ਮੱਤੀ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 1

1 ਕੁਲਪੱਤ੍ਰੀ ਯਿਸੂ ਮਸੀਹ ਦਾਊਦ ਦੇ ਪੁੱਤ੍ਰ ਦੀ ਜਿਹੜਾ ਅਬਰਾਹਾਮ ਦਾ ਪੁੱਤ੍ਰ ਸੀ।
2 ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾਹ ਤੇ ਉਸਦੇ ਭਰਾ ਜੰਮੇ।
3 ਅਤੇ ਯਹੂਦਾਹ ਤੋਂ ਫ਼ਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫ਼ਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ।
4 ਅਤੇ ਰਾਮ ਤੋਂ ਅੰਮੀਨਾਦਾਬ ਜੰਮਿਆ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸ਼ੋਨ ਤੋਂ ਸਲਮੋਨ ਜੰਮਿਆ।
5 ਅਤੇ ਸਲਮੋਨ ਤੋਂ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਅਜ਼ ਤੋਂ ਓਬੇਦ ਰੂਥ ਦੀ ਕੁੱਖੋਂ ਜੰਮਿਆ ਅਤੇ ਓਬੇਦ ਤੋਂ ਯੱਸੀ ਜੰਮਿਆ।
6 ਅਤੇ ਯੱਸੀ ਤੋਂ ਦਾਊਦ ਪਾਤਸ਼ਾਹ ਜੰਮਿਆ ਅਤੇ ਦਾਊਦ ਪਾਤਸ਼ਾਹ ਤੋਂ ਸੁਲੇਮਾਨ ਊਰੀਯਾਹ ਦੀ ਤੀਵੀਂ ਦੀ ਕੁੱਖੋਂ ਜੰਮਿਆ।
7 ਅਤੇ ਸੁਲੇਮਾਨ ਤੋਂ ਰਹਬੁਆਮ ਜੰਮਿਆ ਅਤੇ ਰਹਬੁਆਮ ਤੋਂ ਅਬੀਯਾਹ ਜੰਮਿਆ ਅਤੇ ਅਬੀਯਾਹ ਤੋਂ ਆਸਾ ਜੰਮਿਆ।
8 ਅਤੇ ਆਸਾ ਤੋਂ ਯਹੋਸ਼ਾਫ਼ਾਟ ਜੰਮਿਆ ਅਤੇ ਯਹੋਸ਼ਾਫ਼ਾਟ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉੱਜ਼ੀਯਾਹ ਜੰਮਿਆ।
9 ਅਤੇ ਉੱਜ਼ੀਯਾਹ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਜੰਮਿਆ।
10 ਅਤੇ ਹਿਜ਼ਕੀਯਾਹ ਤੋਂ ਮਨੱਸਹ ਜੰਮਿਆ ਅਤੇ ਮਨੱਸਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ।
11 ਅਤੇ ਯੋਸ਼ੀਯਾਹ ਤੋਂ ਯਕਾਨਯਾਹ ਅਰ ਉਹਦੇ ਭਰਾ ਬਾਬੁਲ ਨੂੰ ਉੱਠ ਜਾਣ ਦੇ ਸਮੇ ਜੰਮੇ।
12 ਬਾਬੁਲ ਨੂੰ ਉੱਠ ਜਾਣ ਤੋਂ ਪਿੱਛੇ ਯਕਾਨਯਾਹ ਤੋਂ ਸ਼ਅਲਤੀਏਲ ਜੰਮਿਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਜੰਮਿਆ।
13 ਅਤੇ ਜ਼ਰੁੱਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਯਾਕੀਮ ਜੰਮਿਆ ਅਤੇ ਅਲਯਾਕੀਮ ਤੋਂ ਅੱਜ਼ੋਰ ਜੰਮਿਆ।
14 ਅਤੇ ਅੱਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ।
15 ਅਤੇ ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮੱਥਾਨ ਜੰਮਿਆ ਅਤੇ ਮੱਥਾਨ ਤੋਂ ਯਾਕੂਬ ਜੰਮਿਆ।
16 ਅਤੇ ਯਾਕੂਬ ਤੋਂ ਯੂਸੁਫ਼ ਜੰਮਿਆ। ਉਹ ਉਸ ਮਰਿਯਮ ਦਾ ਪਤੀ ਸੀ ਜਿਹ ਦੀ ਕੁੱਖੋਂ ਯਿਸੂ ਜੰਮਿਆ ਜਿਹੜਾ ਮਸੀਹ ਕਹਾਉਂਦਾ ਹੈ।
17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੀਕਰ ਸੱਭੋ ਚੌਦਾਂ ਪੀਹੜੀਆਂ ਹਨ ਅਤੇ ਦਾਊਦ ਤੋਂ ਲੈਕੇ ਬਾਬੁਲ ਨੂੰ ਉੱਠ ਜਾਣ ਤੀਕਰ ਚੌਦਾਂ ਪੀਹੜੀਆਂ ਹਨ ਅਤੇ ਬਾਬੁਲ ਨੂੰ ਉੱਠ ਜਾਣ ਤੋਂ ਲੈਕੇ ਮਸੀਹ ਤੀਕਰ ਚੌਦਾਂ ਪੀਹੜੀਆਂ ਹਨ।
18 ਯਿਸੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਕੁੜਮਾਈ ਹੋਈ ਸੀ ਤਾਂ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤ੍ਰ ਆਤਮਾ ਤੋਂ ਗਰਭਵੰਤੀ ਪਾਈ ਗਈ।
19 ਤਦ ਉਹਦੇ ਪਤੀ ਯੂਸੁਫ਼ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਈ ਉਹ ਨੂੰ ਕਲੰਕਣ ਪਰਗਟ ਕਰੇ ਇਹ ਦਲੀਲ ਕੀਤੀ ਜੋ ਉਹ ਨੂੰ ਚੁੱਪ ਕੀਤਿਆਂ ਤਿਆਗ ਦੇਵੇ।
20 ਪਰ ਜਾਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਸੁਫਨੇ ਵਿੱਚ ਉਹਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤ੍ਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ।
21 ਅਤੇ ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।
22 ਇਹ ਸਭ ਕੁਝ ਇਸ ਲਈ ਹੋਇਆ ਭਈ ਜਿਹੜੀ ਗੱਲ ਪ੍ਰਭੁ ਨੇ ਨਬੀ ਦੀ ਜ਼ਬਾਨੀ ਆਖੀ ਸੀ ਉਹ ਪੂਰੀ ਹੋਵੇ ਕਿ
23 ਵੇਖੋ ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤ੍ਰ ਜਣੇਗੀ,ਅਤੇ ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਇਹ ਹੈ ਪਰਮੇਸ਼ੁਰ ਅਸਾਡੇ ਸੰਗ
24 ਤਦੋਂ ਯੂਸੁਫ਼ ਨੇ ਸੁੱਤਿਓਂ ਉੱਠ ਕੇ ਜਿਵੇਂ ਪ੍ਰਭੁ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ ਤਿਵੇਂ ਹੀ ਕੀਤਾ ਅਰ ਆਪਣੀ ਪਤਨੀ ਨੂੰ ਆਪਣੇ ਘਰ ਲਿਆਇਆ।
25 ਤੇ ਉਹ ਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤ੍ਰ ਨਾ ਜਣੀ ਅਤੇ ਉਹ ਦਾ ਨਾਮ ਯਿਸੂ ਰੱਖਿਆ।
ਕਾਂਡ 2

1 1 ਜਾਂ ਯਿਸੂ ਰਾਜਾ ਹੇਰੋਦੇਸ ਦੇ ਦਿਨੀਂ ਯਹੂਦਿਯਾ ਦੇ ਬੈਤਲਹਮ ਵਿੱਚ ਜੰਮਿਆ ਤਾਂ ਵੇਖੋ, ਜੋਤਸ਼ੀਆਂ ਨੇ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆਣ ਕੇ ਕਿਹਾ,
2 ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ, ਉਹ ਕਿੱਥੇ ਹੈ ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹ ਦਾ ਤਾਰਾ ਡਿੱਠਾ ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ।
3 ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਣੇ ਘਬਰਾਇਆ।
4 ਅਤੇ ਉਸ ਨੇ ਸਾਰੇ ਪਰਧਾਨ ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ, ਜੋ ਮਸੀਹ ਕਿੱਥੇ ਜੰਮੇਗਾ ?
5 ਉਨ੍ਹਾਂ ਨੇ ਉਸ ਨੂੰ ਕਿਹਾ, ਯਹੂਦਿਯਾ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਦੇ ਰਾਹੀਂ ਐਉਂ ਲਿਖਿਆ ਹੋਇਆ ਹੈ ਕਿ
6 ਹੇ ਬੈਤਲਹਮ ਯਹੂਦਾਹ ਦੇਸ ਦੇ, ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਕਿਸੇ ਤਰਾਂ ਛੋਟਾ ਨਹੀਂ ਹੈਂ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ ਜਿਹੜਾ ਮੇਰੀ ਪਰਜਾ ਇਸਰਾਏਲ ਦੀ ਪਾਲਨਾ ਕਰੇਗਾǀ
7 ਤਦ ਹੇਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾ ਕੇ ਉਨ੍ਹਾਂ ਕੋਲੋਂ ਠੀਕ ਠੀਕ ਪਤਾ ਲਿਆ ਕਿ ਤਾਰਾ ਕਦੋਂ ਵਿਖਾਈ ਦਿੱਤਾ।
8 ਅਤੇ ਉਸ ਨੇ ਉਨ੍ਹਾਂ ਨੂੰ ਬੈਤਲਹਮ ਵੱਲ ਇਹ ਕਹਿ ਕੇ ਘੱਲਿਆ ਭਈ ਜਾਓ ਜਤਨ ਨਾਲ ਉਸ ਬਾਲਕ ਦੀ ਭਾਲ ਕਰੋ ਅਰ ਜਦ ਉਹ ਲੱਭ ਪਵੇ ਤਦ ਮੁੜ ਮੈਨੂੰ ਖ਼ਬਰ ਦਿਓ ਤਾਂ ਮੈਂ ਭੀ ਜਾ ਕੇ ਉਹ ਨੂੰ ਮੱਥਾ ਟੇਕਾਂ।
9 ਓਹ ਰਾਜੇ ਦੀ ਸੁਣ ਕੇ ਤੁਰ ਪਏ ਅਤੇ ਵੇਖੋ ਉਹ ਤਾਰਾ ਜਿਹੜਾ ਉਨ੍ਹਾਂ ਨੇ ਚੜ੍ਹਦੇ ਪਾਸੇ ਡਿੱਠਾ ਸੀ ਉਨ੍ਹਾਂ ਦੇ ਅੱਗੇ ਅੱਗੇ ਚੱਲਿਆ ਇੱਥੋਂ ਤੀਕ ਜੋ ਉਸ ਥਾਂ ਦੇ ਉੱਤੇ ਜਾ ਕੇ ਟਿਕਿਆ ਜਿੱਥੇ ਉਹ ਬਾਲਕ ਸੀ।
10 ਅਤੇ ਤਾਰੇ ਨੂੰ ਵੇਖ ਕੇ ਓਹ ਵੱਡੇ ਹੀ ਅਨੰਦ ਹੋਏ।
11 ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਡਿੱਠਾ ਅਰ ਪੈਰੀਂ ਪੈਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ ਅਤੇ ਲੁਬਾਣ ਅਤੇ ਗੰਧਰਸ ਉਹ ਦੀ ਭੇਟ ਕੀਤੀ।
12 ਅਰ ਸੁਫਨੇ ਵਿੱਚ ਖ਼ਬਰ ਪਾ ਕੇ ਜੋ ਹੇਰੋਦੇਸ ਦੇ ਕੋਲ ਫੇਰ ਨਾ ਜਾਣ ਓਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ।
13 ਜਾਂ ਓਹ ਤੁਰ ਗਏ ਸਨ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਦਰਸ਼ਣ ਦੇ ਕੇ ਆਖਿਆ, ਉੱਠ ! ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ ਨੂੰ ਭੱਜ ਜਾਹ ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੁ ਕਿਉਂ ਜੋ ਹੇਰੋਦੇਸ ਉਹ ਦੇ ਨਾਸ ਕਰਨ ਲਈ ਇਸ ਬਾਲਕ ਨੂੰ ਭਾਲੇਗਾ।
14 ਤਦ ਉਹ ਉੱਠ ਕੇ ਰਾਤੋ ਰਾਤ ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ।
15 ਅਤੇ ਹੇਰੋਦੇਸ ਦੇ ਮਰਨ ਤੋੜੀ ਉੱਥੇ ਰਿਹਾ ਇਸ ਲਈ ਕਿ ਜਿਹੜਾ ਬਚਨ ਪ੍ਰਭੁ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਪੂਰਾ ਹੋਵੇ ਭਈ ਮੈਂ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ।
16 ਜਾਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਮਖ਼ੌਲ ਕੀਤਾ ਤਾਂ ਉਹ ਨੂੰ ਵੱਡਾ ਕ੍ਰੋਧ ਆਇਆ ਅਤੇ ਮਨੁੱਖਾਂ ਨੂੰ ਘੱਲ ਕੇ ਬੈਤਲਹਮ ਅਤੇ ਉਹ ਦੇ ਆਲੇ ਦੁਆਲੇ ਦੇ ਸਭਨਾਂ ਨੀਂਗਰਾਂ ਨੂੰ ਮਰਵਾ ਸੁੱਟਿਆ ਜਿਹੜੇ ਦੋ ਵਰਿਹਾਂ ਦੇ ਅਤੇ ਏਦੋਂ ਇਆਣੇ ਸਨ ਉਸ ਸਮੇ ਦੇ ਅਨੁਸਾਰ ਜਿਹੜਾ ਜੋਤਸ਼ੀਆਂ ਤੋਂ ਠੀਕ ਪਤਾ ਲਿਆ ਸੀ।
17 ਤਦ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ ਭਈ,
18 ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ। ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਓਹ ਨਹੀਂ ਹਨ।
19 ਜਾਂ ਹੇਰੋਦੇਸ ਮਰ ਗਿਆ ਤਾਂ ਵੇਖੋ ਪ੍ਰਭੁ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫਨੇ ਵਿੱਚ ਦਰਸ਼ਣ ਦੇ ਕੇ ਆਖਿਆ,
20 ਉੱਠ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਨੂੰ ਜਾਹ ਕਿਉਂਕਿ ਜਿਹੜੇ ਬਾਲਕ ਦੇ ਪ੍ਰਾਣਾਂ ਦੇ ਵੈਰੀ ਸਨ ਓਹ ਮਰ ਗਏ।
21 ਤਦ ਉਹ ਉੱਠਿਆ ਅਤੇ ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਵਿੱਚ ਆਇਆ।
22 ਪਰ ਜਾਂ ਸੁਣਿਆ ਜੋ ਅਰਕਿਲਾਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ ਤਾਂ ਉੱਥੇ ਜਾਣ ਤੋਂ ਡਰਿਆ ਪਰ ਸੁਫਨੇ ਵਿੱਚ ਖ਼ਬਰ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ।
23 ਅਤੇ ਨਾਸਰਤ ਨਾਮੇ ਇੱਕ ਨਗਰ ਵਿੱਚ ਜਾ ਵੱਸਿਆ ਇਸ ਲਈ ਕਿ ਜਿਹੜਾ ਬਚਨ ਨਬੀਆਂ ਦੀ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ ਜੋ ਉਹ ਨਾਸਰੀ ਕਹਾਵੇਗਾ।
ਕਾਂਡ 3

1 ਉਨ੍ਹੀਂ ਦਿਨੀਂ ਯੂਹੰਨਾ ਬਪਤਿਸਮਾ ਦੇਣ ਵਾਲਾ ਆਣ ਕੇ ਯਹੂਦਿਯਾ ਦੇ ਉਜਾੜ ਵਿੱਚ ਪਰਚਾਰ ਕਰਦੇ ਹੋਏ ਕਹਿਣ ਲੱਗਾ,
2 ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।
3 ਕਿ ਇਹ ਉਹੋ ਹੈ ਜਿਹ ਦੇ ਵਿਖੇ ਯਸਾਯਾਹ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ ਭਈ ਉਜਾੜ ਵਿੱਚ ਹੋਕਾ ਦੇਣ ਵਾਲੇ ਦੀ ਅਵਾਜ਼, ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ।
4 ਇਸ ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹ ਦੇ ਲੱਕ ਦੇ ਦੁਆਲੇ ਸੀ ਅਤੇ ਉਹ ਦਾ ਭੋਜਨ ਟਿੱਡੀਆਂ ਅਤੇ ਬਣ ਦਾ ਸ਼ਹਿਤ ਸੀ।
5 ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਸਭ ਲਾਂਭ ਛਾਂਬ ਦੇ ਰਹਿਣ ਵਾਲੇ ਉਹ ਦੇ ਕੋਲ ਚੱਲੇ ਆਉਂਦੇ ਸਨ।
6 ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ।
7 ਪਰ ਜਾਂ ਉਹ ਨੇ ਵੇਖਿਆ ਜੋ ਫ਼ਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਮੈਥੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਕਿ ਹੇ ਸੱਪਾਂ ਦੇ ਬੱਚਿਓ ! ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ ?
8 ਸੋ ਤੁਸੀਂ ਤੋਬਾ ਜੋਗਾ ਫਲ ਦਿਓ।
9 ਅਤੇ ਆਪਣੇ ਮਨ ਵਿੱਚ ਇਸ ਗੱਲ ਦੇ ਕਹਿਣ ਦੀ ਸੋਚ ਨਾ ਕਰੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋਂ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸੱਕਦਾ ਹੈ।
10 ਅਤੇ ਬਿਰਛਾਂ ਦੀ ਜੜ੍ਹ ਉੱਤੇ ਹੁਣ ਕੁਹਾੜਾ ਰੱਖਿਆ ਹੋਇਆ ਹੈ ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
11 ਮੈਂ ਤਾਂ ਤੁਹਾਨੂੰ ਤੋਬਾ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਉਹ ਮੈਥੋਂ ਬਲਵੰਤ ਹੈ ਅਤੇ ਮੈਂ ਉਹਦੀ ਜੁੱਤੀ ਚੁੱਕਣ ਦੇ ਜੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤ੍ਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਊ।
12 ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰਾਂ ਸਾਫ਼ ਕਰੂ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮਾ ਕਰੂ ਪਰ ਤੂੜੀ ਨੂੰ ਉਸ ਅਗਨ ਵਿੱਚ ਸਾੜੇਗਾ ਜਿਹੜੀ ਬੁੱਝਣ ਵਾਲੀ ਨਹੀਂ।
13 ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਯੂਹੰਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ।
14 ਪਰ ਯੂਹੰਨਾ ਨੇ ਇਹ ਕਹਿ ਕੇ ਉਸ ਨੂੰ ਰੋਕਿਆ ਭਈ ਮੈਨੂੰ ਤਾਂ ਤੈਥੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈਂ ?
15 ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਹੋਣ ਦਿਹ ਕਿਉਂਕਿ ਸਾਨੂੰ ਜੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰਾਂ ਪੂਰਾ ਕਰੀਏ। ਤਾਂ ਉਸ ਨੇ ਹੋਣ ਦਿੱਤਾ।
16 ਅਤੇ ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ।
17 ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।
ਕਾਂਡ 4

1 1 ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਭਈ ਸ਼ਤਾਨ ਕੋਲੋਂ ਪਰਤਾਇਆ ਜਾਵੇ।
2 ਅਤੇ ਜਾਂ ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਿਆ ਤਾਂ ਓੜਕ ਉਹ ਨੂੰ ਭੁੱਖ ਲੱਗੀ।
3 ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹ ਨੂੰ ਕਿਹਾ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਕਹੁ ਜੋ ਇਹ ਪੱਥਰ ਰੋਟੀਆਂ ਬਣ ਜਾਣ।
4 ਪਰ ਉਹ ਨੇ ਉੱਤਰ ਦਿੱਤਾ, ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।
5 ਫੇਰ ਸ਼ਤਾਨ ਉਹ ਨੂੰ ਪਵਿੱਤ੍ਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹ ਨੂੰ ਕਿਹਾ,
6 ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦਿਹ ਕਿਉਂ ਜੋ ਲਿਖਿਆ ਹੈ ਕਿ, ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।
7 ਯਿਸੂ ਨੇ ਉਸ ਨੂੰ ਆਖਿਆ, ਇਹ ਭੀ ਲਿਖਿਆ ਹੈ ਜੋ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ।
8 ਫੇਰ ਸ਼ਤਾਨ ਉਹ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ ਉਹ ਨੂੰ ਵਿਖਾਇਆ।
9 ਅਤੇ ਉਹ ਨੂੰ ਕਿਹਾ, ਜੇ ਤੂੰ ਨਿਉਂ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸੱਭੋ ਕੁਝ ਮੈਂ ਤੈਨੂੰ ਦੇ ਦਿਆਂਗਾ।
10 ਤਦੋਂ ਯਿਸੂ ਨੇ ਉਸ ਨੂੰ ਕਿਹਾ, ਹੇ ਸ਼ਤਾਨ ਚੱਲਿਆ ਜਾਹ ! ਕਿਉਂ ਜੋ ਲਿਖਿਆ ਹੈ ਭਈ ਤੂੰ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।
11 ਤਦ ਸ਼ਤਾਨ ਉਹ ਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹ ਦੀ ਟਹਿਲ ਕਰਨ ਲੱਗੇ।
12 ਜਾਂ ਉਹ ਨੇ ਸੁਣਿਆ ਕਿ ਯੂਹੰਨਾ ਫੜਿਆ ਗਿਆ ਤਾਂ ਉਹ ਗਲੀਲ ਨੂੰ ਤੁਰ ਪਿਆ।
13 ਅਤੇ ਨਾਸਰਤ ਨੂੰ ਛੱਡ ਕੇ ਕਫ਼ਰਨਾਹੂਮ ਵਿੱਚ ਜਾ ਰਿਹਾ ਜਿਹੜਾ ਝੀਲ ਦੇ ਕੰਢੇ ਜ਼ਬੂਲੁਨ ਅਤੇ ਨਫ਼ਥਾਲੀ ਦੇ ਬੰਨਿਆਂ ਵਿੱਚ ਹੈ।
14 ਭਈ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ ਕਿ,
15 ਜ਼ਬੂਲੁਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ, ਸਮੁੰਦਰ ਦੀ ਰਾਹ ਯਰਦਨੋਂ ਪਾਰ, ਪਰਾਈਆਂ ਕੌਮਾਂ ਦੀ ਗਲੀਲ—
16 ਜਿਹੜੇ ਲੋਕ ਅਨ੍ਹੇਰੇ ਵਿੱਚ ਬੈਠੇ ਹੋਏ ਸਨ, ਉਨ੍ਹਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਦੇਸ ਅਤੇ ਛਾਇਆ ਵਿੱਚ ਬੈਠੇ ਹੋਏ ਸਨ, ਉਨ੍ਹਾਂ ਲਈ ਚਾਨਣ ਪਰਕਾਸ਼ ਹੋਇਆ।
17 ਉਸੇ ਵੇਲਿਓਂ ਯਿਸੂ ਪਰਚਾਰ ਕਰਨ ਅਤੇ ਕਹਿਣ ਲੱਗਾ ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।
18 ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆਂ ਉਸ ਨੇ ਦੋ ਭਰਾਵਾਂ ਅਰਥਾਤ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ ਕਿਉਂ ਜੋ ਉਹ ਮਾਛੀ ਸਨ।
19 ਅਤੇ ਉਨ੍ਹਾਂ ਨੂੰ ਕਿਹਾ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।
20 ਅਤੇ ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।
21 ਅਰ ਉੱਥੋਂ ਅੱਗੇ ਵਧ ਕੇ ਉਹ ਨੇ ਹੋਰ ਦੋ ਭਰਾਵਾਂ ਅਰਥਾਤ ਜ਼ਬਦੀ ਦੇ ਪੁੱਤ੍ਰ ਯਾਕੂਬ ਨੂੰ ਅਤੇ ਉਹ ਦੇ ਭਾਈ ਯੂਹੰਨਾ ਨੂੰ ਵੇਖਿਆ ਜਿਹੜੇ ਆਪਣੇ ਪਿਉ ਦੇ ਨਾਲ ਬੇੜੀ ਉੱਤੇ ਆਪਣਿਆਂ ਜਾਲਾਂ ਨੂੰ ਸੁਧਾਰਦੇ ਸਨ ਅਰ ਉਨ੍ਹਾਂ ਨੂੰ ਸੱਦਿਆ।
22 ਤਾਂ ਓਹ ਝੱਟ ਬੇੜੀ ਨੂੰ ਅਤੇ ਆਪਣੇ ਪਿਉ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।
23 ਯਿਸੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।
24 ਅਰ ਸਾਰੇ ਸੁਰੀਆ ਦੇਸ ਵਿੱਚ ਉਹ ਦੀ ਧੁੰਮ ਪੈ ਗਈ ਅਤੇ ਉਨ੍ਹਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪਰਕਾਰ ਦੇ ਰੋਗਾਂ ਅਤੇ ਦੁਖਾਂ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਮਿਰਗੀ ਵਾਲਿਆਂ ਅਤੇ ਅਧਰੰਗੀਆਂ ਨੂੰ ਉਹ ਦੇ ਕੋਲ ਲਿਆਏ ਅਰ ਉਸ ਨੇ ਉਨ੍ਹਾਂ ਨੂੰ ਚੰਗੇ ਕੀਤਾ।
25 ਅਤੇ ਵੱਡੀਆਂ ਭੀੜਾਂ ਗਲੀਲ ਅਤੇ ਦਿਕਾਪੁਲਿਸ ਅਤੇ ਯਰੂਸ਼ਲਮ ਅਤੇ ਯਹੂਦਿਯਾ ਅਤੇ ਯਰਦਨ ਦੇ ਪਾਰੋਂ ਉਹ ਦੇ ਮਗਰ ਲੱਗ ਪਈਆਂ।
ਕਾਂਡ 5

1 1 ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ੍ਹ ਗਿਆ ਅਰ ਜਦ ਬੈਠਾ ਤਦ ਉਹ ਦੇ ਚੇਲੇ ਉਹ ਦੇ ਕੋਲ ਆਏ।
2 ਅਤੇ ਉਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਨ੍ਹਾਂ ਨੂੰ ਇਹ ਉਪਦੇਸ਼ ਦੇਣ ਲੱਗਾ—
3 ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।
4 ਧੰਨ ਓਹ ਜਿਹੜੇ ਸੋਗ ਕਰਦੇ ਹਨ ਕਿਉਂ ਜੋ ਓਹ ਸ਼ਾਂਤ ਕੀਤੇ ਜਾਣਗੇ।
5 ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓੁਹ ਧਰਤੀ ਦੇ ਵਾਰਸ ਹੋਣਗੇ।
6 ਧੰਨ ਓਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਓਹ ਰਜਾਏ ਜਾਣਗੇ।
7 ਧੰਨ ਓਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।
8 ਧੰਨ ਓਹ ਜਿਹੜੇ ਸ਼ੁੱਧਮਨ ਹਨ ਕਿਉਂ ਜੋ ਓੁਹ ਪਰਮੇਸ਼ੁਰ ਨੂੰ ਵੇਖਣਗੇ।
9 ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।
10 ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।
11 ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ।
12 ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰਾਂ ਸਤਾਇਆ ਸੀ।
13 ਤੁਸੀਂ ਧਰਤੀ ਦੇ ਲੂਣ ਹੋ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਿਸ ਬਿਧ ਸਲੂਣਾ ਕੀਤਾ ਜਾਵੇਗਾ ? ਉਹ ਫੇਰ ਕਿਸੇ ਕੰਮ ਦਾ ਨਹੀਂ ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ।
14 ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ।
15 ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ ਤਾਂ ਉਹ ਸੱਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ।
16 ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।
17 ਇਹ ਨਾ ਸਮਝੋ ਭਈ ਮੈਂ ਤੁਰੇਤ ਯਾ ਨਬੀਆਂ ਨੂੰ ਖੰਡਣ ਆਇਆ ਹਾਂ। ਮੈਂ ਖੰਡਣ ਨਹੀਂ ਸਗੋਂ ਪੂਰਿਆਂ ਕਰਨ ਨੂੰ ਆਇਆ ਹਾਂ।
18 ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਿੰਨਾ ਚਿਰ ਅਕਾਸ਼ ਅਤੇ ਧਰਤੀ ਟਲ ਨਾ ਜਾਣ ਇੱਕ ਅੱਖਰ ਯਾ ਇੱਕ ਬਿੰਦੀ ਵੀ ਤੁਰੇਤ ਦੀ ਨਾ ਟਲੇਗੀ ਜਦ ਤੀਕ ਸਭ ਕੁਝ ਪੂਰਾ ਨਾ ਹੋਵੇ।
19 ਸੋ ਜੇ ਕੋਈ ਇਨ੍ਹਾਂ ਸਭਨਾਂ ਤੋਂ ਛੋਟਿਆਂ ਹੁਕਮਾਂ ਵਿੱਚੋਂ ਇੱਕ ਨੂੰ ਵੀ ਟਾਲ ਦੇਵੇ ਅਤੇ ਇਸੇ ਤਰਾਂ ਮਨੁੱਖਾਂ ਨੂੰ ਸਿਖਲਾਵੇ ਸੋ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਛੋਟਾ ਕਹਾਵੇਗਾ ਪਰ ਜਿਹੜਾ ਉਨ੍ਹਾਂ ਦੀ ਪਾਲਨਾ ਕਰੇ ਅਤੇ ਸਿਖਲਾਵੇ ਉਹ ਸੁਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ।
20 ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸੁਰਗ ਦੇ ਰਾਜ ਵਿੱਚ ਕਿਸੇ ਬਿਧ ਨਾ ਵੜੋਗੇ।
21 ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ ਅਤੇ ਜੇ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ।
22 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ ਮੂਰਖਾ ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ।
23 ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ।
24 ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।
25 ਜਿੰਨਾ ਚਿਰ ਤੂੰ ਆਪਣੇ ਮੁਦਈ ਨਾਲ ਰਸਤੇ ਵਿੱਚ ਹੈਂ ਛੇਤੀ ਉਹ ਦੇ ਨਾਲ ਮਿਲਾਪ ਕਰ ਮਤੇ ਮੁਦਈ ਤੈਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ।
26 ਮੈਂ ਤੈਨੂੰ ਸਤ ਆਖਦਾ ਹਾਂ ਭਈ ਜਿੰਨਾ ਚਿਰ ਤੂੰ ਕੌਡੀ ਕੌਡੀ ਨਾ ਭਰ ਦੇਵੇਂ ਉੱਥੋਂ ਕਿਸੇ ਬਿਧ ਨਾ ਛੁੱਟੇਂਗਾ।
27 ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ।
28 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।
29 ਅਰ ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ।
30 ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਜਾਵੇ।
31 ਅਤੇ ਇਹ ਵੀ ਕਿਹਾ ਗਿਆ ਸੀ ਭਈ ਜਿਹੜਾ ਆਪਣੀ ਤੀਵੀਂ ਨੂੰ ਤਿਆਗੇ ਉਹ ਉਸ ਨੂੰ ਤਿਆਗ ਪੱਤਰੀ ਲਿਖ ਦੇਵੇ।
32 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਜਿਹੜਾ ਆਪਣੀ ਤੀਵੀਂ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬੱਬ ਨਾਲ ਤਿਆਗੇ ਉਹ ਉਸ ਕੋਲੋਂ ਜ਼ਨਾਹ ਕਰਾਉਂਦਾ ਹੈ ਅਤੇ ਜੇ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜ਼ਨਾਹ ਕਰਦਾ ਹੈ।
33 ਫੇਰ ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਭਈ ਤੂੰ ਝੂਠੀ ਸੌਂਹ ਨਾ ਖਾਹ ਪਰ ਪ੍ਰਭੁ ਦੇ ਲਈ ਆਪਣੀਆਂ ਸੌਂਹਾਂ ਪੂਰੀਆਂ ਕਰ।
34 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਕਦੇ ਵੀ ਸੌਂਹ ਨਾ ਖਾਣੀ, ਨਾ ਅਕਾਸ਼ ਦੀ ਇਸ ਲਈ ਜੋ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ।
35 ਅਤੇ ਨਾ ਧਰਤੀ ਦੀ ਇਸ ਲਈ ਜੋ ਉਹ ਉਸ ਦੇ ਚਰਨਾਂ ਦੀ ਚੌਂਕੀ ਹੈ ਅਤੇ ਨਾ ਯਰੂਸ਼ਲਮ ਦੀ ਇਸ ਲਈ ਜੋ ਉਹ ਮਹਾਰਾਜ ਦਾ ਸ਼ਹਿਰ ਹੈ।
36 ਅਤੇ ਨਾ ਆਪਣੇ ਸਿਰ ਦੀ ਸੌਂਹ ਖਾਹ ਕਿਉਂ ਜੋ ਤੂੰ ਇੱਕ ਵਾਲ ਨੂੰ ਧੌਲਾ ਯਾ ਕਾਲਾ ਨਹੀਂ ਕਰ ਸੱਕਦਾ।
37 ਪਰ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਅਰ ਜੋ ਇਨ੍ਹਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ।
38 ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।
39 ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ ਸਗੋਂ ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਈ ਵੀ ਉਹ ਦੀ ਵੱਲ ਭੁਆ ਦਿਹ।
40 ਅਤੇ ਜਿਹੜਾ ਤੇਰੇ ਉੱਤੇ ਨਾਲਸ਼ ਕਰ ਕੇ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਹ ਨੂੰ ਚਾਦਰ ਵੀ ਲੈਣ ਦਿਹ।
41 ਅਤੇ ਜੇ ਕੋਈ ਤੈਨੂੰ ਇੱਕ ਕੋਹ ਵਿਗਾਰੇ ਲੈ ਜਾਵੇ ਤਾਂ ਉਹ ਦੇ ਨਾਲ ਦੋ ਕੋਹ ਚੱਲਿਆ ਜਾਹ।
42 ਜਿਹੜਾ ਤੈਥੋਂ ਮੰਗੇ ਉਹ ਨੂੰ ਦਿਹ ਅਤੇ ਜੋ ਤੇਰੇ ਕੋਲੋਂ ਉਧਾਰ ਮੰਗੇ ਉਸ ਤੋਂ ਮੂੰਹ ਨਾ ਮੋੜ।
43 ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ।
44 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।
45 ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।
46 ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ ?ਭਲਾ, ਮਸੂਲੀਏ ਭੀ ਇਹੋ ਨਹੀਂ ਕਰਦੇ?
47 ਅਤੇ ਜੇਕਰ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਪਰਨਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਭਲਾ, ਪਰਾਈ ਕੌਮ ਦੇ ਲੋਕ ਭੀ ਇਹੋ ਨਹੀਂ ਕਰਦੇ? 48 ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।
ਕਾਂਡ 6

1 ਖ਼ਬਰਦਾਰ, ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਨ੍ਹਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸੁਰਗ ਵਿੱਚ ਹੈ ਤੁਹਾਡਾ ਕੁਝ ਫਲ ਨਹੀਂ।
2 ਸੋ ਜਦ ਤੂੰ ਦਾਨ ਕਰੇਂ ਆਪਣੇ ਮੁਹਰੇ ਤੁਰਹੀ ਨਾ ਬਜਵਾ ਜਿਸ ਪਰਕਾਰ ਕਪਟੀ ਸਮਾਜਾਂ ਅਤੇ ਰਸਤਿਆਂ ਵਿੱਚ ਕਰਦੇ ਹਨ ਭਈ ਲੋਕ ਉਨ੍ਹਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਓਹ ਆਪਣਾ ਫਲ ਪਾ ਚੁੱਕੇ।
3 ਪਰ ਜਾਂ ਤੂੰ ਦਾਨ ਕਰੇਂ ਤਾਂ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਹੈ ਤੇਰਾ ਖੱਬਾ ਹੱਥ ਨਾ ਜਾਣੇ।
4 ਭਈ ਤੇਰਾ ਦਾਨ ਗੁਪਤ ਵਿੱਚ ਹੋਵੇ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇ।
5 ਅਤੇ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਙੁ ਨਾ ਹੋ ਕਿਉਂ ਜੋ ਓਹ ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜੇ ਹੋਕੇ ਪ੍ਰਾਰਥਨਾ ਕਰਨੀ ਪਸਿੰਦ ਕਰਦੇ ਹਨ ਜੋ ਮਨੁੱਖ ਉਨ੍ਹਾਂ ਨੂੰ ਵੇਖਣ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਓਹ ਆਪਣਾ ਫਲ ਪਾ ਚੁੱਕੇ।
6 ਪਰ ਜਾਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ।
7 ਅਤੇ ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਬਕ ਬਕ ਨਾ ਕਰੋ ਕਿਉਂ ਜੋ ਓਹ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ।
8 ਸੋ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ।
9 ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, — ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ,
10 ਤੇਰਾ ਰਾਜ ਆਵੇ,ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।
11 ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ,
12 ਅਤੇ ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ,
13 ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ।
14 ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ।
15 ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।
16 ਅਤੇ ਜਾਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਙੁ ਮੂੰਹ ਉਦਾਸ ਨਾ ਬਣਾਓ ਕਿਉਂ ਜੋ ਓਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਭਈ ਓਹ ਮਨੁੱਖਾਂ ਨੂੰ ਵਰਤੀ ਮਲੂਮ ਹੋਣ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਓਹ ਆਪਣਾ ਫਲ ਪਾ ਚੁੱਕੇ।
17 ਪਰ ਜਾਂ ਤੂੰ ਵਰਤ ਰੱਖੇਂ ਤਾਂ ਆਪਣੇ ਸਿਰ ਉੱਤੇ ਤੇਲ ਲਾ ਅਤੇ ਆਪਣਾ ਮੂੰਹ ਧੋ।
18 ਤੂੰ ਮਨੁੱਖਾਂ ਨੂੰ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਵਰਤੀ ਮਲੂਮ ਹੋਵੇਂ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ।
19 ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ।
20 ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ।
21 ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ।
22 ਸਰੀਰ ਦਾ ਦੀਵਾ ਅੱਖ ਹੈ, ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ।
23 ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਅਨ੍ਹੇਰਾ ਹੋਵੇਗਾ। ਸੋ ਜੇ ਤੇਰੇ ਅੰਦਰ ਦਾ ਚਾਨਣ ਅਨ੍ਹੇਰਾ ਹੋਵੇ ਤਾਂ ਕਿੱਡਾ ਅਨ੍ਹੇਰਾ ਹੋਵੇਗਾ !
24 ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।
25 ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? ਭਲਾ, ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤ੍ਰ ਨਾਲੋਂ ਵਧੀਕ ਨਹੀਂ?
26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਹੀ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ ?
27 ਅਤੇ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ ?
28 ਅਤੇ ਬਸਤ੍ਰ ਲਈ ਕਾਹਨੂੰ ਚਿੰਤਾ ਕਰਦੇ ਹੋ ? ਜੰਗਲੀ ਸੋਸਨਾਂ ਨੂੰ ਵੇਖੋ ਜੋ ਓਹ ਕਿੱਕੁਰ ਵਧਦੇ ਹਨ। ਓਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ।
29 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ।
30 ਸੋ ਜਾਂ ਪਰਮੇਸ਼ੁਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜੀ ਪਰਤੀਤ ਵਾਲਿਓ ਭਲਾ, ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ?
31 ਸੋ ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ ? ਯਾ ਕੀ ਪੀਵਾਂਗੇ ? ਯਾ ਕੀ ਪਹਿਨਾਂਗੇ ?
32 ਪਰਾਈਆਂ ਕੌਮਾਂ ਦੇ ਲੋਕ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।
33 ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।
34 ਸੋ ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਹੀ ਦਾ ਦੁਖ ਬਥੇਰਾ ਹੈ।
ਕਾਂਡ 7

1 ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।
2 ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ।
3 ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ ?
4 ਅਥਵਾ ਕਿੱਕੁਰ ਤੂੰ ਆਪਣੇ ਭਾਈ ਨੂੰ ਆਖੇਂਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੁੱਟਾਂ ਅਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ !
5 ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਚੰਗੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਆਪਣੇ ਭਾਈ ਦੀ ਅੱਖੋਂ ਕੱਢ ਸੱਕੇਂਗਾ।
6 ਪਵਿੱਤ੍ਰ ਵਸਤ ਕੁੱਤਿਆਂ ਨੂੰ ਨਾ ਪਾਓ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਤੇ ਐਉਂ ਨਾ ਹੋਵੇ ਜੋ ਓਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਦੇਣ ਅਤੇ ਮੁੜ ਕੇ ਤੁਹਾਨੂੰ ਪਾੜਨ।
7 ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।
8 ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ।
9 ਯਾ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤ੍ਰ ਉਸ ਤੋਂ ਰੋਟੀ ਮੰਗੇ ਤਾਂ ਉਹ ਨੂੰ ਪੱਥਰ ਦੇਵੇ ?
10 ਅਤੇ ਜੇ ਮੱਛੀ ਮੰਗੇ ਤਾਂ ਉਹ ਨੂੰ ਸੱਪ ਦੇਵੇ ?
11 ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੀਕ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ !
12 ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ ਕਿਉਂ ਜੋ ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ।
13 ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ।
14 ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।
15 ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ।
16 ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। ਭਲਾ, ਕੰਡਿਆਲਿਆਂ ਤੋਂ ਦਾਖ ਯਾ ਊਂਟਕਟਾਰਿਆਂ ਤੋਂ ਹੰਜੀਰ ਤੋੜਦੇ ਹਨ?
17 ਇਸੇ ਪਰਕਾਰ ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ।
18 ਅੱਛਾ ਬਿਰਛ ਬੁਰਾ ਫਲ ਨਹੀਂ ਦੇ ਸੱਕਦਾ ਅਤੇ ਨਾ ਮਾੜਾ ਬਿਰਛ ਚੰਗਾ ਫਲ ਦੇ ਸੱਕਦਾ ਹੈ।
19 ਹਰੇਕ ਬਿਰਛ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
20 ਸੋ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।
21 ਨਾ ਹਰੇਕ ਜਿਹੜਾ ਮੈਨੂੰ ਪ੍ਰਭੁ ! ਪ੍ਰਭੁ ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।
22 ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ ! ਹੇ ਪ੍ਰਭੁ ! ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ? ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ ?
23 ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋ ਚੱਲੇ ਜਾਓ !
24 ਸੋ ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ।
25 ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹ ਦੀ ਨਿਉਂ ਪੱਥਰ ਉੱਤੇ ਧਰੀ ਹੋਈ ਸੀ।
26 ਅਤੇ ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹ ਨੇ ਆਪਣਾ ਘਰ ਰੇਤ ਉੱਤੇ ਬਣਾਇਆ।
27 ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹ ਦਾ ਵੱਡਾ ਨਾਸ ਹੋਇਆ।
28 ਅਤੇ ਐਉਂ ਹੋਇਆ ਕਿ ਜਾਂ ਯਿਸੂ ਏਹ ਗੱਲਾਂ ਕਰ ਹਟਿਆ ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।
29 ਕਿਉਂ ਜੋ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।
ਕਾਂਡ 8

1 ਜਾਂ ਉਹ ਪਹਾੜੋਂ ਉੱਤਰਿਆ ਤਾਂ ਵੱਡੀ ਭੀੜ ਉਹ ਦੇ ਮਗਰ ਲੱਗ ਪਈ।
2 ਅਤੇ ਵੇਖੋ ਇੱਕ ਕੋੜ੍ਹੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।
3 ਤਾਂ ਉਸ ਨੇ ਹੱਥ ਲੰਮਾ ਕਰਕੇ ਉਹ ਨੂੰ ਛੋਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ ਅਤੇ ਉਸੇ ਵੇਲੇ ਉਹ ਦਾ ਕੋੜ੍ਹ ਜਾਂਦਾ ਰਿਹਾ।
4 ਤਾਂ ਯਿਸੂ ਨੇ ਉਹ ਨੂੰ ਆਖਿਆ, ਖ਼ਬਰਦਾਰ ! ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣਾ ਆਪ ਜਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਭਈ ਉਨ੍ਹਾਂ ਲਈ ਸਾਖੀ ਹੋਵੇ।
5 ਜਾਂ ਉਹ ਕਫ਼ਰਨਾਹੂਮ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਹ ਦੀ ਮਿੰਨਤ ਕਰ ਕੇ ਕਿਹਾ,
6 ਪ੍ਰਭੁ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁਖੀ ਪਿਆ ਹੈ।
7 ਅਤੇ ਉਸ ਨੇ ਆਖਿਆ, ਮੈਂ ਆਣ ਕੇ ਉਹ ਨੂੰ ਚੰਗਾ ਕਰ ਦਿਆਂਗਾ।
8 ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੁ ਜੀ ਮੈਂ ਇਸ ਜੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇਂ ਪਰ ਨਿਰਾ ਬਚਨ ਹੀ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਊ।
9 ਕਿਉਂ ਜੋ ਮੈਂ ਭੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖ਼ਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਹਾਂ, ਜਾਹ ! ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ, ਆ ! ਤਾਂ ਉਹ ਆਉਂਦਾ ਹੈ ਅਰ ਆਪਣੇ ਚਾਕਰ ਨੂੰ, ਇਹ ਕਰ ! ਤਾਂ ਉਹ ਕਰਦਾ ਹੈ।
10 ਯਿਸੂ ਨੇ ਇਹ ਸੁਣ ਕੇ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹੜੇ ਮਗਰ ਮਗਰ ਆਉਂਦੇ ਸਨ ਕਿਹਾ ਭਈ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ !
11 ਅਰ ਮੈਂ ਤੁਹਾਨੂੰ ਆਖਦਾ ਹਾਂ ਜੋ ਬਥੇਰੇ ਚੜ੍ਹਦਿਓਂ ਅਤੇ ਲਹਿੰਦਿਓਂ ਆਉਣਗੇ ਅਤੇ ਸੁਰਗ ਦੇ ਰਾਜ ਵਿੱਚ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਬੈਠਣਗੇ।
12 ਪਰ ਰਾਜ ਦੇ ਪੁੱਤ੍ਰ ਬਾਹਰ ਦੇ ਅੰਧਘੋਰ ਵਿੱਚ ਕੱਢੇ ਜਾਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
13 ਤਾਂ ਯਿਸੂ ਨੇ ਸੂਬੇਦਾਰ ਨੂੰ ਕਿਹਾ, ਜਾਹ, ਜਿਹੀ ਤੈਂ ਨਿਹਚਾ ਕੀਤੀ ਤੇਰੇ ਲਈ ਤਿਹਾ ਹੀ ਹੋਵੇ ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ।
14 ਯਿਸੂ ਨੇ ਪਤਰਸ ਦੇ ਘਰ ਵਿੱਚ ਆਣ ਕੇ ਉਹ ਦੀ ਸੱਸ ਨੂੰ ਤਾਪ ਨਾਲ ਪਈ ਹੋਈ ਵੇਖਿਆ।
15 ਅਤੇ ਉਸ ਨੇ ਉਹ ਦਾ ਹੱਥ ਛੋਹਿਆ ਅਤੇ ਉਹ ਦਾ ਤਾਪ ਲਹਿ ਗਿਆ ਅਰ ਉਹ ਨੇ ਉੱਠ ਕੇ ਉਸ ਦੀ ਖ਼ਾਤਰ ਕੀਤੀ।
16 ਅਤੇ ਜਾਂ ਸੰਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਿਆਂ ਕੀਤਾ।
17 ਤਾਂ ਜੋ ਯਸਾਯਾਹ ਨਬੀ ਦਾ ਉਹ ਵਾਕ ਪੂਰਾ ਹੋਵੇ ਭਈ ਉਹ ਨੇ ਆਪੇ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।
18 ਤਦ ਯਿਸੂ ਨੇ ਬਹੁਤ ਭੀੜ ਆਪਣੇ ਚੁਫੇਰੇ ਵੇਖ ਕੇ ਪਾਰ ਚੱਲਣ ਦੀ ਆਗਿਆ ਦਿੱਤੀ।
19 ਅਤੇ ਇੱਕ ਗ੍ਰੰਥੀ ਨੇ ਕੋਲ ਆਣ ਕੇ ਉਹ ਨੂੰ ਕਿਹਾ, ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲਾਂਗਾ।
20 ਅਤੇ ਯਿਸੂ ਨੇ ਉਹ ਨੂੰ ਆਖਿਆ ਭਈ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।
21 ਅਰ ਚੇਲਿਆਂ ਵਿੱਚੋਂ ਹੋਰ ਦੂਏ ਨੇ ਉਹ ਨੂੰ ਆਖਿਆ, ਪ੍ਰਭੁ ਜੀ ਮੈਨੂੰ ਪਰਵਾਨਗੀ ਦਿਹ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ।
22 ਪਰ ਯਿਸੂ ਨੇ ਉਹ ਨੂੰ ਕਿਹਾ, ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਹ।
23 ਜਾਂ ਉਹ ਬੇੜੀ ਉੱਤੇ ਚੜ੍ਹਿਆ ਉਹ ਦੇ ਚੇਲੇ ਉਹ ਦੇ ਮਗਰ ਆਏ।
24 ਅਰ ਵੇਖੋ ਝੀਲ ਵਿੱਚ ਐਡਾ ਤੁਫ਼ਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਲੁਕਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ।
25 ਅਤੇ ਉਨ੍ਹਾਂ ਨੇ ਕੋਲ ਆਣ ਕੇ ਉਹ ਨੂੰ ਜਗਾਇਆ ਅਤੇ ਕਿਹਾ, ਪ੍ਰਭੁ ਜੀ ਬਚਾ ! ਅਸੀਂ ਤਾਂ ਮਰ ਚੱਲੇ ਹਾਂ !
26 ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਹੇ ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ ? ਤਦ ਉਹ ਨੇ ਉੱਠ ਕੇ ਪੌਣ ਅਤੇ ਝੀਲ ਨੂੰ ਦਬਕਾ ਦਿੱਤਾ ਅਤੇ ਵੱਡਾ ਚੈਨ ਹੋ ਗਿਆ।
27 ਤਾਂ ਓਹ ਮਨੁੱਖ ਹੈਰਾਨ ਹੋ ਕੇ ਬੋਲੇ ਜੋ ਇਹ ਕਿਹੋ ਜਿਹਾ ਪੁਰਖ ਹੈ ਕਿ ਪੌਣ ਅਤੇ ਝੀਲ ਭੀ ਉਹ ਦੀ ਮੰਨ ਲੈਂਦੇ ਹਨ ?
28 ਜਾਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਮਿਲੇ ਅਤੇ ਓਹ ਐਡੇ ਕਰੜੇ ਸਨ ਜੋ ਉਸ ਰਸਤੇ ਕੋਈ ਲੰਘ ਨਹੀਂ ਸੀ ਸੱਕਦਾ।
29 ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤ੍ਰ ਤੇਰਾ ਸਾਡੇ ਨਾਲ ਕੀ ਕੰਮ ? ਕੀ ਤੂੰ ਵੇਲਿਓਂ ਪਹਿਲਾਂ ਸਾਨੂੰ ਦੁਖ ਦੇਣ ਐਥੇ ਆਇਆ ਹੈਂ ?
30 ਉਨ੍ਹਾਂ ਤੋਂ ਕੁਝ ਦੂਰ ਬਹੁਤ ਸਾਰਿਆਂ ਸੂਰਾਂ ਦਾ ਇੱਜੜ ਚੁਗਦਾ ਸੀ।
31 ਅਰ ਭੂਤਾਂ ਨੇ ਉਹ ਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘੱਲ ਦਿਹ।
32 ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ! ਤਾਂ ਓਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਢਾਹੇ ਉੱਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਮੋਇਆ।
33 ਤਦ ਚੁਗਾਉਣ ਵਾਲੇ ਨੱਠੇ ਅਤੇ ਨਗਰ ਵਿੱਚ ਜਾ ਕੇ ਸਾਰੀ ਵਾਰਤਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ।
34 ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਨ ਨੂੰ ਨਿੱਕਲਿਆ ਅਰ ਜਾਂ ਉਹ ਨੂੰ ਵੇਖਿਆ ਤਾਂ ਉਹਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ।
ਕਾਂਡ 9

1 ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਰ ਆਪਣੇ ਨਗਰ ਵਿੱਚ ਆਇਆ।
2 ਅਤੇ ਵੇਖੋ ਇੱਕ ਮੰਜੀ ਉੱਤੇ ਪਏ ਹੋਏ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤ੍ਰ ਹੌਂਸਲਾ ਰੱਖ ! ਤੇਰੇ ਪਾਪ ਮਾਫ਼ ਹੋਏ।
3 ਅਤੇ ਵੇਖੋ ਕਈਆਂ ਗ੍ਰੰਥੀਆਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਕੁਫ਼ਰ ਬਕਦਾ ਹੈ।
4 ਤਾਂ ਯਿਸੂ ਨੇ ਉਨ੍ਹਾਂ ਦੀ ਸੋਚ ਵਿਚਾਰ ਮਲੂਮ ਕਰ ਕੇ ਆਖਿਆ, ਤੁਸੀਂ ਕਾਹਨੂੰ ਆਪਣੇ ਮਨ ਵਿੱਚ ਬੁਰੇ ਵਿਚਾਰ ਕਰਦੇ ਹੋ?
5 ਭਲਾ, ਕਿਹੜੀ ਗੱਲ ਸੁਖਾਲੀ ਹੈ, ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਭਈ ਉੱਠ ਅਤੇ ਤੁਰ ?
6 ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਤਦ ਉਸ ਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ।
7 ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ।
8 ਅਤੇ ਭੀੜ ਇਹ ਵੇਖ ਕੇ ਡਰ ਗਈ ਅਰ ਪਰਮੇਸ਼ੁਰ ਦੀ ਵਡਿਆਈ ਕੀਤੀ ਜੋ ਉਹ ਨੇ ਮਨੁੱਖਾਂ ਨੂੰ ਐੱਨਾ ਇਖ਼ਤਿਆਰ ਦਿੱਤਾ।
9 ਯਿਸੂ ਨੇ ਉੱਥੋਂ ਅੱਗੇ ਵੱਧ ਕੇ ਮੱਤੀ ਨਾਮੇ ਇੱਕ ਮਨੁੱਖ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਰ ਉਹ ਨੂੰ ਕਿਹਾ ਭਈ ਮੇਰੇ ਮਗਰ ਹੋ ਤੁਰ, ਅਤੇ ਉਹ ਉੱਠ ਕੇ ਉਹ ਦੇ ਮਗਰ ਹੋ ਤੁਰਿਆ।
10 ਤਾਂ ਐਉਂ ਹੋਇਆ ਕਿ ਜਾਂ ਉਹ ਘਰ ਵਿੱਚ ਰੋਟੀ ਖਾਣ ਬੈਠਾ ਸੀ ਤਾਂ ਵੇਖੋ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਆਣ ਕੇ ਯਿਸੂ ਅਰ ਉਹ ਦੇ ਚੇਲਿਆਂ ਨਾਲ ਬੈਠ ਗਏ।
11 ਅਤੇ ਫ਼ਰੀਸੀਆਂ ਨੇ ਇਹ ਵੇਖ ਕੇ ਉਹ ਦੇ ਚੇਲਿਆਂ ਨੂੰ ਆਖਿਆ, ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ ?
12 ਪਰ ਉਹ ਨੇ ਇਹ ਸੁਣ ਕੇ ਕਿਹਾ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ।
13 ਪਰ ਤੁਸੀਂ ਜਾ ਕੇ ਇਹ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।
14 ਤਦ ਯੂਹੰਨਾ ਦੇ ਚੇਲਿਆਂ ਨੇ ਉਹ ਦੇ ਕੋਲ ਆਣ ਕੇ ਕਿਹਾ ਜੋ ਇਹ ਦਾ ਕੀ ਕਾਰਨ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ ?
15 ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਿੰਨਾ ਚਿਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ, ਓਹ ਸੋਗ ਕਰ ਸੱਕਦੇ ਹਨ ? ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ ਤਦ ਓਹ ਵਰਤ ਰੱਖਣਗੇ।
16 ਪੁਰਾਣੇ ਕੱਪੜੇ ਨੂੰ ਕੋਰੇ ਦੀ ਟਾਕੀ ਕੋਈ ਨਹੀਂ ਲਾਉਂਦਾ ਕਿਉਂ ਜੋ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਤੋਂ ਕੁਝ ਖਿੱਚ ਲੈਂਦੀ ਹੈ ਅਤੇ ਉਹ ਲੰਗਾਰ ਵਧ ਜਾਂਦਾ ਹੈ।
17 ਅਤੇ ਨਾ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਅਤੇ ਮੈ ਵਗ ਜਾਂਦੀ ਅਤੇ ਮਸ਼ਕਾਂ ਦਾ ਨਾਸ ਹੋ ਜਾਂਦਾ ਹੈ। ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ ਸੋ ਓਹ ਦੋਵੇਂ ਬਚ ਰਹਿੰਦੀਆਂ ਹਨ।
18 ਜਦ ਉਹ ਉਨ੍ਹਾਂ ਨੂੰ ਏਹ ਗੱਲਾਂ ਕਹਿ ਰਿਹਾ ਸੀ ਵੇਖੋ ਇੱਕ ਸਰਦਾਰ ਨੇ ਆਣ ਕੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, ਮੇਰੀ ਬੇਟੀ ਹੁਣੇ ਮਰੀ ਹੈ ਪਰ ਤੂੰ ਆਣ ਕੇ ਆਪਣਾ ਹੱਥ ਉਸ ਉੱਤੇ ਰੱਖ ਤਾਂ ਉਹ ਜੀ ਪਵੇਗੀ।
19 ਫੇਰ ਯਿਸੂ ਉੱਠ ਕੇ ਆਪਣੇ ਚੇਲਿਆਂ ਸਣੇ ਉਹ ਦੇ ਮਗਰ ਤੁਰ ਪਿਆ।
20 ਅਰ ਵੇਖੋ ਇੱਕ ਜਨਾਨੀ ਨੇ ਜਿਹ ਦੇ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ ਪਿਛੋਂ ਦੀ ਆਣ ਕੇ ਉਹ ਦੇ ਕੱਪੜੇ ਦਾ ਪੱਲਾ ਛੋਹਿਆ।
21 ਕਿਉਂ ਜੋ ਉਹ ਆਪਣੇ ਜੀ ਵਿੱਚ ਆਖਦੀ ਸੀ ਭਈ ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਛੋਹ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ।
22 ਤਦ ਯਿਸੂ ਨੇ ਪਿਛਾਹਾਂ ਮੁੜ ਕੇ ਅਤੇ ਉਹ ਨੂੰ ਵੇਖ ਕੇ ਆਖਿਆ, ਬੇਟੀ ਹੌਸਲਾ ਰੱਖ ! ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ। ਉਹ ਜਨਾਨੀ ਉਸੇ ਘੜੀਓਂ ਚੰਗੀ ਹੋ ਗਈ।
23 ਤਾਂ ਯਿਸੂ ਸਰਦਾਰ ਦੇ ਘਰ ਗਿਆ ਅਤੇ ਬੌਂਸਰੀ ਬਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲਾ ਪਾਉਂਦੀ ਵੇਖ ਕੇ ਆਖਿਆ।
24 ਲਾਂਭੇ ਹੋਵੋ ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ ਪਰ ਓਹ ਉਸ ਉੱਤੇ ਹੱਸੇ।
25 ਜਾਂ ਭੀੜ ਬਾਹਰ ਕੱਢੀ ਗਈ ਤਾਂ ਉਸ ਨੇ ਅੰਦਰ ਜਾ ਕੇ ਉਹ ਦਾ ਹੱਥ ਫੜਿਆ ਅਤੇ ਕੁੜੀ ਉੱਠੀ।
26 ਅਰ ਇਹ ਖ਼ਬਰ ਉਸ ਸਾਰੇ ਦੇਸ ਵਿੱਚ ਖਿੰਡ ਗਈ।
27 ਜਾਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨ੍ਹੇ ਉਹ ਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, ਹੇ ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ !
28 ਅਰ ਜਾਂ ਉਹ ਘਰ ਵਿੱਚ ਗਿਆ ਤਾਂ ਓਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਨਿਹਚਾ ਹੈ ਜੋ ਮੈਂ ਇਹ ਕੰਮ ਕਰ ਸੱਕਦਾ ਹਾਂ ? ਉਨ੍ਹਾਂ ਉਹ ਨੂੰ ਆਖਿਆ, ਹਾਂ, ਪ੍ਰਭੁ ਜੀ।
29 ਤਦ ਉਹ ਉਨ੍ਹਾਂ ਦੀਆਂ ਅੱਖੀਆਂ ਨੂੰ ਛੋਹ ਕੇ ਬੋਲਿਆ, ਜਿਹੀ ਤੁਹਾਡੀ ਨਿਹਚਾ ਹੈ ਤੁਹਾਡੇ ਲਈ ਤਿਹਾ ਹੀ ਹੋਵੇ।
30 ਅਤੇ ਉਨ੍ਹਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਤਾਂ ਯਿਸੂ ਨੇ ਤਗੀਦ ਨਾਲ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਕੋਈ ਨਾ ਜਾਣੇ!
31 ਪਰ ਉਨ੍ਹਾਂ ਨੇ ਨਿੱਕਲ ਕੇ ਉਸ ਸਾਰੇ ਦੇਸ ਵਿੱਚ ਉਹ ਦਾ ਜਸ ਖਿੰਡਾਇਆ।
32 ਫੇਰ ਉਨ੍ਹਾਂ ਦੇ ਬਾਹਰ ਨਿੱਕਲਦਿਆਂ ਹੀ ਵੇਖੋ ਇੱਕ ਗੁੰਗੇ ਨੂੰ ਜਿਹ ਨੂੰ ਭੂਤ ਚਿੰਬੜਿਆ ਹੋਇਆ ਸੀ ਉਹ ਦੇ ਕੋਲ ਲਿਆਏ।
33 ਅਤੇ ਜਦ ਭੂਤ ਕੱਢਿਆ ਗਿਆ ਤਦ ਗੁੰਗਾ ਬੋਲਣ ਲੱਗ ਪਿਆ ਅਤੇ ਭੀੜ ਅਚਰਜ ਮੰਨ ਕੇ ਆਖਣ ਲੱਗੀ ਭਈ ਇਸਰਾਏਲ ਵਿੱਚ ਇਸ ਪਰਕਾਰ ਕਦੀ ਨਹੀਂ ਵੇਖਿਆ !
34 ਪਰ ਫ਼ਰੀਸੀਆਂ ਨੇ ਕਿਹਾ, ਉਹ ਤਾਂ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ ।
35 ਯਿਸੂ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ।
36 ਅਤੇ ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।
37 ਤਦ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ, ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ।
38 ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।
ਕਾਂਡ 10

1 ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਇਖ਼ਤਿਆਰ ਦਿੱਤਾ ਜੋ ਭ੍ਰਿਸ਼ਟ ਆਤਮਿਆਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ।
2 ਬਾਰਾਂ ਰਸੂਲਾਂ ਦੇ ਨਾਉਂ ਏਹ ਹਨ। ਪਹਿਲਾਂ ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹ ਦਾ ਭਰਾ ਅੰਦ੍ਰਿਯਾਸ ਅਤੇ ਜ਼ਬਦੀ ਦਾ ਪੁੱਤ੍ਰ ਯਾਕੂਬ ਅਤੇ ਉਹ ਦਾ ਭਰਾ ਯੂਹੰਨਾ,
3 ਫ਼ਿਲਿੱਪੁਸ ਅਤੇ ਬਰਥੁਲਮਈ, ਥੋਮਾ ਅਤੇ ਮੱਤੀ ਮਸੂਲੀਆ, ਹਲਫ਼ਈ ਦਾ ਪੁੱਤ੍ਰ ਯਾਕੂਬ ਅਤੇ ਥੱਦਈ,
4 ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਉਹ ਨੂੰ ਫੜਵਾ ਵੀ ਦਿੱਤਾ।
5 ਇਨ੍ਹਾਂ ਬਾਰਾਂ ਨੂੰ ਯਿਸੂ ਨੇ ਘੱਲਿਆ ਅਤੇ ਉਨ੍ਹਾਂ ਨੂੰ ਇਹ ਆਗਿਆ ਦੇ ਕੇ ਕਿਹਾ—ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਨਗਰ ਵਿੱਚ ਨਾ ਵੜਨਾ।
6 ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ।
7 ਅਤੇ ਤੁਰਦੇ ਤੁਰਦੇ ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ।
8 ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਵਾਲੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।
9 ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਆਪਣੇ ਕਮਰ ਕੱਸੇ ਵਿੱਚ ਲਓ।
10 ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ।
11 ਅਤੇ ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ ਅਤੇ ਜਿਨ੍ਹਾਂ ਚਿਰ ਨਾ ਤੁਰੋ ਉੱਥੇ ਹੀ ਟਿਕੋ।
12 ਅਰ ਘਰ ਵਿੱਚ ਵੜਦਿਆਂ ਉਹ ਦੀ ਸੁਖ ਮੰਗੋ।
13 ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ।
14 ਅਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।
15 ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਨਿਆਉਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦੇ ਦੇਸ ਦਾ ਹਾਲ ਝੱਲਣ ਜੋਗ ਹੋਵੇਗਾ।
16 ਵੇਖੋ ਮੈਂ ਤੁਹਾਨੂੰ ਭੇਡਾਂ ਵਾਂਙੁ ਬਘਿਆੜਾਂ ਵਿੱਚ ਭੇਜਦਾ ਹਾਂ ਸੋ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ।
17 ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਓਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ।
18 ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ।
19 ਪਰ ਜਦ ਓਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿੱਕੁਰ ਯਾ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸਾਂ ਬੋਲਣੀ ਹੈ ਉਹ ਤੁਹਾਨੂੰ ਉਸੇ ਘੜੀ ਬਖ਼ਸ਼ੀ ਜਾਵੇਗੀ।
20 ਬੋਲਣ ਵਾਲੇ ਤੁਸੀਂ ਤਾਂ ਨਹੀਂ ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ।
21 ਅਰ ਭਾਈ ਭਾਈ ਨੂੰ ਅਤੇ ਪਿਉ ਪੁੱਤ੍ਰ ਨੂੰ ਮੌਤ ਲਈ ਫੜਵਾਏਗਾ ਅਤੇ ਬਾਲਕ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ।
22 ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।
23 ਪਰ ਜਦ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਦ ਦੂਏ ਨੂੰ ਭੱਜ ਜਾਓ ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਤੁਸੀਂ ਇਸਰਾਏਲ ਦਿਆਂ ਸਾਰਿਆਂ ਨਗਰਾਂ ਵਿੱਚ ਨਾ ਫਿਰ ਨਾ ਲਵੋਗੇ ਕਿ ਮਨੁੱਖ ਦਾ ਪੁੱਤ੍ਰ ਆ ਜਾਵੇ।
24 ਚੇਲਾ ਗੁਰੂ ਨਾਲੋਂ ਵੱਡਾ ਨਹੀਂ, ਨਾ ਚਾਕਰ ਆਪਣੇ ਮਾਲਕ ਨਾਲੋਂ।
25 ਐੱਨਾ ਬਹੁਤ ਹੈ ਜੋ ਚੇਲਾ ਆਪਣੇ ਗੁਰੂ ਜਿਹਾ ਅਤੇ ਚਾਕਰ ਆਪਣੇ ਮਾਲਕ ਜਿਹਾ ਹੋਵੇ। ਜਾਂ ਉਨ੍ਹਾਂ ਘਰ ਦੇ ਮਾਲਕ ਨੂੰ ਬਆਲਜ਼ਬੂਲ ਆਖਿਆ ਤਾਂ ਕਿੰਨਾ ਵਧੀਕ ਉਹ ਦੇ ਘਰ ਦਿਆਂ ਨੂੰ ਨਾ ਆਖਣਗੇ ?
26 ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ ਕਿਉਂਕਿ ਕੋਈ ਚੀਜ ਲੁਕੀ ਨਹੀਂ ਹੈ ਜਿਹੜੀ ਪਰਗਟ ਨਾ ਕੀਤੀ ਜਾਵੇਗੀ, ਨਾ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।
27 ਜੋ ਕੁਝ ਮੈਂ ਤੁਹਾਨੂੰ ਅਨ੍ਹੇਰੇ ਵਿੱਚ ਦੱਸਾਂ ਤੁਸੀਂ ਉਹ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹ ਦਾ ਪਰਚਾਰ ਕਰੋ।
28 ਅਰ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸੱਕਦਾ ਹੈ।
29 ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ।
30 ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ।
31 ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।
32 ਉਪਰੰਤ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸੁਰਗ ਵਿੱਚ ਹੈ ਉਹ ਦਾ ਇਕਰਾਰ ਕਰਾਂਗਾ।
33 ਪਰ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸੁਰਗ ਵਿੱਚ ਹੈ ਉਹ ਦਾ ਇਨਕਾਰ ਕਰਾਂਗਾ।
34 ਇਹ ਨਾ ਸਮਝੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ। ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ।
35 ਕਿਉਂ ਜੋ ਮੈਂ ਮਨੁੱਖ ਨੂੰ ਉਹ ਦੇ ਪਿਉ ਤੋਂ ਅਤੇ ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂੰਹ ਨੂੰ ਉਹ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ।
36 ਅਰ ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ।
37 ਜੋ ਕੋਈ ਪਿਉ ਯਾ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ ਅਤੇ ਜੋ ਕੋਈ ਪੁੱਤ੍ਰ ਯਾ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ।
38 ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਤੁਰੇ ਮੇਰੇ ਜੋਗ ਨਹੀਂ।
39 ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ ਉਹ ਉਸ ਨੂੰ ਗੁਆਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗੁਆਈ ਹੈ ਉਹ ਉਸ ਨੂੰ ਲੱਭ ਲਵੇਗਾ।
40 ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਘੱਲਣ ਵਾਲੇ ਨੂੰ ਕਬੂਲ ਕਰਦਾ ਹੈ।
41 ਜਿਹੜਾ ਨਬੀ ਦੇ ਨਾਉਂ ਉੱਤੇ ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਵੇਗਾ ਅਤੇ ਜਿਹੜਾ ਧਰਮੀ ਦੇ ਨਾਉਂ ਉੱਤੇ ਧਰਮੀ ਨੂੰ ਕਬੂਲ ਕਰੇ ਉਹ ਧਰਮੀ ਦਾ ਫਲ ਪਾਵੇਗਾ।
42 ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਚੇਲੇ ਦੇ ਨਾਉਂ ਉੱਤੇ ਨਿਰਾ ਇੱਕ ਕਟੋਰਾ ਠੰਢੇ ਪਾਣੀ ਦਾ ਪਿਆਵੇ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਾ ਗੁਆਵੇਗਾ।
ਕਾਂਡ 11

1 ਐਉਂ ਹੋਇਆ ਕਿ ਜਾਂ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਆਗਿਆ ਦੇ ਹਟਿਆ ਤਾਂ ਉੱਥੋਂ ਉਨ੍ਹਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪਰਚਾਰ ਕਰਨ ਚੱਲਿਆ ਗਿਆ।
2 ਯੂਹੰਨਾ ਨੇ ਕੈਦਖ਼ਾਨੇ ਵਿੱਚ ਮਸੀਹ ਦੇ ਕੰਮਾਂ ਨੂੰ ਸੁਣ ਕੇ ਆਪਣੇ ਚੇਲਿਆਂ ਦੀ ਰਾਹੀਂ ਉਹ ਨੂੰ ਆਖ ਘੱਲਿਆ।
3 ਭਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਯਾ ਅਸੀਂ ਕਿਸੇ ਹੋਰ ਨੂੰ ਉਡੀਕੀਏ ?
4 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਸੋ ਯੂਹੰਨਾ ਨੂੰ ਜਾ ਦੱਸਿਓ।
5 ਕਿ ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ।
6 ਅਤੇ ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ।
7 ਜਾਂ ਓਹ ਤੁਰ ਪਏ ਤਾਂ ਯਿਸੂ ਯੂਹੰਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ ਜੋ ਤੁਸੀਂ ਉਜਾੜ ਵਿੱਚ ਕੀ ਵੇਖਣ ਨਿੱਕਲੇ ਸਾਓ ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ ?
8 ਫੇਰ ਤੁਸੀਂ ਕੀ ਵੇਖਣ ਨਿੱਕਲੇ ਸਾਓ ? ਕੀ ਮਹੀਨ ਬਸਤ੍ਰ ਪਹਿਨੇ ਹੋਏ ਇੱਕ ਮਨੁੱਖ ਨੂੰ ? ਵੇਖੋ ਓਹ ਜਿਹੜੇ ਮਹੀਨ ਬਸਤ੍ਰ ਪਹਿਨਦੇ ਹਨ ਰਾਜਿਆਂ ਦੇ ਮਹਿਲਾਂ ਵਿੱਚ ਹਨ।
9 ਫੇਰ ਤੁਸੀਂ ਕਾਹਨੂੰ ਨਿੱਕਲੇ ਸਾਓ ? ਕੀ ਇੱਕ ਨਬੀ ਦੇ ਵੇਖਣ ਨੂੰ ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ।
10 ਇਹ ਉਹੋ ਹੈ ਜਿਹ ਦੇ ਹੱਕ ਵਿੱਚ ਲਿਖਿਆ ਹੋਇਆ ਹੈ ਕਿ ਵੇਖ ਮੈਂ ਆਪਣਾ ਦੂਤ ਤੇਰੇ ਅੱਗੇ ਘੱਲਦਾ ਹਾਂ, ਜਿਹੜਾ ਤੇਰੇ ਅੱਗੇ ਰਾਹ ਤਿਆਰ ਕਰੇਗਾ।
11 ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਤੀਵੀਆਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ ਪਰ ਜੋ ਸੁਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ।
12 ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ।
13 ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯੂਹੰਨਾ ਤੀਕਰ ਅਗੰਮ ਵਾਕ ਕਰਦੇ ਸਨ।
14 ਅਤੇ ਆਉਣ ਵਾਲਾ ਏਲੀਯਾਹ ਇਹੋ ਹੈ। ਚਾਹੋ ਤਾਂ ਮੰਨੋ।
15 ਜਿਹਦੇ ਸੁਣਨ ਦੇ ਕੰਨ ਹੋਣ ਸੋ ਸੁਣੇ।
16 ਪਰ ਮੈਂ ਇਸ ਪੀੜ੍ਹੀ ਦੇ ਲੋਕਾਂ ਨੂੰ ਕਿਹ ਦੇ ਵਰਗਾ ਦੱਸਾਂ? ਏਹ ਉਨ੍ਹਾਂ ਨੀਂਗਰਾਂ ਵਰਗੇ ਹਨ ਜਿਹੜੇ ਬਜਾਰਾਂ ਵਿੱਚ ਬੈਠੇ ਆਪਣੇ ਸਾਥੀਆਂ ਨੂੰ ਅਵਾਜ਼ ਮਾਰ ਕੇ ਆਖਦੇ ਹਨ,
17 ਅਸਾਂ ਤੁਹਾਡੇ ਲਈ ਬੌਂਸਰੀ ਵਜਾਈ, ਪਰ ਤੁਸੀਂ ਨਾ ਨੱਚੇ। ਅਸਾਂ ਸਿਆਪਾ ਕੀਤਾ, ਪਰ ਤੁਸੀਂ ਨਾ ਪਿੱਟੇ।
18 ਕਿਉਂ ਜੋ ਯੂਹੰਨਾ ਨਾ ਖਾਂਦਾ ਨਾ ਪੀਂਦਾ ਆਇਆ ਅਤੇ ਓਹ ਆਖਦੇ ਹਨ ਜੋ ਉਹ ਦੇ ਨਾਲ ਇੱਕ ਭੂਤ ਹੈ।
19 ਮਨੁੱਖ ਦਾ ਪੁੱਤ੍ਰ ਖਾਂਦਾ ਪੀਂਦਾ ਆਇਆ ਅਤੇ ਓਹ ਆਖਦੇ ਹਨ, ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਰ ਪਾਪੀਆਂ ਦਾ ਯਾਰ। ਸੋ ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਿਆ!
20 ਤਦ ਉਹ ਉਨ੍ਹਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਹ ਦੀਆਂ ਕਰਾਮਾਤਾਂ ਵਿਖਾਈਆਂ ਗਈਆਂ ਸਨ ਉਲਾਂਭਾ ਦੇਣ ਲੱਗਾ ਜੋ ਉਨ੍ਹਾਂ ਨੇ ਤੋਬਾ ਨਹੀਂ ਸੀ ਕੀਤੀ।
21 ਹਾਇ ਤੈਨੂੰ ਖ਼ੁਰਾਜ਼ੀਨ! ਹਾਇ ਤੈਨੂੰ ਬੈਤਸੈਦਾ! ਕਿਉਂਕਿ ਜਿਹੜੀਆਂ ਕਰਾਮਾਤਾਂ ਤੁਹਾਡੇ ਵਿੱਚ ਵਿਖਾਈਆਂ ਗਈਆਂ ਜੇ ਸੂਰ ਅਤੇ ਸੈਦਾ ਵਿੱਚ ਵਿਖਾਈਆਂ ਜਾਂਦੀਆਂ ਤਾਂ ਓਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੀ ਦੇ ਤੋਬਾ ਕਰ ਲੈਂਦੇ!
22 ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਨਿਆਉਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਝੱਲਣ ਜੋਗ ਹੋਵੇਗਾ।
23 ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੀਕਰ ਉੱਚਾ ਕੀਤਾ ਜਾਏਂਗਾ? ਤੂੰ ਸਗੋਂ ਪਤਾਲ ਤੋੜੀ ਉੱਤਰੇਂਗਾ ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇ ਓਹ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤਾਈਂ ਬਣਿਆ ਰਹਿੰਦਾ।
24 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਨਿਆਉਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ ਦਾ ਹਾਲ ਝੱਲਣ ਜੋਗ ਹੋਵੇਗਾ।
25 ਉਸ ਵੇਲੇ ਯਿਸੂ ਨੇ ਅੱਗੋਂ ਆਖਿਆ, ਹੇ ਪਿਤਾ ਅਕਾਸ਼ ਅਤੇ ਧਰਤੀ ਦੇ ਮਾਲਕ ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਅਤੇ ਉਨ੍ਹਾਂ ਨੂੰ ਨਿਆਣਿਆਂ ਉੱਤੇ ਪਰਗਟ ਕੀਤਾ।
26 ਹਾਂ, ਹੇ ਪਿਤਾ, ਕਿਉਂ ਜੋ ਤੈਨੂੰ ਇਹੋ ਚੰਗਾ ਲੱਗਾ।
27 ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਪੁੱਤ੍ਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ ਅਤੇ ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤ੍ਰ ਅਤੇ ਉਹ ਜਿਸ ਉੱਤੇ ਪੁੱਤ੍ਰ ਉਹ ਨੂੰ ਪਰਗਟ ਕਰਨਾ ਚਾਹੇ।
28 ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।
29 ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।
30 ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।
ਕਾਂਡ 12

1 ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ ਅਤੇ ਉਹ ਦੇ ਚੇਲੇ ਭੁੱਖੇ ਹੋਕੇ ਸਿੱਟੇ ਤੋੜ ਤੋੜ ਚੱਬਣ ਲੱਗੇ।
2 ਅਤੇ ਫ਼ਰੀਸੀਆਂ ਨੇ ਵੇਖ ਕੇ ਉਹ ਨੂੰ ਕਿਹਾ, ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ।
3 ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਭਲਾ, ਤੁਸਾਂ ਇਹ ਨਹੀਂ ਪੜ੍ਹਿਆ ਭਈ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ?
4 ਜੋ ਉਹ ਕਿੱਕੁਰ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਨੂੰ ਖਾਣੀਆਂ ਜੋਗ ਨਹੀਂ ਸਨ ਪਰ ਨਿਰੇ ਜਾਜਕਾਂ ਨੂੰ?
5 ਯਾ ਤੁਸਾਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਭਈ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ?
6 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਐਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ।
7 ਪਰ ਜੇ ਤੁਸੀਂ ਇਹ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ ਤਾਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ।
8 ਕਿਉਂ ਜੋ ਮਨੁੱਖ ਦਾ ਪੁੱਤ੍ਰ ਸਬਤ ਦੇ ਦਿਨ ਦਾ ਮਾਲਕ ਹੈ।
9 ਤਾਂ ਉੱਥੋ ਤੁਰ ਕੇ ਉਹ ਉਨ੍ਹਾਂ ਦੀ ਸਮਾਜ ਵਿੱਚ ਗਿਆ।
10 ਅਤੇ ਵੇਖੋ ਇੱਕ ਮਨੁੱਖ ਸੀ ਜਿਹ ਦਾ ਹੱਥ ਸੁੱਕਾ ਹੋਇਆ ਸੀ ਅਰ ਉਨ੍ਹਾਂ ਨੇ ਉਹ ਦੇ ਜੁਮੇ ਦੋਸ਼ ਲਾਉਣ ਲਈ ਇਹ ਕਹਿ ਕੇ ਉਸ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ?
11 ਉਹ ਨੇ ਉਨ੍ਹਾਂ ਨੂੰ ਕਿਹਾ ਭਈ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ ਕੇ ਨਾ ਕੱਢੇ?
12 ਸੋ ਮਨੁੱਖ ਭੇਡ ਨਾਲੋਂ ਕਿੰਨਾ ਹੀ ਉੱਤਮ ਹੈ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ।
13 ਤਦ ਉਹ ਨੇ ਉਸ ਮਨੁੱਖ ਨੂੰ ਆਖਿਆ, ਆਪਣਾ ਹੱਥ ਲੰਮਾ ਕਰ ਅਤੇ ਉਸ ਨੇ ਲੰਮਾ ਕੀਤਾ ਤਾਂ ਉਹ ਦੂਏ ਵਰਗਾ ਫੇਰ ਚੰਗਾ ਹੋ ਗਿਆ।
14 ਤਦ ਫ਼ਰੀਸੀਆਂ ਨੇ ਬਾਹਰ ਜਾ ਕੇ ਉਹ ਦੇ ਵਿਰੁੱਧ ਮਤਾ ਕੀਤਾ ਜੋ ਕਿਸ ਤਰਾਂ ਉਹ ਦਾ ਨਾਸ ਕਰੀਏ।
15 ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਲੱਗ ਤੁਰੇ ਅਰ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ।
16 ਅਤੇ ਉਨ੍ਹਾਂ ਨੂੰ ਤਗੀਦ ਕੀਤੀ ਜੋ ਮੈਨੂੰ ਉਜਾਗਰ ਨਾ ਕਰਨਾ।
17 ਤਾਂ ਜੋ ਉਹ ਵਾਕ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ:
18 ਵੇਖੋ ਮੇਰਾ ਸੇਵਕ ਜਿਹ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪਰਸਿੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ।
19 ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਂਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ।
20 ਉਹ ਲਿਤਾੜੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਧੁਖਦੀ ਹੋਈ ਸਣ ਨੂੰ ਬੁਝਾਵੇਗਾ, ਜਦ ਤੀਕ ਨਿਆਉਂ ਦੀ ਫਤਹ ਨਾ ਕਰਾ ਦੇਵੇ,
21 ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।
22 ਤਦ ਲੋਕ ਇੱਕ ਅੰਨ੍ਹਾ ਅਤੇ ਗੁੰਗਾ ਜਿਹ ਨੂੰ ਭੂਤ ਚਿੰਬੜਿਆ ਹੋਇਆ ਸੀ ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਜੋ ਗੁੰਗਾ ਬੋਲਣ ਵੇਖਣ ਲੱਗਾ।
23 ਅਤੇ ਸਾਰੇ ਲੋਕ ਅਚਰਜ ਹੋ ਕੇ ਬੋਲੇ, ਭਲਾ, ਇਹੋ ਦਾਊਦ ਦਾ ਪੁੱਤ੍ਰ ਨਹੀਂ ਹੈ?
24 ਪਰ ਫ਼ਰੀਸੀਆਂ ਨੇ ਸੁਣ ਕੇ ਕਿਹਾ ਜੋ ਇਹ ਭੂਤਾਂ ਦੇ ਸਰਦਾਰ ਬਆਲਜ਼ਬੂਲ ਦੀ ਸਹਾਇਤਾ ਬਿਨਾ ਭੂਤਾਂ ਨੂੰ ਨਹੀਂ ਕੱਢਦਾ।
25 ਪਰ ਉਸ ਨੇ ਉਨ੍ਹਾਂ ਦੀ ਸੋਚ ਵਿਚਾਰ ਜਾਣ ਕੇ ਉਨ੍ਹਾਂ ਨੂੰ ਆਖਿਆ ਭਈ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਅਥਵਾ ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ।
26 ਅਤੇ ਜੇ ਸ਼ਤਾਨ ਹੀ ਸ਼ਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ। ਫੇਰ ਉਹ ਦਾ ਰਾਜ ਕਿੱਕੁਰ ਕਾਇਮ ਰਹੇ?
27 ਅਰ ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤ੍ਰ ਕਿਹ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਉਂ ਕਰਨ ਵਾਲੇ ਓਹੋ ਹੋਣਗੇ।
28 ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ।
29 ਅਥਵਾ ਕੋਈ ਕਿਸੇ ਜੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਮਾਲ ਕਿੱਕੁਰ ਲੁੱਟ ਸੱਕਦਾ ਹੈ ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ? ਤਾਂ ਉਹ ਦਾ ਘਰ ਲੁੱਟੇਗਾ।
30 ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖਿੰਡਾਉਂਦਾ ਹੈ।
31 ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਜੋ ਹਰੇਕ ਪਾਪ ਅਤੇ ਕੁਫ਼ਰ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ ਪਰ ਉਹ ਕੁਫ਼ਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮਾਫ਼ ਨਹੀਂ ਕੀਤਾ ਜਾਵੇਗਾ।
32 ਅਤੇ ਜੋ ਕੋਈ ਮਨੁੱਖ ਦੇ ਪੁੱਤ੍ਰ ਦੇ ਵਿਰੁੱਧ ਗੱਲ ਕਰੇ ਉਹ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤ੍ਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸ ਨੂੰ ਨਾ ਇਸ ਜੁਗ ਵਿੱਚ ਨਾ ਆਉਣ ਵਾਲੇ ਜੁਗ ਵਿੱਚ ਮਾਫ਼ ਕੀਤਾ ਜਾਵੇਗਾ।
33 ਬਿਰਛ ਨੂੰ ਚੰਗਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਚੰਗਾ ਯਾ ਬਿਰਛ ਨੂੰ ਮਾੜਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਮਾੜਾ, ਕਿਉਂ ਜੋ ਬਿਰਛ ਆਪਣੇ ਫਲੋਂ ਹੀ ਪਛਾਣਿਆ ਜਾਂਦਾ ਹੈ।
34 ਹੇ ਸੱਪਾਂ ਦੇ ਬੱਚਿਓ! ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿੱਕੁਰ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।
35 ਭਲਾ ਮਨੁੱਖ ਭਲੇ ਖ਼ਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ।
36 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਉਂ ਦੇ ਦਿਨ ਉਹ ਦਾ ਹਿਸਾਬ ਦੇਣਗੇ।
37 ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਂਗਾ।
38 ਤਦ ਕਿੰਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਅੱਗੋਂ ਆਖਿਆ, ਗੁਰੂ ਜੀ ਅਸੀਂ ਤੈਥੋਂ ਕੋਈ ਨਿਸ਼ਾਨੀ ਵੇਖਣੀ ਚਾਹੁੰਦੇ ਹਾਂ।
39 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ ਪਰ ਯੂਨਾਹ ਨਬੀ ਦੀ ਨਿਸ਼ਾਨੀ ਬਿਨਾ ਕੋਈ ਹੋਰ ਨਿਸ਼ਾਨੀ ਉਨ੍ਹਾਂ ਨੂੰ ਨਾ ਦਿੱਤੀ ਜਾਵੇਗੀ।
40 ਕਿਉਂਕਿ ਜਿਸ ਤਰਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ।
41 ਨੀਨਵਾਹ ਦੇ ਲੋਕ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਐਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ।
42 ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਐਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।
43 ਪਰ ਜਾਂ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਭਾਲਦਾ ਫਿਰਦਾ ਹੈ ਪਰ ਨਹੀਂ ਲੱਭਦਾ।
44 ਤਦ ਉਹ ਆਖਦਾ ਹੈ ਭਈ ਮੈਂ ਆਪਣੇ ਘਰ ਜਿੱਥੋਂ ਨਿੱਕਲਿਆ ਸਾਂ ਮੁੜ ਜਾਵਾਂਗਾ ਅਤੇ ਆਣ ਕੇ ਉਹ ਨੂੰ ਵੇਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ।
45 ਤਦ ਉਹ ਜਾ ਕੇ ਹੋਰ ਸੱਤ ਆਤਮੇ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ ਅਤੇ ਓਹ ਅੰਦਰ ਵੜ ਕੇ ਉੱਥੇ ਵੱਸਦੇ ਹਨ। ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ।
46 ਉਹ ਅਜੇ ਲੋਕਾਂ ਨਾਲ ਗੱਲਾਂ ਪਿਆ ਕਰਦਾ ਸੀ ਕਿ ਵੇਖੋ ਉਹ ਦੀ ਮਾਤਾ ਅਤੇ ਭਰਾ ਬਾਹਰ ਖੜੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ।
47 ਤਦ ਕਿਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ। 48 ਪਰ ਉਹ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਮੇਰੇ ਭਰਾ? 49 ਅਤੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ। 50 ਕਿਉਂਕਿ ਜੋ ਕੋਈ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।
ਕਾਂਡ 13

1 ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ।
2 ਅਤੇ ਐਡੀ ਭੀੜ ਉਹ ਦੇ ਕੋਲ ਲੱਗ ਗਈ ਜੋ ਉਹ ਬੇੜੀ ਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ।
3 ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਕਿ ਵੇਖੋ ਇੱਕ ਬੀਜਣ ਵਾਲਾ ਬੀਜਣ ਨੂੰ ਨਿੱਕਲਿਆ।
4 ਅਤੇ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਕਿਰ ਪਿਆ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ।
5 ਅਤੇ ਕੁਝ ਪਥਰੇਲੀ ਜ਼ਮੀਨ ਵਿੱਚ ਕਿਰਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਰ ਡੂੰਘੀ ਮਿੱਟੀ ਨਾ ਮਿਲਨ ਕਰਕੇ ਉਹ ਛੇਤੀ ਉੱਗ ਪਿਆ।
6 ਪਰ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।
7 ਅਤੇ ਕੁਝ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਵਧ ਕੇ ਉਹ ਨੂੰ ਦਬਾ ਲਿਆ।
8 ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਅਤੇ ਫਲਿਆ ਕੁਝ ਸੌ ਗੁਣਾ ਕੁਝ ਸੱਠ ਗੁਣਾ ਅਤੇ ਕੁਝ ਤੀਹ ਗੁਣਾ।
9 ਜਿਹ ਦੇ ਕੰਨ ਹੋਣ ਸੋ ਸੁਣੇ।
10 ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹ ਨੂੰ ਕਿਹਾ, ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ ?
11 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।
12 ਕਿਉਂਕਿ ਜਿਹਦੇ ਕੋਲ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹ ਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ।
13 ਮੈਂ ਇਸ ਲਈ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਓਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ।
14 ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝਗੋ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁਝੋਗੇ ਨਾ,
15 ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਓਹ ਕੰਨਾਂ ਨਾਲ ਉੱਚਾ ਸੁਣਦੇ ਹਨ, ਏਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਓਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂ।
16 ਪਰ ਧੰਨ ਤੁਹਾਡੀਆਂ ਅੱਖੀਆਂ ਜੋ ਓਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਓਹ ਸੁਣਦੇ ਹਨ।
17 ਕਿਉਂਕਿ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਬਥੇਰੇ ਨਬੀ ਅਤੇ ਧਰਮੀ ਲੋਚਦੇ ਸਨ ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।
18 ਸੋ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ।
19 ਹਰ ਕੋਈ ਜੋ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ ਸੋ ਉਹ ਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਹੈ ਦੁਸ਼ਟ ਆਣ ਕੇ ਉਹ ਨੂੰ ਖੋਹ ਲੈਂਦਾ ਹੈ। ਇਹ ਉਹ ਹੈ ਜਿਹੜਾ ਪਹੇ ਵੱਲ ਬੀਜਿਆ ਗਿਆ ਸੀ।
20 ਅਤੇ ਜਿਹੜਾ ਪਥਰੇਲੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖ਼ੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ।
21 ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦਾ ਹੈ। ਤਾਂ ਵੀ ਥੋੜਾ ਚਿਰ ਰਹਿੰਦਾ ਹੈ ਪਰ ਜਾਂ ਬਚਨ ਦੇ ਕਾਰਨ ਦੁਖ ਯਾ ਜ਼ੁਲਮ ਹੁੰਦਾ ਤਾਂ ਉਹ ਝੱਟ ਠੋਕਰ ਖਾਂਦਾ ਹੈ।
22 ਅਤੇ ਜਿਹੜਾ ਕੰਡਿਆਲਿਆਂ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਅਫੱਲ ਰਹਿ ਜਾਂਦਾ ਹੈ।
23 ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜਰੂਰ ਫਲ ਦਿੰਦਾ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲਦਾ ਹੈ।
24 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਕਿਹਾ ਭਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਹ ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ।
25 ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ।
26 ਅਰ ਜਦ ਅੰਗੂਰੀ ਨਿੱਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ।
27 ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸਾਂ ਆਪਣੇ ਖੇਤ ਵਿੱਚ ਚੰਗਾ ਬੀ ਨਹੀਂ ਸੀ ਬੀਜਿਆ? ਫੇਰ ਜੰਗਲੀ ਬੂਟੀ ਕਿੱਥੋਂ ਆਈ?
28 ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਚਾਕਰਾਂ ਨੇ ਉਹ ਨੂੰ ਆਖਿਆ, ਜੇ ਮਰਜੀ ਹੋਵੇ ਤਾਂ ਅਸੀਂ ਜਾ ਕੇ ਉਹ ਨੂੰ ਇਕੱਠਾ ਕਰੀਏ?
29 ਪਰ ਉਹ ਨੇ ਕਿਹਾ, ਨਾ, ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ।
30 ਵਾਢੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਧਣ ਦਿਓ ਅਰ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨੋ· ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ।
31 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਭਈ ਸੁਰਗ ਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ ਜਿਹ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਖੇਤ ਵਿੱਚ ਬੀਜਿਆ।
32 ਉਹ ਤਾਂ ਸਭ ਬੀਆਂ ਨਾਲੋਂ ਛੋਟਾ ਹੈ ਪਰ ਜਦ ਉਗਦਾ ਹੈ ਤਾਂ ਸਬਜ਼ੀਆਂ ਨਾਲੋਂ ਵੱਡਾ ਹੁੰਦਾ ਹੈ ਅਤੇ ਰੁੱਖ ਜਿਹਾ ਹੋ ਜਾਂਦਾ ਹੈ ਕਿ ਅਕਾਸ਼ ਦੇ ਪੰਛੀ ਆਣ ਕੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ।
33 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਜੋ ਸੁਰਗ ਦਾ ਰਾਜ ਖ਼ਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਮਿਲਾਇਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।
34 ਏਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ।
35 ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ ਦੇ ਮੁੱਢੋਂ ਗੁਪਤ ਰਹੀਆਂ ਹਨ।
36 ਤਦ ਉਹ ਭੀੜ ਨੂੰ ਛੱਡ ਕੇ ਘਰ ਵਿੱਚ ਆਇਆ ਅਤੇ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ ਜੋ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਖੋਲ੍ਹ ਕੇ ਸਾਨੂੰ ਦੱਸ।
37 ਤਾਂ ਉਸ ਨੇ ਉੱਤਰ ਦਿੱਤਾ ਜਿਹੜਾ ਚੰਗਾ ਬੀ ਬੀਜਦਾ ਹੈ ਉਹ ਮਨੁੱਖ ਦਾ ਪੁੱਤ੍ਰ ਹੈ।
38 ਖੇਤ ਜਗਤ ਹੈ ਅਤੇ ਚੰਗਾ ਬੀ ਰਾਜ ਦੇ ਪੁੱਤ੍ਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤ੍ਰ ਹਨ।
39 ਅਤੇ ਜਿਸ ਵੈਰੀ ਨੇ ਉਹ ਨੂੰ ਬੀਜਿਆ ਉਹ ਸ਼ਤਾਨ ਹੈ। ਵਾਢੀ ਦਾ ਵੇਲਾ ਜੁਗ ਦਾ ਅੰਤ ਹੈ ਅਰ ਵੱਢਣ ਵਾਲੇ ਦੂਤ ਹਨ।
40 ਸੋ ਜਿਸ ਪਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ ਉਸੇ ਪਰਕਾਰ ਇਸ ਜੁਗ ਦੇ ਅੰਤ ਦੇ ਸਮੇ ਹੋਵੇਗਾ।
41 ਮਨੁੱਖ ਦਾ ਪੁੱਤ੍ਰ ਆਪਣਿਆਂ ਦੂਤਾਂ ਨੂੰ ਘੱਲੇਗਾ ਅਤੇ ਓਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਿਆਂ ਕਰਨਗੇ।
42 ਅਤੇ ਉਨ੍ਹਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਰ ਕਚੀਚੀਆਂ ਵੱਟਣਾ ਹੋਵੇਗਾ।
43 ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ।
44 ਸੁਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖ਼ੁਸ਼ੀ ਦੇ ਮਾਰੇ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।
45 ਫੇਰ ਸੁਰਗ ਦਾ ਰਾਜ ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ।
46 ਜਦ ਉਹ ਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।
47 ਫੇਰ ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਭਾਂਤ ਦੇ ਮੱਛ ਕੱਛ ਸਮੇਟ ਲਿਆਇਆ। 48 ਸੋ ਜਾਂ ਉਹ ਭਰ ਗਿਆ ਤਾਂ ਲੋਕ ਕੰਢੇ ਉੱਤੇ ਖਿੱਚ ਕੇ ਲੈ ਆਏ ਅਤੇ ਬੈਠ ਕੇ ਖਰੀਆਂ ਨੂੰ ਭਾਂਡਿਆਂ ਵਿੱਚ ਜਮਾ ਕੀਤਾ ਅਤੇ ਨਿਕੰਮੀਆਂ ਨੂੰ ਪਰੇ ਸੁੱਟ ਦਿੱਤਾ। 49 ਸੋ ਜੁਗ ਦੇ ਅੰਤ ਦੇ ਸਮੇ ਅਜਿਹਾ ਹੀ ਹੋਵੇਗਾ। ਦੂਤ ਨਿੱਕਲ ਆਉਣਗੇ ਅਤੇ ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ। 50 ਅਰ ਇਨ੍ਹਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਰ ਕਚੀਚੀਆਂ ਵੱਟਣਾ ਹੋਵੇਗਾ।
51 ਕੀ ਤੁਸਾਂ ਇਹ ਸੱਭੋ ਕੁਝ ਸਮਝਿਆ? ਉਨ੍ਹਾਂ ਉਸ ਨੂੰ ਆਖਿਆ, ਹਾਂ ਜੀ। 52 ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਸ ਲਈ ਹਰੇਕ ਗ੍ਰੰਥੀ ਜਿਹਨੇ ਸੁਰਗ ਦੇ ਰਾਜ ਦੀ ਸਿੱਖਿਆ ਪਾਈ ਹੈ ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ। 53 ਅਤੇ ਐਉਂ ਹੋਇਆ ਕਿ ਜਾਂ ਯਿਸੂ ਨੇ ਏਹ ਦ੍ਰਿਸ਼ਟਾਂਤ ਪੂਰੇ ਕੀਤੇ ਤਾਂ ਉੱਥੋਂ ਤੁਰ ਪਿਆ। 54 ਅਰ ਆਪਣੇ ਦੇਸ ਵਿੱਚ ਆਣ ਕੇ ਉਨ੍ਹਾਂ ਦੀ ਸਮਾਜ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਜੋ ਓਹ ਦੰਗ ਹੋ ਕੇ ਕਹਿਣ ਲੱਗੇ ਭਈ ਇਸ ਮਨੁੱਖ ਨੂੰ ਇਹ ਗਿਆਨ ਅਰ ਏਹ ਕਰਾਮਾਤਾਂ ਕਿੱਥੋਂ ਮਿਲੀਆਂ? 55 ਭਲਾ, ਇਹ ਤਰਖਾਣ ਦਾ ਪੁੱਤ੍ਰ ਨਹੀਂ ਅਤੇ ਇਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਾਈ ਯਾਕੂਬ ਅਰ ਯੂਸੁਫ਼ ਅਰ ਸ਼ਮਊਨ ਅਰ ਯਹੂਦਾ ਨਹੀਂ ਹਨ? 56 ਅਤੇ ਉਹ ਦੀਆਂ ਸੱਭੇ ਭੈਣਾਂ ਸਾਡੇ ਕੋਲ ਨਹੀਂ ਹਨ? ਫੇਰ ਉਹ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ ? 57 ਐਉਂ ਉਨ੍ਹਾਂ ਉਸ ਤੋਂ ਠੋਕਰ ਖਾਧੀ। ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਘਰ ਤੋਂ ਬਿਨਾ ਹੋਰ ਕਿਤੇ ਨਿਆਦਰ ਨਹੀਂ ਹੁੰਦਾ। 58 ਅਤੇ ਉਸ ਨੇ ਉਨ੍ਹਾਂ ਦੀ ਬੇਪਰਤੀਤੀ ਦੇ ਕਾਰਨ ਉੱਥੇ ਬਹੁਤ ਕਰਾਮਾਤਾਂ ਨਾ ਕੀਤੀਆਂ।
ਕਾਂਡ 14

1 ਉਸ ਸਮੇ ਰਾਜਾ ਹੇਰੋਦੇਸ ਨੇ ਯਿਸੂ ਦੀ ਖ਼ਬਰ ਸੁਣੀ।
2 ਅਤੇ ਆਪਣੇ ਨੌਕਰਾਂ ਨੂੰ ਆਖਿਆ, ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹ ਦੇ ਵਿੱਚ ਏਹ ਸ਼ਕਤੀਆਂ ਕੰਮ ਕਰ ਰਹੀਆਂ ਹਨ!
3 ਹੇਰੋਦੇਸ ਨੇ ਆਪਣੇ ਭਾਈ ਫ਼ਿਲਿੱਪੁਸ ਦੀ ਤੀਵੀਂ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜ ਕੇ ਬੱਧਾ ਅਤੇ ਕੈਦ ਵਿੱਚ ਪਾ ਦਿੱਤਾ ਸੀ।
4 ਇਸ ਲਈ ਜੋ ਯੂਹੰਨਾ ਨੇ ਉਹ ਨੂੰ ਆਖਿਆ ਸੀ ਭਈ ਉਹ ਦਾ ਰੱਖਣਾ ਤੁਹਾਨੂੰ ਜੋਗ ਨਹੀਂ।
5 ਪਰ ਜਾਂ ਉਸ ਨੇ ਉਹ ਨੂੰ ਮਾਰ ਸੁੱਟਣਾ ਚਾਹਿਆ ਤਾਂ ਲੋਕਾਂ ਤੋਂ ਡਰਿਆ ਕਿਉਂ ਜੋ ਓਹ ਉਸ ਨੂੰ ਨਬੀ ਮੰਨਦੇ ਸਨ।
6 ਪਰ ਜਾਂ ਹੇਰੋਦੇਸ ਦਾ ਜਨਮ ਦਿਨ ਆਇਆ ਤਦ ਹੇਰੋਦਿਯਾਸ ਦੀ ਧੀ ਨੇ ਵਿਚਾਲੇ ਨੱਚ ਕੇ ਹੇਰੋਦੇਸ ਨੂੰ ਰਿਝਾਇਆ।
7 ਸੋ ਉਹ ਨੇ ਸੌਂਹ ਖਾ ਕੇ ਇਕਰਾਰ ਕੀਤਾ ਭਈ ਜੋ ਕੁਝ ਤੂੰ ਮੰਗੇਂ ਸੋਈ ਤੈਨੂੰ ਦਿਆਂਗਾ।
8 ਤਾਂ ਉਹ ਆਪਣੀ ਮਾਂ ਦੀ ਚੁੱਕ ਨਾਲ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਐਥੇ ਥਾਲ ਵਿੱਚ ਮੈਨੂੰ ਦਿਓ।
9 ਤਾਂ ਰਾਜਾ ਉਦਾਸ ਹੋਇਆ ਪਰ ਆਪਣੀ ਸੌਂਹ ਦੇ ਕਾਰਨ ਅਤੇ ਉਨ੍ਹਾਂ ਲੋਕਾਂ ਕਰਕੇ ਜਿਹੜੇ ਉਹ ਦੇ ਨਾਲ ਬੈਠੇ ਸਨ ਉਸ ਨੇ ਦੇ ਦੇਣ ਦਾ ਹੁਕਮ ਕੀਤਾ।
10 ਅਤੇ ਮਨੁੱਖ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਸੁੱਟਿਆ।
11 ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਅਰ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ।
12 ਅਰ ਉਹ ਦੇ ਚੇਲਿਆਂ ਨੇ ਓੱਥੇ ਜਾ ਕੇ ਲੋਥ ਚੁੱਕੀ ਅਰ ਉਸ ਨੂੰ ਦੱਬਿਆ ਅਤੇ ਆਣ ਕੇ ਯਿਸੂ ਨੂੰ ਖ਼ਬਰ ਦਿੱਤੀ।
13 ਜਾਂ ਯਿਸੂ ਨੇ ਇਹ ਸੁਣਿਆ ਤਾਂ ਉੱਥੋਂ ਬੇੜੀ ਉੱਤੇ ਚੜ੍ਹ ਕੇ ਇੱਕ ਉਜਾੜ ਥਾਂ ਵਿੱਚ ਅਲੱਗ ਚੱਲਿਆ ਗਿਆ ਅਰ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ।
14 ਅਤੇ ਉਸ ਨੇ ਨਿੱਕਲ ਕੇ ਵੱਡੀ ਭੀੜ ਵੇਖੀ ਅਰ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ।
15 ਅਤੇ ਜਾਂ ਸੰਝ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਵੇਲਾ ਹੁਣ ਬੀਤ ਗਿਆ ਹੈ। ਲੋਕਾਂ ਨੂੰ ਵਿਦਿਆ ਕਰ ਤਾਂ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਦਾਣਾ ਮੁੱਲ ਲੈਣ।
16 ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਨ੍ਹਾਂ ਦੇ ਜਾਣ ਦੀ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਨੂੰ ਦਿਉ।
17 ਪਰ ਉਨ੍ਹਾਂ ਉਸ ਨੂੰ ਕਿਹਾ, ਐਥੇ ਸਾਡੇ ਕੋਲ ਨਿਰੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।
18 ਤਾਂ ਉਹ ਬੋਲਿਆ, ਉਨ੍ਹਾਂ ਨੂੰ ਐਥੇ ਮੇਰੇ ਕੋਲ ਲਿਆਓ।
19 ਅਤੇ ਉਸ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਨ੍ਹਾਂ ਪੰਜਾਂ ਰੋਟੀਆਂ ਅਤੇ ਦੋਹਾਂ ਮੱਛੀਆਂ ਨੂੰ ਲੈ ਲਿਆ ਅਰ ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਰ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ।
20 ਅਤੇ ਓਹ ਸੱਭੇ ਖਾ ਕੇ ਰੱਜ ਗਏ ਉਨ੍ਹਾਂ ਨੇ ਬਚਿਆਂ ਹੋਇਆਂ ਟੁਕੜਿਆਂ ਨਾਲ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਚੁੱਕ ਲਈਆਂ।
21 ਅਰ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਬਿਨਾਂ ਪੰਜਕੁ ਹਜ਼ਾਰ ਮਰਦ ਸਨ।
22 ਉਹ ਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕਰ ਮੈਂ ਭੀੜ ਨੂੰ ਵਿਦਿਆ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ।
23 ਅਤੇ ਉਹ ਭੀੜ ਨੂੰ ਵਿਦਿਆ ਕਰਕੇ ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ ਤੇ ਚੜ੍ਹ ਗਿਆ ਅਰ ਜਾਂ ਸੰਝ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ।
24 ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਲਈ ਜੋ ਪੌਣ ਸਾਹਮਣੀ ਸੀ।
25 ਅਤੇ ਰਾਤ ਦੇ ਚੌਥੇ ਪਹਿਰ ਉਹ ਝੀਲ ਦੇ ਉੱਤੋਂ ਦੀ ਉਨ੍ਹਾਂ ਵੱਲ ਤੁਰਦਾ ਹੋਇਆ ਆਇਆ।
26 ਅਤੇ ਜਾਂ ਚੇਲਿਆਂ ਨੇ ਉਹ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਡੈਂਬਰ ਕੇ ਆਖਣ ਲੱਗੇ, ਇਹ ਭੂਤਨਾ ਹੈ! ਅਤੇ ਡਰ ਕੇ ਡਡਿਆ ਉੱਠੇ।
27 ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, ਹੌਸਲਾ ਰੱਖੋ! ਮੈਂ ਹਾਂ, ਨਾ ਡਰੋ।
28 ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੁ ਜੀ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦਿਹ।
29 ਉਹ ਨੇ ਆਖਿਆ, ਆ, ਅਤੇ ਪਤਰਸ ਬੇੜੀਓਂ ਉੱਤਰ ਕੇ ਯਿਸੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਤੁਰਨ ਲੱਗਾ।
30 ਪਰ ਪੌਣ ਨੂੰ ਵੇਖ ਕੇ ਡਰਿਆ ਅਰ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੁ ਜੀ, ਮੈਨੂੰ ਬਚਾ ਲੈ!
31 ਅਤੇ ਝੱਟ ਯਿਸੂ ਨੇ ਹੱਥ ਲੰਮਾ ਕਰਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੇ ਥੋੜੀ ਪਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ?
32 ਅਰ ਜਾਂ ਓਹ ਬੇੜੀ ਉੱਤੇ ਚੜ੍ਹ ਗਏ ਤਾਂ ਪੌਣ ਥੰਮ੍ਹ ਗਈ।
33 ਫੇਰ ਜਿਹੜੇ ਲੋਕ ਬੇੜੀ ਉੱਤੇ ਸਨ ਓਹਨਾਂ ਨੇ ਉਸ ਦੇ ਅੱਗੇ ਇਹ ਆਖ ਕੇ ਮੱਥਾ ਟੇਕਿਆ, ਕਿ ਤੂੰ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਹੈਂ।
34 ਓਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ।
35 ਅਰ ਜਾਂ ਉੱਥੇ ਦੇ ਲੋਕਾਂ ਨੇ ਉਹ ਨੂੰ ਪਛਾਣਿਆ ਤਾਂ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਕੋਲ ਲਿਆਂਦਾ।
36 ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਨਿਰਾ ਆਪਣੇ ਲੀੜੇ ਦਾ ਪੱਲਾ ਛੋਹਣ ਦਿਹ ਅਰ ਜਿੰਨਿਆਂ ਨੇ ਛੋਹਿਆ ਓਹ ਚੰਗੇ ਹੋ ਗਏ।
ਕਾਂਡ 15

1 ਤਦ ਫ਼ਰੀਸੀਆਂ ਅਰ ਗ੍ਰੰਥੀਆਂ ਨੇ ਯਰੂਸ਼ਲਮ ਤੋਂ ਯਿਸੂ ਦੇ ਕੋਲ ਆਣ ਕੇ ਕਿਹਾ,
2 ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ?
3 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਨੂੰ ਉਲੰਘਣ ਕਰਦੇ ਹੋ?
4 ਕਿਉਂ ਜੋ ਪਰਮੇਸ਼ੁਰ ਨੇ ਫ਼ਰਮਾਇਆ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਯਾ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ।
5 ਪਰ ਤੁਸੀਂ ਆਖਦੇ ਹੋ ਭਈ ਜਿਹੜਾ ਪਿਤਾ ਯਾ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸੱਕਦਾ ਸੀ ਸੋ ਭੇਟ ਹੋ ਗਿਆ, ਉਹ ਆਪਣੇ ਪਿਤਾ ਯਾ ਮਾਤਾ ਦਾ ਆਦਰ ਨਾ ਕਰੇ।
6 ਐਉਂ ਤੁਸਾਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ।
7 ਹੇ ਕਪਟੀਓ ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ
8 ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
9 ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।
10 ਉਸ ਨੇ ਲੋਕਾਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ, ਸੁਣੋ ਅਤੇ ਸਮਝੋ।
11 ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਬਲਕਣ ਜੋ ਮੂੰਹੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।
12 ਤਦ ਚੇਲਿਆਂ ਨੇ ਨੇੜੇ ਆਣ ਕੇ ਉਹ ਨੂੰ ਆਖਿਆ, ਭਲਾ, ਤੈਨੂੰ ਮਲੂਮ ਹੈ ਜੋ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ।
13 ਉਹ ਨੇ ਉੱਤਰ ਦਿੱਤਾ ਭਈ ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ· ਪੁਟਿਆ ਜਾਵੇਗਾ।
14 ਉਨ੍ਹਾਂ ਨੂੰ ਜਾਣ ਦਿਓ, ਓਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾਂ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।
15 ਤਦ ਪਤਰਸ ਨੇ ਅੱਗੋਂ ਉਹ ਨੂੰ ਆਖਿਆ ਜੋ ਇਹ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ।
16 ਉਹ ਨੇ ਕਿਹਾ, ਭਲਾ, ਤੁਸੀਂ ਵੀ ਅਜੇ ਨਿਰਬੁੱਧ ਹੋ?
17 ਕੀ ਤੁਸੀਂ ਨਹੀਂ ਸਮਝਦੇ ਭਈ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਢਿੱਡ ਵਿੱਚ ਪੈਂਦਾ ਅਤੇ ਬਾਹਰ ਸੇਦਖ਼ਾਨੇ ਵਿੱਚ ਸੁੱਟਿਆ ਜਾਂਦਾ ਹੈ?
18 ਪਰ ਜਿਹੜੀਆਂ ਗੱਲਾਂ ਮੂੰਹੋਂ ਨਿੱਕਲਦੀਆਂ ਹਨ ਓਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਏਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ।
19 ਕਿਉਂਕਿ ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ।
20 ਏਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ।
21 ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ।
22 ਅਰ ਵੇਖੋ ਇੱਕ ਕਨਾਨੀ ਤੀਵੀਂ ਉਨ੍ਹਾਂ ਹੱਦਾਂ ਵਿੱਚੋਂ ਨਿੱਕਲ ਕੇ ਹਾਕਾਂ ਮਾਰਦੀ ਬੋਲੀ ਕਿ ਹੇ ਪ੍ਰਭੁ ਦਾਊਦ ਦੇ ਪੁੱਤ੍ਰ ਮੇਰੇ ਉੱਤੇ ਦਯਾ ਕਰੋ! ਮੇਰੀ ਧੀ ਦਾ ਬਦ ਰੂਹ ਦੇ ਸਾਯੇ ਨਾਲ ਬੁਰਾ ਹਾਲ ਹੈ।
23 ਪਰ ਉਹ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ।
24 ਤਦ ਉਹ ਦੇ ਚੇਲਿਆਂ ਨੇ ਕੋਲ ਆਣ ਕੇ ਉਹ ਦੇ ਅੱਗੇ ਅਰਜ਼ ਕੀਤੀ ਭਈ ਉਸ ਨੂੰ ਵਿਦਿਆ ਕਰ ਕਿਉਂ ਜੋ ਉਹ ਸਾਡੇ ਮਗਰ ਡੰਡ ਪਾਉਂਦੀ ਹੈ।
25 ਪਰ ਉਹ ਆਈ ਅਤੇ ਉਹ ਦੇ ਅੱਗੇ ਮੱਥਾ ਟੇਕ ਕੇ ਬੋਲੀ, ਪ੍ਰਭੁ ਜੀ ਮੇਰੀ ਸਹਾਇਤਾ ਕਰੋ!
26 ਤਾਂ ਉਹ ਨੇ ਉੱਤਰ ਦਿੱਤਾ ਕਿ ਬਾਲਕਾਂ ਦੀ ਰੋਟੀ ਲੈਕੇ ਕਤੂਰਿਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ।
27 ਉਹ ਬੋਲੀ, ਠੀਕ ਪ੍ਰਭੁ ਜੀ ਪਰ ਜਿਹੜੇ ਚੂਰੇ ਭੂਰੇ ਉਨ੍ਹਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ ਓਹ ਕਤੂਰੇ ਭੀ ਖਾਂਦੇ ਹਨ।
28 ਤਦ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੇ ਬੀਬੀ ਤੇਰੀ ਨਿਹਚਾ ਵੱਡੀ ਹੈ। ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਤਿਵੇਂ ਹੀ ਹੋਵੇ ਅਤੇ ਉਸ ਦੀ ਧੀ ਉਸੇ ਘੜੀ ਚੰਗੀ ਹੋ ਗਈ।
29 ਯਿਸੂ ਉੱਥੋਂ ਤੁਰ ਕੇ ਗਲੀਲ ਦੀ ਝੀਲ ਦੇ ਨੇੜੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬਹਿ ਗਿਆ।
30 ਅਤੇ ਬਹੁਤ ਟੋਲੀਆਂ ਲੰਙਿਆਂ, ਅੰਨ੍ਹਿਆਂ, ਗੁੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈਕੇ ਉਹ ਦੇ ਕੋਲ ਆਈਆਂ ਅਤੇ ਉਨ੍ਹਾਂ ਨੂੰ ਉਹ ਦੇ ਚਰਨਾਂ ਉੱਤੇ ਪਾਇਆ ਅਰ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।
31 ਐਥੋਂ ਤੋੜੀ ਕਿ ਜਾਂ ਲੋਕਾਂ ਨੇ ਵੇਖਿਆ ਜੋ ਗੁੰਗੇ ਬੋਲਦੇ, ਟੁੰਡੇ ਚੰਗੇ ਹੁੰਦੇ ਅਤੇ ਲੰਙੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਵਡਿਆਈ ਕੀਤੀ।
32 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਓਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਰ ਮੈਂ ਨਹੀਂ ਚਾਹੁੰਦਾ ਜੋ ਉਨ੍ਹਾਂ ਨੂੰ ਭੁੱਖਿਆ ਵਿਦਿਆ ਕਰਾਂ ਮਤੇ ਓਹ ਰਸਤੇ ਵਿੱਚ ਹੁੱਸ ਜਾਣ।
33 ਤਾਂ ਚੇਲਿਆਂ ਨੇ ਉਹ ਨੂੰ ਕਿਹਾ ਕਿ ਉਜਾੜ ਵਿੱਚ ਅਸੀਂ ਐੱਨੀਆਂ ਰੋਟੀਆਂ ਕਿੱਥੋਂ ਲਿਆਈਏ ਜੋ ਐਡੀ ਭੀੜ ਨੂੰ ਰਜਾਈਏ?
34 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਓਹ ਬੋਲੇ, ਸੱਤ ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ।
35 ਤਦ ਉਸ ਨੇ ਭੀੜ ਨੂੰ ਆਖਿਆ ਜੋ ਭੁੰਞੇਂ ਬੈਠ ਜਾਣ।
36 ਤਾਂ ਉਸ ਨੇ ਓਹ ਸੱਤ ਰੋਟੀਆਂ ਅਰ ਮੱਛੀਆਂ ਲਈਆਂ ਅਤੇ ਸ਼ੁਕਰ ਕਰ ਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ।
37 ਅਤੇ ਓਹ ਸੱਭੇ ਖਾ ਕੇ ਰੱਜ ਗਏ ਅਰ ਬਚਿਆਂ ਹੋਇਆਂ ਟੁਕੜਿਆਂ ਨਾਲ ਉਨ੍ਹਾਂ ਨੇ ਸੱਤ ਟੋਕਰੇ ਭਰੇ ਹੋਏ ਚੁੱਕ ਲਏ।
38 ਅਤੇ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਬਿਨਾ ਚਾਰ ਹਜ਼ਾਰ ਮਰਦ ਸਨ।
39 ਫੇਰ ਲੋਕਾਂ ਨੂੰ ਵਿਦਿਆ ਕਰ ਕੇ ਉਹ ਬੇੜੀ ਉੱਤੇ ਚੜ੍ਹ ਗਿਆ ਅਤੇ ਮਗਦਾਨ ਦੀਆਂ ਹੱਦਾਂ ਵਿੱਚ ਆਇਆ।
ਕਾਂਡ 16

1 1 ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆਣ ਕੇ ਪਰਤਾਉਣ ਲਈ ਉਸ ਅੱਗੇ ਅਰਦਾਸ ਕੀਤੀ ਜੋ ਸਾਨੂੰ ਅਕਾਸ਼ ਵੱਲੋਂ ਕੋਈ ਨਿਸ਼ਾਨ ਵਿਖਾ ਦਿਹ।
2 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਭਈ ਸੰਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋਊ ਕਿਉਂਕਿ ਅਕਾਸ਼ ਲਾਲ ਹੈ।
3 ਅਤੇ ਸਵੇਰ ਨੂੰ ਆਖਦੇ ਹੋ, ਅੱਜ ਅਨ੍ਹੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਲੂਮ ਨਹੀਂ ਕਰ ਸੱਕਦੇ।
4 ਇਸ ਪੀਹੜੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ ਪਰ ਯੂਨਾਹ ਦੇ ਨਿਸ਼ਾਨ ਬਿਨਾ ਉਨ੍ਹਾਂ ਨੂੰ ਕੋਈ ਹੋਰ ਨਿਸ਼ਾਨ ਦਿੱਤਾ ਨਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।
5 ਚੇਲੇ ਪਾਰ ਪਹੁੰਚੇ ਪਰ ਰੋਟੀ ਲੈਣੀ ਭੁੱਲ ਗਏ ਸਨ।
6 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ।
7 ਅਤੇ ਓਹ ਆਪੋ ਵਿੱਚ ਵਿਚਾਰ ਕਰ ਕੇ ਕਹਿਣ ਲੱਗੇ ਭਈ ਅਸੀਂ ਰੋਟੀ ਜੋ ਨਹੀਂ ਲਿਆਏ।
8 ਪਰ ਯਿਸੂ ਨੇ ਇਹ ਜਾਣ ਕੇ ਕਿਹਾ, ਹੇ ਥੋੜੀ ਪਰਤੀਤ ਵਾਲਿਓ ਤੁਸੀਂ ਆਪੋ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ?
9 ਭਲਾ, ਤੁਸੀਂ ਅਜੇ ਨਹੀਂ ਸਮਝਦੇ ਹੋ ਅਤੇ ਉਨ੍ਹਾਂ ਪੰਜਾਂ ਹਜ਼ਾਰਾਂ ਦੀਆਂ ਪੰਜ ਰੋਟੀਆਂ ਨੂੰ ਚੇਤੇ ਨਹੀਂ ਰੱਖਦੇ ਅਰ ਤੁਸਾਂ ਕਿੰਨੀਆਂ ਟੋਕਰੀਆਂ ਚੁੱਕ ਲਈਆਂ?
10 ਅਤੇ ਨਾ ਉਨ੍ਹਾਂ ਚੋਹੁੰ ਹਜ਼ਾਰਾਂ ਦੀਆਂ ਸੱਤ ਰੋਟੀਆਂ ਨੂੰ ਅਰ ਤੁਸਾਂ ਕਿੰਨੇ ਟੋਕਰੇ ਚੁੱਕ ਲਏ ਸਨ?
11 ਤੁਸੀਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ?
12 ਤਦ ਓਹ ਸਮਝੇ ਭਈ ਉਸ ਨੇ ਰੋਟੀ ਦੇ ਖ਼ਮੀਰ ਤੋਂ ਨਹੀਂ ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ।
13 ਯਿਸੂ ਨੇ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤ੍ਰ ਨੂੰ ਕੀ ਆਖਦੇ ਹਨ?
14 ਓਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਯਾ ਨਬੀਆਂ ਵਿੱਚੋਂ ਕੋਈ।
15 ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?
16 ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।
17 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈਂ ਤੂੰ ਸ਼ਮਊਨ ਬਰ-ਯੋਨਾਹ ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪਰਗਟ ਕੀਤੀ।
18 ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁਝ ਵੱਸ ਨਾ ਚੱਲੇਗਾ।
19 ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਸੁਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ ਸੁਰਗ ਵਿੱਚ ਖੋਲ੍ਹਿਆ ਜਾਵੇਗਾ।
20 ਤਦ ਉਹ ਨੇ ਚੇਲਿਆਂ ਨੂੰ ਤਗੀਦ ਕੀਤੀ ਭਈ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ।
21 ਉਸ ਸਮੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਭਈ ਮੈਨੂੰ ਜਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰੰਥੀਆਂ ਦੇ ਹੱਥੋਂ ਬਹੁਤ ਦੁਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ।
22 ਤਦ ਪਤਰਸ ਉਹ ਨੂੰ ਇੱਕ ਪਾਸੇ ਕਰ ਕੇ ਝਿੜਕਣ ਲੱਗਾ ਅਤੇ ਉਹ ਨੂੰ ਕਿਹਾ, ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ ! ਤੇਰੇ ਲਈ ਇਹ ਕਦੇ ਨਾ ਹੋਵੇਗਾ!
23 ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਦਾ ਕਾਰਨ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।
24 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।
25 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ।
26 ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?
27 ਕਿਉਂ ਜੋ ਮਨੁੱਖ ਦਾ ਪੁੱਤ੍ਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ ਅਤੇ ਉਸ ਸਮੇ ਉਹ ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ ਦੇਵੇਗਾ।
28 ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।
ਕਾਂਡ 17

1 ਛਿਆਂ ਦਿਨਾਂ ਪਿੱਛੋਂ ਯਿਸੂ ਪਤਰਸ ਅਤੇ ਯਾਕੂਬ ਅਤੇ ਉਹ ਦੇ ਭਾਈ ਯੂਹੰਨਾ ਨੂੰ ਨਾਲ ਲੈਕੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ।
2 ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਅਰ ਉਹ ਦਾ ਮੂੰਹ ਸੂਰਜ ਵਾਂਙੁ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ।
3 ਅਰ ਵੇਖੋ ਜੋ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਵਿਖਾਲੀ ਦਿੱਤੇ।
4 ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, ਪ੍ਰਭੁ ਜੀ ਸਾਡਾ ਐਥੇ ਹੋਣਾ ਚੰਗਾ ਹੈ। ਜੇ ਤੂੰ ਚਾਹੇਂ ਤਾਂ ਐਥੇ ਤਿੰਨ ਡੇਰੇ ਬਣਾਵਾਂ, ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।
5 ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਜੋਤਮਾਨ ਬੱਦਲ ਨੇ ਉਨ੍ਹਾਂ ਉੱਤੇ ਛਾਉਂ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।
6 ਅਤੇ ਚੇਲੇ ਇਹ ਸੁਣ ਕੇ ਮੂੰਧੇ ਮੂੰਹ ਡਿੱਗ ਪਏ ਅਤੇ ਬਹੁਤ ਡਰੇ।
7 ਪਰ ਯਿਸੂ ਨੇ ਨੇੜੇ ਆਣ ਕੇ ਉਨ੍ਹਾਂ ਨੂੰ ਛੋਹਿਆ ਅਤੇ ਕਿਹਾ, ਉੱਠੋ ਅਤੇ ਨਾ ਡਰੋ।
8 ਤਦ ਉਨ੍ਹਾਂ ਨੇ ਆਪਣੀਆਂ ਅੱਖੀਆਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇਕੱਲੇ ਯਿਸੂ ਨੂੰ ਡਿੱਠਾ।
9 ਜਾਂ ਓਹ ਪਹਾੜੋਂ ਉੱਤਰਦੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਕੀਤਾ ਭਈ ਜਦ ਤੀਕ ਮਨੁੱਖ ਦਾ ਪੁੱਤ੍ਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਇਸ ਦਰਸ਼ਣ ਦੀ ਗੱਲ ਕਿਸੇ ਨੂੰ ਨਾ ਦੱਸਿਓ।
10 ਤਦ ਉਹ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਫੇਰ ਗ੍ਰੰਥੀ ਕਿਉਂ ਆਖਦੇ ਹਨ ਜੋ ਏਲੀਯਾਹ ਦਾ ਪਹਿਲਾਂ ਆਉਣਾ ਜਰੂਰ ਹੈ?
11 ਉਸ ਨੇ ਉੱਤਰ ਦਿੱਤਾ ਜੋ ਏਲੀਯਾਹ ਠੀਕ ਆਉਂਦਾ ਹੈ ਅਤੇ ਸੱਭੋ ਕੁਝ ਬਹਾਲ ਕਰੇਗਾ।
12 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਏਲੀਯਾਹ ਤਾਂ ਆ ਚੁੱਕਿਆ ਅਤੇ ਉਨ੍ਹਾਂ ਨੇ ਉਹ ਨੂੰ ਨਾ ਪਛਾਣਿਆ ਪਰ ਜੋ ਕੁਝ ਉਨ੍ਹਾਂ ਨੇ ਚਾਹਿਆ ਸੋ ਉਹ ਦੇ ਨਾਲ ਕੀਤਾ। ਇਸੇ ਤਰਾਂ ਮਨੁੱਖ ਦਾ ਪੁੱਤ੍ਰ ਵੀ ਉਨ੍ਹਾਂ ਦੇ ਹੱਥੋਂ ਦੁਖ ਪਾਵੇਗਾ।
13 ਤਦ ਚੇਲਿਆਂ ਨੇ ਸਮਝਿਆ ਜੋ ਉਹ ਨੇ ਸਾਡੇ ਨਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ।
14 ਜਦ ਉਹ ਭੀੜ ਦੇ ਕੋਲ ਪਹੁੰਚੇ ਤਦ ਇੱਕ ਮਨੁੱਖ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਗੋਡੇ ਨਿਵਾ ਕੇ ਬੋਲਿਆ,
15 ਪ੍ਰਭੁ ਜੀ ਮੇਰੇ ਪੁੱਤ੍ਰ ਉੱਤੇ ਦਯਾ ਕਰੋ ਕਿਉਂ ਜੋ ਉਹ ਮਿਰਗੀ ਦੇ ਮਾਰੇ ਬਹੁਤ ਦੁਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਅਤੇ ਬਹੁਤ ਵਾਰੀ ਪਾਣੀ ਵਿੱਚ ਡਿੱਗ ਪੈਂਦਾ ਹੈ।
16 ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ ਪਰ ਓਹ ਉਸ ਨੂੰ ਚੰਗਾ ਨਾ ਕਰ ਸੱਕੇ।
17 ਤਦ ਯਿਸੂ ਨੇ ਉੱਤਰ ਦਿੱਤਾ, ਹੇ ਬੇਪਰਤੀਤ ਅਤੇ ਅੜਬ ਪੀੜ੍ਹੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ? ਕਦ ਤੋੜੀ ਤੁਹਾਡੀ ਸਹਾਂਗਾ? ਉਹ ਨੂੰ ਐਥੇ ਮੇਰੇ ਕੋਲ ਲਿਆ।
18 ਤਾਂ ਯਿਸੂ ਨੇ ਉਹ ਨੂੰ ਝਿੜਕਿਆ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਅਰ ਮੁੰਡਾ ਉਸੇ ਘੜੀਓਂ ਚੰਗਾ ਹੋ ਗਿਆ।
19 ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਦੇ ਕੋਲ ਆਣ ਕੇ ਆਖਿਆ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸੱਕੇ ?
20 ਉਸ ਨੇ ਉਨ੍ਹਾਂ ਨੂੰ ਕਿਹਾ, ਆਪਣੀ ਘੱਟ ਨਿਹਚਾ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਹਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਐਧਰੋਂ ਹਟ ਕੇ ਉਸ ਥਾਂ ਚੱਲਿਆ ਜਾਹ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ।
22 ਜਦ ਓਹ ਗਲੀਲ ਵਿੱਚ ਇਕੱਠੇ ਹੋਏ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮਨੁੱਖ ਦਾ ਪੁੱਤ੍ਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ।
23 ਅਤੇ ਓਹ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਏ ਦਿਨ ਜੀ ਉੱਠੇਗਾ। ਤਾਂ ਓਹ ਬਹੁਤ ਉਦਾਸ ਹੋਏ।
24 ਜਾਂ ਓਹ ਕਫ਼ਰਨਾਹੂਮ ਵਿੱਚ ਆਏ ਤਾਂ ਅਠੰਨੀ ਉਗਰਾਹੁਣ ਵਾਲਿਆਂ ਨੇ ਪਤਰਸ ਦੇ ਕੋਲ ਆਣ ਕੇ ਕਿਹਾ, ਕੀ ਤੁਹਾਡਾ ਗੁਰੂ ਅਠੰਨੀ ਨਹੀਂ ਦਿੰਦਾ? ਉਹ ਨੇ ਕਿਹਾ, ਹਾਂ, ਦਿੰਦਾ ਹੈ।
25 ਜਦ ਉਹ ਘਰ ਵਿੱਚ ਆਇਆ ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਯਾ ਮਹਸੂਲ ਲੈਂਦੇ ਹਨ, ਆਪਣੇ ਪੁੱਤ੍ਰਾਂ ਤੋਂ ਯਾ ਪਰਾਇਆਂ ਤੋਂ?
26 ਜਦ ਉਹ ਬੋਲਿਆ, ਪਰਾਇਆਂ ਤੋਂ ਤਦ ਯਿਸੂ ਨੇ ਉਹ ਨੂੰ ਆਖਿਆ, ਫੇਰ ਪੁੱਤ੍ਰ ਤਾਂ ਮਾਫ਼ ਹੋਏ।
27 ਪਰ ਇਸ ਲਈ ਜੋ ਅਸੀਂ ਉਨ੍ਹਾਂ ਨੂੰ ਠੋਕਰ ਨਾ ਖੁਆਈਏ ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਰ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਉਹ ਦਾ ਮੂੰਹ ਖੋਲ੍ਹ ਕੇ ਇੱਕ ਰੁਪਿਆ ਪਾਏਂਗਾ ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਈਂ।
ਕਾਂਡ 18

1 ਉਸੇ ਘੜੀ ਚੇਲੇ ਯਿਸੂ ਕੋਲ ਆਣ ਕੇ ਬੋਲੇ ਜੋ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਕੌਣ ਹੈ?
2 ਤਦ ਉਸ ਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਉਸ ਨੂੰ ਉਨ੍ਹਾਂ ਦੇ ਵਿਚਾਲੇ ਖੜਾ ਕੀਤਾ।
3 ਅਤੇ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ।
4 ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ।
5 ਅਤੇ ਜੇ ਕੋਈ ਮੇਰੇ ਨਾਮ ਕਰਕੇ ਅਜਿਹੇ ਇੱਕ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ।
6 ਪਰ ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਚੰਗਾ ਸੀ ਜੋ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਦੇ ਡੂੰਘਾਣ ਵਿੱਚ ਡੋਬਿਆ ਜਾਂਦਾ।
7 ਠੋਕਰਾਂ ਦੇ ਕਾਰਨ ਜਗਤ ਉੱਤੇ ਹਾਹਾ ਕਾਰ ਕਿਉਂ ਜੋ ਠੋਕਰਾਂ ਦਾ ਲੱਗਣਾ ਤਾਂ ਜਰੂਰ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਸ ਕਰਕੇ ਠੋਕਰ ਲੱਗਦੀ ਹੈ!
8 ਪਰ ਜੇ ਤੇਰਾ ਹੱਥ ਯਾ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਵੱਢ ਕੇ ਆਪਣੇ ਕੋਲੋਂ ਸੁੱਟ ਦਿਹ। ਟੁੰਡਾ ਯਾ ਲੰਙਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਹੱਥ ਯਾ ਦੋ ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ।
9 ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ। ਕਾਣਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਕਿ ਦੋ ਅੱਖੀਆਂ ਹੁੰਦਿਆਂ ਤੂੰ ਅੱਗ ਦੇ ਨਰਕ ਵਿੱਚ ਸੁੱਟਿਆ ਜਾਵੇਂ।
10 ਖ਼ਬਰਦਾਰ ! ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ।
12 ਤੁਸੀਂ ਕੀ ਸਮਝਦੇ ਹੋ ? ਜੇ ਕਿਸੇ ਮਨੁੱਖ ਦੀਆਂ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਭਲਾ, ਉਹ ਉਨ੍ਹਾਂ ਨੜਿੱਨਵੀਆਂ ਨੂੰ ਪਹਾੜ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਨਾ ਭਾਲਦਾ ਫਿਰੇਗਾ?
13 ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਐਉਂ ਹੋਵੇ ਜੋ ਉਹ ਨੂੰ ਲੱਭੇ ਤਾਂ ਉਹ ਉਸ ਦੇ ਕਾਰਨ ਉਨ੍ਹਾਂ ਨੜਿੱਨਵੀਆਂ ਨਾਲੋਂ ਜਿਹੜੀਆਂ ਗੁਆਚ ਨਾ ਗਈਆਂ ਸਨ ਬਹੁਤ ਅਨੰਦ ਹੋਵੇਗਾ।
14 ਇਸੇ ਤਰਾਂ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।
15 ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾਹ ਅਰ ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ। ਜੇ ਉਹ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਖੱਟ ਲਿਆ।
16 ਪਰ ਜੇ ਨਾ ਸੁਣੇ ਤਾਂ ਤੂੰ ਇੱਕ ਯਾ ਦੋ ਜਣੇ ਆਪਣੇ ਨਾਲ ਹੋਰ ਲੈ ਤਾਂ ਹਰੇਕ ਗੱਲ ਦੋ ਯਾ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ।
17 ਅਰ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਖ਼ਬਰ ਦਿਹ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।
18 ਅਤੇ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੁਝ ਤੁਸੀਂ ਧਰਤੀ ਉੱਤੇ ਬੰਨੋਗੇ ਸੋ ਸੁਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਸੋ ਸੁਰਗ ਵਿੱਚ ਖੋਲ੍ਹਿਆ ਜਾਵੇਗਾ।
19 ਫੇਰ ਮੈਂ ਤੁਹਾਨੂੰ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸੁਰਗ ਵਿੱਚ ਹੈ ਉਨ੍ਹਾਂ ਲਈ ਕੀਤਾ ਜਾਵੇਗਾ।
20 ਕਿਉਂਕਿ ਜਿੱਥੇ ਦੋ ਯਾ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।
21 ਤਦ ਪਤਰਸ ਨੇ ਕੋਲ ਆਣ ਕੇ ਉਹ ਨੂੰ ਆਖਿਆ, ਪ੍ਰਭੁ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੀਕਰ?
22 ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ।
23 ਇਸ ਲਈ ਸੁਰਗ ਦਾ ਰਾਜ ਇੱਕ ਰਾਜਾ ਵਰਗਾ ਹੈ ਜਿਹ ਨੇ ਆਪਣੇ ਨੌਕਰਾਂ ਤੋਂ ਹਿਸਾਬ ਲੈਣਾ ਚਾਹਿਆ।
24 ਅਤੇ ਜਾਂ ਉਹ ਹਿਸਾਬ ਲੈਣ ਲੱਗਾ ਤਾਂ ਦਸ ਹਜ਼ਾਰ ਤੋੜੇ ਦੇ ਇੱਕ ਕਰਜਾਈ ਨੂੰ ਉਹ ਦੇ ਕੋਲ ਲਿਆਏ।
25 ਪਰ ਜਦ ਉਹ ਦੇ ਕੋਲ ਦੇਣ ਨੂੰ ਕੁਝ ਨਾ ਸੀ ਤਦ ਉਹ ਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹ ਦੀ ਤੀਵੀਂ ਅਤੇ ਉਹ ਦੇ ਬਾਲ ਬੱਚੇ ਅਰ ਸਭ ਕੁਝ ਜੋ ਉਹ ਦਾ ਹੈ ਵੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ।
26 ਤਦ ਉਸ ਨੌਕਰ ਨੇ ਪੈਰੀਂ ਪੈ ਕੇ ਉਹ ਨੂੰ ਮੱਥਾ ਟੇਕਿਆ ਅਤੇ ਕਿਹਾ, ਸੁਆਮੀ ਜੀ, ਮੇਰੇ ਉੱਤੇ ਧੀਰਜ ਕਰੋ ਤਾਂ ਮੈਂ ਤੁਹਾਡਾ ਸਾਰਾ ਕਰਜ ਭਰ ਦਿਆਂਗਾ।
27 ਤਦ ਉਸ ਨੌਕਰ ਦੇ ਮਾਲਕ ਨੇ ਤਰਸ ਖਾ ਕੇ ਉਹ ਨੂੰ ਛੱਡ ਦਿੱਤਾ ਅਤੇ ਕਰਜ ਵੀ ਉਹ ਨੂੰ ਬਖ਼ਸ਼ ਦਿੱਤਾ।
28 ਜਾਂ ਉਹ ਨੌਕਰ ਬਾਹਰ ਨਿੱਕਲਿਆ ਤਾਂ ਉਹ ਦੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਉਹ ਨੂੰ ਲੱਭ ਪਿਆ ਜਿਸ ਤੋਂ ਉਹ ਨੇ ਪੰਜਾਹਕੁ ਰੁਪਏ ਲੈਣੇ ਸਨ ਅਤੇ ਉਸ ਉੱਤੇ ਹੱਥ ਪਾ ਕੇ ਸੰਘੀਓਂ ਫੜ ਲਿਆ ਅਤੇ ਆਖਿਆ, ਜੋ ਮੇਰਾ ਨਿੱਕਲਦਾ ਹੈ ਸੋ ਦਿਹ!
29 ਤਦ ਉਹ ਦੇ ਨਾਲ ਦਾ ਨੌਕਰ ਉਹ ਦੇ ਪੈਰੀਂ ਪਿਆ ਅਤੇ ਮਿੰਨਤ ਕਰ ਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ ਭਰ ਦਿਆਂਗਾ।
30 ਪਰ ਉਹ ਨੇ ਨਾ ਮੰਨਿਆ ਸਗੋਂ ਜਾ ਕੇ ਉਸ ਨੂੰ ਕੈਦ ਵਿੱਚ ਪਾ ਦਿੱਤਾ ਜਿੰਨਾ ਚਿਰ ਕਰਜ ਨਾ ਭਰ ਦੇਵੇ।
31 ਪਰ ਜਾਂ ਉਹ ਦੇ ਨਾਲ ਦੇ ਨੌਕਰਾਂ ਨੇ ਇਹ ਹਾਲ ਡਿੱਠਾ ਤਾਂ ਵੱਡੇ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ।
32 ਤਦ ਉਹ ਦੇ ਮਾਲਕ ਨੇ ਉਹ ਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ ! ਮੈਂ ਤੈਨੂੰ ਉਹ ਸਾਰਾ ਕਰਜ ਛੱਡ ਦਿੱਤਾ ਇਸ ਲਈ ਜੋ ਤੈਂ ਮੇਰੀ ਮਿੰਨਤ ਕੀਤੀ।
33 ਫੇਰ ਜਿਹੀ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਤਿਹੀ ਦਯਾ ਕਰਨੀ ਨਹੀਂ ਸੀ ਚਾਹੀਦੀ?
34 ਅਤੇ ਜਿੰਨਾ ਚਿਰ ਸਾਰਾ ਕਰਜ ਭਰ ਨਾ ਦੇਵੇ ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹ ਨੂੰ ਦੁਖ ਦਾਇਕਾਂ ਦੇ ਹਵਾਲੇ ਕੀਤਾ।
35 ਇਸੇ ਤਰਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ।
ਕਾਂਡ 19

1 ਐਉਂ ਹੋਇਆ ਕਿ ਜਾਂ ਯਿਸੂ ਏਹ ਗੱਲਾਂ ਕਰ ਹਟਿਆ ਤਾਂ ਗਲੀਲ ਤੋਂ ਚੱਲਿਆ ਗਿਆ ਅਰ ਯਰਦਨ ਦੇ ਪਾਰ ਯਹੂਦਿਯਾ ਦੀਆਂ ਹੱਦਾਂ ਵਿੱਚ ਆਇਆ।
2 ਅਤੇ ਬਹੁਤ ਸਾਰੇ ਲੋਕ ਉਹ ਦੇ ਪਿੱਛੇ ਹੋ ਤੁਰੇ ਅਰ ਉਸ ਨੇ ਉੱਥੇ ਉਨ੍ਹਾਂ ਨੂੰ ਚੰਗਾ ਕੀਤਾ।
3 ਫ਼ਰੀਸੀ ਉਹ ਦੇ ਪਰਤਾਉਣ ਲਈ ਉਹ ਦੇ ਕੋਲ ਆਣ ਕੇ ਬੋਲੇ, ਕੀ ਮਨੁੱਖ ਨੂੰ ਇਹ ਜੋਗ ਹੈ ਜੋ ਕਿਸੇ ਗੱਲੇ ਆਪਣੀ ਤੀਵੀਂ ਨੂੰ ਤਿਆਗ ਦੇਵੇ?
4 ਉਸ ਨੇ ਉੱਤਰ ਦਿੱਤਾ, ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ?
5 ਅਤੇ ਕਿਹਾ, ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ।
6 ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।
7 ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਮੂਸਾ ਨੇ ਕਿਉਂ ਤਿਆਗ ਪੱਤ੍ਰੀ ਦੇਣ ਅਤੇ ਉਹ ਨੂੰ ਤਿਆਗਣ ਦੀ ਆਗਿਆ ਦਿੱਤੀ?
8 ਉਸ ਨੇ ਉਨ੍ਹਾਂ ਨੂੰ ਕਿਹਾ, ਮੂਸਾ ਨੇ ਤੁਹਾਡੀ ਸਖ਼ਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਤੀਵੀਆਂ ਤਿਆਗਣ ਦੀ ਪਰਵਾਨਗੀ ਦਿੱਤੀ ਪਰ ਮੁੱਢੋਂ ਅਜਿਹਾ ਨਾ ਸੀ।
9 ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।
10 ਚੇਲਿਆਂ ਨੇ ਉਹ ਨੂੰ ਕਿਹਾ, ਜੇ ਤੀਵੀਂ ਨਾਲ ਮਨੁੱਖ ਦਾ ਇਹ ਹਾਲ ਹੈ ਤਾਂ ਵਿਆਹ ਕਰਨਾ ਹੀ ਅੱਛਾ ਨਹੀਂ।
11 ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਗੱਲ ਨੂੰ ਸਭ ਲੋਕ ਕਬੂਲ ਨਹੀਂ ਕਰਦੇ ਪਰ ਓਹ ਜਿਨ੍ਹਾਂ ਨੂੰ ਬਖ਼ਸ਼ਿਆ ਗਿਆ।
12 ਕਿਉਂਕਿ ਅਜੇਹੇ ਖੁਸਰੇ ਹਨ ਜਿਹੜੇ ਮਾਂ ਦੇ ਕੁੱਖੋਂ ਇਸੇ ਤਰਾਂ ਜੰਮੇ ਅਤੇ ਅਜੇਹੇ ਖੁਸਰੇ ਹਨ ਜਿਹੜੇ ਮਨੁੱਖਾਂ ਦੇ ਖੁਸਰੇ ਕੀਤੇ ਹੋਏ ਹਨ ਅਤੇ ਅਜੇਹੇ ਖੁਸਰੇ ਹਨ ਕਿ ਜਿਨ੍ਹਾਂ ਨੇ ਸੁਰਗ ਦੇ ਰਾਜ ਦੇ ਕਾਰਨ ਆਪਣੇ ਆਪ ਨੂੰ ਖੁਸਰੇ ਕੀਤਾ ਹੈ। ਜਿਹੜਾ ਕਬੂਲ ਕਰ ਸੱਕਦਾ ਹੈ ਉਹ ਕਬੂਲ ਕਰੇ।
13 ਤਦ ਛੋਟੇ ਬਾਲਕਾਂ ਨੂੰ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ।
14 ਤਦ ਯਿਸੂ ਨੇ ਆਖਿਆ, ਬਾਲਕਾਂ ਨੂੰ ਕੁਝ ਨਾ ਆਖੋ ਅਰ ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਵਰਜੋ ਕਿਉਂ ਜੋ ਸੁਰਗ ਦਾ ਰਾਜ ਇਹੋ ਜਿਹਿਆਂ ਦਾ ਹੈ।
15 ਅਤੇ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਉੱਥੋਂ ਚੱਲਿਆ ਗਿਆ।
16 ਤਾਂ ਵੇਖੋ ਇੱਕ ਜਣੇ ਨੇ ਉਹ ਦੇ ਕੋਲ ਆਣ ਕੇ ਕਿਹਾ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਉਣ ਮਿਲੇ?
17 ਉਸ ਨੇ ਉਹ ਨੂੰ ਆਖਿਆ, ਤੂੰ ਭਲਿਆਈ ਦੇ ਵਿਖੇ ਮੈਨੂੰ ਕਿਉਂ ਪੁੱਛਦਾ ਹੈਂ? ਭਲਾ ਤਾਂ ਇੱਕੋ ਹੀ ਹੈ। ਪਰ ਜੇ ਤੂੰ ਜੀਉਣ ਵਿੱਚ ਵੜਨਾ ਚਾਹੁੰਦਾ ਹੈਂ ਤਾਂ ਹੁਕਮਾਂ ਨੂੰ ਮੰਨ।
18 ਉਸ ਨੇ ਉਹ ਨੂੰ ਆਖਿਆ, ਕਿਹੜੇ ਹੁਕਮ? ਤਦ ਯਿਸੂ ਨੇ ਕਿਹਾ, ਏਹ ਜੋ ਖੂਨ ਨਾ ਕਰ, ਜ਼ਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦਿਹ।
19 ਆਪਣੇ ਮਾਂ ਪਿਉ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।
20 ਉਸ ਜੁਆਨ ਨੇ ਉਹ ਨੂੰ ਆਖਿਆ, ਮੈਂ ਤਾਂ ਇਨ੍ਹਾਂ ਸਭਨਾਂ ਨੂੰ ਮੰਨਿਆ ਹੈ। ਹੁਣ ਮੇਰੇ ਵਿੱਚ ਕੀ ਘਾਟਾ ਹੈ?
21 ਯਿਸੂ ਨੇ ਉਹ ਨੂੰ ਕਿਹਾ, ਜੇ ਤੂੰ ਪੂਰਾ ਬਣਨਾ ਚਾਹੁੰਦਾ ਹੈਂ ਤਾਂ ਜਾ ਕੇ ਆਪਣਾ ਮਾਲ ਵੇਚ ਕੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ।
22 ਪਰ ਉਸ ਜੁਆਨ ਨੇ ਜਾਂ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚੱਲਿਆ ਗਿਆ ਕਿਉਂ ਜੋ ਉਹ ਵੱਡਾ ਮਾਲਦਾਰ ਸੀ।
23 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਧਨੀ ਦਾ ਸੁਰਗ ਦੇ ਰਾਜ ਵਿੱਚ ਵੜਨਾ ਔਖਾ ਹੈ।
24 ਫੇਰ ਮੈਂ ਤੁਹਾਨੂੰ ਆਖਦਾ ਹਾਂ ਜੋ ਸੂਈ ਦੇ ਨੱਕੇ ਦੇ ਵਿੱਚ ਦੀ ਊਠ ਦਾ ਲੰਘਣਾ ਏਸ ਨਾਲੋਂ ਸੁਖਾਲਾ ਹੈ ਜੋ ਧਨੀ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਵੜੇ।
25 ਅਤੇ ਚੇਲੇ ਇਹ ਸੁਣ ਕੇ ਵੱਡੇ ਹੈਰਾਨ ਹੋਏ ਅਤੇ ਬੋਲੇ, ਫੇਰ ਕਿਹਦੀ ਮੁਕਤੀ ਹੋ ਸੱਕਦੀ?
26 ਤਦ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।
27 ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਵੇਖ ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ, ਫੇਰ ਸਾਨੂੰ ਕੀ ਲੱਭੂ?
28 ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਮਨੁੱਖ ਦਾ ਪੁੱਤ੍ਰ ਨਵੀਂ ਸਰਿਸ਼ਟ ਵਿੱਚ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।
29 ਅਤੇ ਹਰ ਕੋਈ ਜਿਹ ਨੇ ਘਰਾਂ ਯਾ ਭਾਈਆਂ ਯਾ ਭੈਣਾਂ ਯਾ ਪਿਉ ਯਾ ਮਾਂ ਯਾ ਬਾਲ ਬੱਚਿਆਂ ਯਾ ਜਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਪਾਵੇਗਾ ਅਤੇ ਸਦੀਪਕ ਜੀਉਣ ਦਾ ਵਾਰਸ ਹੋਵੇਗਾ।
30 ਪਰ ਬਥੇਰੇ ਪਹਿਲੇ ਪਿਛਲੇ ਹੋਣਗੇ ਅਤੇ ਪਿਛਲੇ, ਪਹਿਲੇ।
ਕਾਂਡ 20

1 1 ਸੁਰਗ ਦਾ ਰਾਜ ਤਾਂ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਤੜਕੇ ਘਰੋਂ ਨਿੱਕਲਿਆ ਭਈ ਆਪਣੇ ਅੰਗੂਰੀ ਬਾਗ਼ ਵਿੱਚ ਮਜੂਰ ਲਾਵੇ।
2 ਅਤੇ ਜਾਂ ਉਹ ਨੇ ਮਜੂਰਾਂ ਨਾਲ ਇੱਕ ਇੱਕ ਅੱਠਿਆਨੀ ਦਿਹਾੜੀ ਚੁਕਾ ਲਈ ਤਾਂ ਉਨ੍ਹਾਂ ਨੂੰ ਆਪਣੇ ਬਾਗ਼ ਵਿੱਚ ਘੱਲ ਦਿੱਤਾ।
3 ਅਤੇ ਪਹਿਰਕੁ ਦਿਨ ਚੜ੍ਹੇ ਬਾਹਰ ਜਾ ਕੇ ਉਹ ਨੇ ਹੋਰਨਾਂ ਨੂੰ ਬਜਾਰ ਵਿੱਚ ਵੇਹਲੇ ਖੜੇ ਵੇਖਿਆ।
4 ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਭੀ ਬਾਗ਼ ਵਿੱਚ ਜਾਓ ਅਰ ਜੋ ਹੱਕ ਹੋਵੇਗਾ। ਸੋ ਤੁਹਾਨੂੰ ਦਿਆਂਗਾ, ਅਤੇ ਓਹ ਗਏ।
5 ਫੇਰ ਦੁਪਹਿਰ ਅਰ ਤੀਏ ਪਹਿਰ ਦੇ ਲਗ ਭਗ ਬਾਹਰ ਜਾ ਕੇ ਉਹ ਨੇ ਉਸੇ ਤਰਾਂ ਕੀਤਾ।
6 ਅਰ ਘੰਟਾਕੁ ਦਿਨ ਰਹਿੰਦੇ ਬਾਹਰ ਜਾ ਕੇ ਉਹ ਨੇ ਹੋਰਨਾਂ ਨੂੰ ਖੜੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਐਥੇ ਸਾਰਾ ਦਿਨ ਕਿਉਂ ਵੇਹਲੇ ਖੜੇ ਰਹੇ?
7 ਉਨ੍ਹਾਂ ਨੇ ਉਸ ਨੂੰ ਕਿਹਾ, ਇਸ ਲਈ ਜੋ ਕਿਨੇ ਸਾਨੂੰ ਦਿਹਾੜੀ ਨਾ ਲਾਇਆ। ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਭੀ ਬਾਗ਼ ਵਿੱਚ ਜਾਓ।
8 ਅਤੇ ਜਾਂ ਸੰਝ ਹੋਈ ਬਾਗ਼ ਦੇ ਮਾਲਕ ਨੇ ਆਪਣੇ ਮੁਖ਼ਤਿਆਰ ਨੂੰ ਆਖਿਆ ਭਈ ਮਜੂਰਾਂ ਨੂੰ ਸੱਦ ਅਰ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੀਕਰ ਉਨ੍ਹਾਂ ਨੂੰ ਮਜੂਰੀ ਦੇਹ।
9 ਅਤੇ ਜਾਂ ਓਹ ਆਏ ਜਿਹੜੇ ਘੰਟਾ ਦਿਨ ਰਹਿੰਦੇ ਕੰਮ ਲੱਗੇ ਸਨ ਤਾਂ ਉਨ੍ਹਾਂ ਨੂੰ ਵੀ ਇੱਕ ਇੱਕ ਅੱਠਿਆਨੀ ਮਿਲੀ।
10 ਅਤੇ ਜਾਂ ਪਹਿਲੇ ਆਏ ਉਨ੍ਹਾਂ ਇਹ ਸਮਝਿਆ ਭਈ ਸਾਨੂੰ ਕੁਝ ਵੱਧ ਮਿਲੂ ਅਤੇ ਉਨ੍ਹਾਂ ਨੂੰ ਵੀ ਇੱਕੋ ਇੱਕ ਅੱਠਿਆਨੀ ਮਿਲੀ।
11 ਪਰ ਓਹ ਇਹ ਲੈ ਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ।
12 ਅਤੇ ਬੋਲੇ ਜੋ ਇਨ੍ਹਾਂ ਪਿਛਲਿਆਂ ਨੇ ਇੱਕੋ ਘੜੀ ਕੰਮ ਕੀਤਾ ਅਰ ਤੈਂ ਇਨ੍ਹਾਂ ਨੂੰ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਧੁੱਪ ਸਹੀ।
13 ਤਦ ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ ਭਈ ਮੈਂ ਤੇਰੇ ਉੱਤੇ ਕੁਝ ਬੇਇਨਸਾਫ਼ੀ ਨਹੀਂ ਕਰਦਾ। ਭਲਾ, ਮੈਂ ਤੇਰੇ ਨਾਲ ਇੱਕ ਅੱਠਿਆਨੀ ਨਹੀਂ ਚੁਕਾਈ ਸੀ?
14 ਤੂੰ ਆਪਣਾ ਲੈ ਕੇ ਚੱਲਿਆ ਜਾਹ ਪਰ ਮੇਰੀ ਮਰਜੀ ਹੈ ਕਿ ਜਿੰਨਾ ਤੈਨੂੰ ਦਿੱਤਾ ਉੱਨਾ ਹੀ ਇਸ ਪਿਛਲੇ ਨੂੰ ਭੀ ਦਿਆਂ।
15 ਭਲਾ, ਮੇਰਾ ਇਖ਼ਤਿਆਰ ਨਹੀਂ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ? ਕੀ ਤੂੰ ਇਸੇ ਲਈ ਬੁਰੀ ਨਜ਼ਰ ਵੇਖਦਾ ਹੈਂ ਜੋ ਮੈਂ ਭਲਾ ਹਾਂ?
16 ਇਸੇ ਤਰਾਂ ਪਿਛਲੇ ਪਹਿਲੇ ਹੋਣਗੇ ਅਤੇ ਪਹਿਲੇ ਪਿਛਲੇ।
17 ਜਾਂ ਯਿਸੂ ਯਰੂਸ਼ਲਮ ਨੂੰ ਜਾਂਦਾ ਸੀ ਤਾਂ ਬਾਰਾਂ ਚੇਲਿਆਂ ਨੂੰ ਅਲੱਗ ਕਰ ਕੇ ਰਾਹ ਵਿੱਚ ਉਨ੍ਹਾਂ ਨੂੰ ਆਖਿਆ,
18 ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤ੍ਰ ਪਰਧਾਨ ਜਾਜਕਾਂ ਅਰ ਗ੍ਰੰੰਥਿਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਓਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ।
19 ਅਤੇ ਉਸ ਨੂੰ ਠੱਠਾ ਕਰਨ ਅਰ ਕੋਰੜੇ ਮਾਰਨ ਅਰ ਸਲੀਬ ਉੱਤੇ ਚੜ੍ਹਾਉਣ ਲਈ ਪਰਾਈਆਂ ਕੌਮਾਂ ਦੇ ਹੱਥ ਫੜਵਾ ਦੇਣਗੇ ਅਤੇ ਉਹ ਤੀਏ ਦਿਨ ਫੇਰ ਜਿਵਾਇਆ ਜਾਵੇਗਾ।
20 ਤਦ ਜ਼ਬਦੀ ਦੇ ਪੁੱਤ੍ਰਾਂ ਦੀ ਮਾਤਾ ਆਪਣੇ ਪੁੱਤ੍ਰਾਂ ਸਣੇ ਉਸ ਦੇ ਕੋਲ ਆਈ ਅਤੇ ਮੱਥਾ ਟੇਕ ਕੇ ਉਸ ਅੱਗੇ ਇੱਕ ਅਰਜ ਕਰਨ ਲੱਗੀ।
21 ਸੋ ਉਸ ਨੇ ਉਹ ਨੂੰ ਆਖਿਆ, ਤੂੰ ਕੀ ਚਾਹੁੰਦੀ ਹੈਂ? ਉਹ ਨੇ ਉਸ ਨੂੰ ਕਿਹਾ, ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਏਹ ਦੋਵੇਂ ਪੁੱਤ੍ਰ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬੈਠਣ।
22 ਪਰ ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਉਹ ਪਿਆਲਾ ਜਿਹੜਾ ਮੈਂ ਪੀਣ ਨੂੰ ਹਾਂ ਕੀ ਤੁਸੀਂ ਪੀ ਸੱਕਦੇ ਹੋ? ਉਨ੍ਹਾਂ ਉਸ ਨੂੰ ਆਖਿਆ, ਅਸੀਂ ਪੀ ਸੱਕਦੇ ਹਾਂ।
23 ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਤਾਂ ਮੇਰਾ ਪਿਆਲਾ ਜਰੂਰ ਪੀਓਗੇ ਪਰ ਸੱਜੇ ਖੱਬੇ ਬਿਠਾਲਨਾ ਮੇਰਾ ਕੰਮ ਨਹੀਂ ਪਰ ਉਨ੍ਹਾਂ ਲਈ ਹੈ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹ ਨੂੰ ਤਿਆਰ ਕੀਤਾ ਹੈ।
24 ਅਤੇ ਜਾਂ ਦਸਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦੋਹਾਂ ਭਰਾਵਾਂ ਉੱਤੇ ਖਿਝ ਗਏ।
25 ਤਦ ਯਿਸੂ ਨੇ ਉਨ੍ਹਾਂ ਨੂੰ ਕੋਲ ਸੱਦ ਕੇ ਆਖਿਆ, ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਓਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਂਸ ਜਮਾਉਂਦੇ ਹਨ।
26 ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ।
27 ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।
28 ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।
29 ਜਦ ਓਹ ਯਰੀਹੋ ਤੋਂ ਨਿੱਕਲਦੇ ਸਨ ਤਦ ਵੱਡੀ ਭੀੜ ਉਹ ਦੇ ਪਿੱਛੇ ਹੋ ਤੁਰੀ।
30 ਅਤੇ ਵੇਖੋ ਕਿ ਦੋ ਅੰਨ੍ਹੇ ਜਿਹੜੇ ਸੜਕ ਦੇ ਕੰਢੇ ਬੈਠੇ ਸਨ ਜਾਂ ਇਹ ਸੁਣਿਆ ਜੋ ਯਿਸੂ ਲੰਘਿਆ ਜਾਂਦਾ ਹੈ ਉੱਚੀ ਦੇ ਕੇ ਬੋਲੇ, ਹੇ ਪ੍ਰਭੁ, ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ!
31 ਅਤੇ ਭੀੜ ਨੇ ਉਨ੍ਹਾਂ ਨੂੰ ਝਿੜਕਿਆ ਭਈ ਚੁੱਪ ਕਰ ਜਾਣ ਪਰ ਓਹ ਹੋਰ ਵੀ ਉੱਚੀ ਦੇ ਕੇ ਬੋਲੇ, ਹੇ ਪ੍ਰਭੁ, ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ!
32 ਤਦ ਯਿਸੂ ਨੇ ਖੜਾ ਹੋ ਕੇ ਉਨ੍ਹਾਂ ਨੂੰ ਸੱਦਿਆ ਅਤੇ ਕਿਹਾ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ ?
33 ਉਨ੍ਹਾਂ ਉਸ ਨੂੰ ਆਖਿਆ, ਪ੍ਰਭੁ ਜੀ, ਸਾਡੀਆਂ ਅੱਖਾਂ ਖੁੱਲ੍ਹ ਜਾਣ !
34 ਅਤੇ ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਅਰ ਓਹ ਝੱਟ ਸੁਜਾਖੇ ਹੋ ਗਏ ਅਤੇ ਉਹ ਦੇ ਮਗਰ ਤੁਰ ਪਏ।
ਕਾਂਡ 21

1 1 ਜਾਂ ਓਹ ਯਰੂਸ਼ਲਮ ਦੇ ਨੇੜੇ ਆਏ ਅਰ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਕੋਲ ਪਹੁੰਚੇ ਤਾਂ ਯਿਸੂ ਨੇ ਦੋ ਚੇਲਿਆਂ ਨੂੰ ਘੱਲਿਆ ਅਤੇ ਉਨ੍ਹਾਂ ਨੂੰ ਕਿਹਾ।
2 ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਵੜਦੇ ਹੀ ਤੁਸੀਂ ਇੱਕ ਗਧੀ ਬੰਨ੍ਹੀ ਹੋਈ ਅਰ ਉਹ ਦੇ ਨਾਲ ਬੱਚੇ ਨੂੰ ਪਾਓਗੇ ਸੋ ਖੋਲ੍ਹ ਕੇ ਮੇਰੇ ਕੋਲ ਲਿਆਓ।
3 ਅਰ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਭਈ ਪ੍ਰਭੁ ਨੂੰ ਇਨ੍ਹਾਂ ਦੀ ਲੋੜ ਹੈ, ਫੇਰ ਉਹ ਉਸੇ ਵੇਲੇ ਉਨ੍ਹਾਂ ਨੂੰ ਘੱਲ ਦੇਵੇਗਾ।
4 ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ—
5 ਸੀਯੋਨ ਦੀ ਧੀ ਨੂੰ ਆਖੋ, ਵੇਖ ਤੇਰਾ ਪਾਤਸ਼ਾਹ ਅਧੀਨਗੀ ਨਾਲ, ਗਧੀ ਉੱਤੇ ਸਗੋਂ ਗਧੀ ਦੇ ਬੱਚੇ ਉੱਤੇ, ਸਵਾਰ ਹੋਕੇ ਤੇਰੇ ਕੋਲ ਆਉਂਦਾ ਹੈ।
6 ਤਾਂ ਚੇਲਿਆਂ ਨੇ ਜਾ ਕੇ ਜਿੱਕੁਰ ਯਿਸੂ ਨੇ ਹੁਕਮ ਦਿੱਤਾ ਸੀ ਤਿਹਾ ਹੀ ਕੀਤਾ।
7 ਅਤੇ ਗਧੀ ਨੂੰ ਬੱਚੇ ਸਣੇ ਲਿਆਏ ਅਰ ਆਪਣੇ ਲੀੜੇ ਉਨ੍ਹਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਉਨ੍ਹਾਂ ਤੇ ਚੜ੍ਹ ਬੈਠਾ।
8 ਅਤੇ ਭੀੜ ਦੇ ਬਹੁਤਿਆਂ ਲੋਕਾਂ ਨੇ ਆਪਣੇ ਲੀੜੇ ਰਸਤੇ ਵਿੱਚ ਵਿਛਾਏ ਪਰ ਹੋਰਨਾਂ ਨੇ ਬਿਰਛਾਂ ਦੀਆਂ ਡਾਲੀਆਂ ਵੱਢ ਕੇ ਰਸਤੇ ਵਿੱਚ ਵਿਛਾ ਦਿੱਤੀਆਂ।
9 ਅਤੇ ਭੀੜ ਜਿਹੜੀ ਉਹ ਦੇ ਅੱਗੇ ਪਿੱਛੇ ਚੱਲੀ ਜਾਂਦੀ ਸੀ ਉੱਚੀ ਅਵਾਜ਼ ਨਾਲ ਆਖਣ ਲੱਗੀ, ਹੋਸੰਨਾ ਦਾਊਦ ਦੇ ਪੁੱਤ੍ਰ ਨੂੰ ! ਮੁਬਾਰਕ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ! ਪਰਮ ਧਾਮ ਵਿੱਚ ਹੋਸੰਨਾ!
10 ਅਰ ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਏਹ ਆਖ ਦੇ ਹਿੱਲ ਗਿਆ ਕਿ ਇਹ ਕੌਣ ਹੈ?
11 ਤਾਂ ਲੋਕਾਂ ਨੇ ਆਖਿਆ, ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ।
12 ਫੇਰ ਯਿਸੂ ਪਰਮੇਸ਼ੁਰ ਦੀ ਹੈਕਲ ਵਿੱਚ ਗਿਆ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਕੱਢ ਦਿੱਤਾ ਅਤੇ ਅਤੇ ਸਰਾਫ਼ਾ ਦੇ ਤਖ਼ਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸੁੱਟੀਆਂ।
13 ਅਤੇ ਉਨ੍ਹਾਂ ਨੂੰ ਕਿਹਾ ਕਿ ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਪਰ ਤੁਸੀਂ ਉਹ ਨੂੰ ਡਾਕੂਆਂ ਦੀ ਖੋਹ ਬਣਾਉਂਦੇ ਹੋ।
14 ਅਤੇ ਹੈਕਲ ਵਿੱਚ ਅੰਨ੍ਹੇ ਅਰ ਲੰਙੇ ਉਹ ਦੇ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।
15 ਅਰ ਜਾਂ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਉਨ੍ਹਾਂ ਅਚਰਜ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਅਰ ਬਾਲਕਾਂ ਨੂੰ ਹੈਕਲ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ ਦਾਊਦ ਦੇ ਪੁੱਤ੍ਰ ਨੂੰ ਹੋਸੰਨਾ ਆਖਦੇ ਵੇਖਿਆ ਤਾਂ ਖਿਝ ਗਏ।
16 ਅਤੇ ਉਹ ਨੂੰ ਕਿਹਾ, ਕੀ ਤੂੰ ਸੁਣਦਾ ਹੈਂ ਜੋ ਏਹ ਕੀ ਆਖਦੇ ਹਨ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਹਾਂ, ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?
17 ਤਾਂ ਉਹ ਉਨ੍ਹਾਂ ਨੂੰ ਛੱਡ ਕੇ ਸ਼ਹਿਰੋਂ ਬਾਹਰ ਨਿੱਕਲਿਆ ਅਰ ਬੈਤਅਨੀਆ ਵਿੱਚ ਆਣ ਕੇ ਉੱਥੇ ਰਾਤ ਕੱਟੀ।
18 ਜਾਂ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ ਤਾਂ ਉਹ ਨੂੰ ਭੁੱਖ ਲੱਗੀ।
19 ਅਤੇ ਰਸਤੇ ਕੋਲ ਹੰਜੀਰ ਦਾ ਇੱਕ ਬਿਰਛ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਾਂ ਬਿਨਾ ਉਸ ਉੱਤੇ ਹੋਰ ਕੁਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਲੈ ਕੇ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜੀਰ ਦਾ ਬਿਰਛ ਓਵੇਂ ਸੁੱਕ ਗਿਆ।
20 ਅਰ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਹੰਜੀਰ ਦਾ ਬਿਰਛ ਕਿੱਕੁਰ ਐਡੀ ਛੇਤੀ ਸੁੱਕ ਗਿਆ?
21 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹ ਨਹੀਂ ਕਰੋਗੇ ਜੋ ਹੰਜੀਰ ਦੇ ਬਿਰਛ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ ਨੂੰ ਕਹੋ ਜੋ ਉੱਠ ਅਰ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ।
22 ਅਤੇ ਸਭ ਕੁਝ ਜੋ ਤੁਸੀਂ ਨਿਹਚਾ ਨਾਲ ਪ੍ਰਾਰਥਨਾ ਕਰ ਕੇ ਮੰਗੋ ਸੋ ਪਾਓਗੇ।
23 ਜਦ ਉਹ ਹੈਕਲ ਵਿੱਚ ਆਣ ਕੇ ਉਪਦੇਸ਼ ਦਿੰਦਾ ਸੀ ਤਦ ਪਰਧਾਨ ਜਾਜਕ ਅਰ ਲੋਕਾਂ ਦੇ ਬਜੁਰਗ ਉਹ ਦੇ ਕੋਲ ਆਏ ਅਤੇ ਬੋਲੇ, ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਅਰ ਕਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ?
24 ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਭਈ ਮੈਂ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹਾਂ।
25 ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸੁਰਗ ਵੱਲੋਂ ਯਾ ਮਨੁੱਖਾਂ ਵੱਲੋਂ? ਅਤੇ ਓਹ ਆਪੋ ਵਿੱਚ ਵਿਚਾਰ ਕਰ ਕੇ ਕਹਿਣ ਲੱਗੇ, ਜੇ ਕਹੀਏ, ਸੁਰਗ ਵੱਲੋ ਤਾਂ ਉਹ ਸਾਨੂੰ ਆਖੂ, ਫੇਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ?
26 ਅਰ ਜੇ ਕਹੀਏ, ਮਨੁੱਖਾਂ ਵੱਲੋਂ ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸੱਭੇ ਯੂਹੰਨਾ ਨੂੰ ਨਬੀ ਜਾਣਦੇ ਹਨ।
27 ਸੋ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਉਸ ਨੇ ਵੀ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ।
28 ਪਰ ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਦੇ ਦੋ ਪੁੱਤ੍ਰ ਸਨ ਅਤੇ ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ, ਪੁੱਤ੍ਰ, ਜਾਹ। ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ।
29 ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ।
30 ਫੇਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਅੱਛਾ ਜੀ, ਪਰ ਗਿਆ ਨਾ।
31 ਸੋ ਇਨ੍ਹਾਂ ਦੋਹਾਂ ਵਿੱਚੋਂ ਕਿਹ ਨੇ ਪਿਤਾ ਦੀ ਮਰਜੀ ਪੂਰੀ ਕੀਤੀ? ਉਨ੍ਹਾਂ ਆਖਿਆ, ਪਹਿਲੇ ਨੇ। ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ।
32 ਕਿਉਂ ਜੋ ਯੂਹੰਨਾ ਧਰਮ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸਾਂ ਉਹ ਦੀ ਪਰਤੀਤ ਨਾ ਕੀਤੀ ਪਰ ਮਸੂਲੀਆਂ ਅਰ ਕੰਜਰੀਆਂ ਨੇ ਉਹ ਦੀ ਪਰਤੀਤ ਕੀਤੀ ਅਤੇ ਤੁਸੀਂ ਇਹ ਵੇਖ ਕੇ ਪਿੱਛੋਂ ਵੀ ਨਾ ਪਛਤਾਏ ਭਈ ਉਹ ਦੀ ਪਰਤੀਤ ਕਰਦੇ।
33 ਇੱਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਹਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਰ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ।
34 ਜਾਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਘੱਲੇ।
35 ਅਤੇ ਮਾਲੀਆਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਅਰ ਕਿਸੇ ਨੂੰ ਮਾਰ ਸੁੱਟਿਆ ਅਰ ਕਿਸੇ ਨੂੰ ਪਥਰਾਉ ਕੀਤਾ।
36 ਫੇਰ ਉਹ ਨੇ ਹੋਰ ਚਾਕਰ ਪਹਿਲਿਆਂ ਨਾਲੋਂ ਵਧੀਕ ਘੱਲੇ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰਾਂ ਕੀਤਾ।
37 ਓੜਕ ਉਸ ਨੇ ਆਪਣੇ ਪੁੱਤ੍ਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਘੱਲਿਆ ਭਈ ਉਹ ਮੇਰੇ ਪੁੱਤ੍ਰ ਦਾ ਆਦਰ ਕਰਨਗੇ।
38 ਪਰ ਮਾਲੀਆਂ ਨੇ ਜਾਂ ਉਹ ਦੇ ਪੁੱਤ੍ਰ ਨੂੰ ਵੇਖਿਆ ਤਾਂ ਆਪੋ ਵਿੱਚ ਕਿਹਾ, ਵਾਰਸ ਏਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ।
39 ਅਤੇ ਉਨ੍ਹਾਂ ਉਸ ਨੂੰ ਫੜਿਆ ਅਰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ।
40 ਸੋ ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ?
41 ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਰਾਂ ਦਾ ਬੁਰੀ ਤਰਾਂ ਨਾਸ ਕਰੂ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪੁਚਾਉਣਗੇ।
42 ਯਿਸੂ ਨੇ ਉਨ੍ਹਾਂ ਨੂੰ ਆਖਿਆ, ਭਲਾ ਤੁਸਾਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ।
43 ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।
44 ਅਰ ਜੋ ਕੋਈ ਇਸ ਪੱਥਰ ਓੱਤੇ ਡਿੱਗੇਗਾ ਸੋ ਚੂਰ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ।
45 ਜਾਂ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਉਹ ਦੇ ਦ੍ਰਿਸ਼ਟਾਂਤ ਸੁਣੇ ਤਾਂ ਮਲੂਮ ਕੀਤਾ ਜੋ ਉਹ ਸਾਡੇ ਹੀ ਹੱਕ ਵਿੱਚ ਆਖਦਾ ਹੈ।
46 ਅਤੇ ਜਾਂ ਓਹ ਉਸ ਨੂੰ ਫੜਨਾ ਚਾਹੁੰਦੇ ਸਨ ਤਾਂ ਲੋਕਾਂ ਤੋਂ ਡਰੇ ਇਸ ਲਈ ਜੋ ਓਹ ਉਸ ਨੂੰ ਨਬੀ ਮੰਨਦੇ ਸਨ।
ਕਾਂਡ 22

1 ਯਿਸੂ ਨੇ ਅੱਗੋਂ ਉਨ੍ਹਾਂ ਦੇ ਨਾਲ ਦ੍ਰਿਸ਼ਟਾਂਤਾਂ ਵਿੱਚ ਫੇਰ ਬਚਨ ਕੀਤਾ ਅਰ ਕਿਹਾ,
2 ਸੁਰਗ ਦਾ ਰਾਜ ਇੱਕ ਪਾਤਸ਼ਾਹ ਵਰਗਾ ਹੈ ਜਿਹਨੇ ਆਪਣੇ ਪੁੱਤ੍ਰ ਦਾ ਵਿਆਹ ਕੀਤਾ।
3 ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਚਾਕਰਾਂ ਨੂੰ ਘੱਲਿਆ ਪਰ ਓਹ ਆਉਣ ਨੂੰ ਰਾਜੀ ਨਾ ਹੋਏ।
4 ਫੇਰ ਉਹ ਨੇ ਹੋਰਨਾਂ ਚਾਕਰਾਂ ਨੂੰ ਇਹ ਕਹਿ ਕੇ ਘੱਲਿਆ ਜੋ ਸੱਦੇ ਹੋਇਆਂ ਨੂੰ ਕਹੋ ਭਈ ਵੇਖੋ ਮੈਂ ਆਪਣਾ ਖਾਣਾ ਤਿਆਰ ਕੀਤਾ ਹੈ, ਮੇਰੇ ਬੈਲ ਅਰ ਮੋਟੇ ਮੋਟੇ ਜਾਨਵਰ ਕੋਹੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਚੱਲੋ।
5 ਪਰ ਓਹ ਬੇਪਰਵਾਹੀ ਕਰ ਕੇ ਚੱਲੇ ਗਏ, ਕੋਈ ਆਪਣੇ ਖੇਤ ਨੂੰ ਅਰ ਕੋਈ ਆਪਣੇ ਵਣਜ ਬੁਪਾਰ ਨੂੰ।
6 ਅਤੇ ਹੋਰਨਾਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਉਨ੍ਹਾਂ ਦੀ ਪੱਤ ਲਾਹੀ ਅਰ ਮਾਰ ਸੁੱਟਿਆ।
7 ਤਾਂ ਪਾਤਸ਼ਾਹ ਨੂੰ ਕ੍ਰੋਧ ਆਇਆ ਅਤੇ ਉਸ ਨੇ ਅਪਣੀਆਂ ਫੌਜਾਂ ਘੱਲ ਕੇ ਉਨ੍ਹਾਂ ਖੂਨੀਆਂ ਦਾ ਨਾਸ ਕਰ ਦਿੱਤਾ ਅਰ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ।
8 ਤਦ ਉਹ ਨੇ ਆਪਣੇ ਚਾਕਰਾਂ ਨੂੰ ਆਖਿਆ, ਵਿਆਹ ਦਾ ਸਾਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਨਲਾਇਕ ਹਨ।
9 ਸੋ ਤੁਸੀਂ ਚੁਰਾਹਿਆਂ ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ।
10 ਤਾਂ ਓਹ ਚਾਕਰ ਰਸਤਿਆਂ ਉੱਤੇ ਬਾਹਰ ਜਾਕੇ ਬੁਰੇ ਭਲੇ ਜਿੰਨੇ ਮਿਲੇ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਗਿਆ।
11 ਪਰ ਜਦ ਪਾਤਸ਼ਾਹ ਮੇਲੀਆਂ ਨੂੰ ਵੇਖਣ ਅੰਦਰ ਆਇਆ ਤਦ ਉੱਥੋਂ ਇੱਕ ਮਨੁੱਖ ਨੂੰ ਡਿੱਠਾ ਜਿਹੜਾ ਵਿਆਹੁਣਾ ਕੱਪੜਾ ਪਹਿਨਿਆ ਹੋਇਆ ਨਾ ਸੀ।
12 ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹੁਣੇ ਕੱਪੜੇ ਬਾਝੋਂ ਕਿਸ ਤਰਾਂ ਅੰਦਰ ਆਇਆ? ਪਰ ਉਹ ਚੁੱਪ ਹੀ ਰਹਿ ਗਿਆ।
13 ਤਦ ਪਾਤਸ਼ਾਹ ਨੇ ਟਹਿਲੂਆਂ ਨੂੰ ਆਖਿਆ, ਇਹ ਦੇ ਹੱਥ ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਘੋਰ ਵਿੱਚ ਸੁੱਟ ਦਿਓ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
14 ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ।
15 ਤਦੋਂ ਫ਼ਰੀਸੀਆਂ ਨੇ ਜਾ ਕੇ ਮਤਾ ਪਕਾਇਆ ਜੋ ਉਹ ਨੂੰ ਕਿਸ ਤਰਾਂ ਗੱਲਾਂ ਵਿੱਚ ਫਸਾਈਏ।
16 ਅਤੇ ਉਨ੍ਹਾਂ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ ਭਈ ਉਸ ਨੂੰ ਆਖਣ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਰ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ।
17 ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈ ਜੋ ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਯਾ ਨਹੀਂ?
18 ਪਰ ਯਿਸੂ ਨੇ ਉਨ੍ਹਾਂ ਦੀ ਸ਼ਰਾਰਤ ਜਾਣ ਕੇ ਆਖਿਆ, ਹੇ ਕਪਟੀਓ ਕਿਉਂ ਮੈਨੂੰ ਪਰਤਾਉਂਦੇ ਹੋ?
19 ਜਜ਼ੀਯੇ ਦਾ ਸਿੱਕਾ ਮੈਨੂੰ ਵਿਖਾਓ। ਤਦ ਓਹ ਇੱਕ ਅੱਠਿਆਨੀ ਉਸ ਕੋਲ ਲਿਆਏ।
20 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਹਦੀ ਹੈ?
21 ਉਨ੍ਹਾਂ ਉਸ ਨੂੰ ਕਿਹਾ, ਕੈਸਰ ਦੀ। ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।
22 ਅਤੇ ਉਨ੍ਹਾਂ ਨੇ ਇਹ ਸੁਣ ਕੇ ਅਚਰਜ ਮੰਨਿਆ ਅਰ ਉਸ ਨੂੰ ਛੱਡ ਕੇ ਚੱਲੇ ਗਏ।
23 ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਜੋ ਕਿਆਮਤ ਨਹੀਂ ਹੋਣੀ ਉਹ ਦੇ ਕੋਲ ਆਏ ਅਤੇ ਇਹ ਕਹਿ ਕੇ ਉਸ ਤੋਂ ਸਵਾਲ ਪੁੱਛਿਆ।
24 ਕਿ ਗੁਰੂ ਜੀ ਮੂਸਾ ਨੇ ਆਖਿਆ ਸੀ ਭਈ ਜੇ ਕੋਈ ਔਂਤ ਮਰ ਜਾਵੇ ਤਾਂ ਉਹ ਦਾ ਭਾਈ ਉਹ ਦੀ ਤੀਵੀਂ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ ਉਤਪੰਨ ਕਰੇ।
25 ਸੋ ਸਾਡੇ ਵਿੱਚ ਸੱਤ ਭਾਈ ਸਨ ਅਤੇ ਪਹਿਲਾ ਵਿਆਹ ਕਰਕੇ ਮਰ ਗਿਆ ਅਤੇ ਬੇਉਲਾਦਾ ਹੋਣ ਕਰਕੇ ਆਪਣੇ ਭਾਈ ਦੇ ਲਈ ਆਪਣੀ ਤੀਵੀਂ ਛੱਡ ਗਿਆ।
26 ਇਸੇ ਤਰਾਂ ਦੂਆ ਭੀ ਅਤੇ ਤੀਆ ਭੀ ਸੱਤਵੇਂ ਤੀਕਰ।
27 ਅਰ ਸਾਰਿਆਂ ਦੇ ਪਿੱਛੋਂ ਉਹ ਤੀਵੀਂ ਭੀ ਮਰ ਗਈ।
28 ਉਪਰੰਤ ਕਿਆਮਤ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਹ ਦੀ ਤੀਵੀਂ ਹੋਊ ਕਿਉਂਕਿ ਉਨ੍ਹਾਂ ਸਭਨਾਂ ਨੇ ਉਹ ਨੂੰ ਵਸਾਇਆ ਸੀ?
29 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਕਿਤਾਬਾਂ ਅਰ ਪਰਮੇਸ਼ੁਰ ਦੀ ਸਮਰੱਥਾ ਨੂੰ ਨਾ ਜਾਣ ਕੇ ਭੁੱਲ ਵਿੱਚ ਪਏ ਹੋ।
30 ਕਿਉਂ ਜੋ ਕਿਆਮਤ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਬਲਕਣ ਸੁਰਗ ਵਿੱਚ ਦੂਤਾਂ ਵਰਗੇ ਹਨ।
31 ਪਰ ਮੁਰਦਿਆਂ ਦੀ ਕਿਆਮਤ ਦੇ ਵਿਖੇ ਕੀ ਤੁਸਾਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਤੁਹਾਨੂੰ ਆਖਿਆ।
32 ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜੀਉਂਦਿਆਂ ਦਾ ਹੈ।
33 ਅਤੇ ਲੋਕ ਇਹ ਸੁਣ ਕੇ ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ।
34 ਪਰ ਜਦ ਫ਼ਰੀਸੀਆਂ ਨੇ ਸੁਣਿਆ ਜੋ ਉਹ ਨੇ ਸਦੂਕੀਆਂ ਦਾ ਮੁੰਹ ਬੰਦ ਕਰ ਦਿੱਤਾ ਤਦ ਓਹ ਇੱਕ ਥਾਂ ਇੱਕਠੇ ਹੋਏ।
35 ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜਿਹੜਾ ਸ਼ਰਾ ਦਾ ਸਿਖਲਾਉਣ ਵਾਲਾ ਸੀ ਉਹ ਦੇ ਪਰਤਾਉਣ ਲਈ ਸਵਾਲ ਕੀਤਾ।
36 ਜੋ ਗੁਰੂ ਜੀ ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ?
37 ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।
38 ਵੱਡਾ ਅਤੇ ਪਹਿਲਾ ਹੁਕਮ ਇਹੋ ਹੈ।
39 ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।
40 ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।
41 ਜਿਸ ਵੇਲੇ ਫ਼ਰੀਸੀ ਇਕੱਠੇ ਸਨ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ।
42 ਮਸੀਹ ਦੇ ਹੱਕ ਵਿੱਚ ਤੁਸੀਂ ਕੀ ਸਮਝਦੇ ਹੋ, ਉਹ ਕਿਹਦਾ ਪੁੱਤ੍ਰ ਹੈ? ਉਨ੍ਹਾਂ ਉਸ ਨੂੰ ਆਖਿਆ, ਦਾਊਦ ਦਾ।
43 ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਦਾਊਦ ਆਤਮਾ ਦੀ ਰਾਹੀਂ ਕਿੱਕੁਰ ਉਹ ਨੂੰ ਪ੍ਰਭੁ ਆਖਦਾ ਹੈ? ਕਿ
44 ਪ੍ਰਭੁ ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।
45 ਸੋ ਜਦ ਦਾਊਦ ਉਹ ਨੂੰ ਪ੍ਰਭੁ ਆਖਦਾ ਹੈ ਤਾਂ ਉਹ ਉਸ ਦਾ ਪੁੱਤ੍ਰ ਕਿਸ ਤਰਾਂ ਹੋਇਆ?
46 ਅਤੇ ਕੋਈ ਉਹ ਨੂੰ ਇੱਕ ਬਚਨ ਤੀਕਰ ਦਾ ਜਵਾਬ ਨਾ ਦੇ ਸੱਕਿਆ, ਨਾ ਉਸ ਦਿਨ ਤੋਂ ਕਿਸੇ ਦਾ ਹਿਆਉਂ ਪਿਆ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ।
ਕਾਂਡ 23

1 ਤਦ ਯਿਸੂ ਨੇ ਲੋਕਾਂ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ,
2 ਗ੍ਰੰਥੀ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹਨ।
3 ਇਸ ਲਈ ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ।
4 ਓਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਬੰਨ੍ਹ ਕੇ ਮਨੁੱਖਾਂ ਦਿਆਂ ਮੋਢਿਆਂ ਉੱਤੇ ਰੱਖਦੇ ਹਨ ਪਰ ਉਹ ਆਪ ਉਨ੍ਹਾਂ ਨੂੰ ਆਪਣੀ ਉਂਗਲ ਨਾਲ ਖਿਸਕਾਉਣ ਨੂੰ ਰਾਜੀ ਨਹੀਂ।
5 ਓਹ ਆਪਣੇ ਸਭ ਕੰਮ ਲੋਕਾਂ ਦੇ ਵਿਖਲਾਵੇ ਲਈ ਕਰਦੇ ਹਨ ਕਿਉਂ ਜੋ ਓਹ ਆਪਣੇ ਤਵੀਤ ਚਾਉੜੇ ਕਰਦੇ ਅਤੇ ਆਪਣੀਆਂ ਝਾਲਰਾਂ ਵਧਾਉਂਦੇ ਹਨ।
6 ਅਤੇ ਮਿਹਮਾਨੀਆਂ ਵਿੱਚ ਉੱਚੀਆਂ ਥਾਵਾਂ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ,
7 ਅਤੇ ਬਜਾਰਾਂ ਵਿੱਚ ਪਰਨਾਮ ਲੈਣ ਅਤੇ ਮਨੁੱਖਾਂ ਕੋਲੋਂ ਸੁਆਮੀ ਜੀ ਕਹਾਉਣ ਦੇ ਭੁੱਖੇ ਹਨ।
8 ਪਰ ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੋ ਭਾਈ ਹੋ।
9 ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ।
10 ਅਰ ਨਾ ਤੁਸੀਂ ਮਾਲਕ ਕਹਾਉ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ।
11 ਪਰ ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ ਸੋ ਤੁਹਾਡਾ ਟਹਿਲੂਆ ਹੋਵੇ।
12 ਅਤੇ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਸੋ ਉੱਚਾ ਕੀਤਾ ਜਾਵੇਗਾ।
13 ਪਰ ਹੇ ਕਪਟੀ ਗ੍ਰੰਥੀ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਇਸ ਲਈ ਜੋ ਤੁਸੀਂ ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ।
14 ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਰਲਾਉਣ ਲਈ ਜਲ ਥਲ ਗਾਹੁੰਦੇ ਹੋ ਅਤੇ ਜਾਂ ਉਹ ਆ ਚੁੱਕਿਆ ਤਾਂ ਤੁਸੀਂ ਉਹ ਨੂੰ ਆਪਣੇ ਨਾਲੋਂ ਦੂਣਾ ਨਰਕ ਦਾ ਪੁੱਤ੍ਰ ਬਣਾਉਂਦੇ ਹੋ।
16 ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਇ ਹਾਇ! ਜਿਹੜੇ ਆਖਦੇ ਹੋ ਭਈ ਜੇ ਕੋਈ ਹੈਕਲ ਦੀ ਸੌਂਹ ਖਾਵੇ ਤਾਂ ਕੁਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਖਾਵੇ ਤਾਂ ਉਹ ਪੂਰੀ ਕਰਨੀ ਪਊ।
17 ਹੇ ਮੂਰਖੋ ਅਤੇ ਅੰਨ੍ਹਿਓ ਕਿਹੜਾ ਵੱਡਾ ਹੈ ਸੋਨਾ ਯਾ ਹੈਕਲ ਜਿਹ ਨੇ ਸੋਨੇ ਨੂੰ ਪਵਿੱਤ੍ਰ ਕੀਤਾ ਹੈ?
18 ਅਤੇ ਇਹ ਆਖਦੇ ਹੋ ਭਈ ਜੇ ਕੋਈ ਜਗਵੇਦੀ ਦੀ ਸੌਂਹ ਖਾਵੇ ਤਾਂ ਕੁਝ ਗੱਲ ਨਹੀਂ ਪਰ ਜਿਹੜੀ ਭੇਟ ਉਸ ਉੱਤੇ ਹੈ ਜੇ ਉਹ ਦੀ ਸੌਂਹ ਖਾਵੇ ਤਾਂ ਉਹ ਨੂੰ ਪੂਰੀ ਕਰਨੀ ਪਊ।
19 ਹੇ ਅੰਨ੍ਹਿਓ ਕਿਹੜੀ ਵੱਡੀ ਹੈ ਭੇਟ ਯਾ ਜਗਵੇਦੀ ਜਿਹੜੀ ਭੇਟ ਨੂੰ ਪਵਿੱਤ੍ਰ ਕਰਦੀ ਹੈ?
20 ਇਸ ਲਈ ਜੋ ਕੋਈ ਜਗਵੇਦੀ ਦੀ ਸੌਂਹ ਖਾਂਦਾ ਹੈ ਸੋ ਉਹ ਦੀ ਅਤੇ ਸਭ ਚੀਜ਼ਾਂ ਦੀ ਜਿਹੜੀਆਂ ਉਸ ਉੱਤੇ ਹਨ ਸੌਂਹ ਖਾਂਦਾ ਹੈ।
21 ਅਤੇ ਜੋ ਕੋਈ ਹੈਕਲ ਦੀ ਸੌਂਹ ਖਾਂਦਾ ਹੈ ਸੋ ਉਸ ਦੀ ਅਰ ਉਸ ਦੇ ਵਿੱਚ ਰਹਿਣ ਵਾਲੇ ਦੀ ਭੀ ਸੌਂਹ ਖਾਂਦਾ ਹੈ।
22 ਅਤੇ ਜੋ ਕੋਈ ਸੁਰਗ ਦੀ ਸੌਂਹ ਖਾਂਦਾ ਹੈ ਸੋ ਪਰਮੇਸ਼ੁਰ ਦੇ ਸਿੰਘਾਸਣ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸੌਂਹ ਖਾਂਦਾ ਹੈ।
23 ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਪੂਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।
24 ਹੇ ਅੰਨ੍ਹੇ ਆਗੂਓ ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹੋ!
25 ਹੇ ਕਪਟੀ ਗ੍ਰੰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਓਹ ਲੁੱਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ।
26 ਹੇ ਅੰਨ੍ਹੇ ਫ਼ਰੀਸੀ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ ਤਾਂ ਓਹ ਬਾਹਰੋਂ ਵੀ ਸਾਫ਼ ਹੋਣਗੇ।
27 ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ।
28 ਇਸੇ ਤਰਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਰ ਕੁਧਰਮ ਨਾਲ ਭਰੇ ਹੋਏ ਹੋ।
29 ਹੇ ਕਪਟੀ ਗ੍ਰੰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਸਮਾਧਾਂ ਸੁਆਰਦੇ ਹੋ,
30 ਅਤੇ ਆਖਦੇ ਹੋ, ਜੇ ਅਸੀਂ ਆਪਣੇ ਪਿਉ ਦਾਦਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਨ੍ਹਾਂ ਨਾਲ ਨਬੀਆਂ ਦੇ ਖੂਨ ਵਿੱਚ ਸਾਂਝੀ ਨਾ ਹੁੰਦੇ।
31 ਸੋ ਤੁਸੀਂ ਆਪਣੇ ਉੱਤੇ ਗਵਾਹੀ ਦਿੰਦੇ ਹੋ ਜੋ ਅਸੀਂ ਨਬੀਆਂ ਦੇ ਖੂਨੀਆਂ ਦੇ ਪੁੱਤ੍ਰ ਹਾਂ।
32 ਸੋ ਤੁਸੀਂ ਆਪਣੇ ਪਿਉ ਦਾਦਿਆਂ ਦੇ ਮਾਪ ਨੂੰ ਭਰੀ ਜਾਓ।
33 ਹੇ ਸੱਪੋ, ਹੇ ਨਾਗਾਂ ਦੇ ਬੱਚਿਓ ! ਤੁਸੀਂ ਨਰਕ ਦੇ ਡੰਨੋਂ ਕਿਸ ਬਿਧ ਭੱਜੋਗੇ?
34 ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਗ੍ਰੰੰਥੀਆਂ ਨੂੰ ਤੁਹਾਡੇ ਕੋਲ ਭੇਜਦਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੀਆਂ ਸਮਾਜਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ ਸ਼ਹਿਰ ਉਨ੍ਹਾਂ ਦੇ ਮਗਰ ਪਓਗੇ।
35 ਤਾਂਕਿ ਧਰਮੀਆਂ ਦਾ ਜਿੰਨਾ ਲਹੂ ਧਰਤੀ ਉੱਤੇ ਵਹਾਇਆ ਗਿਆ ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬਰਕਯਾਹ ਦੇ ਪੁੱਤ੍ਰ ਜ਼ਕਰਯਾਹ ਦੇ ਲਹੂ ਤੀਕ ਜਿਹ ਨੂੰ ਤੁਸਾਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ ਸੱਭੋ ਤੁਹਾਡੇ ਜੁੰਮੇ ਆਵੇ।
36 ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀਹੜੀ ਦੇ ਲੋਕਾਂ ਦੇ ਜੁੰਮੇ ਆਵੇਗਾ।
37 ਹੇ ਯਰੂਸ਼ਲਮ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ।
38 ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।
39 ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਏਦੋਂ ਅੱਗੇ ਫੇਰ ਨਾ ਵੇਖੋਗੇ ਜਦ ਤੋੜੀ ਇਹ ਨਾ ਕਹੋਗੇ ਭਈ ਮੁਬਾਰਕ ਹੈ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ।
ਕਾਂਡ 24

1 1 ਯਿਸੂ ਹੈਕਲੋਂ ਬਾਹਰ ਨਿੱਕਲ ਕੇ ਚੱਲਿਆ ਜਾਂਦਾ ਸੀ ਕਿ ਉਹ ਦੇ ਚੇਲੇ ਉਸ ਕੋਲ ਆਏ ਜੋ ਹੈਕਲ ਦੀਆਂ ਇਮਾਰਤਾਂ ਉਹ ਨੂੰ ਵਿਖਾਲਣ।
2 ਪਰ ਉਸ ਨੇ ਅੱਗੋਂ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ? ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ ਜੋ ਡੇਗਿਆ ਨਾ ਜਾਵੇ।
3 ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਉਹ ਦੇ ਚੇਲੇ ਉਹ ਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?
4 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਭਈ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ।
5 ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ।
6 ਤੁਸੀਂ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਖ਼ਬਰਦਾਰ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਏਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ।
7 ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ।
8 ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ।
9 ਤਦ ਓਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।
10 ਅਤੇ ਉਸ ਸਮੇ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ।
11 ਅਰ ਬਹੁਤ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ।
12 ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।
13 ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।
14 ਅਤੇ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।
15 ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਹ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ। (ਵਾਚਣ ਵਾਲਾ ਸਮਝ ਲਵੇ)
16 ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।
17 ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਅਸਬਾਬ ਲੈਣ ਨੂੰ ਹੇਠਾਂ ਨਾ ਉੱਤਰੇ।
18 ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਲੀੜੇ ਲੈਣ ਨੂੰ ਪਿਛਾਹਾਂ ਨਾ ਮੁੜੇ।
19 ਪਰ ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ!
20 ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਯਾ ਸਬਤ ਦੇ ਦਿਨ ਨਾ ਹੋਵੇ।
21 ਕਿਉਂ ਜੋ ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੀ ਹੋਵੇਗਾ।
22 ਅਰ ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ।
23 ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਐਥੇ ਯਾ ਉੱਥੇ ਹੈ ਤਾਂ ਸੱਚ ਨਾ ਮੰਨਣਾ।
24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਰ ਅਜੇਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸੱਕਦਾ ਤਾਂ ਓਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦਿੰਦੇ।
25 ਵੇਖੋ ਮੈਂ ਤੁਹਾਨੂੰ ਅੱਗੋਂ ਹੀ ਦੱਸ ਦਿੱਤਾ।
26 ਇਸ ਲਈ ਜੇ ਓਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ। ਵੇਖੋ ਉਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸਤ ਨਾ ਮੰਨਣਾ।
27 ਕਿਉਂਕਿ ਜਿਸ ਤਰਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।
28 ਜਿੱਥੇ ਮੁਰਦਾਰ ਹੈ ਉੱਥੇ ਗਿਲਝਾਂ ਇਕੱਠੀਆਂ ਹੋਣਗੀਆਂ।
29 ਉਨ੍ਹਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਝੱਟ ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਰ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
30 ਤਦ ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।
31 ਅਤੇ ਉਹ ਤੁਰਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਰ ਓਹ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈਕੇ ਐਸ ਸਿਰੇ ਤੀਕਰ ਉਹ ਦੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰਨਗੇ।
32 ਫੇਰ ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ।
33 ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ।
34 ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।
35 ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ।
36 ਪਰ ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।
37 ਪਰ ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ।
38 ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ।
39 ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।
40 ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ।
41 ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ।
42 ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।
43 ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਭਈ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਲੱਗਣ ਨਾ ਦਿੰਦਾ।
44 ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।
45 ਉਪਰੰਤ ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ?
46 ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ।
47 ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ। 48 ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ। 49 ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ। 50 ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆਵੇਗਾ।
51 ਅਤੇ ਉਹ ਨੂੰ ਦੋ ਟੋਟੇ ਕਰ ਦੇਵੇਗਾ ਅਰ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
ਕਾਂਡ 25

1 ਉਸ ਵੇਲੇ ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸਾਲਾਂ ਲੈ ਕੇ ਲਾੜੇ ਨੂੰ ਮਿਲਨ ਨੂੰ ਨਿੱਕਲੀਆਂ।
2 ਅਰ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਚਤਰ ਸਨ।
3 ਕਿਉਂਕਿ ਜਿਹੜੀਆਂ ਮੂਰਖਣੀਆਂ ਸਨ ਉਨ੍ਹਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ।
4 ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾਂ ਨਾਲ ਲੈ ਲਿਆ।
5 ਅਤੇ ਜਦ ਲਾੜੇ ਨੇ ਚਿਰ ਲਾਇਆ ਓਹ ਸਭ ਊਂਘ ਪਈਆਂ ਅਤੇ ਸੌਂ ਗਈਆਂ।
6 ਅਰ ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਨ ਨੂੰ ਨਿੱਕਲੋ!
7 ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ।
8 ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ।
9 ਪਰ ਚਤਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ।
10 ਅਤੇ ਜਦ ਓਹ ਮੁੱਲ ਲੈਣ ਗਈਆਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ।
11 ਅਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਖੋਲ੍ਹ ਦਿਓ!
12 ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ।
13 ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।
14 ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ।
15 ਅਤੇ ਇੱਕ ਨੂੰ ਪੰਜ ਤੋੜੇ, ਦੂਏ ਨੂੰ ਦੋ ਅਤੇ ਤੀਏ ਨੂੰ ਇੱਕ, ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ।
16 ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਝੱਟ ਜਾ ਕੇ ਉਨ੍ਹਾਂ ਨਾਲ ਬਣਜ ਬੁਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ।
17 ਇਸੇ ਤਰਾਂ ਜਿਹ ਨੇ ਦੋ ਲਏ ਸਨ ਉਹ ਨੇ ਵੀ ਹੋਰ ਦੋ ਖੱਟ ਲਏ।
18 ਪਰ ਜਿਹ ਨੇ ਇੱਕੋ ਲਿਆ ਸੀ ਉਹ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਿਆਂ ਨੂੰ ਲੁਕਾ ਦਿੱਤਾ।
19 ਬਹੁਤ ਚਿਰ ਪਿੱਛੋਂ ਉਨ੍ਹਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।
20 ਸੋ ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆਣ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸਾਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਭੀ ਖੱਟੇ।
21 ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ ਸ਼ਾਬਾਸ਼ੇ! ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿੱਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖ਼ਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋ।
22 ਅਤੇ ਜਿਹ ਨੇ ਦੋ ਤੋੜੇ ਲਏ ਸਨ ਉਹ ਵੀ ਕੋਲ ਆਣ ਕੇ ਬੋਲਿਆ, ਸੁਆਮੀ ਤੁਸਾਂ ਮੈਨੂੰ ਦੋ ਤੋੜੇ ਸੌਂਪੇ ਸਨ। ਵੇਖੋ ਮੈਂ ਦੋ ਤੋੜੇ ਹੋਰ ਭੀ ਖੱਟੇ।
23 ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ ਸ਼ਾਬਾਸ਼ੇ! ਤੂੰ ਥੋੜੇ ਜਿਹੇ ਵਿੱਚ ਮਾਤਬਰ ਨਿੱਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖ਼ਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋ।
24 ਫੇਰ ਜਿਹ ਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆਣ ਕੇ ਬੋਲਿਆ, ਸੁਆਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਰ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ।
25 ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਏਹ ਆਪਣਾ ਲੈ ਲਓ।
26 ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਚਾਕਰ! ਕੀ ਤੈਂ ਜਾਣਿਆ ਭਈ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਰ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ?
27 ਇਸੇ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸਰਾਫ਼ਾਂ ਨੂੰ ਦਿੰਦਾ ਤਾਂ ਮੈਂ ਆਣ ਕੇ ਆਪਣਾ ਮਾਲ ਬਿਆਜ ਸੁੱਧਾ ਲੈਂਦਾ।
28 ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਹਦੇ ਕੋਲ ਦਸ ਤੋੜੇ ਹਨ ਉਹ ਨੂੰ ਦਿਓ।
29 ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ ਪਰ ਜਿਹ ਦੇ ਕੋਲ ਨਹੀਂ ਉਸ ਕੋਲੋਂ ਜੋ ਉਹ ਦਾ ਹੈ ਸੋ ਵੀ ਫੇਰ ਲਿਆ ਜਾਵੇਗਾ।
30 ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਘੋਰ ਵਿੱਚ ਕੱਢ ਦਿਓ। ਓਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
31 ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।
32 ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ।
33 ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ।
34 ਤਦ ਪਾਤਸ਼ਾਹ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।
35 ਕਿਉਂ ਜੋ ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਪਿਆਇਆ, ਮੈਂ ਪਰਦੇਸੀ ਸਾਂ ਅਰ ਤੁਸਾਂ ਮੈਨੂੰ ਆਪਣੇ ਘਰ ਉਤਾਰਿਆ।
36 ਨੰਗਾ ਸਾਂ ਅਰ ਤੁਸਾਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਅਰ ਤੁਸਾਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ।
37 ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੁ ਜੀ ਅਸਾਂ ਕਦ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ ਯਾ ਤਿਹਾਇਆ ਅਤੇ ਪਿਲਾਇਆ?
38 ਕਦ ਅਸਾਂ ਤੈਨੂੰ ਪਰਦੇਸੀ ਵੇਖਿਆ ਅਤੇ ਆਪਣੇ ਘਰ ਉਤਾਰਿਆ ਯਾ ਨੰਗਾ ਵੇਖਿਆ ਅਤੇ ਪਹਿਨਾਇਆ?
39 ਕਦ ਅਸਾਂ ਤੈਨੂੰ ਰੋਗੀ ਯਾ ਕੈਦੀ ਵੇਖਿਆ ਅਰ ਤੇਰੇ ਕੋਲ ਆਏ?
40 ਪਾਤਸ਼ਾਹ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।
41 ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ।
42 ਕਿਉਂ ਜੋ ਮੈਂ ਭੁੱਖਾਂ ਸਾਂ ਅਰ ਤੁਸਾਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸਾਂ ਅਰ ਤੁਸਾਂ ਮੈਨੂੰ ਨਾ ਪਿਆਇਆ।
43 ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸਾਂ ਅਤੇ ਤੁਸਾਂ ਮੈਨੂੰ ਨਾ ਪਹਿਨਾਇਆ, ਰੋਗੀ ਅਤੇ ਕੈਦੀ ਸਾਂ ਅਰ ਤੁਸਾਂ ਮੇਰੀ ਖ਼ਬਰ ਨਾ ਲਈ।
44 ਤਦ ਓਹ ਵੀ ਉੱਤਰ ਦੇਣਗੇ, ਪ੍ਰਭੁ ਜੀ ਕਦ ਅਸਾਂ ਤੈਨੂੰ ਭੁੱਖਾ ਯਾ ਤਿਹਾਇਆ ਯਾ ਪਰਦੇਸੀ ਯਾ ਨੰਗਾ ਯਾ ਰੋਗੀ ਯਾ ਕੈਦੀ ਵੇਖਿਆ ਅਤੇ ਤੇਰੀ ਟਹਿਲ ਨਾ ਕੀਤੀ?
45 ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ।
46 ਅਤੇ ਏਹ ਸਦੀਪਕ ਸਜ਼ਾ ਵਿੱਚ ਜਾਣਗੇ ਪਰ ਧਰਮੀ ਸਦੀਪਕ ਜੀਉਣ ਵਿੱਚ।
ਕਾਂਡ 26

1 1 ਐਉਂ ਹੋਇਆ ਕਿ ਜਾਂ ਯਿਸੂ ਏਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲਿਆਂ ਨੂੰ ਆਖਿਆ,
2 ਤੁਸੀਂ ਜਾਣਦੇ ਹੋ ਜੋ ਦੋਹੁੰ ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤ੍ਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।
3 ਤਦ ਪਰਧਾਨ ਜਾਜਕ ਅਤੇ ਲੋਕਾਂ ਦੇ ਬਜੁਰਗ ਕਯਾਫ਼ਾ ਨਾਮੇ ਸਰਦਾਰ ਜਾਜਕ ਦੇ ਵੇਹੜੇ ਵਿੱਚ ਇਕੱਠੇ ਹੋਏ।
4 ਅਰ ਮਤਾ ਪਕਾਇਆ ਜੋ ਯਿਸੂ ਨੂੰ ਛਲ ਨਾਲ ਫੜ ਕੇ ਮਾਰ ਸੁੱਟੀਏ।
5 ਪਰ ਉਨ੍ਹਾਂ ਆਖਿਆ ਜੋ ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਬਲਵਾ ਨਾ ਹੋ ਜਾਏ।
6 ਅਤੇ ਜਾਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ।
7 ਤਾਂ ਇੱਕ ਤੀਵੀਂ ਮਹਿੰਗ ਮੁੱਲਾ ਅਤਰ ਸ਼ੀਸ਼ੀ ਵਿੱਚ ਉਹ ਦੇ ਕੋਲ ਲਿਆਈ ਅਰ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹ ਦੇ ਸਿਰ ਉੱਤੇ ਡੋਹਲ ਦਿੱਤਾ।
8 ਪਰ ਚੇਲੇ ਇਹ ਵੇਖ ਦੇ ਖਿਝ ਗਏ ਅਤੇ ਬੋਲੇ, ਇਹ ਨੁਕਸਾਨ ਕਾਹ ਨੂੰ ਹੋਇਆ?
9 ਕਿਉਂਕਿ ਹੋ ਸੱਕਦਾ ਸੀ ਜੋ ਇਹ ਵੱਡੇ ਮੁੱਲ ਨੂੰ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ।
10 ਪਰ ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਇਸ ਤੀਵੀਂ ਨੂੰ ਕਿਉਂ ਔਖਿਆਂ ਕਰਦੇ ਹੋ? ਕਿਉਂ ਜੋ ਉਹ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ।
11 ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।
12 ਇਹ ਅਤਰ ਜੋ ਉਸ ਨੇ ਮੇਰੀ ਦੇਹੀ ਉੱਤੇ ਪਾਇਆ ਸੋ ਮੇਰੇ ਕਫ਼ਨਾਉਣ ਦਫ਼ਨਾਉਣ ਲਈ ਕੀਤਾ ਹੈ।
13 ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਹੋਵੇਗਾ ਉੱਥੇ ਇਹ ਵੀ ਜੋ ਉਹ ਨੇ ਕੀਤਾ ਹੈ ਉਹ ਦੀ ਯਾਦਗਾਰੀ ਲਈ ਕਿਹਾ ਜਾਵੇਗਾ।
14 ਤਦ ਉਨ੍ਹਾਂ ਬਾਰਾਂ ਵਿੱਚੋਂ ਇੱਕ ਨੇ ਜਿਹ ਦਾ ਨਾਉਂ ਯਹੂਦਾ ਇਸਕਰਿਯੋਤੀ ਸੀ ਪਰਧਾਨ ਜਾਜਕਾਂ ਕੋਲ ਜਾ ਕੇ ਆਖਿਆ,
15 ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਾਂ ਉਨ੍ਹਾਂ ਉਸ ਨੂੰ ਤੀਹ ਰੁਪਏ ਤੋਲ ਦਿੱਤੇ।
16 ਅਤੇ ਉਹ ਉਸੇ ਵੇਲਿਓਂ ਉਹ ਦੇ ਫੜਵਾਉਣ ਦਾ ਦਾਉ ਲੱਭਦਾ ਸੀ।
17 ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ?
18 ਤਾਂ ਉਹ ਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹ ਨੂੰ ਕਹੋ ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ।
19 ਚੇਲਿਆਂ ਨੇ ਜਿਸ ਤਰਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਉਸੇ ਤਰਾਂ ਕੀਤਾ ਅਤੇ ਪਸਾਹ ਤਿਆਰ ਕੀਤੀ।
20 ਜਾਂ ਸੰਝ ਹੋਈ ਤਾਂ ਉਹ ਬਾਰਾਂ ਚੇਲਿਆਂ ਸਣੇ ਬੈਠਾ ਖਾਂਦਾ ਸੀ।
21 ਅਰ ਜਦ ਓਹ ਖਾ ਰਹੇ ਸਨ ਉਸ ਨੇ ਆਖਿਆ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।
22 ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹ ਨੂੰ ਆਖਣ ਲੱਗਾ, ਪ੍ਰਭੁ ਜੀ ਕੀ ਉਹ ਮੈਂ ਹਾਂ?
23 ਉਹ ਨੇ ਉੱਤਰ ਦਿੱਤਾ, ਜਿਹ ਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ ਉਹੋ ਮੈਨੂੰ ਫੜਵਾਏਗਾ।
24 ਮਨੁੱਖ ਦਾ ਪੁੱਤ੍ਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਹ ਦੀ ਰਾਹੀਂ ਮਨੁੱਖ ਦਾ ਪੁੱਤ੍ਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਿੱਜ ਜੰਮਦਾ।
25 ਤਦ ਯਹੂਦਾ ਜਿਹ ਨੇ ਉਹ ਨੂੰ ਫੜਵਾਇਆ ਅੱਗੋਂ ਬੋਲਿਆ, ਸੁਆਮੀ ਜੀ, ਕੀ ਉਹ ਮੈਂ ਹਾਂ? ਓਸ ਉਹ ਨੂੰ ਆਖਿਆ, ਤੈਂ ਆਪੇ ਆਖ ਦਿੱਤਾ।
26 ਜਦ ਓਹ ਖਾ ਰਹੇ ਸਨ ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ।
27 ਫੇਰ ਉਹ ਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ।
28 ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।
29 ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਏਦੋਂ ਅੱਗੇ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੀਕਰ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ।
30 ਫੇਰ ਓਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ।
31 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।
32 ਮੈਂ ਆਪਣੇ ਜੀ ਉੱਠਣ ਦੇ ਪਿਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ।
33 ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ।
34 ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸਤ ਆਖਦਾ ਹਾਂ ਜੋ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ।
35 ਪਤਰਸ ਨੇ ਉਹ ਨੂੰ ਕਿਹਾ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਭੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੇ ਨਾ ਕਰਾਂਗਾ ਅਤੇ ਸਾਰੇ ਚੇਲੇ ਇਸੇ ਤਰਾਂ ਆਖਣ ਲੱਗੇ।
36 ਤਦ ਯਿਸੂ ਉਨ੍ਹਾਂ ਦੇ ਨਾਲ ਗਥਸਮਨੀ ਨਾਮੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਐਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ।
37 ਅਤੇ ਪਤਰਸ ਅਰ ਜ਼ਬਦੀ ਦੇ ਦੋਵੇਂ ਪੁੱਤ੍ਰਾਂ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਦਿਲਗੀਰ ਹੋਣ ਲੱਗਾ।
38 ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ। ਤੁਸੀਂ ਐਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।
39 ਅਰ ਥੋੜਾ ਅੱਗੇ ਵਧ ਕੇ ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।
40 ਅਤੇ ਚੇਲਿਆਂ ਦੇ ਕੋਲ ਆਣ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹ ਕੀ, ਤੁਹਾਥੋਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ?
41 ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।
42 ਫੇਰ ਉਹ ਦੂਈ ਵਾਰ ਗਿਆ ਅਤੇ ਏਹ ਕਹਿ ਕੇ ਉਹ ਨੇ ਪ੍ਰਾਰਥਨਾ ਕੀਤੀ, ਹੇ ਮੇਰੇ ਪਿਤਾ, ਜੇ ਇਹ ਮੇਰੇ ਪੀਣ ਬਿਨਾਂ ਨਹੀਂ ਟਲ ਸੱਕਦਾ ਤਾਂ ਤੇਰੀ ਮਰਜ਼ੀ ਹੋਵੇ।
43 ਅਤੇ ਉਸ ਨੇ ਆਣ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦਰ ਨਾਲ ਭਾਰੀਆਂ ਹੋਈਆਂ ਸਨ।
44 ਅਤੇ ਉਨ੍ਹਾਂ ਨੂੰ ਫੇਰ ਛੱਡ ਕੇ ਗਿਆ ਅਰ ਉਹੋ ਗੱਲ ਕਹਿ ਕੇ ਤੀ ਜੀ ਵਾਰੀ ਪ੍ਰਾਰਥਨਾ ਕੀਤੀ।
45 ਫੇਰ ਚੇਲਿਆਂ ਕੋਲ ਆਣ ਕੇ ਉਨ੍ਹਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਰਹੋ ਅਤੇ ਵਿਸਰਾਮ ਕਰੋ। ਵੇਖੋ, ਘੜੀ ਆ ਗਈ ਹੈ ਅਤੇ ਮਨੁੱਖ ਦਾ ਪੁੱਤ੍ਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ।
46 ਉੱਠੋ, ਚੱਲੀਏ। ਵੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।
47 ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਪਰਧਾਨ ਜਾਜਕਾਂ ਅਰ ਲੋਕਾਂ ਦੇ ਬਜੁਰਗਾਂ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ। 48 ਅਤੇ ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਹਿ ਕਿ ਪਤਾ ਦਿੱਤਾ ਸੀ ਭਈ ਜਿਹ ਨੂੰ ਮੈਂ ਚੁੰਮਾਂ ਉਹੋ ਹੈ, ਉਸ ਨੂੰ ਫੜ ਲੈਣਾ। 49 ਅਰ ਝੱਟ ਯਿਸੂ ਕੋਲ ਆਣ ਕੇ ਉਹ ਨੂੰ ਆਖਿਆ, ਸੁਆਮੀ ਜੀ ਅਦੇਸ! ਅਤੇ ਉਸ ਨੂੰ ਚੁੰਮਿਆ। 50 ਤਾਂ ਯਿਸੂ ਨੇ ਉਹ ਨੂੰ ਆਖਿਆ, ਬੇਲੀਆ, ਕਿਵੇਂ ਆਇਆ? ਤਦ ਉਨ੍ਹਾਂ ਨੇ ਕੋਲ ਆਣ ਕੇ ਯਿਸੂ ਉੱਤੇ ਹੱਥ ਪਾਏ ਅਤੇ ਉਹ ਨੂੰ ਫੜ ਲਿਆ।
51 ਅਰ ਵੇਖੋ, ਯਿਸੂ ਦੇ ਨਾਲ ਦਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਧੂ ਲਈ ਅਤੇ ਸਰਦਾਰ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ। 52 ਤਦ ਯਿਸੂ ਨੇ ਉਹ ਨੂੰ ਆਖਿਆ, ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ। 53 ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ? 54 ਫੇਰ ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ? 55 ਉਸੇ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ, ਤਲਵਾਰਾਂ ਅਤੇ ਡਾਂਗਾਂ ਫੜੀ ਕੀ ਤੁਸੀਂ ਮੈਨੂੰ ਡਾਕੂ ਵਾਂਙੁ ਫੜਨ ਨੂੰ ਨਿੱਕਲੇ ਹੋ? ਮੈਂ ਰੋਜ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸਾਂ ਅਤੇ ਤੁਸਾਂ ਮੈਨੂੰ ਨਾ ਫੜਿਆ। 56 ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਾਰੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ। 57 ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ ਸੋ ਸਰਦਾਰ ਜਾਜਕ ਕਯਾਫ਼ਾ ਦੇ ਕੋਲ ਜਿੱਥੇ ਗ੍ਰੰਥੀ ਅਰ ਬਜੁਰਗ ਇਕੱਠੇ ਹੋਏ ਸਨ ਉਹ ਨੂੰ ਲੈ ਗਏ। 58 ਅਤੇ ਪਤਰਸ ਕੁਝ ਵਿੱਥ ਨਾਲ ਉਹ ਦੇ ਪਿੱਛੇ ਪਿੱਛੇ ਸਰਦਾਰ ਜਾਜਕ ਦੇ ਵੇਹੜੇ ਤੀਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ ਭਈ ਓੜਕ ਨੂੰ ਵੇਖੇ। 59 ਪਰਧਾਨ ਜਾਜਕ ਅਰ ਸਾਰੀ ਮਹਾਸਭਾ ਯਿਸੂ ਦੇ ਵਿਰੁੱਧ ਉਹ ਦੇ ਜਾਨੋਂ ਮਾਰਨ ਲਈ ਝੂਠੀ ਗਵਾਹੀ ਢੂੰਡਦੀ ਸੀ।
60 ਪਰ ਨਾ ਲੱਭੀ ਭਾਵੇਂ ਝੂਠੇ ਗਵਾਹ ਬਹੁਤ ਆਏ। ਪਰ ਓੜਕ ਨੂੰ ਦੋ ਜਣੇ ਅੱਗੇ ਆਣ ਕੇ ਬੋਲੇ,
61 ਇਹ ਨੇ ਆਖਿਆ ਹੈ, ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਹ ਨੂੰ ਬਣਾ ਸੱਕਦਾ ਹਾਂ।
62 ਅਤੇ ਸਰਦਾਰ ਜਾਜਕ ਨੇ ਖਲੋ ਕੇ ਉਹ ਨੂੰ ਆਖਿਆ, ਕੀ ਤੂੰ ਜਵਾਬ ਨਹੀਂ ਦਿੰਦਾ? ਏਹ ਤੇਰੇ ਵਿਰੁੱਧ ਕੀ ਉਗਾਹੀ ਦਿੰਦੇ ਹਨ?
63 ਪਰ ਯਿਸੂ ਚੁੱਪ ਹੀ ਰਿਹਾ ਅਤੇ ਸਰਦਾਰ ਜਾਜਕ ਨੇ ਉਹ ਨੂੰ ਆਖਿਆ, ਮੈਂ ਤੈਨੂੰ ਜੀਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਾਨੂੰ ਦੱਸ।
64 ਯਿਸੂ ਨੇ ਉਹ ਨੂੰ ਕਿਹਾ, ਤੈਂ ਸਤ ਆਖ ਦਿੱਤਾ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਏਦੋਂ ਅੱਗੇ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ।
65 ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਏਸ ਕੁਫ਼ਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ ? ਵੇਖੋ ਹੁਣੇ ਤੁਸਾਂ ਇਹ ਕੁਫ਼ਰ ਸੁਣਿਆ। ਤੁਹਾਡੀ ਕੀ ਸਲਾਹ ਹੈ?
66 ਉਨ੍ਹਾਂ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਜੋਗ ਹੈ।
67 ਤਦ ਉਨ੍ਹਾਂ ਨੇ ਉਹ ਦੇ ਮੂੰਹ ਉੱਤੇ ਥੁੱਕਿਆ ਅਰ ਉਹ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰ ਕੇ ਕਿਹਾ,
68 ਹੇ ਮਸੀਹ, ਸਾਨੂੰ ਅਗੰਮ ਗਿਆਨ ਨਾਲ ਦੱਸ, ਤੈਨੂੰ ਕਿਹ ਨੇ ਮਾਰਿਆ?
69 ਅਤੇ ਪਤਰਸ ਬਾਹਰ ਵੇਹੜੇ ਵਿੱਚ ਬੈਠਾ ਸੀ ਅਰ ਇੱਕ ਗੋੱਲੀ ਉਹ ਦੇ ਕੋਲ ਆਣ ਕੇ ਬੋਲੀ, ਯਿਸੂ ਗਲੀਲੀ ਦੇ ਨਾਲ ਤੂੰ ਭੀ ਸੈਂ।
70 ਪਰ ਉਹ ਨੇ ਸਭਨਾਂ ਦੇ ਅੱਗੇ ਮੁੱਕਰ ਕੇ ਆਖਿਆ, ਮੈਂ ਨਹੀਂ ਜਾਣਦਾ ਤੂੰ ਕੀ ਬੋਲਦੀ ਹੈਂ।
71 ਜਦ ਉਹ ਬਾਹਰ ਡਿਉੜੀ ਵਿੱਚ ਗਿਆ ਦੂਈ ਨੇ ਉਹ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ ਆਖਿਆ, ਇਹ ਭੀ ਯਿਸੂ ਨਾਸਰੀ ਦੇ ਨਾਲ ਸੀ। 72 ਅਤੇ ਉਹ ਸੌਂਹ ਖਾ ਕੇ ਫੇਰ ਮੁੱਕਰ ਗਿਆ ਜੋ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। 73 ਅਰ ਥੋੜੇ ਚਿਰ ਪਿੱਛੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੇ ਕੋਲ ਆਣ ਕੇ ਪਤਰਸ ਨੂੰ ਕਿਹਾ, ਸੱਚੀ ਮੁੱਚੀ ਤੂੰ ਭੀ ਉਨ੍ਹਾਂ ਵਿੱਚੋਂ ਹੈਂ ਤੇਰੀ ਬੋਲੀ ਪਈ ਦੱਸਦੀ ਹੈ। 74 ਤਦ ਉਹ ਸਰਾਪ ਦੇਣ ਅਰ ਸੌਂਹ ਖਾਣ ਲੱਗਾ ਭਈ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। ਅਤੇ ਓਵੇਂ ਕੁੱਕੜ ਨੇ ਬਾਂਗ ਦਿੱਤੀ। 75 ਤਦੋਂ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯਿਸੂ ਨੇ ਆਖੀ ਸੀ ਜੋ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ ਅਤੇ ਉਹ ਬਾਹਰ ਗਿਆ ਅਰ ਭੁੱਭਾਂ ਮਾਰ ਕੇ ਰੋਇਆ।
ਕਾਂਡ 27

1 ਜਾਂ ਸਵੇਰ ਹੋਈ ਤਾਂ ਸਾਰੇ ਪਰਧਾਨ ਜਾਜਕਾਂ ਅਤੇ ਲੋਕਾਂ ਦੇ ਬਜੁਰਗਾਂ ਨੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਜੋ ਉਹ ਨੂੰ ਜਾਨੋਂ ਮਾਰ ਸੁੱਟਣ।
2 ਅਤੇ ਉਹ ਨੂੰ ਬੰਨ੍ਹ ਕੇ ਲੈ ਗਏ ਅਰ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ।
3 ਤਦ ਯਹੂਦਾ ਜਿਹ ਨੇ ਉਸ ਨੂੰ ਫੜਵਾਇਆ ਸੀ ਇਹ ਵੇਖ ਕੇ ਜੋ ਉਸ ਉੱਤੇ ਸਜਾ ਦਾ ਹੁਕਮ ਹੋ ਗਿਆ ਹੈ ਪਛਤਾਇਆ ਅਤੇ ਓਹ ਤੀਹ ਰੁਪਏ ਪਰਧਾਨ ਜਾਜਕਾਂ ਅਰ ਬਜੁਰਗਾਂ ਕੋਲ ਮੋੜ ਲਿਆਇਆ।
4 ਅਤੇ ਬੋਲਿਆ, ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ। ਓਹ ਬੋਲੇ, ਸਾਨੂੰ ਕੀ? ਤੂੰ ਹੀ ਜਾਣ।
5 ਅਤੇ ਉਹ ਉਨ੍ਹਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਅਰ ਜਾਕੇ ਆਪੇ ਫਾਹਾ ਲੈ ਲਿਆ।
6 ਅਤੇ ਪਰਧਾਨ ਜਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾ ਜੋਗ ਨਹੀਂ ਕਿਉਂਕਿ ਲਹੂ ਦਾ ਮੁੱਲ ਹੈ।
7 ਤਾਂ ਉਨ੍ਹਾਂ ਨੇ ਮਤਾ ਕਰ ਕੇ ਉਨ੍ਹਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਦੇ ਲਈ ਮੁੱਲ ਲਿਆ।
8 ਇਸ ਕਾਰਨ ਉਹ ਖੇਤ ਅੱਜ ਤੀਕਰ ਲਹੂ ਦਾ ਖੇਤ ਕਹਾਉਂਦਾ ਹੈ।
9 ਤਦ ਜਿਹੜਾ ਬਚਨ ਯਿਰਮਿਯਾਹ ਨਬੀ ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ ਕਿ ਉਨ੍ਹਾਂ ਨੇ ਤੀਹ ਰੁਪਏ ਲਏ ਅਰਥਾਤ ਉਸ ਦਾ ਮੁੱਲ ਜਿਹ ਦਾ ਇਸਰਾਏਲ ਦੇ ਵੰਸ ਦੇ ਵਿੱਚੋਂ ਕਿੰਨਿਆਂ ਨੇ ਮੁੱਲ ਠਹਿਰਾਇਆ।
10 ਅਤੇ ਉਨ੍ਹਾਂ ਨੂੰ ਘੁਮਿਆਰ ਦੇ ਖੇਤ ਦੇ ਬਦਲੇ ਦਿੱਤਾ ਜਿਵੇਂ ਪ੍ਰਭੁ ਨੇ ਮੈਨੂੰ ਆਗਿਆ ਕੀਤੀ।
11 ਯਿਸੂ ਹਾਕਮ ਦੇ ਸਾਹਮਣੇ ਖੜਾ ਸੀ ਅਰ ਹਾਕਮ ਨੇ ਉਸ ਤੋਂ ਇਹ ਪੁੱਛਿਆ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ? ਯਿਸੂ ਨੇ ਉਹ ਨੂੰ ਆਖਿਆ, ਤੂੰ ਸਤ ਆਖਿਆ ਹੈ।
12 ਜਦ ਪਰਧਾਨ ਜਾਜਕ ਅਰ ਬਜੁਰਗ ਉਸ ਉੱਤੇ ਦੋਸ਼ ਲਾਉਂਦੇ ਸਨ ਉਹ ਕੁਝ ਜਵਾਬ ਨਹੀਂ ਸੀ ਦਿੰਦਾ।
13 ਤਦ ਪਿਲਾਤੁਸ ਨੇ ਉਹ ਨੂੰ ਕਿਹਾ, ਤੂੰ ਸੁਣਦਾ ਨਹੀਂ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਉਗਾਹੀਆਂ ਦਿੰਦੇ ਹਨ?
14 ਪਰ ਓਸ ਉਹ ਨੂੰ ਇੱਕ ਗੱਲ ਦਾ ਵੀ ਜਵਾਬ ਨਾ ਦਿੱਤਾ ਐਥੋਂ ਤੀਕ ਜੋ ਹਾਕਮ ਨੇ ਬਹੁਤ ਅਚਰਜ ਮੰਨਿਆ।
15 ਅਤੇ ਹਾਕਮ ਦਾ ਇਹ ਦਸਤੂਰ ਸੀ ਜੋ ਉਸ ਤਿਉਹਾਰ ਨੂੰ ਲੋਕਾਂ ਦੀ ਖ਼ਾਤਰ ਇੱਕ ਕੈਦੀ ਜਿਹ ਨੂੰ ਓਹ ਚਾਹੁੰਦੇ ਸਨ ਛੱਡਦਾ ਹੁੰਦਾ ਸੀ।
16 ਅਰ ਉਸ ਵੇਲੇ ਉਨ੍ਹਾਂ ਦਾ ਬਰੱਬਾ ਕਰਕੇ ਇੱਕ ਨਾਮੀ ਕੈਦੀ ਸੀ।
17 ਸੋ ਜਾਂ ਓਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ, ਬਰੱਬਾ ਨੂੰ ਯਾ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ?
18 ਕਿਉਂਕਿ ਉਹ ਜਾਣਦਾ ਸੀ ਜੋ ਉਨ੍ਹਾਂ ਉਸ ਨੂੰ ਖਾਰ ਦੇ ਮਾਰੇ ਹਵਾਲੇ ਕੀਤਾ ਸੀ।
19 ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ ਉਹ ਦੀ ਪਤਨੀ ਨੇ ਉਹ ਨੂੰ ਅਖਵਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫਨੇ ਵਿੱਚ ਉਸ ਦੇ ਕਾਰਨ ਵੱਡਾ ਦੁਖ ਡਿੱਠਾ।
20 ਪਰ ਪਰਧਾਨ ਜਾਜਕਾਂ ਅਤੇ ਬਜੁਰਗਾਂ ਨੇ ਲੋਕਾਂ ਨੂੰ ਉਭਾਰਿਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ।
21 ਫੇਰ ਹਾਕਮ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਹ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖ਼ਾਤਰ ਛੱਡ ਦਿਆਂ? ਓਹ ਬੋਲੇ, ਬਰੱਬਾ ਨੂੰ!
22 ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ? ਓਹ ਸਭ ਬੋਲੇ, ਸਲੀਬ ਦਿਓ!
23 ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ ? ਪਰ ਉਨ੍ਹਾਂ ਨੇ ਹੋਰ ਵੀ ਡੰਡ ਪਾ ਕੇ ਆਖਿਆ, ਇਹ ਨੂੰ ਸਲੀਬ ਦਿਓ!
24 ਜਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ ਸਗੋਂ ਹੋਰ ਵੀ ਰੌਲਾ ਪੈਂਦਾ ਜਾਂਦਾ ਹੈ ਤਦ ਉਹ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ। ਤੁਸੀਂ ਜਾਣੋ।
25 ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹ ਦਾ ਲਹੂ ਸਾਡੇ ਉੱਤੇ ਅਰ ਸਾਡੀ ਉਲਾਦ ਉੱਤੇ ਹੋਵੇ!
26 ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੀ ਖ਼ਾਤਰ ਛੱਡ ਦਿੱਤਾ ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ।
27 ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦਿਵਾਨਖ਼ਾਨੇ ਵਿੱਚ ਲੈ ਜਾ ਕੇ ਸਾਰਾ ਜੱਥਾ ਉਹ ਦੇ ਕੋਲ ਇਕੱਠਾ ਕੀਤਾ।
28 ਅਤੇ ਉਹ ਦੇ ਕੱਪੜੇ ਲਾਹ ਕੇ ਕਿਰਮਚੀ ਚੋਗ਼ਾ ਉਹ ਨੂੰ ਪੁਆਇਆ।
29 ਅਤੇ ਉਨ੍ਹਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹ ਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹ ਦੇ ਸੱਜੇ ਹੱਥ ਵਿੱਚ ਦਿੱਤਾ ਅਰ ਉਹ ਦੇ ਸਾਹਮਣੇ ਗੋਡੇ ਨਿਵਾਏ ਅਤੇ ਉਹ ਨੂੰ ਠੱਠਾ ਮਾਰ ਕੇ ਆਖਿਆ, ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!
30 ਅਤੇ ਉਨ੍ਹਾਂ ਨੇ ਉਸ ਉੱਤੇ ਥੁੱਕਿਆ ਅਰ ਉਹ ਕਾਨਾ ਲੈਕੇ ਉਹ ਦੇ ਸਿਰ ਉੱਤੇ ਮਾਰਿਆ।
31 ਜਦ ਉਹ ਨੂੰ ਠੱਠਾ ਕਰ ਹਟੇ ਤਦ ਉਨ੍ਹਾਂ ਨੇ ਉਹ ਚੋਗ਼ਾ ਉਹ ਦੇ ਉੱਤੋਂ ਲਾਹ ਲਿਆ ਅਰ ਉਸੇ ਦੇ ਕੱਪੜੇ ਉਹ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਹ ਨੂੰ ਲੈ ਗਏ।
32 ਜਦ ਓਹ ਬਾਹਰ ਜਾਂਦੇ ਸਨ ਉਨ੍ਹਾਂ ਨੇ ਸ਼ਮਊਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਲੱਭਿਆ। ਉਹ ਨੂੰ ਵਿਗਾਰੇ ਫੜਿਆ ਭਈ ਉਹ ਦੀ ਸਲੀਬ ਚੁੱਕ ਕੇ ਲੈ ਚੱਲੇ।
33 ਅਤੇ ਜਾਂ ਉਸ ਥਾਂ ਵਿੱਚ ਆਏ ਜਿਹ ਦਾ ਨਾਉਂ ਗਲਗਥਾ ਅਰਥਾਤ ਖੋਪਰੀ ਦਾ ਥਾਂ ਸੀ।
34 ਤਾਂ ਉਨ੍ਹਾਂ ਨੇ ਪਿੱਤ ਦੇ ਨਾਲ ਮਿਲਾਈ ਹੋਈ ਦਾਖ ਰਸ ਉਹ ਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਖ ਕੇ ਉਹ ਨੂੰ ਪੀਣਾ ਨਾ ਚਾਹਿਆ।
35 ਤਾਂ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾਕੇ ਉਹ ਦੇ ਕੱਪੜੇ ਵੰਡ ਲਏ।
36 ਅਰ ਬੈਠ ਕੇ ਉੱਥੇ ਉਹ ਦੀ ਰਾਖੀ ਕਰਨ ਲੱਗੇ।
37 ਉਨ੍ਹਾਂ ਨੇ ਉਹ ਦੇ ਸਿਰ ਦੇ ਉਤਾਹਾਂ ਕਰ ਕੇ ਉਹ ਦੀ ਦੋਸ਼-ਪੱਤਰੀ ਲਾਈ, ਇਹ ਯਿਸੂ ਯਹੂਦੀਆਂ ਦਾ ਪਾਤਸ਼ਾਹ ਹੈ
38 ਉਸ ਵੇਲੇ ਉਹ ਦੇ ਨਾਲ ਦੋ ਡਾਕੂ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਇੱਕ ਖੱਬੇ ਪਾਸੇ।
39 ਅਤੇ ਆਉਣ ਜਾਣ ਵਾਲੇ ਉਹ ਨੂੰ ਤਾਨੇ ਮਾਰ ਕੇ ਅਤੇ ਸਿਰ ਹਿਲਾ ਕੇ ਕਹਿਣ ਲੱਗੇ।
40 ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਸਲੀਬ ਉੱਤੋਂ ਉੱਤਰ ਆ!
41 ਅਰ ਇਸੇ ਤਰਾਂ ਪਰਧਾਨ ਜਾਜਕਾਂ ਨੇ ਵੀ ਗ੍ਰੰਥੀਆਂ ਅਤੇ ਬਜੁਰਗਾਂ ਦੇ ਨਾਲ ਮਿਲ ਕੇ ਠੱਠਾ ਮਾਰਿਆ ਅਤੇ ਕਿਹਾ,
42 ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸੱਕਦਾ! ਏਹ ਤਾਂ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਨਿਹਚਾ ਕਰਾਂਗੇ।
43 ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ।
44 ਅਰ ਓਹ ਡਾਕੂ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਇਸੇ ਤਰਾਂ ਉਹ ਨੂੰ ਬੋਲੀਆਂ ਮਾਰਦੇ ਸਨ।
45 ਦੁਪਹਿਰਾਂ ਤੋਂ ਲੈਕੇ ਤੀਏ ਪਹਿਰ ਤੀਕਰ ਸਾਰੀ ਧਰਤੀ ਉੱਤੇ ਅਨ੍ਹੇਰਾ ਰਿਹਾ।
46 ਅਰ ਤੀਏ ਕੁ ਪਹਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਕਿ ਏਲੀ ਏਲੀ ਲਮਾ ਸਬਕਤਾਨੀ ਜਿਹਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?
47 ਅਤੇ ਕਿੰਨੇ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਸੁਣ ਕੇ ਬੋਲੇ, ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ। 48 ਅਰ ਝੱਟ ਉਨ੍ਹਾਂ ਵਿੱਚੋਂ ਇੱਕ ਨੇ ਦੌੜ ਕੇ ਸਪੰਜ ਲਿਆ ਅਤੇ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੁਸਾਇਆ। 49 ਹੋਰਨਾਂ ਆਖਿਆ, ਰਹਿਣ ਦਿਹ। ਅਸੀਂ ਵੇਖੀਏ ਭਲਾ, ਏਲੀਯਾਹ ਉਹ ਦੇ ਬਚਾਉਣ ਨੂੰ ਆਉਂਦਾ ਹੈ ਕਿ ਨਹੀਂ? 50 ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ।
51 ਅਰ ਵੇਖੋ, ਹੈਕਲ ਦਾ ਪੜਦਾ ਉੱਪਰੋਂ ਲੈਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ। 52 ਅਤੇ ਕਬਰਾਂ ਖੁੱਲ੍ਹ ਗਈਆਂ ਅਰ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾਂ ਉਠਾਈਆਂ ਗਈਆਂ। 53 ਅਰ ਉਹ ਦੇ ਜੀ ਉੱਠਣ ਦੇ ਪਿੱਛੋਂ ਓਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤ੍ਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ। 54 ਸੂਬੇਦਾਰ ਅਰ ਜਿਹੜੇ ਉਹ ਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਭੁਚਾਲ ਅਤੇ ਸਾਰੀ ਵਾਰਤਾ ਵੇਖ ਕੇ ਬਹੁਤ ਡਰੇ ਅਤੇ ਬੋਲੇ, ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ! 55 ਉੱਥੇ ਬਹੁਤ ਤੀਵੀਆਂ ਦੂਰੋਂ ਵੇਖ ਰਹੀਆਂ ਸਨ ਜਿਹੜੀਆਂ ਯਿਸੂ ਦੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ। 56 ਉਨ੍ਹਾਂ ਵਿੱਚ ਮਰਿਯਮ ਮਗਦਲੀਨੀ ਅਤੇ ਯਾਕੂਬ ਅਰ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤ੍ਰਾਂ ਦੀ ਮਾਤਾ ਸੀ। 57 ਜਾਂ ਸੰਝ ਹੋਈ ਤਾਂ ਯੂਸੁਫ਼ ਨਾਮੇ ਅਰਿਮਥੈਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ। 58 ਉਹ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ। ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਦਿੱਤਾ। 59 ਅਤੇ ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲੇਟਿਆ।
60 ਅਰ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਕੇ ਚੱਲਿਆ ਗਿਆ।
61 ਅਤੇ ਮਰਿਯਮ ਮਗਦਲੀਨੀ ਅਰ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ।
62 ਅਗਲੇ ਭਲਕ ਜਿਹੜਾ ਤਿਆਰੀ ਦੇ ਦਿਨ ਤੋਂ ਪਿੱਛੋਂ ਸੀ ਪਰਧਾਨ ਜਾਜਕ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ ਅਰ ਬੋਲੇ,
63 ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਛਲੀਆ ਆਪਣੇ ਜੀਉਂਦੇ ਜੀ ਕਹਿ ਗਿਆ ਸੀ ਜੋ ਮੈਂ ਤਿੰਨਾਂ ਦਿਨਾਂ ਪਿੱਛੋਂ ਜੀ ਉੱਠਾਂਗਾ।
64 ਇਸ ਲਈ ਹੁਕਮ ਕਰੋ ਜੋ ਤੀਏ ਦਿਨ ਤੀਕਰ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆਣ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਨਾ ਆਖਣ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਸੋ ਪਿਛਲੀ ਭੁੱਲ ਪਹਿਲੀ ਨਾਲੋਂ ਬੁਰੀ ਹੋਊਗੀ।
65 ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਪਹਿਰਾ ਤੁਹਾਡੇ ਕੋਲ ਹੈ। ਜਾਓ, ਜਿਸ ਤਰਾਂ ਸਮਝੋ ਉਹ ਦੀ ਰਾਖੀ ਕਰੋ।
66 ਸੋ ਓਹ ਗਏ ਅਰ ਪਹਿਰੇ ਵਾਲਿਆਂ ਨਾਲ ਪੱਥਰ ਉੱਤੇ ਮੋਹਰ ਲਾ ਕੇ ਉਨ੍ਹਾਂ ਨੇ ਕਬਰ ਦੀ ਰਾਖੀ ਕਰਵਾਈ।
ਕਾਂਡ 28

1 ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਉਸਤੋਂ ਅਗਲਾ ਦਿਨ ਹਫ਼ਤੇ ਦਾ ਪਹਿਲਾ ਦਿਨ ਸੀ। ਬਹੁਤ ਹੀ ਸਵੇਰੇ, ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਲਈ ਗਈਆਂ।
2 2 ਅਰ ਵੇਖੋ ਇੱਕ ਵੱਡਾ ਭੁਚਾਲ ਆਇਆ ਇਸ ਲਈ ਜੋ ਪ੍ਰਭੁ ਦਾ ਦੂਤ ਅਕਾਸ਼ੋਂ ਉੱਤਰਿਆ ਅਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ੍ਹ ਕੇ ਲਾਂਭੇ ਕਰ ਦਿੱਤਾ ਅਰ ਉਸ ਉੱਤੇ ਬਹਿ ਗਿਆ।
3 ਉਹ ਦਾ ਰੂਪ ਬਿਜਲੀ ਵਰਗਾ ਅਰ ਉਹ ਦਾ ਬਸਤ੍ਰ ਬਰਫ਼ ਜਿਹਾ ਚਿੱਟਾ ਸੀ।
4 ਅਤੇ ਉਹ ਦੇ ਭੈ ਦੇ ਮਾਰੇ ਰਾਖੇ ਕੰਬ ਉੱਠੇ ਅਤੇ ਮੁਰਦਿਆਂ ਵਾਂਙੁ ਹੋ ਗਏ।
5 ਪਰ ਦੂਤ ਨੇ ਅੱਗੋਂ ਤੀਵੀਆਂ ਨੂੰ ਕਿਹਾ, ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਭਾਲਦੀਆਂ ਹੋ।
6 ਉਹ ਐਥੇ ਹੈ ਨਹੀਂ ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੁ ਪਿਆ ਹੋਇਆ ਸੀ।
7 ਅਰ ਛੇਤੀ ਜਾਕੇ ਉਹ ਦੇ ਚੇਲਿਆਂ ਨੂੰ ਆਖੋ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ ਉਹ ਤੁਹਾਥੋਂ ਅੱਗੇ ਗਲੀਲ ਨੂੰ ਜਾਂਦਾ ਹੈ, ਉਹ ਨੂੰ ਤੁਸੀਂ ਉੱਥੇ ਵੇਖੋਗੇ। ਲਓ ਮੈਂ ਤੁਹਾਨੂੰ ਦੱਸ ਦਿੱਤਾ।
8 ਅਤੇ ਓਹ ਭੈ ਅਤੇ ਵੱਡੀ ਖ਼ੁਸ਼ੀ ਨਾਲ ਕਬਰ ਕੋਲੋਂ ਛੇਤੀ ਚੱਲ ਕੇ ਉਹ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ ਗਈਆਂ।
9 ਅਤੇ ਵੇਖੋ ਯਿਸੂ ਉਨ੍ਹਾਂ ਨੂੰ ਮਿਲਿਆ ਅਰ ਬੋਲਿਆ, ਸੁਖੀ ਰਹੋ! ਅਤੇ ਉਨ੍ਹਾਂ ਨੇ ਕੋਲ ਆਣ ਕੇ ਉਹ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ।
10 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਓਹ ਉੱਥੇ ਮੈਨੂੰ ਵੇਖਣਗੇ।
11 ਜਿਸ ਵੇਲੇ ਓਹ ਚੱਲੀਆਂ ਜਾਂਦੀਆਂ ਸਨ ਤਾਂ ਵੇਖੋ ਪਹਿਰੇ ਵਾਲਿਆਂ ਵਿੱਚੋਂ ਕਿੰਨਿਆਂ ਨੇ ਸ਼ਹਿਰ ਜਾਕੇ ਸਾਰੀ ਵਾਰਤਾ ਪਰਧਾਨ ਜਾਜਕਾਂ ਨੂੰ ਦੱਸ ਦਿੱਤੀ।
12 ਅਤੇ ਓਹ ਬਜੁਰਗਾਂ ਦੇ ਨਾਲ ਇਕੱਠੇ ਹੋਏ ਅਰ ਮਤਾ ਪਕਾ ਕੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ।
13 ਅਤੇ ਬੋਲੇ, ਤੁਸੀਂ ਇਹ ਕਹਿਣਾ ਕਿ ਜਦ ਅਸੀਂ ਸੁੱਤੇ ਹੋਏ ਸਾਂ ਉਹ ਦੇ ਚੇਲੇ ਰਾਤ ਨੂੰ ਆਣ ਕੇ ਉਹ ਨੂੰ ਚੁਰਾ ਲੈ ਗਏ।
14 ਅਤੇ ਜੇ ਇਹ ਗੱਲ ਹਾਕਮ ਦੇ ਕੰਨਾਂ ਤੀਕਰ ਪਹੁੰਚੇ ਤਾਂ ਅਸੀਂ ਉਹ ਨੂੰ ਮਨਾ ਕੇ ਤੁਹਾਨੂੰ ਨਿਚਿੰਤ ਕਰ ਦਿਆਂਗੇ।
15 ਸੋ ਉਨ੍ਹਾਂ ਨੇ ਰੁਪਏ ਲੈਕੇ ਉਸੇ ਤਰਾਂ ਕੀਤਾ ਜਿਸ ਤਰਾਂ ਸਿਖਲਾਏ ਗਏ ਸਨ ਅਤੇ ਇਹ ਗੱਲ ਅੱਜ ਤੀਕ ਯਹੂਦੀਆਂ ਵਿੱਚ ਉਜਾਗਰ ਹੈ।
16 ਫੇਰ ਓਹ ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸੂ ਉਨ੍ਹਾਂ ਨਾਲ ਠਹਿਰਾਇਆ ਹੋਇਆ ਸੀ।
17 ਅਤੇ ਉਨ੍ਹਾਂ ਉਸ ਨੂੰ ਵੇਖ ਕੇ ਮੱਥਾ ਟੇਕਿਆ ਪਰ ਕਈਆਂ ਨੇ ਭਰਮ ਕੀਤਾ।
18 ਅਤੇ ਯਿਸੂ ਨੇ ਕੋਲ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।
19 ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।
20 ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।