਿਸਤਰੇ ਵਰਗਾ ਹੀ ਹੋਵੇਗਾ। ਹਰ ਉਹ ਚੀਜ਼ ਜਿਸ ਉੱਤੇ ਉਹ ਔਰਤ ਬੈਠਦੀ ਹੈ ਉਹ ਉਸੇ ਤਰ੍ਹਾਂ ਪਲੀਤ ਹੋਵੇਗੀ ਜਿਵੇਂ ਉਹ ਮਾਹਵਾਰੀ ਦੇ ਦੌਰਾਨ ਹੁੰਦੀ ਹੈ।
27 ਜੇ ਕੋਈ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂੰਹਦਾ ਹੈ ਤਾਂ ਉਹ ਬੰਦਾ ਪਲੀਤ ਹੋਵੇਗਾ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
28 ਔਰਤ ਦੇ ਖੂਨ ਬੰਦ ਹੋਣ ਤੋਂ ਮਗਰੋਂ, ਉਸਨੂੰ ਸੱਤਾਂ ਦਿਨਾਂ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋਵੇਗੀ।
29 ਫ਼ੇਰ ਅਠਵੇਂ ਦਿਨ, ਔਰਤ ਨੂੰ ਦੋ ਘੁੱਗੀਆਂ ਜਾਂ ਦੋ ਕਬੂਤਰ ਲੈਕੇ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਤੇ ਜਾਜਕ ਕੋਲ ਲੈਕੇ ਆਉਣਾ ਚਾਹੀਦਾ ਹੈ।
30 ਫ਼ੇਰ ਜਾਜਕ ਨੂੰ ਪੰਛੀ, ਇੱਕ ਪੰਛੀ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਉਸ ਲਈ ਯਹੋਵਾਹ ਦੇ ਸਾਮ੍ਹਣੇ ਉਸਦੇ ਨਾਪਾਕ ਖੂਨ ਵਗਣ ਖਾਤਰ ਪਰਾਸਚਿਤ ਕਰੇਗਾ।
31 “ਇਸ ਤਰ੍ਹਾਂ ਤੁਹਾਨੂੰ ਇਸਰਾਏਲ ਦੇ ਲੋਕਾਂ ਨੂੰ ਪਲੀਤ ਹੋਣ ਬਾਰੇ ਚੇਤਾਵਨੀ ਦੇਣੀ ਚਾਹੀਦੀ ਹੈ। ਜੇ ਤੁਸੀਂ ਚੇਤਾਵਨੀ ਨਹੀਂ ਦਿਉਂਗੇ, ਤਾਂ ਹੋ ਸਕਦਾ ਹੈ ਕਿ ਉਹ ਮੇਰੇ ਪਵਿੱਤਰ ਤੰਬੂ ਨੂੰ ਪਲੀਤ ਕਰ ਦੇਣ। ਅਤੇ ਫ਼ੇਰ ਉਨ੍ਹਾਂ ਨੂੰ ਮਰਨਾ ਪਵੇਗਾ।”
32 ਇਹ ਬਿਧੀਆਂ ਪ੍ਰਮੇਹ ਵਾਲੇ ਲੋਕਾਂ ਅਤੇ ਉਨ੍ਹਾਂ ਆਦਮੀਆਂ ਲਈ ਹਨ ਜਿਨ੍ਹਾਂ ਦਾ ਵੀਰਜ ਵਗ ਜਾਵੇ ਅਤੇ ਇਸ ਕਾਰਣ ਪਲੀਤ ਹੋ ਜਾਣ।
33 ਇਹ ਬਿਧੀਆਂ ਉਨ੍ਹਾਂ ਔਰਤਾਂ ਲਈ ਹਨ ਜਿਹੜੀਆਂ ਆਪਣੇ ਮਾਹਵਾਰੀ ਦੇ ਖੂਨ ਨਾਲ ਪਲੀਤ ਹੋ ਜਾਂਦੀਆਂ ਹਨ। ਇਹ ਬਿਧੀਆਂ ਹਰ ਉਸ ਵਿਅਕਤੀ ਲਈ ਹਨ ਜਿਸਨੂੰ ਅਸੁਭਾਵਿਕ ਪ੍ਰਮੇਹ ਹੋਵੇ ਅਤੇ ਉਸ ਆਦਮੀ ਲਈ ਹਨ ਜਿਹੜਾ ਕਿਸੇ ਨਾਪਾਕ ਔਰਤ ਨਾਲ ਸੰਭੋਗ ਕਰਦਾ ਹੈ।
ਕਾਂਡ 16

1 ਹਾਰੂਨ ਦੇ ਦੋ ਪੁੱਤਰ ਉਦੋਂ ਮਾਰੇ ਗਏ ਜਦੋਂ ਉਹ ਯਹੋਵਾਹ ਦੇ ਨੇੜੇ ਆਏ। ਉਸਤੋਂ ਬਾਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ।
2 ਅਤੇ ਆਖਿਆ, “ਆਪਣੇ ਭਰਾ ਹਾਰੂਨ ਨੂੰ ਆਖ ਕਿ ਜਦੋਂ ਉਹ ਚਾਹੇ ਅੱਤ ਪਵਿੱਤਰ ਸਥਾਨ ਵਿੱਚ ਪਰਦੇ ਦੇ ਪਿਛੇ ਪਵਿੱਤਰ ਸੰਦੂਕ ਦੇ ਸਾਮ੍ਹਣੇ ਨਾ ਜਾਵੇ, ਨਹੀਂ ਤਾਂ ਉਹ ਮਾਰਿਆ ਜਾਵੇਗਾ। ਪਵਿੱਤਰ ਸੰਦੂਕ ਉਸ ਕਮਰੇ ਵਿੱਚ ਉਸ ਪਰਦੇ ਦੇ ਪਿਛੇ ਹੈ ਅਤੇ ਇਸ ਉੱਤੇ ਇੱਕ ਖਾਸ ਕੱਜਣ ਪਾਇਆ ਹੋਇਆ ਹੈ। ਜੇਕਰ ਹਾਰੂਨ ਉਸ ਕਮਰੇ ਅੰਦਰ ਜਾਵੇਗਾ, ਉਹ ਮਰ ਜਾਵੇਗਾ। ਕਿਉਂਕਿ ਮੈਂ ਉਸ ਖਾਸ ਕੱਜਣ ਉੱਤੇ ਇੱਕ ਬੱਦਲ ਵਿੱਚ ਪ੍ਰਗਟ ਹੁੰਦਾ ਹਾਂ।
3 “ਇਹ ਤਰੀਕਾ ਜਿਸ ਤਰ੍ਹਾਂ ਹਾਰੂਨ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋ ਸਕਦਾ; ਉਸਨੂੰ ਇੱਕ ਬਲਦ ਪਾਪ ਦੀ ਭੇਟ ਵਜੋਂ ਅਤੇ ਇੱਕ ਭੇਡੂ ਹੋਮ ਦੀ ਭੇਟ ਵਜੋਂ ਚੜਾਉਣਾ ਚਾਹੀਦਾ ਹੈ।
4 ਹਾਰੂਨ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਫ਼ੇਰ ਉਸਨੂੰ ਇਹ ਕੱਪੜੇ ਪਹਿਨਣੇ ਚਾਹੀਦੇ ਹਨ; ਉਸਨੂੰ ਲਿਨਨ ਦੀ ਪਵਿੱਤਰ ਕਮੀਜ਼ ਪਹਿਨਣੀ ਚਾਹੀਦੀ ਹੈ। ਉਸਦੇ ਤਨ ਉੱਤੇ ਲਿਨਨ ਦੇ ਅੰਦਰਲੇ ਵਸਤਰ ਪਹਿਲਾਂ ਹੋਣਗੇ। ਉਸਨੂੰ ਆਪਣੇ ਲੱਕ ਦੁਆਲੇ ਲਿਨਨ ਦੀ ਪੇਟੀ ਬੰਨ੍ਹਣੀ ਚਾਹੀਦੀ ਹੈ ਅਤੇ ਲਿਨਨ ਦੀ ਪਗੜੀ ਬੰਨ੍ਹਣੀ ਚਾਹੀਦੀ ਹੈ। ਇਹ ਪਵਿੱਤਰ ਕੱਪੜੇ ਹਨ।
5 “ਹਾਰੂਨ ਨੂੰ ਇਸਰਾਏਲ ਦੇ ਲੋਕਾਂ ਕੋਲੋਂ ਦੋ ਬੱਕਰੇ ਪਾਪ ਦੀ ਭੇਟ ਲਈ ਅਤੇ ਇੱਕ ਭੇਡੂ ਹੋਮ ਦੀ ਭੇਟ ਲਈ ਲੈਣਾ ਚਾਹੀਦਾ ਹੈ।
6 ਹਾਰੂਨ ਨੂੰ ਆਪਣੇ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜਾਉਣਾ ਚਾਹੀਦਾ ਹੈ। ਹਾਰੂਨ ਨੂੰ ਆਪਣੇ-ਆਪ ਲਈ ਅਤੇ ਆਪਣੇ ਪਰਿਵਾਰ ਖਾਤਰ ਪਰਾਸਚਿਤ ਕਰਨ ਲਈ ਅਜਿਹਾ ਕਰਨਾ ਚਾਹੀਦਾ ਹੈ।
7 “ਫ਼ੇਰ ਹਾਰੂਨ ਨੂੰ ਦੋ ਬੱਕਰੇ ਲੈਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਕੇ ਯਹੋਵਾਹ ਦੇ ਸਾਮ੍ਹਣੇ ਪੇਸ਼ ਕਰਨਾ ਚਾਹੀਦਾ ਹੈ।
8 ਹਾਰੂਨ ਦੋਹਾਂ ਬਕਰਿਆਂ ਲਈ ਪਰਚੀਆਂ ਪਾਵੇਗਾ। ਇੱਕ ਪਰਚੀ ਯਹੋਵਾਹ ਲਈ ਹੋਵੇਗੀ ਅਤੇ ਦੂਸਰੀ ਅਜ਼ਾਜ਼ੇਲ ਲਈ ਹੋਵੇਗੀ।
9 “ਫ਼ੇਰ ਹਾਰੂਨ ਯਹੋਵਾਹ ਲਈ ਪਾਈ ਪਰਚੀ ਨਾਲ ਚੁਣੇ ਹੋਏ ਬੱਕਰੇ ਨੂੰ ਭੇਟ ਕਰੇਗਾ। ਹਾਰੂਨ ਨੂੰ ਇਹ ਭੇਟ ਪਾਪ ਦੀ ਭੇਟ ਲਈ ਦੇਣੀ ਚਾਹੀਦੀ ਹੈ।
10 ਪਰ ਅਜ਼ਾਜ਼ੇਲ ਲਈ ਪਾਈ ਪਰਚੀ ਨਾਲ ਚੁਣੇ ਹੋਏ ਬੱਕਰੇ ਨੂੰ ਯਹੋਵਾਹ ਦੇ ਸਾਮ੍ਹਣੇ ਜਿਉਂਦਿਆਂ ਲਿਆਂਦਾ ਜਾਵੇ। ਫ਼ੇਰ ਇਹ ਬਕਰਾ ਅਜ਼ਾਜ਼ੇਲ ਲਈ ਮਾਰੂਥਲ ਵਿੱਚ ਭੇਜ ਦਿੱਤਾ ਜਾਵੇਗਾ। ਇਹਲੋਕਾਂ ਖਾਤਰ ਪਰਾਸਚਿਤ ਕਰਨ ਲਈ ਹੈ।
11 “ਫ਼ੇਰ ਹਾਰੂਨ ਆਪਣੇ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਭੇਟ ਕਰੇਗਾ। ਹਾਰੂਨ ਨੂੰ ਆਪਣੇ-ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸ਼ੁਧ ਬਨਾਉਣ ਲਈ ਅਜਿਹਾ ਕਰਨਾ ਚਾਹੀਦਾ।
12 ਫ਼ੇਰ ਉਸਨੂੰ ਯਹੋਵਾਹ ਦੇ ਸਾਮ੍ਹਣੇ ਜਗਵੇਦੀ ਤੋਂ ਅੱਗ ਦੇ ਕੋਲਿਆਂ ਦਾ ਇੱਕ ਕੜਛਾ ਲੈਣਾ ਚਾਹੀਦਾ ਹੈ। ਹਾਰੂਨ ਪੀਸੀ ਹੋਈ ਸੁਗੰਧਤ ਧੂਫ਼ ਦੀਆਂ ਦੋ ਮਠੀਆਂ ਲਵੇਗਾ। ਹਾਰੂਨ ਇਸ ਧੂਫ਼ ਨੂੰ ਕਮਰੇ ਵਿੱਚ ਪਰਦੇ ਦੇ ਪਿਛੇ ਲੈਕੇ ਆਵੇਗਾ।
13 ਹਾਰੂਨ ਧੂਫ਼ ਨੂੰ ਯਹੋਵਾਹ ਦੇ ਸਾਮ੍ਹਣੇ ਅੱਗ ਉੱਤੇ ਪਾਵੇਗਾ। ਫ਼ੇਰ ਧੂਫ਼ ਦਾ ਬੱਦਲ ਇਕਰਾਰਨਾਮੇ ਦੇ ਉੱਪਰ ਕੱਜਣ ਉਪਰ ਫ਼ੈਲ ਜਾਵੇਗਾ। ਇਸ ਤਰ੍ਹਾਂ ਹਾਰੂਨ ਮਰੇਗਾ ਨਹੀਂ।
14 ਹਾਰੂਨ ਬਲਦ ਦਾ ਕੁਝ ਖੂਨ ਲਵੇਗਾ ਅਤੇ ਇਸਨੂੰ ਖਾਸ ਕੱਜਣ ਦੇ ਪੂਰਬ ਵੱਲ ਛਿੜਕੇਗਾ। ਫ਼ੇਰ ਉਹ ਇਸ ਖੂਨ ਨੂੰ ਆਪਣੀ ਉਂਗਲੀ ਨਾਲ ਖਾਸ ਕੱਜਣ ਦੇ ਸਾਮ੍ਹਣੇ ਸੱਤ ਵਾਰੀ ਛਿੜਕੇਗਾ।
15 “ਫ਼ੇਰ ਹਾਰੂਨ ਨੂੰ ਲੋਕਾਂ ਲਈ ਪਾਪ ਚੜਾਵੇ ਵਜੋਂ ਇੱਕ ਬੱਕਰੇ ਨੂੰ ਮਾਰਨਾ ਚਾਹੀਦਾ ਹੈ। ਉਸਨੂੰ ਇਸ ਬੱਕਰੇ ਦਾ ਖੂਨ ਪਰਦੇ ਦੇ ਪਿਛਲੇ ਕਮਰੇ ਵਿੱਚ ਲਿਆਉਣਾ ਚਾਹੀਦਾ ਹੈ। ਉਸਨੂੰ ਇਸ ਬੱਕਰੇ ਦੇ ਖੂਨ ਨਾਲ ਵੀ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਬਲਦ ਦੇ ਖੂਨ ਨਾਲ ਕੀਤਾ ਸੀ। ਉਸਨੂੰ ਖੂਨ ਖਾਸ ਕੱਜਣ ਉੱਤੇ ਅਤੇ ਇਸਦੇ ਸਾਮ੍ਹਣੇ ਛਿੜਕਣਾ ਚਾਹੀਦਾ ਹੈ।
16 ਇਸ ਤਰ੍ਹਾਂ ਹਾਰੂਨ ਨਾਪਾਕਤਾ, ਜੁਰਮਾਂ ਅਤੇ ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਣ ਅੱਤ ਪਵਿੱਤਰ ਸਥਾਨ ਖਾਤਰ ਪਰਾਸਚਿਤ ਕਰਨ ਲਈ ਇਹ ਗੱਲਾਂ ਕਰੇਗਾ। ਹਾਰੂਨ ਨੂੰ ਇਹ ਗੱਲਾਂ ਮੰਡਲੀ ਵਾਲੇ ਤੰਬੂ ਲਈ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਪਲੀਤ ਲੋਕਾਂ ਦੇ ਵਿਚਕਾਰ ਗਡਿਆ ਹੋਇਆ ਹੈ।
17 “ਉਸ ਸਮੇਂ ਜਦੋਂ ਹਾਰੂਨ ਪਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਅੰਦਰ ਦਾਖਲ ਹੋਵੇ ਤਾਂ ਮੰਡਲੀ ਦੇ ਤੰਬੂ ਵਿੱਚ ਕੋਈ ਨਾ ਹੋਵੇ, ਉਸਦੇ ਬਾਹਰ ਆਉਣ ਤੀਕ, ਕਿਸੇ ਨੂੰ ਅੰਦਰ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਹਾਰੂਨ ਆਪਣੇ-ਆਪ ਆਪਣੇ ਪਰਿਵਾਰ ਅਤੇ ਇਸਰਾਏਲ ਦੇ ਸਾਰੇ ਲੋਕਾਂ ਲਈ ਪਰਾਸਚਿਤ ਕਰੇਗਾ।
18 ਫ਼ੇਰ ਹਾਰੂਨ ਯਹੋਵਾਹ ਦੇ ਸਾਮ੍ਹਣੇ ਜਗਵੇਦੀ ਕੋਲ ਜਾਵੇਗਾ। ਹਾਰੂਨ ਜਗਵੇਦੀ ਨੂੰ ਸ਼ੁਧ ਬਣਾਵੇਗਾ। ਹਾਰੂਨ ਬਲਦ ਦਾ ਕੁਝ ਖੂਨ ਅਤੇ ਬੱਕਰੇ ਦਾ ਕੁਝ ਖੂਨ ਲਵੇਗਾ ਅਤੇ ਇਸਨੂੰ ਜਗਵੇਦੀ ਦੇ ਕੋਨਿਆਂ ਉੱਤੇ ਸਾਰੇ ਪਾਸੇ ਲਾ ਦੇਵੇਗਾ।
19 ਫ਼ੇਰ ਹਾਰੂਨ ਆਪਣੀ ਉਂਗਲੀ ਨਾਲ ਖੂਨ ਨੂੰ ਜਗਵੇਦੀ ਜਗਵੇਦੀ ਉੱਤੇ ਸੱਤ ਵਾਰੀ ਛਿੜਕੇਗਾ। ਇਸ ਤਰ੍ਹਾਂ ਹਰੂਨ ਜਗਵੇਦੀ ਨੂੰ ਇਸਰਾਏਲ ਦੇ ਲੋਕਾਂ ਦੀ ਸਾਰੀ ਨਾਪਾਕਤਾ ਤੋਂ ਪਵਿੱਤਰ ਬਣਾ ਦੇਵੇਗਾ।
20 “ਜਦੋਂ ਉਸਨੇ ਅੱਤ ਪਵਿੱਤਰ ਸਥਾਨ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਲਈ ਪਰਾਸਚਿਤ ਕਰ ਲਿਆ ਹੋਵੇ, ਉਹ ਜਿਉਂਦੇ ਬੱਕਰੇ ਨੂੰ ਯਹੋਵਾਹ ਕੋਲ ਲੈਕੇ ਆਵੇਗਾ।
21 ਹਾਰੂਨ ਆਪਣੇ ਦੋਵੇਂ ਹੱਥ ਜਿਉਂਦੇ ਬੱਕਰੇ ਦੇ ਸਿਰ ਤੇ ਰੱਖੇਗਾ। ਫ਼ੇਰ ਉਹ ਬੱਕਰੇ ਉੱਪਰ ਇਸਰਾਏਲ ਦੇ ਲੋਕਾਂ ਦੇ ਪਾਪਾਂ ਅਤੇ ਜ਼ੁਰਮਾਂ ਨੂੰ ਕਬੂਲ ਕਰੇਗਾ। ਇਸ ਤਰ੍ਹਾਂ ਹਾਰੂਨ ਲੋਕਾਂ ਦੇ ਪਾਪ ਬੱਕਰੇ ਦੇ ਸਿਰ ਤੇ ਧਰ ਦੇਵੇਗਾ। ਫ਼ੇਰ ਉਹ ਬੱਕਰੇ ਨੂੰ ਮਾਰੂਥਲ ਵਿੱਚ ਭੇਜ ਦੇਵੇਗਾ। ਇੱਕ ਆਦਮੀ ਇਸ ਬੱਕਰੇ ਦੀ ਦੂਰ ਤੱਕ ਅਗਵਾਈ ਕਰਨ ਲਈ ਤਿਆਰ ਖੜਾ ਹੋਵੇਗਾ।
22 ਇਸ ਤਰ੍ਹਾਂ ਬੱਕਰਾ ਆਪਣੇ ਉੱਪਰ ਸਾਰੇ ਲੋਕਾਂ ਦੇ ਪਾਪ ਖਾਲੀ ਮਾਰੂਥਲ ਵੱਲ ਲੈ ਜਾਵੇਗਾ। ਜਿਹੜਾ ਬੰਦਾ ਬੱਕਰੇ ਨੂੰ ਲੈਕੇ ਜਾਵੇਗਾ ਉਹ ਇਸਨੂੰ ਮਾਰੂਥਲ ਵਿੱਚ ਖੁਲ੍ਹਾ ਛੱਡ ਆਵੇਗਾ।
23 “ਫ਼ੇਰ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਵੇਗਾ। ਉਹ ਲਿਨਨ ਦੇ ਉਨ੍ਹਾਂ ਵਸਤਰਾਂ ਨੂੰ ਉਤਾਰ ਦੇਵੇਗਾ ਜਿਹੜੇ ਉਸਨੇ ਉਦੋਂ ਪਹਿਨੇ ਸਨ ਜਦੋਂ ਉਹ ਪਵਿੱਤਰ ਸਥਾਨ ਵਿੱਚ ਦਾਖਲ ਹੋਇਆ ਸੀ। ਉਸਨੂੰ ਉਹ ਵਸਤਰ ਉਥੇ ਹੀ ਰੱਖ ਦੇਣੇ ਚਾਹੀਦੇ ਹਨ।
24 ਉਹ ਆਪਣੇ ਸ਼ਰੀਰ ਨੂੰ ਕਿਸੇ ਪਵਿੱਤਰ ਸਥਾਨ ਤੇ ਪਾਣੀ ਨਾਲ ਧੋਵੇਗਾ। ਫ਼ੇਰ ਉਹ ਆਪਣੇ ਦੂਸਰੇ ਖਾਸ ਵਸਤਰ ਪਹਿਨਕੇ ਬਾਹਰ ਆਵੇਗਾ ਅਤੇ ਆਪਣੀ ਹੋਮ ਦੀ ਭੇਟ ਅਤੇ ਲੋਕਾਂ ਦੀ ਹੋਮ ਦੀ ਭੇਟ ਚੜਾਵੇਗਾ ਅਤੇ ਆਪਣੇ-ਆਪ ਅਤੇ ਲੋਕਾਂ ਲਈ ਪਰਾਸਚਿਤ ਕਰੇਗਾ।
25 ਫ਼ੇਰ ਉਹ ਜਗਵੇਦੀ ਉੱਤੇ ਪਾਪ ਦੀ ਭੇਟ ਦੀ ਚਰਬੀ ਨੂੰ ਸਾੜੇਗਾ।
26 “ਫ਼ੇਰ ਉਸ ਬੰਦੇ ਨੂੰ ਜਿਹੜਾ ਬੱਕਰੇ ਨੂੰ ਅਜ਼ਾਜ਼ੇਲ ਵੱਲ ਲੈਕੇ ਗਿਆ ਸੀ, ਆਪਣੇ ਕੱਪੜੇ ਅਤੇ ਆਪਣਾ ਸ਼ਰੀਰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਇਸਤੋਂ ਬਾਦ, ਉਹ ਡੇਰੇ ਵਿੱਚ ਦਾਖਲ ਹੋ ਸਕਦਾ ਹੈ।
27 “ਪਾਪ ਦੀ ਭੇਟ ਦੇ ਬਲਦ ਅਤੇ ਬੱਕਰੇ ਨੂੰ ਡੇਰੇ ਤੋਂ ਬਾਹਰ ਲਿਆਂਦਾ ਜਾਵੇ। (ਇਨ੍ਹਾਂ ਜਾਨਵਰਾਂ ਦਾ ਖੂਨ ਪਵਿੱਤਰ ਸਥਾਨ ਵਿੱਚ ਪਵਿੱਤਰ ਚੀਜ਼ਾਂ ਖਾਤਰ ਪਰਾਸਚਿਤ ਕਰਨ ਲਈ ਲਿਆਂਦਾ ਗਿਆ ਸੀ।) ਉਨ੍ਹਾਂ ਨੂੰ ਉਨ੍ਹਾਂ ਜਾਨਵਰਾਂ ਦੀਆਂ ਖੱਲਾਂ, ਸ਼ਰੀਰਾਂ ਅਤੇ ਸ਼ਰੀਰਾਂ ਦੇ ਮਲ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
28 ਫ਼ੇਰ ਉਹ ਆਦਮੀ, ਜਿਹੜਾ ਉਨ੍ਹਾਂ ਨੂੰ ਸਾੜਦਾ ਹੈ, ਆਪਣੇ ਕੱਪੜੇ ਅਤੇ ਆਪਣੇ ਸ਼ਰੀਰ ਨੂੰ ਪਾਣੀ ਨਾਲ ਧੋ ਲਵੇ। ਇਸਤੋਂ ਮਗਰੋਂ, ਉਹ ਡੇਰੇ ਵਿੱਚ ਦਾਖਲ ਹੋ ਸਕਦਾ ਹੈ।
29 “ਇਹ ਨੇਮ ਤੁਹਾਡੇ ਲਈ ਹਮੇਸ਼ਾ ਜਾਰੀ ਰਹੇਗਾ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਤੁਹਾਡੇ ਸਾਰਿਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਉੱਤੇ ਵੀ ਲਾਗੂ ਹਨ।
30 ਕਿਉਂਕਿ ਇਸ ਦਿਨ, ਜਾਜਕ ਤੁਹਾਡੇ ਲਈ ਪਰਾਸਚਿਤ ਕਰੇਗਾ ਅਤੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਪਾਕ ਬਣਾਵੇਗਾ। ਫ਼ੇਰ ਤੁਸੀਂ ਯਹੋਵਾਹ ਅੱਗੇ ਪਾਕ ਹੋਵੋਂਗੇ।
31 ਤੁਹਾਡੇ ਲਈ ਇਹ ਦਿਨ ਅਰਾਮ ਕਰਨ ਦਾ ਬਹੁਤ ਮਹੱਤਵਪੂਰਣ ਦਿਨ ਹੈ। ਤੁਹਾਨੂੰ ਭੋਜਨ ਨਹੀਂ ਕਰਨਾ ਚਾਹੀਦਾ। ਇਹ ਨੇਮ ਹਮੇਸ਼ਾ ਲਈ ਜਾਰੀ ਰਹੇਗਾ।
32 “ਇਸ ਤਰ੍ਹਾਂ ਜਿਸ ਆਦਮੀ ਨੂੰ ਪਰਧਾਨ ਜਾਜਕ ਹੋਣ ਲਈ ਚੁਣਿਆ ਗਿਆ ਹੋਵੇਗਾ, ਪਰਾਸਚਿਤ ਕਰਨ ਦੀਆਂ ਰੀਤਾਂ ਕਰੇਗਾ। ਇਹੀ ਉਹ ਆਦਮੀ ਹੈ ਜਿਸਨੂੰ ਉਸਦੇ ਪਿਤਾ ਤੋਂ ਮਗਰੋਂ ਪਰਧਾਨ ਜਾਜਕ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ। ਉਸਨੂੰ ਲਿਨਨ ਦੇ ਖਾਸ ਵਸਤਰ ਪਹਿਨਣੇ ਚਾਹੀਦੇ ਹਨ। ਇਹ ਵਸਤਰ ਪਵਿੱਤਰ ਹਨ।
33 ਉਸਨੂੰ ਅੱਤ ਪਵਿੱਤਰ ਸਥਾਨ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਨੂੰ ਸ਼ੁਧ ਬਨਾਉਣਾ ਚਾਹੀਦਾ ਹੈ। ਅਤੇ ਉਸਨੂੰ ਜਾਜਕਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਸ਼ੁਧ ਬਨਾਉਣਾ ਚਾਹੀਦਾ ਹੈ।
34 ਇਸਰਾਏਲ ਦੇ ਲੋਕਾਂ ਖਾਤਰ ਉਨ੍ਹਾਂ ਦੇ ਪਾਪਾਂ ਲਈ ਪਰਾਸਚਿਤ ਕਰਨ ਦਾ ਇਹ ਨੇਮ ਹਮੇਸ਼ਾ ਜਾਰੀ ਰਹੇਗਾ। ਤੁਸੀਂ ਇਹ ਗੱਲਾਂ ਸਾਲ ਵਿੱਚ ਇੱਕ ਵਾਰੀ ਇਸਰਾਏਲ ਦੇ ਲੋਕਾਂ ਦੇ ਪਾਪਾਂ ਕਾਰਣ ਕਰੋਂਗੇ।”ਇਸ ਲਈ ਉਨ੍ਹਾਂ ਨੇ ਇਹ ਗੱਲਾਂ ਉਵੇਂ ਹੀ ਕੀਤੀਆਂ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਕਾਂਡ 17

1 ਯਹੋਵਾਹ ਨੇ ਮੂਸਾ ਨੂੰ ਆਖਿਆ
2 “ਹਾਰੂਨ ਅਤੇ ਉਸਦੇ ਪੁੱਤਰਾਂ ਨਾਲ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਹੈ;
3 ਇਸਰਾਏਲ ਦਾ ਕੋਈ ਵੀ ਬੰਦਾ ਜੋ ਬਲਦ ਜਾਂ ਲੇਲੇ ਜਾਂ ਬੱਕਰੇ ਨੂੰ ਡੇਰੇ ਦੇ ਅੰਦਰ ਜਾਂ ਬਾਹਰ ਮਾਰਦਾ ਹੈ।
4 ਉਸਨੂੰ ਉਹ ਜਾਨਵਰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਉਸਨੂੰ ਇਹ ਜਾਨਵਰ ਯਹੋਵਾਹ ਨੂੰ ਸੁਗਾਤ ਵਜੋਂ ਯਹੋਵਾਹ ਦੇ ਪਵਿੱਤਰ ਤੰਬੂ ਦੇ ਅੱਗੇ ਭੇਟ ਕਰਨਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ, ਉਹ ਖੂਨ ਖਰਾਬੇ ਦਾ ਦੋਸ਼ੀ ਹੋਵੇਗਾ ਅਤੇ ਉਸਨੂੰ ਆਪਣੇ ਲੋਕਾਂ ਤੋਂ ਅਲੱਗ ਕਰ ਦਿੱਤਾ ਜਾਵੇ।
5 ਇਹ ਨੇਮ ਇਸ ਵਾਸਤੇ ਹੈ ਕਿ ਲੋਕ ਜਾਨਵਰਾਂ ਨੂੰ ਖੇਤਾਂ ਵਿੱਚ ਕੁਰਬਾਨ ਕਰਨ ਦੀ ਬਜਾਇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਕੋਲ ਲੈਕੇ ਆਉਣ। ਉਨ੍ਹਾਂ ਨੂੰ ਉਹ ਜਾਨਵਰ ਯਹੋਵਾਹ ਲਈ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨਜ਼ਦੀਕ ਜਾਜਕ ਕੋਲ ਲੈਕੇ ਆਉਣੇ ਚਾਹੀਦੇ ਹਨ।
6 ਫ਼ੇਰ ਜਾਜਕ ਨੂੰ ਉਨ੍ਹਾਂ ਜਾਨਵਰਾਂ ਦਾ ਖੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਜਾਨਵਰਾਂ ਦੀ ਚਰਬੀ ਨੂੰ ਜਗਵੇਦੀ ਉੱਤੇ ਸਾੜੇਗਾ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
7 ਉਨ੍ਹਾਂ ਨੂੰ ਆਪਣੇ ‘ਬੱਕਰੇ ਦੇਵਤਿਆਂ’ ਨੂੰ ਹੋਰ ਬਲੀਆਂ ਨਹੀਂ ਚੜਾਉਣੀਆਂ ਚਾਹੀਦੀਆਂ। ਉਨ੍ਹਾਂ ਨੇ ਹੋਰਨਾਂ ਦੇਵਤਿਆਂ ਦਾ ਅਨੁਸਰਣ ਕੀਤਾ ਹੈ, ਅਤੇ ਇਸ ਤਰ੍ਹਾਂ ਉਨ੍ਹਾਂ ਨੇ ਵੇਸਵਾਵਾਂ ਵਾਂਗੂ ਵਿਹਾਰ ਕੀਤਾ ਹੈ। ਇਹ ਨੇਮ ਹਮੇਸ਼ਾ ਲਈ ਜਾਰੀ ਰਹਿਣਗੇ।
8 “ਲੋਕਾਂ ਨੂੰ ਦੱਸ; ਇਸਰਾਏਲ ਦਾ ਕੋਈ ਨਾਗਰਿਕ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਮੁਸਾਫ਼ਰ ਜਾਂ ਪਰਦੇਸੀ ਵੀ ਸ਼ਾਇਦ ਹੋਮ ਦੀ ਭੇਟ ਜਾਂ ਬਲੀ ਭੇਟ ਕਰੇ।
9 ਉਸ ਬੰਦੇ ਨੂੰ ਆਪਣੀ ਬਲੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ ਅਤੇ ਇਸਨੂੰ ਯਹੋਵਾਹ ਨੂੰ ਭੇਟ ਕਰਨਾ ਚਾਹੀਦਾ ਹੈ। ਜੇ ਉਹ ਬੰਦਾ ਅਜਿਹਾ ਨਹੀਂ ਕਰਦਾ, ਉਸਨੂੰ ਆਪਣੇ ਲੋਕਾਂ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ।
10 “ਮੈਂ (ਪਰਮੇਸ਼ੁਰ) ਉਸ ਕਿਸੇ ਵੀ ਬੰਦੇ ਦੇ ਖਿਲਾਫ਼ ਹੋਵਾਂਗਾ ਜਿਹੜਾ ਖੂਨ ਖਾਂਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਕੋਈ ਸ਼ਹਿਰੀ ਹੈ ਜਾਂ ਉਹ ਤੁਹਾਡੇ ਦਰਮਿਆਨ ਰਹਿੰਦਾ ਕੋਈ ਵਿਦੇਸ਼ੀ ਹੈ। ਮੈਂ ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਵਾਂਗਾ।
11 ਕਿਉਂਕਿ ਸ਼ਰੀਰ ਦੀ ਜਾਨ ਖੂਨ ਵਿੱਚ ਹੁੰਦੀ ਹੈ। ਮੈਂ ਤੁਹਾਨੂੰ ਖੂਨ ਨੂੰ ਖੁਦ ਲਈ ਪਰਾਸਚਿਤ ਕਰਨ ਖਾਤਰ, ਜਗਵੇਦੀ ਉੱਤੇ ਪਾਉਣ ਲਈ ਦਿੱਤਾ ਹੈ। ਇਹ ਜੀਵਨ ਖੂਨ ਹੈ ਜੋ ਲੋਕਾਂ ਲਈ ਪਰਾਸਚਿਤ ਕਰਦਾ ਹੈ।
12 ਇਸੇ ਲਈ ਮੈਂ ਇਸਰਾਏਲ ਦੇ ਲੋਕਾਂ ਨੂੰ ਆਖਦਾ ਹਾਂ; ਤੁਹਾਡੇ ਵਿੱਚੋਂ ਕੋਈ ਵੀ ਖੂਨ ਨਾ ਖਾਵੇ ਅਤੇ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵੀ ਵਿਦੇਸ਼ੀ ਖੂਨ ਨਾ ਖਾਵੇ।
13 “ਜੇ ਕੋਈ ਬੰਦਾ ਕਿਸੇ ਜੰਗਲੀ ਜਾਨਵਰ ਨੂੰ ਜਾਂ ਪੰਛੀ ਨੂੰ ਫ਼ੜ ਲੈਂਦਾ, ਜਿਸਨੂੰ ਖਾਧਾ ਜਾ ਸਕਦਾ ਹੈ ਤਾਂ ਉਸਨੂੰ ਉਸਦਾ ਖੂਨ ਧਰਤੀ ਤੇ ਡੋਲ੍ਹਕੇ ਗੰਦਗੀ ਨਾਲ ਢਕ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇਸਰਾਏਲ ਦਾ ਕੋਈ ਨਾਗਰਿਕ ਹੈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਹੈ।
14 ਤੁਹਾਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਜੇ ਹਾਲੇ ਵੀ ਖੂਨ ਮਾਸ ਵਿੱਚ ਹੈ ਤਾਂ ਉਸ ਜਾਨਵਰ ਦੀ ਜਾਨ ਮਾਸ ਵਿੱਚ ਹੈ। ਇਸ ਲਈ ਮੈਂ ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦਿੰਦਾ ਹਾਂ; ਅਜਿਹਾ ਮਾਸ ਨਾ ਖਾਉ ਜਿਸ ਵਿੱਚ ਹਾਲੇ ਖੂਨ ਹੈ। ਕੋਈ ਵੀ ਬੰਦਾ ਜਿਹੜਾ ਖੂਨ ਨੂੰ ਖਾਂਦਾ ਹੈ, ਉਸਨੂੰ ਉਸਦੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ।
15 “ਇਸਤੋਂ ਇਲਾਵਾ, ਜੇ ਕੋਈ ਬੰਦਾ ਕਿਸੇ ਆਪਣੇ-ਆਪ ਮਰੇ ਹੋਏ ਜਾਨਵਰ ਨੂੰ ਖਾਂਦਾ ਹੈ, ਜਾਂ ਕੋਈ ਬੰਦਾ ਕਿਸੇ ਦੂਸਰੇ ਜਾਨਵਰ ਦੁਆਰਾ ਮਰੇ ਹੋਏ ਜਾਨਵਰ ਨੂੰ ਖਾਂਦਾ ਹੈ, ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣਾ ਸ਼ਰੀਰ ਪਾਣੀ ਨਾਲ ਧੋਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। ਫ਼ੇਰ ਉਹ ਪਾਕ ਹੋਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਨਾਗਰਿਕ ਹੈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਹੈ।
16 ਜੇ ਉਹ ਬੰਦਾ ਆਪਣੇ ਕੱਪੜੇ ਨਹੀਂ ਧੋਂਦਾ ਜਾਂ ਆਪਣੇ-ਆਪ ਨੂੰ ਨਹੀਂ ਧੋਂਦਾ ਤਾਂ ਉਹ ਆਪਣੇ ਪਾਪ ਦੀ ਸਜ਼ਾ ਭੁਗਤੇਗਾ।”
ਕਾਂਡ 18

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ; ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
3 ਅਤੀਤ ਵਿੱਚ, ਤੁਸੀਂ ਮਿਸਰ ਵਿੱਚ ਰਹਿੰਦੇ ਸੀ। ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉਥੇ ਹੁੰਦੀਆਂ ਸਨ। ਮੈਂ ਤੁਹਾਨੂੰ ਕਨਾਨ ਲੈ ਜਾ ਰਿਹਾ ਹਾਂ। ਇੱਥੇ ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉਸ ਦੇਸ਼ ਵਿੱਚ ਹੁੰਦੀਆਂ ਹਨ। ਉਨ੍ਹਾਂ ਦੇ ਕਨੂਨਾਂ ਮੁਤਾਬਕ ਨਾ ਰਹੋ।
4 ਤੁਹਾਨੂੰ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ! ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5 ਇਸ ਲਈ ਤੁਹਾਨੂੰ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ। ਜੇ ਕੋਈ ਬੰਦਾ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਦਾ ਹੈ, ਉਹ ਜਿਉਂਵੇਗਾ। ਮੈਂ ਯਹੋਵਾਹ ਹਾਂ।
6 “ਤੁਹਾਨੂੰ ਕਦੇ ਵੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਮੈਂ ਯਹੋਵਾਹ ਹਾਂ।
7 “ਤੁਹਾਨੂੰ ਕਦੇ ਵੀ ਆਪਣੇ ਪਿਤਾ ਜਾਂ ਮਾਤਾ ਨਾਲ ਜਿਨਸੀ ਸੰਬੰਧ ਨਹੀਂ ਬਨਾਉਣਾ ਚਾਹੀਦਾ। ਇਹ ਔਰਤ ਤੁਹਾਡੀ ਮਾਂ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
8 ਤੁਹਾਨੂੰ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ, ਭਾਵੇਂ ਉਹ ਤੁਹਾਡੀ ਮਾਂ ਨਾ ਹੋਵੇ। ਕਿਉਂਕਿ ਉਹ ਤੁਹਾਡੇ ਪਿਤਾ ਨਾਲ ਸੰਬੰਧਤ ਹੈ।
9 “ਤੁਹਾਨੂੰ ਆਪਣੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਤੁਹਾਡੇ ਪਿਤਾ ਦੀ ਧੀ ਜਾਂ ਤੁਹਾਡੀ ਮਾਤਾ ਦੀ ਧੀ ਹੈ। ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੀ ਭੈਣ ਤੁਹਾਡੇ ਘਰ ਵਿੱਚ ਜੰਮੀ ਸੀ ਜਾਂ ਕਿਸੇ ਹੋਰ ਥਾਂ ਉੱਤੇ।
10 “ਤੁਹਾਨੂੰ ਆਪਣੀ ਪੋਤੀ ਜਾਂ ਆਪਣੇ ਪੁੱਤਰ ਦੀ ਧੀ ਜਾਂ ਤੁਹਾਡੀ ਧੀ ਦੀ ਧੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡਾ ਹੀ ਇੱਕ ਹਿੱਸਾ ਹਨ।
11 “ਜੇ ਤੁਹਾਡੇ ਪਿਤਾ ਅਤੇ ਉਸਦੀ ਪਤਨੀ ਦੀ ਕੋਈ ਧੀ ਹੈ, ਤਾਂ ਉਹ ਤੁਹਾਡੇ ਭੈਣ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
12 “ਤੁਹਾਨੂੰ ਆਪਣੇ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
13 ਤੁਹਾਨੂੰ ਆਪਣੀ ਮਾਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੀ ਮਾਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।
14 ਤੁਹਾਨੂੰ ਆਪਣੇ ਚਾਚੇ ਦੀ ਵਹੁਟੀ ਨਾਲ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੀ ਚਾਚੀ ਹੈ।
15 “ਤੁਹਾਨੂੰ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੇ ਪੁੱਤਰ ਦੀ ਪਤਨੀ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
16 “ਤੁਹਾਨੂੰ ਆਪਣੇ ਭਰਾ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਡੇ ਭਰਾ ਨਾਲ ਜਿਨਸੀ ਸੰਬੰਧ ਬਨਾਉਣ ਵਰਗੀ ਗੱਲ ਹੋਵੇਗੀ।
17 “ਤੁਹਾਨੂੰ ਕਿਸੇ ਮਾਂ ਤੇ ਉਸਦੀ ਧੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਇਸ ਔਰਤ ਦੀ ਪੋਤੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇਸ ਔਰਤ ਦੇ ਪੁੱਤਰ ਦੀ ਧੀ ਹੈ ਜਾਂ ਧੀ ਦੀ ਧੀ ਹੈ। ਉਸ ਦੀਆਂ ਪੋਤੀਆਂ ਉਸ ਦੀਆਂ ਨਜ਼ਦੀਕੀ ਰਿਸ਼ਤੇਦਾਰ ਹਨ। ਉਨ੍ਹਾਂ ਨਾਲ ਜਿਨਸੀ ਸੰਬੰਧ ਬਨਾਉਣੇ ਗਲਤ ਗੱਲ ਹੈ।
18 “ਜਦੋਂ ਤੁਹਾਡੀ ਪਤਨੀ ਹਾਲੇ ਜਿਉਂਦੀ ਹੋਵੇ, ਤੁਹਾਨੂੰ ਉਸਦੀ ਭੈਣ ਨੂੰ ਦੂਸਰੀ ਬਰਾਬਰ ਦੀ ਪਤਨੀ ਵਾਂਗ ਨਹੀਂ ਲੈਣਾ ਚਾਹੀਦਾ ਅਤੇ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
19 “ਇਸਤੋਂ ਇਲਾਵਾ ਤੁਹਾਨੂੰ ਕਿਸੇ ਔਰਤ ਦੇ ਮਾਹਵਾਰੀ ਦੇ ਦਿਨਾਂ ਵਿੱਚ ਉਸਦੇ ਨੇੜੇ ਜਿਸਨੀ ਸੰਬੰਧ ਬਨਾਉਣ ਲਈ ਨਹੀਂ ਜਾਣਾ ਚਾਹੀਦਾ। ਉਹ ਇਸ ਸਮੇਂ ਦੌਰਾਨ ਪਲੀਤ ਹੁੰਦੀ ਹੈ।
20 “ਤੁਹਾਨੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਨੂੰ ਨਾਪਾਕ ਬਣਾ ਦੇਵੇਗਾ।
21 “ਤੁਹਾਨੂੰ ਆਪਣੇ ਕਿਸੇ ਵੀ ਬੱਚੇ ਦੀ ਮੋਲਕ ਨੂੰ ਬਲੀ ਵਜੋਂ ਨਹੀਂ ਚੜਾਉਣਾ ਚਾਹੀਦਾ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
22 “ਤੁਹਾਨੂੰ ਕਿਸੇ ਮਰਦ ਨਾਲ ਔਰਤ ਵਾਂਗ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਭਿਆਨਕ ਪਾਪ ਹੈ।
23 “ਤੁਹਾਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਨੂੰ ਨਾਪਾਕ ਬਣਾ ਦੇਣਗੇ। ਕਿਸੇ ਔਰਤ ਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਕੁਦਰਤ ਦੇ ਖਿਲਾਫ਼ ਹੈ।
24 “ਇਹੋ ਜਿਹੀਆਂ ਗੱਲਾਂ ਕਰਕੇ ਆਪਣੇ-ਆਪ ਨੂੰ ਪਲੀਤ ਨਾ ਕਰੋ। ਮੈਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚੋਂ ਬਾਹਰ ਕਢ ਰਿਹਾ ਹਾਂ ਅਤੇ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਰਿਹਾ ਹਾਂ। ਕਿਉਂਕਿ ਉਨ੍ਹਾਂ ਲੋਕਾਂ ਨੇ ਭਿਆਨਕ ਪਾਪ ਕੀਤੇ ਸਨ।
25 ਉਨ੍ਹਾਂ ਨੇ ਧਰਤੀ ਨੂੰ ਨਾਪਾਕ ਬਣਾਇਆ। ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ। ਹੁਣ ਧਰਤੀ ਇਹੋ ਜਿਹੀਆਂ ਗੱਲਾਂ ਕਾਰਣ ਹੀ ਬਿਮਾਰ ਹੈ। ਅਤੇ ਧਰਤੀ ਉਨ੍ਹਾਂ ਲੋਕਾਂ ਨੂੰ ਹੁਣ ਬਾਹਰ ਉਗਲ ਰਹੀ ਹੈ ਜਿਹੜੇ ਉਥੇ ਰਹਿੰਦੇ ਸਨ।
26 “ਇਸ ਲਈ ਤੁਹਾਨੂੰ ਮੇਰੀਆਂ ਬਿਧੀਆਂ ਅਤੇ ਨਿਆਵਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਇਹੋ ਜਿਹੇ ਭਿਆਨਕ ਪਾਪ ਨਹੀਂ ਕਰਨੇ ਚਾਹੀਦੇ। ਇਹ ਨੇਮ ਇਸਰਾਏਲ ਦੇ ਨਾਗਰਿਕਾਂ ਲਈ ਅਤੇ ਤੁਹਾਡੇ ਦਰਮਿਆਨ ਰਹਿਣ ਵਾਲੇ ਲੋਕਾਂ ਲਈ ਹਨ।
27 ਜਿਹੜੇ ਲੋਕ ਇਸ ਧਰਤੀ ਉੱਤੇ ਤੁਹਾਡੇ ਤੋਂ ਪਹਿਲਾਂ ਰਹਿੰਦੇ ਸਨ, ਉਨ੍ਹਾਂ ਨੇ ਇਹ ਭਿਆਨਕ ਗੱਲਾਂ ਕੀਤੀਆਂ। ਇਸ ਲਈ ਧਰਤੀ ਨਾਪਾਕ ਹੋ ਗਈ।
28 ਜੇ ਤੁਸੀਂ ਇਹ ਗੱਲਾਂ ਕਰੋਂਗੇ ਤਾਂ ਤੁਸੀਂ ਇਸ ਧਰਤੀ ਨੂੰ ਨਾਪਾਕ ਕਰੋਂਗੇ। ਅਤੇ ਇਹ ਤੁਹਾਨੂੰ ਵੀ ਉਸੇ ਤਰ੍ਹਾਂ ਬਾਹਰ ਉਗਲ ਦੇਵੇਗੀ ਜਿਵੇਂ ਇਸਨੇ ਉਨ੍ਹਾਂ ਕੌਮਾਂ ਨੂੰ ਉਗਲਿਆ ਸੀ ਜੋ ਤੁਹਾਡੇ ਤੋਂ ਪਹਿਲਾਂ ਇੱਥੇ ਸਨ।
29 ਜੇ ਕੋਈ ਬੰਦਾ ਇਹੋ ਜਿਹਾ ਭਿਆਨਕ ਪਾਪ ਕਰਦਾ ਹੈ ਤਾਂ ਉਸ ਬੰਦੇ ਨੂੰ ਉਸਦੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ।
30 ਹੋਰਨਾਂ ਲੋਕਾਂ ਨੇ ਇਹ ਭਿਆਨਕ ਪਾਪ ਕੀਤੇ ਹਨ। ਪਰ ਤੁਹਾਨੂੰ ਮੇਰੀਆਂ ਬਿਧੀਆਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਇਹੋ ਜਿਹਾ ਕੋਈ ਭਿਆਨਕ ਗੁਨਾਹ ਨਹੀਂ ਕਰਨਾ ਚਾਹੀਦਾ। ਆਪਣੇ-ਆਪ ਨੂੰ ਇਹੋ ਜਿਹੇ ਪਾਪਾਂ ਨਾਲ ਨਾਪਾਕ ਨਾ ਕਰੋ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
ਕਾਂਡ 19

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਵੀ ਪਵਿੱਤਰ ਹੋਣਾ ਚਾਹੀਦਾ ਹੈ।
3 “ਤੁਹਾਡੇ ਵਿੱਚੋਂ ਹਰ ਬੰਦੇ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਮੇਰੇ ਅਰਾਮ ਦੇ ਸਾਰੇ ਦਿਨਾਂ ਨੂੰ ਰੱਖਣਾ ਚਾਹੀਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
4 “ਮੇਰੇ ਵੱਲੋਂ ਨਿਕੰਮੇ ਬੁੱਤਾਂ ਵੱਲ ਨਾ ਪਰਤੋਂ। ਆਪਣੇ ਲਈ ਢਾਲੀਆਂ ਹੋਈਆਂ ਮੂਰਤੀਆਂ ਨਾ ਬਣਾਉ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5 “ਜਦੋਂ ਤੁਸੀਂ ਯਹੋਵਾਹ ਨੂੰ ਕੋਈ ਸੁੱਖ-ਸਾਂਦ ਦੀ ਬਲੀ ਚੜਾਉ ਤਾਂ ਤੁਹਾਨੂੰ ਇਹ ਸਹੀ ਢੰਗ ਨਾਲ ਚੜਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ ਪ੍ਰਵਾਨ ਹੋ ਸਕੋ।
6 ਤੁਸੀਂ ਇਸਨੂੰ ਉਸੇ ਦਿਨ ਵੀ ਖਾ ਸਕਦੇ ਹੋ ਜਿਸ ਦਿਨ ਤੁਸੀਂ ਇਸਨੂੰ ਭੇਟ ਕਰਦੇ ਹੋ ਅਤੇ ਅਗਲੇ ਦਿਨ ਵੀ। ਪਰ ਜੇ ਉਸ ਬਲੀ ਵਿੱਚੋਂ ਤੀਸਰੇ ਦਿਨ ਲਈ ਕੁਝ ਬਚ ਜਾਵੇ ਤਾਂ ਤੁਹਾਨੂੰ ਇਸਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
7 ਤੁਹਾਨੂੰ ਉਸ ਬਲੀ ਵਿੱਚੋਂ ਕੁਝ ਵੀ ਤੀਸਰੇ ਦਿਨ ਨਹੀਂ ਖਾਣਾ ਚਾਹੀਦਾ। ਇਹ ਨਿਰਾਦਰ ਹੋਵੇਗਾ ਅਤੇ ਪ੍ਰਵਾਨ ਨਹੀਂ ਹੋਵੇਗਾ।
8 ਜਿਹੜਾ ਵੀ ਬੰਦਾ ਅਜਿਹਾ ਕਰੇਗਾ, ਪਾਪ ਦਾ ਦੋਸ਼ੀ ਹੋਵੇਗਾ। ਕਿਉਂਕਿ ਉਸਨੇ ਇੱਕ ਪਵਿੱਤਰ ਚੀਜ਼ ਨੂੰ ਕਲੰਕਤ ਕਰ ਦਿੱਤਾ ਜੋ ਯਹੋਵਾਹ ਦੀ ਹੈ। ਉਸਨੂੰ ਆਪਣੇ ਲੋਕਾਂ ਵਿੱਚੋਂ ਵੱਖ ਕਰ ਦੇਣਾ ਚਾਹੀਦਾ ਹੈ।
9 “ਜਦੋਂ ਤੁਸੀਂ ਵਾਢੀਆਂ ਸਮੇਂ ਆਪਣੀਆਂ ਫ਼ਸਲਾਂ ਕੱਟੋ ਤਾਂ ਆਪਣੇ ਖੇਤਾਂ ਦੇ ਕਿਨਾਰਿਆਂ ਤੱਕ ਪੂਰੀ ਕਟਾਈ ਨਾ ਕਰੋ ਅਤੇ ਜੇ ਅਨਾਜ਼ ਧਰਤੀ ਉੱਤੇ ਡਿੱਗ ਪੈਂਦਾ ਹੈ ਤਾਂ ਤੁਹਾਨੂੰ ਉਹ ਅਨਾਜ਼ ਇਕਠਾ ਨਹੀਂ ਕਰਨਾ ਚਾਹੀਦਾ।
10 ਆਪਣੇ ਅੰਗੂਰਾਂ ਦੇ ਬਾਗ ਦੇ ਸਾਰੇ ਅੰਗੂਰ ਨਾ ਤੋੜੋ ਅਤੇ ਧਰਤੀ ਤੇ ਡਿੱਗੇ ਹੋਏ ਅੰਗੂਰ ਨਾ ਚੁੱਕੋ। ਕਿਉਂਕਿ ਇਹ ਚੀਜ਼ਾਂ ਤੁਹਾਨੂੰ ਗਰੀਬ ਲੋਕਾਂ ਲਈ ਅਤੇ ਤੁਹਾਡੇ ਦੇਸ਼ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਛੱਡ ਦੇਣੀਆਂ ਚਾਹੀਦੀਆਂ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
11 “ਤੁਹਾਨੂੰ ਚੋਰੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਲੋਕਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਇੱਕ ਦੂਸਰੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ।
12 ਤੁਹਾਨੂੰ (ਅਦਾਲਤ ਵਿੱਚ ਝੂਠੀ ਸਾਖੀ ਬਾਬਤ) ਮੇਰੇ ਨਾਂ ਤੇ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
13 “ਤੁਹਾਨੂੰ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਉਸਨੂੰ ਲੁੱਟਣਾ ਨਹੀਂ ਚਾਹੀਦਾ। ਤੁਹਾਨੂੰ ਕਿਸੇ ਭਾੜੇ ਦੇ ਕਾਮੇ ਦੀ ਤਨਖਾਹ ਸਾਰੀ ਰਾਤ ਵੇਲੇ ਤੱਕ ਨਹੀਂ ਰੋਕਣੀ ਚਾਹੀਦੀ।
14 “ਤੁਹਾਨੂੰ ਕਿਸੇ ਬੋਲੇ ਬੰਦੇ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕਿਸੇ ਅੰਨ੍ਹੇ ਬੰਦੇ ਨੂੰ ਡੇਗਣ ਲਈ ਉਸਦੇ ਸਾਮ੍ਹਣੇ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਪਰ ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।
15 “ਤੁਹਾਨੂੰ ਨਿਰਣਾ ਕਰਨ ਵਿੱਚ ਬੇਲਾਗ ਹੋਣਾ ਚਾਹੀਦਾ ਹੈ। ਤੁਹਾਨੂੰ ਗਰੀਬ ਲੋਕਾਂ ਲਈ ਜਾਂ ਧਨਵਾਨ ਲੋਕਾਂ ਲਈ ਖਾਸ ਰਿਆਇਤ ਨਹੀਂ ਦਰਸਾਉਣੀ ਚਾਹੀਦੀ। ਜਦੋਂ ਤੁਸੀਂ ਆਪਣੇ ਗੁਆਂਢੀ ਦਾ ਨਿਰਣਾ ਕਰੋ, ਤੁਹਾਨੂੰ ਬੇਲਾਗ ਹੋਣਾ ਚਾਹੀਦਾ ਹੈ।
16 ਤੁਹਾਨੂੰ ਹੋਰਨਾਂ ਲੋਕਾਂ ਬਾਰੇ ਝੂਠੀਆਂ ਅਫ਼ਵਾਹਾਂ ਨਹੀਂ ਫ਼ੈਲਾਉਣੀਆਂ ਚਾਹੀਦੀਆਂ। ਜਦੋਂ ਤੁਹਾਡੇ ਗੁਆਂਢੀ ਦੀ ਜਾਨ ਖਤਰੇ ਵਿੱਚ ਹੋਵੇ ਬਿਨਾ ਸਹਾਇਤਾ ਕਰਨ ਦੇ ਐਵੇਂ ਉਥੇ ਨਾ ਖਲੋਵੋ। ਮੈਂ ਯਹੋਵਾਹ ਹਾਂ।
17 “ਤੁਹਾਨੂੰ ਆਪਣੇ ਦਿਲ ਵਿੱਚ ਆਪਣੇ ਭਰਾ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਤੁਹਾਡਾ ਗੁਆਂਢੀ ਕੋਈ ਗਲਤ ਗੱਲ ਕਰਦਾ ਹੈ, ਇਸ ਬਾਰੇ ਉਸ ਨਾਲ ਗੱਲ ਕਰੋ ਤਾਂ ਜੋ ਤੁਸੀਂ ਉਸ ਕਾਰਣ ਪਾਪ ਨਾ ਕਰੋ।
18 ਉਨ੍ਹਾਂ ਮੰਦੀਆਂ ਗੱਲਾਂ ਬਾਰੇ ਖਾਰ ਨਾ ਖਾਵੋ ਜੋ ਲੋਕ ਤੁਹਾਡੇ ਨਾਲ ਕਰਦੇ ਹਨ। ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਗੁਆਂਢੀ ਨੂੰ ਆਪਣੇ-ਆਪ ਵਾਂਗ ਪਿਆਰ ਕਰੋ। ਮੈਂ ਯਹੋਵਾਹ ਹਾਂ।
19 “ਤੁਹਾਨੂੰ ਮੇਰੇ ਨੇਮ ਮਂਨਣੇ ਚਾਹੀਦੇ ਹਨ। ਤੁਹਾਨੂੰ ਦੋ ਵੱਖ ਕਿਸਮ ਦੇ ਜਾਨਵਰਾਂ ਦਾ ਸਂਜੋਗ ਨਹੀਂ ਕਰਾਉਣਾ ਚਾਹੀਦਾ। ਤੁਹਾਨੂੰ ਆਪਣੇ ਖੇਤ ਵਿੱਚ ਦੋ ਤਰ੍ਹਾਂ ਦਾ ਬੀਜ਼ ਨਹੀਂ ਬੀਜਣਾ ਚਾਹੀਦਾ। ਤੁਹਾਨੂੰ ਦੋ ਤਰ੍ਹਾਂ ਦੇ ਕੱਪੜਿਆਂ ਤੋਂ ਬਣੇ ਕੱਪੜੇ ਨਹੀਂ ਪਾਉਣੇ ਚਾਹੀਦੇ।
20 “ਕਿਸੇ ਵੇਲੇ ਅਜਿਹਾ ਵਾਪਰ ਸਕਦਾ ਹੈ ਕਿ ਕਿਸੇ ਆਦਮੀ ਦੇ ਜਿਨਸੀ ਸੰਬੰਧ ਕਿਸੇ ਅਜਿਹੀ ਔਰਤ ਨਾਲ ਹੋ ਜਾਣ ਜੋ ਕਿਸੇ ਹੋਰ ਦੀ ਗੁਲਾਮ ਹੋਵੇ। ਪਰ ਇਸ ਗੁਲਾਮ ਔਰਤ ਨੂੰ ਨਾ ਤਾਂ ਖਰੀਦਿਆ ਗਿਆ ਹੈ ਅਤੇ ਨਾ ਅਜ਼ਾਦੀ ਦਿੱਤੀ ਗਈ ਹੈ। ਜੇ ਅਜਿਹਾ ਹੋਵੇ, ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਪਰ ਉਨ੍ਹਾਂ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਜਾਵੇਗਾ। ਕਿਉਂਕਿ ਔਰਤ ਅਜ਼ਾਦ ਨਹੀਂ ਸੀ।
21 ਉਸ ਆਦਮੀ ਨੂੰ ਆਪਣੇ ਦੋਸ਼ ਦੀ ਭੇਟ ਨੂੰ ਯਹੋਵਾਹ ਲਈ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ। ਆਦਮੀ ਨੂੰ ਦੋਸ਼ ਦੀ ਭੇਟ ਲਈ ਇੱਕ ਭੇਡੂ ਲਿਆਉਣਾ ਚਾਹੀਦਾ ਹੈ।
22 ਜਾਜਕ ਅਜਿਹੀ ਰੀਤ ਕਰੇਗਾ ਜਿਹੜੀ ਉਸ ਆਦਮੀ ਲਈ ਪਰਾਸਚਿਤ ਹੋਵੇਗੀ। ਉਹ ਉਸ ਭੇਡੂ ਨੂੰ ਯਹੋਵਾਹ ਅੱਗੇ ਦੋਸ਼ ਦੀ ਭੇਟ ਵਜੋਂ ਚੜਾਵੇਗਾ। ਇਹ ਉਸ ਆਦਮੀ ਦੇ ਕੀਤੇ ਹੋਏ ਪਾਪ ਲਈ ਹੋਵੇਗਾ। ਫ਼ੇਰ ਉਸ ਆਦਮੀ ਨੂੰ ਉਸਦੇ ਪਾਪਾਂ ਦੀ ਮਾਫ਼ੀ ਮਿਲ ਜਾਵੇਗੀ।
23 “ਭਵਿਖ ਵਿੱਚ, ਤੁਸੀਂ ਆਪਣੇ ਦੇਸ਼ ਵਿੱਚ ਦਾਖਲ ਹੋਵੋਂਗੇ। ਉਸ ਸਮੇਂ, ਤੁਸੀਂ ਭੋਜਨ ਲਈ ਬਹੁਤ ਕਿਸਮਾਂ ਦੇ ਰੁਖ ਲਾਵੋਂਗੇ। ਕੋਈ ਵੀ ਰੁਖ ਲਾਉਣ ਤੋਂ ਬਾਦ, ਤੁਹਾਨੂੰ ਇਸ ਰੁਖ ਦਾ ਫ਼ਲ ਖਾਣ ਲਈ ਤਿੰਨ ਸਾਲ ਇੰਤਜ਼ਾਰ ਕਰਨਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਵਰ੍ਹਿਆਂ ਦੌਰਾਨ ਇਸਦੇ ਫ਼ਲ ਨੂੰ ਵਰਜਿਤ ਘੋਸ਼ਿਤ ਕਰਨਾ ਚਾਹੀਦਾ ਹੈ।
24 ਚੌਥੇ ਸਾਲ ਉਸ ਰੁਖ ਦਾ ਫ਼ਲ ਯਹੋਵਾਹ ਦਾ ਹੋਵੇਗਾ ਇਹ ਯਹੋਵਾਹ ਨੂੰ ਉਸਤਤ ਦੀ ਪਵਿੱਤਰ ਭੇਟ ਹੋਵੇਗੀ।
25 ਫ਼ੇਰ, ਪੰਜਵੇਂ ਸਾਲ ਅੰਦਰ, ਤੁਸੀਂ ਉਸ ਰੁਖ ਦੇ ਫ਼ਲ ਖਾ ਸਕਦੇ ਹੋ। ਅਤੇ ਰੁਖ ਤੁਹਾਡੇ ਲਈ ਹੋਰ-ਹੋਰ ਫ਼ਲ ਪੈਦਾ ਕਰੇਗਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
26 “ਤੁਹਾਨੂੰ ਕੋਈ ਵੀ ਅਜਿਹਾ ਮਾਸ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਖੂਨ ਹੋਵੇ।“ਤੁਹਾਨੂੰ ਭਵਿਖ ਦਾ ਹਾਲ ਦੱਸਣ ਲਈ ਕੋਈ ਜਾਦੂ ਜਾਂ ਕਾਲਾ ਇਲਮ ਵਰਤਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
27 “ਤੁਹਾਨੂੰ ਆਪਣੇ ਸਿਰ ਦੇ ਇੱਕ ਪਾਸੇ ਤੇ ਉਗ੍ਗੇ ਹੋਏ ਵਾਲਾ ਨੂੰ ਨਹੀਂ ਮੁੰਨਣਾ ਚਾਹੀਦਾ। ਤੁਹਾਨੂੰ ਆਪਣੇ ਚਿਹਰੇ ਦੇ ਆਸੇ-ਪਾਸੇ ਤੇ ਉੱਗੀ ਹੋਈ ਦਾਢ਼ੀ ਨਹੀਂ ਮੁਂਨਣੀ ਚਾਹੀਦੀ।
28 ਤੁਹਾਨੂੰ ਮੁਰਦਾ ਲੋਕਾਂ ਨੂੰ ਚੇਤੇ ਕਰਨ ਲਈ ਜਿਸਮ ਉੱਤੇ ਜ਼ਖਮ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਆਪਣੇ ਜਿਸਮ ਉੱਤੇ ਤਂਦੋਲੇ ਨਹੀਂ ਗੁਦਵਾਉਣੇ ਚਾਹੀਦੇ। ਮੈਂ ਯਹੋਵਾਹ ਹਾਂ।
29 “ਆਪਣੀ ਧੀ ਨੂੰ ਵੇਸਵਾ ਨਾ ਬਣਾਵੋ ਅਤੇ ਅਜਿਹਾ ਕਰਕੇ ਉਸਨੂੰ ਕਲੰਕਤ ਨਾ ਕਰੋ। ਧਰਤੀ ਅੰਦਰ ਅਜਿਹਾ ਨਾ ਕਰੋ ਅਤੇ ਇਸਨੂੰ ਦੁਸ਼ਟਤਾ ਨਾਲ ਨਾ ਭਰੋ।
30 “ਤੁਹਾਨੂੰ ਮੇਰੇ ਅਰਾਮ ਦੇ ਖਾਸ ਦਿਨਾਂ ਤੇ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।
31 “ਸਲਾਹ ਮਸ਼ਵਰੇ ਲਈ ਭੂਤ ਮ੍ਰਿਤਾਂ ਜਾਂ ਸਿਆਣਿਆਂ ਕੋਲ ਨਾ ਜਾਉ। ਉਨ੍ਹਾਂ ਕੋਲ ਨਾ ਜਾਉ, ਉਹ ਸਿਰਫ਼ ਤੁਹਾਨੂੰ ਨਾਪਾਕ ਹੀ ਬਨਾਉਣਗੇ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
32 “ਬਜ਼ੁਰਗ ਲੋਕਾਂ ਨੂੰ ਆਦਰ ਦਰਸਾਉ। ਜਦੋਂ ਉਹ ਕਮਰੇ ਵਿੱਚ ਆਉਣ ਤਾਂ ਖੜੇ ਹੋ ਜਾਉ। ਆਪਣੇ ਪਰਮੇਸ਼ੁਰ ਨੂੰ ਆਦਰ ਦਿਉ। ਮੈਂ ਯਹੋਵਾਹ ਹਾਂ।
33 “ਆਪਣੇ ਦੇਸ਼ ਵਿੱਚ ਰਹਿਣ ਵਾਲੇ ਪਰਦੇਸੀਆਂ ਨਾਲ ਬੁਰਾ ਨਾ ਕਰੋ।
34 ਤੁਹਾਨੂੰ ਪਰਦੇਸੀਆਂ ਨਾਲ ਆਪਣੇ ਸ਼ਹਿਰੀਆਂ ਵਰਗਾ ਹੀ ਵਰਤਾਉ ਕਰਨਾ ਚਾਹੀਦਾ ਹੈ। ਪਰਦੇਸੀਆਂ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ। ਕਿਉਂ? ਕਿਉਂਕਿ ਇੱਕ ਸਮੇਂ ਤੁਸੀਂ ਵੀ - ਮਿਸਰ ਵਿੱਚ - ਪਰਦੇਸੀ ਸੀ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
35 “ਤੁਹਾਨੂੰ ਲੋਕਾਂ ਦਾ ਨਿਰਣਾ ਕਰਦੇ ਵੇਲੇ ਬੇਲਾਗ ਹੋਣਾ ਚਾਹੀਦਾ ਹੈ। ਅਤੇ ਤੁਹਾਨੂੰ ਉਦੋਂ ਵੀ ਨਿਰਪਖ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਚੀਜ਼ਾਂ ਨੂੰ ਨਾਪਦੇ ਜਾਂ ਤੋਂਲਦੇ ਹੋ।
36 ਤੁਹਾਡੀਆਂ ਟੋਕਰੀਆਂ ਸਹੀ ਅਕਾਰ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਤੁਹਾਡੇ ਮਰਤਬਾਨਾਂ ਵਿੱਚ ਤਰਲ ਪਦਾਰਥਾਂ ਦੀ ਸਹੀ ਮਾਤਰਾ ਹੋਣੀ ਚਾਹੀਦੀ ਹੈ। ਤੁਹਾਡੇ ਪੈਮਾਨੇ ਅਤੇ ਵੱਟੇ ਸਹੀ ਤੋਂਲ ਦੇ ਹੋਣੇ ਚਾਹੀਦੇ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਇਆ।
37 “ਤੁਹਾਨੂੰ ਮੇਰੇ ਸਾਰੇ ਨੇਮ ਤੇ ਅਸੂਲ ਚੇਤੇ ਰੱਖਣੇ ਚਾਹੀਦੇ ਹਨ। ਅਤੇ ਤੁਹਾਨੂੰ ਉਨ੍ਹਾਂ ਨੂੰ ਮੰਨਣਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।”
ਕਾਂਡ 20

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਤੈਨੂੰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਦੱਸ ਦੇਣੀਆਂ ਚਾਹੀਦੀਆਂ ਹਨ; ਹੋ ਸਕਦਾ ਹੈ ਕਿ ਤੁਹਾਡੇ ਦੇਸ਼ ਦਾ ਕੋਈ ਬੰਦਾ ਆਪਣੇ ਕਿਸੇ ਇੱਕ ਬੱਚੇ ਨੂੰ ਝੂਠੇ ਦੇਵਤੇ ਮੋਲਕ ਨੂੰ ਦੇ ਦੇਵੇ। ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਨਾਗਰਿਕ ਹੈ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਹੈ, ਤੁਹਾਨੂੰ ਉਸ ਬੰਦੇ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ।
3 ਮੈਂ ਉਸ ਬੰਦੇ ਦੇ ਖਿਲਾਫ਼ ਹੋਵਾਂਗਾ। ਮੈਂ ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦਿਆਂਗਾ। ਕਿਉਂਕਿ ਉਸਨੇ ਆਪਣੇ ਬੱਚਿਆਂ ਨੂੰ ਮੋਲਕ ਨੂੰ ਦੇ ਦਿੱਤਾ। ਉਸਨੇ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਕੀਤਾ ਅਤੇ ਮੇਰੇ ਪਵਿੱਤਰ ਸਥਾਨ ਨੂੰ ਪਲੀਤ ਕਰ ਦਿੱਤਾ।
4 ਹੋ ਸਕਦਾ ਹੈ ਕਿ ਸਾਧਾਰਣ ਲੋਕ ਉਸ ਬੰਦੇ ਨੂੰ ਅਣਡਿਠ ਕਰ ਦੇਣ। ਹੋ ਸਕਦਾ ਹੈ ਕਿ ਉਹ ਉਸ ਬੰਦੇ ਨੂੰ ਨਾ ਮਾਰਨ ਜਿਸਨੇ ਆਪਣੇ ਬੱਚੇ ਮੋਲਕ ਨੂੰ ਦਿੱਤੇ।
5 ਮੈਂ ਉਸ ਆਦਮੀ ਅਤੇ ਉਸਦੇ ਪਰਿਵਾਰ ਦਾ ਦੁਸ਼ਮਣ ਬਣ ਜਾਵਾਂਗਾ। ਮੈਂ ਉਸਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਉਸਦੇ ਲੋਕਾਂ ਤੋਂ ਵੱਖ ਕਰ ਦਿਆਂਗਾ ਜੋ ਮੋਲਕ ਦਾ ਅਨੁਸਰਣ ਕਰਨ ਲਈ ਉਸਦੇ, ਪਿਛੇ ਲੱਗਦੇ ਹਨ।
6 “ਮੈਂ ਹਰ ਉਸ ਬੰਦੇ ਦੇ ਖਿਲਾਫ਼ ਹੋਵਾਂਗਾ ਜੋ ਮਸ਼ਵਰੇ ਲਈ ਭੂਤ ਮ੍ਰਿਤਾਂ ਤੇ ਸਿਆਣਿਆ ਕੋਲ ਜਾਂਦਾ। ਉਹ ਮੇਰੇ ਨਾਲ ਵਫ਼ਾਦਾਰ ਨਹੀਂ ਹੈ, ਇਸ ਲਈ ਮੈਂ ਉਸਦੇ ਖਿਲਾਫ਼ ਹੋਵਾਂਗਾ ਅਤੇ ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦਿਆਂਗਾ।
7 “ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਪਵਿੱਤਰ ਹੋਵੋ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾ।
8 ਮੇਰੇ ਕਾਨੂੰਨਾਂ ਨੂੰ ਚੇਤੇ ਰੱਖੋ ਅਤੇ ਮੰਨੋ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
9 “ਜੇ ਕੋਈ ਬੰਦਾ ਆਪਣੇ ਪਿਤਾ ਜਾਂ ਮਾਤਾ ਨੂੰ ਗਾਲ੍ਹਾਂ ਕੱਢਦਾ ਹੈ, ਉਸ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਸਨੇ ਆਪਣੇ ਪਿਤਾ ਜਾਂ ਮਾਤਾਂ ਨੂੰ ਗਾਲ੍ਹਾਂ ਕਢੀਆਂ, ਇਸ ਲਈ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੈ।
10 “ਜੇ ਕਿਸੇ ਆਦਮੀ ਦੇ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਤਾਂ ਆਦਮੀ ਤੇ ਔਰਤ ਦੋਵੇਂ ਹੀ ਦੁਰਾਚਾਰ ਦੇ ਦੋਸ਼ੀ ਹਨ। ਇਸ ਲਈ ਆਦਮੀ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ।
11 ਜੇ ਕਿਸੇ ਬੰਦੇ ਦੇ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਉਸਨੇ ਆਪਣੇ ਪਿਤਾ ਦੀ ਪਤਨੀ ਨੂੰ ਭ੍ਰਸ਼ਟ ਕਰ ਦਿੱਤਾ। ਉਸਨੂੰ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜਿੰਮੇਵਾਰ ਹਨ।
12 “ਜੇ ਕਿਸੇ ਆਦਮੀ ਦੇ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਹੋਣ, ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਗੋਤ੍ਰ ਸੰਭੋਗ ਕੀਤਾ ਹੈ। ਉਹ ਆਪਣੀ ਮੌਤ ਲਈ ਖੁਦ ਜ਼ਿੰਮੇਵਾਰ ਹਨ।
13 “ਜੇ ਕਿਸੇ ਆਦਮੀ ਦੇ ਕਿਸੇ ਦੂਸਰੇ ਆਦਮੀ ਨਾਲ ਔਰਤਾਂ ਵਰਗੇ ਜਿਨਸੀ ਸੰਬੰਧ ਹਨ, ਤਾਂ ਇਨ੍ਹਾਂ ਦੋਹਾਂ ਦੇ ਭਿਆਨਕ ਪਾਪ ਕੀਤਾ ਹੈ। ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।
14 “ਜੇਕਰ ਕੋਈ ਆਦਮੀ ਕਿਸੇ ਔਰਤ ਨਾਲ ਅਤੇ ਉਸਦੀ ਧੀ ਨਾਲ ਵਿਆਹ ਕਰਦਾ ਹੈ, ਇਹ ਘ੍ਰਿਣਿਤ ਹੈ। ਲੋਕਾਂ ਨੂੰ ਉਹ ਆਦਮੀ ਤੇ ਦੋਹਾਂ ਔਰਤਾਂ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਇਹੋ ਜਿਹੀ ਦੁਸ਼ਟ ਗੱਲ ਆਪਣੇ ਲੋਕਾਂ ਦਰਮਿਆਨ ਨਾ ਵਾਪਰਨ ਦਿਉ।
15 “ਜੇ ਕਿਸੇ ਆਦਮੀ ਦੇ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਹੋਣ ਤਾਂ ਉਸ ਆਦਮੀ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਅਤੇ ਤੁਹਾਨੂੰ ਉਸ ਜਾਨਵਰ ਨੂੰ ਵੀ ਮਾਰ ਦੇਣਾ ਚਾਹੀਦਾ ਹੈ।
16 ਜੇ ਕਿਸੇ ਔਰਤ ਦੇ ਕਿਸੇ ਜਾਨਵਰ ਲਈ ਜਿਨਸੀ ਸੰਬੰਧ ਹੋਣ, ਉਸਨੂੰ ਅਤੇ ਜਾਨਵਰ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।
17 “ਜੇ ਕੋਈ ਭਰਾ ਆਪਣੀ ਭੈਣ ਨਾਲ ਸ਼ਾਦੀ ਕਰਦਾ ਹੈ - ਭਾਵੇਂ ਉਹ ਉਸਦੀ ਮਾਂ ਦੀ ਧੀ ਹੋਵੇ ਜਾਂ ਉਸਦੇ ਪਿਉ ਦੀ - ਅਤੇ ਉਸ ਨਾਲ ਜਿਨਸੀ ਸੰਬੰਧ ਬਣਾਉਂਦਾ ਹੈ, ਇਹ ਸ਼ਰਮਨਾਕ ਗੱਲ ਹੈ। ਉਨ੍ਹਾਂ ਨੂੰ ਖੁਲ੍ਹੇ ਆਮ ਆਪਣੇ ਲੋਕਾਂ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ। ਉਸ ਆਦਮੀ ਨੂੰ ਆਪਣੀ ਭੈਣ ਨਾਲ ਜਿਨਸੀ ਸੰਬੰਧ ਬਨਾਉਣ ਲਈ ਉਸਦੇ ਪਾਪ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
18 “ਜੇ ਕੋਈ ਆਦਮੀ ਕਿਸੇ ਔਰਤ ਨਾਲ ਮਾਹਵਾਰੀ ਦੇ ਦਿਨਾਂ ਵਿੱਚ ਜਿਨਸੀ ਸੰਬੰਧ ਬਣਾਉਂਦਾ ਹੈ, ਤਾਂ ਆਦਮੀ ਤੇ ਔਰਤ ਦੋਹਾਂ ਨੂੰ ਉਨ੍ਹਾਂ ਦੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਾਪ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਔਰਤ ਦਾ ਖੂਨ ਦਾ ਸੋਮਾਂ ਨੰਗਾ ਕੀਤਾ।
19 “ਤੁਹਾਨੂੰ ਆਪਣੀ ਮਾਤਾ ਦੀ ਭੈਣ ਜਾਂ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਸਗੋਤ੍ਰ ਸੰਭੋਗ ਕਰਨ ਵਾਂਗ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
20 “ਕਿਸੇ ਆਦਮੀ ਨੂੰ ਆਪਣੇ ਚਾਚੇ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਉਸਦਾ ਆਪਣੇ ਚਾਚੇ ਨਾਲ ਜਿਨਸੀ ਸੰਬੰਧ ਬਨਾਉਣ ਵਰਗਾ ਹੋਵੇਗਾ। ਉਸ ਆਦਮੀ ਅਤੇ ਉਸਦੇ ਚਾਚੇ ਦੀ ਪਤਨੀ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੇਗੀ। ਉਹ ਬੇਔਲਾਦ ਮਰਨਗੇ।
21 “ਕਿਸੇ ਆਦਮੀ ਦਾ ਆਪਣੇ ਭਰਾ ਦੀ ਪਤਨੀ ਨਾਲ ਸ਼ਾਦੀ ਕਰਨਾ ਗਲਤ ਹੈ। ਉਹ ਉਸਨੂੰ, ਜੋ ਉਸਦੇ ਭਰਾ ਦਾ ਹੈ ਭ੍ਰਸ਼ਟ ਕਰ ਰਿਹਾ ਹੈ। ਉਨ੍ਹਾਂ ਦੇ ਬੱਚੇ ਨਹੀਂ ਹੋਣਗੇ।
22 “ਤੁਹਾਨੂੰ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨ ਚੇਤੇ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਮੈਂ ਤੁਹਾਨੂੰ ਤੁਹਾਡੀ ਧਰਤੀ ਤੇ ਲਿਜਾ ਰਿਹਾ ਹਾਂ। ਤੁਸੀਂ ਉਸ ਦੇਸ਼ ਵਿੱਚ ਰਹੋਂਗੇ। ਜੇ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨੋਗੇ, ਉਹ ਧਰਤੀ ਤੁਹਾਨੂੰ ਬਾਹਰ ਨਹੀਂ ਉਗਲੇਗੀ।
23 ਉਨ੍ਹਾਂ ਲੋਕਾਂ ਦੇ ਨੇਮਾਂ ਅਤੇ ਰੀਤਾਂ ਤੇ ਨਾ ਚੱਲੋ ਜਿਨ੍ਹਾਂ ਨੂੰ ਮੈਂ ਉਸ ਦੇਸ਼ ਵਿੱਚੋਂ ਬਾਹਰ ਕਢ ਰਿਹਾ ਹਾਂ। ਕਿਉਂਕਿ ਉਨ੍ਹਾਂ ਲੋਕਾਂ ਨੇ ਇਹ ਸਾਰੇ ਪਾਪ ਕੀਤੇ ਅਤੇ ਮੈਂ ਉਨ੍ਹਾਂ ਨੂੰ ਘ੍ਰਿਣਾ ਕਰਦਾ ਹਾਂ। ਇਸ ਲਈ ਉਸ ਤਰ੍ਹਾਂ ਨਹੀਂ ਜਿਉਣਾ ਜਿਵੇਂ ਉਹ ਲੋਕ ਰਹਿੰਦੇ ਸਨ।
24 ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਉਨ੍ਹਾਂ ਦੀ ਧਰਤੀ ਹਾਸਿਲ ਕਰੋਂਗੇ। ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਦੇਵਾਂਗਾ ਅਤੇ ਇਹ ਤੁਹਾਡੀ ਧਰਤੀ ਹੋਵੇਗੀ। ਇਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।“ਮੈਂ ਤੁਹਾਨੂੰ ਬਾਕੀ ਕੌਮਾਂ ਤੋਂ ਵਖਰਾ ਬਣਾਇਆ ਹੈ।
25 ਇਸ ਲਈ ਤੁਹਾਨੂੰ ਪਾਕ ਅਤੇ ਨਾਪਾਕ ਜਾਨਵਰਾਂ ਵਿਚਲਾ ਫ਼ਰਕ ਪਛਾਨਣਾ ਚਾਹੀਦਾ ਹੈ। ਤੁਹਾਨੂੰ ਪਾਕ ਅਤੇ ਨਾਪਾਕ ਪੰਛੀਆਂ ਵਿਚਲਾ ਫ਼ਰਕ ਪਰਖਣਾ ਚਾਹੀਦਾ ਹੈ। ਉਨ੍ਹਾਂ ਨਾਪਾਕ ਪੰਛੀਆਂ, ਜਾਨਵਰਾਂ ਅਤੇ ਜ਼ਮੀਨ ਉੱਤੇ ਰੀਂਗਣ ਵਾਲੀਆਂ ਚੀਜ਼ਾਂ ਨੂੰ ਖਾਕੇ ਆਪਣੇ-ਆਪ ਨੂੰ ਕਲੰਕਤ ਨਾ ਕਰੋ। ਮੈਂ ਉਨ੍ਹਾਂ ਚੀਜ਼ਾਂ ਨੂੰ ਨਾਪਾਕ ਘੋਸ਼ਿਤ ਕੀਤਾ ਹੈ।
26 ਮੈਂ ਤੁਹਾਨੂੰ ਆਪਣੇ ਖਾਸ ਲੋਕ ਬਣਾਇਆ ਹੈ। ਇਸ ਲਈ ਤੁਹਾਨੂੰ ਮੇਰੇ ਲਈ ਪਵਿੱਤਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਮੈਂ ਯਹੋਵਾਹ ਹਾਂ, ਅਤੇ ਮੈਂ ਪਵਿੱਤਰ ਹਾਂ।
27 “ਕੋਈ ਆਦਮੀ ਜਾਂ ਔਰਤ ਜਿਹੜਾ ਭੂਤ ਮ੍ਰਿਤ ਹੈ ਜਾਂ ਸਿਆਣਾ ਹੈ ਮਾਰ ਦਿੱਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹੋਣਗੇ।”
ਕਾਂਡ 21

1 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਇਹ ਗੱਲਾਂ ਆਖ; ਆਪਣੇ ਲੋਕਾਂ ਦਰਮਿਆਨ ਹੋਈ ਮੌਤ ਕਾਰਣ ਜਾਜਕ ਨੂੰ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ।
2 ਪਰ ਜੇ ਮਰਿਆ ਹੋਇਆ ਬੰਦਾ ਉਸਦਾ ਨਜ਼ਦੀਕੀ ਰਿਸ਼ਤੇਦਾਰ ਸੀ ਤਾਂ ਉਹ ਆਪਣੇ-ਆਪ ਨੂੰ ਪਲੀਤ ਕਰ ਸਕਦਾ ਹੈ। ਇਸ ਵਿੱਚ ਉਸਦੀ ਮਾਤਾ, ਉਸਦਾ ਪਿਤਾ, ਉਸਦਾ ਪੁੱਤਰ ਜਾਂ ਧੀ, ਉਸਦਾ ਭਰਾ ਜਾਂ
3 ਉਸਦੀ ਅਣਵਿਆਹੀ ਭੈਣ ਸ਼ਾਮਿਲ ਹੈ। (ਇਹ ਭੈਣ ਉਸਦੇ ਨਜ਼ਦੀਕ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ। ਇਸ ਲਈ ਜਾਜਕ ਉਸ ਵਾਸਤੇ ਆਪਣੇ ਆਪ ਨੂੰ ਪਲੀਤ ਕਰ ਸਕਦਾ ਹੈ ਜੇ ਉਹ ਮਰ ਜਾਂਦੀ ਹੈ।)
4 ਪਰ ਉਸਨੂੰ ਆਪਣੇ-ਆਪਨੂੰ ਪਲੀਤ ਨਹੀਂ ਕਰਨਾ ਚਾਹੀਦਾ ਜੇ ਮਰਿਆ ਹੋਇਆ ਬੰਦਾ ਸ਼ਾਦੀ ਕਾਰਣ ਹੀ ਉਸਦੇ ਨਾਲ ਜੁੜਿਆ ਹੋਇਆ ਸੀ।
5 “ਜਾਜਕਾਂ ਨੂੰ ਆਪਣੇ ਸਿਰ ਨਹੀਂ ਮੁਨਵਾਉਣੇ ਚਾਹੀਦੇ। ਉਨ੍ਹਾਂ ਨੂੰ ਆਪਣੀਆਂ ਦਾਹੜੀਆਂ ਦੇ ਸਿਰੇ ਨਹੀਂ ਮੁਨਾਉਣੇ ਚਾਹੀਦੇ ਅਤੇ ਆਪਣੇ ਜਿਸਮਾਂ ਉੱਤੇ ਚੀਰੇ ਨਹੀਂ ਲਾਉਣੇ ਚਾਹੀਦੇ।
6 ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਹੋਵਾਹ ਨੂੰ ਅੱਗ ਦੁਆਰਾ ਚੜਾਵੇ (ਉਨ੍ਹਾਂ ਦੇ ਪਰਮੇਸ਼ੁਰ ਦਾ ਭੋਜਨ) ਚੜਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਪਵਿੱਤਰ ਹੋਣਾ ਚਾਹੀਦਾ ਹੈ।
7 “ਇੱਕ ਜਾਜਕ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੈ। ਇਸ ਲਈ ਜਾਜਕ ਨੂੰ ਕਿਸੇ ਵੇਸਵਾ, ਕਿਸੇ ਕਲੰਕਤ ਔਰਤ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ।
8 ਤੁਹਾਨੂੰ ਜਾਜਕ ਨਾਲ ਨਾਪਾਕ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਕਿਉਂਕਿ ਉਹ ਤੁਹਾਡੇ ਪਰਮੇਸ਼ੁਰ ਦਾ ਭੋਜਨ ਹਾਜ਼ਰ ਕਰਦਾ ਹੈ, ਅਤੇ ਮੈਂ ਪਵਿੱਤਰ ਹਾਂ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
9 “ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਜਾਵੇ ਅਤੇ ਆਪਣੇ-ਆਪ ਨੂੰ ਕਲੰਕਤ ਕਰ ਲਵੇ ਉਹ ਆਪਣੇ ਪਿਉ ਨੂੰ ਵੀ ਕਲੰਕਤ ਕਰ ਦਿੰਦੀ ਹੈ। ਇਸ ਲਈ ਉਸਨੂੰ ਜਿੰਦਾ ਸਾੜ ਦੇਣਾ ਚਾਹੀਦਾ ਹੈ।
10 “ਪਰਧਾਨ ਜਾਜਕ ਨੂੰ ਉਸਦੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ। ਮਸਹ ਵਾਲਾ ਤੇਲ ਉਸਦੇ ਸਿਰ ਤੇ ਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਉਸਨੂੰ ਪਰਧਾਨ ਜਾਜਕ ਦੀ ਖਾਸ ਸੇਵਾ ਲਈ ਚੁਣਿਆ ਗਿਆ ਸੀ। ਉਸਨੂੰ ਖਾਸ ਕੱਪੜੇ ਪਹਿਨਣ ਲਈ ਚੁਣਿਆ ਗਿਆ ਸੀ। ਇਸ ਲਈ ਉਸਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਵਿੱਚ ਉਸਦੀ ਉਦਾਸੀ ਨੂੰ ਦਰਸਾਉਣ। ਉਸਨੂੰ ਆਪਣੇ ਵਾਲ ਵਧਣ ਨਹੀਂ ਦੇਣੇ ਚਾਹੀਦੇ। ਉਸਨੂੰ ਆਪਣੇ ਕੱਪੜੇ ਨਹੀਂ ਪਾੜਨੇ ਚਾਹੀਦੇ।
11 ਉਸਨੂੰ ਕਿਸੇ ਮੁਰਦਾ ਸ਼ਰੀਰ ਦੇ ਕੋਲ ਜਾਕੇ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਭਾਵੇਂ ਲਾਸ਼ ਉਸਦੀ ਮਾਂ ਹੋਵੇ ਜਾਂ ਪਿਉ ਦੀ।
12 ਪਰਧਾਨ ਜਾਜਕ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਜਾਵੇਗਾ ਤਾਂ ਉਹ ਪਲੀਤ ਹੋ ਸਕਦਾ ਹੈ ਅਤੇ ਉਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਵੀ ਪਲੀਤ ਕਰ ਸਕਦਾ ਹੈ। ਕਿਉਂਕਿ ਉਸਨੂੰ ਉਸਦੇ ਪਰਮੇਸ਼ੁਰ ਦਾ ਮਸਹ ਕਰਨ ਵਾਲਾ ਤੇਲ ਉਸਦੇ ਸਿਰ ‘ਚ ਪਾਕੇ ਸਮਰਪਿਤ ਕੀਤਾ ਗਿਆ ਹੈ। ਮੈਂ ਯਹੋਵਾਹ ਹਾਂ।
13 “ਪਰਧਾਨ ਜਾਜਕ ਨੂੰ ਕਿਸੇ ਅਜਿਹੀ ਔਰਤ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ ਜੋ ਕੁਆਰੀ ਹੋਵੇ।
14 ਪਰਧਾਨ ਜਾਜਕ ਨੂੰ ਕਿਸੇ ਵਿਧਵਾ, ਕਿਸੇ ਤਲਾਕਸ਼ੁਦਾ ਔਰਤ ਜਾਂ ਕਿਸੇ ਵੇਸਵਾ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਉਹ ਸਿਰਫ਼ ਆਪਣੇ ਲੋਕਾਂ ਵਿੱਚੋਂ ਹੀ ਕਿਸੇ ਕੁਆਰੀ ਕੁੜੀ ਨਾਲ ਸ਼ਾਦੀ ਕਰ ਸਕਦਾ ਹੈ।
15 ਇਸ ਤਰ੍ਹਾਂ, ਉਹ ਲੋਕਾਂ ਦਰਮਿਆਨ ਆਪਣੇ ਬੱਚਿਆਂ ਨੂੰ ਜਾਜਕ ਹੋਣ ਤੋਂ ਅਯੋਗ ਨਹੀਂ ਬਣਾ ਸਕੇਗਾ। ਮੈਂ ਯਹੋਵਾਹ ਨੇ, ਜਾਜਕ ਨੂੰ ਉਸਦੇ ਖਾਸ ਕਾਰਜ ਲਈ ਵੱਖ ਕੀਤਾ ਹੈ।”
16 ਯਹੋਵਾਹ ਨੇ ਮੂਸਾ ਨੂੰ ਆਖਿਆ,
17 “ਹਾਰੂਨ ਨੂੰ ਆਖ; ਜੇਕਰ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕਿਸੇ ਨੂੰ ਵੀ ਕੋਈ ਸ਼ਰੀਰਿਕ ਨੁਕਸ ਹੋਵੇ, ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦਾ ਚੜਾਵਾ ਨਾ ਚੜਾਵੇ।
18 ਕੋਈ ਵੀ ਆਦਮੀ ਜਿਸਨੂੰ ਇਨ੍ਹਾਂ ਵਿੱਚੋਂ ਕੋਈ ਸ਼ਰੀਰਿਕ ਨੁਕਸ ਹੈ ਉਸਨੂੰ ਜਾਜਕ ਵਜੋਂ ਸੇਵਾ ਨਹੀਂ ਕਰਨੀ ਚਾਹੀਦੀ: ਅੰਨ੍ਹੇ ਆਦਮੀ ਨੂੰ, ਵਿਕਲਾਂਗ ਆਦਮੀ ਨੂੰ, ਭਿਆਨਕ ਚਿਹਰੇ ਵਾਲੇ ਆਦਮੀ ਨੂੰ, ਬਹੁਤ ਲੰਮੀਆਂ ਬਾਹਾਂ ਜਾਂ ਲੱਤਾਂ ਵਾਲੇ ਆਦਮੀ ਨੂੰ,
19 ਟੁੱਟੇ ਹੋਏ ਹੱਥਾਂ ਪੈਰਾਂ ਵਾਲੇ ਆਦਮੀ ਨੂੰ,
20 ਕੁਬ੍ਬੇ ਆਦਮੀ ਨੂੰ, ਅਖਾਂ ਵਿੱਚ ਨੁਕਸ ਵਾਲੇ ਆਦਮੀ ਨੂੰ, ਪਪੜੀ ਜਾਂ ਚਮੜੀ ਦੇ ਰੋਗੀ ਆਦਮੀ ਨੂੰ, ਖਸੀ ਆਦਮੀ ਨੂੰ।
21 “ਜੇ ਹਾਰੂਨ ਦੇ ਵੰਸ਼ਜਾਂ ਵਿੱਚੋਂ ਕਿਸੇ ਨੂੰ ਕੋਈ ਵੀ ਸ਼ਰੀਰਕ ਨੁਕਸ ਹੋਵੇ, ਉਹ ਯਹੋਵਾਹ ਨੂੰ ਹੋਮ ਦੀ ਭੇਟ ਨਹੀਂ ਚੜਾ ਸਕਦਾ। ਅਤੇ ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦੀ ਭੇਟ ਨਹੀਂ ਚੜਾ ਸਕਦਾ।
22 ਉਹ ਜਾਜਕ ਦੇ ਪਰਿਵਾਰ ਵਿੱਚੋਂ ਹੈ, ਇਸ ਲਈ ਉਹ ਪਵਿੱਤਰ ਭੋਜਨ ਅਤੇ ਆਪਣੇ ਪਰਮੇਸ਼ੁਰ ਦਾ ਅੱਤ ਪਵਿੱਤਰ ਭੋਜਨ ਖਾ ਸਕਦਾ ਹੈ।
23 ਪਰ ਉਹ ਪਵਿੱਤਰ ਦੇ ਪਰਦੇ ਜਾਂ ਜਗਵੇਦੀ ਦੇ ਨਜ਼ਦੀਕ ਨਹੀਂ ਜਾ ਸਕਦਾ। ਕਿਉਂਕਿ ਉਸ ਵਿੱਚ ਕੁਝ ਸ਼ਰੀਰਕ ਨੁਕਸ ਹੈ। ਉਸਨੂੰ ਮੇਰੇ ਪਵਿੱਤਰ ਸਥਾਨ ਨੂੰ ਅਪਵਿੱਤਰ ਨਹੀਂ ਬਨਾਉਣਾ ਚਾਹੀਦਾ। ਮੈਂ, ਯਹੋਵਾਹ, ਇਨ੍ਹਾਂ ਥਾਵਾਂ ਨੂੰ ਪਵਿੱਤਰ ਬਣਾਇਆ।”
24 ਇਸ ਤਰ੍ਹਾਂ ਮੂਸਾ ਨੇ ਇਹ ਗੱਲਾਂ ਹਾਰੂਨ ਨੂੰ, ਹਾਰੂਨ ਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦਸੀਆਂ।
ਕਾਂਡ 22

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਆਖ; ਇਸਰਾਏਲ ਦੇ ਲੋਕ ਮੈਨੂੰ ਸੁਗਾਤਾਂ ਚੜਾਉਣਗੇ। ਉਹ ਚੀਜ਼ਾਂ ਪਵਿੱਤਰ ਹੋ ਜਾਣਗੀਆਂ ਅਤੇ ਮੇਰੀਆਂ ਹੋਣਗੀਆਂ। ਇਸ ਲਈ ਤੁਹਾਨੂੰ, ਜਾਜਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਕਿ ਤੁਸੀਂ ਕਿਵੇਂ ਉਨ੍ਹਾਂ ਚੀਜ਼ਾਂ ਨਾਲ ਪੇਸ਼ ਆਉਂਦੇ ਹੋ। ਜੇ ਤੁਸੀਂ ਉਨ੍ਹਾਂ ਚੀਜ਼ਾਂ ਦਾ ਗਲਤ ਇਸਤੇਮਾਲ ਕਰੋਂਗੇ ਤਾਂ ਤੁਸੀਂ ਮੇਰੇ ਪਵਿੱਤਰ ਨਾਂ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
3 ਜੇਕਰ ਤੁਹਾਡੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਇਨ੍ਹਾਂ ਚੀਜ਼ਾਂ ਨੂੰ ਛੂਹਦਾ, ਜਦੋਂ ਉਹ ਪਲੀਤ ਹੋਵੇ, ਉਸਨੂੰ ਮੈਥੋਂ ਅਲੱਗ ਕਰ ਦਿੱਤਾ ਜਾਵੇ। ਇਸਰਾਏਲ ਦੇ ਲੋਕਾਂ ਨੇ ਉਹ ਚੀਜ਼ਾਂ ਮੈਨੂੰ ਦਿੱਤੀਆਂ ਹਨ। ਮੈਂ ਯਹੋਵਾਹ ਹਾਂ।
4 “ਜੇ ਹਾਰੂਨ ਦੇ ਕਿਸੇ ਉੱਤਰਾਧਿਕਾਰੀ ਨੂੰ ਚਮੜੀ ਦਾ ਭੈੜਾ ਰੋਗ ਜਾਂ ਪ੍ਰਮੇਹ ਹੈ ਉਹ ਜਿੰਨਾ ਚਿਰ ਪਾਕ ਨਹੀਂ ਹੋ ਜਾਂਦਾ ਪਵਿੱਤਰ ਭੋਜਨ ਨਹੀਂ ਖਾ ਸਕਦਾ। ਇਹ ਨੇਮ ਹਰ ਉਸ ਜਾਜਕ ਲਈ ਹੈ ਜਿਹੜਾ ਪਲੀਤ ਹੋ ਜਾਂਦਾ ਹੈ। ਉਹ ਜਾਜਕ ਕਿਸੇ ਮੁਰਦਾ ਸ਼ਰੀਰ ਨਾਲ ਵੀ ਪਲੀਤ ਹੋ ਸਕਦਾ ਹੈ, ਜਾਂ ਆਪਣੇ ਹੀ ਵੀਰਜ ਨਾਲ ਵੀ।
5 ਜੇ ਉਹ ਕਿਸੇ ਰੀਂਗਣ ਵਾਲੇ ਨਾਪਾਕ ਜਾਨਵਰ ਨੂੰ ਜਾ ਕਿਸੇ ਕਾਰਣ ਹੋਏ ਪਲੀਤ ਵਿਅਕਤੀ ਨੂੰ ਛੂਹ ਲੈਂਦਾ ਹੈ।
6 ਉਹ ਸ਼ਾਮ ਤੀਕ ਪਲੀਤ ਰਹੇਗਾ। ਉਸਨੂੰ ਉਨਾ ਚਿਰ ਕੋਈ ਵੀ ਪਵਿੱਤਰ ਭੋਜਨ ਨਹੀਂ ਖਾਣਾ ਚਾਹੀਦਾ ਜਿੰਨਾ ਚਿਰ ਉਹ ਆਪਣੇ-ਆਪ ਨੂੰ ਪਾਣੀ ਨਾਲ ਧੋ ਨਹੀਂ ਲੈਂਦਾ।
7 ਉਹ ਸੂਰਜ ਛੁਪ ਜਾਣ ਤੋਂ ਬਾਦ ਪਾਕ ਹੋ ਜਾਵੇਗਾ। ਫ਼ੇਰ ਉਹ ਪਵਿੱਤਰ ਭੋਜਨ ਖਾ ਸਕਦਾ ਹੈ ਕਿਉਂਕਿ ਉਹ ਭੋਜਨ ਉਸਦਾ ਹੈ।
8 “ਜਾਜਕ ਨੂੰ ਕੋਈ ਵੀ ਅਜਿਹਾ ਜਾਨਵਰ ਨਹੀਂ ਖਾਣਾ ਚਾਹੀਦਾ ਜੋ ਆਪਣੇ-ਆਪ ਮਰਿਆ ਸੀ ਜਾਂ ਜੋ ਹੋਰਨਾਂ ਜਾਨਵਰਾਂ ਦੁਆਰਾ ਮਾਰਿਆ ਗਿਆ ਸੀ। ਜੇ ਉਹ ਉਸ ਮੁਰਦਾ ਜਾਨਵਰ ਨੂੰ ਖਾਂਦਾ ਹੈ, ਉਹ ਪਲੀਤ ਹੋ ਜਾਵੇਗਾ। ਮੈਂ ਯਹੋਵਾਹ ਹਾਂ।
9 “ਉਨ੍ਹਾਂ ਨੂੰ ਧਿਆਨ ਨਾਲ ਮੇਰੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ ਤਾਂ ਜੋ ਉਹ ਦੋਸ਼ੀ ਨਾ ਹੋ ਜਾਣ ਅਤੇ ਪਵਿੱਤਰ ਚੀਜ਼ਾਂ ਨੂੰ ਅਪਵਿੱਤਰ ਕਰਨ ਕਾਰਣ ਮਾਰੇ ਨਾ ਜਾਣ। ਮੈਂ, ਯਹੋਵਾਹ, ਨੇ ਉਨ੍ਹਾਂ ਨੂੰ ਇਸ ਖਾਸ ਕੰਮ ਲਈ ਵੱਖ ਕੀਤਾ ਹੈ।
10 ਸਿਰਫ਼ ਜਾਜਕ ਦੇ ਪਰਿਵਾਰ ਦੇ ਲੋਕ ਪਵਿੱਤਰ ਭੋਜਨ ਨੂੰ ਖਾ ਸਕਦੇ ਹਨ। ਜਾਜਕ ਕੋਲ ਠਹਿਰਿਆ ਹੋਇਆ ਕੋਈ ਪ੍ਰਹੁਣਾ ਜਾਂ ਭਾੜੇ ਦਾ ਨੌਕਰ ਵੀ ਪਵਿੱਤਰ ਭੋਜਨ ਨਹੀਂ ਖਾ ਸਕਦਾ।
11 ਪਰ ਜੇ ਕੋਈ ਜਾਜਕ ਆਪਣੇ ਪੈਸੇ ਨਾਲ ਕਿਸੇ ਨੂੰ ਗੁਲਾਮ ਵਜੋਂ ਖਰੀਦੇ, ਉਹ ਗੁਲਾਮ ਪਵਿੱਤਰ ਭੋਜਨ ਖਾ ਸਕਦਾ ਹੈ। ਜਾਜਕ ਦੇ ਘਰ ਵਿੱਚ ਪੈਦਾ ਹੋਏ ਗੁਲਾਮ ਵੀ ਉਹ ਭੋਜਨ ਖਾ ਸਕਦੇ ਹਨ।
12 ਹੋ ਸਕਦਾ ਹੈ ਕਿਸੇ ਜਾਜਕ ਦੀ ਧੀ ਕਿਸੇ ਅਜਿਹੇ ਬੰਦੇ ਨਾਲ ਸ਼ਾਦੀ ਕਰ ਲਵੇ ਜਿਹੜਾ ਜਾਜਕ ਨਹੀਂ ਹੈ। ਜੇ ਉਹ ਅਜਿਹਾ ਕਰਦੀ ਹੈ ਤਾਂ ਪਵਿੱਤਰ ਭੇਟਾਂ ਵਿੱਚੋਂ ਕੁਝ ਨਹੀਂ ਖਾ ਸਕਦੀ।
13 ਕਿਸੇ ਜਾਜਕ ਦੀ ਧੀ ਵਿਧਵਾ ਜਾਂ ਤਲਾਕਸ਼ੁਦਾ ਔਰਤ ਹੋ ਸਕਦੀ ਹੈ। ਜੇ ਉਸਨੂੰ ਸਹਾਰਾ ਦੇਣ ਲਈ ਉਸਦੇ ਬੱਚੇ ਨਹੀਂ ਹਨ ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਂਦੀ ਹੈ ਜਿਥੇ ਉਹ ਬਚਪਨ ਤੋਂ ਰਹਿੰਦੀ ਸੀ ਉਹ ਆਪਣੇ ਪਿਉ ਦਾ ਭੋਜਨ ਖਾ ਸਕਦੀ ਹੈ। ਪਰ ਜਾਜਕ ਦੇ ਪਰਿਵਾਰ ਤੋਂ ਬਾਹਰਲਾ ਵਿਅਕਤੀ ਇਸ ਭੋਜਨ ਨੂੰ ਨਹੀਂ ਖਾ ਸਕਦਾ।
14 “ਹੋ ਸਕਦਾ ਹੈ ਕੋਈ ਬੰਦਾ ਗਲਤੀ ਨਾਲ ਪਵਿੱਤਰ ਭੋਜਨ ਵਿੱਚੋਂ ਕੁਝ ਖਾ ਲਵੇ। ਉਸ ਬੰਦੇ ਨੂੰ ਉਨੀ ਮਿਕਦਾਰ ਜਾਜਕ ਨੂੰ ਦੇਣੀ ਚਾਹੀਦੀ ਹੈ, ਅਤੇ ਉਸਨੂੰ ਉਸ ਭੋਜਨ ਦਾ ਪੰਜਵਾਂ ਹਿੱਸਾ ਕੀਮਤ ਹੋਰ ਦੇਣੀ ਚਾਹੀਦੀ ਹੈ।
15 “ਇਸ ਲਈ ਉਹ ਲੋਕ (ਜੋ ਜਾਜਕ ਨਾ ਹੋਣ) ਇਸਰਾਏਲ ਦੇ ਲੋਕਾਂ ਦੁਆਰਾ ਯਹੋਵਾਹ ਨੂੰ ਚੜਾਈਆਂ ਗਈਆਂ ਚੀਜ਼ਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ।
16 ਅਤੇ ਉਹ ਦੋਸ਼ੀ ਹੋਣਗੇ ਅਤੇ ਪਵਿੱਤਰ ਭੋਜਨ ਖਾਂਦੇ ਸਮੇਂ ਆਪਣੇ ਪਾਪਾਂ ਦੀ ਜ਼ਿੰਮੇਵਾਰੀ ਸਹਾਰਨਗੇ।’ ਮੈਂ ਯਹੋਵਾਹ ਹਾਂ ਜੋ, ਉਨ੍ਹਾਂ ਨੂੰ ਪਵਿੱਤਰ ਬਣਾਉਂਦਾ ਹਾਂ।”
17 ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ,
18 “ਹਾਰੂਨ, ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਹੋ ਸਕਦਾ ਹੈ ਕਿ ਇਸਰਾਏਲ ਦਾ ਕੋਈ ਨਾਗਰਿਕ ਜਾਂ ਇਸਰਾਏਲ ਵਿੱਚ ਰਹਿੰਦਾ ਕੋਈ ਵੀ ਵਿਦੇਸ਼ੀ ਹੋਮ ਦੀ ਭੇਟ ਲਿਆਉਣਾ ਚਾਹੇ। ਇਹ ਉਸ ਬੰਦੇ ਦੀ ਖਾਸ ਸੁੱਖਣਾ ਜਾਂ ਕੋਈ ਖਾਸ ਭੇਟ ਹੋਵੇ ਜੋ ਉਹ ਲਿਆਉਣ ਚਾਹੁੰਦਾ ਸੀ।
19 ਇਹ ਸੁਗਾਤਾਂ ਹਨ ਜਿਹੜੀਆਂ ਤੁਸੀਂ ਲਿਆ ਸਕਦੇ ਹੋ; ਇੱਕ ਬਲਦ, ਭੇਡੂ ਜਾਂ ਬਕਰਾ। ਤੁਹਾਨੂੰ ਕਿਸੇ ਨੁਕਸ ਵਾਲਾ ਜਾਨਵਰ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਪਰਮੇਸ਼ੁਰ ਇਸਨੂੰ ਪ੍ਰਵਾਨ ਨਹੀਂ ਕਰੇਗਾ।
20
21 “ਕੋਈ ਬੰਦਾ ਯਹੋਵਾਹ ਲਈ ਸੁੱਖ-ਸਾਂਦ ਦੀ ਭੇਟ ਲਿਆ ਸਕਦਾ ਹੈ। ਉਹ ਸੁੱਖ-ਸਾਂਦ ਦੀ ਭੇਟ, ਉਸ ਬੰਦੇ ਦੀ ਖਾਸ ਸੁੱਖਣਾ ਦੀ ਅਦਾਇਗੀ ਹੋ ਸਕਦੀ ਹੈ। ਜਾਂ ਇਹ ਉਹ ਖਾਸ ਸੁਗਾਤ ਹੋ ਸਕਦੀ ਹੈ ਜਿਹੜੀ ਉਹ ਯਹੋਵਾਹ ਨੂੰ ਚੜਾਉਣੀ ਚਾਹੁੰਦਾ ਹੋਵੇ। ਇਹ ਵਗ੍ਗ ਜਾਂ ਇੱਜੜ ਤੋਂ ਹੋ ਸਕਦੀ ਹੈ ਪਰ ਇਸਨੂੰ ਪ੍ਰਵਾਨ ਹੋਣ ਲਈ ਬੇਨੁਕਸ ਹੋਣਾ ਚਾਹੀਦਾ ਹੈ।
22 ਤੁਹਾਨੂੰ ਅੰਨ੍ਹੇ, ਜ਼ਖਮੀ ਹੋਏ, ਅਪਂਗ, ਜਿਸਨੂੰ ਪ੍ਰਮੇਹ ਹੋਵੇ ਜਾਂ ਜਿਸਨੂੰ ਕੋਈ ਚਮੜੀ ਦਾ ਰੋਗ ਹੋਵੇ ਅਜਿਹਾ ਜਾਨਵਰ ਨਹੀਂ ਚੜਾਉਣਾ ਚਾਹੀਦਾ। ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਯਹੋਵਾਹ ਦੀ ਜਗਵੇਦੀ ਦੀ ਅੱਗੇ ਤੇ ਨਹੀਂ ਸਾੜਨਾ ਚਾਹੀਦਾ।
23 “ਤੁਸੀਂ ਕੋਈ ਅਜਿਹਾ ਬਲਦ ਜਾਂ ਭੇਡ ਨਹੀਂ ਚੜਾਵੋਂਗੇ ਜੋ ਵਿਕਲਾਂਗ ਹੋਵੇ ਜਾਂ ਜੋ ਸਾਧਾਰਨ ਹੋਣ ਤੋਂ ਛੋਟੇ ਹੋਣ। ਤੁਸੀਂ ਇਨ੍ਹਾਂ ਨੂੰ ਖਾਸ ਸੁਗਾਤ ਵਜੋਂ ਯਹੋਵਾਹ ਨੂੰ ਚੜਾ ਸਕਦੇ ਹੋਂ, ਪਰ ਇਸਨੂੰ ਕਿਸੇ ਖਾਸ ਸੁੱਖਣਾ ਦੀ ਅਦਾਇਗੀ ਵਜੋਂ ਪ੍ਰਵਾਨ ਨਹੀਂ ਕੀਤਾ ਜਾਵੇਗਾ।
24 “ਜੇ ਕਿਸੇ ਜਾਨਵਰ ਦੇ ਅੰਡਕੋਸ਼ ਉੱਤੇ ਝਰੀਟ ਹੈ, ਕੁਚਲਿਆ ਹੋਇਆ, ਪਾਟਿਆ ਹੋਇਆ ਜਾਂ ਵਢਿਆ ਹੋਇਆ ਤਾਂ ਤੁਹਾਨੂੰ ਉਹ ਜਾਨਵਰ ਯਹੋਵਾਹ ਨੂੰ ਭੇਟ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੀ ਧਰਤੀ ਤੇ ਇਹ ਨਹੀਂ ਕਰਨਾ ਚਾਹੀਦਾ।
25 “ਤੁਹਾਨੂੰ ਆਪਣੇ ਪਰਮੇਸ਼ੁਰ ਨੂੰ ਬਲੀ ਚੜਾਉਣ ਲਈ ਵਿਦੇਸ਼ੀਆਂ ਕੋਲੋਂ ਅਜਿਹੇ ਜਾਨਵਰ ਨਹੀਂ ਲੈਣੇ ਚਾਹੀਦੇ। ਕਿਉਂਕਿ ਉਨ੍ਹਾਂ ਵਿੱਚ ਸ਼ਰੀਰਕ ਖਰਾਬੀ ਹੈ ਅਤੇ ਪਰਮੇਸ਼ੁਰ ਦੁਆਰਾ ਪ੍ਰਵਾਨ ਨਹੀਂ ਕੀਤੇ ਜਾਣਗੇ।”
26 ਯਹੋਵਾਹ ਨੇ ਮੂਸਾ ਨੂੰ ਆਖਿਆ,
27 “ਜਦੋਂ ਕੋਈ ਵੱਛਾ, ਭੇਡ ਜਾਂ ਬੱਕਰੀ ਪੈਦਾ ਹੁੰਦੀ ਹੈ, ਇਸਨੂੰ ਸੱਤਾਂ ਦਿਨਾਂ ਤੱਕ ਇਸਦੀ ਮਾਂ ਦੇ ਕੋਲ ਰਹਿਣ ਦੇਣਾ ਚਾਹੀਦਾ ਹੈ। ਫ਼ੇਰ ਅਠਵੇਂ ਦਿਨ ਜਾਂ ਉਸਤੋਂ ਮਗਰੋਂ, ਇਸਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਬਲੀ ਵਜੋਂ ਪ੍ਰਵਾਨ ਕੀਤਾ ਜਾ ਸਕਦਾ ਹੈ।
28 ਪਰ ਤੁਹਾਨੂੰ ਉਸੇ ਦਿਨ ਉਸ ਜਾਨਵਰ ਨੂੰ ਅਤੇ ਉਸਦੀ ਮਾਂ ਨੂੰ ਨਹੀਂ ਮਾਰਨਾ ਚਾਹੀਦਾ। ਇਹ ਨੇਮ ਗਾਵਾਂ ਅਤੇ ਭੇਡਾਂ ਲਈ ਇੱਕੋ ਜਿਹਾ ਹੈ।
29 “ਜੇ ਤੁਸੀਂ ਯਹੋਵਾਹ ਨੂੰ ਸ਼ੁਕਰਾਨੇ ਦੀ ਕੋਈ ਖਾਸ ਭੇਟ ਚੜਾਉਣੀ ਚਾਹੁੰਦੇ ਹੋ, ਤੁਹਾਨੂੰ ਇਸਨੂੰ ਪ੍ਰਵਾਨ ਕੀਤੇ ਜਾਣ ਲਈ ਇੰਝ ਕਰਨਾ ਚਾਹੀਦਾ।
30 ਤੁਹਾਨੂੰ ਇਸਨੂੰ ਉਸੇ ਦਿਨ ਹੀ ਖਾਣਾ ਚਾਹੀਦਾ ਹੈ। ਤੁਹਾਨੂੰ ਅਗਲੀ ਸਵੇਰ ਲਈ ਕੋਈ ਮਾਸ ਨਹੀਂ ਛੱਡਣਾ ਚਾਹੀਦਾ। ਮੈਂ ਯਹੋਵਾਹ ਹਾਂ।
31 “ਮੇਰੇ ਹੁਕਮਾਂ ਨੂੰ ਚੇਤੇ ਰੱਖੋ, ਅਤੇ ਉਨ੍ਹਾਂ ਨੂੰ ਮੰਨੋ। ਮੈਂ ਯਹੋਵਾਹ ਹਾਂ।
32 ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰੋ। ਇਸਰਾਏਲ ਦੇ ਲੋਕਾਂ ਦਰਮਿਆਨ, ਮੇਰੇ ਨਾਲ ਪਵਿੱਤਰਤਾ ਦਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਮੈਂ, ਯਹੋਵਾਹ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
33 ਮੈਂ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਹੈ। ਮੈਂ ਯਹੋਵਾਹ ਹਾਂ।”
ਕਾਂਡ 23

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਸੀਂ ਯਹੋਵਾਹ ਦੇ ਚੁਣੇ ਹੋਏ ਤਿਉਹਾਰਾਂ ਦਾ ਪਵਿੱਤਰ ਸਭਾਵਾਂ ਵਜੋਂ ਐਲਾਨ ਕਰੋਂਗੇ। ਮੇਰੀਆਂ ਪਵਿੱਤਰ ਛੁੱਟੀਆਂ ਇਹ ਹਨ;
3 “ਛੇ ਦਿਨ ਕੰਮ ਕਰੋ। ਪਰ ਸੱਤਵਾਂ ਦਿਨ, ਸਬਤ, ਅਰਾਮ ਦਾ ਖਾਸ ਦਿਨ ਪਵਿੱਤਰ ਸਭਾ ਦਾ ਹੋਵੇਗਾ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਸਾਰੇ ਘਰਾਂ ਵਿੱਚ ਯਹੋਵਾਹ ਲਈ ਸਬਤ ਹੈ।
4 “ਇਹ ਯਹੋਵਾਹ ਦੀਆਂ ਚੁਣੀਆਂ ਹੋਈਆਂ ਛੁੱਟੀਆਂ ਹਨ। ਤੁਸੀਂ ਇਨ੍ਹਾਂ ਲਈ ਚੁਣੇ ਹੋਏ ਸਮਿਆਂ ਵਾਸਤੇ ਪਵਿੱਤਰ ਸਭਾਵਾਂ ਦਾ ਐਲਾਨ ਕਰੋਂਗੇ।
5 ਯਹੋਵਾਹ ਦਾ ਪਸਾਹ ਪਹਿਲੇ ਮਹੀਨੇ ਦੇ 14 ਵੇਂ ਦਿਨ ਨੂੰ ਸ਼ਾਮ ਵੇਲੇ ਹੈ।
6 “ਯਹੋਵਾਹ ਦਾ ਪਤੀਰੀ ਰੋਟੀ ਦਾ ਪਰਬ ਉਸੇ ਮਹੀਨੇ ਦੇ 15 ਵੇਂ ਦਿਨ ਤੇ ਹੈ। ਤੁਸੀਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਖਾਵੋਂਗੇ।
7 ਇਸ ਛੁੱਟੀ ਦੇ ਪਹਿਲੇ ਦਿਨ, ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ, ਇਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।
8 ਤੁਹਾਨੂੰ ਯਹੋਵਾਹ ਨੂੰ ਸੱਤਾਂ ਦਿਨਾਂ ਤੀਕ ਅੱਗ ਦੁਆਰਾ ਬਲੀਆਂ ਚੜਾਉਣੀਆਂ ਚਾਹੀਦੀਆਂ ਹਨ। ਫ਼ੇਰ ਸੱਤਵੇਂ ਦਿਨ ਉਥੇ ਇੱਕ ਹੋਰ ਪਵਿੱਤਰ ਸਭਾ ਹੋਵੇਗੀ। ਉਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।”
9 ਯਹੋਵਾਹ ਨੇ ਮੂਸਾ ਨੂੰ ਆਖਿਆ,
10 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਮੈਂ ਤੁਹਾਨੂੰ ਦੇਵਾਂਗਾ। ਤੁਸੀਂ ਇਸਦੀ ਫ਼ਸਲ ਵਢੋਂਗੇ। ਉਸ ਸਮੇਂ ਤੁਹਾਨੂੰ ਆਪਣੀ ਫ਼ਸਲ ਦੀ ਪਹਿਲੀ ਭਰੀ ਜਾਜਕ ਕੋਲ ਲੈਕੇ ਆਉਣੀ ਚਾਹੀਦੀ ਹੈ।
11 ਉਹ ਭਰੀ ਨੂੰ ਤੁਹਾਡੇ ਲਈ ਯਹੋਵਾਹ ਅੱਗੇ ਹਿਲਾਵੇਗਾ। ਫ਼ੇਰ ਇਹ ਪ੍ਰਵਾਨ ਹੋ ਜਾਵੇਗੀ। ਉਹ ਭਰੀ ਨੂੰ ਸਬਤ ਤੋਂ ਅਗਲੇ ਦਿਨ ਨੂੰ ਹਿਲਾਵੇਗਾ।
12 “ਉਸ ਦਿਨ, ਜਦੋਂ ਜਾਜਕ ਭਰੀ ਨੂੰ ਤੁਹਾਡੇ ਲਈ ਹਿਲਾਵੇ, ਤੁਸੀਂ ਇੱਕ ਸਾਲ ਦਾ ਬੇਨੁਕਸ ਲੇਲਾ ਵੀ ਭੇਟ ਕਰੋਂਗੇ। ਲੇਲੇ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਭੇਟ ਕੀਤਾ ਜਾਵੇਗਾ।
13 ਤੁਹਾਨੂੰ ਜੈਤੂਨ ਦੇ ਤੇਲ ਵਿੱਚ ਮਿਲੇ ਮੈਦੇ ਦੇ 16 ਕੱਪ ਅਨਾਜ਼ ਦੀ ਭੇਟ ਵਜੋਂ ਚੜਾਉਣੇ ਚਾਹੀਦੇ ਹਨ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਮੈਅ ਦਾ ਇੱਕ ਕੁਆਟਰ ਪੀਣ ਦੀ ਭੇਟ ਵਜੋਂ ਚੜਾਉਣਾ ਚਾਹੀਦਾ ਹੈ।
14 ਜਿੰਨਾ ਚਿਰ ਤੁਸੀਂ ਇਹ ਸੁਗਾਤ ਯਹੋਵਾਹ ਲਈ ਨਹੀਂ ਲਿਆਉਂਦੇ, ਤੁਹਾਨੂੰ ਆਪਣੀ ਵਾਢੀ ਚੋਂ ਅਨਾਜ਼, ਰੋਟੀ ਜਾਂ ਫ਼ਲ ਨਹੀਂ ਖਾਣਾ ਚਾਹੀਦਾ। ਇਹ ਨੇਮ ਜਿਥੇ ਵੀ ਤੁਸੀਂ ਰਹੋਂ ਤੁਹਾਡੀਆਂ ਸਾਰੀਆਂ ਪੀੜੀਆਂ ਤਾਈਂ ਜਾਰੀ ਰਹੇਗਾ।
15 “ਸਬਤ ਤੋਂ ਅਗਲੇ ਦਿਨ ਜਿਸ ਦਿਨ ਤੁਸੀਂ ਭਰੀ ਨੂੰ ਹਿਲਾਉਣ ਦੀ ਭੇਟ ਵਜੋਂ ਲਿਆਉਂਦੇ ਹੋ, ਸੱਤ ਹਫ਼ਤੇ ਗਿਣ ਲਵੋ।
16 ਸੱਤਵੇਂ ਹਫ਼ਤੇ ਦੇ ਪਿਛੋਂ ਆਉਣ ਵਾਲੇ ਦਿਨ (ਅਰਥਾਤ 50 ਵੇਂ ਦਿਨ) ਤੁਸੀਂ ਯਹੋਵਾਹ ਲਈ ਇੱਕ ਨਵੀਂ ਅਨਾਜ਼ ਦੀ ਭੇਟ ਲੈਕੇ ਆਵੋਂਗੇ।
17 ਉਸ ਦਿਨ, ਆਪਣੇ ਘਰਾਂ ਵਿੱਚੋਂ ਦੋ ਰੋਟੀਆਂ ਹਿਲਾਉਣ ਦੀ ਭੇਟ ਵਜੋਂ ਲੈਕੇ ਆਵੋ। ਇਨ੍ਹਾਂ ਰੋਟੀਆਂ ਨੂੰ
16 ਕੱਪ ਮੈਦੇ ਵਿੱਚ ਖਮੀਰ ਪਾਕੇ ਬਣਾਉ। ਇਹ ਤੁਹਾਡੀ ਪਹਿਲੀ ਵਾਢੀ ਵਿੱਚੋਂ ਯਹੋਵਾਹ ਲਈ ਸੁਗਾਤ ਹੋਵੇਗੀ।
18 “ਇੱਕ ਬਲਦ, ਦੋ ਭੇਡੂ ਅਤੇ ਸੱਤ ਇੱਕ ਸਾਲ ਦੇ ਲੇਲੇ ਲੋਕਾਂ ਵੱਲੋਂ ਅਨਾਜ਼ ਦੀ ਭੇਟ ਦੇ ਨਾਲ ਭੇਟ ਕੀਤੇ ਜਾਣਗੇ। ਇਹ ਜਾਨਵਰ ਬੇਨੁਕਸ ਹੋਣੇ ਚਾਹੀਦੇ ਹਨ। ਇਹ ਉਨ੍ਹਾਂ ਦੀਆਂ ਅਨਾਜ਼ ਅਤੇ ਪੀਣ ਦੀਆਂ ਭੇਟਾਂ ਸਮੇਤ ਹੋਮ ਦੀ ਭੇਟ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
19 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬਕਰਾ ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਇੱਕ ਸਾਲ ਦੇ ਲੇਲੇ ਵੀ ਭੇਟ ਕਰਨੇ ਚਾਹੀਦੇ ਹਨ।
20 “ਜਾਜਕ ਇਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਦੋ ਲੇਲਿਆਂ ਅਤੇ ਪਹਿਲੀ ਫ਼ਸਲ ਦੀ ਰੋਟੀ ਨਾਲ ਹਿਲਾਉਣ ਦੀ ਭੇਟ ਵਜੋਂ ਲਹਿਰਾਵੇਗਾ। ਇਹ ਯਹੋਵਾਹ ਲਈ ਪਵਿੱਤਰ ਹਨ। ਇਹ ਜਾਜਕ ਦੇ ਹੋਣਗੇ।
21 ਉਸੇ ਦਿਨ ਤੁਸੀਂ ਇੱਕ ਪਵਿੱਤਰ ਸਭਾ ਬੁਲਾਵੋਂਗੇ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਜਿਥੇ ਵੀ ਤੁਸੀਂ ਰਹੋਂ, ਤੁਹਾਡੀਆਂ ਸਾਰੀਆਂ ਪੀੜੀਆਂ ਤੀਕ ਹਮੇਸ਼ਾ ਲਈ ਜਾਰੀ ਰਹੇਗਾ।
22 “ਇਸਤੋਂ ਇਲਾਵਾ, ਜਦੋਂ ਤੁਸੀਂ ਆਪਣੀ ਧਰਤੀ ਤੋਂ ਫ਼ਸਲਾਂ ਦੀ ਵਾਢੀ ਕਰੋ ਤਾਂ ਆਪਣੇ ਖੇਤ ਨੂੰ ਪੂਰੇ ਕਿਨਾਰਿਆਂ ਤੱਕ ਨਾ ਵਢੋ। ਜਿਹੜਾ ਅਨਾਜ਼ ਧਰਤੀ ਉੱਤੇ ਡਿੱਗ ਪੈਂਦਾ ਹੈ ਉਸਨੂੰ ਨਾ ਚੁੱਕੋ। ਇਹ ਚੀਜ਼ਾਂ ਗਰੀਬ ਲੋਕਾਂ ਅਤੇ ਤੁਹਾਡੇ ਦੇਸ਼ ਵਿੱਚੋਂ ਗੁਜ਼ਰਨ ਵਾਲੇ ਪਰਦੇਸੀਆਂ ਲਈ ਛੱਡ ਦਿਉ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
23 ਇੱਕ ਵਾਰ ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
24 “ਇਸਰਾਏਲ ਦੇ ਲੋਕਾਂ ਨੂੰ ਆਖ; ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਨੂੰ ਛੁੱਟੀ ਦਾ ਖਾਸ ਦਿਨ ਮਿਲਿਆ ਹੈ। ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ ਅਤੇ ਯਾਦਗਾਰੀ ਵਜੋਂ ਤੂਰ੍ਹੀ ਵਜਾਵੋਂਗੇ।
25 ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਯਹੋਵਾਹ ਨੂੰ ਅੱਗ ਦੁਆਰਾ ਇੱਕ ਦੁਆਰਾ ਇੱਕ ਭੇਟ ਚੜਾਵੋਂਗੇ।”
26 ਯਹੋਵਾਹ ਨੇ ਮੂਸਾ ਨੂੰ ਆਖਿਆ,
27 “ਪਰਾਸਚਿਤ ਦਾ ਦਿਨ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਹੋਵੇਗਾ। ਇੱਥੇ ਇੱਕ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ ਅਤੇ ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜਾਉਣੀ ਚਾਹੀਦੀ ਹੈ।
28 ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਪਰਾਸਚਿਤ ਦਾ ਦਿਨ ਤੁਹਾਡੇ ਲਈ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਾਮ੍ਹਣੇ ਪਰਾਸਚਿਤ ਕਰਨ ਲਈ ਹੋਵੇਗਾ।
29 “ਜੇ ਕੋਈ ਬੰਦਾ ਇਸ ਦਿਨ ਵਰਤ ਰੱਖਣ ਤੋਂ ਇਨਕਾਰ ਕਰਦਾ ਹੈ, ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।
30 ਜੇ ਕੋਈ ਬੰਦਾ ਇਸ ਦਿਨ ਕੋਈ ਕੰਮ ਕਰਦਾ ਹੈ ਮੈਂ (ਪਰਮੇਸ਼ੁਰ) ਉਸ ਬੰਦੇ ਨੂੰ ਉਸਦੇ ਲੋਕਾਂ ਵਿੱਚੋਂ ਤਬਾਹ ਕਰ ਦਿਆਂਗਾ।
31 ਤੁਹਾਨੂੰ ਬਿਲਕੁਲ ਵੀ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਹੈ ਜਿਹੜਾ ਤੁਹਾਡੇ ਲਈ ਹਮੇਸ਼ਾ ਲਈ ਜਾਰੀ ਰਹੇਗਾ ਭਾਵੇਂ ਤੁਸੀਂ ਕਿਧਰੇ ਵੀ ਰਹਿੰਦੇ ਹੋਵੋ।
32 ਇਹ ਤੁਹਾਡੇ ਲਈ ਅਰਾਮ ਦਾ ਖਾਸ ਦਿਨ ਹੋਵੇਗਾ। ਤੁਹਾਨੂੰ ਭੋਜਨ ਨਹੀਂ ਖਾਣਾ ਚਾਹੀਦਾ। ਤੁਸੀਂ ਇਸ ਦਿਨ ਨੂੰ ਅਰਾਮ ਦੇ ਖਾਸ ਦਿਨ ਵਜੋਂ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਨੂੰ ਸ਼ੁਰੂ ਕਰੋਂਗੇ - ਇਹ ਅਰਾਮ ਦਾ ਖਾਸ ਦਿਨ ਉਸ ਸ਼ਾਮ ਤੋਂ ਲੈਕੇ ਅਗਲੀ ਸ਼ਾਮ ਤੱਕ ਜਾਰੀ ਰਹੇਗਾ।”
33 ਯਹੋਵਾਹ ਨੇ ਮੂਸਾ ਨੂੰ ਫ਼ੇਰ ਆਖਿਆ,
34 “ਇਸਰਾਏਲ ਦੇ ਲੋਕਾਂ ਨੂੰ ਆਖ; ਸੱਤਵੇਂ ਮਹੀਨੇ ਦੇ 15 ਵੇਂ ਦਿਨ ਡੇਰਿਆਂ ਦਾ ਪਰਬ ਹੈ। ਯਹੋਵਾਹ ਲਈ ਇਹ ਛੁੱਟੀ 7 ਦਿਨ ਰਹੇਗੀ।
35 ਪਹਿਲੇ ਦਿਨ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।
36 ਤੁਹਾਨੂੰ ਯਹੋਵਾਹ ਨੂੰ ਸੱਤਾਂ ਦਿਨਾਂ ਤੀਕ ਅੱਗ ਦੁਆਰਾ ਭੇਟ ਚੜਾਉਣੀ ਚਾਹੀਦੀ ਹੈ। ਅਠਵੇਂ ਦਿਨ, ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ ਅਤੇ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜਾਵੋਂਗੇ। ਇਹ ਪਰਬ ਦਾ ਖਾਸ ਦਿਨ ਹੈ। ਇਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।
37 “ਇਹ ਯਹੋਵਾਹ ਦੀਆਂ ਖਾਸ ਛੁੱਟੀਆਂ ਹਨ। ਇਨ੍ਹਾਂ ਛੁੱਟੀਆਂ ਤੇ ਪਵਿੱਤਰ ਸਭਾਵਾਂ ਹੋਣਗੀਆਂ। ਤੁਸੀਂ ਯਹੋਵਾਹ ਲਈ ਸੁਗਾਤਾਂ ਲਿਆਵੋਂਗੇ - ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ, ਬਲੀਆਂ ਅਤੇ ਪੀਣ ਦੀਆਂ ਭੇਟਾਂ। ਤੁਹਾਨੂੰ ਇਹ ਸੁਗਾਤਾਂ ਸਹੀ ਦਿਨਾਂ ਤੇ ਲਿਆਉਣੀਆਂ ਚਾਹੀਦੀਆਂ ਹਨ।
38 ਤੁਸੀਂ ਇਨ੍ਹਾਂ ਛੁੱਟੀਆਂ ਨੂੰ ਯਹੋਵਾਹ ਦੇ ਸਬਤਾਂ ਤੋਂ ਇਲਾਵਾ ਮਨਾਉਂਗੇ। ਤੁਸੀਂ ਸੁਗਾਤਾਂ ਨੂੰ ਯਹੋਵਾਹ ਨੂੰ ਆਪਣੀਆਂ ਹੋਰਨਾਂ ਭੇਟਾਂ, ਖਾਸ ਇਕਰਾਰਾਂ ਲਈ ਤੁਹਾਡੀਆਂ ਭੇਟਾਂ, ਅਤੇ ਤੁਹਾਡੀਆਂ ਮਨ-ਮਰਜ਼ੀ ਦੀਆਂ ਭੇਟਾਂ ਤੋਂ ਇਲਾਵਾ ਚੜਾਵੋਂਗੇ।
39 “ਸੱਤਵੇਂ ਮਹੀਨੇ ਦੇ 15 ਵੇਂ ਦਿਨ ਜਦੋਂ ਤੁਸੀਂ ਧਰਤੀ ਦੀਆਂ ਫ਼ਸਲਾਂ ਸਾਂਭ ਹਟੋਂਗੇ, ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਦਾ ਤਿਉਹਾਰ ਮਨਾਉਂਗੇ। ਪਹਿਲਾ ਦਿਨ ਅਤੇ ਅਠਵਾਂ ਦਿਨ ਅਰਾਮ ਦੇ ਖਾਸ ਦਿਨ ਹੋਣਗੇ।
40 ਪਹਿਲੇ ਦਿਨ, ਤੁਸੀਂ ਫ਼ਲਦਾਰ ਰੁਖਾਂ ਤੋਂ ਚੰਗੇ ਫ਼ਲ ਅਤੇ ਨਦੀ ਕੰਢੇ ਉਗ੍ਗੇ ਹੋਏ ਖਜ਼ੂਰ ਦੇ ਰੁਖਾਂ, ਪੋਪਲਰ ਦੇ ਰੁਖਾਂ ਅਤੇ ਵਿਲੋ ਦੇ ਰੁਖਾਂ ਦੀਆਂ ਟਾਹਣੀਆਂ ਲਵੋਂਗੇ। ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਮ੍ਹਣੇ ਜਸ਼ਨ ਮਨਾਉਂਗੇ।
41 ਤੁਸੀਂ ਹਰ ਸਾਲ ਸੱਤ ਦਿਨ ਇਹ ਛੁੱਟੀ ਯਹੋਵਾਹ ਲਈ ਮਨਾਉਂਗੇ। ਇਹ ਨੇਮ ਹਮੇਸ਼ਾ ਰਹੇਗਾ। ਤੁਸੀਂ ਇਹ ਛੁੱਟੀ ਸੱਤਵੇਂ ਮਹੀਨੇ ਵਿੱਚ ਮਨਾਉਂਗੇ।
42 ਤੁਸੀਂ ਸੱਤਾਂ ਦਿਨਾਂ ਤੀਕ ਆਰਜ਼ੀ ਸ਼ਰਣ ਸਥਾਨਾਂ ਵਿੱਚ ਰਹੋਂਗੇ। ਇਸਰਾਏਲ ਦਾ ਹਰ ਨਾਗਰਿਕ ਇਨ੍ਹਾਂ ਸ਼ਰਣ ਸਥਾਨਾਂ ਵਿੱਚ ਰਹੇਗਾ।
43 ਫ਼ੇਰ ਤੁਹਾਡੇ ਸਾਰੇ ਉੱਤਰਾਧਿਕਾਰੀ ਜਾਣ ਲੈਣਗੇ ਕਿ ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਸਮੇਂ ਦੌਰਾਨ ਆਰਜ਼ੀ ਸ਼ਰਣ ਸਥਾਨਾਂ ਵਿੱਚ ਰਹਿਣ ਦਿੱਤਾ ਜਦੋਂ ਮੈਂ ਉਨ੍ਹਾਂ ਨੂੰ ਮਿਸਰ ਤੋਂ ਲੈਕੇ ਆਇਆ ਸਾਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
44 ਇਸ ਤਰ੍ਹਾਂ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਛੁੱਟੀਆਂ ਬਾਰੇ ਦੱਸਿਆ।
ਕਾਂਡ 24

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਕਿ ਉਹ ਜ਼ੈਤੂਨ ਵਿੱਚੋਂ ਪੀੜਿਆ ਹੋਇਆ ਸ਼ੁਧ ਤੇਲ ਲੈਕੇ ਆਉਣ। ਇਹ ਤੇਲ ਦੀਵਿਆਂ ਲਈ ਹੈ। ਇਹ ਦੀਵੇ ਬਿਨਾ ਬੁਝੇ ਬਲਣੇ ਚਾਹੀਦੇ ਹਨ।
3 ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਯਹੋਵਾਹ ਦੇ ਸਾਮ੍ਹਣੇ ਸ਼ਾਮ ਤੋਂ ਸਵੇਰ ਤੱਕ ਰੌਸ਼ਨੀ ਜਗਦੀ ਰੱਖੇਗਾ। ਇਹ ਰੌਸ਼ਨੀ ਉਸ ਪਰਦੇ ਦੇ ਬਾਹਰ ਹੋਵੇਗੀ ਜਿਹੜਾ ਇਕਰਾਰਨਾਮੇ ਦੇ ਸੰਦੂਕ ਦੇ ਸਾਮ੍ਹਣੇ ਟਂਗਿਆ ਹੋਇਆ ਹੈ। ਇਹ ਨੇਮ ਹਮੇਸ਼ਾ ਜਾਰੀ ਰਹੇਗਾ।
4 ਹਾਰੂਨ ਨੂੰ ਦੀਵਿਆਂ ਨੂੰ ਹਮੇਸ਼ਾ ਯਹੋਵਾਹ ਦੇ ਅੱਗੇ ਬਲਦੇ ਰਹਿਣ ਲਈ ਸ਼ੁਧ ਸੋਨੇ ਦੇ ਲੈਂਪ ਸਟੈਂਡ ਉੱਤੇ ਰੱਖਣਾ ਚਾਹੀਦਾ ਹੈ।
5 “ਮੈਦਾ ਲਵੋ ਅਤੇ ਉਸ ਦੀਆਂ
12 ਰੋਟੀਆਂ ਪਕਾਉ। ਹਰੇਕ ਰੋਟੀ ਲਈ
16 ਕੱਪ ਮੈਦਾ ਵਰਤੋਂ।
6 ਇਨ੍ਹਾਂ ਨੂੰ ਦੋ ਕਤਾਰਾਂ ਵਿੱਚ ਯਹੋਵਾਹ ਦੇ ਸਾਮ੍ਹਣੇ ਸੁਨਿਹਰੀ ਮੇਜ ਉੱਤੇ ਰੱਖੋ। ਹਰੇਕ ਕਤਾਰ ਵਿੱਚ
6 ਰੋਟੀਆਂ ਹੋਣਗੀਆਂ।
7 ਰੋਟੀ ਦੀ ਹਰ ਕਤਾਰ ਦੇ ਨਾਲ ਸ਼ੁਧ ਲੁਬਾਨ ਰੱਖੋ। ਇਹ ਰੋਟੀ ਲਈ ਯਾਦਗਾਰੀ ਹਿੱਸਾ ਅਤੇ ਯਹੋਵਾਹ ਨੂੰ ਅੱਗ ਦੁਆਰਾ ਚੜਾਵਾ ਹੋਵੇਗਾ।
8 ਹਰ ਸਬਤ ਦੇ ਦਿਨ, ਜਾਜਕ ਯਹੋਵਾਹ ਦੇ ਸਾਮ੍ਹਣੇ ਕਤਾਰ ਵਿੱਚ ਹਮੇਸ਼ਾ ਨਵੀਆਂ ਰੋਟੀਆਂ ਰੱਖੇਗਾ। ਇਹ ਇਕਰਾਰਨਾਮਾ ਇਸਰਾਏਲ ਦੇ ਲੋਕਾਂ ਲਈ ਸਦਾ ਜਾਰੀ ਰਹੇਗਾ।
9 ਇਹ ਰੋਟੀ ਹਾਰੂਨ ਅਤੇ ਉਸਦੇ ਪੁੱਤਰਾਂ ਦੀ ਹੋਵੇਗੀ। ਉਹ ਇਸ ਰੋਟੀ ਨੂੰ ਕਿਸੇ ਪਵਿੱਤਰ ਸਥਾਨ ਤੇ ਖਾਣਗੇ। ਕਿਉਂਕਿ ਯਹੋਵਾਹ ਨੂੰ ਅੱਗ ਦੁਆਰਾ ਚੜਾਏ ਗਏ ਚੜਾਵਿਆਂ ਵਿੱਚੋਂ ਸਭ ਤੋਂ ਪਵਿੱਤਰ ਰੋਟੀ ਹਮੇਸ਼ਾ ਲਈ ਹਾਰੂਨ ਦੀ ਹੈ।
10 ਕਿਸੇ ਇਸਰਾਏਲੀ ਮਾਤਾ ਅਤੇ ਮਿਸਰੀ ਪਿਤਾ ਦੇ ਇੱਕ ਪੁੱਤਰ ਨੇ, ਇਸਰਾਏਲੀ ਲੋਕਾਂ ਦਰਮਿਆਨ ਤੁਰਿਆ ਜਾਂਦਿਆਂ ਡੇਰੇ ਅੰਦਰ ਇੱਕ ਇਸਰਾਏਲੀ ਆਦਮੀ ਨਾਲ ਲੜਨਾ ਸ਼ੁਰੂ ਕਰ ਦਿੱਤਾ।
11 ਇਸਰਾਏਲੀ ਔਰਤ ਦੇ ਪੁੱਤਰ ਨੇ ਗਾਲ੍ਹਾਂ ਕਢੀਆਂ ਤੇ ਯਹੋਵਾਹ ਦੇ ਨਾਮ ਨੂੰ ਕਲੰਕਤ ਕਰ ਦਿੱਤਾ, ਇਸ ਲਈ ਲੋਕ ਇਸ ਆਦਮੀ ਨੂੰ ਮੂਸਾ ਕੋਲ ਲੈ ਆਏ। (ਉਸਦੀ ਮਾਂ ਦਾ ਨਾਮ ਸ਼ਲੂਮੀਥ ਸੀ ਜਿਹੜੀ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਦਿਬਰੀ ਦੀ ਧੀ ਸੀ।)
12 ਲੋਕਾਂ ਨੇ ਉਸ ਆਦਮੀ ਨੂੰ ਕੈਦੀ ਬਣਾ ਲਿਆ ਅਤੇ ਯਹੋਵਾਹ ਦੇ ਹੁਕਮ ਨੂੰ ਉਨ੍ਹਾਂ ਸਾਮ੍ਹਣੇ ਸਾਫ਼ ਹੋ ਜਾਣ ਦਾ ਇੰਤਜ਼ਾਰ ਕਰਨ ਲੱਗੇ।
13 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,
14 “ਉਸ ਆਦਮੀ ਨੂੰ, ਜਿਸਨੇ ਸਰਾਪਿਆ ਸੀ, ਡੇਰੇ ਤੋਂ ਬਾਹਰ ਲੈ ਜਾਉ। ਫ਼ੇਰ ਉਨ੍ਹਾਂ ਸਾਰੇ ਲੋਕਾਂ ਨੂੰ ਇਕੱਤਰ ਕਰੋ ਜਿਨ੍ਹਾਂ ਨੇ ਉਸਨੂੰ ਗਾਲ੍ਹਾਂ ਕਢਦਿਆਂ ਸੁਣਿਆ ਸੀ। ਉਨ੍ਹਾਂ ਨੂੰ ਆਪਣੇ ਹੱਥ ਉਸਦੇ ਸਿਰ ਤੇ ਰੱਖਣੇ ਚਾਹੀਦੇ ਹਨ ਅਤੇ ਫ਼ੇਰ ਸਾਰੇ ਲੋਕਾਂ ਨੂੰ ਉਸ ਉੱਤੇ ਪੱਥਰ ਸੁੱਟਕੇ ਉਸਨੂੰ ਮਾਰ ਦੇਣਾ ਚਾਹੀਦਾ ਹੈ।
15 ਤੈਨੂੰ ਇਸਰਾਏਲ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ; ਜੇ ਕੋਈ ਬੰਦਾ ਆਪਣੇ ਪਰਮੇਸ਼ੁਰ ਨੂੰ ਗਾਲ੍ਹ ਕਢਦਾ ਹੈ ਤਾਂ ਉਸਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ।
16 ਕੋਈ ਵੀ ਬੰਦਾ, ਜਿਹੜਾ ਯਹੋਵਾਹ ਦੇ ਨਾਮ ਦੇ ਵਿਰੁੱਧ ਬੋਲਦਾ ਹੈ, ਮਾਰ ਮੁਕਾਇਆ ਜਾਣਾ ਚਾਹੀਦਾ ਹੈ। ਸਾਰੇ ਲੋਕਾਂ ਨੂੰ ਉਸਨੂੰ ਪੱਥਰ ਮਾਰਨੇ ਚਾਹੀਦੇ ਹਨ। ਪਰਦੇਸੀਆਂ ਨੂੰ ਵੀ ਉਸੇ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਹੈ ਜਿਹੋ ਜਿਹੀ ਇਸਰਾਏਲ ਵਿੱਚ ਜੰਮੇ ਬੰਦੇ ਨੂੰ ਦਿੱਤੀ ਗਈ। ਜੇ ਕੋਈ ਬੰਦਾ ਯਹੋਵਾਹ ਦੇ ਨਾਮ ਨੂੰ ਸਰਾਪਦਾ ਹੈ ਉਸਨੂੰ ਮਾਰ ਸੁੱਟਣਾ ਚਾਹੀਦਾ ਹੈ।
17 “ਅਤੇ ਜੇ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸਨੂੰ ਮਾਰ ਦੇਣਾ ਚਾਹੀਦਾ ਹੈ।
18 ਜਿਹੜਾ ਬੰਦਾ ਕਿਸੇ ਜਾਨਵਰ ਨੂੰ ਮਾਰ ਦਿੰਦਾ ਹੈ ਜਿਹੜਾ ਕਿਸੇ ਹੋਰ ਬੰਦੇ ਦਾ ਹੈ ਤਾਂ ਉਸਨੂੰ ਉਸਦੀ ਥਾਵੇਂ ਹੋਰ ਜਾਨਵਰ ਦੇਣਾ ਚਾਹੀਦਾ ਹੈ।
19 “ਅਤੇ ਜੇ ਕੋਈ ਬੰਦਾ ਆਪਣੇ ਗੁਆਂਢੀ ਨੂੰ ਜ਼ਖਮ ਦਿੰਦਾ ਹੈ ਤਾਂ ਉਸੇ ਤਰ੍ਹਾਂ ਦਾ ਜ਼ਖਮ ਉਸ ਬੰਦੇ ਨੂੰ ਦੇਣਾ ਚਾਹੀਦਾ ਹੈ।
20 ਟੁੱਟੀ ਹੱਡੀ ਬਦਲੇ ਟੁੱਟੀ ਹੱਡੀ, ਅਖ ਬਦਲੇ ਅੱਖ ਦੰਦ ਬਦਲੇ ਦੰਦ। ਜਿਸ ਕਿਸਮ ਦਾ ਜ਼ਖਮ ਕੋਈ ਬੰਦਾ ਕਿਸੇ ਦੂਸਰੇ ਨੂੰ ਦਿੰਦਾ ਹੈ ਉਸ ਬੰਦੇ ਨੂੰ ਵੀ ਉਸੇ ਤਰ੍ਹਾਂ ਦਾ ਜ਼ਖਮ ਦੇਣਾ ਚਾਹੀਦਾ ਹੈ।
21 ਇਸ ਲਈ ਜੇ ਕੋਈ ਬੰਦਾ ਕਿਸੇ ਜਾਨਵਰ ਨੂੰ ਮਾਰ ਦਿੰਦਾ ਹੈ ਤਾਂ ਉਸ ਬੰਦੇ ਨੂੰ ਜਾਨਵਰ ਦੀ ਕੀਮਤ ਦੇਣੀ ਚਾਹੀਦੀ ਹੈ। ਪਰ ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸਨੂੰ ਮਾਰ ਦੇਣਾ ਚਾਹੀਦਾ ਹੈ।
22 “ਇਹ ਕਾਨੂੰਨ ਬੇਲਾਗ ਹੋਵੇਗਾ - ਇਹ ਪਰਦੇਸੀਆਂ ਲਈ ਵੀ ਹੈ ਅਤੇ ਤੁਹਾਡੇ ਆਪਣੇ ਦੇਸ਼ ਦੇ ਲੋਕਾਂ ਲਈ ਵੀ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
23 ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨਾਲ ਗੱਲ ਕੀਤੀ, ਅਤੇ ਉਨ੍ਹਾਂ ਨੇ ਉਸ ਬੰਦੇ ਨੂੰ, ਡੇਰੇ ਤੋਂ ਬਾਹਰ ਲਿਆਂਦਾ, ਜਿਸਨੇ ਸਰਾਪਿਆ ਸੀ। ਫ਼ੇਰ ਉਨ੍ਹਾਂ ਨੇ ਉਸਨੂੰ ਪੱਥਰਾਂ ਨਾਲ ਮਾਰ ਦਿੱਤਾ। ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਕਾਂਡ 25

1 ਯਹੋਵਾਹ ਨੇ ਮੂਸਾ ਨਾਲ ਸੀਨਾਈ ਪਰਬਤ ਉੱਤੇ ਗੱਲ ਕੀਤੀ। ਯਹੋਵਾਹ ਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ, ਤੁਹਾਨੂੰ ਯਹੋਵਾਹ ਲਈ ਧਰਤੀ ਨੂੰ ਅਰਾਮ ਦਾ ਖਾਸ ਸਮਾਂ ਦੇਣਾ ਚਾਹੀਦਾ ਹੈ।
3 ਤੁਸੀਂ ਆਪਣੇ ਖੇਤ ਵਿੱਚ ਛੇ ਸਾਲ ਬੀਜ਼ ਬੀਜੋਂਗੇ। ਤੁਸੀਂ ਛੇ ਸਾਲ ਆਪਣੇ ਅੰਗੂਰ ਦੇ ਬਾਗਾਂ ਵਿੱਚ ਪੌਦਿਆਂ ਨੂੰ ਛਾਂਗੋਂਗੇ ਅਤੇ ਇਨ੍ਹਾਂ ਦਾ ਫ਼ਲ ਘਰੀਂ ਲਿਆਵੋਂਗੇ।
4 ਪਰ ਸੱਤਵੇਂ ਵਰ੍ਹੇ ਦੌਰਾਨ ਤੁਸੀਂ ਧਰਤੀ ਨੂੰ ਅਰਾਮ ਕਰਨ ਦਿਉਂਗੇ। ਇਹ ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਸਮਾਂ ਹੋਵੇਗਾ। ਤੁਹਾਨੂੰ ਆਪਣੇ ਖੇਤ ਵਿੱਚ ਕੋਈ ਬੀਜ ਨਹੀਂ ਬੀਜਣਾ ਚਾਹੀਦਾ ਜਾਂ ਅੰਗੂਰ ਦੇ ਬਾਗਾਂ ਵਿੱਚ ਪੌਦਿਆਂ ਨੂੰ ਨਹੀਂ ਛਾਗਣਾ ਚਾਹੀਦਾ।
5 ਤੁਹਾਨੂੰ ਉਹ ਫ਼ਸਲਾਂ ਨਹੀਂ ਵਢਣੀਆਂ ਚਾਹੀਦੀਆਂ ਜਿਹੜੀਆਂ ਤੁਹਾਡੀ ਵਾਢੀ ਤੋਂ ਮਗਰੋਂ ਆਪਣੇ-ਆਪ ਉੱਗ ਪੈਂਦੀਆਂ ਹਨ ਅਤੇ ਤੁਹਾਨੂੰ ਉਨ੍ਹਾਂ ਵੇਲਾਂ ਤੋਂ ਅੰਗੂਰ ਨਹੀਂ ਤੋਂੜਨੇ ਚਾਹੀਦੇ ਜਿਹੜੀਆਂ ਛਾਂਗੀਆਂ ਨਹੀਂ ਗਈਆਂ। ਧਰਤੀ ਲਈ ਇਹ ਅਰਾਮ ਦਾ ਸਮਾਂ ਹੈ।
6 “ਉਸ ਸਾਲ ਜੋ ਕੁਝ ਵੀ ਧਰਤੀ ਆਪਣੇ-ਆਪ ਪੈਦਾ ਕਰੇ - ਤੁਸੀਂ ਅਤੇ ਤੁਹਾਡੇ ਦਾਸ ਅਤੇ ਦਾਸੀਆਂ, ਤੁਹਾਡੇ ਭਾੜੇ ਦੇ ਕਾਮੇ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਖਾ ਸਕੋਂਗੇ।
7 ਅਤੇ ਤੁਹਾਡੀਆਂ ਗਾਵਾਂ ਅਤੇ ਹੋਰ ਜਾਨਵਰਾਂ ਲਈ ਖਾਣ ਲਈ ਕਾਫ਼ੀ ਭੋਜਨ ਹੋਵੇਗਾ।
8 “ਤੁਸੀਂ ਸੱਤਾਂ ਵਰ੍ਹਿਆਂ ਦੇ ਸੱਤਾਂ ਸਮੂਹ ਨੂੰ ਵੀ ਗਿਣੋਂਗੇ। ਇਹ
49 ਸਾਲ ਹੋਣਗੇ।
9 ਪਰਾਸਚਿਤ ਦੇ ਦਿਨ, ਤੁਹਾਨੂੰ ਭੇਡੂ ਦਾ ਸਿੰਗ ਵਜਾਉਣਾ ਚਾਹੀਦਾ ਹੈ। ਇਹ ਸੱਤਵੇਂ ਮਹੀਨੇ ਦੇ
10 ਵੇਂ ਦਿਨ ਹੋਵੇਗਾ। ਤੁਹਾਨੂੰ ਸਾਰੇ ਦੇਸ਼ ਅੰਦਰ ਭੇਡੂ ਦਾ ਸਿੰਗ ਵਜਾਉਣਾ ਚਾਹੀਦਾ ਹੈ।
10 ਤੁਸੀਂ
50 ਵੇਂ ਵਰ੍ਹੇ ਨੂੰ ਇੱਕ ਖਾਸ ਵਰ੍ਹਾ ਬਣਾਵੋਂਗੇ। ਤੁਸੀਂ ਆਪਣੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਲਈ ਅਜ਼ਾਦੀ ਦਾ ਐਲਾਨ ਕਰੋਂਗੇ। ਇਹ ਸਮਾਂ ‘ਜੁਬਲੀ’ ਅਖਵਾਏਗਾ। ਤੁਹਾਡੇ ਵਿੱਚੋਂ ਹਰ ਕੋਈ ਆਪਣੀ ਜ਼ਾਇਦਾਦ ਅਤੇ ਪਰਿਵਾਰ ਕੋਲ ਵਾਪਸ ਜਾਵੇਗਾ।
11 ਪੰਜਾਹਵਾਂ ਵਰ੍ਹਾ ਤੁਹਾਡੇ ਲਈ ਜੁਬਲੀ ਹੋਵੇਗਾ। ਕੋਈ ਬੀਜ ਨਹੀਂ ਬੀਜਣੇ। ਆਪਣੇ-ਆਪ ਉੱਗੀਆਂ ਫ਼ਸਲਾਂ ਦੀ ਵਾਢੀ ਨਹੀਂ ਕਰਨੀ। ਅਣਛਾਂਗੀਆਂ ਵੇਲਾਂ ਦੇ ਅੰਗੂਰ ਨਹੀਂ ਤੋਂੜਨੇ।
12 ਜੁਬਲੀ ਦਾ ਵਰ੍ਹਾ ਤੁਹਾਡੇ ਲਈ ਪਵਿੱਤਰ ਵਰ੍ਹਾ ਹੋਵੇਗਾ। ਇਸ ਲਈ ਇਸ ਸਾਲ ਵਿੱਚ ਤੁਸੀਂ ਸਿਧੀਆਂ ਖੇਤਾਂ ਵਿੱਚੋਂ ਲਈਆਂ ਹੋਈਆਂ ਫ਼ਸਲਾਂ ਹੀ ਖਾਵੋਂਗੇ।
13 ਜੁਬਲੀ ਵਰ੍ਹੇ ਵਿੱਚ ਹਰ ਬੰਦਾ ਆਪਣੀ ਜ਼ਾਇਦਾਦ ਉੱਤੇ ਵਾਪਸ ਜਾਵੇਗਾ।
14 “ਜਦੋਂ ਤੁਸੀਂ ਆਪਣੇ ਗੁਆਂਢੀ ਨੂੰ ਆਪਣੀ ਜ਼ਮੀਨ ਵੇਚੋਂ ਤਾਂ ਉਸ ਨਾਲ ਧੋਖਾ ਨਾ ਕਰੋ। ਅਤੇ ਜਦੋਂ ਉਸ ਕੋਲੋਂ ਜ਼ਮੀਨ ਖਰੀਦੋ ਤਾਂ ਉਸਨੂੰ ਧੋਖਾ ਨਾ ਕਰਨ ਦਿਉ।
15 ਜੇ ਤੁਸੀਂ ਆਪਣੇ ਗੁਆਂਢੀ ਦੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਪਿਛਲੇ ਜੁਬਲੀ ਵਰ੍ਹੇ ਤੋਂ ਸਾਲਾਂ ਦੀ ਗਿਣਤੀ ਕਰੋ, ਇਸ ਅੰਕ ਦੀ ਵਰਤੋਂ ਸਹੀ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਉਹ ਤੁਹਾਨੂੰ ਅਸਲ ਵਿੱਚ ਅਗਲੇ ਜੁਬਲੀ ਵਰ੍ਹੇ ਤੱਕ ਫ਼ਸਲਾਂ ਵਢਣ ਦੇ ਅਧਿਕਾਰ ਵੇਚ ਰਿਹਾ ਹੈ।
16 ਜੇਕਰ ਅਗਲੇ ਜੁਬਲੀ ਵਰ੍ਹੇ ਤੋਂ ਪਹਿਲਾਂ ਬਹੁਤ ਸਾਲ ਰਹਿੰਦੇ ਹਨ, ਤਾਂ ਕੀਮਤ ਜ਼ਿਆਦਾ ਹੋਵੇਗੀ। ਜੇਕਰ ਵਰ੍ਹੇ ਘੱਟ ਹਨ, ਤਾਂ ਕੀਮਤ ਘੱਟ ਹੋਵੇਗੀ। ਕਿਉਂਕਿ ਸੱਚਮੁੱਚ, ਤੁਹਾਡਾ ਗੁਆਂਢੀ ਤੁਹਾਨੂੰ ਗਿਣਤੀ ਦੀਆਂ ਫ਼ਸਲਾਂ ਵੇਚ ਰਿਹਾ ਹੈ।
17 ਤੁਹਾਨੂੰ ਇੱਕ ਦੂਸਰੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
18 “ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਚੇਤੇ ਰੱਖੋ। ਉਨ੍ਹਾਂ ਨੂੰ ਮੰਨੋ। ਤਾਂ ਤੁਸੀਂ ਆਪਣੇ ਦੇਸ਼ ਵਿੱਚ ਸੁਰਖਿਅਤ ਰਹੋਂਗੇ।
19 ਅਤੇ ਜ਼ਮੀਨ ਤੁਹਾਡੇ ਲਈ ਚੰਗੀਆਂ ਫ਼ਸਲਾਂ ਪੈਦਾ ਕਰੇਗੀ। ਫ਼ੇਰ ਤੁਹਾਡੇ ਕੋਲ ਕਾਫ਼ੀ ਭੋਜਨ ਹੋਵੇਗਾ ਅਤੇ ਤੁਸੀਂ ਧਰਤੀ ਉੱਤੇ ਸੁਰਖਿਅਤ ਹੋਕੇ ਰਹੋਂਗੇ।
20 “ਪਰ ਸ਼ਾਇਦ ਤੁਸੀਂ ਆਖੋ, ‘ਜੇ ਅਸੀਂ ਬੀਜ ਨਹੀਂ ਬੀਜਾਂਗੇ ਜਾਂ ਫ਼ਸਲਾਂ ਇਕਠੀਆਂ ਨਹੀਂ ਕਰਾਂਗੇ। ਤਾਂ ਸੱਤਵੇਂ ਸਾਲ ਦੌਰਾਨ ਅਸੀਂ ਕੀ ਖਾਵਾਂਗੇ।’
21 ਫ਼ਿਕਰ ਨਾ ਕਰੋ। ਮੈਂ ਛੇਵੇਂ ਵਰ੍ਹੇ ਵਿੱਚ ਤੁਹਾਡੇ ਲਈ ਆਪਣੀਆਂ ਅਸੀਸਾਂ ਭੇਜਾਂਗਾ। ਉਸ ਵਰ੍ਹੇ, ਧਰਤੀ ਇੰਨੀ ਫ਼ਸਲ ਉਗਾਵੇਗੀ ਜੋ ਕਿ ਤਿੰਨਾਂ ਸਾਲਾਂ ਲਈ ਕਾਫ਼ੀ ਹੋਵੇਗੀ।
22 ਜਦੋਂ ਤੁਸੀਂ ਅਠਵੇਂ ਵਰ੍ਹੇ ਬੀਜ ਬੀਜੋਂਗੇ, ਤੁਸੀਂ ਹਾਲੇ ਵੀ ਪਿਛਲੀ ਫ਼ਸਲ ਦੀਆਂ ਚੀਜ਼ਾਂ ਖਾ ਰਹੇ ਹੋਵੋਂਗੇ। ਤੁਸੀਂ ਪੁਰਾਣੀ ਫ਼ਸਲ 9 ਵੇਂ ਸਾਲ ਤੱਕ ਖਾਂਦੇ ਰਹੋਂਗੇ, ਜਦੋਂ ਕਿ ਤੁਸੀਂ 8 ਵੇਂ ਸਾਲ ਵਿੱਚ ਬੀਜੀ ਫ਼ਸਲ ਦੀ ਵਾਢੀ ਕਰੋਂਗੇ।
23 “ਜ਼ਮੀਨ ਅਸਲ ਵਿੱਚ ਮੇਰੀ ਹੈ। ਇਸ ਲਈ ਤੁਸੀਂ ਇਸਨੂੰ ਪੱਕੇ ਤੌਰ ਤੇ ਨਹੀਂ ਵੇਚ ਸਕਦੇ। ਤੁਸੀਂ ਤਾਂ ਮੇਰੀ ਜ਼ਮੀਨ ਉੱਤੇ ਮੇਰੇ ਨਾਲ ਰਹਿਣ ਵਾਲੇ ਪਰਦੇਸੀ ਮੁਸਾਫ਼ਰ ਹੋ।
24 ਸਾਰੇ ਦੇਸ਼ ਵਿੱਚ, ਜ਼ਮੀਨ ਉਸ ਆਦਮੀ ਦੁਆਰਾ ਵਾਪਸ ਖਰੀਦੀ ਜਾਣ ਦੇਣੀ ਚਾਹੀਦੀ ਹੈ ਜਿਸਨੇ ਇਸਨੂੰ ਵੇਚਿਆ ਸੀ।
25 ਜੇਕਰ ਤੁਹਾਡੇ ਦੇਸ਼ ਦਾ ਕੋਈ ਵੀ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਆਪਣੀ ਜ਼ਮੀਨ ਵੇਚ ਦੇਵੇ, ਉਸਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਕੇ ਉਸ ਲਈ ਜ਼ਮੀਨ ਵਾਪਸ ਖਰੀਦਣੀ ਚਾਹੀਦੀ ਹੈ।
26 ਹੋ ਸਕਦਾ ਹੈ ਕਿ ਉਸਦੇ ਲਈ ਜ਼ਮੀਨ ਖਰੀਦਣ ਵਾਲਾ ਉਸਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ। ਪਰ ਹੋ ਸਕਦਾ ਹੈ ਕਿ ਉਹ ਆਪਣੇ ਲਈ ਜ਼ਮੀਨ ਵਾਪਸ ਖਰੀਦਣ ਲਈ ਲੋੜੀਂਦਾ ਪੈਸਾ ਇਕਠਾ ਕਰ ਲਵੇ।
27 ਫ਼ੇਰ ਉਸਨੂੰ ਜ਼ਮੀਨ ਵੇਚਣ ਤੋਂ ਬਾਦ ਦੇ ਵਰ੍ਹੇ ਗਿਨਣੇ ਚਾਹੀਦੇ ਹਨ। ਉਸਨੂੰ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਫ਼ੇਰ ਉਸਨੂੰ ਜ਼ਮੀਨ ਵਾਪਸ ਖਰੀਦਕੇ ਇਸਤੇ ਵਾਪਸ ਆ ਜਾਣਾ ਚਾਹੀਦਾ ਹੈ।
28 ਪਰ ਜੇਕਰ ਉਹ ਆਪਣੇ ਲਈ ਜ਼ਮੀਨ ਵਾਪਸ ਖਰੀਦਣ ਲਈ ਲੋੜੀਂਦਾ ਪੈਸਾ ਇਕਠਾ ਨਹੀਂ ਕਰ ਸਕਦਾ, ਜੋ ਉਸਨੇ ਵੇਚਿਆ ਸੀ, ਉਹ ਖਰੀਦਦਾਰ ਦੇ ਹੱਥਾਂ ਵਿੱਚ ਜੁਬਲੀ ਵਰ੍ਹੇ ਤੀਕ ਰਹੇਗਾ। ਜੁਬਲੀ ਵਰ੍ਹੇ ਵਿੱਚ ਉਸਨੂੰ ਆਪਣੀ ਜ਼ਮੀਨ ਤੇ ਵਾਪਸ ਜਾਣਾ ਚਾਹੀਦਾ ਅਤੇ ਇਸਤੇ ਕਬਜ਼ਾ ਲੈ ਲੈਣਾ ਚਾਹੀਦਾ ਹੈ।
29 “ਜੇਕਰ ਕੋਈ ਬੰਦਾ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿੱਚ ਮਕਾਨ ਵੇਚਦਾ, ਉਸਨੂੰ ਇੱਕ ਸਾਲ ਤਾਈਂ ਜਦੋਂ ਤੋਂ ਉਸਨੇ ਘਰ ਵੇਚਿਆ ਸੀ, ਘਰ ਖਰੀਦਣ ਦਾ ਹੱਕ ਹੈ।
30 ਪਰ ਜੇਕਰ ਉਹ ਪੂਰਾ ਸਾਲ ਬੀਤਣ ਤੋਂ ਪਹਿਲਾਂ ਮਕਾਨ ਨੂੰ ਵਾਪਸ ਨਹੀਂ ਖਰੀਦਦਾ, ਤਾਂ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿਚਲਾ ਇਹ ਮਕਾਨ, ਹਮੇਸ਼ਾ ਲਈ ਉਸਦਾ ਅਤੇ ਉਸਦੇ ਉੱਤਰਾਧਿਕਾਰੀਆਂ ਦਾ ਹੋ ਜਾਵੇਗਾ ਜਿਸਨੇ ਇਸਨੂੰ ਖਰੀਦਿਆ ਸੀ।
31 ਚਾਰਦੀਵਾਰੀ ਤੋਂ ਬਿਨਾ ਨਗਰਾਂ ਨੂੰ ਖੁਲ੍ਹੇ ਖੇਤ ਮੰਨਿਆ ਜਾਵੇਗਾ। ਇਸ ਲਈ ਇਨ੍ਹਾਂ ਛੋਟਿਆਂ ਨਗਰਾਂ ਵਿੱਚ ਵੇਚੇ ਗਏ ਘਰ ਕਿਸੇ ਵੀ ਵਕਤ ਵਾਪਸ ਖਰੀਦੇ ਜਾ ਸਕਣਗੇ ਅਤੇ ਜੁਬਲੀ ਵਰ੍ਹੇ ਦੇ ਸਮੇਂ ਆਪਣੇ ਪਹਿਲੇ ਮਾਲਕਾਂ ਕੋਲ ਵਾਪਸ ਚਲੇ ਜਾਣਗੇ।
32 “ਪਰ ਲੇਵੀਆਂ ਦੇ ਸ਼ਹਿਰਾਂ ਬਾਰੇ; ਲੇਵੀ ਆਪਣੇ ਘਰਾਂ ਨੂੰ ਉਨ੍ਹਾਂ ਦੇ ਆਪਣੇ ਸ਼ਹਿਰਾਂ ਵਿਚਲੇ ਮਕਾਨਾਂ ਨੂੰ ਕਿਸੇ ਵੇਲੇ ਵੀ ਵਾਪਸ ਖਰੀਦ ਸਕਦੇ ਹਨ।
33 ਜੇ ਕੋਈ ਬੰਦਾ ਕਿਸੇ ਲੇਵੀ ਤੋਂ ਮਕਾਨ ਖਰੀਦਦਾ ਹੈ, ਲੇਵੀਆਂ ਦੇ ਸ਼ਹਿਰ ਵਿਚਲਾ ਉਹ ਮਕਾਨ ਜੁਬਲੀ ਦੇ ਮੌਕੇ ਤੇ ਇੱਕ ਵਾਰ ਫ਼ੇਰ ਲੇਵੀਆਂ ਕੋਲ ਚਲਾ ਜਾਵੇਗਾ, ਕਿਉਂਕਿ ਇਸਰਾਏਲ ਵਿੱਚ ਲੇਵੀਆਂ ਦੇ ਸ਼ਹਿਰਾਂ ਵਿਚਲੇ ਮਕਾਨ ਸਥਾਈ ਤੌਰ ਤੇ ਲੇਵੀਆਂ ਦੇ ਹਨ।
34 ਇਸਤੋਂ ਇਲਾਵਾ, ਲੇਵੀਆਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਦੇ ਖੇਤਾਂ ਨੂੰ ਵੇਚਿਆ ਨਹੀਂ ਜਾ ਸਕਦਾ। ਇਹ ਖੇਤ ਹਮੇਸ਼ਾ ਵਾਸਤੇ ਲੇਵੀਆਂ ਦੇ ਹਨ।
35 “ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਸਕਦਾ ਕਿ ਉਹ ਆਪਣਾ ਹੀ ਗੁਜ਼ਾਰਾ ਨਾ ਕਰ ਸਕੇ। ਤੁਹਾਨੂੰ ਉਸਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਉਹ ਵਿਦੇਸ਼ੀ ਵਸਨੀਕ ਹੋਵੇ ਜਾਂ ਕੋਈ ਨਾਗਰਿਕ ਤਾਂ ਜੋ ਉਹ ਤੁਹਾਡੇ ਦਰਮਿਆਨ ਰਹਿਣਾ ਜਾਰੀ ਰੱਖ ਸਕੇ।
36 ਉਸਨੂੰ ਦਿੱਤੇ ਹੋਏ ਪੈਸੇ ਤੇ ਕੋਈ ਸੂਦ ਨਾ ਵਸੂਲੋ। ਪਰ ਇਸਦੀ ਬਜਾਇ ਆਪਣੇ ਪਰਮੇਸ਼ੁਰ ਤੋਂ ਡਰੋ ਤਾਂ ਜੋ ਤੁਹਾਡਾ ਸਹ-ਦੇਸ਼ਵਾਸੀ ਤੁਹਾਡੇ ਨਾਲ ਰਹਿ ਸਕੇ।
37 ਉਸਨੂੰ ਵੇਚੇ ਭੋਜਨ ਤੋਂ ਕੋਈ ਨਫ਼ਾ ਕਮਾਉਣ ਦੀ ਕੋਸ਼ਿਸ਼ ਨਾ ਕਰੋ।
38 ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਸੀ, ਤੁਹਾਨੂੰ ਕਨਾਨ ਦੀ ਧਰਤੀ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ।
39 “ਹੋ ਸਕਦਾ ਹੈ ਕਿ ਤੁਹਾਡੇ ਆਪਣੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਤੁਹਾਨੂੰ ਆਪਣੇ-ਆਪ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ। ਤੁਹਾਨੂੰ ਉਸ ਕੋਲੋਂ ਗੁਲਾਮ ਵਰਗਾ ਕੰਮ ਨਹੀਂ ਲੈਣਾ ਚਾਹੀਦਾ।
40 ਉਹ ਤੁਹਾਡੇ ਨਾਲ ਰਹਿੰਦੇ ਇੱਕ ਭਾੜੇ ਦੇ ਕਾਮੇ ਜਾਂ ਇੱਕ ਵਿਦੇਸ਼ੀ ਵਾਂਗ ਹੋਵੇਗਾ। ਉਹ ਜੁਬਲੀ ਵਰ੍ਹੇ ਤੀਕ ਤੁਹਾਡੇ ਸੇਵਾ ਕਰੇਗਾ।
41 ਫ਼ੇਰ ਉਹ ਤੁਹਾਡੇ ਕੋਲੋਂ ਜਾ ਸਕਦਾ ਹੈ। ਉਹ ਆਪਣੇ ਬੱਚਿਆਂ ਨੂੰ ਲੈਕੇ ਆਪਣੇ ਪਰਿਵਾਰ ਕੋਲ ਵਾਪਸ ਜਾ ਸਕਦਾ ਹੈ। ਉਹ ਆਪਣੇ ਪੁਰਖਿਆਂ ਦੀ ਜ਼ਮੀਨ ਉੱਤੇ ਵਾਪਸ ਜਾ ਸਕਦਾ ਹੈ।
42 ਕਿਉਂ? ਕਿਉਂਕਿ ਉਹ ਮੇਰੇ ਸੇਵਕ ਹਨ। ਮੈਂ ਉਨ੍ਹਾਂ ਨੂੰ ਮਿਸਰ ਵਿਚਲੀ ਗੁਲਾਮੀ ਤੋਂ ਬਾਹਰ ਲਿਆਂਦਾ ਉਨ੍ਹਾਂ ਨੂੰ ਫ਼ੇਰ ਤੋਂ ਗੁਲਾਮ ਨਹੀਂ ਬਣਨਾ ਚਾਹੀਦਾ।
43 ਤੁਹਾਨੂੰ ਉਸਤੇ ਕਠੋਰ ਢੰਗ ਨਾਲ ਸ਼ਾਸਨ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਪਰਮੇਸ਼ੁਰ ਤੋਂ ਡਰਨਾ ਚਾਹੀਦਾ ਹੈ।
44 “ਤੁਹਾਡੇ ਦਾਸ ਅਤੇ ਦਾਸੀਆਂ ਬਾਰੇ; ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੋਂ ਆਦਮੀਆਂ ਅਤੇ ਔਰਤਾਂ ਨੂੰ ਤੁਹਾਡੇ ਗੁਲਾਮ ਹੋਣ ਲਈ ਖਰੀਦ ਸਕਦੇ ਹੋਂ।
45 ਇਸਤੋਂ ਇਲਾਵਾ, ਤੁਸੀਂ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਤੋਂ ਜਾਂ ਉਨ੍ਹਾਂ ਦੇ ਪਰਿਵਾਰਾਂ ਤੋਂ ਗੁਲਾਮ ਖਰੀਦ ਸਕਦੇ ਹੋ, ਜੋ ਤੁਹਾਡੀ ਧਰਤੀ ਵਿੱਚ ਜਨਮੇ ਸਨ। ਉਹ ਗੁਲਾਮ ਤੁਹਾਡੀ ਜੈਦਾਦ ਬਣ ਜਾਣਗੇ।
46 ਤੁਸੀਂ ਇਨ੍ਹਾਂ ਪਰਦੇਸੀ ਗੁਲਾਮਾਂ ਨੂੰ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਜੋ ਤੁਹਾਡੇ ਮਰਨ ਤੋਂ ਬਾਦ ਤੁਹਾਡੇ ਬੱਚਿਆਂ ਦੇ ਹੋ ਜਾਣਗੇ। ਉਹ ਹਮੇਸ਼ਾ ਵਾਸਤੇ ਤੁਹਾਡੇ ਗੁਲਾਮ ਰਹਿਣਗੇ। ਤੁਸੀਂ ਇਨ੍ਹਾਂ ਪਰਦੇਸੀਆਂ ਨੂੰ ਗੁਲਾਮ ਬਣਾ ਸਕਦੇ ਹੋ। ਪਰ ਤੁਹਾਨੂੰ ਆਪਣੇ ਭਰਾਵਾਂ, ਇਸਰਾਏਲ ਦੇ ਲੋਕਾਂ ਲਈ ਜ਼ਾਲਮ ਸੁਆਮੀ ਨਹੀਂ ਬਨਣਾ ਚਾਹੀਦਾ।
47 “ਹੋ ਸਕਦਾ ਕੋਈ ਵਿਦੇਸ਼ੀ ਜੋ ਤੁਹਾਡੇ ਦਰਮਿਆਨ ਰਹਿੰਦਾ ਅਮੀਰ ਬਣ ਸਕਦਾ ਅਤੇ ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਬਣ ਸਕਦਾ ਕਿ ਉਹ ਆਪਣੇ-ਆਪ ਨੂੰ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਜਾਂ ਉਸਦੇ ਪਰਿਵਾਰ ਦੇ ਕਿਸੇ ਸਦੱਸ ਨੂੰ ਗੁਲਾਮ ਵਜੋਂ ਵੇਚ ਦੇਵੇ।
48 ਉਸ ਬੰਦੇ ਨੂੰ ਇਹ ਅਧਿਕਾਰ ਹੋਵੇਗਾ ਕਿ ਉਸਨੂੰ ਵਾਪਸ ਖਰੀਦੇ ਜਾਣ ਅਤੇ ਅਜ਼ਾਦ ਹੋਣ ਦਾ ਅਧਿਕਾਰ ਹੋਵੇਗਾ। ਉਸਦਾ ਕੋਈ ਭਰਾ ਉਸਨੂੰ ਵਾਪਸ ਖਰੀਦ ਸਕਦਾ ਹੈ।
49 ਜਾਂ ਉਸਦਾ ਚਾਚਾ ਜਾਂ ਉਸਦਾ ਚਚੇਰਾ ਭਰਾ ਉਸਨੂੰ ਵਾਪਸ ਖਰੀਦ ਸਕਦਾ ਹੈ। ਉਸਦੇ ਪਰਿਵਾਰ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸਨੂੰ ਵਾਪਸ ਖਰੀਦ ਸਕਦਾ ਹੈ। ਜਾਂ ਜੇ ਉਹ ਬੰਦਾ ਲੋੜੀਂਦਾ ਪੈਸਾ ਜਮ੍ਹਾ ਕਰ ਸਕਦਾ ਹੈ ਤਾਂ ਉਹ ਆਪਣੇ-ਆਪ ਲਈ ਪੈਸਾ ਤਾਰ ਸਕਦਾ ਹੈ ਅਤੇ ਮੁੜਕੇ ਆਜ਼ਾਦ ਹੋ ਸਕਦਾ ਹੈ।
50 “ਤੁਸੀਂ ਕੀਮਤ ਦਾ ਨਿਰਣਾ ਕਿਵੇਂ ਕਰੋਂਗੇ? ਤੁਹਾਨੂੰ ਜਦੋਂ ਤੋਂ ਉਸਨੇ ਆਪਣੇ-ਆਪ ਨੂੰ ਵੇਚਿਆ ਸੀ ਜੁਬਲੀ ਵਰ੍ਹੇ ਤੀਕ ਸਾਲ ਗਿਨਣੇ ਚਾਹੀਦੇ ਹਨ। ਇਸ ਗਿਣਤੀ ਦੀ ਵਰਤੋਂ ਕੀਮਤ ਨਿਰਧਾਰਤ ਕਰਨ ਲਈ ਕਰੋ। ਕਿਉਂਕਿ ਅਸਲ ਵਿੱਚ ਉਸ ਬੰਦੇ ਨੇ ਉਸਨੂੰ ਕੁਝ ਸਾਲਾਂ ਲਈ ਹੀ ਭਾੜੇ ਤੇ ਰੱਖਿਆ ਸੀ।
51 ਜੇਕਰ ਹਾਲੇ ਵੀ ਜੁਬਲੀ ਵਰ੍ਹੇ ਤੀਕ ਬਹੁਤ ਸਾਲ ਰਹਿੰਦੇ ਹਨ, ਉਸਨੂੰ ਲਗਭਗ੍ਗ ਉਹੀ ਕੀਮਤ ਅਦਾ ਕਰਨੀ ਚਾਹੀਦੀ ਹੈ ਜਿੰਨੀ ਉਸਨੂੰ ਆਪਣੇ-ਆਪ ਨੂੰ ਵੇਚਦਿਆਂ ਸਮੇਂ ਮਿਲੀ ਸੀ।
52 ਜੇ ਜੁਬਲੀ ਵਰ੍ਹੇ ਤੱਕ ਸਿਰਫ਼ ਥੋੜੇ ਜਿਹੇ ਵਰ੍ਹੇ ਹੀ ਰਹਿੰਦੇ ਹਨ, ਤਾਂ ਉਸ ਬੰਦੇ ਨੂੰ ਮੁਢਲੀ ਕੀਮਤ ਦਾ ਥੋੜਾ ਜਿਹਾ ਹਿੱਸਾ ਹੀ ਅਦਾ ਕਰਨਾ ਚਾਹੀਦਾ ਹੈ।
53 ਪਰ ਉਹ ਬੰਦਾ ਵਿਦੇਸ਼ੀ ਦੇ ਨਾਲ ਇੱਕ ਭਾੜੇ ਦੇ ਕਾਮੇ ਵਾਂਗ ਰਹੇਗਾ। ਉਸ ਵਿਦੇਸ਼ੀ ਨੂੰ ਇੱਕ ਜ਼ਾਲਮ ਮਾਲਕ ਨਾ ਬਨਣ ਦਿਉ।
54 “ਉਹ ਬੰਦਾ ਅਜ਼ਾਦ ਹੋ ਜਾਵੇਗਾ, ਭਾਵੇਂ ਉਸਨੂੰ ਕੋਈ ਵੀ ਵਾਪਸ ਨਾ ਖਰੀਦੇ। ਜੁਬਲੀ ਵਰ੍ਹੇ ਤੇ ਉਹ ਅਤੇ ਉਸਦੇ ਬੱਚੇ ਆਜ਼ਾਦ ਹੋ ਜਾਣਗੇ।
55 ਕਿਉਂਕਿ ਇਸਰਾਏਲ ਦੇ ਲੋਕ ਮੇਰੇ ਨੌਕਰ ਹਨ। ਉਹ ਮੇਰੇ ਨੌਕਰ ਹਨ ਅਤੇ ਮੈਂ ਉਨ੍ਹਾਂ ਨੂੰ ਮਿਸਰ ਚੋਂ ਬਾਹਰ ਲਿਆਂਦਾ ਹੈ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।
55
ਕਾਂਡ 26

1 “ਆਪਣੇ ਲਈ ਬੁੱਤ ਨਾ ਬਣਾਉ। ਆਪਣੀ ਧਰਤੀ ਉੱਤੇ ਬੁੱਤਾਂ, ਧਾਰਮਿਕ ਥਂਮਾਂ ਜਾਂ ਤਰਾਸੇ ਹੋਏ ਪੱਥਰਾਂ ਨੂੰ ਨਾ ਉਸਾਰੋ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
2 “ਮੇਰੀ ਛੁੱਟੀ ਦੇ ਖਾਸ ਦਿਨਾਂ ਨੂੰ ਚੇਤੇ ਰੱਖੋ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰੋ। ਮੈਂ ਯਹੋਵਾਹ ਹਾਂ।
3 “ਜੇ ਤੁਸੀਂ ਮੇਰੇ ਕਾਨੂੰਨਾਂ ਨੂੰ ਚੇਤੇ ਕਰਕੇ ਅਤੇ ਉਨ੍ਹਾਂ ਦੀ ਪਾਲਣਾ ਕਰਕੇ, ਮੇਰੀਆਂ ਹਿਦਾਇਤਾਂ ਅਨੁਸਾਰ ਰਹੋਂਗੇ,
4 ਮੈਂ ਤੁਹਾਨੂੰ ਉਸ ਵੇਲੇ ਮੀਂਹ ਦਿਆਂਗਾ ਜਦੋਂ ਇਸ ਦੀ ਜ਼ਰੂਰਤ ਹੋਵੇਗੀ। ਧਰਤੀ ਫ਼ਸਲਾਂ ਉਗਾਵੇਗੀ ਅਤੇ ਖੇਤਾਂ ਦੇ ਰੁਖ ਆਪਣੇ ਫ਼ਲ ਉੱਗਣਗੇ।
5 ਤੁਹਾਡੀ ਗਹਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਕਿ ਅੰਗੂਰ ਸਾਂਭਣ ਦਾ ਸਮਾਂ ਨਹੀਂ ਆ ਜਾਂਦਾ। ਅਤੇ ਤੁਹਾਡਾ ਅੰਗੂਰ ਸਾਂਭਣਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਬੀਜਣ ਦਾ ਸਮਾਂ ਨਹੀਂ ਹੋ ਜਾਂਦਾ। ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਹੋਵੇਗਾ। ਅਤੇ ਤੁਸੀਂ ਆਪਣੀ ਧਰਤੀ ਉੱਤੇ ਸੁਰਖਿਅਤ ਰਹੋਂਗੇ।
6 ਮੈਂ ਤੁਹਾਡੇ ਦੇਸ਼ ਨੂੰ ਅਮਨ ਦਿਆਂਗਾ। ਤੁਸੀਂ ਅਮਨ ਚੈਨ ਨਾਲ ਲੇਟੋਂਗੇ। ਕੋਈ ਵੀ ਬੰਦਾ ਤੁਹਾਨੂੰ ਡਰਾਉਣ ਲਈ ਨਹੀਂ ਆਵੇਗਾ। ਮੈਂ ਖਤਰਨਾਕ ਜਾਨਵਰਾਂ ਨੂੰ ਤੁਹਾਡੇ ਦੇਸ਼ ਤੋਂ ਬਾਹਰ ਰੱਖਾਂਗਾ। ਅਤੇ ਫ਼ੌਜਾਂ ਤੁਹਾਡੇ ਦੇਸ਼ ਵਿੱਚੋਂ ਨਹੀਂ ਗੁਜ਼ਰਨਗੀਆਂ।
7 “ਤੁਸੀਂ ਆਪਣੇ ਦੁਸ਼ਮਣਾਂ ਨੂੰ ਭਜਾਉਂਗੇ ਅਤੇ ਉਨ੍ਹਾਂ ਨੂੰ ਹਰਾ ਦਿਉਂਗੇ। ਤੁਸੀਂ ਉਨ੍ਹਾਂ ਨੂੰ ਆਪਣੀ ਤਲਵਾਰ ਨਾਲ ਕਤਲ ਕਰ ਦਿਉਂਗੇ।
8 ਤੁਹਾਡੇ ਪੰਜ ਆਦਮੀ ਸੌ ਆਦਮੀਆਂ ਨੂੰ ਭਜਾ ਦੇਣਗੇ ਅਤੇ ਤੁਹਾਡੇ ਸੌ ਆਦਮੀ ਹਜ਼ਾਰਾਂ ਆਦਮੀਆਂ ਨੂੰ ਭਜਾ ਦੇਣਗੇ। ਤੁਸੀਂ ਆਪਣੇ ਦੁਸ਼ਮਨਾਂ ਨੂੰ ਹਰਾ ਦਿਉਂਗੇ ਅਤੇ ਤਲਵਾਰ ਨਾਲ ਉਨ੍ਹਾਂ ਨੂੰ ਮਾਰ ਦਿਉਂਗੇ।
9 “ਫ਼ੇਰ ਮੈਂ ਤੁਹਾਡੇ ਵੱਲ ਮੁੜਾਂਗਾ। ਮੈਂ ਤੁਹਾਨੂੰ ਬਹੁਤ ਸਾਰੀ ਔਲਾਦ ਦਿਆਂਗਾ। ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਨਿਭਾਵਾਂਗਾ।
10 ਤੁਹਾਡੇ ਕੋਲ ਸਾਲ ਭਰ ਤੋਂ ਵਧ ਸਮੇਂ ਲਈ ਕਾਫ਼ੀ ਫ਼ਸਲਾਂ ਹੋਣਗੀਆਂ। ਤੁਸੀਂ ਨਵੀਆਂ ਫ਼ਸਲਾਂ ਵਢੋਂਗ਼ੇ ਪਰ ਫ਼ੇਰ ਤੁਹਾਨੂੰ ਆਪਣੀਆਂ ਨਵੀਆਂ ਫ਼ਸਲਾਂ ਲਈ ਥਾਂ ਬਨਾਉਣ ਵਾਸਤੇ ਪੁਰਾਣੀਆਂ ਫ਼ਸਲਾਂ ਬਾਹਰ ਸੁੱਟਣੀਆਂ ਪੈਣਗੀਆਂ।
11 ਇਸਤੋਂ ਇਲਾਵਾ, ਮੈਂ ਆਪਣਾ ਪਵਿੱਤਰ ਤੰਬੂ ਤੁਹਾਡੇ ਦਰਮਿਆਨ ਸਥਾਪਿਤ ਕਰਾਂਗਾ। ਮੈਂ ਤੁਹਾਡੇ ਕੋਲੋਂ ਮੂੰਹ ਨਹੀਂ ਮੋੜਾਂਗਾ।
12 ਮੈਂ ਤੁਹਾਡੇ ਨਾਲ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਹੋਵਾਂਗਾ। ਅਤੇ ਤੁਸੀਂ ਮੇਰੇ ਬੰਦੇ ਹੋਵੋਂਗੇ।
13 ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਤੁਸੀਂ ਮਿਸਰ ਵਿੱਚ ਗੁਲਾਮ ਸੀ। ਪਰ ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਤੁਸੀਂ ਉਸ ਭਾਰੀ ਬੋਝ ਨਾਲ ਦਬ੍ਬੇ ਹੋਏ ਸੀ ਜਿਹੜਾ ਤੁਸੀਂ ਗੁਲਾਮਾਂ ਦੇ ਤੌਰ ਤੇ ਚੁਕਿਆ ਹੋਇਆ ਸੀ। ਪਰ ਮੈਂ ਉਹ ਬੱਲੀਆਂ ਤੋੜ ਦਿੱਤੀਆਂ ਜਿਹੜੀਆਂ ਤੁਹਾਡੇ ਮੋਢਿਆਂ ਉੱਤੇ ਰੱਖੀਆਂ ਹੋਈਆਂ ਸਨ। ਮੈਂ ਤੁਹਾਨੂੰ ਫ਼ੇਰ ਇੱਕ ਵਾਰੀ ਸਿਰ ਉੱਚਾ ਚੁੱਕ ਕੇ ਤੁਰਨ ਦਿੱਤਾ।
14 “ਜੇ ਤੁਸੀਂ ਮੇਰੀ ਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਨਹੀਂ ਕਰੋਂਗੇ।
15 ਜੇ ਤੁਸੀਂ ਮੇਰੀਆਂ ਬਿਧੀਆਂ ਨੂੰ ਨਾਮਂਜ਼ੂਰ ਕਰੋਂਗੇ ਅਤੇ ਮੇਰੇ ਆਦੇਸ਼ਾਂ ਤੋਂ ਉਲਟ ਜਾਵੋਂਗੇ ਅਤੇ ਉਨ੍ਹਾਂ ਦਾ ਅਨੁਸਰਣ ਨਹੀਂ ਕਰੋਂਗੇ, ਤੁਸੀਂ ਮੇਰਾ ਇਕਰਾਰਨਾਮਾ ਤੋੜ ਦਿੱਤਾ ਹੈ।
16 ਤਾਂ ਇਹੀ ਹੈ ਜੋ ਮੈਂ ਤੁਹਾਡੇ ਨਾਲ ਕਰਾਂਗਾ; ਮੈਂ ਤੁਹਾਨੂੰ ਬਿਮਾਰੀ ਅਤੇ ਬੁਖਾਰ ਦਿਆਂਗਾ ਜੋ ਤੁਹਾਡੀਆਂ ਅਖਾਂ ਨਸ਼ਟ ਕਰ ਦੇਣਗੇ ਅਤੇ ਤੁਹਾਡੀ ਜਾਨ ਕੱਢ ਲੈਣਗੇ। ਜਦੋਂ ਵੀ ਤੁਸੀਂ ਬੀਜ ਬੀਜੋਂਗੇ, ਤੁਹਾਨੂੰ ਸਫ਼ਲਤਾ ਨਹੀਂ ਮਿਲੇਗੀ ਅਤੇ ਤੁਹਾਡੇ ਦੁਸ਼ਮਣ ਤੁਹਾਡੀਆਂ ਫ਼ਸਲਾਂ ਖਾ ਜਾਣਗੇ।
17 ਮੈਂ ਤੁਹਾਡੇ ਵਿਰੁੱਧ ਹੋਵਾਂਗਾ, ਇਸ ਲਈ ਤੁਹਾਡੇ ਦੁਸ਼ਮਣ ਤੁਹਾਨੂੰ ਹਰਾ ਦੇਣਗੇ। ਉਹ ਦੁਸ਼ਮਣ ਤੁਹਾਨੂੰ ਨਫ਼ਰਤ ਕਰਦੇ ਹਨ ਅਤੇ ਉਹ ਤੁਹਾਡੇ ਉੱਤੇ ਰਾਜ ਕਰਨਗੇ। ਤੁਸੀਂ ਭੱਜ ਜਾਵੋਂਗੇ ਜਦ ਕਿ ਕੋਈ ਵੀ ਤੁਹਾਡਾ ਪਿੱਛਾ ਨਹੀਂ ਕਰ ਰਿਹਾ ਹੋਵੇਗਾ।
18 “ਇਨ੍ਹਾਂ ਗੱਲਾਂ ਤੋਂ ਬਾਦ ਜੇ ਤੁਸੀਂ ਫ਼ੇਰ ਵੀ ਮੇਰੀ ਪਾਲਣਾ ਨਾ ਕੀਤੀ। ਮੈਂ ਤੁਹਾਨੂੰ ਤੁਹਾਡੇ ਪਾਪਾਂ ਦੀ ਸੱਤ ਗੁਣਾ ਵਧੇਰੇ ਸਜ਼ਾ ਦੇਵਾਂਗਾ।
19 ਮੈਂ ਉਨ੍ਹਾਂ ਮਹਾਨ ਸ਼ਹਿਰਾਂ ਨੂੰ ਵੀ ਤਬਾਹ ਕਰ ਦਿਆਂਗਾ ਜਿਹੜੇ ਤੁਹਾਨੂੰ ਗੁਮਾਨੀ ਬਣਾਉਂਦੇ ਹਨ। ਅਕਾਸ਼ ਮੀਂਹ ਨਹੀਂ ਵਰ੍ਹਾਉਣਗੇ ਅਤੇ ਧਰਤੀ ਫ਼ਸਲਾਂ ਨਹੀਂ ਉਗਾਏਗੀ।
20 ਤੁਸੀਂ ਸਖਤ ਮਿਹਨਤ ਕਰੋਂਗੇ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਤੁਹਾਡੀ ਜ਼ਮੀਨ ਕੋਈ ਫ਼ਸਲ ਨਹੀਂ ਦੇਵੇਗੀ ਅਤੇ ਤੁਹਾਡੇ ਰੁਖ ਆਪਣੇ ਫ਼ਲ ਨਹੀਂ ਉਗਾਉਣਗੇ।
21 “ਫ਼ੇਰ ਵੀ, ਜੇ ਤੁਸੀਂ ਮੇਰੇ ਖਿਲਾਫ਼ ਹੋਵੋਂਗੇ ਅਤੇ ਮੈਨੂੰ ਮੰਨਣ ਤੋਂ ਇਨਕਾਰ ਕਰੋਂਗੇ, ਮੈਂ ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣੇ ਜ਼ਿਆਦਾ ਸਜ਼ਾ ਦਿਆਂਗਾ।
22 ਮੈਂ ਤੁਹਾਡੇ ਖਿਲਾਫ਼ ਜੰਗਲੀ ਜਾਨਵਰ ਘੱਲਾਂਗਾ। ਉਹ ਤੁਹਾਡੇ ਕੋਲੋਂ ਤੁਹਾਡੇ ਬੱਚਿਆਂ ਨੂੰ ਚੁੱਕ ਲਿਜਾਣਗੇ ਅਤੇ ਤੁਹਾਡੇ ਜਾਨਵਰਾਂ ਨੂੰ ਨਸ਼ਟ ਕਰ ਦੇਣਗੇ। ਉਹ ਤੁਹਾਡੇ ਬਹੁਤ ਸਾਰੇ ਲੋਕਾਂ ਨੂੰ ਮਾਰ ਦੇਣਗੇ। ਤੁਹਾਡੀਆਂ ਸੜਕਾਂ ਖਾਲੀ ਹੋ ਜਾਣਗੀਆਂ।
23 “ਜੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਦ ਵੀ ਤੁਸੀਂ ਸਬਕ ਨਾ ਸਿੱਖਿਆ, ਅਤੇ ਜੇ ਤੁਸੀਂ ਫ਼ੇਰ ਵੀ ਮੇਰੇ ਵਿਰੁੱਧ ਹੋਵੋਂਗੇ,
24 ਤਾਂ ਮੈਂ ਵੀ ਤੁਹਾਡੇ ਵਿਰੁੱਧ ਹੋ ਜਾਵਾਂਗਾ। ਮੈਂ - ਮੈਂ ਯਹੋਵਾਹ ਹਾਂ - ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਵਾਰੀ ਸਜ਼ਾ ਦਿਆਂਗਾ।
25 ਤੁਸੀਂ ਮੇਰਾ ਇਕਰਾਰਨਾਮਾ ਤੋੜਿਆ ਹੋਵੇਗਾ, ਇਸ ਲਈ ਮੈਂ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਖਿਲਾਫ਼ ਫ਼ੌਜਾਂ ਲਿਆਵਾਂਗਾ। ਤੁਸੀਂ ਸੁਰਖਿਆ ਲਈ ਆਪਣੇ ਸ਼ਹਿਰਾਂ ਅੰਦਰ ਵੜ ਜਾਵੋਂਗੇ। ਪਰ ਮੈਂ ਤੁਹਾਡੇ ਅੰਦਰ ਬਿਮਾਰੀਆਂ ਫ਼ੈਲਾਵਾਂਗਾ। ਅਤੇ ਤੁਹਾਡੇ ਦੁਸ਼ਮਣ ਤੁਹਾਨੂੰ ਹਰਾ ਦੇਣਗੇ।
26 ਜਦੋਂ ਮੈਂ ਤੁਹਾਡੀ ਭੋਜਨ ਪੂਰਤੀ ਬੰਦ ਕਰ ਦਿਆਂਗਾ, ਦਸ ਔਰਤਾਂ ਇੱਕੋ ਤੰਦੂਰ ਉੱਤੇ ਆਪਣੀ ਰੋਟੀ ਪਕਾ ਸਕਣਗੀਆਂ। ਉਹ ਹਰ ਰੋਟੀ ਨੂੰ ਧਿਆਨ ਨਾਲ ਨਾਪਣਗੀਆਂ। ਤੁਸੀਂ ਖਾਵੋਂਗੇ ਪਰ ਫ਼ੇਰ ਵੀ ਭੁਖੇ ਰਹੋਂਗੇ।
27 “ਜੇ ਤੁਸੀਂ ਫ਼ੇਰ ਵੀ ਮੇਰੀ ਗੱਲ ਵੱਲ ਧਿਆਨ ਨਹੀਂ ਦਿਉਂਗੇ ਅਤੇ ਜੇ ਤੁਸੀਂ ਮੇਰੇ ਖਿਲਾਫ਼ ਹੋ ਜਾਵੋਂਗੇ,
28 ਤਾਂ ਮੈਂ ਸੱਚਮੁੱਚ ਆਪਣਾ ਕਰੋਧ ਦਰਸਾਵਾਂਗਾ। ਮੈਂ - ਮੈਂ ਯਹੋਵਾਹ ਹਾਂ - ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣਾ ਸਜ਼ਾ ਦਿਆਂਗਾ।
29 ਤੁਸੀਂ ਇੰਨੇ ਭੁੱਖੇ ਹੋ ਜਾਉਂਗੇ ਕਿ ਤੁਸੀਂ ਆਪਣੇ ਪੁੱਤਰਾਂ, ਧੀਆਂ ਦੇ ਸ਼ਰੀਰਾਂ ਨੂੰ ਖਾ ਜਾਉਂਗੇ।
30 ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨਸ਼ਟ ਕਰ ਦਿਆਂਗਾ ਅਤੇ ਤੁਹਾਡੀਆਂ ਧੂਪ ਦੀਆਂ ਜਗਵੇਦੀਆਂ ਚੀਰ ਸੁੱਟਾਂਗਾ। ਮੈਂ ਤੁਹਾਡੀਆਂ ਲਾਸ਼ਾਂ ਨੂੰ ਤੁਹਾਡੇ ਬੁੱਤਾਂ ਦੀਆਂ ਲਾਸ਼ਾਂ ਉੱਤੇ ਸੁੱਟ ਦਿਆਂਗਾ। ਤੁਸੀਂ ਮੇਰੇ ਲਈ ਬਹੁਤ ਘਿਰਣਾਯੋਗ ਹੋਵੋਂਗੇ।
31 ਮੈਂ ਤੁਹਾਡੇ ਸ਼ਹਿਰ ਤਬਾਹ ਕਰ ਦਿਆਂਗਾ। ਮੈਂ ਤੁਹਾਡੇ ਪਵਿੱਤਰ ਸਥਾਨਾਂ ਨੂੰ ਸਖਣੇ ਕਰ ਦਿਆਂਗਾ। ਮੈਂ ਤੁਹਾਡੀ ਭੇਟ ਦੀ ਸੁਗੰਧੀ ਲੈਣੀ ਬੰਦ ਕਰ ਦਿਆਂਗਾ।
32 ਮੈਂ ਤੁਹਾਡੀ ਧਰਤੀ ਖਾਲੀ ਕਰ ਦਿਆਂਗਾ ਅਤੇ ਤੁਹਾਡੇ ਦੁਸ਼ਮਣ ਉੱਥੇ ਆਕੇ ਰਹਿਣਗੇ, ਉਹ ਹੈਰਾਨ ਹੋ ਜਾਣਗੇ।
33 ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨੋ ਖਿੱਚਾਂਗਾ ਅਤੇ ਤੁਹਾਨੂੰ ਨਸ਼ਟ ਕਰ ਦਿਆਂਗਾ। ਤੁਹਾਡੀ ਧਰਤੀ ਖਾਲੀ ਹੋ ਜਾਵੇਗੀ ਅਤੇ ਤੁਹਾਡੇ ਸ਼ਹਿਰ ਬਰਬਾਦ ਹੋ ਜਾਣਗੇ।
34 “ਤੁਹਾਨੂੰ ਤੁਹਾਡੇ ਦੁਸ਼ਮਣ ਦੇ ਦੇਸ਼ ਲਿਜਾਇਆ ਜਾਵੇਗਾ। ਤੁਹਾਡਾ ਦੇਸ਼ ਸਖਣਾ ਹੋ ਜਾਵੇਗਾ। ਇਸ ਤਰ੍ਹਾਂ ਤੁਹਾਡੀ ਧਰਤੀ ਆਖਰਕਾਰ ਆਪਣਾ ਆਰਾਮ ਹਾਸਲ ਕਰੇਗੀ। ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ।
35 ਉਸ ਸਮੇਂ ਦੌਰਾਨ, ਜਦੋਂ ਧਰਤੀ ਖਾਲੀ ਹੋਵੇਗੀ, ਇਸਨੂੰ ਆਪਣੇ ਅਰਾਮ ਦਾ ਸਮਾਂ ਮਿਲੇਗਾ ਜਿਹੜੀ ਤੁਸੀਂ ਉਥੇ ਰਹਿਂਦਿਆਂ ਹੋਇਆਂ ਇਸਨੂੰ ਨਹੀਂ ਦਿੱਤਾ ਸੀ।
36 ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੀ ਧਰਤੀ ਤੇ ਆਪਣੀ ਆਤਮ ਵਿਸ਼ਵਾਸ ਹਾਰ ਜਾਣਗੇ ਅਤੇ ਉਹ ਹਰ ਚੀਜ਼ ਤੋਂ ਡਰਨਗੇ। ਹਵਾ ਦੁਆਰਾ ਉਡਾਏ ਹੋਏ ਪੱਤੇ ਦੀ ਅਵਾਜ਼ ਵੀ ਉਨ੍ਹਾਂ ਨੂੰ ਡਰਾ ਦੇਵੇਗੀ। ਉਹ ਭੱਜਣਗੇ ਅਤੇ ਡਿੱਗ ਪੈਣਗੇ ਜਿਵੇਂ ਕੋਈ ਤਲਵਾਰ ਲੈਕੇ ਉਨ੍ਹਾਂ ਦੇ ਪਿੱਛੇ ਪਿਆ ਹੋਵੇ ਭਾਵੇਂ ਕੋਈ ਵੀ ਉਨ੍ਹਾਂ ਨੂੰ ਨਹੀਂ ਭਜਾ ਰਿਹਾ ਹੋਵੇਗਾ।
37 ਉਹ ਇੱਕ ਦੂਜੇ ਉੱਤੇ ਡਿੱਗਣਗੇ ਜਿਵੇਂ ਕਿ ਤਲਵਾਰ ਤੋਂ ਬਚ ਰਹੇ ਹੋਣ - ਭਾਵੇਂ ਕੋਈ ਵੀ ਉਨ੍ਹਾਂ ਨੂੰ ਨਹੀਂ ਭਜਾ ਰਿਹਾ ਹੋਵੇਗਾ।“ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਖਲੋ ਸਕਣ ਜਿੰਨੇ ਵੀ ਤਾਕਤਵਰ ਨਹੀਂ ਹੋਵੋਂਗੇ।
38 ਤੁਸੀਂ ਦੂਸਰੀਆਂ ਕੌਮਾਂ ਵਿੱਚ ਗੁਆਚ ਜਾਵੋਂਗੇ। ਤੁਸੀਂ ਆਪਣੇ ਦੁਸ਼ਮਣਾਂ ਦੀ ਧਰਤੀ ਅੰਦਰ ਗਾਇਬ ਹੋ ਜਾਵੋਂਗੇ।
39 ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੇ ਦੇਸ਼ਾਂ ਅੰਦਰ ਆਪਣੇ ਪਾਪਾਂ ਕਾਰਣ ਸੜ ਜਾਣਗੇ। ਉਹ ਆਪਣੇ ਪੁਰਖਿਆਂ ਦੇ ਪਾਪਾਂ ਕਾਰਣ ਸੜ ਜਾਣਗੇ।
40 “ਪਰ ਹੋ ਸਕਦਾ ਹੈ ਕਿ ਲੋਕ ਆਪਣੇ ਪਾਪਾਂ ਦਾ ਇਕਬਾਲ ਕਰ ਲੈਣ। ਅਤੇ ਹੋ ਸਕਦਾ ਹੈ ਕਿ ਉਹ ਆਪਣੇ ਪੁਰਖਿਆਂ ਦੇ ਪਾਪਾਂ ਨੂੰ ਵੀ ਕਬੂਲ ਲੈਣ ਕਿ ਉਹ ਮੇਰੇ ਵੱਲ ਬੇਵਫ਼ਾ ਸਨ ਅਤੇ ਹੋ ਸਕਦਾ ਹੈ ਕਿ ਉਹ ਮੰਨ ਲੈਣ ਕਿ ਉਹ ਮੇਰੇ ਖਿਲਾਫ਼ ਸਨ।
41 ਹੋ ਸਕਦਾ ਹੈ ਕਿ ਉਹ ਮੰਨ ਲੈਣ ਕਿ ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਸਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀ ਧਰਤੀ ਅੰਦਰ ਲੈ ਆਇਆ ਸਾਂ। ਪਰ ਹੋ ਸਕਦਾ ਹੈ ਕਿ ਉਹ ਨਿਮਾਣੇ ਬਣ ਜਾਣ ਅਤੇ ਆਪਣੇ ਪਾਪਾਂ ਦੀ ਸਜ਼ਾ ਨੂੰ ਪ੍ਰਵਾਨ ਕਰ ਲੈਣ।
42 ਜੇ ਉਹ ਅਜਿਹਾ ਕਰਨਗੇ, ਮੈਂ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ, ਇਸਹਾਕ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਅਤੇ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕਰਾਂਗਾ। ਅਤੇ ਮੈਂ ਧਰਤੀ ਨੂੰ ਚੇਤੇ ਕਰਾਂਗਾ।
43 “ਧਰਤੀ ਉਨ੍ਹਾਂ (ਲੋਕਾਂ) ਤੋਂ ਖਾਲੀ ਹੋਵੇਗੀ ਅਤੇ ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ। ਫ਼ੇਰ ਬਚੇ ਹੋਏ ਲੋਕ ਆਪਣੇ ਪਾਪਾਂ ਦੀ ਸਜ਼ਾ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਇਸ ਲਈ ਸਜ਼ਾ ਮਿਲੀ ਸੀ ਕਿਉਂਕਿ ਉਨ੍ਹਾਂ ਨੇ ਮੇਰੇ ਕਨੂੰਨਾਂ ਨੂੰ ਨਫ਼ਰਤ ਕੀਤੀ ਸੀ ਅਤੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ।
44 ਪਰ ਉਨ੍ਹਾਂ ਨੇ ਇਹ ਸਭ ਕਰਨ ਤੋਂ ਬਾਦ ਵੀ, ਜਦੋਂ ਉਹ ਆਪਣੇ ਦੁਸ਼ਮਣ ਦੀ ਧਰਤੀ ਵਿੱਚ ਹੋਣਗੇ, ਮੈਂ ਉਨ੍ਹਾਂ ਨੂੰ ਨਾਮਂਜ਼ੂਰ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ ਨਫ਼ਰਤ ਨਹੀਂ ਕਰਾਂਗਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਨਹੀਂ ਕਰਾਂਗਾ। ਮੈਂ ਉਨ੍ਹਾਂ ਨਾਲ ਆਪਣਾ ਇਕਰਾਰਨਾਮਾ ਨਹੀਂ ਤੋੜਾਂਗਾ। ਕਿਉਂਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ।
45 ਉਨ੍ਹਾਂ ਲਈ, ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਇਕਰਾਰਨਾਮਾ ਚੇਤੇ ਕਰਾਂਗਾ। ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲੈਕੇ ਆਇਆ ਤਾਂ ਜੋ ਉਨ੍ਹਾਂ ਦਾ ਪਰਮੇਸ਼ੁਰ ਬਣ ਸਕਾਂ। ਹੋਰਨਾਂ ਕੌਮਾਂ ਨੇ ਇਹ ਚੀਜ਼ਾਂ ਦੇਖੀਆਂ। ਮੈਂ ਯਹੋਵਾਹ ਹਾਂ।”
46 ਇਹ ਉਹ ਬਿਧੀਆਂ, ਨਿਆਵਾਂ ਅਤੇ ਬਿਵਸਥਾ ਹਨ ਜਿਹੜੀਆਂ ਯਹੋਵਾਹ ਨੇ ਆਪਣੇ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਸਥਾਪਿਤ ਕੀਤੀਆਂ। ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਈ ਪਰਬਤ ਉੱਤੇ ਦਿੱਤੀਆਂ ਅਤੇ ਮੂਸਾ ਨੇ ਇਨ੍ਹਾਂ ਨੂੰ ਲੋਕਾਂ ਨੂੰ ਦਿੱਤਾ।
ਕਾਂਡ 27

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਲਏਲ ਦੇ ਲੋਕਾਂ ਨੂੰ ਆਖ; ਜੇਕਰ ਕੋਈ ਵਿਅਕਤੀ ਯਹੋਵਾਹ ਨੂੰ ਇੱਕ ਵਿਅਕਤੀ ਨੂੰ ਅਰਪਨ ਕਰਨ ਦੀ ਖਾਸ ਸਹੁੰ ਖਾਂਦਾ ਹੈ, ਤਾਂ ਜਾਜਕ ਨੂੰ ਉਸ ਵਿਅਕਤੀ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ।
3 ਵੀਹ ਤੋਂ ਸੱਠ ਸਾਲ ਦੀ ਉਮਰ ਦੇ ਆਦਮੀ ਦੀ ਕੀਮਤ ਚਾਂਦੀ ਦੇ 50 ਸ਼ੈਕਲ ਹਨ। (ਤੁਹਾਨੂੰ ਚਾਂਦੀ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ।)
4 ਔਰਤ ਦੀ ਕੀਮਤ ਜਿਹੜੀ 20 ਤੋਂ 60 ਸਾਲ ਦੀ ਹੈ ਤੀਹ ਸ਼ੈਕਲ ਹੈ।
5 ਪੰਜ ਤੋਂ 30 ਸਾਲ ਦੀ ਉਮਰ ਦੇ ਆਦਮੀ ਦੀ ਕੀਮਤ 20 ਸ਼ੈਕਲ ਹੈ। 5 ਤੋਂ 20 ਸਾਲ ਦੀ ਉਮਰ ਦੀ ਔਰਤ ਦੀ ਕੀਮਤ 10 ਸ਼ੈਕਲ ਹੈ।
6 ਇੱਕ ਮਹੀਨੇ ਤੋਂ ਲੈਕੇ 5 ਸਾਲ ਦੇ ਮੁੰਡੇ ਦੀ ਕੀਮਤ 5 ਸ਼ੈਕਲ ਹੈ। ਇੱਕ ਮਹੀਨੇ ਤੋਂ ਲੈਕੇ 5 ਸਾਲਾਂ ਦੀ ਕੁੜੀ ਦੀ ਕੀਮਤ 3 ਸ਼ੈਕਲ ਹੈ।
7 ਉਸ ਆਦਮੀ ਦੀ ਕੀਮਤ ਜਿਹੜਾ 60 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਹੈ, 15 ਸ਼ੈਕਲ ਹੈ। ਔਰਤ ਦੀ ਕੀਮਤ 10 ਸ਼ੈਕਲ ਹੈ।
8 “ਜੇ ਕੋਈ ਬੰਦਾ ਗਰੀਬੀ ਕਾਰਣ ਕੀਮਤ ਨਹੀਂ ਦੇ ਸਕਦਾ, ਉਹ (ਜਿਸ ਵਿਅਕਤੀ ਨੇ ਇਕਰਾਰ ਕੀਤਾ ਸੀ) ਉਸ ਵਿਅਕਤੀ ਨੂੰ ਜਾਜਕ ਕੋਲ ਲੈਕੇ ਆਵੇ ਜਿਸਨੂੰ ਉਸਨੇ ਯਹੋਵਾਹ ਲਈ ਸਮਰਪਿਤ ਕੀਤਾ ਸੀ। ਜਾਜਕ ਨਿਰਣਾ ਕਰੇਗਾ ਕਿ ਉਸ ਬੰਦੇ ਨੂੰ ਕਿੰਨੇ ਪੈਸੇ ਦੇਣੇ ਚਾਹੀਦੇ ਹਨ।
9 “ਜੇ ਕੋਈ ਵਿਅਕਤੀ ਇੱਕ ਜਾਨਵਰ ਨੂੰ ਯਹੋਵਾਹ ਨੂੰ ਦੇਣ ਦਾ ਇਕਰਾਰ ਕਰਦਾ ਹੈ, ਕੋਈ ਵੀ ਜਾਨਵਰ ਜੋ ਉਹ ਵਿਅਕਤੀ ਦੇਵੇਗਾ ਪਵਿੱਤਰ ਹੋ ਜਾਵੇਗਾ।
10 ਉਸਨੂੰ ਕੋਈ ਹੋਰ ਜਾਨਵਰ ਚੜਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਸਨੂੰ ਕਿਸੇ ਬੁਰੇ ਜਾਨਵਰ ਨੂੰ ਚੰਗੇ ਜਾਨਵਰ ਨਾਲ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੇ ਉਹ ਜਾਨਵਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਦੋਵੇਂ ਜਾਨਵਰ ਪਵਿੱਤਰ ਹੋ ਜਾਣਗੇ।
11 “ਕੁਝ ਜਾਨਵਰਾਂ ਨੂੰ ਯਹੋਵਾਹ ਨੂੰ ਬਲੀ ਵਜੋਂ ਨਹੀਂ ਚੜਾਇਆ ਜਾ ਸਕਦਾ। ਜੇ ਕੋਈ ਬੰਦਾ ਅਜਿਹੇ ਪਲੀਤ ਜਾਨਵਰ ਨੂੰ ਯਹੋਵਾਹ ਨੂੰ ਦਿੰਦਾ ਹੈ, ਉਸ ਜਾਨਵਰ ਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ।
12 ਜਾਜਕ ਉਸ ਜਾਨਵਰ ਦੀ ਕੀਮਤ ਨਿਰਧਾਰਿਤ ਕਰੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਚੰਗਾ ਹੈ ਜਾਂ ਬੁਰਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਇਹ ਉਸ ਜਾਨਵਰ ਦੀ ਕੀਮਤ ਹੋਵੇਗੀ,
13 ਜੇ ਉਹ ਬੰਦਾ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ ਤਾਂ ਕੀਮਤ ਦਾ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ।
14 “ਹੁਣ ਜੇ ਕੋਈ ਬੰਦਾ ਆਪਣੇ ਮਕਾਨ ਨੂੰ ਪਵਿੱਤਰ ਜਾਣ ਕੇ ਯਹੋਵਾਹ ਲਈ ਸਮਰਪਿਤ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮਕਾਨ ਚੰਗਾ ਹੈ ਜਾਂ ਮਾੜਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਤਾਂ ਇਹ ਮਕਾਨ ਦੀ ਕੀਮਤ ਹੋਵੇਗੀ।
15 ਪਰ ਜੇ ਕੋਈ ਬੰਦਾ ਜਿਹੜਾ ਮਕਾਨ ਦਿੰਦਾ ਹੈ ਇਸ ਨੂੰ ਵਾਪਸ ਚਾਹੁੰਦਾ ਹੈ, ਤਾਂ ਉਸਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਫ਼ੇਰ ਉਹ ਮਕਾਨ ਉਸ ਬੰਦੇ ਦਾ ਹੋਵੇਗਾ।
16 “ਜੇ ਕੋਈ ਬੰਦਾ ਆਪਣੇ ਖੇਤਾਂ ਦਾ ਹਿੱਸਾ ਪਵਿੱਤਰ ਜਾਣਕੇ ਯਹੋਵਾਹ ਨੂੰ ਸਮਰਪਿਤ ਕਰਦਾ ਹੈ, ਇਸਦੀ ਕੀਮਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਇਸਨੂੰ ਬੀਜਣ ਲਈ ਕਿੰਨਾ ਬੀਜ ਲੋੜੀਂਦਾ ਹੈ। ਚਾਂਦੀ ਦੇ 50 ਸ਼ੈਕਲ ਜੌਆਂ ਦੇ ਬੀਜਾਂ ਦੇ ਹਰੇਕ ਹੋਮਰ ਲਈ ਲੋੜੀਂਦੇ ਹੋਣਗੇ।
17 ਜੇ ਉਹ ਬੰਦਾ ਆਪਣਾ ਖੇਤ ਪਰਮੇਸ਼ੁਰ ਨੂੰ ਜੁਬਲੀ ਵਰ੍ਹੇ ਵਿੱਚ ਦਾਨ ਕਰ ਦਿੰਦਾ ਹੈ, ਇਸਦੀ ਕੀਮਤ ਉਹੀ ਹੋਵੇਗੀ ਜੋ ਜਾਜਕ ਨਿਰਧਾਰਿਤ ਕਰੇਗਾ।
18 ਪਰ ਜੇ ਉਹ ਆਪਣਾ ਖੇਤ ਪਵਿੱਤਰ ਜਾਣਕੇ ਜੁਬਲੀ ਵਰ੍ਹੇ ਤੋਂ ਮਗਰੋਂ ਦਾਨ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਉਸਨੂੰ ਅਗਲੇ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਕੀਮਤ ਦਾ ਹਿਸਾਬ ਲਾਉਣ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ।
19 ਜੇਕਰ ਉਹ ਵਿਅਕਤੀ, ਜਿਸਨੇ ਖੇਤ ਦਾਨ ਕੀਤਾ ਹੈ, ਇਸਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸਨੂੰ ਇਸ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ, ਤਾਂ ਉਹ ਖੇਤ ਫ਼ੇਰ ਉਸੇ ਦਾ ਹੋ ਜਾਵੇਗਾ।
20 ਜੇ ਉਹ ਖੇਤ ਨੂੰ ਵਾਪਸ ਨਹੀਂ ਖਰੀਦਦਾ ਪਰ ਇਸਨੂੰ ਕਿਸੇ ਹੋਰ ਆਦਮੀ ਨੂੰ ਵੇਚ ਦਿੰਦਾ ਹੈ, ਤਾਂ ਇਸਦਾ ਅਸਲੀ ਮਾਲਕ ਇਸਨੂੰ ਵਾਪਸ ਨਹੀਂ ਖਰੀਦ ਸਕਦਾ।
21 ਜਦੋਂ ਜੁਬਲੀ ਵਰ੍ਹਾ ਆਵੇਗਾ, ਉਹ ਖੇਤ ਯਹੋਵਾਹ ਲਈ ਪਵਿੱਤਰ ਹੋ ਜਾਵੇਗਾ-ਇਹ ਜਾਜਕ ਦਾ ਹੋਵੇਗਾ। ਇਹ ਯਹੋਵਾਹ ਨੂੰ ਸਮਰਪਿਤ ਕੀਤੀ ਜ਼ਮੀਨ ਵਾਂਗ ਹੈ।
22 “ਜੇ ਕੋਈ ਬੰਦਾ ਯਹੋਵਾਹ ਨੂੰ ਕੋਈ ਅਜਿਹਾ ਖੇਤ ਸਮਰਪਿਤ ਕਰਦਾ ਹੈ ਜਿਹੜਾ ਉਸਨੇ ਖਰੀਦਿਆ ਸੀ, ਅਤੇ ਇਹ ਉਸਦੀ ਪਰਿਵਾਰਿਕ ਜਾਇਦਾਦ ਦਾ ਹਿੱਸਾ ਨਹੀਂ ਸੀ,
23 ਤਾਂ ਜਾਜਕ ਨੂੰ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਅਤੇ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਫ਼ੇਰ ਉਸ ਵਿਅਕਤੀ ਨੂੰ ਪੈਸਿਆਂ ਦੀ ਉਹ ਰਕਮ ਉਸ ਦਿਨ ਦੇਣੀ ਚਾਹੀਦੀ ਹੈ। ਉਹ ਪੈਸੇ ਯਹੋਵਾਹ ਲਈ ਪਵਿੱਤਰ ਹੋਣਗੇ।
24 ਜੁਬਲੀ ਵਰ੍ਹੇ ਉੱਤੇ ਜ਼ਮੀਨ ਮੁਢਲੇ ਮਾਲਕ ਕੋਲ ਚਲੀ ਜਾਵੇਗੀ। ਇਹ ਉਸ ਪਰਿਵਾਰ ਕੋਲ ਵਾਪਸ ਚਲੀ ਜਾਵੇਗੀ ਜਿਹੜਾ ਜ਼ਮੀਨ ਦਾ ਮਾਲਕ ਹੈ।
25 “ਤੁਹਾਨੂੰ ਕੀਮਤ ਅਦਾ ਕਰਨ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ। ਉਸ ਨਾਪ ਅਨੁਸਾਰ ਇੱਕ ਸ਼ੈਕਲ ਦਾ ਵਜ਼ਨ ਵੀਹ ਗੇਰਾਹ ਹੈ।
26 “ਲੋਕ ਗ਼ਾਵਾਂ ਅਤੇ ਭੇਡਾਂ ਨੂੰ ਖਾਸ ਸੁਗਾਤਾਂ ਵਜੋਂ ਯਹੋਵਾਹ ਨੂੰ ਦੇ ਸਕਦੇ ਹਨ। ਪਰ ਜੇ ਜਾਨਵਰ ਪਲੇਠਾ ਹੈ ਤਾਂ ਜਾਨਵਰ ਪਹਿਲਾਂ ਹੀ ਯਹੋਵਾਹ ਦਾ ਹੈ। ਇਸ ਲਈ ਲੋਕ ਇਨ੍ਹਾਂ ਜਾਨਵਰਾਂ ਨੂੰ ਖਾਸ ਸੁਗਾਤ ਦੇ ਤੌਰ ਤੇ ਨਹੀਂ ਦੇ ਸਕਦੇ।
27 ਲੋਕ ਪਲੀਤ ਜਾਨਵਰਾਂ ਦੇ ਪਲੇਠਿਆਂ ਨੂੰ ਯਹੋਵਾਹ ਨੂੰ ਭੇਟ ਕਰਨ। ਜੇ ਉਹ ਉਸ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਕੀਮਤ ਅਦਾ ਕਰਨੀ ਚਾਹੀਦੀ ਹੈ ਅਤੇ ਇਸ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਜੇ ਉਹ ਉਸ ਜਾਨਵਰ ਨੂੰ ਵਾਪਸ ਨਹੀਂ ਖਰੀਦਦਾ, ਜਾਜਕ ਉਸ ਜਾਨਵਰ ਨੂੰ ਉਸਦੀ ਨਿਰਧਾਇਰ ਕੀਮਤ ਤੇ ਵੇਚ ਸਕੇਗਾ।
28 “ਇੱਕ ਖਾਸ ਕਿਸਮ ਦੀ ਸੁਗਾਤ ਹੈ ਜਿਹੜੀ ਲੋਕ ਪੂਰੀ ਤਰ੍ਹਾਂ ਯਹੋਵਾਹ ਨੂੰ ਦਿੰਦੇ ਹਨ। ਇਸ ਸੁਗਾਤ ਨੂੰ ਵਾਪਸ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੀ ਸੁਗਾਤ ਯਹੋਵਾਹ ਦੀ ਹੈ। ਇਹ ਅੱਤ ਪਵਿੱਤਰ ਹੈ। ਇਸ ਤਰ੍ਹਾਂ ਦੀ ਸੁਗਾਤ ਵਿੱਚ ਲੋਕੀ,ਜਾਨਵਰ ਅਤੇ ਪਰਿਵਾਰਿਕ ਜੈਦਾਦ ਦੇ ਖੇਤ ਸ਼ਾਮਿਲ ਹਨ।
29 ਜੇ ਯਹੋਵਾਹ ਲਈ ਉਸ ਖਾਸ ਕਿਸਮ ਦੀ ਸੁਗਾਤ ਕੋਈ ਬੰਦਾ ਹੈ ਤਾਂ ਉਸ ਬੰਦੇ ਨੂੰ ਵਾਪਸ ਨਹੀਂ ਖਰੀਦਿਆ ਜਾ ਸਕਦਾ। ਉਸ ਬੰਦੇ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।
30 “ਸਾਰੀਆਂ ਫ਼ਸਲਾਂ ਦਾ ਅਤੇ ਰੁਖਾਂ ਦੇ ਫ਼ਲਾਂ ਦਾ ਦਸਵਾਂ ਹਿੱਸਾ ਯਹੋਵਾਹ ਦਾ ਹੈ। ਇਹ ਯਹੋਵਾਹ ਲਈ ਪਵਿੱਤਰ ਹੈ।
31 ਇਸ ਲਈ ਜੇ ਕੋਈ ਬੰਦਾ ਆਪਣਾ ਦਸਵੰਧ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਸਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਅਤੇ ਫ਼ੇਰ ਇਸਨੂੰ ਵਾਪਸ ਖਰੀਦਣਾ ਚਾਹੀਦਾ ਹੈ।
32 “ਵਗ੍ਗ ਅਤੇ ਇੱਜੜ ਦਾ ਦਸਵੰਧ, ਅਯਾਲੀ ਦੁਆਰਾ ਰੱਖਿਆ ਹੋਇਆ ਕੋਈ ਜਾਨਵਰ ਯਹੋਵਾਹ ਲਈ ਪਵਿੱਤਰ ਹੋਵੇਗਾ।
33 ਮਾਲਕ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਚੁਣਿਆ ਹੋਇਆ ਜਾਨਵਰ ਚੰਗਾ ਹੈ ਜਾਂ ਮਾੜਾ। ਉਸਨੂੰ ਇਸਨੂੰ ਕਿਸੇ ਹੋਰ ਜਾਨਵਰ ਨਾਲ ਨਹੀਂ ਬਦਲਣਾ ਚਾਹੀਦਾ। ਜੇ ਉਹ ਇਸਨੂੰ ਕਿਸੇ ਹੋਰ ਜਾਨਵਰ ਨਾਲ ਬਦਲਣ ਦਾ ਨਿਰਣਾ ਕਰਦਾ ਹੈ ਤਾਂ ਦੋਵੇਂ ਜਾਨਵਰ ਪਵਿੱਤਰ ਹੋਣਗੇ। ਉਹ ਜਾਨਵਰ ਵਾਪਸ ਨਹੀਂ ਖਰੀਦਿਆ ਜਾ ਸਕਦਾ।”
34 ਇਹ ਉਹ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਸੀਨਈ ਪਰਬਤ ਉੱਤੇ ਇਸਰਾਏਲ ਦੇ ਲੋਕਾਂ ਲਈ ਦਿੱਤੇ।