ਲੋਕਾ

1 2 3 4 5 6 7 8 9 10 11 12 13 14 15 16 17 18 19 20 21 22 23 24


ਕਾਂਡ 1

1 ਜਿਸ ਹਾਲ ਵਿੱਚ ਬਹੁਤਿਆਂ ਨੇ ਉਨ੍ਹਾਂ ਗੱਲਾਂ ਦਾ ਵਿਰਤਾਂਤ ਲਿਖਣ ਨੂੰ ਲੱਕ ਬੰਨ੍ਹਿਆ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ।
2 ਜਿਵੇਂ ਉਨ੍ਹਾਂ ਨੇ ਸਾਨੂੰ ਸੌਂਪਿਆ ਜਿਹੜੇ ਮੁੱਢੋਂ ਆਪਣੀ ਅੱਖੀਂ ਵੇਖਣ ਵਾਲੇ ਅਤੇ ਬਚਨ ਦੇ ਸੇਵਕ ਸਾਂ।
3 ਹੇ ਸਰਬ ਉਪਮਾ ਜੋਗ ਥਿਉਫ਼ਿਲੁਸ ਮੈਂ ਵੀ ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕਰ ਕੇ ਉਚਿਤ ਜਾਣਿਆ ਭਈ ਤੇਰੇ ਲਈ ਜਿਵੇਂ ਹੋਇਆ ਹੈ ਤਿਵੇਂ ਲਿਖਾਂ।
4 ਤਾਂ ਜੋ ਤੂੰ ਉਨ੍ਹਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੈਂ ਸਿੱਖਿਆ ਪਾਈ।
5 ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਦਿਨੀਂ ਅਬੀਯਾਹ ਦੇ ਵਾਰੀ ਵਾਲਿਆਂ ਵਿੱਚੋਂ ਜ਼ਕਰਯਾਹ ਕਰਕੇ ਇੱਕ ਜਾਜਕ ਸੀ ਅਤੇ ਉਹ ਦੀ ਪਤਨੀ ਹਾਰੂਨ ਦੀਆਂ ਧੀਆਂ ਵਿੱਚੋਂ ਸੀ ਅਰ ਉਹ ਦਾ ਨਾਉਂ ਸੀ ਇਲੀਸਬਤ।
6 ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਸਨ ਅਰ ਪ੍ਰਭੁ ਦੇ ਸਾਰੇ ਹੁਕਮਾਂ ਅਤੇ ਬਿਧਾਂ ਤੇ ਨਿਰਦੋਖ ਚੱਲਦੇ ਸਨ।
7 ਉਨ੍ਹਾਂ ਦੇ ਉਲਾਦ ਨਾ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਰ ਦੋਵੇਂ ਵੱਡੀ ਉਮਰ ਦੇ ਸਨ।
8 ਅਤੇ ਐਉਂ ਹੋਇਆ ਕਿ ਜਾਂ ਉਹ ਪਰਮੇਸ਼ੁਰ ਦੀ ਦਰਗਾਹੇ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰਦਾ ਸੀ।
9 ਤਾਂ ਜਾਜਕਾਈ ਦੇ ਦਸਤੂਰ ਦੇ ਅਨੁਸਾਰ ਗੁਣਾ ਉਹ ਦੇ ਨਾਉਂ ਦਾ ਨਿੱਕਲਿਆ ਭਈ ਪ੍ਰਭੁ ਦੀ ਹੈਕਲ ਵਿੱਚ ਜਾ ਕੇ ਧੂਪ ਧੁਖਾਵੇ।
10 ਅਤੇ ਧੂਪ ਧੁਖਾਉਣ ਵੇਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ।
11 ਤਦ ਉਹ ਨੂੰ ਪ੍ਰਭੁ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖਲੋਤਾ ਦਿੱਸਿਆ।
12 ਅਤੇ ਜ਼ਕਰਯਾਹ ਵੇਖ ਕੇ ਘਬਰਾਇਆ ਅਰ ਉਹ ਨੂੰ ਡਰ ਲੱਗਾ।
13 ਪਰ ਦੂਤ ਨੇ ਉਹ ਨੂੰ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਬੇਨਤੀ ਸੁਣੀ ਗਈ ਅਰ ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਉਂ ਯੂਹੰਨਾ ਰੱਖਣਾ।
14 ਅਰ ਤੈਨੂੰ ਖੁਸ਼ੀ ਅਤੇ ਅਨੰਦ ਹੋਵੇਗਾ ਅਰ ਬਥੇਰੇ ਉਹ ਦੇ ਜੰਮਣ ਤੋਂ ਖੁਸ਼ ਹੋਣਗੇ।
15 ਕਿਉਂਕਿ ਉਹ ਪ੍ਰਭੁ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈ ਨਾ ਮਧ ਪੀਵੇਗਾ ਅਤੇ ਆਪਣੀ ਮਾਤਾ ਦੇ ਕੁੱਖੋਂ ਹੀ ਪਵਿੱਤ੍ਰ ਆਤਮਾ ਨਾਲ ਭਰ ਜਾਵੇਗਾ।
16 ਅਤੇ ਇਸਰਾਏਲ ਦੀ ਉਲਾਦ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਪ੍ਰਭੁ ਦੀ ਵੱਲ ਮੋੜੇਗਾ।
17 ਉਹ ਉਸ ਦੇ ਅੱਗੇ ਅੱਗੇ ਏਲੀਯਾਹ ਦੇ ਆਤਮਾ ਅਰ ਬਲ ਨਾਲ ਚੱਲੇਗਾ ਜੋ ਪੇਵਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਅਤੇ ਬੇਮੁਖਾਂ ਨੂੰ ਧਰਮੀਆਂ ਦੀ ਬੁੱਧ ਵੱਲ ਮੋੜੇ ਭਈ ਪ੍ਰਭੁ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ।
18 ਤਾਂ ਜ਼ਕਰਯਾਹ ਨੇ ਦੂਤ ਨੂੰ ਆਖਿਆ, ਮੈਂ ਇਹ ਕਿੱਕੁਰ ਮੰਨਾਂ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ?
19 ਦੂਤ ਨੇ ਉਹ ਨੂੰ ਉੱਤਰ ਦਿੱਤਾ, ਮੈਂ ਜਿਬਰਾਏਲ ਹਾਂ ਜੋ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਰਹਿੰਦਾ ਅਤੇ ਇਸ ਲਈ ਘੱਲਿਆ ਹੋਇਆ ਹਾਂ ਭਈ ਤੇਰੇ ਨਾਲ ਗੱਲਾਂ ਕਰਾਂ ਅਤੇ ਇਹ ਖੁਸ਼ੀ ਦੀ ਖਬਰ ਸੁਣਾਵਾਂ।
20 ਵੇਖ ਜਿਸ ਦਿਨ ਤੀਕਰ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਚੁੱਪ ਰਹੇਂਗਾ ਅਤੇ ਬੋਲ ਨਾ ਸੱਕੇਂਗਾ ਇਸ ਲਈ ਜੋ ਤੈਂ ਮੇਰੀਆਂ ਗੱਲਾਂ ਨੂੰ ਸਤ ਨਾ ਮੰਨਿਆ ਜਿਹੜੀਆਂ ਆਪਣੇ ਵੇਲੇ ਸਿਰ ਪੂਰੀਆਂ ਹੋਣਗੀਆਂ।
21 ਅਤੇ ਲੋਕ ਜ਼ਕਰਯਾਹ ਦਾ ਰਾਹ ਵੇਖਦੇ ਸਨ ਅਰ ਹੈਕਲ ਵਿੱਚ ਉਹ ਦੇ ਚਿਰ ਲਾਉਣ ਕਰਕੇ ਹੈਰਾਨ ਹੁੰਦੇ ਸਨ।
22 ਫੇਰ ਜਾਂ ਉਹ ਬਾਹਰ ਆਇਆ ਤਾਂ ਉਨ੍ਹਾਂ ਨਾਲ ਬੋਲ ਨਾ ਸੱਕਿਆ ਅਤੇ ਉਨ੍ਹਾਂ ਮਲੂਮ ਕੀਤਾ ਜੋ ਉਹ ਨੇ ਹੈਕਲ ਵਿੱਚ ਕੋਈ ਪਰਤੱਖ ਰੋਇਆ ਵੇਖੀ ਹੈ ਅਰ ਉਹ ਉਨ੍ਹਾਂ ਨੂੰ ਸੈਨਤਾਂ ਮਾਰਦਾ ਸੀ ਅਤੇ ਗੂੰਗਾ ਰਹਿ ਗਿਆ।
23 ਤਾਂ ਐਉਂ ਹੋਇਆ ਕਿ ਜਦ ਉਹ ਦੀ ਸੇਵਾ ਦੇ ਦਿਨ ਪੂਰੇ ਹੋਏ ਤਦ ਉਹ ਆਪਣੇ ਘਰ ਚੱਲਿਆ ਗਿਆ।
24 ਫੇਰ ਉਨ੍ਹਾਂ ਦਿਨਾਂ ਦੇ ਪਿੱਛੋਂ ਉਹ ਦੀ ਪਤਨੀ ਇਲੀਸਬਤ ਗਰਭਵੰਤੀ ਹੋਈ ਅਤੇ ਉਹ ਨੇ ਪੰਜਾਂ ਮਹੀਨਿਆਂ ਤੀਕਰ ਆਪਣੇ ਤਾਈਂ ਇਹ ਕਹਿ ਕੇ ਲੁਕਾਇਆ।
25 ਕਿ ਪ੍ਰਭੁ ਨੇ ਜਿਨ੍ਹੀਂ ਦਿਨੀਂ ਮੇਰੇ ਉੱਤੇ ਨਿਗਾਹ ਕੀਤੀ ਮੇਰੇ ਨਾਲ ਇਉਂ ਕੀਤਾ ਹੈ ਭਈ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਹਟਾ ਦੇਵੇ।
26 ਛੇਵੇਂ ਮਹੀਨੇ ਜਿਬਰਾਏਲ ਦੂਤ ਪਰਮੇਸ਼ੁਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ।
27 ਇੱਕ ਕੁਆਰੀ ਦੇ ਕੋਲ ਭੇਜਿਆ ਗਿਆ ਜਿਹ ਦੀ ਕੁੜਮਾਈ ਯੂਸੁਫ਼ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ ਅਰ ਉਸ ਕੁਆਰੀ ਦਾ ਨਾਉਂ ਸੀ ਮਰਿਯਮ।
28 ਅਤੇ ਉਸ ਨੇ ਉਹ ਦੇ ਕੋਲ ਅੰਦਰ ਆਣ ਕੇ ਕਿਹਾ, ਵਧਾਇਓਂ ਜਿਹ ਦੇ ਉੱਤੇ ਕਿਰਪਾ ਹੋਈ ! ਪ੍ਰਭੁ ਤੇਰੇ ਨਾਲ ਹੈ।
29 ਪਰ ਉਹ ਇਸ ਬਚਨ ਤੋਂ ਬਹੁਤ ਘਬਰਾਈ ਅਰ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ ?
30 ਦੂਤ ਨੇ ਉਹ ਨੂੰ ਆਖਿਆ, ਹੇ ਮਰਿਯਮ ਨਾ ਡਰ ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ।
31 ਅਤੇ ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ।
32 ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ।
33 ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।
34 ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿੱਕੁਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ।
35 ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।
36 ਅਰ ਵੇਖ ਤੇਰੀ ਸਾਕ ਇਲੀਸਬਤ ਉਹ ਨੂੰ ਵੀ ਬੁਢੇਪੇ ਵਿੱਚ ਪੁੱਤ੍ਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਹ ਦਾ ਇਹ ਛੇਵਾਂ ਮਹੀਨਾ ਹੈ।
37 ਕਿਉਂਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ।
38 ਤਾਂ ਮਰਿਯਮ ਨੇ ਕਿਹਾ, ਵੇਖ ਮੈਂ ਪ੍ਰਭੁ ਦੀ ਬਾਂਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ। ਤਦ ਦੂਤ ਉਹ ਦੇ ਕੋਲੋਂ ਚੱਲਿਆ ਗਿਆ।
39 ਉਨ੍ਹੀਂ ਦਿਨੀਂ ਮਰਿਯਮ ਉੱਠ ਕੇ ਛੇਤੀ ਨਾਲ ਪਹਾੜੀ ਦੇਸ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ।
40 ਅਰ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਇਲੀਸਬਤ ਨੂੰ ਪਰਨਾਮ ਕੀਤਾ।
41 ਤਾਂ ਐਉਂ ਹੋਇਆ ਕਿ ਜਾਂ ਇਲੀਸਬਤ ਨੇ ਮਰਿਯਮ ਦਾ ਪਰਨਾਮ ਸੁਣਿਆ ਤਾਂ ਬੱਚਾ ਉਹ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤ੍ਰ ਆਤਮਾ ਨਾਲ ਭਰ ਗਈ।
42 ਅਤੇ ਉਹ ਜ਼ੋਰ ਨਾਲ ਉੱਚੀ ਦੇ ਕੇ ਬੋਲੀ, ਮੁਬਾਰਕ ਹੈਂ ਤੂੰ ਤੀਵੀਆਂ ਵਿੱਚੋਂ, ਨਾਲੇ ਮੁਬਾਰਕ ਤੇਰੀ ਕੁੱਖ ਦਾ ਫਲ।
43 ਮੇਰੇ ਲਈ ਇਹ ਕਿੱਥੋਂ ਹੋਇਆ ਜੋ ਮੇਰੇ ਪ੍ਰਭੁ ਦੀ ਮਾਤਾ ਮੇਰੇ ਕੋਲ ਆਈ?
44 ਵੇਖ, ਤੇਰੇ ਪਰਨਾਮ ਦੀ ਅਵਾਜ਼ ਮੇਰੇ ਕੰਨ ਪੈਂਦੇ ਹੀ ਬੱਚਾ ਮੇਰੀ ਕੁੱਖ ਵਿੱਚ ਖੁਸ਼ੀ ਦੇ ਮਾਰੇ ਉੱਛਲ ਪਿਆ।
45 ਅਰ ਧੰਨ ਹੈ ਉਹ ਜਿਨ ਪਰਤੀਤ ਕੀਤੀ ਕਿਉਂਕਿ ਜਿਹੜੀਆਂ ਗੱਲਾਂ ਪ੍ਰਭੁ ਦੀ ਵੱਲੋਂ ਉਹ ਨੂੰ ਕਹੀਆਂ ਗਈਆਂ ਓਹ ਪੂਰੀਆਂ ਹੋਣਗੀਆਂ।
46 ਤਾਂ ਮਰਿਯਮ ਨੇ ਆਖਿਆ- ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ,
47 ਅਤੇ ਮੇਰਾ ਆਤਮਾ ਮੇਰੇ ਮੁਕਤੀ ਦਾਤੇ ਪਰਮੇਸ਼ੁਰ ਤੋਂ ਨਿਹਾਲ ਹੋਇਆ, 48 ਕਿਉਂ ਜੋ ਉਹ ਨੇ ਆਪਣੀ ਬਾਂਦੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ । ਵੇਖੋ ਤਾਂ ਏਦੋਂ ਅੱਗੇ ਸਾਰੀਆਂ ਪੀਹੜੀਆਂ ਮੈਨੂੰ ਧੰਨ ਆਖਣਗੀਆਂ, 49 ਕਿਉਂ ਜੋ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ, ਅਤੇ ਪਵਿੱਤ੍ਰ ਹੈ ਉਹ ਦਾ ਨਾਮ।
50 ਜਿਹੜੇ ਉਸ ਤੋਂ ਭੌ ਰੱਖਦੇ ਹਨ, ਉਨ੍ਹਾਂ ਉੱਤੇ ਉਹ ਦੀ ਦਯਾ ਪੀਹੜੀਓਂ ਪੀਹੜੀ ਹੈ।
51 ਉਹ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ, ਜਿਹੜੇ ਆਪਣੇ ਮਨ ਦੇ ਖ਼ਿਆਲਾਂ ਵਿੱਚ ਹੰਕਾਰੀ ਸਨ, ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ।
52 ਉਹ ਨੇ ਬਲਵੰਤਾਂ ਨੂੰ ਤਖ਼ਤੋਂ ਡੇਗ ਦਿੱਤਾ, ਅਤੇ ਅਧੀਨਾਂ ਨੂੰ ਉੱਚਿਆਂ ਕੀਤਾ।
53 ਉਹ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਸੱਖਣੇ ਹੱਥ ਤਾਹ ਦਿੱਤਾ। 54 ਉਹ ਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ, ਭਈ ਉਹ ਆਪਣੇ ਰਹਮ ਨੂੰ ਯਾਦ ਕਰੇ,
55 ਜਿਵੇਂ ਓਸ ਸਾਡੇ ਪਿਉ ਦਾਦਿਆਂ ਨਾਲ ਬਚਨ ਕੀਤਾ, ਅਬਰਾਹਾਮ ਤੇ ਉਹ ਦੀ ਅੰਸ ਨਾਲ, ਜੁੱਗੋ ਜੁੱਗ ਤਾਈਂ।
56 ਤਾਂ ਮਰਿਯਮ ਤਿੰਨ ਕੁ ਮਹੀਨੇ ਉਹ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ। 57 ਹੁਣ ਇਲੀਸਬਤ ਦੇ ਜਣਨ ਦਾ ਵੇਲਾ ਆ ਪੁੱਜਾ ਅਤੇ ਉਹ ਪੁੱਤ੍ਰ ਜਣੀ। 58 ਅਰ ਉਹ ਦੇ ਗੁਆਂਢੀਆਂ ਅਤੇ ਸਾਕਾਂ ਨੇ ਸੁਣ ਕੇ ਜੋ ਪ੍ਰਭੁ ਨੇ ਉਸ ਉੱਤੇ ਵੱਡੀ ਦਯਾ ਕੀਤੀ ਉਹ ਦੇ ਨਾਲ ਖੁਸ਼ੀ ਮਨਾਈ। 59 ਤਾਂ ਐਉਂ ਹੋਇਆ ਜੋ ਓਹ ਅੱਠਵੇਂ ਦਿਨ ਬਾਲਕ ਦੀਆਂ ਸੁੰਨਤਾਂ ਲਈ ਆਏ ਅਰ ਉਹ ਦਾ ਨਾਉਂ ਜ਼ਕਰਯਾਹ ਰੱਖਣ ਲੱਗੇ ਜਿਹੜਾ ਉਹ ਦੇ ਪਿਤਾ ਦਾ ਨਾਉਂ ਸੀ।
60 ਪਰ ਉਹ ਦੀ ਮਾਤਾ ਨੇ ਅੱਗੋਂ ਆਖਿਆ, ਨਹੀਂ ਪਰ ਉਹ ਯੂਹੰਨਾ ਸਦਾਵੇਗਾ।
61 ਉਨ੍ਹਾਂ ਉਸ ਨੂੰ ਕਿਹਾ ਕਿ ਤੇਰੇ ਸਾਕਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਉਂ ਕਰਕੇ ਸੱਦੀਦਾ ਹੈ।
62 ਤਦ ਉਨ੍ਹਾਂ ਨੇ ਉਹ ਦੇ ਪਿਤਾ ਵੱਲ ਸੈਨਤ ਕੀਤੀ ਜੋ ਉਹ ਦਾ ਕੀ ਨਾਉਂ ਰੱਖਿਆ ਚਾਹੁੰਦਾ ਹੈ।
63 ਅਤੇ ਓਨ ਪੱਟੀ ਮੰਗਾ ਕੇ ਲਿਖਿਆ ਭਈ ਉਹ ਦਾ ਨਾਉਂ ਯੂਹੰਨਾ ਹੈ ਤਾਂ ਸੱਭੋ ਹੈਰਾਨ ਰਹਿ ਗਏ।
64 ਉਸੇ ਵੇਲੇ ਉਹ ਦਾ ਮੂੰਹ ਅਰ ਉਹ ਦੀ ਜੀਭ ਖੁੱਲ੍ਹ ਗਈ ਅਤੇ ਉਹ ਬੋਲਿਆ ਅਰ ਪਰਮੇਸ਼ੁਰ ਨੂੰ ਮੁਬਾਰਕ ਕਹਿਣ ਲੱਗਾ।
65 ਤਦ ਆਲੇ ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਦੇਸ ਵਿੱਚ ਇਨ੍ਹਾਂ ਸਭਨਾਂ ਗੱਲਾਂ ਦੀ ਚਰਚਾ ਖਿੰਡ ਗਈ।
66 ਅਰ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਨ੍ਹਾਂ ਗੱਲਾਂ ਨੂੰ ਰੱਖਿਆ ਅਤੇ ਕਿਹਾ, ਭਲਾ, ਇਹ ਕਿਹੋ ਜਿਹਾ ਬਾਲਕ ਹੋਊ? ਕਿਉਂ ਜੋ ਪ੍ਰਭੁ ਦਾ ਹੱਥ ਉਹ ਦੇ ਨਾਲ ਸੀ।
67 ਤਾਂ ਉਹ ਦਾ ਪਿਤਾ ਜ਼ਕਰਯਾਹ ਪਵਿੱਤ੍ਰ ਆਤਮਾ ਨਾਲ ਭਰ ਗਿਆ ਅਤੇ ਅਗੰਮ ਵਾਕ ਕਰ ਕੇ ਕਹਿਣ ਲੱਗਾ—
68 ਮੁਬਾਰਕ ਹੈ ਪ੍ਰਭੁ ਇਸਰਾਏਲ ਦਾ ਪਰਮੇਸ਼ੁਰ, ਕਿਉਂ ਜੋ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ, ਅਤੇ ਉਨ੍ਹਾਂ ਨੂੰ ਨਿਸਤਾਰਾ ਦਿੱਤਾ ਹੈ,
69 ਅਤੇ ਸਾਡੇ ਲਈ ਆਪਣੇ ਬੰਦੇ ਦਾਊਦ ਦੇ ਘਰਾਣੇ ਵਿੱਚ ਮੁਕਤੀ ਦਾ ਸਿੰਙ ਖੜਾ ਕੀਤਾ,
70 ਜਿਵੇਂ ਉਸ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜ਼ਬਾਨੀ ਮੁੱਢੋਂ ਆਖਿਆ,
71 ਭਈ ਉਹ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਨ੍ਹਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਕਿੜ ਰੱਖਦੇ ਹਨ ਛੁਟਕਾਰਾ ਦੇਵੇ,
72 ਨਾਲੇ ਉਹ ਸਾਡੇ ਪਿਉ-ਦਾਦਿਆਂ ਉੱਤੇ ਦਯਾ ਕਰੇ,ਅਤੇ ਆਪਣੇ ਪਵਿੱਤ੍ਰ ਨੇਮ ਨੂੰ ਚੇਤੇ ਰੱਖੇ,
73 ਅਰਥਾਤ ਉਸ ਸੌਂਹ ਨੂੰ ਜਿਹੜੀ ਉਸ ਨੇ ਸਾਡੇ ਪਿਤਾ ਅਬਰਾਹਾਮ ਨਾਲ ਖਾਧੀ,
74 ਭਈ ਉਹ ਸਾਨੂੰ ਇਹ ਬਖ਼ਸ਼ੇ ਜੋ ਅਸੀਂ ਆਪਣੇ ਵੈਰੀਆਂ ਦੇ ਹੱਥੋਂ ਛੁੱਟ ਕੇ। 75 ਉਮਰ ਭਰ ਉਹ ਦੇ ਅੱਗੇ ਪਵਿੱਤ੍ਰਤਾਈ ਤੇ ਧਰਮ ਨਾਲ ਬੇਧੜਕ ਉਹ ਦੀ ਉਪਾਸਨਾ ਕਰੀਏ। 76 ਅਤੇ ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀ ਅਖਵਾਏਂਗਾ, ਕਿਉਂ ਜੋ ਤੂੰ ਪ੍ਰਭੁ ਦੇ ਰਸਤਿਆਂ ਨੂੰ ਤਿਆਰ ਕਰਨ ਲਈ ਉਹ ਦੇ ਅੱਗੇ ਅੱਗੇ ਚੱਲੇਂਗਾ,
77 ਭਈ ਉਹ ਦੀ ਪਰਜਾ ਨੂੰ ਮੁਕਤੀ ਦਾ ਗਿਆਨ ਦੇਵੇਂ ਜਿਹੜੀ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਤੋਂ,
78 ਸਾਡੇ ਪਰਮੇਸ਼ੁਰ ਦੇ ਵੱਡੇ ਰਹਮ ਦੇ ਕਾਰਨ ਮਿਲੇਗੀ, ਜਦ ਸਵੇਰ ਦਾ ਚਾਨਣ ਉੱਪਰੋਂ ਸਾਡੇ ਉੱਤੇ ਚਮਕੇਗਾ,
79 ਭਈ ਉਨ੍ਹਾਂ ਨੂੰ ਜੋ ਅਨ੍ਹੇਰੇ ਤੇ ਮੌਤ ਦੇ ਸਾਯੇ ਵਿੱਚ ਬੈਠੇ ਹੋਏ ਹਨ ਚਾਨਣ ਦੇਵੇ, ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਪਾਵੇ।
80 ਅਤੇ ਉਹ ਬਾਲਕ ਵਧਦਾ ਅਰ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ ਉਜਾੜ ਵਿੱਚ ਰਿਹਾ।




ਕਾਂਡ 2

1 ਉਨ੍ਹੀਂ ਦਿਨੀਂ ਐਉਂ ਹੋਇਆ ਕਿ ਕੈਸਰ ਔਗੂਸਤੁਸ ਦੇ ਕੋਲੋਂ ਹੁਕਮ ਨਿੱਕਲਿਆ ਜੋ ਸਾਰੀ ਦੁਨੀਆ ਦੀ ਮਰਦੁਮਸ਼ੁਮਾਰੀ ਹੋਵੇ।
2 ਇਹ ਪਹਿਲੀ ਮਰਦੁਮਸ਼ੁਮਾਰੀ ਸੀ ਜੋ ਸੂਰੀਆ ਦੇ ਹਾਕਿਮ ਕੁਰੇਨਿਯੁਸ ਦੇ ਸਮੇ ਵਿੱਚ ਕੀਤੀ ਗਈ।
3 ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਉਂ ਲਿਖਾਉਣ ਚੱਲੇ।
4 ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਉਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ।
5 ਭਈ ਆਪਣੀ ਮੰਗ ਮਰਿਯਮ ਸਣੇ ਜੋ ਗਰਭਵੰਤੀ ਸੀ ਆਪਣਾ ਨਾਉਂ ਲਿਖਾਵੇ।
6 ਅਤੇ ਐਉਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਣਨੇ ਦੇ ਦਿਨ ਪੂਰੇ ਹੋ ਗਏ।
7 ਅਤੇ ਉਹ ਆਪਣਾ ਜੇਠਾ ਪੁੱਤ੍ਰ ਜਣੀ ਅਰ ਉਹ ਨੂੰ ਕੱਪੜੇ ਵਿੱਚ ਵਲ੍ਹੇਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਥਾਂ ਨਾ ਮਿਲਿਆ।
8 ਉਸ ਦੇਸ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ।
9 ਪ੍ਰਭੁ ਦਾ ਇੱਕ ਦੂਤ ਉਨ੍ਹਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੁ ਦਾ ਤੇਜ ਉਨ੍ਹਾਂ ਦੇ ਚੁਫੇਰੇ ਚਮਕਿਆ ਅਤੇ ਓਹ ਬਹੁਤ ਹੀ ਡਰ ਗਏ।
10 ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ।
11 ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ।
12 ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲ੍ਹੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ।
13 ਤਾਂ ਇੱਕ ਦਮ ਸੁਰਗ ਦੀ ਫ਼ੌਜ ਦਾ ਇੱਕ ਜੱਥਾ ਉਸ ਦੂਤ ਦੇ ਨਾਲ ਹੋਕੇ ਪਰਮੇਸ਼ੁਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ—
14 ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।
15 ਤਾਂ ਐਉਂ ਹੋਇਆ ਕਿ ਜਦ ਦੂਤ ਉਨ੍ਹਾਂ ਦੇ ਕੋਲੋਂ ਅਕਾਸ਼ ਉੱਤੇ ਚੱਲੇ ਗਏ ਤਦ ਅਯਾਲੀਆਂ ਨੇ ਆਪਸ ਵਿੱਚ ਆਖਿਆ, ਆਓ ਹੁਣ ਬੈਤਲਹਮ ਤੀਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਪ੍ਰਭੁ ਨੇ ਸਾਨੂੰ ਖਬਰ ਦਿੱਤੀ ਹੈ।
16 ਤਦ ਉਨ੍ਹਾਂ ਛੇਤੀ ਨਾਲ ਆਣ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਡਿੱਠਾ।
17 ਅਤੇ ਵੇਖ ਕੇ ਉਨ੍ਹਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਹੱਕ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਸੀ ਸੁਣਾਇਆ।
18 ਅਤੇ ਸਾਰੇ ਸੁਣਨ ਵਾਲੇ ਇਨ੍ਹਾਂ ਗੱਲਾਂ ਤੋਂ ਜੋ ਅਯਾਲੀਆਂ ਨੇ ਉਨ੍ਹਾਂ ਨੂੰ ਕਹੀਆਂ ਹੈਰਾਨ ਹੋਏ।
19 ਪਰ ਮਰਿਯਮ ਨੇ ਇਨ੍ਹਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ।
20 ਅਤੇ ਅਯਾਲੀ ਇਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜਿੱਕੁਰ ਉਨ੍ਹਾਂ ਨੂੰ ਕਹੀਆਂ ਗਈਆਂ ਸਨ ਤਿੱਕੁਰ ਸੁਣ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਮੁੜ ਗਏ।
21 ਜਾਂ ਅੱਠ ਦਿਨ ਪੂਰੇ ਹੋਏ ਕਿ ਉਹ ਦੀਆਂ ਸੁੰਨਤਾਂ ਹੋਣ ਤਾਂ ਉਹ ਦਾ ਨਾਮ ਯਿਸੂ ਰੱਖਿਆ ਗਿਆ ਜੋ ਉਹ ਦੇ ਕੁੱਖ ਵਿੱਚ ਪੈਣ ਤੋਂ ਅੱਗੇ ਦੂਤ ਨੇ ਰੱਖਿਆ ਸੀ।
22 ਜਾਂ ਮੂਸਾ ਦੀ ਸ਼ਰ੍ਹਾ ਮੂਜਬ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੁ ਦੇ ਅੱਗੇ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ।
23 ਜਿਵੇਂ ਪ੍ਰਭੁ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ ਭਈ ਹਰੇਕ ਕੁੱਖ ਦਾ ਖੋਲ੍ਹਣ ਵਾਲਾ ਨਰ ਪ੍ਰਭੁ ਦੇ ਲਈ ਪਵਿੱਤ੍ਰ ਕਹਾਵੇਗਾ।
24 ਅਤੇ ਉਸ ਗੱਲ ਅਨੁਸਾਰ ਜੋ ਪ੍ਰਭੁ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਹੈ ਅਰਥਾਤ ਖੁਮਰੀਆਂ ਦਾ ਇੱਕ ਜੋੜਾ ਯਾ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ।
25 ਅਤੇ ਵੇਖੋ, ਯਰੂਸ਼ਲਮ ਵਿੱਚ ਸਿਮਓਨ ਕਰਕੇ ਇੱਕ ਮਨੁੱਖ ਸੀ ਅਰ ਉਹ ਧਰਮੀ ਅਤੇ ਭਗਤ ਲੋਕ ਸੀ ਅਤੇ ਇਸਰਾਏਲ ਦੀ ਤਸੱਲੀ ਦੀ ਉਡੀਕ ਵਿੱਚ ਸੀ ਅਰ ਪਵਿੱਤ੍ਰ ਆਤਮਾ ਉਸ ਉੱਤੇ ਸੀ।
26 ਅਰ ਉਹ ਨੂੰ ਪਵਿੱਤ੍ਰ ਆਤਮਾ ਨੇ ਖਬਰ ਦਿੱਤੀ ਸੀ ਭਈ ਜਦ ਤੀਕਰ ਤੂੰ ਪ੍ਰਭੁ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ।
27 ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਿਸ ਵੇਲੇ ਮਾਪੇ ਉਸ ਬਾਲਕ ਯਿਸੂ ਨੂੰ ਅੰਦਰ ਲਈ ਆਉਂਦੇ ਸਨ ਜੋ ਸ਼ਰ੍ਹਾ ਦੀ ਰੀਤ ਅਨੁਸਾਰ ਉਹ ਦੇ ਲਈ ਅਮਲ ਕਰਨ।
28 ਓਨ ਉਸ ਨੂੰ ਕੁੱਛੜ ਲਿਆ ਅਤੇ ਪਰਮੇਸ਼ੁਰ ਨੂੰ ਮੁਬਾਰਕਬਾਦ ਦੇਕੇ ਬੋਲਿਆ,
29 ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹੈਂ,
30 ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਡਿੱਠੀ,
31 ਜਿਹੜੀ ਤੈਂ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ,
32 ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਤੇਜ।
33 ਤਦ ਉਹ ਦੇ ਪਿਤਾ ਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਹ ਦੇ ਵਿਖੇ ਆਖੀਆਂ ਗਈਆਂ ਹੈਰਾਨ ਹੋ ਰਹੇ ਸਨ।
34 ਤਾਂ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਹ ਦੀ ਮਾਤਾ ਮਰਿਯਮ ਨੂੰ ਆਖਿਆ, ਵੇਖ ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦੇ ਲਈ ਠਹਿਰਾਇਆ ਹੋਇਆ ਹੈ ਅਤੇ ਇੱਕ ਨਿਸ਼ਾਨ ਲਈ ਜਿਹ ਦੇ ਵਿਰੁੱਧ ਗੱਲਾਂ ਹੋਣਗੀਆਂ।
35 ਸਗੋਂ ਤਲਵਾਰ ਤੇਰੀ ਜਿੰਦ ਦੇ ਵਿੱਚੋਂ ਵੀ ਫਿਰ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਸੋਚਾਂ ਪਰਗਟ ਹੋ ਜਾਣ।
36 ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਉਂ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ। ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰਪੁਣੇ ਤੋਂ ਸੱਤ ਵਰਹੇ ਭਰਥਾ ਨਾਲ ਨਿਰਵਾਹ ਕੀਤਾ ਸੀ।
37 ਅਤੇ ਉਹ ਚੁਰਾਸੀਆਂ ਵਰਿਹਾਂ ਤੋਂ ਵਿਧਵਾ ਸੀ ਜੋ ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ।
38 ਉਸ ਨੇ ਉਸੇ ਘੜੀ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਹ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ।
39 ਅਤੇ ਜਾਂ ਓਹ ਪ੍ਰਭੁ ਦੀ ਸ਼ਰ੍ਹਾ ਦੇ ਅਨੁਸਾਰ ਸਭ ਕੁਝ ਕਰ ਹਟੇ ਤਾਂ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਮੁੜੇ।
40 ਉਹ ਮੁੰਡਾ ਵਧਦਾ ਅਤੇ ਗਿਆਨ ਨਾਲ ਭਰਪੂਰ ਹੋਕੇ ਜ਼ੋਰ ਫੜਦਾ ਗਿਆ, ਅਤੇ ਪ੍ਰਭੁ ਦੀ ਕਿਰਪਾ ਉਸ ਉੱਤੇ ਸੀ।
41 ਉਹ ਦੇ ਮਾਪੇ ਵਰਹੇ ਦੇ ਵਰਹੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ।
42 ਅਤੇ ਜਾਂ ਉਹ ਬਾਰਾਂ ਵਰਿਹਾਂ ਦਾ ਹੋਇਆ ਤਾਂ ਓਹ ਤਿਉਹਾਰ ਦੀ ਰੀਤ ਅਨੁਸਾਰ ਗਏ।
43 ਅਤੇ ਉਨ੍ਹਾਂ ਦਿਨਾਂ ਨੂੰ ਪੂਰਾ ਕਰ ਕੇ ਜਦ ਮੁੜਨ ਲੱਗੇ ਤਦ ਉਹ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ ਪਰ ਉਹ ਦੇ ਮਾਪਿਆਂ ਨੂੰ ਮਲੂਮ ਨਾ ਸੀ।
44 ਪਰ ਇਹ ਸਮਝ ਕੇ ਭਈ ਉਹ ਕਾਫਲੇ ਵਿੱਚ ਹੈ ਓਹ ਇੱਕ ਮੰਜ਼ਲ ਗਏ ਤਦ ਉਹ ਨੂੰ ਸਾਕਾਂ ਅਤੇ ਜਾਣ ਪਛਾਣਾਂ ਵਿੱਚ ਭਾਲਿਆ।
45 ਅਰ ਜਦ ਉਹ ਨਾ ਲੱਭਾ ਤਦ ਉਹ ਦੀ ਭਾਲ ਵਿੱਚ ਯਰੂਸ਼ਲਮ ਨੂੰ ਮੁੜੇ।
46 ਅਤੇ ਐਉਂ ਹੋਇਆ ਜੋ ਉਨ੍ਹਾਂ ਨੇ ਤਿੰਨਾਂ ਦਿਨਾਂ ਪਿੱਛੋਂ ਉਹ ਨੂੰ ਹੈਕਲ ਵਿੱਚ ਗੁਰੂਆਂ ਦੇ ਵਿਚਕਾਰ ਬੈਠਿਆ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ।
47 ਅਤੇ ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ। 48 ਤਦ ਓਹ ਉਸ ਨੂੰ ਵੇਖ ਕੇ ਅਚਰਜ ਹੋਏ ਅਤੇ ਉਹ ਦੀ ਮਾਤਾ ਨੇ ਉਹ ਨੂੰ ਆਖਿਆ, ਪੁੱਤ੍ਰ ਤੈਂ ਸਾਡੇ ਨਾਲ ਇਹ ਕੀ ਕੀਤਾ ? ਵੇਖ ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ।
49 ਉਹ ਨੇ ਉਨ੍ਹਾਂ ਨੂੰ ਆਖਿਆ, ਕਾਹ ਨੂੰ ਤੁਸੀਂ ਮੈਨੂੰ ਲੱਭਦੇ ਸਾਓ?ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ? 50 ਪਰ ਉਨ੍ਹਾਂ ਇਸ ਗੱਲ ਨੂੰ ਜਿਹੜੀ ਉਸ ਨੇ ਉਨ੍ਹਾਂ ਨੂੰ ਆਖੀ ਨਾ ਸਮਝਿਆ।
51 ਤਾਂ ਉਹ ਉਨ੍ਹਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ, ਅਰ ਉਹ ਦੀ ਮਾਤਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ।
52 ਅਤੇ ਯਿਸੂ ਗਿਆਨ ਅਰ ਕੱਦ ਅਰ ਪਰਮੇਸ਼ੁਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ।




ਕਾਂਡ 3

1 ਫੇਰ ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ ਅਤੇ ਹੇਰੋਦੇਸ ਗਲੀਲ ਦਾ ਰਾਜਾ ਅਤੇ ਉਹ ਦਾ ਭਾਈ ਫਿਲਿੱਪੁਸ ਇਤੂਰਿਯਾ ਅਤੇ ਤ੍ਰਖੋਨੀਤਿਸ ਦੇਸ ਦਾ ਰਾਜਾ ਅਤੇ ਲੁਸਾਨਿਯੁਸ ਅਬਿਲੇਨੇ ਦਾ ਰਾਜਾ ਸੀ।
2 ਅੱਨਾਸ ਅਰ ਕਿਯਾਫਾ ਸਰਦਾਰ ਜਾਜਕਾਂ ਦੇ ਸਮੇਂ ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤ੍ਰ ਯੂਹੰਨਾ ਨੂੰ ਪਹੁੰਚਿਆ।
3 ਅਤੇ ਉਸ ਨੇ ਯਰਦਨ ਦੇ ਸਾਰੇ ਲਾਂਭ ਛਾਂਬ ਦੇ ਦੇਸ ਵਿੱਚ ਆਣ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮਾ ਦਾ ਪਰਚਾਰ ਕੀਤਾ।
4 ਜਿਵੇਂ ਯਸਾਯਾਹ ਨਬੀ ਦੀਆਂ ਬਾਣੀਆਂ ਦੇ ਪੁਸਤਕ ਵਿੱਚ ਲਿਖਿਆ ਹੋਇਆ ਹੈ, ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਅਵਾਜ਼ ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ।
5 ਹਰੇਕ ਖੱਡ ਭਰੀ ਜਾਵੇਗੀ, ਅਤੇ ਹਰੇਕ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਵਿੰਗ ਤੜਿੰਗ ਸਿੱਧੇ ਅਤੇ ਖੁਰਦਲੇ ਰਾਹ ਪੱਧਰੇ ਹੋ ਜਾਣਗੇ,
6 ਅਤੇ ਸਭ ਸਰੀਰ ਪਰਮੇਸ਼ੁਰ ਦੀ ਮੁਕਤੀ ਵੇਖਣਗੇ।
7 ਤਦ ਉਸ ਨੇ ਉਨ੍ਹਾਂ ਮਹਾਇਣਾਂ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਨਿੱਕਲੇ ਸਨ ਆਖਿਆ ਕਿ ਹੇ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ ?
8 ਸੋ ਤੁਸੀਂ ਤੋਬਾ ਦੇ ਲਾਇਕ ਫਲ ਦਿਓ ਅਤੇ ਆਪਣੇ ਆਪ ਵਿੱਚ ਇਹ ਨਾ ਆਖਣ ਲੱਗੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸੱਕਦਾ ਹੈ।
9 ਬਿਰਛਾਂ ਦੀ ਜੜ੍ਹ ਪੁਰ ਹੁਣ ਤਾਂ ਕੁਹਾੜਾ ਰੱਖਿਆ ਹੋਇਆ ਹੈ। ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
10 ਤਦ ਲੋਕਾਂ ਨੇ ਉਸ ਤੋਂ ਪੁੱਛਿਆ, ਫੇਰ ਅਸੀਂ ਕੀ ਕਰੀਏ ?
11 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਦੇ ਕੋਲ ਦੋ ਕੁੜਤੇ ਹੋਣ ਉਹ ਉਸ ਨੂੰ ਵੰਡ ਦੇਵੇ ਜਿਹ ਦੇ ਕੋਲ ਨਹੀਂ ਹੈ ਅਤੇ ਜਿਹ ਦੇ ਕੋਲ ਖਾਣ ਨੂੰ ਹੋਵੇ ਉਹ ਭੀ ਇਸੇ ਤਰਾਂ ਕਰੇ।
12 ਤਦ ਮਸੂਲੀਏ ਵੀ ਬਪਤਿਸਮਾ ਲੈਣ ਨੂੰ ਆਏ ਅਤੇ ਉਹ ਨੂੰ ਕਿਹਾ, ਗੁਰੂ ਜੀ ਅਸੀਂ ਕੀ ਕਰੀਏ ?
13 ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲੋਂ ਵਧੀਕ ਨਾ ਲਓ।
14 ਅਰ ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਕਿ ਅਸੀਂ ਭੀ ਕੀ ਕਰੀਏ ? ਉਸ ਨੇ ਉਨ੍ਹਾਂ ਨੂੰ ਆਖਿਆ, ਨਾ ਕਿਸੇ ਉੱਤੇ ਜ਼ੁਲਮ ਕਰੋ, ਨਾ ਊਜ ਲਾ ਕੇ ਕੁਝ ਲਓ ਅਤੇ ਆਪਣੀ ਤਲਬ ਉੱਤੇ ਰਾਜ਼ੀ ਰਹੋ।
15 ਜਾਂ ਲੋਕ ਉਡੀਕਦੇ ਸਨ ਅਤੇ ਸੱਭੋ ਆਪਣੇ ਮਨ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰਦੇ ਸਨ ਭਈ ਕਿਤੇ ਇਹੋ ਮਸੀਹ ਨਾ ਹੋਵੇ ?
16 ਤਾਂ ਯੂਹੰਨਾ ਨੇ ਸਭਨਾਂ ਨੂੰ ਅੱਗੋਂ ਆਖਿਆ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਇੱਕ ਮੈਥੋਂ ਬਲਵੰਤ ਆਉਂਦਾ ਹੈ ਜਿਹ ਦੀ ਜੁੱਤੀ ਦਾ ਤਸਮਾਂ ਮੈਂ ਖੋਲ੍ਹਣ ਦੇ ਜੋਗ ਨਹੀ , ਉਹ ਤੁਹਾਨੂੰ ਪਵਿੱਤ੍ਰ ਆਤਮਾ ਅਰ ਅੱਗ ਨਾਲ ਬਪਤਿਸਮਾ ਦੇਊ।
17 ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਕਿ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮਾ ਕਰੇ ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਜਿਹੜੀ ਬੁੱਝਣ ਵਾਲੀ ਨਹੀਂ ਫੂਕ ਦੇਊਗਾ।
18 ਫੇਰ ਉਹ ਹੋਰ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ ਖਬਰੀ ਸੁਣਾਉਂਦਾ ਰਿਹਾ।
19 ਪਰ ਰਾਜਾ ਹੇਰੋਦੇਸ ਨੇ ਆਪਣੇ ਭਾਈ ਦੀ ਤੀਵੀਂ ਹੇਰੋਦਿਆਸ ਦੇ ਕਾਰਨ ਅਤੇ ਸਾਰੀਆਂ ਬੁਰਾਈਆਂ ਦੇ ਕਾਰਨ ਜਿਹੜੀਆਂ ਹੇਰੋਦੇਸ ਨੇ ਕੀਤੀਆਂ ਸਨ ਉਹ ਦੇ ਕੋਲੋਂ ਮਲਾਮਤ ਉਠਾ ਕੇ।
20 ਸਭ ਤੋਂ ਵੱਧ ਕੇ ਇਹ ਭੀ ਕੀਤਾ ਜੋ ਯੂਹੰਨਾ ਨੂੰ ਕੈਦ ਕਰ ਦਿੱਤਾ।
21 ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਅਰ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਐਉਂ ਹੋਇਆ ਜੋ ਅਕਾਸ਼ ਖੁਲ੍ਹ ਗਿਆ।
22 ਅਤੇ ਪਵਿੱਤ੍ਰ ਆਤਮਾ ਦਿਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈਂ ਉਸ ਉੱਤੇ ਉੱਤਰਿਆ ਅਤੇ ਇੱਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।
23 ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਵਰਿਹਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸੁਫ਼ ਦਾ ਪੁੱਤ੍ਰ ਸੀ ਜਿਹੜਾ ਹੇਲੀ ਦਾ ਸੀ।
24 ਉਹ ਮੱਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ, ਉਹ ਯੰਨਾਈ ਦਾ, ਉਹ ਯੂਸੁਫ਼ ਦਾ,
25 ਉਹ ਮੱਤਿਥਯਾਹ ਦਾ, ਉਹ ਆਮੋਸ ਦਾ, ਉਹ ਨਹੂਮ ਦਾ, ਉਹ ਹਸਲੀ ਦਾ, ਉਹ ਨੱਗਈ ਦਾ,
26 ਉਹ ਮਾਹਥ ਦਾ, ਉਹ ਮੱਤਿਥਯਾਹ ਦਾ, ਉਹ ਸ਼ਿਮਈ ਦਾ, ਉਹ ਯੋਸੇਕ ਦਾ, ਉਹ ਯਹੂਦਾਹ ਦਾ,
27 ਉਹ ਯੋਹਾਨਾਨ ਦਾ, ਉਹ ਰੇਸਹ ਦਾ, ਉਹ ਜ਼ਰੁੱਬਾਬਲ ਦਾ, ਉਹ ਸ਼ਅਲਤੀਏਲ ਦਾ, ਉਹ ਨੇਰੀ ਦਾ,
28 ਉਹ ਮਲਕੀ ਦਾ, ਉਹ ਅੱਦੀ ਦਾ, ਉਹ ਕੋਸਾਮ ਦਾ, ਉਹ ਅਲਮੋਦਾਮ ਦਾ, ਉਹ ਏਰ ਦਾ,
29 ਉਹ ਯੋਸੇ ਦਾ, ਉਹ ਅਲੀਅਜ਼ਰ ਦਾ, ਉਹ ਯੋਰਾਮ ਦਾ, ਉਹ ਮੱਥਾਤ ਦਾ, ਉਹ ਲੇਵੀ ਦਾ,
30 ਉਹ ਸਿਮਓਨ ਦਾ, ਉਹ ਯਹੂਦਾਹ ਦਾ, ਉਹ ਯੂਸੁਫ਼ ਦਾ, ਉਹ ਯੋਨਾਨ ਦਾ, ਉਹ ਅਲਯਾਕੀਮ ਦਾ,
31 ਉਹ ਮਲਯੇ ਦਾ, ਉਹ ਮੇਨਾਨ ਦਾ, ਉਹ ਮੱਤਥੇ ਦਾ, ਉਹ ਨਾਥਾਨ ਦਾ, ਉਹ ਦਾਊਦ ਦਾ,
32 ਉਹ ਯੱਸੀ ਦਾ, ਉਹ ਓਬੇਦ ਦਾ, ਉਹ ਬੋਅਜ਼ ਦਾ, ਉਹ ਸਲਮੋਨ ਦਾ, ਉਹ ਨਹਸ਼ੋਨ ਦਾ,
33 ਉਹ ਅੰਮੀਨਾਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਪਰਸ ਦਾ, ਉਹ ਯਹੂਦਾਹ ਦਾ,
34 ਉਹ ਯਾਕੂਬ ਦਾ, ਉਹ ਇਸਹਾਕ ਦਾ, ਉਹ ਅਬਰਾਹਾਮ ਦਾ, ਉਹ ਤਾਰਹ ਦਾ, ਉਹ ਨਹੋਰ ਦਾ,
35 ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ,
36 ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ,
37 ਉਹ ਮਥੂਸਲਹ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਹਲਲੇਲ ਦਾ, ਉਹ ਕੇਨਾਨ ਦਾ,
38 ਉਹ ਅਨੋਸ਼ ਦਾ, ਉਹ ਸੇਥ ਦਾ, ਉਹ ਆਦਮ ਦਾ, ਉਹ ਪਰਮੇਸ਼ੁਰ ਦਾ ਪੁੱਤ੍ਰ ਸੀ।




ਕਾਂਡ 4

1 ਤਾਂ ਯਿਸੂ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਅਰ ਆਤਮਾ ਦੀ ਅਗਵਾਈ ਨਾਲ,
2 ਚਾਲੀਆਂ ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ਤਾਨ ਉਹ ਨੂੰ ਪਰਤਾਉਂਦਾ ਸੀ ਅਰ ਉਨ੍ਹੀਂ ਦਿਨੀਂ ਉਹ ਨੇ ਕੁਝ ਨਾ ਖਾਧਾ ਅਰ ਜਦ ਓਹ ਦਿਨ ਪੂਰੇ ਹੋ ਗਏ ਤਾਂ ਉਹ ਨੂੰ ਭੁੱਖ ਲੱਗੀ।
3 ਤਦ ਸ਼ਤਾਨ ਨੇ ਉਹ ਨੂੰ ਕਿਹਾ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈ ਤਾਂ ਇਸ ਪੱਥਰ ਨੂੰ ਆਖ ਜੋ ਰੋਟੀ ਬਣ ਜਾਏ।
4 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ।
5 ਤਾਂ ਸ਼ਤਾਨ ਨੇ ਉਹ ਨੂੰ ਉੱਚੀ ਥਾਂ ਲੈ ਜਾ ਕੇ ਉਹ ਨੂੰ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ।
6 ਅਤੇ ਉਹ ਨੂੰ ਆਖਿਆ, ਮੈਂ ਇਹ ਸਾਰਾ ਇਖ਼ਤਿਆਰ ਅਤੇ ਉਨ੍ਹਾਂ ਦੀ ਭੜਕ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਰ ਜਿਹ ਨੂੰ ਚਾਹੁੰਦਾ ਉਹ ਨੂੰ ਦਿੰਦਾ ਹਾਂ।
7 ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇਂ ਤਾਂ ਸੱਭੋ ਕੁਝ ਤੇਰਾ ਹੋਵੇਗਾ।
8 ਯਿਸੂ ਨੇ ਉਸ ਨੂੰ ਉੱਤਰ ਦਿੱਤਾ ਜੋ ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।
9 ਤਦ ਉਸ ਨੇ ਉਹ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਕਿੰਗਰੇ ਉੱਤੇ ਖੜਾ ਕੀਤਾ ਅਤੇ ਉਹ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਆਪਣੇ ਆਪ ਨੂੰ ਐਥੋਂ ਹੇਠਾਂ ਡੇਗ ਦਿਹ।
10 ਕਿਉਂ ਜੋ ਲਿਖਿਆ ਹੈ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਜੋ ਤੇਰੀ ਰੱਛਿਆ ਕਰਨ,
11 ਅਤੇ ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।
12 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਇਹ ਕਿਹਾ ਗਿਆ ਹੈ ਜੋ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ।
13 ਅਰ ਸ਼ਤਾਨ ਜਾਂ ਸਾਰਾ ਪਰਤਾਵਾ ਕਰ ਹੱਟਿਆ ਤਾਂ ਕੁਝ ਚਿਰ ਤੀਕਰ ਉਸ ਕੋਲੋਂ ਦੂਰ ਰਿਹਾ।
14 ਯਿਸੂ ਆਤਮਾ ਦੀ ਸ਼ਕਤੀ ਵਿੱਚ ਗਲੀਲ ਨੂੰ ਮੁੜਿਆ ਅਰ ਉਹ ਦਾ ਜਸ ਸਾਰੇ ਇਲਾਕੇ ਵਿੱਚ ਖਿੰਡ ਗਿਆ।
15 ਅਤੇ ਉਹ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਿਆਈ ਕਰਦੇ ਸਨ।
16 ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ।
17 ਅਤੇ ਯਸਾਯਾਹ ਨਬੀ ਦੀ ਪੋਥੀ ਉਹ ਨੂੰ ਦਿੱਤੀ ਗਈ ਅਤੇ ਉਸ ਨੇ ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ।
18 ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ,
19 ਅਤੇ ਪ੍ਰਭੁ ਦੀ ਮਨਜ਼ੂਰੀ ਦੇ ਵਰ੍ਹੇ ਦਾ ਪਰਚਾਰ ਕਰਾਂ।
20 ਅਤੇ ਪੋਥੀ ਬੰਦ ਕਰ ਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਤੇ ਲੱਗੀਆਂ ਹੋਈਆਂ ਸਨ।
21 ਤਦ ਉਹ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ।
22 ਅਤੇ ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਨ੍ਹਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋ ਕੇ ਕਿਹਾ, ਭਲਾ, ਇਹ ਯੂਸੁਫ਼ ਦਾ ਪੁੱਤ੍ਰ ਨਹੀਂ ?
23 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਉਤ ਮੇਰੇ ਉੱਤੇ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ । ਜੋ ਕੁਝ ਅਸਾਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਐਥੇ ਆਪਣੇ ਦੇਸ ਵਿੱਚ ਵੀ ਕਰ।
24 ਉਸ ਨੇ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਕੋਈ ਨਬੀ ਆਪਣੇ ਦੇਸ ਵਿੱਚ ਪਰਵਾਨ ਨਹੀਂ।
25 ਪਰ ਮੈਂ ਤੁਹਾਨੂੰ ਠੀਕ ਆਖਦਾ ਹਾਂ ਜੋ ਏਲੀਯਾਹ ਦੇ ਦਿਨੀਂ ਜਾਂ ਸਾਢੇ ਤਿੰਨਾਂ ਵਰਿਹਾਂ ਦੀ ਐਡੀ ਔੜ ਲੱਗੀ ਭਈ ਸਾਰੇ ਦੇਸ ਉੱਤੇ ਵੱਡਾ ਕਾਲ ਪਿਆ ਬਹੁਤ ਸਾਰੀਆਂ ਵਿਧਵਾਂ ਇਸਰਾਏਲ ਵਿੱਚ ਸਨ।
26 ਪਰ ਸੈਦਾ ਦੇਸ ਦੇ ਸਾਰਿਪਥ ਦੀ ਇੱਕ ਵਿਧਵਾ ਤੋਂ ਬਿਨਾ ਏਲੀਯਾਹ ਉਨ੍ਹਾਂ ਵਿੱਚੋਂ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ।
27 ਅਤੇ ਅਲੀਸ਼ਾ ਨਬੀ ਦੇ ਸਮੇ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ ਪਰ ਉਨ੍ਹਾਂ ਵਿੱਚੋਂ ਨਾਮਾਨ ਸੁਰਿਯਾਨੀ ਬਿਨਾ ਕੋਈ ਸ਼ੁੱਧ ਨਾ ਕੀਤਾ ਗਿਆ।
28 ਸੋ ਜਿਹੜੇ ਸਮਾਜ ਵਿੱਚ ਸਨ ਓਹ ਸਭ ਇਨ੍ਹਾਂ ਗੱਲਾਂ ਨੂੰ ਸੁਣਦੇ ਹੀ ਕ੍ਰੋਧ ਨਾਲ ਭਰ ਗਏ।
29 ਅਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਟੀਸੀ ਉੱਤੇ ਜਿਸ ਤੇ ਉਨ੍ਹਾਂ ਦਾ ਨਗਰ ਬਣਿਆ ਹੋਇਆ ਸੀ ਲੈ ਚੱਲੇ ਜੋ ਉਹ ਨੂੰ ਸਿਰ ਪਰਨੇ ਡੇਗ ਦੇਣ।
30 ਪਰ ਉਹ ਉਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਚੱਲਿਆ ਗਿਆ।
31 ਉਹ ਗਲੀਲ ਦੇ ਇੱਕ ਨਗਰ ਕਫ਼ਰਨਾਹੂਮ ਵਿੱਚ ਆਣ ਕੇ ਸਬਤ ਦੇ ਦਿਨ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।
32 ਅਰ ਓਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਦਾ ਬਚਨ ਇਖ਼ਤਿਆਰ ਨਾਲ ਸੀ।
33 ਸਮਾਜ ਵਿੱਚ ਇੱਕ ਮਨੁੱਖ ਸੀ ਜਿਹ ਨੂੰ ਭ੍ਰਿਸ਼ਟ ਭੂਤ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ,
34 ਹਾਏ ਯਿਸੂ ਨਾਸਰੀ ! ਤੇਰਾ ਸਾਡੇ ਨਾਲ ਕੀ ਕੰਮ ? ਕੀ ਤੂੰ ਸਾਡਾ ਨਾਸ ਕਰਨ ਆਇਆ ਹੈਂ ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ !
35 ਤਾਂ ਯਿਸੂ ਨੇ ਉਹ ਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾਹ ! ਸੋ ਉਹ ਭੂਤ ਉਸ ਨੂੰ ਵਿਚਕਾਰ ਪਟਕ ਕੇ ਬਿਨਾ ਸੱਟ ਲਾਏ ਉਸ ਦੇ ਅੰਦਰੋਂ ਨਿੱਕਲ ਗਿਆ।
36 ਅਤੇ ਸਾਰੇ ਹੈਰਾਨ ਹੋਏ ਅਤੇ ਆਪਸ ਵਿੱਚ ਗੱਲਾਂ ਕਰ ਕੇ ਇੱਕ ਦੂਏ ਨੂੰ ਕਹਿਣ ਲੱਗੇ ਭਈ ਇਹ ਕੀ ਗੱਲ ਹੈ ? ਕਿਉਂ ਜੋ ਉਹ ਇਖ਼ਤਿਆਰ ਅਤੇ ਸਮਰੱਥਾ ਨਾਲ ਭ੍ਰਿਸ਼ਟ ਆਤਮਿਆਂ ਨੂੰ ਹੁਕਮ ਕਰਦਾ ਹੈ ਅਤੇ ਓਹ ਨਿੱਕਲ ਜਾਂਦੇ ਹਨ !
37 ਅਤੇ ਉਸ ਇਲਾਕੇ ਦਿਆਂ ਸਭਨਾਂ ਥਾਵਾਂ ਵਿੱਚ ਉਹ ਦੀ ਧੁੰਮ ਪੈ ਗਈ।
38 ਫੇਰ ਉਹ ਸਮਾਜ ਤੋਂ ਉੱਠ ਕੇ ਸ਼ਮਊਨ ਦੇ ਘਰ ਗਿਆ ਅਰ ਸ਼ਮਊਨ ਦੀ ਸੱਸ ਨੂੰ ਜ਼ੋਰ ਦਾ ਤਾਪ ਚੜ੍ਹਿਆ ਹੋਇਆ ਸੀ ਅਤੇ ਉਨ੍ਹਾਂ ਉਸ ਦੇ ਅੱਗੇ ਉਹ ਦੇ ਲਈ ਅਰਜ਼ ਕੀਤੀ।
39 ਤਦ ਉਸ ਨੇ ਉਹ ਦੇ ਕੋਲ ਖੜੋ ਕੇ ਤਾਪ ਨੂੰ ਦਬਕਾ ਦਿੱਤਾ ਅਤੇ ਉਹ ਲਹਿ ਗਿਆ ਅਰ ਓਵੇਂ ਉਹ ਨੇ ਉੱਠ ਕੇ ਉਨ੍ਹਾਂ ਦੀ ਖ਼ਾਤਰ ਕੀਤੀ।
40 ਫੇਰ ਆਥੁਣ ਵੇਲੇ ਓਹ ਸਾਰੇ ਜਿਨ੍ਹਾਂ ਦੇ ਭਾਂਤ ਭਾਂਤ ਦੇ ਰੋਗੀ ਸਨ ਉਨ੍ਹਾਂ ਨੂੰ ਉਸ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ।
41 ਅਰ ਬਹੁਤਿਆਂ ਵਿੱਚੋਂ ਭੂਤ ਭੀ ਚੀਕਾਂ ਮਾਰਦੇ ਅਤੇ ਇਹ ਆਖਦੇ ਨਿੱਕਲ ਆਏ ਭਈ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ! ਪਰ ਉਸ ਨੇ ਉਨ੍ਹਾਂ ਨੂੰ ਝਿੜਕ ਕੇ ਬੋਲਣ ਨਾ ਦਿੱਤਾ ਕਿਉਂ ਜੋ ਓਹ ਪਛਾਣਦੇ ਸਨ ਜੋ ਇਹ ਮਸੀਹ ਹੈ।
42 ਜਾਂ ਦਿਨ ਚੜ੍ਹਿਆ ਤਾਂ ਉਹ ਨਿੱਕਲ ਕੇ ਇੱਕ ਉਜਾੜ ਥਾਂ ਵਿੱਚ ਗਿਆ ਅਤੇ ਭੀੜਾਂ ਉਸ ਨੂੰ ਭਾਲਦੀਆਂ ਭਾਲਦੀਆਂ ਉਸ ਕੋਲ ਆਈਆਂ ਅਤੇ ਉਸ ਨੂੰ ਰੋਕਿਆ ਜੋ ਸਾਡੇ ਕੋਲੋਂ ਨਾ ਜਾਈਂ।
43 ਪਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂ ਕਿ ਮੈਂ ਇਸੇ ਲਈ ਘੱਲਿਆ ਗਿਆ।
44 ਤਾਂ ਉਹ ਗਲੀਲ ਦੀਆਂ ਸਮਾਜਾਂ ਵਿੱਚ ਪਰਚਾਰ ਕਰਦਾ ਰਿਹਾ।




ਕਾਂਡ 5

1 ਐਉਂ ਹੋਇਆ ਕਿ ਜਾਂ ਲੋਕ ਉਹ ਦੇ ਉੱਤੇ ਡਿੱਗਦੇ ਅਤੇ ਪਰਮੇਸ਼ੁਰ ਦਾ ਬਚਨ ਸੁਣਦੇ ਸਨ ਤਾਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜਾ ਸੀ।
2 ਅਤੇ ਉਹ ਨੇ ਝੀਲ ਦੇ ਕੰਢੇ ਦੋ ਬੇੜੀਆਂ ਲੱਗੀਆਂ ਹੋਈਆਂ ਵੇਖੀਆਂ ਪਰ ਮਾਛੀ ਉਨ੍ਹਾਂ ਵਿੱਚੋਂ ਨਿੱਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ।
3 ਉਸ ਨੇ ਉਨ੍ਹਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸ਼ਮਊਨ ਦੀ ਸੀ ਚੜ੍ਹ ਕੇ ਉਸ ਤੋਂ ਚਾਹਿਆ ਜੋ ਕੰਢਿਓਂ ਰਤੀਕੁ ਹਟਾ ਲੈ ਤਾਂ ਉਹ ਬੈਠ ਕੇ ਬੇੜੀ ਉੱਤੋਂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।
4 ਜਾਂ ਉਹ ਬਚਨ ਕਰ ਹਟਿਆ ਤਾਂ ਸ਼ਮਊਨ ਨੂੰ ਕਿਹਾ ਭਈ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ।
5 ਸ਼ਮਊਨ ਨੇ ਉੱਤਰ ਦਿੱਤਾ ਕਿ ਸੁਆਮੀ ਜੀ ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਤਦ ਵੀ ਤੇਰੇ ਆਖਣ ਨਾਲ ਜਾਲ ਪਾਵਾਂਗਾ।
6 ਜਾਂ ਉਨ੍ਹਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਨ੍ਹਾਂ ਦੇ ਜਾਲ ਟੁੱਟਣ ਲੱਗੇ।
7 ਤਦ ਉਨ੍ਹਾਂ ਆਪਣੇ ਸਾਂਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ ਜੋ ਆਣ ਕੇ ਸਾਡੀ ਮੱਦਤ ਕਰੋ। ਸੋ ਓਹ ਆਏ ਅਰ ਦੋਵੇਂ ਬੇੜੀਆਂ ਅਜੇਹੀਆਂ ਭਰ ਲਈਆਂ ਜੋ ਡੁੱਬਣ ਲੱਗੀਆਂ।
8 ਸ਼ਮਊਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰੀਂ ਪਿਆ ਅਤੇ ਬੋਲਿਆ, ਪ੍ਰਭੁ ਜੀ ਮੇਰੇ ਕੋਲੋਂ ਚੱਲਿਆ ਜਾਹ ਕਿਉਂ ਜੋ ਮੈਂ ਪਾਪੀ ਬੰਦਾ ਹਾਂ।
9 ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹ ਦੇ ਨਾਲ ਦੇ ਸੱਭੇ ਹੈਰਾਨ ਹੋਏ।
10 ਅਤੇ ਇਸੇ ਤਰਾਂ ਜ਼ਬਦੀ ਦੇ ਪੁੱਤ੍ਰ ਯਾਕੂਬ ਅਤੇ ਯੂਹੰਨਾ ਵੀ ਜੋ ਸ਼ਮਊਨ ਦੇ ਸਾਂਝੀ ਸਨ ਹੈਰਾਨ ਹੋਏ। ਤਦ ਯਿਸੂ ਨੇ ਸ਼ਮਊਨ ਨੂੰ ਆਖਿਆ, ਨਾ ਡਰ, ਏਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ।
11 ਤਦ ਓਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸੱਭੋ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ।
12 ਤਾਂ ਐਉਂ ਹੋਇਆ ਕਿ ਉਹ ਇੱਕ ਨਗਰ ਵਿੱਚ ਸੀ ਤਾਂ ਵੇਖੋ ਇੱਕ ਮਨੁੱਖ ਕੋੜ੍ਹ ਦਾ ਭਰਿਆ ਹੋਇਆ ਓੱਥੇ ਸੀ ਅਤੇ ਉਹ ਯਿਸੂ ਨੂੰ ਵੇਖ ਕੇ ਮੂੰਹ ਦੇ ਭਾਰ ਡਿੱਗਿਆ ਅਰ ਉਸ ਦੇ ਅੱਗੇ ਬੇਨਤੀ ਕਰ ਕੇ ਕਿਹਾ, ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।
13 ਤਾਂ ਉਸ ਨੇ ਹੱਥ ਲੰਮਾ ਕਰ ਕੇ ਉਹ ਨੂੰ ਛੋਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ ਅਰ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ !
14 ਤਾਂ ਉਸ ਨੇ ਉਹ ਨੂੰ ਹੁਕਮ ਕੀਤਾ ਭਈ ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਤਾਈਂ ਜਾਜਕ ਨੂੰ ਵਿਖਾ ਅਰ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਵੇਂ ਮੂਸਾ ਨੇ ਠਹਿਰਾਇਆ ਹੈ ਤਾਂ ਜੋ ਉਨ੍ਹਾਂ ਲਈ ਸਾਖੀ ਹੋਵੇ।
15 ਪਰ ਉਸ ਦੀ ਚਰਚਾ ਵਧੀਕ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਮਾਂਦਗੀਆਂ ਤੋਂ ਚੰਗੇ ਹੋਣ ਲਈ ਇਕੱਠੀ ਹੋਈ।
16 ਪਰ ਉਹ ਆਪ ਉਜਾੜਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ।
17 ਇੱਕ ਦਿਨ ਐਉਂ ਹੋਇਆ ਕਿ ਜਿਸ ਵੇਲੇ ਉਹ ਉਪਦੇਸ਼ ਕਰਦਾ ਸੀ ਤਾਂ ਕਈ ਫ਼ਰੀਸੀ ਅਤੇ ਤੁਰੇਤ ਦੇ ਪੜ੍ਹਾਉਣ ਵਾਲੇ ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ ਉੱਥੇ ਬੈਠੇ ਅਰ ਪ੍ਰਭੁ ਦੀ ਸਮਰੱਥਾ ਚੰਗਾ ਕਰਨ ਲਈ ਉਹ ਦੇ ਨਾਲ ਸੀ।
18 ਅਰ ਵੇਖੋ, ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ ਮੰਜੇ ਉੱਤੇ ਲਿਆਏ ਅਤੇ ਚਾਹਿਆ ਜੋ ਉਹ ਨੂੰ ਅੰਦਰ ਲੈ ਜਾਕੇ ਉਸ ਦੇ ਅੱਗੇ ਰੱਖਣ।
19 ਅਰ ਜਾਂ ਉਨ੍ਹਾਂ ਨੇ ਭੀੜ ਦੇ ਕਾਰਨ ਉਹ ਨੂੰ ਅੰਦਰ ਲੈ ਜਾਣ ਦਾ ਕੋਈ ਢੰਗ ਨਾ ਵੇਖਿਆ ਤਾਂ ਕੋਠੇ ਉੱਤੇ ਚੜ੍ਹ ਗਏ ਅਤੇ ਖਪਰੈਲਾਂ ਦੇ ਵਿੱਚੋਂ ਦੀ ਉਹ ਨੂੰ ਮੰਜੀ ਸਣੇ ਯਿਸੂ ਦੇ ਅੱਗੇ ਵਿਚਕਾਰ ਲਮਕਾ ਦਿੱਤਾ।
20 ਅਤੇ ਉਸ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਤੈਨੂੰ ਮਾਫ਼ ਹੋਏ।
21 ਤਾਂ ਗ੍ਰੰਥੀ ਅਰ ਫ਼ਰੀਸੀ ਵਿਚਾਰ ਕਰਨ ਲੱਗੇ ਭਈ ਇਹ ਕੌਣ ਹੈ ਜਿਹੜਾ ਕੁਫ਼ਰ ਬਕਦਾ ਹੈ ? ਇੱਕ ਪਰਮੇਸ਼ੁਰ ਬਿਨਾ ਹੋਰ ਕੌਣ ਪਾਪ ਮਾਫ਼ ਕਰ ਸੱਕਦਾ ਹੈ ?
22 ਪਰ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਸੋਚਦੇ ਹੋ ?
23 ਕਿਹੜੀ ਗੱਲ ਸੁਖਾਲੀ ਹੈ ਇਹ ਕਹਿਣਾ ਜੋ ਤੇਰੇ ਪਾਪ ਤੈਨੂੰ ਮਾਫ਼ ਹੋਏ ਯਾ ਇਹ ਕਹਿਣਾ ਭਈ ਉੱਠ ਅਤੇ ਤੁਰ ?
24 ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਉਸ ਨੇ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਅਰ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ।
25 ਤਾਂ ਉਹ ਝੱਟ ਉਨ੍ਹਾਂ ਦੇ ਸਾਹਮਣੇ ਉੱਠਿਆ ਅਰ ਜਿਸ ਉੱਤੇ ਪਿਆ ਸੀ ਉਹ ਨੂੰ ਚੁੱਕ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਚੱਲਿਆ ਗਿਆ।
26 ਅਤੇ ਓਹ ਸੱਭੇ ਵੱਡੇ ਹੈਰਾਨ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ਅਰ ਅੱਤ ਭੈਮਾਨ ਹੋ ਕੇ ਬੋਲੇ ਕਿ ਅਸਾਂ ਅੱਜ ਅਚਰਜ ਗੱਲਾਂ ਵੇਖੀਆਂ ਹਨ !
27 ਇਹ ਦੇ ਪਿੱਛੋਂ ਉਹ ਬਾਹਰ ਗਿਆ ਅਰ ਲੇਵੀ ਨਾਉਂ ਦੇ ਇੱਕ ਮਸੂਲੀਏ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਹ ਨੂੰ ਆਖਿਆ ਕਿ ਮੇਰੇ ਪਿੱਛੇ ਹੋ ਤੁਰ।
28 ਤਾਂ ਉਹ ਸੱਭੋ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ।
29 ਅਰ ਲੇਵੀ ਨੇ ਆਪਣੇ ਘਰ ਉਸ ਦੀ ਖ਼ਾਤਰ ਵੱਡੀ ਦਾਉਤ ਕੀਤੀ ਅਰ ਓੱਥੇ ਮਸੂਲੀਆਂ ਅਤੇ ਹੋਰਨਾਂ ਦੀ ਜੋ ਉਨ੍ਹਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ।
30 ਫ਼ਰੀਸੀ ਅਰ ਉਨ੍ਹਾਂ ਦੇ ਗ੍ਰੰਥੀ ਉਸ ਦੇ ਚੇਲਿਆਂ ਉੱਤੇ ਬੁੜਬੁੜਾ ਕੇ ਕਹਿਣ ਲੱਗੇ ਭਈ ਤੁਸੀਂ ਕਿਉਂ ਮਸੂਲੀਆਂ ਅਤੇ ਪਾਪੀਆਂ ਨਾਲ ਖਾਂਦੇ ਪੀਂਦੇ ਹੋ ?
31 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ।
32 ਮੈਂ ਧਰਮੀਆਂ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ।
33 ਅੱਗੇ ਉਨ੍ਹਾਂ ਉਸ ਨੂੰ ਆਖਿਆ, ਯੂਹੰਨਾ ਦੇ ਚੇਲੇ ਬਹੁਤ ਵਰਤ ਰੱਖਦੇ ਅਤੇ ਬੇਨਤੀ ਕਰਦੇ ਹਨ ਅਰ ਇਸੇ ਤਰਾਂ ਨਾਲ ਫ਼ਰੀਸੀਆਂ ਦੇ ਭੀ ਪਰ ਤੇਰੇ ਚੇਲੇ ਖਾਂਦੇ ਪੀਂਦੇ ਹਨ।
34 ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ, ਤੁਸੀਂ ਉਨ੍ਹਾਂ ਤੋਂ ਵਰਤ ਰਖਾ ਸੱਕਦੇ ਹੋ ?
35 ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਕੋਲੋਂ ਅੱਡ ਕੀਤਾ ਜਾਵੇਗਾ ਤਦ ਉਨ੍ਹੀਂ ਦਿਨੀਂ ਓਹ ਵਰਤ ਰੱਖਣਗੇ।
36 ਅਤੇ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦਿੱਤਾ ਭਈ ਨਵੇਂ ਕੱਪੜੇ ਵਿੱਚੋਂ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਕੋਈ ਨਹੀਂ ਲਾਉਂਦਾ ਨਹੀਂ ਤਾਂ ਉਹ ਨਵੇਂ ਨੂੰ ਪਾੜ ਦੇਵੇਗੀ ਅਤੇ ਨਵੇਂ ਦੀ ਟਾਕੀ ਪੁਰਾਣੇ ਨਾਲ ਸੱਜਨੀ ਵੀ ਨਹੀਂ।
37 ਅਰ ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ ਨਹੀਂ ਤਾਂ ਨਵੀਂ ਮੈ ਮਸ਼ਕਾਂ ਨੂੰ ਪਾੜ ਕੇ ਆਪ ਵਗ ਜਾਵੇਗੀ ਅਤੇ ਮਸ਼ਕਾਂ ਦਾ ਵੀ ਨਾਸ ਹੋ ਜਾਵੇਗਾ।
38 ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਨੀ ਚਾਹੀਦੀ ਹੈ।
39 ਅਤੇ ਪੁਰਾਣੀ ਪੀ ਕੇ ਨਵੀਂ ਕੋਈ ਨਹੀਂ ਚਾਹੁੰਦਾ ਕਿਉਂ ਜੋ ਉਹ ਕਹਿੰਦਾ ਹੈ ਭਈ ਪੁਰਾਣੀ ਚੰਗੀ ਹੈ।




ਕਾਂਡ 6

1 ਇੱਕ ਸਬਤ ਦੇ ਦਿਨ ਐਉਂ ਹੋਇਆ ਜੋ ਉਹ ਖੇਤਾਂ ਵਿੱਚੋਂ ਦੀ ਲੱਗਾ ਜਾਂਦਾ ਸੀ ਅਤੇ ਉਸ ਦੇ ਚੇਲੇ ਸਿੱਟੇ ਤੋੜ ਕੇ ਆਪਣਿਆਂ ਹੱਥਾਂ ਨਾਲ ਮਲ ਮਲ ਚੱਬਦੇ ਜਾਂਦੇ ਸਨ।
2 ਅਰ ਫ਼ਰੀਸੀਆਂ ਵਿੱਚੋਂ ਕਈਆਂ ਨੇ ਆਖਿਆ, ਤੁਸੀਂ ਉਹ ਕੰਮ ਕਿਉਂ ਕਰਦੇ ਹੋ ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ ਹੈ ?
3 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਲਾ, ਤੁਸਾਂ ਇਹ ਵੀ ਨਹੀਂ ਪੜ੍ਹਿਆ ਜੋ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ ?
4 ਉਹ ਕਿਵੇਂ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਲੈ ਕੇ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਬਿਨਾ ਹੋਰ ਕਿਸੇ ਨੂੰ ਜੋਗ ਨਹੀਂ ਅਰ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ?
5 ਫੇਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਨੁੱਖ ਦਾ ਪੁੱਤ੍ਰ ਸਬਤ ਦਾ ਮਾਲਕ ਹੈ।
6 ਇੱਕ ਹੋਰ ਸਬਤ ਦੇ ਦਿਨ ਐਉਂ ਹੋਇਆ ਭਈ ਉਹ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ ਅਰ ਉੱਥੇ ਇੱਕ ਮਨੁੱਖ ਸੀ ਜਿਹ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ।
7 ਗ੍ਰੰਥੀ ਅਤੇ ਫ਼ਰੀਸੀ ਉਹ ਦੀ ਤਾੜ ਵਿੱਚ ਲੱਗੇ ਹੋਏ ਸਨ ਭਈ ਵੇਖੀਏ ਉਹ ਸਬਤ ਦੇ ਦਿਨ ਚੰਗਾ ਕਰੇਗਾ ਕਿ ਨਹੀਂ ? ਇਸ ਲਈ ਜੋ ਉਹ ਦੇ ਜੁੰਮੇ ਦੋਸ਼ ਲਾਉਣ ਦਾ ਮੌਕਾ ਮਿਲੇ।
8 ਪਰ ਉਸ ਨੇ ਉਹ ਦੇ ਖਿਆਲਾਂ ਨੂੰ ਜਾਣ ਕੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਉੱਠ ਅਤੇ ਵਿਚਾਲੇ ਖੜੋ ਜਾਹ। ਤਾਂ ਉਹ ਉੱਠ ਖੜੋਤਾ।
9 ਫੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਥੋਂ ਪੁੱਛਣਾ ਹਾਂ ਭਈ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ ਯਾ ਬੁਰਾ ਕਰਨਾ ? ਜਾਨ ਬਚਾਉਣੀ ਯਾ ਨਾਸ ਕਰਨੀ ?
10 ਤਾਂ ਉਸ ਨੇ ਉਨ੍ਹਾਂ ਸਭਨਾਂ ਵੱਲ ਚੁਫੇਰੇ ਵੇਖ ਕੇ ਉਹ ਨੂੰ ਆਖਿਆ, ਆਪਣਾ ਹੱਥ ਲੰਮਾ ਕਰ। ਤਾਂ ਉਹ ਨੇ ਕਰ ਦਿੱਤਾ ਅਤੇ ਉਹ ਦਾ ਹੱਥ ਮੁੜ ਚੰਗਾ ਹੋ ਗਿਆ।
11 ਪਰ ਓਹ ਸੁਦਾਪੁਣੇ ਨਾਲ ਭਰ ਗਏ ਅਰ ਆਪੋ ਵਿੱਚ ਗੱਲਾਂ ਕਰਨ ਲੱਗੇ ਭਈ ਅਸੀਂ ਯਿਸੂ ਨਾਲ ਕੀ ਕਰੀਏ ?
12 ਉਨ੍ਹੀਂ ਦਿਨੀਂ ਅਜਿਹਾ ਹੋਇਆ ਜੋ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ।
13 ਅਤੇ ਜਾਂ ਦਿਨ ਚੜ੍ਹਿਆ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਕੋਲ ਸੱਦਿਆ ਅਤੇ ਉਨ੍ਹਾਂ ਵਿੱਚੋਂ ਬਾਰਾਂ ਨੂੰ ਚੁਣ ਕੇ ਉਨ੍ਹਾਂ ਦਾ ਨਾਉਂ ਰਸੂਲ ਵੀ ਰੱਖਿਆ ਅਰਥਾਤ-
14 ਸ਼ਮਊਨ ਜਿਹ ਦਾ ਨਾਉਂ ਉਸ ਨੇ ਪਤਰਸ ਵੀ ਧਰਿਆ ਅਤੇ ਉਹ ਦਾ ਭਰਾ ਅੰਦ੍ਰਿਯਾਸ ਅਰ ਯਾਕੂਬ ਅਰ ਯੂਹੰਨਾ ਅਰ ਫ਼ਿਲਿੱਪੁਸ ਅਰ ਬਰਥੁਲਮਈ
15 ਅਰ ਮੱਤੀ ਅਰ ਥੋਮਾ ਅਰ ਹਲਫ਼ਈ ਦਾ ਪੁੱਤ੍ਰ ਯਾਕੂਬ ਅਰ ਸ਼ਮਊਨ ਜਿਹੜਾ ਜ਼ੇਲੋਤੇਸ ਕਹਾਉਂਦਾ ਹੈ।
16 ਯਾਕੂਬ ਦਾ ਪੁੱਤ੍ਰ ਯਹੂਦਾ ਅਰ ਯਹੂਦਾ ਇਸਕਰਿਯੋਤੀ ਜਿਹੜਾ ਉਹ ਦਾ ਫੜਵਾਉਣ ਵਾਲਾ ਵੀ ਸੀ।
17 ਅਤੇ ਉਹ ਉਨ੍ਹਾਂ ਨਾਲ ਉਤਰ ਕੇ ਪੱਧਰੇ ਖੜਾ ਹੋਇਆ, ਨਾਲੇ ਉਹ ਦੇ ਚੇਲਿਆਂ ਦੀ ਵੱਡੀ ਮੰਡਲੀ ਅਰ ਲੋਕਾਂ ਦੀ ਵੱਡੀ ਭੀੜ ਜਿਹੜੇ ਸਾਰੇ ਯਹੂਦਿਯਾ ਅਤੇ ਯਰੂਸ਼ਲਮ ਅਤੇ ਸੂਰ ਅਰ ਸੈਦਾ ਦੇ ਸਮੁੰਦਰ ਦੇ ਕੰਢਿਓਂ ਉਹ ਦੀ ਸੁਣਨ ਲਈ ਅਰ ਆਪਣਿਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ।
18 ਅਤੇ ਜਿਹੜੇ ਭ੍ਰਿਸ਼ਟ ਆਤਮਿਆਂ ਤੋਂ ਦੁਖੀ ਸਨ ਓਹ ਚੰਗੇ ਕੀਤੇ ਗਏ।
19 ਅਰ ਸਾਰੇ ਲੋਕ ਉਸ ਨੂੰ ਛੋਹਣਾ ਚਾਹੁੰਦੇ ਸਨ ਇਸ ਲਈ ਜੋ ਸ਼ਕਤੀ ਉਸ ਤੋਂ ਨਿੱਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ।
20 ਉਸ ਨੇ ਆਪਣਿਆਂ ਚੇਲਿਆਂ ਉੱਤੇ ਨਿਗਾਹ ਕਰਕੇ ਆਖਿਆ,-ਧੰਨ ਹੋ ਤੁਸੀਂ ਜਿਹੜੇ ਗ਼ਰੀਬ ਹੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।
21 ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ ਰਜਾਏ ਜਾਓਗੇ। ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ ਹੱਸੋਗੇ।
22 ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤ੍ਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਜਦ ਓਹ ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ ਅਤੇ ਤੁਹਾਡਾ ਨਾਉਂ ਬੁਰਾ ਜਾਣ ਕੇ ਕੱਢ ਸੁੱਟਣਗੇ।
23 ਉਸ ਦਿਨ ਅਨੰਦ ਹੋਵੋ ਤੇ ਖੁਸ਼ੀ ਨਾਲ ਉੱਛਲੋ ਕਿਉਂ ਜੋ ਵੇਖੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ,ਇਸੇ ਲਈ ਭਈ ਉਨ੍ਹਾਂ ਦੇ ਪਿਉ-ਦਾਦਿਆਂ ਨੇ ਨਬੀਆਂ ਨਾਲ ਇਸੇ ਤਰਾਂ ਕੀਤਾ।
24 ਪਰ ਹਾਇ ਤੁਹਾਨੂੰ ਜਿਹੜੇ ਧਨਵਾਨ ਹੋ ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ।
25 ਹਾਇ ਤੁਹਾਨੂੰ ਜਿਹੜੇ ਹੁਣ ਰੱਜੇ ਹੋਏ ਹੋ ਕਿਉਂ ਜੋ ਤੁਸੀਂ ਭੁੱਖੇ ਹੋਵੋਗੇ। ਹਾਇ ਤੁਹਾਨੂੰ ਜਿਹੜੇ ਹੁਣ ਹੱਸਦੇ ਹੋ ਕਿਉਂ ਜੋ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ।
26 ਹਾਇ ਤੁਹਾਨੂੰ ਜਦ ਸਭ ਲੋਕ ਤੁਹਾਡੀ ਸੋਭਾ ਕਰਨ ਕਿਉਂ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰਾਂ ਕੀਤਾ।
27 ਪਰ ਮੈਂ ਤੁਹਾਨੂੰ ਜੋ ਸੁਣਦੇ ਹੋ ਆਖਦਾ ਹਾਂ ਭਈ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ। ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ।
28 ਜੋ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ। ਜੋ ਤੁਹਾਡੀ ਪਤ ਲਾਹੁਣ ਉਨ੍ਹਾਂ ਦੇ ਲਈ ਪ੍ਰਾਰਥਨਾ ਕਰੋ।
29 ਜੋ ਤੇਰੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹ ਦੀ ਵੱਲ ਕਰ ਦਿਹ ਅਰ ਜੋ ਤੇਰੀ ਚਾਦਰ ਖੋਹ ਲਵੇ ਉਹ ਨੂੰ ਕੁੜਤਾ ਵੀ ਲੈਣੋਂ ਮਨਾ ਨਾ ਕਰ।
30 ਜੋ ਕੋਈ ਤੈਥੋਂ ਮੰਗੇ ਉਹ ਨੂੰ ਦਿਹ ਅਰ ਜੋ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਮੁੜ ਨਾ ਮੰਗ।
31 ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ।
32 ਜੇ ਤੁਸੀਂ ਉਨ੍ਹਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਆਪਣਿਆਂ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ ?
33 ਅਰ ਜੇ ਤੁਸੀਂ ਉਨ੍ਹਾਂ ਹੀ ਦਾ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਇਹੋ ਕਰਦੇ ਹਨ ?
34 ਜੇ ਤੁਸੀਂ ਉਨ੍ਹਾਂ ਹੀ ਨੂੰ ਉਧਾਰ ਦਿਓ ਜਿਨ੍ਹਾਂ ਕੋਲੋਂ ਲੈਣ ਦੀ ਆਸਾ ਹੋਵੇ ਤਾਂ ਤੁਹਾਡਾ ਕੀ ਹਸਾਨ ਹੈ ? ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਭਈ ਮੁੜ ਕੇ ਉਨ੍ਹਾਂ ਤੋਂ ਓੱਨਾ ਹੀ ਲੈ ਲੈਣ।
35 ਪਰ ਤੁਸੀਂ ਆਪਣਿਆ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ। ਨਿਰਾਸ ਨਾ ਹੋ ਕੇ ਉਧਾਰ ਦਿਓ ਤਾਂ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਦੇ ਪੁੱਤ੍ਰ ਹੋਵੋਗੇ ਕਿ ਉਹ ਨਾ ਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਦਿਆਲੂ ਹੈ।
36 ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।
37 ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇਗਾ, ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ। ਛੱਡ ਦਿਓ ਤਾਂ ਤੁਸੀਂ ਛੱਡੇ ਜਾਓਗੇ।
38 ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ।
39 ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦੇ ਕੇ ਕਿਹਾ, ਭਲਾ, ਅੰਨ੍ਹਾ ਅੰਨ੍ਹੇ ਦਾ ਆਗੂ ਹੋ ਸੱਕਦਾ ਹੈ ? ਕੀ ਓਹ ਦੋਵੇਂ ਟੋਏ ਵਿੱਚ ਨਾ ਡਿੱਗਣਗੇ?
40 ਚੇਲਾ ਗੁਰੂ ਨਾਲੋਂ ਵੱਡਾ ਨਹੀਂ ਪਰ ਹਰੇਕ ਜਦ ਪੂਰਾ ਹੋ ਗਿਆ ਤਦ ਆਪਣੇ ਗੁਰੂ ਵਰਗਾ ਹੋਵੇਗਾ।
41 ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ ?
42 ਯਾ ਕਿੱਕੁਰ ਤੂੰ ਆਪਣੇ ਭਾਈ ਨੂੰ ਆਖ ਸੱਕਦਾ ਹੈਂ, ਭਾਈ ਲਿਆ ! ਉਸ ਕੱਖ ਨੂੰ ਜੋ ਤੇਰੀ ਅੱਖ ਵਿੱਚ ਹੈ ਕੱਢ ਸੁੱਟਾਂ ? ਪਰ ਤੂੰ ਉਸ ਸ਼ਤੀਰ ਨੂੰ ਜਿਹੜਾ ਤੇਰੀ ਆਪਣੀ ਅੱਖ ਵਿੱਚ ਹੈ ਨਹੀਂ ਵੇਖਦਾ। ਹੇ ਕਪਟੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਅੱਛੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਜੋ ਤੇਰੇ ਭਾਈ ਦੀ ਅੱਖ ਵਿੱਚ ਹੈ ਕੱਢ ਸੱਕੇਂਗਾ।
43 ਕੋਈ ਚੰਗਾ ਰੁੱਖ ਤਾਂ ਨਹੀਂ ਹੈ ਜਿਹੜਾ ਮਾੜਾ ਫਲ ਦੇਵੇ ਅਤੇ ਫੇਰ ਕੋਈ ਮਾੜਾ ਰੁੱਖ ਨਹੀਂ ਹੈ ਜਿਹੜਾ ਚੰਗਾ ਫਲ ਦੇਵੇ।
44 ਕਿਉਂ ਜੋ ਹਰੇਕ ਰੁੱਖ ਆਪੋ ਆਪਣੇ ਫਲ ਤੋਂ ਪਛਾਣਿਆ ਜਾਂਦਾ ਹੈ। ਕੰਡਿਆਲਿਆਂ ਤੋਂ ਹੰਜੀਰ ਨਹੀਂ ਤੋੜਦੇ, ਨਾ ਝਾੜੀਓਂ ਦਾਖ ਤੋੜਦੇ ਹਨ।
45 ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ। ਅਤੇ ਬੁਰਾ, ਆਦਮੀ ਬੁਰੇ ਖ਼ਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।
46 ਤੁਸੀਂ ਮੈਨੂੰ ਪ੍ਰਭੁ, ਪ੍ਰਭੁ ਕਰਕੇ ਕਿਉਂ ਪੁਕਾਰਦੇ ਹੋ ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ?
47 ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਜੋ ਉਹ ਕਿਸ ਵਰਗਾ ਹੈ। 48 ਉਹ ਉਸ ਮਨੁੱਖ ਵਰਗਾ ਹੈ ਜਿਹ ਨੇ ਘਰ ਬਣਾਉਂਦਿਆਂ ਡੂੰਘਾ ਪੁੱਟ ਕੇ ਪੱਥਰ ਉੱਤੇ ਨੀਉਂ ਧਰੀ ਅਤੇ ਜਾਂ ਹੜ੍ਹ ਆਇਆ ਤਾਂ ਧਾਰ ਨੇ ਉਸ ਘਰ ਉੱਤੇ ਜ਼ੋਰ ਮਾਰਿਆ ਪਰ ਉਹ ਨੂੰ ਹਿਲਾ ਨਾ ਸੱਕੀ ਇਸ ਲਈ ਜੋ ਉਹ ਅੱਛੀ ਤਰਾਂ ਬਣਾਇਆ ਹੋਇਆ ਸੀ। 49 ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਮਨੁੱਖ ਵਰਗਾ ਹੈ ਜਿਹ ਨੇ ਨੀਉਂ ਬਿਨਾ ਧਰਤੀ ਉੱਤੇ ਘਰ ਬਣਾਇਆ ਜਿਸ ਉੱਤੇ ਧਾਰ ਨੇ ਜ਼ੋਰ ਮਾਰਿਆ ਅਤੇ ਉਹ ਝੱਟ ਡਿੱਗ ਪਿਆ ਅਰ ਉਸ ਘਰ ਦਾ ਸੱਤਿਆ ਨਾਸ ਹੋ ਗਿਆ।




ਕਾਂਡ 7

1 ਜਾਂ ਉਹ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਦੇ ਕੰਨੀਂ ਪਾ ਚੁੱਕਿਆ ਤਾਂ ਕਫ਼ਰਨਾਹੂਮ ਵਿੱਚ ਆਇਆ।
2 ਅਤੇ ਕਿਸੇ ਸੂਬੇਦਾਰ ਦਾ ਨੌਕਰ ਜਿਹੜਾ ਉਹ ਦਾ ਬਹੁਤ ਪਿਆਰਾ ਸੀ ਰੋਗ ਨਾਲ ਮਰਨਾਊ ਸੀ।
3 ਉਹ ਨੇ ਯਿਸੂ ਦੀ ਖਬਰ ਸੁਣ ਕੇ ਯਹੂਦੀਆਂ ਦਿਆਂ ਕਈਆਂ ਬਜ਼ੁਰਗਾਂ ਨੂੰ ਉਸ ਦੇ ਕੋਲ ਘੱਲਿਆ ਅਤੇ ਉਸ ਅੱਗੇ ਅਰਜ਼ ਕੀਤੀ ਜੋ ਆਣ ਕੇ ਮੇਰੇ ਨੌਕਰ ਨੂੰ ਬਚਾ।
4 ਸੋ ਜਾਂ ਓਹ ਯਿਸੂ ਦੇ ਕੋਲ ਅੱਪੜੇ ਉਨ੍ਹਾਂ ਨੇ ਉਸ ਦੀ ਵੱਡੀ ਮਿੰਨਤ ਕਰਕੇ ਆਖਿਆ ਭਈ ਉਹ ਇਸ ਲਾਇਕ ਹੈ ਜੋ ਤੂੰ ਉਹ ਦੇ ਲਈ ਇਹ ਕੰਮ ਕਰੇਂ।
5 ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਹ ਨੇ ਆਪ ਸਾਡੇ ਲਈ ਸਮਾਜ ਮੰਦਰ ਬਣਵਾਇਆ ਹੈ।
6 ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਰ ਜਾਂ ਉਹ ਘਰ ਦੇ ਨੇੜੇ ਆਇਆ ਤਾਂ ਸੂਬੇਦਾਰ ਨੇ ਮਿੱਤਰਾਂ ਦੇ ਰਾਹੀਂ ਉਸ ਨੂੰ ਕਹਾ ਭੇਜਿਆ ਕਿ ਪ੍ਰਭੁ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ ਲਾਇਕ ਨਹੀਂ ਜੋ ਤੂੰ ਮੇਰੀ ਛੱਤ ਹੇਠ ਆਵੇਂ।
7 ਇਸੇ ਕਾਰਨ ਮੈਂ ਆਪਣੇ ਤਾਈਂ ਤੇਰੇ ਕੋਲ ਆਉਣ ਦੇ ਭੀ ਜੋਗ ਨਾ ਸਮਝਿਆ ਪਰ ਤੂੰ ਨਿਰਾ ਬਚਨ ਹੀ ਉਚਾਰ ਤਾਂ ਮੇਰਾ ਛੋਕਰਾ ਚੰਗਾ ਹੋ ਜਾਵੇਗਾ।
8 ਕਿਉਂ ਜੋ ਮੈਂ ਭੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਕੀਤਾ ਹੋਇਆ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖ਼ਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਹਾਂ, ਜਾਹ ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ ਕਿ ਆ, ਤਾਂ ਉਹ ਆਉਂਦਾ ਹੈ ਅਰ ਆਪਣੇ ਨੌਕਰ ਨੂੰ ਕਿ ਇਹ ਕਰ ਤਾਂ ਉਹ ਕਰਦਾ ਹੈ।
9 ਯਿਸੂ ਨੇ ਇਹ ਗੱਲਾਂ ਸੁਣ ਕੇ ਉਸ ਤੇ ਅਚਰਜ ਮੰਨਿਆ ਅਤੇ ਉਸ ਭੀੜ ਦੀ ਵੱਲ ਜੋ ਉਹ ਦੇ ਮਗਰ ਚੱਲੀ ਆਉਂਦੀ ਸੀ ਮੁੜ ਕੇ ਕਿਹਾ,ਮੈਂ ਤੁਹਾਨੂੰ ਆਖਦਾ ਹਾਂ ਜੋ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ !
10 ਜੋ ਭੇਜੇ ਗਏ ਸਨ ਉਨ੍ਹਾਂ ਘਰ ਮੁੜ ਕੇ ਉਸ ਨੌਕਰ ਨੂੰ ਚੰਗਾ ਹੋਇਆ ਹੋਇਆ ਡਿੱਠਾ।
11 ਇਹ ਦੇ ਥੋੜੇ ਚਿਰ ਪਿੱਛੋਂ ਐਉਂ ਹੋਇਆ ਜੋ ਉਹ ਨਾਇਨ ਨਾਉਂ ਦੇ ਇੱਕ ਨਗਰ ਨੂੰ ਗਿਆ ਅਰ ਉਹ ਦੇ ਚੇਲੇ ਅਤੇ ਵੱਡੀ ਭੀੜ ਉਹ ਦੇ ਨਾਲ ਤੁਰੀ ਜਾਂਦੀ ਸੀ।
12 ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਆ ਪੁੱਜਿਆ ਤਾਂ ਵੇਖੋ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇੱਕੋ ਹੀ ਪੁੱਤ੍ਰ ਸੀ ਅਤੇ ਉਹ ਵਿਧਵਾ ਸੀ ਅਰ ਨਗਰ ਦੀ ਵੱਡੀ ਭੀੜ ਉਹ ਦੇ ਨਾਲ ਹੈਸੀ।
13 ਪ੍ਰਭੁ ਨੇ ਉਸ ਨੂੰ ਵੇਖ ਕੇ ਉਸ ਦੇ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ।
14 ਅਰ ਨੇੜੇ ਆਣ ਕੇ ਸਿੜ੍ਹੀ ਨੂੰ ਛੋਹਿਆ ਅਰ ਚੁੱਕਣ ਵਾਲੇ ਖਲੋ ਗਏ। ਤਦ ਉਹ ਨੇ ਕਿਹਾ, ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ !
15 ਤਾਂ ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਉਸ ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ।
16 ਤਾਂ ਸਭ ਦੇ ਸਭ ਡਰ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰ ਕੇ ਬੋਲੇ ਭਈ ਸਾਡੇ ਵਿੱਚ ਵੱਡਾ ਨਬੀ ਉੱਠਿਆ, ਨਾਲੇ ਪਰਮੇਸ਼ੁਰ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ।
17 ਅਰ ਉਹ ਦੇ ਵਿਖੇ ਇਹ ਗੱਲ ਸਾਰੇ ਯਹੂਦਿਯਾ ਅਤੇ ਉਸ ਤਮਾਮ ਇਲਾਕੇ ਵਿੱਚ ਖਿੰਡ ਗਈ।
18 ਯੂਹੰਨਾ ਦੇ ਚੇਲਿਆਂ ਨੇ ਉਸ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਖਬਰ ਦਿੱਤੀ।
19 ਅਰ ਯੂਹੰਨਾ ਨੇ ਆਪਣੇ ਚੇਲਿਆਂ ਵਿੱਚੋਂ ਦੋ ਜਣੇ ਕੋਲ ਸੱਦ ਕੇ ਪ੍ਰਭੁ ਨੂੰ ਕਹਾ ਭੇਜਿਆ ਭਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਯਾ ਅਸੀਂ ਕਿਸੇ ਹੋਰ ਨੂੰ ਉਡੀਕੀਏ ?
20 ਸੋ ਉਨ੍ਹਾਂ ਮਨੁੱਖਾਂ ਨੇ ਉਹ ਦੇ ਕੋਲ ਆਣ ਕੇ ਕਿਹਾ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਡੀ ਜ਼ਬਾਨੀ ਤੈਨੂੰ ਇਹ ਕਹਾ ਭੇਜਿਆ ਹੈ ਭਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਯਾ ਅਸੀਂ ਕਿਸੇ ਹੋਰ ਨੂੰ ਉਡੀਕੀਏ ?
21 ਉਸ ਨੇ ਉਸ ਘੜੀ ਬਹੁਤਿਆਂ ਨੂੰ ਰੋਗਾਂ ਅਰ ਬਲਾਈਆਂ ਅਤੇ ਬਦ ਰੂਹਾਂ ਤੋਂ ਚੰਗਾ ਕੀਤਾ ਅਤੇ ਬਹੁਤਿਆਂ ਅੰਨ੍ਹਿਆਂ ਨੂੰ ਸੁਜਾਖਾ ਕੀਤਾ ਸੀ।
22 ਤਦ ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਭਈ ਜੋ ਕੁਝ ਤੁਸਾਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਦੱਸਿਓ ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਅਤੇ ਬੋਲੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ, ਗਰੀਬਾਂ ਨੂੰ ਖੁਸ਼ ਖਬਰੀ ਸੁਣਾਈ ਜਾਂਦੀ ਹੈ।
23 ਅਤੇ ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ।
24 ਜਾਂ ਯੂਹੰਨਾ ਦੇ ਭੇਜੇ ਹੋਏ ਚੱਲੇ ਗਏ ਤਾਂ ਉਹ ਯੂਹੰਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਨਿੱਕਲੇ ਸਾਓ ? ਭਲਾ, ਇੱਕ ਕਾਨੇ ਨੂੰ ਜਿਹੜਾ ਵਾਉ ਨਾਲ ਹਿਲਦਾ ਹੈ ?
25 ਫੇਰ ਤੁਸੀਂ ਕੀ ਵੇਖਣ ਨਿੱਕਲੇ ਸਾਓ ? ਕੀ ਮਹੀਨ ਬਸਤ੍ਰ ਪਹਿਨੇ ਹੋਏ ਇੱਕ ਮਨੁੱਖ ਨੂੰ ? ਵੇਖੋ, ਓਹ ਜੋ ਭੜਕੀਲੀ ਪੁਸ਼ਾਕ ਪਹਿਨਦੇ ਅਤੇ ਅਨੰਦ ਭੋਗਦੇ ਹਨ ਸੋ ਰਾਜਿਆਂ ਦੇ ਮਹਿਲਾਂ ਵਿੱਚ ਹੁੰਦੇ ਹਨ।
26 ਫੇਰ ਤੁਸੀਂ ਕੀ ਵੇਖਣ ਨਿੱਕਲੇ ਸਾਓ ? ਕੀ ਇੱਕ ਨਬੀ ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ।
27 ਇਹ ਉਹੋ ਹੈ ਜਿਹ ਦੇ ਹੱਕ ਵਿੱਚ ਲਿਖਿਆ ਹੈ, ਵੇਖੋ, ਮੈਂ ਆਪਣਾ ਦੁਤ ਤੇਰੇ ਅੱਗੇ ਘੱਲਦਾ ਹਾਂ, ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।
28 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜੇ ਤੀਵੀਆਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਜੋ ਪਰਮੇਸ਼ੁਰ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ।
29 ਅਰ ਸਭਨਾਂ ਲੋਕਾਂ ਨੇ ਜਾਂ ਸੁਣਿਆ ਅਤੇ ਮਸੂਲੀਆਂ ਨੇ ਬੀ ਯੂਹੰਨਾ ਦਾ ਬਪਤਿਸਮਾ ਲੈ ਕੇ ਪਰਮੇਸ਼ੁਰ ਨੂੰ ਸੱਚਾ ਮੰਨਿਆ।
30 ਪਰ ਫ਼ਰੀਸੀਆਂ ਅਤੇ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਨੇ ਉਸ ਕੋਲੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ੁਰ ਦੀ ਜੁਗਤ ਨੂੰ ਟਾਲ ਦਿੱਤਾ।
31 ਫੇਰ ਮੈਂ ਇਸ ਪੀਹੜੀ ਦੇ ਲੋਕਾਂ ਨੂੰ ਕਿਹ ਦੇ ਵਰਗਾ ਦੱਸਾਂ ਅਤੇ ਓਹ ਕਿਹ ਦੇ ਸਮਾਨ ਹਨ ?
32 ਓਹ ਉਨ੍ਹਾਂ ਨੀਂਗਰਾਂ ਵਰਗੇ ਹਨ ਜਿਹੜੇ ਬਜ਼ਾਰ ਵਿੱਚ ਬੈਠੇ ਇੱਕ ਦੂਏ ਨੂੰ ਅਵਾਜ਼ ਮਾਰਦੇ ਜੋ ਆਖਦੇ ਹਨ ਭਈ ਅਸਾਂ ਤੁਹਾਡੇ ਲਈ ਬੌਂਸਰੀ ਬਜਾਈ ਪਰ ਤੁਸੀਂ ਨਾ ਨੱਚੇ। ਅਸਾਂ ਸਿਆਪਾ ਕੀਤਾ ਪਰ ਤੁਸੀਂ ਨਾ ਰੋਏ।
33 ਯੂਹੰਨਾ ਬਪਤਿਸਮਾ ਦੇਣ ਵਾਲਾ ਨਾ ਤਾਂ ਰੋਟੀ ਖਾਂਦਾ, ਨਾ ਮੈ ਪੀਂਦਾ ਆਇਆ ਹੈ ਅਰ ਤੁਸੀਂ ਕਹਿੰਦੇ ਹੋ ਕਿ ਉਹ ਦੇ ਵਿੱਚ ਇੱਕ ਭੂਤ ਹੈ।
34 ਮਨੁੱਖ ਦਾ ਪੁੱਤ੍ਰ ਖਾਂਦਾ ਪੀਂਦਾ ਆਇਆ ਹੈ ਅਤੇ ਤੁਸੀਂ ਕਹਿੰਦੇ ਹੋ, ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ, ਮਸੂਲੀਆਂ ਅਰ ਪਾਪੀਆਂ ਦਾ ਯਾਰ !
35 ਸੋ ਗਿਆਨ ਆਪਣੇ ਸਾਰੇ ਬਾਲਕਾਂ ਤੋਂ ਸੱਚਾ ਠਹਿਰਿਆ !
36 ਫੇਰ ਫ਼ਰੀਸੀਆਂ ਵਿੱਚੋਂ ਇੱਕ ਨੇ ਉਹ ਦੇ ਅੱਗੇ ਅਰਜ਼ ਕੀਤੀ ਜੋ ਮੇਰੇ ਨਾਲ ਰੋਟੀ ਖਾਹ। ਤਾਂ ਉਹ ਫ਼ਰੀਸੀ ਦੇ ਘਰ ਜਾ ਕੇ ਖਾਣ ਬੈਠਾ।
37 ਅਤੇ ਵੇਖੋ ਉਸ ਨਗਰ ਵਿੱਚ ਇੱਕ ਤੀਵੀਂ ਹੈਸੀ ਜਿਹੜੀ ਪਾਪਣ ਸੀ ਅਤੇ ਉਹ ਇਹ ਜਾਣ ਕੇ ਭਈ ਉਹ ਫ਼ਰੀਸੀ ਦੇ ਘਰ ਖਾਣ ਬੈਠਾ ਹੈ ਇੱਕ ਸ਼ੀਸ਼ੀ ਵਿੱਚ ਅਤਰ ਲਿਆਈ।
38 ਅਰ ਪਿਛਲੀ ਵੱਲ ਉਹ ਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ ਰੋਂਦੀ ਅੰਝੂਆਂ ਨਾਲ ਉਹ ਦੇ ਚਰਨ ਭੇਉਣ ਲੱਗੀ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਹ ਦੇ ਚਰਨ ਚੁੰਮੇ ਅਤੇ ਅਤਰ ਮਲਿਆ।
39 ਅਰ ਇਹ ਵੇਖ ਕੇ ਉਹ ਫ਼ਰੀਸੀ ਜਿਹ ਨੇ ਉਹ ਨੂੰ ਨੇਉਤਾ ਦਿੱਤਾ ਸੀ ਆਪਣੇ ਜੀ ਵਿੱਚ ਕਹਿਣ ਲੱਗਾ ਭਈ ਇਹ ਮਨੁੱਖ ਜੇ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਤੀਵੀਂ ਜੋ ਉਹ ਨੂੰ ਛੋਹੰਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ।
40 ਯਿਸੂ ਨੇ ਅੱਗੋਂ ਉਹ ਨੂੰ ਕਿਹਾ, ਸ਼ਮਊਨ ਮੈਂ ਤੈਨੂੰ ਕੁਝ ਆਖਣਾ ਹੈ। ਤਾਂ ਉਹ ਬੋਲਿਆ, ਗੁਰੂ ਜੀ ਫ਼ਰਮਾਓ।
41 ਕਿਸੇ ਸ਼ਾਹੂਕਾਰ ਦੇ ਦੋ ਕਰਜਾਈ ਸਨ, ਇੱਕ ਢਾਈ ਸੌ ਰੁਪਏ ਅਤੇ ਦੂਆ ਪੰਜਾਹਾਂ ਦਾ।
42 ਜਾਂ ਉਨ੍ਹਾਂ ਦੇ ਕੋਲ ਦੇਣ ਨੂੰ ਕੁਝ ਨਾ ਸੀ ਤਾਂ ਉਹ ਨੇ ਦੋਹਾਂ ਨੂੰ ਬਖ਼ਸ਼ ਦਿੱਤਾ ਸੋ ਉਨ੍ਹਾਂ ਵਿੱਚੋਂ ਉਸ ਨਾਲ ਕਿਹੜਾ ਵਧੀਕ ਪਿਆਰ ਕਰੇਗਾ ?
43 ਸ਼ਮਊਨ ਨੇ ਉੱਤਰ ਦਿੱਤਾ, ਮੇਰੀ ਜਾਚ ਵਿੱਚ ਉਹ ਜਿਹ ਨੂੰ ਉਸ ਨੇ ਵਧੀਕ ਬਖ਼ਸ਼ਿਆ। ਤਾਂ ਉਸ ਨੇ ਉਹ ਨੂੰ ਆਖਿਆ, ਤੈਂ ਠੀਕ ਨਿਬੇੜਾ ਕੀਤਾ।
44 ਫੇਰ ਉਸ ਤੀਵੀਂ ਦੀ ਵੱਲ ਮੂੰਹ ਫੇਰ ਕੇ ਸ਼ਮਊਨ ਨੂੰ ਕਿਹਾ, ਤੂੰ ਇਸ ਤੀਵੀਂ ਨੂੰ ਵੇਖਦਾ ਹੈਂ ? ਮੈਂ ਤੇਰੇ ਘਰ ਆਇਆ, ਤੈਂ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੱਤਾ ਪਰ ਇਹ ਨੇ ਮੇਰੇ ਪੈਰ ਅੰਝੂਆਂ ਨਾਲ ਭੇਵੇ ਅਤੇ ਆਪਣੇ ਵਾਲਾਂ ਨਾਲ ਪੂੰਝੇ।
45 ਤੈਂ ਮੈਨੂੰ ਨਾ ਚੁੰਮਿਆ ਪਰ ਇਹ ਜਦੋਂ ਦਾ ਮੈਂ ਐਥੇ ਆਇਆ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ।
46 ਤੈਂ ਮੇਰੇ ਸਿਰ ਤੇ ਤੇਲ ਨਾ ਮਲਿਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ।
47 ਇਸ ਕਾਰਨ ਮੈਂ ਤੈਨੂੰ ਆਖਦਾ ਹਾਂ ਕਿ ਇਹ ਦੇ ਪਾਪ ਜੋ ਬਹੁਤੇ ਹਨ ਸੋ ਮਾਫ਼ ਕੀਤੇ ਗਏ ਕਿਉਂਕਿ ਇਸ ਨੇ ਪਿਆਰ ਬਹੁਤ ਕੀਤਾ, ਪਰ ਜਿਹ ਨੂੰ ਥੋੜਾ ਮਾਫ਼ ਕੀਤਾ ਗਿਆ ਸੋ ਥੋੜਾ ਪਿਆਰ ਕਰਦਾ ਹੈ।
48 ਫੇਰ ਓਨ ਉਸ ਤੀਵੀਂ ਨੂੰ ਆਖਿਆ, ਤੇਰੇ ਪਾਪ ਮਾਫ਼ ਕੀਤੇ ਗਏ।
49 ਅਤੇ ਜਿਹੜੇ ਉਹ ਦੇ ਨਾਲ ਖਾਣ ਨੂੰ ਬੈਠੇ ਸਨ ਆਪਣੇ ਮਨ ਵਿੱਚ ਕਹਿਣ ਲੱਗੇ ਭਈ ਇਹ ਕੌਣ ਹੈ ਜੋ ਪਾਪ ਭੀ ਮਾਫ਼ ਕਰਦਾ ਹੈ ? 50 ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਤੇਰੀ ਨਿਹਚਾ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚੱਲੀ ਜਾਹ।




ਕਾਂਡ 8

1 ਇਹ ਦੇ ਥੋੜੇ ਚਿਰ ਪਿੱਛੋਂ ਐਉਂ ਹੋਇਆ ਕਿ ਉਹ ਨਗਰੋ ਨਗਰ ਅਤੇ ਪਿੰਡੋਂ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ ਅਤੇ ਓਹ ਬਾਰ੍ਹਾਂ ਉਸ ਦੇ ਨਾਲ ਸਨ।
2 ਅਰ ਕਈ ਤੀਵੀਆਂ ਵੀ ਜਿਹੜੀਆਂ ਬਦਰੂਹਾਂ ਅਤੇ ਰੋਗਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜੋ ਮਗਦਲੀਨੀ ਕਹਾਉਂਦੀ ਸੀ ਜਿਹ ਦੇ ਵਿੱਚੋਂ ਸੱਤ ਭੂਤ ਨਿੱਕਲੇ ਸਨ।
3 ਅਤੇ ਹੇਰੋਦੇਸ ਦੇ ਦਿਵਾਨ ਖੂਜ਼ਾਹ ਨਾਮੇ ਦੀ ਤੀਵੀਂ ਯੋਆਨਾ ਅਰ ਸੁਸੰਨਾ ਅਤੇ ਹੋਰ ਬਥੇਰੀਆਂ ਜੋ ਆਪਣੇ ਮਾਲ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।
4 ਜਾਂ ਵੱਡੀ ਭੀੜ ਇਕੱਠੀ ਹੁੰਦੀ ਸੀ ਅਤੇ ਨਗਰ ਨਗਰ ਦੇ ਲੋਕ ਉਹ ਦੇ ਕੋਲ ਆਉਂਦੇ ਸਨ, ਤਾਂ ਉਹ ਨੇ ਦ੍ਰਿਸ਼ਟਾਂਤ ਨਾਲ ਆਖਿਆ।
5 ਕਿ ਇੱਕ ਬੀਜਣ ਵਾਲਾ ਬੀ ਬੀਜਣ ਨੂੰ ਨਿੱਕਲਿਆ ਅਰ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਜਾ ਪਿਆ ਅਤੇ ਮਿੱਧਿਆ ਗਿਆ ਅਤੇ ਅਕਾਸ਼ ਦੇ ਪੰਛੀ ਉਹ ਨੂੰ ਚੁਗ ਗਏ।
6 ਅਰ ਹੋਰ ਪੱਥਰ ਉੱਤੇ ਕਿਰਿਆ ਸੋ ਉੱਗਦਿਆਂ ਹੀ ਸੁੱਕ ਗਿਆ ਇਸ ਲਈ ਜੋ ਉਹ ਨੂੰ ਗਿੱਲ ਨਾ ਪਹੁੰਚੀ।
7 ਅਤੇ ਹੋਰ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਨਾਲ ਹੀ ਵਧ ਕੇ ਉਹ ਨੂੰ ਦਬਾ ਲਿਆ।
8 ਅਰ ਹੋਰ ਚੰਗੀ ਜਮੀਨ ਵਿੱਚ ਕਿਰਿਆ ਅਤੇ ਉੱਗ ਕੇ ਸੌ ਗੁਣਾ ਫਲਿਆ। ਉਹ ਇਹ ਗੱਲਾਂ ਕਹਿ ਕੇ ਉੱਚੀ ਉੱਚੀ ਬੋਲਿਆ ਭਈ ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ !
9 ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, ਇਸ ਦ੍ਰਿਸ਼ਟਾਂਤ ਦਾ ਕੀ ਅਰਥ ਹੈ ?
10 ਅਰ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ, ਤਾਂ ਜੋ ਓਹ ਵੇਖਦਿਆਂ ਨਾ ਵੇਖਣ ਅਤੇ ਸੁਣਦਿਆਂ ਨਾ ਸਮਝਣ।
11 ਪਰ ਇਹ ਦ੍ਰਿਸ਼ਟਾਂਤ ਇਉਂ ਹੈ ਕਿ ਬੀ ਪਰਮੇਸ਼ੁਰ ਦਾ ਬਚਨ ਹੈ।
12 ਅਤੇ ਪਹੇ ਦੇ ਕੰਢੇ ਵਾਲੇ ਓਹ ਹਨ ਜਿਨ੍ਹਾਂ ਸੁਣਿਆ, ਤਾਂ ਸ਼ਤਾਨ ਆਣ ਕੇ ਉਸ ਬਚਨ ਨੂੰ ਉਨ੍ਹਾਂ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ ਕਿਤੇ ਅਜਿਹਾ ਨਾ ਹੋਵੇ ਜੋ ਓਹ ਨਿਹਚਾ ਕਰ ਕੇ ਬਚਾਏ ਜਾਣ।
13 ਅਤੇ ਜੋ ਪੱਥਰ ਉੱਤੇ ਕਿਰੇ ਸੋ ਓਹ ਹਨ ਕਿ ਜਿਸ ਵੇਲੇ ਓਹ ਸੁਣਦੇ ਹਨ ਤਾਂ ਬਚਨ ਨੂੰ ਖੁਸ਼ੀ ਨਾਲ ਮੰਨ ਲੈਂਦੇ ਹਨ ਪਰ ਏਹ ਜੜ੍ਹ ਨਹੀਂ ਰੱਖਦੇ ਅਤੇ ਥੋੜਾ ਚਿਰ ਪਰਤੀਤ ਕਰਦੇ ਅਰ ਪਰਤਾਵੇ ਵੇਲੇ ਹਟ ਜਾਂਦੇ ਹਨ।
14 ਜੋ ਕੰਡਿਆਲਿਆਂ ਵਿੱਚ ਕਿਰਿਆ ਸੋ ਓਹ ਹਨ ਜਿਨ੍ਹਾਂ ਸੁਣਿਆ ਅਤੇ ਜਾ ਕੇ ਜੀਉਣ ਦੀਆਂ ਚਿੰਤਾਂ ਅਰ ਮਾਯਾ ਅਤੇ ਭੋਗ ਬਿਲਾਸ ਨਾਲ ਦਬਾਏ ਜਾਂਦੇ ਹਨ ਅਤੇ ਪੱਕੇ ਫਲ ਨਹੀਂ ਦਿੰਦੇ ਹਨ।
15 ਪਰ ਜੋ ਚੰਗੀ ਜਮੀਨ ਵਿੱਚ ਕਿਰਿਆ ਸੋ ਓਹ ਹਨ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਅਤੇ ਖਰੇ ਦਿਲ ਵਿੱਚ ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।
16 ਕੋਈ ਮਨੁੱਖ ਦੀਵਾ ਬਾਲ ਕੇ ਉਹ ਨੂੰ ਭਾਂਡੇ ਨਾਲ ਨਹੀਂ ਲੁਕਾਉਂਦਾ, ਨਾ ਮੰਜੇ ਦੇ ਹੇਠ ਰੱਖਦਾ ਹੈ ਪਰ ਦੀਵਟ ਉੱਤੇ ਰੱਖਦਾ ਹੈ ਭਈ ਅੰਦਰ ਆਉਣ ਵਾਲੇ ਚਾਨਣ ਵੇਖਣ।
17 ਕੁਝ ਓਹਲੇ ਤਾਂ ਨਹੀਂ ਜੋ ਪਰਗਟ ਨਾ ਹੋਵੇਗਾ ਅਤੇ ਕੁਝ ਲੁਕਿਆ ਨਹੀਂ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ।
18 ਇਸ ਕਰਕੇ ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ ਕਿਉਂਕਿ ਜਿਹ ਦੇ ਕੋਲ ਕੁਝ ਹੋਵੇ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਹ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਜੋ ਉਹ ਆਪਣੀ ਜਾਚ ਵਿੱਚ ਰੱਖਦਾ ਹੈ ਲੈ ਲਿਆ ਜਾਵੇਗਾ।
19 ਉਹ ਦੀ ਮਾਤਾ ਅਤੇ ਉਹ ਦੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਹ ਦੇ ਨੇੜੇ ਅੱਪੜ ਨਾ ਸੱਕੇ।
20 ਉਹ ਨੂੰ ਖਬਰ ਕੀਤੀ ਗਈ ਭਈ ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਖੜੇ ਤੈਨੂੰ ਮਿਲਨਾ ਚਾਹੁੰਦੇ ਹਨ।
21 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਮੇਰੇ ਭਰਾ ਏਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ।
22 ਫੇਰ ਇੱਕ ਦਿਨ ਐਉਂ ਹੋਇਆ ਜੋ ਉਹ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਅਰ ਉਸ ਨੇ ਉਨ੍ਹਾਂ ਨੂੰ ਆਖਿਆ, ਆਓ, ਅਸੀਂ ਝੀਲ ਦੇ ਪਾਰ ਚੱਲੀਏ, ਤਾਂ ਉਨ੍ਹਾਂ ਨੇ ਬੇੜੀ ਖੋਲ ਦਿੱਤੀ।
23 ਪਰ ਜਾਂ ਬੇੜੀ ਚੱਲੀ ਜਾਂਦੀ ਸੀ ਤਾਂ ਉਹ ਸੌਂ ਗਿਆ ਅਤੇ ਝੀਲ ਵਿੱਚ ਅਨ੍ਹੇਰੀ ਆਈ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ ਅਰ ਓਹ ਖਤਰੇ ਵਿੱਚ ਸਨ।
24 ਤਾਂ ਉਨ੍ਹਾਂ ਨੇ ਕੋਲ ਆਣ ਕੇ ਉਸ ਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ ! ਅਸੀਂ ਤਾਂ ਮਰ ਚੱਲੇ ਹਾਂ ! ਉਸ ਨੇ ਉੱਠ ਕੇ ਪੌਣ ਅਤੇ ਪਾਣੀ ਦੀਆਂ ਠਾਠਾਂ ਨੂੰ ਦਬਕਾ ਦਿੱਤਾ ਅਰ ਓਹ ਥੰਮ ਗਈਆਂ ਅਤੇ ਚੈਨ ਹੋ ਗਿਆ।
25 ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੀ ਨਿਹਚਾ ਕਿੱਥੇ ? ਅਤੇ ਉਹ ਡਰ ਗਏ ਅਰ ਹੈਰਾਨ ਹੋ ਕੇ ਆਪੋ ਵਿੱਚੀਂ ਕਹਿਣ ਲੱਗੇ, ਇਹ ਕੌਣ ਹੈ ਜੋ ਪੌਣ ਅਤੇ ਪਾਣੀ ਉੱਤੇ ਭੀ ਹੁਕਮ ਕਰਦਾ ਹੈ ਅਰ ਓਹ ਉਸ ਦੀ ਮੰਨ ਲੈਂਦੇ ਹਨ ?
26 ਓਹ ਗਿਰਸੇਨੀਆਂ ਦੇ ਦੇਸ ਵਿੱਚ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ ਪਹੁੰਚੇ।
27 ਅਰ ਜਾਂ ਉਹ ਕੰਢੇ ਤੇ ਉੱਤਰਿਆ ਤਾਂ ਨਗਰ ਵਿੱਚੋਂ ਇੱਕ ਮਨੁੱਖ ਟੱਕਰਿਆ ਜਿਹ ਦੇ ਵਿੱਚ ਭੂਤ ਸਨ ਅਤੇ ਉਹ ਬਹੁਤ ਚਿਰ ਦਾ ਬਸਤ੍ਰ ਨਹੀਂ ਸੀ ਪਹਿਨਦਾ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ।
28 ਅਰ ਯਿਸੂ ਨੂੰ ਵੇਖ ਕੇ ਚੀਕ ਮਾਰੀ ਅਤੇ ਉਸ ਦੇ ਅੱਗੇ ਡਿੱਗ ਪਿਆ ਅਰ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤ੍ਰ ਯਿਸੂ ਤੇਰਾ ਮੇਰੇ ਨਾਲ ਕੀ ਕੰਮ ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁਖ ਨਾ ਦਿਹ !
29 ਕਿਉਂਕਿ ਉਹ ਉਸ ਭ੍ਰਿਸ਼ਟ ਆਤਮਾ ਨੂੰ ਹੁਕਮ ਕਰ ਰਿਹਾ ਸੀ ਕਿ ਇਸ ਮਨੁੱਖ ਵਿੱਚੋਂ ਨਿੱਕਲ ਜਾਹ ਇਸ ਲਈ ਜੋ ਉਹ ਬਹੁਤ ਵਾਰੀ ਉਹ ਨੂੰ ਖਿੱਚ ਕਰਦਾ ਸੀ ਅਤੇ ਉਹ ਸੰਗਲਾਂ ਅਤੇ ਬੇੜੀਆਂ ਨਾਲ ਜਕੜਿਆ ਹੋਇਆ ਪਹਿਰੇ ਵਿੱਚ ਰਹਿੰਦਾ ਸੀ ਪਰ ਉਹ ਬੰਧਨਾਂ ਨੂੰ ਤੋੜ ਸੁੱਟਦਾ ਅਤੇ ਭੂਤ ਉਹ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ।
30 ਫੇਰ ਯਿਸੂ ਨੇ ਉਹ ਨੂੰ ਪੁੱਛਿਆ, ਤੇਰਾ ਨਾਉਂ ਕੀ ਹੈ ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਭੂਤ ਉਸ ਵਿੱਚ ਵੜੇ ਹੋਏ ਸਨ।
31 ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਭਈ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ !
32 ਉੱਥੇ ਸੂਰਾਂ ਦਾ ਇੱਕ ਵੱਡਾ ਇੱਜੜ ਪਹਾੜ ਉੱਤੇ ਚੁੱਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਹ ਜੋ ਉਨ੍ਹਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ।
33 ਅਰ ਭੂਤ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਸਾਰਾ ਇੱਜੜ ਢਾਹੇ ਉੱਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਡੁੱਬ ਮੋਇਆ।
34 ਅਰ ਚੁਗਾਉਣ ਵਾਲੇ ਇਹ ਹਾਲ ਵੇਖ ਕੇ ਭੱਜੇ ਅਤੇ ਨਗਰ ਅਰ ਪਿੰਡਾਂ ਵਿੱਚ ਖਬਰ ਪੁਚਾਈ।
35 ਤਾਂ ਲੋਕ ਉਸ ਹਾਲ ਨੂੰ ਵੇਖਣ ਨਿੱਕਲੇ ਅਤੇ ਯਿਸੂ ਦੇ ਕੋਲ ਆਣ ਕੇ ਉਸ ਮਨੁੱਖ ਨੂੰ ਜਿਸ ਵਿੱਚੋਂ ਭੂਤ ਨਿੱਕਲੇ ਸਨ ਕੱਪੜੇ ਪਹਿਨੀ ਅਤੇ ਸੁਰਤ ਸਮ੍ਹਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਓਹ ਡਰ ਗਏ।
36 ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਖਬਰ ਦਿੱਤੀ ਭਈ ਉਹ ਜਿਹ ਦੇ ਵਿੱਚ ਭੂਤ ਸਨ ਕਿੱਕੂੰ ਬਚ ਗਿਆ।
37 ਅਰ ਗਿਰਸੇਨੀਆਂ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਉਸ ਦੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲੋਂ ਚੱਲੇ ਜਾਓ ਕਿਉਂ ਜੋ ਉਨ੍ਹਾਂ ਨੂੰ ਵੱਡਾ ਖੌਫ਼ ਪੈ ਗਿਆ ਸੀ। ਸੋ ਉਹ ਬੇੜੀ ਉੱਤੇ ਚੜ੍ਹ ਕੇ ਮੁੜ ਗਿਆ।
38 ਅਤੇ ਉਸ ਮਨੁੱਖ ਨੇ ਜਿਹ ਦੇ ਵਿੱਚੋਂ ਭੂਤ ਨਿੱਕਲੇ ਸਨ, ਉਸ ਦੇ ਨਾਲ ਰਹਿਣ ਦੇ ਲਈ ਬੇਨਤੀ ਕੀਤੀ ਪਰ ਉਸ ਨੇ ਇਹ ਕਹਿ ਕੇ ਉਹ ਨੂੰ ਵਿਦਿਆ ਕੀਤਾ।
39 ਭਈ ਆਪਣੇ ਘਰ ਨੂੰ ਮੁੜ ਜਾਹ ਅਤੇ ਦੱਸੀਂ ਜੋ ਪਰਮੇਸ਼ੁਰ ਨੇ ਤੇਰੇ ਲਈ ਕੇਡੇ ਵੱਡੇ ਕੰਮ ਕੀਤੇ ਹਨ। ਤਾਂ ਉਹ ਸਾਰੇ ਨਗਰ ਵਿੱਚ ਉਜਾਗਰ ਕਰਦਾ ਗਿਆ ਜੋ ਯਿਸੂ ਨੇ ਉਹ ਦੇ ਲਈ ਕੇਡੇ ਵੱਡੇ ਕੰਮ ਕੀਤੇ।
40 ਜਾਂ ਯਿਸੂ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਓਹ ਸਭ ਉਸ ਦੀ ਉਡੀਕ ਕਰ ਰਹੇ ਸਨ।
41 ਅਰ ਵੇਖੋ ਕਿ ਜੈਰੁਸ ਨਾਉਂ ਦਾ ਇੱਕ ਮਨੁੱਖ ਆਇਆ ਜਿਹੜਾ ਸਮਾਜ ਦਾ ਸਰਦਾਰ ਸੀ ਅਤੇ ਉਹ ਨੇ ਯਿਸੂ ਦੇ ਪੈਰੀਂ ਪੈ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ।
42 ਇਸ ਕਰਕੇ ਜੋ ਉਹ ਦੀ ਬਾਰਾਂ ਕੁ ਵਰਿਹਾਂ ਦੀ ਇਕਲੌਤੀ ਧੀ ਸੀ ਅਰ ਉਹ ਸੀ ਮਰਨਾਊ ਅਤੇ ਉਸ ਦੇ ਤੁਰਦਿਆਂ ਜਾਂਦਿਆਂ ਭੀੜ ਉਸ ਨੂੰ ਦਬਾਈ ਜਾਂਦੀ ਸੀ।
43 ਤਦ ਇੱਕ ਜਨਾਨੀ ਨੇ ਜਿਹ ਦੇ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ ਅਤੇ ਉਹ ਆਪਣੀ ਸਾਰੀ ਪੂੰਜੀ ਹਕੀਮਾਂ ਨੂੰ ਦੇ ਬੈਠੀ ਸੀ ਪਰ ਕਿਸੇ ਤੋਂ ਚੰਗੀ ਨਾ ਹੋ ਸਕੀ।
44 ਪਿੱਛੋਂ ਦੀ ਆਣ ਕੇ ਉਸ ਦੇ ਕੱਪੜੇ ਦਾ ਪੱਲਾ ਛੋਹਿਆ ਅਤੇ ਉਵੇਂ ਉਹ ਦਾ ਲਹੂ ਬੰਦ ਹੋ ਗਿਆ।
45 ਤਦ ਯਿਸੂ ਨੇ ਕਿਹਾ, ਮੈਨੂੰ ਕਿਹ ਨੇ ਛੋਹਿਆ ? ਜਾਂ ਸਾਰਿਆਂ ਨੇ ਨਾਂਹ ਕੀਤੀ ਤਾਂ ਪਤਰਸ ਅਤੇ ਉਹ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੈਨੂੰ ਘੇਰਦੀ ਅਰ ਉੱਤੇ ਡਿੱਗਦੀ ਹੈ।
46 ਪਰ ਯਿਸੂ ਆਖਿਆ, ਕਿਸੇ ਨੇ ਮੈਨੂੰ ਛੋਹਿਆ ਕਿਉਂ ਜੋ ਮੈਨੂੰ ਮਲੂਮ ਹੋਇਆ ਭਈ ਮੇਰੇ ਵਿੱਚੋਂ ਸ਼ਕਤੀ ਨਿੱਕਲੀ ਹੈ।
47 ਜਾਂ ਉਸ ਜਨਾਨੀ ਨੇ ਵੇਖਿਆ ਜੋ ਮੈਂ ਲੁਕ ਨਹੀਂ ਸੱਕਦੀ ਤਾਂ ਕੰਬਦੀ ਕੰਬਦੀ ਆਈ ਅਤੇ ਉਸ ਦੇ ਪੈਰੀਂ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੋਹਿਆ ਅਤੇ ਕਿਸ ਤਰਾਂ ਓਵੇਂ ਚੰਗੀ ਹੋ ਗਈ।
48 ਉਸ ਨੇ ਉਹ ਨੂੰ ਆਖਿਆ, ਬੇਟੀ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚੱਲੀ ਜਾਹ।
49 ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਕਿਸੇ ਨੇ ਆਣ ਕੇ ਕਿਹਾ ਭਈ ਤੇਰੀ ਧੀ ਮਰ ਗਈ, ਗੁਰੂ ਨੂੰ ਖੇਚਲ ਨਾ ਦਿਹ।
50 ਪਰ ਯਿਸੂ ਨੇ ਸੁਣ ਕੇ ਅੱਗੋਂ ਉਹ ਨੂੰ ਆਖਿਆ, ਨਾ ਡਰ, ਕੇਵਲ ਨਿਹਚਾ ਕਰ ਤਾਂ ਉਹ ਬਚ ਜਾਵੇਗੀ।
51 ਉਸ ਨੇ ਘਰ ਪਹੁੰਚ ਕੇ ਪਤਰਸ ਅਰ ਯੂਹੰਨਾ ਅਰ ਯਾਕੂਬ ਅਤੇ ਉਸ ਕੁੜੀ ਦੇ ਮਾਪਿਆਂ ਤੋਂ ਬਿਨਾ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ।
52 ਅਤੇ ਸਭ ਲੋਕ ਉਸ ਕੁੜੀ ਨੂੰ ਰੋਂਦੇ ਪਿੱਟਦੇ ਸਨ ਪਰ ਉਸ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ।
53 ਤਾਂ ਓਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਉਹ ਜਾਣਦੇ ਸਨ ਭਈ ਉਹ ਮੋਈ ਪਈ ਹੈ।
54 ਪਰ ਉਸ ਨੇ ਉਹ ਦਾ ਹੱਥ ਫੜ ਕੇ ਉੱਚੀ ਅਵਾਜ਼ ਨਾਲ ਕਿਹਾ, ਕੁੜੀਏ, ਉੱਠ !
55 ਅਤੇ ਉਹ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜੀ ਹੋਈ, ਅਰ ਉਸ ਨੇ ਹੁਕਮ ਕੀਤਾ ਜੋ ਉਹ ਨੂੰ ਕੁਝ ਖਾਣ ਲਈ ਦਿੱਤਾ ਜਾਏ।
56 ਅਤੇ ਉਹ ਦੇ ਮਾਪੇ ਅਚਰਜ ਰਹਿ ਗਏ, ਪਰ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਭਈ ਇਹ ਵਿਥਿਆ ਕਿਸੇ ਕੋਲ ਨਾ ਦੱਸਿਓ।




ਕਾਂਡ 9

1 ਉਸ ਨੇ ਬਾਰਾਂ ਚੇਲਿਆਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਸਾਰਿਆਂ ਭੂਤਾਂ ਉੱਤੇ ਅਤੇ ਰੋਗਾਂ ਦੇ ਦੂਰ ਕਰਨ ਦੀ ਸ਼ਕਤੀ ਤੇ ਇਖ਼ਤਿਆਰ ਦਿੱਤਾ।
2 ਅਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਘੱਲਿਆ।
3 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਰਾਹ ਦੇ ਲਈ ਕੁਝ ਨਾ ਲਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਿਆ, ਨਾ ਦੋ ਕੁੜਤੇ ਰੱਖੋ।
4 ਜਿਸ ਘਰ ਵਿੱਚ ਜਾਓ ਉੱਥੇ ਹੀ ਟਿਕੋ ਅਰ ਉੱਥੋਂ ਹੀ ਤੁਰੋ।
5 ਅਤੇ ਜਿਹੜੇ ਤੁਹਾਡਾ ਆਦਰ ਭਾਉ ਨਾ ਕਰਨ ਤੁਸੀਂ ਉਸ ਨਗਰੋਂ ਨਿੱਕਲਦਿਆਂ ਉਨ੍ਹਾਂ ਉੱਤੇ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।
6 ਤਾਂ ਓਹ ਬਾਹਰ ਜਾ ਕੇ ਪਿੰਡੋ ਪਿੰਡ ਹਰ ਥਾਂ ਖੁਸ਼ ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ।
7 ਰਾਜਾ ਹੇਰੋਦੇਸ ਨੇ ਸਭ ਕੁਝ ਜੋ ਹੋ ਰਿਹਾ ਸੀ ਸੁਣਿਆ ਅਰ ਦੁਬਧਾ ਵਿੱਚ ਪੈ ਗਿਆ ਇਸ ਲਈ ਜੋ ਕਈ ਆਖਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।
8 ਪਰ ਕਈ ਬੋਲੇ ਭਈ ਏਲੀਯਾਹ ਪਰਗਟ ਹੋਇਆ ਅਤੇ ਹੋਰ ਆਖਦੇ ਸਨ ਜੋ ਅਗਲਿਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।
9 ਹੇਰੋਦੇਸ ਨੇ ਕਿਹਾ ਕਿ ਯੂਹੰਨਾ ਦਾ ਸਿਰ ਮੈਂ ਵਢਾ ਸੁੱਟਿਆ ਪਰ ਇਹ ਕੌਣ ਹੈ ਜਿਹ ਦੇ ਹੱਕ ਵਿੱਚ ਮੈਂ ਏਹੋ ਜਹੀਆਂ ਗੱਲਾਂ ਸੁਣਦਾ ਹਾਂ ? ਅਰ ਉਸ ਨੇ ਉਹ ਦੇ ਵੇਖਣ ਦੀ ਭਾਲ ਕੀਤੀ।
10 ਰਸੂਲਾਂ ਨੇ ਮੁੜ ਆ ਕੇ ਜੋ ਕੁਝ ਕੀਤਾ ਸੀ ਸੋ ਉਹ ਨੂੰ ਦੱਸਿਆ ਅਰ ਉਹ ਉਨ੍ਹਾਂ ਨੂੰ ਨਾਲ ਲੈ ਕੇ ਅਲੱਗ ਬੈਤਸੈਦਾ ਨਾਉਂ ਦੇ ਇੱਕ ਨਗਰ ਵਿੱਚ ਗਿਆ।
11 ਪਰ ਲੋਕ ਇਹ ਮਲੂਮ ਕਰ ਕੇ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਦੇ ਵਿਖੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਨ੍ਹਾਂ ਨੂੰ ਚੰਗੇ ਕੀਤਾ।
12 ਜਾਂ ਦਿਨ ਢਲਣ ਲੱਗਾ ਤਾਂ ਉਨ੍ਹਾਂ ਬਾਰਾਂ ਨੇ ਕੋਲ ਆਣ ਕੇ ਉਹ ਨੂੰ ਆਖਿਆ ਕਿ ਭੀੜ ਨੂੰ ਵਿਦਿਆ ਕਰ ਜੋ ਓਹ ਆਲੇ ਦੁਆਲੇ ਦਿਆਂ ਪਿੰਡਾਂ ਅਤੇ ਗਰਾਵਾਂ ਵਿੱਚ ਜਾ ਕੇ ਰਾਤ ਕੱਟਣ ਅਤੇ ਕੁਝ ਲੈ ਕੇ ਖਾਣ ਕਿਉਂ ਜੋ ਅਸੀਂ ਐਥੇ ਉਜਾੜ ਥਾਂ ਵਿੱਚ ਹਾਂ।
13 ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ। ਓਹ ਬੋਲੇ, ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਬਿਨਾ ਹੋਰ ਕੁਝ ਨਹੀਂ ਯਾ ਅਸੀਂ ਜਾ ਕੇ ਇਨ੍ਹਾਂ ਸਭਨਾਂ ਲੋਕਾਂ ਦੇ ਲਈ ਭੋਜਨ ਮੁੱਲ ਲਿਆਈਏ ? ਕਿਉਂਕਿ ਓਹ ਪੰਜ ਕੁ ਹਜ਼ਾਰ ਮਰਦ ਸਨ।
14 ਉਹ ਨੇ ਆਪਣੇ ਚੇਲਿਆਂ ਨੂੰ ਆਖਿਆ ਭਈ ਉਨ੍ਹਾਂ ਨੂੰ ਕੋਈ ਪੰਜਾਹਾਂ ਪੰਜਾਹਾਂ ਦੀ ਟੋਲੀ ਕਰਕੇ ਬਿਠਾਲ ਦਿਓ।
15 ਤਾਂ ਉਨ੍ਹਾਂ ਉਸੇ ਤਰਾਂ ਕਰ ਕੇ ਸਭਨਾਂ ਨੂੰ ਬਿਠਾਲਿਆ।
16 ਉਸ ਨੇ ਓਹਨਾਂ ਪੰਜਾਂ ਰੋਟੀਆਂ ਅਰ ਦੋ ਮੱਛੀਆਂ ਨੂੰ ਲੈ ਲਿਆ ਅਰ ਅਕਾਸ਼ ਵੱਲ ਵੇਖ ਕੇ ਓਹਨਾਂ ਉੱਤੇ ਬਰਕਤ ਮੰਗੀ ਅਤੇ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਭਈ ਲੋਕਾਂ ਦੇ ਅੱਗੇ ਰੱਖਣ।
17 ਤਦ ਓਹ ਸਾਰੇ ਖਾ ਕੇ ਰੱਜ ਗਏ ਅਤੇ ਓਹਨਾਂ ਦਿਆਂ ਬੱਚਿਆਂ ਹੋਇਆਂ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਚੁੱਕੀਆਂ ਗਈਆਂ।
18 ਫੇਰ ਅਜਿਹਾ ਹੋਇਆ ਕਿ ਜਾਂ ਉਹ ਨਿਰਾਲੇ ਵਿੱਚ ਪ੍ਰਾਰਥਨਾ ਕਰਦਾ ਸੀ ਤਾਂ ਚੇਲੇ ਉਹ ਦੇ ਨਾਲ ਸਨ ਅਰ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਪੁੱਛਿਆ ਭਈ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ ?
19 ਤਾਂ ਉਨ੍ਹਾਂ ਉੱਤਰ ਦਿੱਤਾ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਹੋਰ ਏਲੀਯਾਹ ਅਤੇ ਹੋਰ ਭਈ ਅਗਲਿਆਂ ਵਿੱਚੋਂ ਕੋਈ ਨਬੀ ਜੀ ਉੱਠਿਆ।
20 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ ? ਪਤਰਸ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦਾ ਮਸੀਹ !
21 ਤਾਂ ਉਸ ਨੇ ਉਨ੍ਹਾਂ ਨੂੰ ਤਗੀਦ ਕਰ ਕੇ ਹੁਕਮ ਦਿੱਤਾ ਜੋ ਇਹ ਕਿਸੇ ਨੂੰ ਨਾ ਦੱਸੋ !
22 ਅਤੇ ਆਖਿਆ ਭਈ ਜ਼ਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਬਹੁਤ ਦੁਖ ਝੱਲੇ ਅਤੇ ਬਜ਼ੁਰਗਾਂ ਅਰ ਪਰਧਾਨ ਜਾਜਕਾਂ ਅਰ ਗ੍ਰੰਥੀਆਂ ਥੀਂ ਰੱਦਿਆ ਜਾਏ ਅਤੇ ਮਾਰ ਸੁੱਟਿਆ ਜਾਏ ਅਤੇ ਤੀਜੇ ਦਿਨ ਜੁਆਲਿਆ ਜਾਏ।
23 ਉਸ ਨੇ ਸਭਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।
24 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ।
25 ਆਦਮੀ ਨੂੰ ਕੀ ਲਾਭ ਹੈ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣਾ ਨਾਸ ਕਰੇ ਯਾ ਆਪ ਨੂੰ ਗੁਆਵੇ ?
26 ਜੋ ਕੋਈ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਮਨੁੱਖ ਦਾ ਪੁੱਤ੍ਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤ੍ਰ ਦੂਤਾਂ ਦੇ ਤੇਜ ਨਾਲ ਆਵੇਗਾ।
27 ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕਈ ਕੁ ਉਨ੍ਹਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤਾਈਂ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ।
28 ਇਨ੍ਹਾਂ ਗੱਲਾਂ ਦੇ ਅੱਠ ਕੁ ਦਿਨ ਪਿੱਛੋਂ ਐਉਂ ਹੋਇਆ ਜੋ ਉਹ ਪਤਰਸ ਅਰ ਯੂਹੰਨਾ ਅਰ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਚੜ੍ਹਿਆ।
29 ਅਰ ਉਹ ਦੇ ਪ੍ਰਾਰਥਨਾ ਕਰਦਿਆਂ ਉਹ ਦੇ ਮੂੰਹ ਦਾ ਰੂਪ ਹੋਰ ਹੀ ਹੋ ਗਿਆ ਅਤੇ ਉਹ ਦੀ ਪੁਸ਼ਾਕ ਚਿੱਟੀ ਅਤੇ ਚਮਕੀਲੀ ਹੋ ਗਈ।
30 ਅਰ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ।
31 ਓਹ ਤੇਜ ਵਿੱਚ ਵਿਖਾਲੀ ਦੇ ਕੇ ਉਹ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਹ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ।
32 ਪਤਰਸ ਅਤੇ ਉਹ ਦੇ ਸਾਥੀ ਨੀਂਦਰ ਨਾਲ ਸੁਸਤ ਹੋਏ ਹੋਏ ਸਨ ਪਰ ਉਨ੍ਹਾਂ ਨੇ ਜਾਗਦਿਆਂ ਉਹ ਦੇ ਤੇਜ ਅਤੇ ਉਨ੍ਹਾਂ ਦੋਹਾਂ ਜਣਿਆਂ ਨੂੰ ਜਿਹੜੇ ਉਹ ਦੇ ਨਾਲ ਖੜੇ ਸਨ ਡਿੱਠਾ।
33 ਅਰ ਐਉਂ ਹੋਇਆ ਕਿ ਜਾਂ ਓਹ ਉਸ ਤੋਂ ਜੁਦੇ ਹੋਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇ ਹੋਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਭਈ ਕੀ ਕਹਿੰਦਾ ਹੈ।
34 ਉਹ ਇਹ ਅਜੇ ਬੋਲਦਾ ਹੀ ਸੀ ਕਿ ਬੱਦਲ ਨੇ ਆਣ ਕੇ ਉਨ੍ਹਾਂ ਉੱਤੇ ਛਾਉਂ ਕੀਤੀ ਅਰ ਓਹ ਬੱਦਲ ਵਿੱਚ ਵੜਦੇ ਹੀ ਡਰ ਗਏ।
35 ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪੁੱਤ੍ਰ ਹੈ, ਮੇਰਾ ਚੁਣਿਆ ਹੋਇਆ, ਇਹ ਦੀ ਸੁਣੋ।
36 ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਓਹ ਚੁੱਪ ਰਹੇ ਅਰ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਵਿੱਚੋਂ ਉਨ੍ਹੀਂ ਦਿਨੀਂ ਕਿਸੇ ਨੂੰ ਕੁਝ ਨਾ ਦੱਸਿਆ।
37 ਅਗਲੇ ਦਿਨ ਐਉਂ ਹੋਇਆ ਕਿ ਜਾਂ ਓਹ ਪਹਾੜੋਂ ਉਤਰੇ ਤਾਂ ਵੱਡੀ ਭੀੜ ਉਸ ਨੂੰ ਆ ਮਿਲੀ।
38 ਅਰ ਵੇਖੋ ਭੀੜ ਵਿੱਚੋਂ ਇੱਕ ਮਨੁੱਖ ਨੇ ਉੱਚੀ ਦੇ ਕੇ ਕਿਹਾ, ਗੁਰੂ ਜੀ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੇ ਪੁੱਤ੍ਰ ਉੱਤੇ ਕਿਰਪਾ ਦ੍ਰਿਸ਼ਟ ਕਰ ਕਿਉਂਕਿ ਉਹ ਮੇਰਾ ਇਕਲੌਤਾ ਹੈ।
39 ਅਤੇ ਵੇਖੋ ਕਿ ਇੱਕ ਰੂਹ ਉਹ ਨੂੰ ਫੜ ਲੈਂਦੀ ਹੈ ਅਤੇ ਉਹ ਅਚਾਣਚਕ ਚੀਕਣ ਲੱਗ ਜਾਂਦਾ ਹੈ ਅਰ ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਹ ਨੂੰ ਝੱਗ ਆ ਜਾਂਦੀ ਅਤੇ ਉਹ ਨੂੰ ਭੰਨ ਮਰੋੜ ਕੇ ਮਸਾਂ ਜਿਹੇ ਉਹ ਨੂੰ ਛੱਡਦੀ ਹੈ।
40 ਮੈਂ ਤੇਰੇ ਚੇਲਿਆਂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ ਪਰ ਓਹ ਨਾ ਕੱਢ ਸੱਕੇ।
41 ਤਦ ਯਿਸੂ ਨੇ ਉੱਤਰ ਦਿੱਤਾ, ਹੇ ਬੇਪਰਤੀਤ ਅਤੇ ਅੜਬ ਪੀਹੜੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਅਰ ਤੁਹਾਡੀ ਸਹਾਂਗਾ ? ਆਪਣੇ ਪੁੱਤ੍ਰ ਨੂੰ ਐਥੇ ਲਿਆ।
42 ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਹ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਰ ਉਹ ਨੂੰ ਉਹ ਦੇ ਪਿਉ ਨੂੰ ਸੌਂਪ ਦਿੱਤਾ।
43 ਅਰ ਸਭ ਪਰਮੇਸ਼ੁਰ ਦੀ ਮਹਾਨਤਾ ਤੋਂ ਹੈਰਾਨ ਹੋਏ। ਜਾਂ ਸਭ ਉਨ੍ਹਾਂ ਸਾਰਿਆਂ ਕੰਮਾਂ ਤੋਂ ਜੋ ਉਸ ਨੇ ਕੀਤੇ ਅਚਰਜ ਮੰਨਦੇ ਸਨ ਤਾਂ ਓਨ ਆਪਣੇ ਚੇਲਿਆਂ ਨੂੰ ਕਿਹਾ,
44 ਇਨ੍ਹਾਂ ਗੱਲਾਂ ਨੂੰ ਆਪਣੇ ਕੰਨਾਂ ਨਾਲ ਸੁਣ ਛੱਡੋ ਕਿਉਂ ਜੋ ਮਨੁੱਖ ਦਾ ਪੁੱਤ੍ਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣ ਨੂੰ ਹੈ।
45 ਪਰ ਉਨ੍ਹਾਂ ਇਹ ਗੱਲ ਨਾ ਸਮਝੀ ਅਤੇ ਇਹ ਉਨ੍ਹਾਂ ਤੋਂ ਛਿਪੀ ਰਹੀ ਜੋ ਇਹ ਨੂੰ ਨਾ ਬੁੱਝਣ ਪਰ ਏਸ ਗੱਲ ਦੇ ਵਿਖੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
46 ਉਨ੍ਹਾਂ ਵਿੱਚ ਇਹ ਬਹਿਸ ਹੋਣ ਲੱਗੀ ਜੋ ਸਾਡੇ ਵਿੱਚੋਂ ਵੱਡਾ ਕਿਹੜਾ ਹੈ ?
47 ਪਰ ਯਿਸੂ ਨੇ ਉਨ੍ਹਾਂ ਦੇ ਮਨ ਦੀ ਸੋਚ ਵੇਖ ਕੇ ਇੱਕ ਛੋਟੇ ਬਾਲਕ ਨੂੰ ਲਿਆ ਅਤੇ ਉਹ ਨੂੰ ਆਪਣੇ ਕੋਲ ਖੜਾ ਕੀਤਾ। 48 ਅਤੇ ਉਨ੍ਹਾਂ ਨੂੰ ਆਖਿਆ ਭਈ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਉਸ ਨੂੰ ਜਿਹ ਨੇ ਮੈਨੂੰ ਘੱਲਿਆ ਹੈ ਕਬੂਲ ਕਰਦਾ ਹੈ ਕਿਉਂਕਿ ਜੋ ਕੋਈ ਤੁਸਾਂ ਸਭਨਾਂ ਵਿੱਚੋਂ ਹੋਰਨਾਂ ਨਾਲੋਂ ਛੋਟਾ ਹੈ ਸੋਈ ਵੱਡਾ ਹੈ। 49 ਯੂਹੰਨਾ ਨੇ ਅੱਗੋਂ ਆਖਿਆ, ਸੁਆਮੀ ਜੀ ਅਸਾਂ ਇੱਕ ਮਨੁੱਖ ਤੇਰੇ ਨਾਮ ਨਾਲ ਭੂਤਾਂ ਨੂੰ ਕੱਢਦੇ ਵੇਖਿਆ ਅਤੇ ਉਹ ਨੂੰ ਵਰਜਿਆ ਇਸ ਲਈ ਜੋ ਉਹ ਸਾਡੇ ਨਾਲ ਤੇਰੇ ਮਗਰ ਨਹੀਂ ਚੱਲਦਾ।
50 ਪਰ ਯਿਸੂ ਨੇ ਉਹ ਨੂੰ ਆਖਿਆ, ਨਾ ਵਰਜੋ ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਉਹ ਤੁਹਾਡੀ ਵੱਲ ਹੈ।
51 ਐਉਂ ਹੋਇਆ ਕਿ ਜਾਂ ਉਹ ਦੇ ਉਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਹ ਨੇ ਯਰੂਸ਼ਲਮ ਨੂੰ ਜਾਣ ਲਈ ਆਪਣਾ ਮੁਹਾਣਾ ਪੱਕੀ ਤੌਰ ਨਾਲ ਮੋੜਿਆ। 52 ਅਰ ਆਪਣੇ ਅੱਗੇ ਹਲਕਾਰੇ ਭੇਜੇ ਅਤੇ ਓਹ ਤੁਰ ਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਜਾ ਵੜੇ ਭਈ ਉਹ ਦੇ ਲਈ ਤਿਆਰੀ ਕਰਨ। 53 ਪਰ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ। 54 ਅਤੇ ਉਹ ਦੇ ਚੇਲੇ ਯਾਕੂਬ ਅਰ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੁ ਜੀ ਕੀ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਭਈ ਅਕਾਸ਼ੋਂ ਅੱਗ ਵਰਸੇ ਅਤੇ ਇਨ੍ਹਾਂ ਦਾ ਨਾਸ ਕਰੇ ?
55 ਪਰ ਉਹ ਨੇ ਮੁੜ ਕੇ ਉਨ੍ਹਾਂ ਨੂੰ ਝਿੜਕਿਆ। 56 ਅਤੇ ਓਹ ਕਿਸੇ ਹੋਰ ਪਿੰਡ ਨੂੰ ਚੱਲੇ ਗਏ। 57 ਜਾਂ ਓਹ ਰਸਤੇ ਵਿੱਚ ਚੱਲੇ ਜਾਂਦੇ ਸਨ ਤਾਂ ਉਸ ਨੂੰ ਕਿਨੇ ਆਖਿਆ, ਜਿੱਥੇ ਕਿਤੇ ਤੁਸੀਂ ਜਾਓ ਮੈਂ ਤੁਹਾਡੇ ਮਗਰ ਚੱਲਾਂਗਾ।
58 ਯਿਸੂ ਨੇ ਉਹ ਨੂੰ ਕਿਹਾ, ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।
59 ਉਸ ਨੇ ਹੋਰ ਦੂਜੇ ਨੂੰ ਆਖਿਆ ਕਿ ਮੇਰੇ ਪਿੱਛੇ ਤੁਰਿ ਆ ਪਰ ਉਹ ਨੇ ਕਿਹਾ, ਪ੍ਰਭੁ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ।
60 ਉਸ ਨੇ ਉਹ ਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਹ ਪਰ ਤੂੰ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖਬਰ ਸੁਣਾ।
61 ਅਤੇ ਇੱਕ ਹੋਰ ਬੋਲਿਆ, ਪ੍ਰਭੁ ਜੀ, ਮੈਂ ਤੁਹਾਡੇ ਲੜ ਲੱਗਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਿਆ ਹੋ ਆਵਾਂ।
62 ਪਰ ਯਿਸੂ ਨੇ ਉਹ ਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਜੋਗ ਨਹੀਂ।




ਕਾਂਡ 10

1 ਇਨ੍ਹਾਂ ਗੱਲਾਂ ਦੇ ਪਿੱਛੋਂ ਪ੍ਰਭੁ ਨੇ ਸੱਤਰ ਹੋਰ ਵੀ ਠਹਿਰਾਏ ਅਰ ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ।
2 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ।
3 ਜਾਓ ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਙੁ ਬਘਿਆੜਾਂ ਦੇ ਵਿੱਚ ਭੇਜਦਾ ਹਾਂ।
4 ਨਾ ਬਟੂਆ, ਨਾ ਝੋਲਾ, ਨਾ ਜੁੱਤੀਆਂ ਲਓ, ਨਾ ਰਸਤੇ ਵਿੱਚ ਕਿਸੇ ਨੂੰ ਪਰਨਾਮ ਕਰੋ।
5 ਜਿਸ ਘਰ ਵਿੱਚ ਤੁਸੀਂ ਜਾਓ ਪਹਿਲਾਂ ਆਖੋ ਭਈ ਇਸ ਘਰ ਦੀ ਸ਼ਾਂਤੀ ਹੋਵੇ।
6 ਅਰ ਜੇ ਸ਼ਾਂਤੀ ਦਾ ਪੁੱਤ੍ਰ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਉਹ ਮੁੜ ਤੁਹਾਡੇ ਕੋਲ ਆ ਜਾਵੇਗੀ।
7 ਅਤੇ ਓਸੇ ਘਰ ਵਿੱਚ ਟਿਕੋ ਅਰ ਜੋ ਕੁਝ ਓਹ ਦੇਣ, ਖਾਓ ਪੀਓ ਕਿਉਂ ਜੋ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ। ਘਰ ਘਰ ਨਾ ਫਿਰੋ।
8 ਅਤੇ ਜਿਸ ਨਗਰ ਵਿੱਚ ਤੁਸੀਂ ਵੜੋ ਅਤੇ ਓਹ ਤੁਹਾਨੂੰ ਕਬੂਲ ਕਰਨ ਤਦ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਸੋ ਖਾਓ।
9 ਅਰ ਓੱਥੋਂ ਦੇ ਰੋਗੀਆਂ ਨੂੰ ਚੰਗੇ ਕਰੋ ਅਤੇ ਉਨ੍ਹਾਂ ਨੂੰ ਕਹੋ ਭਈ ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।
10 ਪਰ ਜਿਸ ਨਗਰ ਵਿੱਚ ਤੁਸੀਂ ਵੜੋ ਅਤੇ ਓਹ ਤੁਹਾਨੂੰ ਕਬੂਲ ਨਾ ਕਰਨ ਤਾਂ ਉਹ ਦੇ ਚੌਂਕਾਂ ਵਿੱਚ ਜਾ ਕੇ ਕਹੋ।
11 ਭਈ ਤੁਹਾਡੇ ਨਗਰ ਦੀ ਧੂੜ ਵੀ ਜਿਹੜੀ ਸਾਡੇ ਪੈਰਾਂ ਉੱਤੇ ਪਈ ਹੈ ਅਸੀਂ ਤੁਹਾਡੇ ਸਾਹਮਣੇ ਝਾੜ ਸੁੱਟਦੇ ਹਾਂ ਪਰ ਇਹ ਜਾਣੋ ਕਿ ਪਰਮੇਸ਼ੁਰ ਦਾ ਰਾਜ ਨੇੜੇ ਆਇਆ ਹੈ।
12 ਮੈਂ ਤੁਹਾਨੂੰ ਆਖਦਾ ਹਾਂ ਭਈ ਉਸ ਦਿਨ ਉਸ ਨਗਰ ਨਾਲੋਂ ਸਦੂਮ ਦਾ ਹਾਲ ਝੱਲਣ ਜੋਗ ਹੋਵੇਗਾ।
13 ਹਾਇ ਤੈਨੂੰ ਖ਼ੁਰਾਜੀਨ ! ਹਾਇ ਤੈਨੂੰ ਬੈਤਸੈਦਾ ! ਕਿਉਂਕਿ ਜਿਹੜੀਆਂ ਕਰਾਮਾਤਾਂ ਤੁਹਾਡੇ ਵਿੱਚ ਕੀਤੀਆਂ ਗਈਆਂ ਜੇ ਸੂਰ ਅਤੇ ਸੈਦਾ ਵਿੱਚ ਕੀਤੀਆਂ ਜਾਂਦੀਆਂ ਤਾਂ ਓਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੀ ਦੇ ਤੋਬਾ ਕਰ ਲੈਂਦੇ।
14 ਪਰ ਅਦਾਲਤ ਵਿੱਚ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਝੱਲਣ ਜੋਗ ਹੋਵੇਗਾ।
15 ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੀਕਰ ਉੱਚਾ ਕੀਤਾ ਜਾਏਂਗਾ ? ਤੂੰ ਤਾਂ ਸਗੋਂ ਪਤਾਲ ਤੋੜੀ ਉਤਾਰਿਆ ਜਾਏਂਗਾ !
16 ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਰੱਦ ਕਰਦਾ ਹੈ ਉਹ ਮੈਨੂੰ ਰੱਦ ਕਰਦਾ ਹੈ ਅਰ ਜੋ ਕੋਈ ਮੈਨੂੰ ਰੱਦ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਰੱਦ ਕਰਦਾ ਹੈ।
17 ਓਹ ਸੱਤਰ ਅਨੰਦ ਨਾਲ ਮੁੜੇ ਅਰ ਬੋਲੇ ਕਿ ਪ੍ਰਭੁ ਜੀ ਤੇਰੇ ਨਾਮ ਕਰਕੇ ਭੂਤ ਭੀ ਸਾਡੇ ਵੱਸ ਵਿੱਚ ਹਨ !
18 ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਸ਼ਤਾਨ ਨੂੰ ਬਿਜਲੀ ਵਾਂਙੁ ਡਿੱਗਾ ਹੋਇਆ ਡਿੱਠਾ।
19 ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂੰਹਿਆਂ ਦੇ ਲਿਤਾੜਨ ਦਾ ਅਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖ਼ਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ।
20 ਪਰ ਇਸ ਤੋਂ ਅਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਭਈ ਤੁਹਾਡੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।
21 ਉਸੇ ਘੜੀ ਉਹ ਪਵਿੱਤ੍ਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਰ ਉਨ੍ਹਾਂ ਨੂੰ ਇਆਣਿਆਂ ਉੱਤੇ ਪਰਗਟ ਕੀਤਾ। ਹਾਂ, ਪਿਤਾ, ਕਿਉਂ ਜੋ ਇਹੋ ਤੈਨੂੰ ਚੰਗਾ ਲੱਗਾ।
22 ਸੱਭੋ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਭਈ ਪੁੱਤ੍ਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤ੍ਰ ਅਤੇ ਉਹ ਜਿਸ ਉੱਤੇ ਪੁੱਤ੍ਰ ਉਸ ਨੂੰ ਪਰਗਟ ਕੀਤਾ ਚਾਹੇ।
23 ਅਤੇ ਉਸ ਨੇ ਚੇਲਿਆਂ ਦੀ ਵੱਲ ਮੁੜ ਕੇ ਨਿਰਾਲੇ ਵਿੱਚ ਕਿਹਾ ਕਿ ਧੰਨ ਓਹ ਅੱਖੀਆਂ ਜਿਹੜੀਆਂ ਇਹ ਵੇਖਦੀਆਂ ਹਨ ਤਾਂ ਜੋ ਤੁਸੀਂ ਵੇਖਦੇ ਹੋ।
24 ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤਿਆਂ ਨਬੀਆਂ ਅਤੇ ਪਾਤਸ਼ਾਹਾਂ ਨੇ ਚਾਹ ਕੀਤੀ ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।
25 ਤਾਂ ਵੇਖੋ ਇੱਕ ਸ਼ਰ੍ਹਾ ਦੇ ਸਿਖਾਉਨ ਵਾਲੇ ਨੇ ਉਹ ਦੇ ਪਰਤਾਉਣ ਲਈ ਖੜੇ ਹੋ ਕੇ ਕਿਹਾ, ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ ?
26 ਉਸ ਨੇ ਉਹ ਨੂੰ ਆਖਿਆ ਕਿ ਤੁਰੇਤ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਕਿੱਕੁਰ ਪੜ੍ਹਦਾ ਹੈਂ?
27 ਤਾਂ ਉਹ ਨੇ ਉੱਤਰ ਦਿੱਤਾ ਕਿ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਰ ਆਪਣੇ ਗੁਆਂਢੀ ਨੂੰ ਆਪਣੇ ਜਿਹਾ।
28 ਉਸ ਨੇ ਉਹ ਨੂੰ ਆਖਿਆ, ਤੈਂ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਏਂਗਾ।
29 ਪਰ ਉਹ ਜੋ ਚਾਹੁੰਦਾ ਸੀ ਭਈ ਆਪਣੇ ਤਾਈਂ ਸੱਚਾ ਠਹਿਰਾਵੇ ਯਿਸੂ ਨੂੰ ਕਿਹਾ, ਫੇਰ ਕੋਣ ਹੈ ਮੇਰਾ ਗੁਆਂਢੀ ?
30 ਯਿਸੂ ਨੇ ਉੱਤਰ ਦਿੱਤਾ ਕਿ ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਨੰਗਾ ਕਰਕੇ ਮਾਰਿਆ ਅਰ ਅਧਮੋਇਆ ਛੱਡ ਕੇ ਚੱਲੇ ਗਏ।
31 ਸਬੱਬ ਨਾਲ ਇੱਕ ਜਾਜਕ ਉਸ ਰਸਤੇ ਉਤਰਿਆ ਜਾਂਦਾ ਸੀ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ।
32 ਇਸੇ ਤਰਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਹ ਨੂੰ ਵੇਖ ਕੇ ਲਾਂਭੇ ਹੋ ਕੇ ਲੰਘ ਗਿਆ।
33 ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਆਇਆ।
34 ਅਤੇ ਜਾਂ ਉਹ ਨੂੰ ਵੇਖਿਆ ਤਾਂ ਤਰਸ ਖਾ ਕੇ ਉਹ ਦੇ ਕੋਲ ਗਿਆ ਅਤੇ ਤੇਲ ਅਰ ਮੈ ਲਾਕੇ ਉਹ ਦੇ ਘਾਵਾਂ ਨੂੰ ਬੰਨ੍ਹਿਆ ਅਰ ਆਪਣੀ ਅਸਵਾਰੀ ਤੇ ਉਹ ਨੂੰ ਚੜ੍ਹਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਹ ਦੀ ਟਹਿਲ ਟਕੋਰ ਕੀਤੀ।
35 ਫੇਰ ਸਵੇਰ ਨੂੰ ਦੋ ਅੱਠਿਆਨੀਆਂ ਕੱਢ ਕੇ ਭਠਿਆਰੇ ਨੂੰ ਦਿੱਤੀਆਂ ਅਤੇ ਆਖਿਆ ਭਈ ਇਹ ਦੀ ਟਹਿਲ ਟਕੋਰ ਕਰਦਾ ਰਹੀਂ, ਅਰ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਾਂ ਮੁੜ ਆਵਾਂ ਤੇਰਾ ਭਰ ਦਿਆਂਗਾ।
36 ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ ?
37 ਉਹ ਬੋਲਿਆ, ਜਿਹ ਨੇ ਉਸ ਉੱਤੇ ਦਯਾ ਕੀਤੀ। ਫੇਰ ਯਿਸੂ ਨੇ ਉਹ ਨੂੰ ਆਖਿਆ, ਤੂੰ ਵੀ ਜਾ ਕੇ ਏਵੇਂ ਹੀ ਕਰ।
38 ਫੇਰ ਜਾਂ ਓਹ ਚੱਲੇ ਜਾਂਦੇ ਸਨ ਤਾਂ ਉਹ ਇੱਕ ਪਿੰਡ ਜਾ ਵੜਿਆ ਅਤੇ ਮਾਰਥਾ ਨਾਉਂ ਦੀ ਇੱਕ ਜਨਾਨੀ ਨੇ ਉਹ ਨੂੰ ਆਪਣੇ ਘਰ ਉਤਾਰਿਆ।
39 ਅਤੇ ਮਰਿਯਮ ਕਰਕੇ ਉਹ ਦੀ ਇੱਕ ਭੈਣ ਸੀ ਜਿਹੜੀ ਪ੍ਰਭੁ ਦੇ ਚਰਨਾਂ ਕੋਲ ਬੈਠ ਕੇ ਉਹ ਦਾ ਬਚਨ ਸੁਣਦੀ ਸੀ।
40 ਪਰ ਮਾਰਥਾ ਵੱਡੀ ਟਹਿਲ ਤੋਂ ਘਬਰਾ ਗਈ ਅਤੇ ਉਹ ਦੇ ਕੋਲ ਆਣ ਕੇ ਬੋਲੀ, ਪ੍ਰਭੁ ਜੀ ਤੈਨੂੰ ਕੁਝ ਚਿੰਤਾ ਨਹੀਂ ਜੋ ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਲਈ ਕੱਲੀ ਹੀ ਛੱਡਿਆ ਹੈ ? ਸੋ ਉਹ ਨੂੰ ਕਹੁ ਕਿ ਮੇਰੀ ਮੱਦਤ ਕਰੇ।
41 ਪਰ ਪ੍ਰਭੁ ਨੇ ਉਹ ਨੂੰ ਉੱਤਰ ਦਿੱਤਾ, ਮਾਰਥਾ ਮਾਰਥਾ, ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ।
42 ਪਰ ਇੱਕ ਗੱਲ ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸਿੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।




ਕਾਂਡ 11

1 ਤਾਂ ਐਉਂ ਹੋਇਆ ਕਿ ਉਹ ਕਿਸੇ ਥਾਂ ਪ੍ਰਾਰਥਨਾ ਕਰਦਾ ਸੀ ਅਰ ਜਾਂ ਕਰ ਹਟਿਆ ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ ਜਿਵੇਂ ਯੂਹੰਨਾ ਨੇ ਭੀ ਆਪਣੇ ਚੇਲਿਆਂ ਨੂੰ ਸਿਖਾਲੀ।
2 ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ, ਹੇ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ,
3 ਸਾਡੀ ਰੋਜ਼ ਦੀ ਰੋਟੀ ਰੋਜ਼ ਸਾਨੂੰ ਦਿਹ,
4 ਅਤੇ ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ।
5 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹ ਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹ ਦੇ ਕੋਲ ਜਾ ਕੇ ਉਹ ਨੂੰ ਕਹੇ, ਮਿੱਤ੍ਰਾ ਤਿੰਨ ਰੋਟੀਆਂ ਮੈਨੂੰ ਉਧਾਰੀਆਂ ਦਿਹ।
6 ਕਿਉਂ ਜੋ ਮੇਰਾ ਇੱਕ ਮਿੱਤਰ ਪੈਂਡਾ ਕਰ ਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਕੁਝ ਨਹੀਂ ਜੋ ਉਹ ਦੇ ਅੱਗੇ ਰੱਖਾਂ।
7 ਅਰ ਉਹ ਅੰਦਰੋਂ ਉੱਤਰ ਦੇਵੇ ਭਈ ਮੈਨੂੰ ਔਖਾ ਨਾ ਕਰ, ਹੁਣ ਬੂਹਾ ਵੱਜਿਆ ਹੋਇਆ ਹੈ ਅਤੇ ਮੇਰੇ ਲੜਕੇ ਬਾਲੇ ਮੇਰੇ ਨਾਲ ਸੁੱਤੇ ਪਏ ਹਨ, ਮੈਂ ਉੱਠ ਕੇ ਤੈਨੂੰ ਦੇ ਨਹੀਂ ਸੱਕਦਾ।
8 ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਹ ਉਸ ਦਾ ਮਿੱਤਰ ਹੋਣ ਦੇ ਕਾਰਨ ਉੱਠ ਕੇ ਉਹ ਨੂੰ ਨਾ ਦੇਵੇ ਪਰ ਉਹ ਦੇ ਢੀਠਪੁਣੇ ਦੇ ਕਾਰਨ ਉੱਠੇਗਾ ਅਤੇ ਜਿੰਨੀਆਂ ਦੀ ਲੋੜ ਹੋਵੇਗੀ ਉਹ ਨੂੰ ਦੇਵੇਗਾ।
9 ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।
10 ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹ ਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ।
11 ਪਰ ਤੁਹਾਡੇ ਵਿੱਚੋਂ ਉਹ ਕਿਹੜਾ ਪਿਉ ਹੈ ਕਿ ਜੇ ਉਹ ਦਾ ਪੁੱਤ੍ਰ ਮਛੀ ਮੰਗੇ ਤਾਂ ਉਹ ਨੂੰ ਮਛੀ ਦੇ ਥਾਂ ਸੱਪ ਦੇਵੇਗਾ ?
12 ਯਾ ਜੇ ਆਂਡਾ ਮੰਗੇ ਤਾਂ ਉਹ ਨੂੰ ਬਿੱਛੂ ਦੇਵੇਗਾ ?
13 ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ !
14 ਉਹ ਇੱਕ ਗੂੰਗੇ ਭੂਤ ਨੂੰ ਕੱਢਦਾ ਪਿਆ ਸੀ ਅਤੇ ਐਉਂ ਹੋਇਆ ਕਿ ਜਾਂ ਭੂਤ ਨਿੱਕਲ ਗਿਆ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਰ ਲੋਕ ਹੈਰਾਨ ਹੋਏ।
15 ਪਰ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਆਖਿਆ ਜੋ ਉਹ ਭੂਤਾਂ ਦੇ ਸਰਦਾਰ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।
16 ਅਤੇ ਹੋਰਨਾਂ ਨੇ ਪਰਤਾਉਣ ਲਈ ਅਕਾਸ਼ ਵੱਲੋਂ ਇੱਕ ਨਿਸ਼ਾਨ ਉਸ ਤੋਂ ਮੰਗਿਆ।
17 ਪਰ ਉਸ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਉਨ੍ਹਾਂ ਨੂੰ ਆਖਿਆ ਭਈ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਸੋ ਉੱਜੜ ਜਾਂਦਾ ਹੈ ਅਤੇ ਘਰ ਘਰ ਉੱਤੇ ਡਿੱਗ ਪੈਂਦਾ ਹੈ।
18 ਸੋ ਜੇ ਸ਼ਤਾਨ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਤਾਂ ਉਹ ਦਾ ਰਾਜ ਕਿੱਕੁਰ ਠਹਿਰੇਗਾ ? ਤੁਸੀਂ ਤਾਂ ਆਖਦੇ ਹੋ ਭਈ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ।
19 ਅਰ ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤ੍ਰ ਕਿਹ ਦੀ ਸਹਾਇਤਾ ਨਾਲ ਕੱਢਦੇ ਹਨ ? ਬਸ, ਤੁਹਾਡਾ ਨਿਆਉਂ ਕਰਨ ਵਾਲੇ ਉਹੋ ਹੋਣਗੇ।
20 ਪਰ ਜੇ ਮੈਂ ਪਰਮੇਸ਼ੁਰ ਦੀ ਉਂਗਲ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਸਾਂ ਉੱਤੇ ਆ ਪਹੁੰਚਿਆ ਹੈ।
21 ਜਦ ਕੋਈ ਜ਼ੋਰਾਵਰ ਹਥਿਆਰ ਬੰਨ੍ਹੀਂ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਹ ਦਾ ਮਾਲ ਬਚ ਰਹਿੰਦਾ ਹੈ।
22 ਪਰ ਜੇ ਕੋਈ ਉਸ ਨਾਲੋਂ ਜ਼ੋਰਾਵਰ ਆਣ ਕੇ ਉਹ ਨੂੰ ਜਿੱਤ ਲਵੇ ਤਾਂ ਉਹ ਦੇ ਸਾਰੇ ਹਥਿਆਰ ਜਿਨ੍ਹਾਂ ਉੱਤੇ ਉਹ ਦਾ ਮਾਣ ਸੀ ਖੋਹ ਲੈਂਦਾ ਅਤੇ ਉਹ ਦੀ ਲੁੱਟ ਵੰਡ ਦਿੰਦਾ ਹੈ।
23 ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖਿੰਡਾਉਂਦਾ ਹੈ।
24 ਜਾਂ ਭਰਿਸ਼ਟ ਆਤਮਾ ਮਨੁੱਖ ਤੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਢੂੰਢਦਾ ਫਿਰਦਾ ਹੈ ਅਤੇ ਨਾ ਲੱਭ ਕੇ ਆਖਦਾ ਹੈ, ਮੈਂ ਆਪਣੇ ਘਰ ਨੂੰ ਮੁੜ ਜਾਵਾਂਗਾ ਜਿੱਥੋਂ ਨਿੱਕਲਿਆ ਸਾਂ।
25 ਅਰ ਆਣ ਕੇ ਉਹ ਨੂੰ ਝਾੜਿਆ ਸੁਆਰਿਆ ਵੇਖਦਾ ਹੈ।
26 ਤਦ ਉਹ ਜਾ ਕੇ ਹੋਰ ਸੱਤ ਆਤਮੇ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ ਅਤੇ ਓਹ ਅੰਦਰ ਵੜ ਕੇ ਉੱਥੇ ਵੱਸਦੇ ਹਨ, ਤਾਂ ਉਸ ਮਨੁੱਖ ਦਾ ਪਿੱਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ।
27 ਅਤੇ ਐਉਂ ਹੋਇਆ ਕਿ ਜਾਂ ਉਹ ਇਹ ਗੱਲਾਂ ਕਰਦਾ ਪਿਆ ਸੀ ਤਾਂ ਭੀੜ ਵਿੱਚੋਂ ਇੱਕ ਤੀਵੀਂ ਬੋਲ ਉੱਠੀ ਅਤੇ ਉਸ ਨੂੰ ਕਿਹਾ ਕਿ ਧੰਨ ਹੈ ਉਹ ਕੁੱਖ ਜਿਸ ਵਿੱਚ ਤੂੰ ਪਿਆ ਸੈਂ ਅਤੇ ਉਹ ਦੁੱਧੀਆਂ ਜਿਨ੍ਹਾਂ ਨੂੰ ਤੈਂ ਚੁੰਘਿਆ ਸੀ !
28 ਤਾਂ ਉਸ ਆਖਿਆ, ਹਾਂ, ਪਰ ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।
29 ਜਾਂ ਬਹੁਤ ਲੋਕ ਉਹ ਦੇ ਕੋਲ ਇਕੱਠੇ ਹੁੰਦੇ ਜਾਂਦੇ ਸਨ ਤਾਂ ਉਹ ਕਹਿਣ ਲੱਗਾ ਜੋ ਇਹ ਪੀਹੜੀ ਬੁਰੀ ਪੀਹੜੀ ਹੈ। ਇਹ ਨਿਸ਼ਾਨ ਚਾਹੁੰਦੀ ਹੈ ਪਰ ਯੂਨਾਹ ਦੇ ਨਿਸ਼ਾਨ ਬਿਨਾ ਕੋਈ ਨਿਸ਼ਾਨ ਉਸ ਨੂੰ ਦਿੱਤਾ ਨਾ ਜਾਵੇਗਾ।
30 ਜਿਸ ਤਰਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਨਿਸ਼ਾਨ ਹੋਇਆ ਉਸੇ ਤਰਾਂ ਮਨੁੱਖ ਦਾ ਪੁੱਤ੍ਰ ਵੀ ਇਸ ਪੀਹੜੀ ਦੇ ਲੋਕਾਂ ਲਈ ਹੋਵੇਗਾ।
31 ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀਹੜੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਏਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।
32 ਨੀਨਵਾਹ ਦੇ ਲੋਕ ਅਦਾਲਤ ਵਿੱਚ ਏਸ ਪੀਹੜੀ ਦੇ ਲੋਕਾਂ ਨਾਲ ਉੱਠ ਖੜੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਏਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ।
33 ਕੋਈ ਦੀਵਾ ਬਾਲ ਕੇ ਭੌਰੇ ਵਿੱਚ ਯਾ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦਾ ਹੈ ਭਈ ਅੰਦਰ ਆਉਣ ਵਾਲੇ ਚਾਨਣ ਵੇਖਣ।
34 ਤੇਰੇ ਸਰੀਰ ਦਾ ਦੀਵਾ ਤੇਰਾ ਨੇਤਰ ਹੈ। ਜਾਂ ਤੇਰਾ ਨੇਤਰ ਨਿਰਮਲ ਹੈ ਤਾਂ ਤੇਰਾ ਸਾਰਾ ਸਰੀਰ ਵੀ ਚਾਨਣਾ ਹੈ ਪਰ ਜਾਂ ਉਹ ਬੁਰਾ ਹੈ ਤਾਂ ਤੇਰਾ ਸਰੀਰ ਵੀ ਅਨ੍ਹੇਰਾ ਹੈ।
35 ਇਸ ਲਈ ਵੇਖ ਕਿ ਉਹ ਚਾਨਣ ਜੋ ਤੇਰੇ ਵਿੱਚ ਹੈ ਕਿਤੇ ਅਨ੍ਹੇਰਾ ਨਾ ਹੋਵੇ।
36 ਉਪਰੰਤ ਜੇ ਤੇਰਾ ਸਾਰਾ ਸਰੀਰ ਚਾਨਣਾ ਹੋਵੇ ਅਤੇ ਕੋਈ ਅੰਗ ਅਨ੍ਹੇਰਾ ਨਾ ਹੋਵੇ ਤਾਂ ਸਾਰਾ ਹੀ ਚਾਨਣਾ ਹੋਵੇਗਾ ਜਿਵੇਂ ਦੀਵਾ ਆਪਣੀ ਜੋਤ ਨਾਲ ਤੈਨੂੰ ਚਾਨਣ ਦਿੰਦਾ ਹੈ।
37 ਜਾਂ ਉਹ ਗੱਲ ਕਰਦਾ ਸੀ ਤਾਂ ਇੱਕ ਫ਼ਰੀਸੀ ਨੇ ਉਸ ਅੱਗੇ ਅਰਦਾਸ ਕੀਤੀ ਜੋ ਮੇਰੇ ਨਾਲ ਰੋਟੀ ਖਾਹ। ਸੋ ਉਹ ਅੰਦਰ ਆਣ ਕੇ ਖਾਣ ਬੈਠਾ।
38 ਅਤੇ ਫ਼ਰੀਸੀ ਨੇ ਇਹ ਵੇਖ ਕੇ ਅਚਰਜ ਮੰਨਿਆ ਜੋ ਉਸ ਨੇ ਪਹਿਲਾਂ ਖਾਣ ਤੋਂ ਅੱਗੇ ਆਪਣੇ ਆਪ ਨੂੰ ਨਹੀਂ ਧੋਤਾ।
39 ਪਰ ਪ੍ਰਭੁ ਨੇ ਉਹ ਨੂੰ ਆਖਿਆ, ਹੁਣ ਤੁਸੀਂ ਫ਼ਰੀਸੀ ਥਾਲੀ ਅਤੇ ਛੰਨੇ ਨੂੰ ਬਾਹਰੋਂ ਮਾਂਜਦੇ ਹੋ ਪਰ ਤੁਹਾਡਾ ਅੰਦਰ ਲੁੱਟ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈ।
40 ਹੇ ਮੂਰਖੋ, ਜਿਨ ਬਾਹਰ ਨੂੰ ਬਣਾਇਆ ਭਲਾ ਉਸ ਨੇ ਅੰਦਰ ਨੂੰ ਭੀ ਨਹੀਂ ਬਣਾਇਆ ?
41 ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੈ।
42 ਪਰ ਤੁਸਾਂ ਫ਼ਰੀਸੀਆਂ ਉੱਤੇ ਹਾਇ ਹਾਇ ! ਕਿਉਂ ਜੋ ਤੁਸੀਂ ਪੂਦਨੇ ਅਤੇ ਹਰਮਲ ਅਤੇ ਹਰੇਕ ਸਾਗ ਦਾ ਦਸੌਂਧ ਦਿੰਦੇ ਹੋ ਅਤੇ ਨਿਆਉਂ ਤੇ ਪਰਮੇਸ਼ੁਰ ਦੀ ਪ੍ਰੀਤ ਨੂੰ ਉਲੰਘਦੇ ਹੋ ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।
43 ਤੁਸਾਂ ਫ਼ਰੀਸੀਆਂ ਉੱਤੇ ਹਾਇ ਹਾਇ ! ਕਿਉਂ ਜੋ ਤੁਸੀਂ ਸਮਾਜਾਂ ਵਿੱਚ ਅਗਲੀ ਕੁਰਸੀ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ।
44 ਤੁਹਾਡੇ ਉੱਤੇ ਹਾਇ ਹਾਇ ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਹੜੀਆਂ ਮਲੂਮ ਨਹੀਂ ਦਿੰਦੀਆਂ ਅਤੇ ਮਨੁੱਖ ਉਨ੍ਹਾਂ ਦੇ ਉੱਤੋਂ ਦੀ ਅਣਜਾਣੇ ਚੱਲਦੇ ਹਨ।
45 ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ ਇਹ ਕਹਿ ਕੇ ਤੂੰ ਸਾਡੀ ਭੀ ਪਤ ਲਾਹੁੰਦਾ ਹੈਂ।
46 ਪਰ ਉਹ ਨੇ ਆਖਿਆ, ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਵੀ ਹਾਇ ਹਾਇ ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜੇਹੇ ਭਾਰ ਰੱਖਦੇ ਹੋ ਜਿੰਨ੍ਹਾਂ ਦਾ ਚੁੱਕਣਾ ਔਖਾ ਹੈ ਅਤੇ ਆਪ ਆਪਣੀ ਇੱਕ ਉਂਗਲ ਨਾਲ ਉਨ੍ਹਾਂ ਭਾਰਾਂ ਨੂੰ ਨਹੀਂ ਛੋਹੰਦੇ ਹੋ।
47 ਹਾਇ ਤੁਹਾਨੂੰ ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਰ ਤੁਹਾਡਿਆਂ ਪਿਉਦਾਦਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ। 48 ਸੋ ਤੁਸੀਂ ਗਵਾਹ ਹੋ ਅਤੇ ਤੁਹਾਡੇ ਪਿਉਦਾਦਿਆਂ ਦੇ ਕੰਮ ਤੁਹਾਨੂੰ ਭਾਉਂਦੇ ਹਨ ਏਸ ਲਈ ਜੋ ਉਨ੍ਹਾਂ ਨੇ ਓਹਨਾਂ ਨੂੰ ਮਾਰ ਸੁੱਟਿਆ ਅਤੇ ਤੁਸੀਂ ਓਹਨਾਂ ਦੀਆਂ ਕਬਰਾਂ ਬਣਾਉਂਦੇ ਹੋ। 49 ਇਸ ਲਈ ਪਰਮੇਸ਼ੁਰ ਦੇ ਗਿਆਨ ਨੇ ਵੀ ਆਖਿਆ ਭਈ ਮੈਂ ਉਨ੍ਹਾਂ ਦੇ ਕੋਲ ਨਬੀਆਂ ਅਤੇ ਰਸੂਲਾਂ ਨੂੰ ਘੱਲਾਂਗਾ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਓਹ ਮਾਰ ਸੁੱਟਣਗੇ ਅਤੇ ਸਤਾਉਣਗੇ। 50 ਭਈ ਸਭਨਾਂ ਨਬੀਆਂ ਦਾ ਲਹੂ ਜੋ ਸੰਸਾਰ ਦੇ ਮੁੱਢੋਂ ਵਹਾਇਆ ਗਿਆ ਹੈ।
51 ਹਾਬਲ ਦੇ ਲਹੂ ਤੋਂ ਲੈਕੇ ਜ਼ਕਰਯਾਹ ਦੇ ਲਹੂ ਤੀਕਰ ਜੋ ਜਗਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਗਿਆ ਇਸ ਪੀਹੜੀ ਤੋਂ ਭਰਿਆ ਜਾਵੇ। ਹਾਂ ਮੈਂ ਤੁਹਾਨੂੰ ਆਖਦਾ ਹਾਂ, ਇਸੇ ਪੀਹੜੀ ਤੋਂ ਭਰਿਆ ਜਾਵੇਗਾ !
52 ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਹਾਇ ਹਾਇ ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਲੈ ਗਏ। ਤੁਸੀਂ ਆਪ ਨਹੀਂ ਵੜੇ ਅਤੇ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ। 53 ਜਾਂ ਉਹ ਉਥੋਂ ਨਿੱਕਲਿਆ ਤਾਂ ਗ੍ਰੰਥੀ ਅਰ ਫ਼ਰੀਸੀ ਬੁਰੀ ਤਰਾਂ ਉਹ ਦੇ ਗਲ ਪੈਣ ਅਤੇ ਉਸ ਤੋਂ ਬਹੁਤੀਆਂ ਗੱਲਾਂ ਅਖਵਾਉਣ ਲੱਗੇ। 54 ਅਰ ਘਾਤ ਵਿੱਚ ਸਨ ਜੋ ਉਹ ਦੇ ਮੂੰਹ ਦੀ ਕੋਈ ਗੱਲ ਫੜਨ।




ਕਾਂਡ 12

1 ਐੱਨੇ ਨੂੰ ਜਾਂ ਹਜ਼ਾਰਾਂ ਲੋਕ ਇਕੱਠੇ ਹੋਏ ਐਥੋਂ ਤੋੜੀ ਜੋ ਇੱਕ ਦੂਏ ਉੱਤੇ ਡਿੱਗਿਆ ਪੈਂਦਾ ਸੀ ਤਾਂ ਉਹ ਪਹਿਲਾਂ ਆਪਣੇ ਚੇਲਿਆਂ ਨੂੰ ਕਹਿਣ ਲੱਗਾ ਕਿ ਫ਼ਰੀਸੀਆਂ ਦੇ ਖ਼ਮੀਰ ਤੋ ਜੋ ਕਪਟ ਹੈ ਹੁਸ਼ਿਆਰ ਰਹੋ।
2 ਪਰ ਕੋਈ ਚੀਜ਼ ਛਿਪੀ ਨਹੀਂ ਹੈ ਜਿਹੜੀ ਪਰਗਟ ਨਾ ਹੋਵੇਗੀ ਅਤੇ ਗੁਪਤ ਨਹੀਂ ਜਿਹੜੀ ਮਲੂਮ ਨਾ ਹੋਵੇਗੀ।
3 ਇਸ ਲਈ ਜੋ ਕੁਝ ਤੁਸਾਂ ਅੰਨ੍ਹੇਰੇ ਵਿੱਚ ਕਿਹਾ ਹੈ ਸੋ ਚਾਨਣ ਵਿੱਚ ਸੁਣਾਇਆ ਜਾਵੇਗਾ ਅਤੇ ਜੋ ਕੁਝ ਤੁਸਾਂ ਕੋਠੜੀਆਂ ਵਿੱਚ ਕੰਨੀਂ ਆਖਿਆ ਹੈ ਸੋ ਕੋਠਿਆਂ ਉੱਤੇ ਉਹ ਦੀ ਮਨਾਦੀ ਕੀਤੀ ਜਾਵੇਗੀ।
4 ਮੈਂ ਤੁਹਾਨੂੰ ਜੋ ਮੇਰੇ ਮਿੱਤ੍ਰ ਹੋ ਇਹ ਆਖਦਾ ਹਾਂ ਭਈ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰਦੇ ਹਨ ਅਰ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸੱਕਦੇ।
5 ਪਰ ਮੈਂ ਤੁਹਾਨੂੰ ਦੱਸਦਾ ਹਾਂ ਜੋ ਤੁਸੀਂ ਕਿਹ ਦੇ ਕੋਲੋਂ ਡਰੋ। ਉਸ ਕੋਲੋਂ ਡਰੋ ਜੋ ਮਾਰਨ ਦੇ ਪਿੱਛੋਂ ਨਰਕ ਵਿੱਚ ਸੁੱਟਣ ਦਾ ਇਖ਼ਤਿਆਰ ਰੱਖਦਾ ਹੈ। ਹਾਂ, ਮੈਂ ਤੁਹਾਨੂੰ ਆਖਦਾ ਹਾਂ ਜੋ ਉਸੇ ਤੋਂ ਡਰੋ।
6 ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ।
7 ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।
8 ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇ ਮਨੁੱਖ ਦਾ ਪੁੱਤ੍ਰ ਵੀ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਹ ਦਾ ਇਕਰਾਰ ਕਰੇਗਾ।
9 ਪਰ ਜੋ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਹ ਦਾ ਇਨਕਾਰ ਕੀਤਾ ਜਾਵੇਗਾ।
10 ਅਤੇ ਜੇ ਕੋਈ ਮਨੁੱਖ ਦੇ ਪੁੱਤ੍ਰ ਦੇ ਵਿਰੁੱਧ ਗੱਲ ਕਰੇ ਉਹ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਪਵਿੱਤ੍ਰ ਆਤਮਾ ਦੇ ਵਿਰੁੱਧ ਕੁਫ਼ਰ ਬਕੇ ਉਹ ਨੂੰ ਮਾਫ਼ ਨਾ ਕੀਤਾ ਜਾਵੇਗਾ।
11 ਜਾਂ ਤੁਹਾਨੂੰ ਸਮਾਜਾਂ ਅਰ ਸਰਦਾਰਾਂ ਅਤੇ ਹਾਕਮਾਂ ਦੇ ਅੱਗੇ ਲੈ ਜਾਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿੱਕੁਰ ਯਾ ਕੀ ਉੱਤਰ ਦੇਈਏ ਯਾ ਕੀ ਆਖੀਏ ?
12 ਕਿਉਂਕਿ ਪਵਿੱਤ੍ਰ ਆਤਮਾ ਉਸੇ ਘੜੀ ਤੁਹਾਨੂੰ ਸਿਖਾਲੇਗਾ ਭਈ ਕੀ ਕਹਿਣਾ ਚਾਹੀਦਾ ਹੈ।
13 ਭੀੜ ਵਿੱਚੋਂ ਕਿਸੇ ਨੇ ਉਸ ਨੂੰ ਆਖਿਆ, ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ।
14 ਪਰ ਉਸ ਨੇ ਉਹ ਨੂੰ ਕਿਹਾ, ਮਨੁੱਖਾ, ਕਿਨ ਮੈਨੂੰ ਤੁਹਾਡੇ ਉੱਪਰ ਨਿਆਈ ਯਾ ਵੰਡਣ ਵਾਲਾ ਠਹਿਰਾਇਆ ਹੈ ?
15 ਉਸ ਨੇ ਉਹ ਨੂੰ ਆਖਿਆ, ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।
16 ਤਾਂ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਕਿਸੇ ਧਨਵਾਨ ਦਾ ਖੇਤ ਬਹੁਤ ਫਲਿਆ।
17 ਅਤੇ ਉਸ ਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਭਈ ਮੈਂ ਕੀ ਕਰਾਂ ਕਿਉਂ ਜੋ ਮੇਰੇ ਕੋਈ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਨੂੰ ਜਮਾ ਰੱਖਾਂ ?
18 ਤਾਂ ਓਸ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਰ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਸਾਰਾ ਧਨ ਜਮਾ ਕਰਾਂਗਾ।
19 ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਬਹੁਤ ਵਰਿਹਾਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਸੁਖੀ ਰਹੁ, ਖਾਹ ਪੀ ਅਤੇ ਮੌਜ ਮਾਨ।
20 ਪਰ ਪਰਮੇਸ਼ੁਰ ਨੇ ਉਹ ਨੂੰ ਆਖਿਆ, ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ ?
21 ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।
22 ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, ਮੈਂ ਇਸ ਕਾਰਨ ਤੁਹਾਨੂੰ ਆਖਦਾ ਹਾਂ ਜੋ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਦੇ ਲਈ ਭਈ ਕੀ ਪਹਿਨਾਂਗੇ।
23 ਕਿਉਂਕਿ ਪ੍ਰਾਣ ਭੋਜਣ ਨਾਲੋਂ ਅਤੇ ਸਰੀਰ ਬਸਤ੍ਰ ਨਾਲੋਂ ਵਧੀਕ ਹੈ।
24 ਕਾਵਾਂ ਦੀ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ। ਓਹਨਾਂ ਦੇ ਕੋਲ ਨਾ ਭੰਡਾਰ ਨਾ ਭੜੋਲਾ ਹੈ ਅਤੇ ਪਰਮੇਸ਼ੁਰ ਓਹਨਾਂ ਦੀ ਪਿਰਤਪਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਕਿੰਨੇ ਉੱਤਮ ਹੋ !
25 ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪੱਲ ਵਧਾ ਸੱਕਦਾ ਹੈ ?
26 ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟੇ ਕੰਮ ਨਹੀਂ ਕਰ ਸੱਕਦੇ ਤਾਂ ਹੋਰਨਾਂ ਗੱਲਾਂ ਲਈ ਕਾਹ ਨੂੰ ਚਿੰਤਾ ਕਰਦੇ ਹੋ ?
27 ਸੋਸਨ ਦੇ ਫੁੱਲਾਂ ਵੱਲ ਧਿਆਨ ਕਰੋ ਜੋ ਓਹ ਕਿੱਕੁਰ ਵਧਦੇ ਹਨ। ਓਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਲੇਮਾਨ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ।
28 ਸੋ ਜਦ ਪਰਮੇਸ਼ੁਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਇਹੋ ਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜੀ ਪਰਤੀਤ ਵਾਲਿਓ, ਉਹ ਕਿੰਨਾ ਵਧੀਕ ਤੁਹਾਨੂੰ ਪਹਿਨਾਵੇਗਾ !
29 ਤੁਸੀਂ ਇਹ ਦੀ ਭਾਲ ਨਾ ਕਰੋ ਜੋ ਕੀ ਖਾਵਾਂਗੇ, ਕੀ ਪੀਵਾਂਗੇ ? ਅਤੇ ਭਰਮ ਨਾ ਕਰੋ।
30 ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ ਪਰ ਤੁਹਾਡਾ ਪਿਤਾ ਜਾਣਦਾ ਹੈ ਭਈ ਤੁਹਾਨੂੰ ਇਨ੍ਹਾਂ ਵਸਤਾਂ ਦੀ ਲੋੜ ਹੈ।
31 ਪਰੰਤੂ ਤੁਸੀਂ ਉਹ ਦੇ ਰਾਜ ਨੂੰ ਭਾਲੋ ਤਾਂ ਤੁਹਾਨੂੰ ਏਹ ਵਸਤਾਂ ਵੀ ਦਿੱਤੀਆਂ ਜਾਣਗੀਆਂ।
32 ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।
33 ਆਪਣਾ ਮਾਲ ਵੇਚ ਕੇ ਦਾਨ ਕਰੋ। ਆਪਣੇ ਲਈ ਬਟੂਏ ਜੋ ਪੁਰਾਣੇ ਨਹੀਂ ਹੁੰਦੇ ਅਤੇ ਧਨ ਜੋ ਘੱਟਦਾ ਨਹੀਂ ਸੁਰਗ ਵਿੱਚ ਤਿਆਰ ਕਰੋ ਜਿੱਥੇ ਨਾ ਚੋਰ ਨੇੜੇ ਆਉਂਦਾ ਹੈ, ਨਾ ਕੀੜਾ ਨਾਸ ਕਰਦਾ ਹੈ।
34 ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਹੀ ਤੁਹਾਡਾ ਮਨ ਵੀ ਹੋਵੇਗਾ।
35 ਤੁਹਾਡੇ ਲੱਕ ਬੰਨ੍ਹੇ ਅਰ ਦੀਵੇ ਬਲਦੇ ਰਹਿਣ।
36 ਅਤੇ ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਉਡੀਕਦੇ ਹਨ ਭਈ ਉਹ ਵਿਆਹ ਤੋਂ ਕਦ ਮੁੜ ਆਵੇਗਾ ਤਾਂ ਜਿਸ ਵੇਲੇ ਉਹ ਆਵੇ ਅਤੇ ਬੂਹਾ ਖੜਕਾਵੇ ਓਹ ਝੱਟ ਉਸ ਦੇ ਲਈ ਖੋਲ੍ਹਣ।
37 ਧੰਨ ਓਹ ਨੌਕਰ ਜਿਨ੍ਹਾਂ ਨੂੰ ਮਾਲਕ ਜਦ ਆਵੇ ਜਾਗਦਿਆਂ ਪਾਵੇ। ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆਣ ਕੇ ਉਨ੍ਹਾਂ ਦੀ ਟਹਿਲ ਕਰੇਗਾ।
38 ਜੇ ਉਹ ਦੁਪਹਿਰ ਨੂੰ ਯਾ ਤੀਏ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਓਹ ਨੌਕਰ ਧੰਨ ਹਨ।
39 ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖਬਰ ਹੁੰਦੀ ਜੋ ਚੋਰ ਕਿਸ ਘੜੀ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਲੱਗਣ ਨਾ ਦਿੰਦਾ।
40 ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।
41 ਤਦ ਪਤਰਸ ਨੇ ਕਿਹਾ, ਪ੍ਰਭੁ ਜੀ ਤੂੰ ਇਹ ਦ੍ਰਿਸ਼ਟਾਂਤ ਸਾਨੂੰ ਹੀ ਆਖਦਾ ਹੈਂ ਯਾ ਸਾਰਿਆਂ ਨੂੰ ਭੀ ?
42 ਪ੍ਰਭੁ ਨੇ ਅੱਗੋਂ ਆਖਿਆ, ਉਹ ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਹ ਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ ?
43 ਧੰਨ ਉਹ ਨੌਕਰ ਜਿਹ ਨੂੰ ਉਹ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ।
44 ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।
45 ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਭਈ ਮੇਰਾ ਮਾਲਕ ਆਉਣ ਵਿੱਚ ਚਿਰ ਲਾਉਂਦਾ ਹੈ ਅਤੇ ਗੋੱਲੇ ਗੋੱਲੀਆਂ ਨੂੰ ਮਾਰਨ ਅਤੇ ਖਾਣ ਪੀਣ ਅਤੇ ਮਤਵਾਲਾ ਹੋਣ ਲੱਗੇ।
46 ਤਾਂ ਉਸ ਨੌਕਰ ਦਾ ਮਾਲਕ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਆਵੇਗਾ ਅਤੇ ਉਸ ਨੂੰ ਟੋਟੇ ਟੋਟੇ ਕਰ ਕੇ ਬੇਈਮਾਨਾਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ।
47 ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ, ਨਾ ਉਹ ਦੀ ਮਰਜ਼ੀ ਮੂਜਬ ਕੰਮ ਕੀਤਾ ਬਹੁਤ ਮਾਰ ਖਾਵੇਗਾ।
48 ਪਰ ਜਿਹੜਾ ਨਹੀਂ ਜਾਣਦਾ ਸੀ ਅਤੇ ਮਾਰ ਖਾਣ ਦੇ ਜੋਗ ਕੰਮ ਕੀਤਾ ਉਹ ਥੋੜੀ ਮਾਰ ਖਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਲੇਖਾ ਲਿਆ ਜਾਵੇਗਾ ਅਤੇ ਜਿਹ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਵਧੀਕ ਮੰਗਣਗੇ। 49 ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਉਹ ਹੁਣ ਲੱਗ ਚੁੱਕੀ ਹੋਈ ਹੁੰਦੀ ! 50 ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦ ਤਿਕੁਰ ਉਹ ਸੰਪੂਰਣ ਨਾ ਹੋਵੇ ਤਦ ਤੀਕੁਰ ਮੈਂ ਕੇਡਾ ਔਖਾ ਰਹਾਂਗਾ !
51 ਕੀ ਤੁਸੀਂ ਸਮਝਦੇ ਹੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ ? ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਸਗੋਂ ਜੁਦਾਈ।
52 ਕਿਉਂਕਿ ਏਦੋਂ ਅੱਗੇ ਇੱਕ ਘਰ ਦੇ ਪੰਜਾਂ ਵਿੱਚ ਜੁਦਾਈ ਹੋਵੇਗੀ, ਤਿੰਨ ਦੋਹੁੰ ਦੇ ਅਰ ਦੋ ਤਿੰਨਾਂ ਦੇ ਵਿਰੁੱਧ।
53 ਓਹ ਅੱਡੋ ਅੱਡ ਹੋਣਗੇ ਅਰਥਾਤ ਪਿਉ ਪੁੱਤ੍ਰ ਦੇ ਵਿਰੁੱਧ ਅਰ ਪੁੱਤ੍ਰ ਪਿਉ ਦੇ ਵਿਰੁੱਧ, ਮਾਂ ਧੀ ਦੇ ਵਿਰੁੱਧ ਅਰ ਧੀ ਮਾਂ ਦੇ ਵਿਰੁੱਧ, ਸੱਸ ਆਪਣੀ ਨੂੰਹ ਦੇ ਵਿਰੁੱਧ ਅਰ ਨੂੰਹ ਸੱਸ ਦੇ ਵਿਰੁੱਧ।
54 ਫੇਰ ਉਸ ਨੇ ਭੀੜ ਨੂੰ ਵੀ ਕਿਹਾ, ਜਦ ਲਹਿੰਦੇ ਪਾਸੇ ਬੱਦਲ ਉੱਠਦਾ ਵੇਖਦੇ ਹੋ ਤੁਸੀਂ ਝੱਟ ਆਖਦੇ ਹੋ, ਮੀਂਹ ਆਉਂਦਾ ਹੈ ਅਤੇ ਉਸੇ ਤਰਾਂ ਹੁੰਦਾ ਹੈ।
55 ਅਰ ਜਦ ਦੱਖਣ ਦੀ ਵਾਉ ਵਗਦੀ ਹੈ ਤਦ ਆਖਦੇ ਹੋ ਭਈ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ। 56 ਹੇ ਕਪਟੀਓ ! ਧਰਤੀ ਅਤੇ ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਇਸ ਸਮੇਂ ਦੀ ਜਾਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ ? 57 ਤੁਸੀਂ ਆਪੇ ਹੀ ਉਸ ਨੂੰ ਜੋ ਠੀਕ ਹੈ ਕਿਉਂ ਨਹੀਂ ਵਿਚਾਰ ਕਰਦੇ ਹੋ ? 58 ਜਦ ਤੂੰ ਆਪਣੇ ਮੁਦੱਈ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈਂ ਤਾਂ ਰਸਤੇ ਵਿੱਚ ਉਸ ਤੋਂ ਛੁੱਟਣ ਦਾ ਜਤਨ ਕਰ ਮਤੇ ਉਹ ਤੈਨੂੰ ਹਾਕਮ ਦੇ ਕੋਲ ਖਿੱਚ ਖੜੇ ਅਤੇ ਹਾਕਮ ਤੈਨੂੰ ਦਰੋਗੇ ਦੇ ਹਵਾਲੇ ਕਰੇ ਅਤੇ ਦਰੋਗਾ ਤੈਨੂੰ ਕੈਦ ਵਿੱਚ ਪਾਵੇ। 59 ਮੈਂ ਤੈਨੂੰ ਆਖਦਾਂ ਹਾਂ ਭਈ ਤੂੰ ਉੱਥੋਂ ਕਿਸੇ ਬਿਧ ਨਾ ਛੁੱਟੇਂਗਾ ਜਿਨਾਂ ਚਿਰ ਕੌਡੀ ਕੌਡੀ ਨਾ ਭਰ ਦੇਵੇਂ।




ਕਾਂਡ 13

1 1 ਉਸ ਵੇਲੇ ਕਈ ਉੱਥੇ ਹਾਜ਼ਰ ਸਨ ਜਿਹੜੇ ਉਸ ਨੂੰ ਉਨ੍ਹਾਂ ਗਲੀਲੀਆਂ ਦਾ ਹਵਾਲ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ।
2 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਲਾ, ਤੁਸੀਂ ਸਮਝਦੇ ਹੋ ਭਈ ਏਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁਖ ਸਹੇ ?
3 ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ।
4 ਯਾ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਢੱਠਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਭਲਾ, ਤੁਸੀਂ ਏਹ ਸਮਝਦੇ ਹੋ ਜੋ ਓਹ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ ?
5 ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ।
6 ਉਸ ਨੇ ਇਹ ਦ੍ਰਿਸ਼ਟਾਂਤ ਦਿੱਤਾ ਭਈ ਕਿਸੇ ਮਨੁੱਖ ਦੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ।
7 ਤਦ ਉਹ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜੀਰ ਦੇ ਬੂਟੇ ਦੇ ਫਲ ਲੈਣ ਨੂੰ ਤਿੰਨਾਂ ਵਰਿਹਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਹ ਨੂੰ ਵੱਢ ਸੁੱਟ। ਕਾਹਨੂੰ ਜਮੀਨ ਭੀ ਰੋਕ ਛੱਡੀ ਹੈ ?
8 ਪਰ ਉਸ ਨੇ ਉਹ ਨੂੰ ਉੱਤਰ ਦਿੱਤਾ, ਸੁਆਮੀ ਜੀ ਇਹ ਨੂੰ ਐਤਕੀ ਹੋਰ ਭੀ ਰਹਿਣ ਦਿਓ ਜਦ ਤੀਕਰ ਮੈਂ ਇਹ ਦੇ ਗਿਰਦੇ ਖਾਲ ਨਾ ਖੋਦਾਂ ਅਤੇ ਰੂੜੀ ਨਾ ਪਾਵਾਂ।
9 ਸ਼ਾਇਤ ਅੱਗੇ ਨੂੰ ਫਲ ਲੱਗੇ। ਨਹੀਂ ਤਾਂ ਇਹ ਨੂੰ ਵਢਾ ਸੁੱਟੀਂ।
10 ਉਹ ਸਬਤ ਦੇ ਦਿਨ ਕਿਸੇ ਸਮਾਜ ਵਿੱਚ ਉਪਦੇਸ਼ ਦਿੰਦਾ ਸੀ।
11 ਅਰ ਵੇਖੋ ਇੱਕ ਤੀਵੀਂ ਸੀ ਜਿਹ ਨੂੰ ਅਠਾਰਾਂ ਵਰਿਹਾਂ ਤੋਂ ਮਾਂਦਗੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਹੈਸੀ ਅਰ ਕਿਸੇ ਤਰਾਂ ਸਿੱਧੀ ਨਹੀਂ ਸੀ ਹੋ ਸੱਕਦੀ।
12 ਯਿਸੂ ਨੇ ਉਹ ਨੂੰ ਵੇਖ ਕੇ ਕੋਲ ਸੱਦਿਆ ਅਰ ਉਹ ਨੂੰ ਕਿਹਾ, ਹੇ ਤ੍ਰੀਮਤ ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈਂ।
13 ਅਤੇ ਉਸ ਉੱਤੇ ਹੱਥ ਰੱਖੇ ਤਾਂ ਓਵੇਂ ਉਹ ਸਿੱਧੀ ਹੋ ਗਈ ਅਰ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੀ !
14 ਪਰ ਸਮਾਜ ਦੇ ਸਰਦਾਰ ਨੇ ਇਸ ਲਈ ਜੋ ਯਿਸੂ ਨੇ ਸਬਤ ਦੇ ਦਿਨ ਨਰੋਈ ਕੀਤੀ ਗੁੱਸੇ ਹੋ ਕੇ ਅੱਗੋਂ ਜਮਾਤ ਨੂੰ ਆਖਿਆ ਕਿ ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਸੋ ਇਨ੍ਹਾਂ ਵਿੱਚ ਆਣ ਕੇ ਚੰਗੇ ਹੋਵੋ ਨਾ ਕੀ ਸਬਤ ਦੇ ਦਿਨ।
15 ਪਰ ਪ੍ਰਭੁ ਨੇ ਉਹ ਨੂੰ ਉੱਤਰ ਦੇ ਕੇ ਆਖਿਆ, ਹੇ ਕਪਟੀਓ ਕੀ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਬਲਦ ਯਾ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਆਉਣ ਨੂੰ ਨਹੀਂ ਲੈ ਜਾਂਦਾ ?
16 ਫੇਰ ਭਲਾ, ਇਹ ਤੀਵੀਂ ਜੋ ਅਬਰਾਹਾਮ ਦੀ ਧੀ ਹੈ ਜਿਹ ਨੂੰ ਸ਼ਤਾਨ ਨੇ ਵੇਖੋ ਅਠਾਰਾਂ ਵਰਿਹਾਂ ਤੋਂ ਬੰਨ੍ਹ ਰੱਖਿਆ ਹੈ ਇਹ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਜੋਗ ਨਹੀਂ ਸੀ ?
17 ਜਾਂ ਇਹ ਗੱਲਾਂ ਕਰਦਾ ਹੀ ਸੀ ਤਾਂ ਉਹ ਦੇ ਸਭ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭਨਾਂ ਪਰਤਾਪ ਵਾਲੇ ਕੰਮਾਂ ਤੋਂ ਜੋ ਉਹ ਦੇ ਕੋਲੋਂ ਹੋਏ ਸਨ ਅਨੰਦ ਹੋਈ।
18 ਇਸ ਲਈ ਉਹ ਨੇ ਆਖਿਆ ਕਿ ਪਰਮੇਸ਼ੁਰ ਦਾ ਰਾਜ ਕਿਸ ਵਰਗਾ ਹੈ ਅਤੇ ਮੈਂ ਉਸ ਨੂੰ ਕਿਹ ਦੇ ਵਰਗਾ ਦੱਸਾਂ ?
19 ਉਹ ਰਾਈ ਦੇ ਦਾਣੇ ਦੇ ਵਰਗਾ ਹੈ ਜਿਹ ਨੂੰ ਇੱਕ ਮਨੁੱਖ ਨੇ ਲੈ ਕੇ ਆਪਣੇ ਬਾਗ ਵਿੱਚ ਬੀਜਿਆ ਅਰ ਉਹ ਉੱਗਿਆ ਅਤੇ ਬਿਰਛ ਹੋ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕੀਤਾ।
20 ਉਸ ਨੇ ਫੇਰ ਆਖਿਆ, ਮੈਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸਾਂ ?
21 ਉਹ ਖ਼ਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਗੁੰਨ੍ਹਿਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।
22 ਉਹ ਉਪਦੇਸ਼ ਦਿੰਦਾ ਹੋਇਆ ਨਗਰ ਨਗਰ ਅਤੇ ਪਿੰਡ ਪਿੰਡ ਹੋ ਕੇ ਯਰੂਸ਼ਲਮ ਦੀ ਵੱਲ ਲਗਾ ਜਾਂਦਾ ਸੀ।
23 ਤਦ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਜਿਹੜੇ ਮੁਕਤੀ ਪਾਉਂਦੇ ਕੀ ਓਹ ਵਿਰਲੇ ਹਨ?
24 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਭੀੜੇ ਬੂਹੇ ਤੋਂ ਵੜਨ ਦਾ ਜਤਨ ਕਰੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਥੇਰੇ ਵੜਨ ਨੂੰ ਚਾਹੁਣਗੇ ਪਰ ਵੜ ਨਾ ਸੱਕਣਗੇ।
25 ਜਦੋਂ ਘਰ ਦਾ ਮਾਲਕ ਉੱਠ ਕੇ ਬੂਹਾ ਮਾਰ ਦੇਵੇ ਅਤੇ ਤੁਸੀਂ ਬਾਹਰ ਖੜੇ ਇਹ ਕਹਿ ਕੇ ਬੂਹਾ ਖੜਕਾਉਣ ਲੱਗੋਗੇ ਕਿ ਹੇ ਪ੍ਰਭੁ, ਸਾਡੇ ਲਈ ਖੋਲ੍ਹੋ ! ਅਤੇ ਉਹ ਤੁਹਾਨੂੰ ਉੱਤਰ ਦੇਵੇਗਾ ਭਈ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਦੇ ਹੋ।
26 ਤਦ ਤੁਸੀਂ ਆਖਣ ਲੱਗੋਗੇ ਕਿ ਅਸਾਂ ਤੇਰੇ ਅੱਗੇ ਖਾਧਾ ਪੀਤਾ ਅਤੇ ਤੈਂ ਸਾਡੇ ਚੌਂਕਾਂ ਵਿੱਚ ਉਪਦੇਸ਼ ਦਿੱਤਾ ਹੈ।
27 ਫੇਰ ਉਹ ਬੋਲੇਗਾ, ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਦੇ ਹੋ। ਹੇ ਸਭ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ !
28 ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ ਜਦ ਤੁਸੀਂ ਅਬਰਾਹਾਮ ਅਰ ਇਸਹਾਕ ਅਰ ਯਾਕੂਬ ਅਤੇ ਸਭਨਾਂ ਨਬੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਅਤੇ ਆਪਣੇ ਤਾਈਂ ਬਾਹਰ ਕੱਢੇ ਹੋਏ ਵੇਖੋਗੇ !
29 ਅਰ ਲੋਕ ਪੂਰਬ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਤੋਂ ਆਣ ਕੇ ਪਰਮੇਸ਼ੁਰ ਦੇ ਰਾਜ ਦੀ ਪੰਗਤ ਵਿੱਚ ਬੈਠਣਗੇ।
30 ਵੇਖੋ, ਕਿੰਨੇ ਪਿੱਛਲੇ ਹਨ ਜਿਹੜੇ ਪਹਿਲੇ ਹੋਣਗੇ ਅਤੇ ਪਹਿਲੇ ਹਨ ਜਿਹੜੇ ਪਿੱਛਲੇ ਹੋਣਗੇ।
31 ਉਸੇ ਘੜੀ ਕਈ ਫ਼ਰੀਸੀਆਂ ਨੇ ਕੋਲ ਆਣ ਕੇ ਉਹ ਨੂੰ ਕਿਹਾ ਕਿ ਐਥੋਂ ਨਿੱਕਲ ਕੇ ਚੱਲਿਆ ਜਾਹ ਕਿਉਂ ਜੋ ਹੇਰੋਦੇਸ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ।
32 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜਾ ਕੇ ਉਸ ਲੂੰਬੜੀ ਨੂੰ ਕਹੋ ਭਈ ਵੇਖ ਮੈਂ ਅੱਜ ਅਰ ਕੱਲ੍ਹ ਭੂਤਾਂ ਨੂੰ ਕੱਢਦਾ ਅਤੇ ਨਰੋਆ ਕਰਦਾ ਹਾਂ ਅਰ ਤੀਏ ਦਿਨ ਪੂਰਾ ਹੋ ਜਾਵਾਂਗਾ।
33 ਪਰ ਮੈਨੂੰ ਚਾਹੀਦਾ ਹੈ ਜੋ ਅੱਜ ਅਰ ਕੱਲ੍ਹ ਅਤੇ ਪਰਸੋਂ ਫਿਰਦਾ ਰਹਾਂ ਕਿਉਂਕਿ ਇਹ ਨਹੀਂ ਹੋ ਸੱਕਦਾ ਜੋ ਯਰੂਸ਼ਲਮ ਤੋਂ ਬਾਹਰ ਕੋਈ ਨਬੀ ਮਾਰਿਆ ਜਾਵੇ।
34 ਹੇ ਯਰੂਸ਼ਲਮ, ਯਰੂਸ਼ਲਮ ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਹੋਏ ਹਨ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠਾ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ।
35 ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਨਾ ਵੇਖੋਗੇ ਜਦ ਤੋੜੀ ਇਹ ਨਾ ਕਹੋਗੇ ਭਈ ਮੁਬਾਰਕ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ!




ਕਾਂਡ 14

1 ਇਉਂ ਹੋਇਆ ਕਿ ਜਦ ਉਹ ਸਬਤ ਦੇ ਦਿਨ ਫ਼ਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਰੋਟੀ ਖਾਣ ਗਿਆ ਤਦ ਓਹ ਉਸ ਦੀ ਤਾੜ ਵਿੱਚ ਲੱਗੇ ਹੋਏ ਸਨ।
2 ਅਰ ਵੇਖੋ ਇੱਕ ਜਲੋਧਰੀ ਮਨੁੱਖ ਉਹ ਦੇ ਸਾਹਮਣੇ ਸੀ।
3 ਯਿਸੂ ਅੱਗੋਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਅਤੇ ਫ਼ਰੀਸੀਆਂ ਨੂੰ ਇਹ ਆਖਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ ਕਿ ਨਹੀਂ ?
4 ਪਰ ਓਹ ਚੁੱਪ ਵੱਟ ਗਏ। ਤਾਂ ਉਸ ਨੇ ਉਹ ਨੂੰ ਲੈ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ।
5 ਅਤੇ ਉਨ੍ਹਾਂ ਨੂੰ ਆਖਿਆ ਭਈ ਤੁਹਾਡੇ ਵਿੱਚੋਂ ਕੌਣ ਹੈ ਜੇ ਉਹ ਦਾ ਗਧਾ ਯਾ ਬੈਲ ਖੂਹ ਵਿੱਚ ਡਿਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਹ ਨੂੰ ਨਾ ਕੱਢੇ ?
6 ਅਤੇ ਓਹ ਇਨ੍ਹਾਂ ਗੱਲਾਂ ਦਾ ਉੱਤਰ ਨਾ ਦੇ ਸੱਕੇ।
7 ਜਾਂ ਉਸ ਨੇ ਵੇਖਿਆ ਭਈ ਪਰਾਹੁਣੇ ਕਿਸ ਤਰਾਂ ਉੱਚੀਆਂ ਥਾਵਾਂ ਨੂੰ ਪਸਿੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ,
8 ਕਿ ਜਾਂ ਕੋਈ ਤੈਨੂੰ ਵਿਆਹ ਵਿੱਚ ਨਿਉਤਾ ਦੇਵੇ ਤਾਂ ਉੱਚੀ ਥਾਂ ਨਾ ਬੈਠ। ਕੀ ਜਾਣੀਏ ਕਿ ਓਨ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਨਿਉਤਾ ਦਿੱਤਾ ਹੋਵੇ।
9 ਅਰ ਜਿਸ ਨੇ ਤੈਨੂੰ ਅਤੇ ਉਸ ਨੂੰ ਨਿਉਤਾ ਦਿੱਤਾ ਹੈ ਸੋ ਆਣ ਕੇ ਤੈਨੂੰ ਆਖੇ ਕਿ ਇਹ ਨੂੰ ਜਗਾ· ਦਿਹ ਅਰ ਤਦ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਨੀਵੀਂ ਥਾਂ ਬੈਠਣਾ ਪਵੇ।
10 ਪਰ ਜਾਂ ਤੈਨੂੰ ਨਿਉਤਾ ਦਿੱਤਾ ਜਾਵੇ ਤਾਂ ਸਭ ਤੋਂ ਨੀਵੀਂ ਥਾਂ ਜਾ ਬੈਠ, ਫੇਰ ਜਿਹ ਨੇ ਤੈਨੂੰ ਨਿਉਤਾ ਦਿੱਤਾ ਹੈ ਜਦ ਉਹ ਆਵੇ ਤਦ ਤੈਨੂੰ ਆਖੇ, ਮਿੱਤ੍ਰਾ, ਅੱਗੇ ਆ ਜਾਹ ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ।
11 ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।
12 ਜਿਨ ਉਸ ਨੂੰ ਨਿਉਤਾ ਦਿੱਤਾ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਯਾ ਰਾਤ ਦੀ ਜ਼ਿਆਫ਼ਤ ਕਰੇਂ ਤਾਂ ਆਪਣਿਆਂ ਮਿੱਤ੍ਰਾਂ ਅਤੇ ਆਪਣਿਆਂ ਭਾਈਆਂ ਅਤੇ ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਓਹ ਫੇਰ ਤੈਨੂੰ ਵੀ ਬੁਲਾਉਣ ਅਰ ਤੇਰਾ ਬਦਲਾ ਹੋ ਜਾਵੇ।
13 ਪਰ ਜਾਂ ਤੂੰ ਦਾਉਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਙਿਆਂ, ਅੰਨ੍ਹਿਆਂ ਨੂੰ ਸੱਦ।
14 ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਦੇਣ ਨੂੰ ਉਨ੍ਹਾਂ ਕੋਲ ਕੁਝ ਨਹੀਂ ਹੈ ਸੋ ਤੈਨੂੰ ਧਰਮੀਆਂ ਦੀ ਕਿਆਮਤ ਵਿੱਚ ਬਦਲਾ ਦਿੱਤਾ ਜਾਵੇਗਾ।
15 ਉਹ ਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕੇ ਉਹ ਨੂੰ ਕਿਹਾ ਕਿ ਧੰਨ ਉਹ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਰੋਟੀ ਖਾਊਗਾ।
16 ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਇੱਕ ਵੱਡੀ ਜ਼ਿਆਫ਼ਤ ਕੀਤੀ ਅਤੇ ਬਹੁਤਿਆਂ ਨੂੰ ਬੁਲਾਇਆ।
17 ਅਤੇ ਉਸ ਨੇ ਖਾਣੇ ਦੇ ਵੇਲੇ ਆਪਣੇ ਨੌਕਰ ਨੂੰ ਘੱਲਿਆ ਜੋ ਉਹ ਸੱਦੇ ਹੋਇਆਂ ਨੂੰ ਕਹੇ ਭਈ ਆਓ ਕਿਉਂ ਜੋ ਹੁਣ ਸੱਭੋ ਕੁਝ ਤਿਆਰ ਹੈ।
18 ਤਾਂ ਓਹ ਸੱਭੇ ਇੱਕ ਮੱਤ ਹੋ ਕੇ ਉਜ਼ਰ ਕਰਨ ਲੱਗੇ। ਪਹਿਲੇ ਨੇ ਉਹ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਹ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਭਈ ਮੇਰੀ ਵੱਲੋਂ ਉਜ਼ਰ ਕਰੀਂ।
19 ਅਤੇ ਦੂਏ ਨੇ ਆਖਿਆ, ਮੈਂ ਬਲਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣੇ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੀ ਵੱਲੋਂ ਉਜ਼ਰ ਕਰੀਂ।
20 ਅਤੇ ਹੋਰ ਨੇ ਆਖਿਆ, ਮੈਂ ਵਿਆਹ ਕੀਤਾ ਹੈ ਅਤੇ ਇਸ ਲਈ ਮੈਂ ਨਹੀਂ ਆ ਸੱਕਦਾ।
21 ਤਾਂ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿੱਤੀ। ਤਦ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ, ਸ਼ਤਾਬੀ ਨਿੱਕਲ ਕੇ ਸ਼ਹਿਰ ਦੇ ਚੌਂਕਾਂ ਅਤੇ ਗਲੀਆਂ ਵਿੱਚ ਜਾਹ ਅਰ ਕੰਗਾਲਾਂ ਅਤੇ ਟੁੰਡਿਆਂ ਅਤੇ ਅੰਨ੍ਹਿਆਂ ਅਤੇ ਲੰਙਿਆਂ ਨੂੰ ਐੱਥੇ ਅੰਦਰ ਲਿਆ।
22 ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸਾਂ ਹੁਕਮ ਕੀਤਾ ਸੀ ਤਿਵੇਂ ਹੀ ਹੋਇਆ ਹੈ ਅਤੇ ਅਜੇ ਥਾਂ ਹੈ।
23 ਮਾਲਕ ਨੇ ਨੌਕਰ ਨੂੰ ਕਿਹਾ ਭਈ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨਿਆਂ ਵੱਲ ਜਾਹ ਅਤੇ ਵੱਡੀ ਤਗੀਦ ਕਰ ਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਭਰ ਜਾਵੇ।
24 ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰਾ ਖਾਣਾ ਨਾ ਚੱਖੇਗਾ।
25 ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ,
26 ਜੇ ਕੋਈ ਮੇਰੇ ਕੋਲ ਆਵੇ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ।
27 ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸੱਕਦਾ।
28 ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ ?
29 ਕਿਤੇ ਐਉਂ ਨਾ ਹੋਵੇ ਕਿ ਜਾਂ ਉਸ ਨੇ ਨੀਉਂ ਰੱਖੀ ਅਤੇ ਪੂਰਾ ਨਾ ਕਰ ਸੱਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸ ਉੱਤੇ ਹੱਸਣ ਲੱਗ ਪੈਣ,
30 ਕਿ ਇਹ ਮਨੁੱਖ ਮਕਾਨ ਬਣਾਉਣ ਲੱਗਾ ਪਰ ਪੂਰਾ ਨਾ ਕਰ ਸੱਕਿਆ !
31 ਯਾ ਕਿਹੜਾ ਰਾਜਾ ਹੈ ਕਿ ਜਾਂ ਦੂਏ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਭਈ ਕੀ ਮੈਂ ਦਸ ਹਜ਼ਾਰ ਨਾਲ ਉਹ ਦਾ ਸਾਹਮਣਾ ਕਰ ਸੱਕਦਾ ਹਾਂ ਜਿਹ ਨੇ ਵੀਹ ਹਜ਼ਾਰ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ ?
32 ਜੇ ਨਹੀਂ ਤਾਂ ਦੂਏ ਦੇ ਅਜੇ ਦੂਰ ਹੁੰਦਿਆਂ ਉਹ ਵਕੀਲ ਘੱਲ ਕੇ ਮੇਲ ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ।
33 ਸੋ ਇਸੇ ਤਰਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ।
34 ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਾਹ ਦੇ ਨਾਲ ਸੁਆਦੀ ਕੀਤਾ ਜਾਵੇ ?
35 ਉਹ ਨਾ ਖੇਤ ਨਾ ਰੂੜੀ ਦੇ ਕੰਮ ਦਾ ਹੈ। ਲੋਕ ਉਹ ਨੂੰ ਬਾਹਰ ਸੁੱਟ ਦਿੰਦੇ ਹਨ। ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ।




ਕਾਂਡ 15

1 ਸਭ ਮਸੂਲੀਏ ਅਰ ਪਾਪੀ ਉਹ ਦੀ ਸੁਣਨ ਲਈ ਉਹ ਦੇ ਨੇੜੇ ਆਉਂਦੇ ਸਨ।
2 ਅਤੇ ਫ਼ਰੀਸੀ ਅਰ ਗ੍ਰੰਥੀ ਦੋਵੇਂ ਬੁੜਬੁੜਾ ਕੇ ਬੋਲੇ ਭਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ !
3 ਤਾਂ ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ,
4 ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਸੌ ਭੇਡਾਂ ਹੋਣ ਅਰ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਉਨ੍ਹਾਂ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭਾਲ ਵਿੱਚ ਨਾ ਜਾਵੇ ਜਦ ਤਾਈਂ ਉਹ ਉਸ ਨੂੰ ਨਾ ਲੱਭੇ ?
5 ਅਰ ਜਾਂ ਲੱਭ ਪਵੇ ਤਾਂ ਉਹ ਨੂੰ ਖੁਸ਼ੀ ਨਾਲ ਆਪਣਿਆਂ ਮੋਢਿਆਂ ਉੱਤੇ ਰੱਖ ਲੈਂਦਾ।
6 ਅਤੇ ਘਰ ਜਾ ਕੇ ਆਪਣੇ ਮਿੱਤ੍ਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ।
7 ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।
8 ਕਿਹੜੀ ਤੀਵੀਂ ਹੈ ਜਿਹ ਦੇ ਕੋਲ ਦੱਸ ਅਠੰਨੀਆਂ ਹੋਣ ਜੇ ਇੱਕ ਅਠੰਨੀ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਝ ਹਾਂਝ ਕੇ ਉਹ ਨੂੰ ਜਤਨ ਨਾਲ ਨਾ ਢੂੰਡੇ ਜਦ ਤੀਕੁਰ ਉਹ ਨੂੰ ਨਾ ਲੱਭੇ ?
9 ਅਰ ਜਾਂ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠੀਆਂ ਬੁਲਾ ਕੇ ਆਖਦੀ ਹੈ, ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਠੰਨੀ ਲੱਭੀ ਹੈ।
10 ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।
11 ਫੇਰ ਉਸ ਨੇ ਕਿਹਾ ਕਿ ਇੱਕ ਮਨੁੱਖ ਦੇ ਦੋ ਪੁੱਤ੍ਰ ਸਨ।
12 ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਉ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸ ਨੇ ਉਨ੍ਹਾਂ ਨੂੰ ਪੂੰਜੀ ਵੰਡ ਦਿੱਤੀ।
13 ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤ੍ਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਰ ਉੱਥੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ।
14 ਜਾਂ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ।
15 ਤਾਂ ਉਹ ਉਸ ਦੇਸ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹ ਨੂੰ ਆਪਣਿਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ।
16 ਅਰ ਉਹ ਉਨ੍ਹਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਨੇ ਉਹ ਨੂੰ ਕੁਝ ਨਾ ਦਿੱਤਾ।
17 ਪਰ ਉਹ ਨੇ ਸੁਰਤ ਵਿੱਚ ਆਣ ਕੇ ਕਿਹਾ ਭਈ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਐੱਥੇ ਭੁੱਖਾ ਮਰਦਾ ਹਾਂ।
18 ਮੈਂ ਉੱਠ ਕੇ ਆਪਣੇ ਪਿਉ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ।
19 ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ।
20 ਸੋ ਉਹ ਉੱਠ ਕੇ ਆਪਣੇ ਪਿਉ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆ।
21 ਅਰ ਪੁੱਤ੍ਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ।
22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਬਸਤ੍ਰ ਛੇਤੀ ਕੱਢ ਕੇ ਇਹ ਨੂੰ ਪਹਿਨਾਓ ਅਰ ਇਹ ਦੇ ਹੱਥ ਵਿੱਚ ਅੰਗੂਠੀ ਅਰ ਪੈਰੀਂ ਜੁੱਤੀ ਪਾਓ।
23 ਪਲਿਆ ਹੋਇਆ ਵੱਛਾ ਲਿਆ ਕੇ ਕੱਟੋ ਭਈ ਖਾਈਏ ਅਤੇ ਖੁਸ਼ੀ ਕਰੀਏ।
24 ਕਿਉਂ ਜੋ ਮੇਰਾ ਇਹ ਪੁੱਤ੍ਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ। ਸੋ ਓਹ ਲੱਗੇ ਖੁਸ਼ੀ ਕਰਨ।
25 ਪਰ ਉਹ ਦਾ ਵੱਡਾ ਪੁੱਤ੍ਰ ਖੇਤ ਵਿੱਚ ਸੀ ਅਰ ਜਾਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਤੇ ਨੱਚਣ ਦੀ ਅਵਾਜ਼ ਸੁਣੀ।
26 ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਭਈ ਇਹ ਕੀ ਹੈ ?
27 ਉਸ ਨੇ ਉਹ ਨੂੰ ਆਖਿਆ, ਤੇਰਾ ਭਰਾ ਆਇਆ ਹੈ ਅਰ ਤੇਰੇ ਪਿਉ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ ਇਸ ਲਈ ਜੋ ਉਹ ਨੂੰ ਭਲਾ ਚੰਗਾ ਪਾਇਆ।
28 ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹ ਦਾ ਜੀ ਨਾ ਕੀਤਾ। ਸੋ ਉਹ ਦਾ ਪਿਉ ਬਾਹਰ ਆਣ ਕੇ ਉਹ ਨੂੰ ਮਨਾਉਣ ਲੱਗਾ।
29 ਪਰ ਓਨ ਆਪਣੇ ਪਿਉ ਨੂੰ ਉੱਤਰ ਦਿੱਤਾ, ਵੇਖ ਮੈਂ ਐੱਨੇ ਵਰਿਹਾਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ ਪਰ ਤੁਸਾਂ ਮੈਨੂੰ ਕਦੇ ਇੱਕ ਪਠੋਰਾ ਭੀ ਨਾ ਦਿੱਤਾ ਜੋ ਮੈਂ ਆਪਣੇ ਬੇਲੀਆਂ ਨਾਲ ਖੁਸ਼ੀ ਕਰਾਂ।
30 ਪਰ ਜਦ ਤੁਹਾਡਾ ਇਹ ਪੁੱਤ੍ਰ ਆਇਆ ਜਿਹ ਨੇ ਕੰਜਰੀਆਂ ਦੇ ਮੂੰਹ ਤੇਰੀ ਪੂੰਜੀ ਉਡਾ ਦਿੱਤੀ ਤੁਸਾਂ ਉਹ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ।
31 ਪਰ ਓਨ ਆਖਿਆ, ਬੱਚਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸੱਭੋ ਕੁਝ ਤੇਰਾ ਹੈ।
32 ਪਰ ਖੁਸ਼ੀ ਕਰਨੀ ਅਤੇ ਅਨੰਦ ਹੋਣਾ ਜੋਗ ਸੀ ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।




ਕਾਂਡ 16

1 ਉਸ ਨੇ ਚੇਲਿਆਂ ਨੂੰ ਵੀ ਆਖਿਆ ਕਿ ਇੱਕ ਧਨਵਾਨ ਸੀ ਜਿਹ ਦਾ ਇੱਕ ਮੁਖ਼ਤਿਆਰ ਹੈਸੀ ਅਤੇ ਇਹ ਦਾ ਗਿਲਾ ਉਹ ਦੇ ਕੋਲ ਕੀਤਾ ਗਿਆ ਜੋ ਉਹ ਤੇਰਾ ਮਾਲ ਉਡਾਉਂਦਾ ਹੈ।
2 ਤਾਂ ਉਸ ਨੇ ਉਹ ਨੂੰ ਸੱਦ ਕੇ ਉਹ ਨੂੰ ਆਖਿਆ ਭਈ ਇਹ ਕੀ ਹੈ ਜੋ ਮੈਂ ਤੇਰੇ ਵਿਖੇ ਸੁਣਦਾ ਹਾਂ ? ਆਪਣੀ ਮੁਖ਼ਤਿਆਰੀ ਦਾ ਹਿਸਾਬ ਦਿਹ ਕਿਉਂ ਜੋ ਤੂੰ ਅੱਗੇ ਨੂੰ ਮੁਖ਼ਤਿਆਰ ਨਹੀਂ ਰਹਿ ਸੱਕਦਾ।
3 ਉਸ ਮੁਖ਼ਤਿਆਰ ਨੇ ਆਪਣੇ ਜੀ ਵਿੱਚ ਕਿਹਾ, ਮੈਂ ਕੀ ਕਰਾਂ ਕਿਉਂ ਜੋ ਮੇਰਾ ਮਾਲਕ ਮੁਖ਼ਤਿਆਰੀ ਮੈਥੋਂ ਖੋਹਣ ਲੱਗਾ ਹੈ ? ਕਹੀ ਮੇਰੇ ਕੋਲੋਂ ਮਾਰੀ ਨਹੀਂ ਜਾਂਦੀ ਅਤੇ ਭਿੱਛਿਆ ਮੰਗਣ ਤੋਂ ਮੈਨੂੰ ਲਾਜ ਆਉਂਦੀ ਹੈ।
4 ਮੈਂ ਜਾਣ ਗਿਆ ਭਈ ਕੀ ਕਰਾਂਗਾ ਤਾਂ ਜਿਸ ਵੇਲੇ ਮੈਂ ਮੁਖ਼ਤਿਆਰੀਓਂ ਹਟਾਇਆ ਜਾਵਾਂ ਓਹ ਮੈਨੂੰ ਆਪਣਿਆਂ ਘਰਾਂ ਵਿੱਚ ਕਬੂਲ ਕਰਨ।
5 ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ ਇੱਕ ਕਰਕੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ਤੈਂ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ ?
6 ਉਹ ਬੋਲਿਆ, ਸੌ ਮਣ ਤੇਲ, ਫੇਰ ਓਨ ਉਸ ਨੂੰ ਆਖਿਆ ਭਈ ਆਪਣੀ ਬਹੀ ਲੈ ਅਤੇ ਬੈਠ ਕੇ ਛੇਤੀ ਪੰਜਾਹ ਲਿਖ।
7 ਫੇਰ ਦੂਏ ਨੂੰ ਕਿਹਾ, ਤੈਂ ਕਿੰਨਾ ਦੇਣਾ ਹੈ ? ਓਸ ਆਖਿਆ, ਸੌ ਮਾਣੀ ਕਣਕ। ਓਨ ਉਸ ਨੂੰ ਆਖਿਆ ਭਈ ਆਪਣੀ ਬਹੀ ਲੈ ਕੇ ਅੱਸੀ ਲਿਖ।
8 ਤਾਂ ਮਾਲਕ ਨੇ ਉਸ ਨਿਮਕਹਰਾਮ ਮੁਖ਼ਤਿਆਰ ਦੀ ਵਡਿਆਈ ਕੀਤੀ ਇਸ ਲਈ ਜੋ ਉਹ ਨੇ ਚਤੁਰਾਈ ਕੀਤੀ ਸੀ ਕਿਉਂ ਜੋ ਐਸ ਜੁਗ ਦੇ ਪੁੱਤ੍ਰ ਆਪਣੀ ਪੀਹੜੀ ਵਿੱਚ ਚਾਨਣ ਦੇ ਪੁੱਤ੍ਰਾਂ ਨਾਲੋਂ ਚਾਤਰ ਹਨ।
9 ਮੈਂ ਤੁਹਾਨੂੰ ਆਖਦਾ ਹਾਂ ਭਈ ਕੁਧਰਮ ਦੀ ਮਾਯਾ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਇਹ ਜਾਂਦੀ ਰਹੇ ਓਹ ਤੁਹਾਨੂੰ ਸਦੀਵਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ।
10 ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ।
11 ਸੋ ਜੇ ਤੁਸੀਂ ਕੁਧਰਮ ਦੀ ਮਾਯਾ ਵਿੱਚ ਦਿਆਨਤਦਾਰ ਨਾ ਹੋਏ ਤਾਂ ਸੱਚਾ ਧਨ ਕੌਣ ਤੁਹਾਨੂੰ ਸੌਂਪੇਗਾ ?
12 ਅਰ ਜੇ ਤੁਸੀਂ ਪਰਾਏ ਮਾਲ ਵਿੱਚ ਦਿਆਨਤਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ ?
13 ਕੋਈ ਟਹਿਲੂਆ ਦੋ ਮਾਲਕਾਂ ਦੀ ਟਹਿਲ ਨਹੀਂ ਕਰ ਸੱਕਦਾ ਕਿਉਂ ਜੋ ਉਹ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ, ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।
14 ਫ਼ਰੀਸੀਆਂ ਨੇ ਜਿਹੜੇ ਰੁਪਿਆਂ ਦੇ ਲੋਭੀ ਸਨ ਏਹ ਸਾਰੀਆਂ ਗੱਲਾਂ ਸੁਣੀਆਂ ਅਤੇ ਉਸ ਉੱਤੇ ਮਖੌਲ ਕਰਨ ਲੱਗੇ।
15 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਉਹੋ ਹੋ ਜਿਹੜੇ ਮਨੁੱਖਾਂ ਦੇ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖਾਂ ਦੇ ਲੇਖੇ ਉੱਤਮ ਹੈ ਸੋ ਪਰਮੇਸ਼ੁਰ ਦੀ ਦਰਗਾਹੇ ਘਿਣਾਉਣਾ ਹੈ।
16 ਤੁਰੇਤ ਅਰ ਨਬੀ ਯੂਹੰਨਾ ਤੀਕੁਰ ਸਨ। ਉਸ ਵੇਲੇ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ।
17 ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਤੁਰੇਤ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਸਹਿਜ ਹੈ।
18 ਹਰੇਕ ਜੋ ਆਪਣੀ ਤੀਵੀਂ ਨੂੰ ਤਿਆਗ ਕੇ ਦੂਈ ਨੂੰ ਵਿਆਹੇ ਸੋ ਜ਼ਨਾਹ ਕਰਦਾ ਹੈ ਅਤੇ ਜਿਹੜਾ ਖਸਮ ਦੀ ਤਿਆਗੀ ਹੋਈ ਤੀਵੀਂ ਨੂੰ ਵਿਆਹੇ ਉਹ ਜ਼ਨਾਹ ਕਰਦਾ ਹੈ।
19 ਇੱਕ ਧਨਵਾਨ ਮਨੁੱਖ ਸੀ ਜੋ ਬੈਂਗਣੀ ਅਰ ਬਰੀਕ ਕੱਪੜਾ ਪਹਿਨਦਾ ਅਤੇ ਨਿੱਤ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ।
20 ਅਰ ਲਾਜ਼ਰ ਨਾਉਂ ਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹ ਦੀ ਡਿਉੜ੍ਹੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ।
21 ਅਰ ਜਿਹੜੇ ਚੂਰੇ ਭੂਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਸਗੋਂ ਕੁੱਤੇ ਵੀ ਆਣ ਕੇ ਉਹ ਦੇ ਫੋੜਿਆਂ ਨੂੰ ਚੱਟਦੇ ਸਨ।
22 ਅਤੇ ਇਉਂ ਹੋਇਆ ਜੋ ਉਹ ਕੰਗਾਲ ਮਰ ਗਿਆ ਅਰ ਦੂਤਾਂ ਨੇ ਉਹ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ।
23 ਅਰ ਪਤਾਲ ਵਿੱਚ ਦੁਖੀ ਹੋ ਕੇ ਉਸ ਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਰ ਉਹ ਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ।
24 ਤਾਂ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਘੱਲ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਢੀ ਕਰੇ ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ!
25 ਪਰ ਅਬਰਾਹਾਮ ਬੋਲਿਆ, ਬੱਚਾ ਯਾਦ ਕਰ ਜੋ ਤੂੰ ਆਪਣੇ ਜੀਉਂਦੇ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਰ ਇਸੇ ਤਰਾਂ ਲਾਜ਼ਰ ਮੰਦੀਆਂ ਚੀਜ਼ਾਂ ਪਰ ਹੁਣ ਉਹ ਐੱਥੇ ਸ਼ਾਂਤ ਪਾਉਂਦਾ ਹੈ ਅਤੇ ਤੂੰ ਕਲਪਦਾ ਹੈਂ।
26 ਅਰ ਇਸ ਤੋਂ ਬਾਝ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਓਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਓਹ ਨਾ ਲੰਘ ਸੱਕਣ, ਨਾ ਓਧਰੋਂ ਕੋਈ ਸਾਡੇ ਕੋਲ ਏਸ ਪਾਸੇ ਆਉਣ।
27 ਤਾਂ ਉਸ ਆਖਿਆ, ਹੇ ਪਿਤਾ ਤਦ ਮੈਂ ਤੇਰੀ ਮਿੰਨਤ ਕਰਦਾ ਹਾਂ ਜੋ ਤੂੰ ਉਹ ਨੂੰ ਮੇਰੇ ਪਿਉ ਦੇ ਘਰ ਭੇਜ।
28 ਕਿਉਂਕਿ ਮੇਰੇ ਪੰਜ ਭਰਾ ਹਨ ਜੋ ਉਹ ਉਨ੍ਹਾਂ ਦੇ ਅੱਗੇ ਸਾਖੀ ਦੇਵੇ ਭਈ ਕਿਤੇ ਓਹ ਭੀ ਇਸ ਕਸ਼ਟ ਦੇ ਥਾਂ ਵਿੱਚ ਨਾ ਆਉਣ।
29 ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਓਹ ਉਨ੍ਹਾਂ ਦੀ ਸੁਣਨ।
30 ਪਰ ਓਸ ਆਖਿਆ, ਨਾ ਜੀ ਹੇ ਪਿਤਾ ਅਬਰਾਹਾਮ ਪਰ ਜੇ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਓਹ ਤੋਬਾ ਕਰਨਗੇ।
31 ਪਰ ਉਹ ਨੇ ਉਸ ਨੂੰ ਕਿਹਾ, ਜੇ ਮੂਸਾ ਅਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਮੁਰਦਿਆਂ ਵਿੱਚੋਂ ਭੀ ਕੋਈ ਜੀ ਉੱਠੇ ਪਰ ਓਹ ਨਾ ਮੰਨਣਗੇ।




ਕਾਂਡ 17

1 ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, ਠੋਕਰਾਂ ਦਾ ਨਾ ਲੱਗਣਾ ਅਣਹੋਣਾ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਸ ਕਰਕੇ ਉਹ ਲੱਗਦੀਆਂ ਹਨ!
2 ਜੇ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ਤਾਂ ਉਹ ਦੇ ਲਈ ਇਸ ਨਾਲੋਂ ਚੰਗਾ ਸੀ ਜੋ ਉਹ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖੁਆਵੇ।
3 ਖਬਰਦਾਰ ਰਹੋ ! ਜੇ ਤੇਰਾ ਭਾਈ ਗੁਨਾਹ ਕਰੇ ਤਾਂ ਉਹ ਨੂੰ ਸਮਝਾ ਦਿਹ ਅਰ ਜੇ ਤੋਬਾ ਕਰੇ ਤਾਂ ਉਹ ਨੂੰ ਮਾਫ਼ ਕਰ।
4 ਜੇ ਉਹ ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਗੁਨਾਹ ਕਰੇ ਅਤੇ ਸੱਤ ਵਾਰੀ ਤੇਰੀ ਵੱਲ ਮੁੜ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਹ ਨੂੰ ਮਾਫ਼ ਕਰ।
5 ਤਾਂ ਰਸੂਲਾਂ ਨੇ ਪ੍ਰਭੁ ਨੂੰ ਕਿਹਾ, ਸਾਡੀ ਨਿਹਚਾ ਵਧਾ।
6 ਪਰ ਪ੍ਰਭੁ ਨੇ ਆਖਿਆ, ਜੇ ਤੁਸਾਂ ਵਿੱਚ ਰਾਈ ਦੇ ਦਾਣੇ ਸਮਾਨ ਨਿਹਚਾ ਹੁੰਦੀ ਤਾਂ ਤੁਸੀਂ ਇਸ ਤੂਤ ਨੂੰ ਕਹਿ ਦਿੰਦੇ ਜੋ ਉੱਖੜ ਜਾਹ ਅਤੇ ਸਮੁੰਦਰ ਵਿੱਚ ਲੱਗ ਜਾਹ ਅਤੇ ਉਹ ਤੁਹਾਡੀ ਮੰਨ ਲੈਂਦਾ।
7 ਤੁਹਾਡੇ ਵਿੱਚੋਂ ਕੌਣ ਹੈ ਜੇ ਉਹ ਦਾ ਚਾਕਰ ਹਲ ਵਾਹੁੰਦਾ ਯਾ ਭੇਡਾਂ ਚਾਰਦਾ ਹੋਵੇ ਤਾਂ ਜਿਸ ਵੇਲੇ ਉਹ ਖੇਤੋਂ ਆਵੇ ਉਸ ਨੂੰ ਆਖੇਗਾ, ਛੇਤੀ ਆ ਕੇ ਖਾਣ ਨੂੰ ਬੈਠ ?
8 ਸਗੋਂ ਉਹ ਨੂੰ ਇਹ ਨਾ ਆਖੇਗਾ ਭਈ ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਟਹਿਲ ਕਰ ਜਦ ਤੀਕੁਰ ਮੈਂ ਖਾ ਪੀ ਨਾ ਹਟਾਂ, ਅਤੇ ਇਹ ਦੇ ਪਿੱਛੋਂ ਤੂੰ ਖਾਵੀਂ ਪੀਵੀਂ ?
9 ਭਲਾ, ਉਹ ਉਸ ਚਾਕਰ ਦਾ ਹਸਾਨ ਮੰਨਦਾ ਹੈ ਇਸ ਲਈ ਜੋ ਉਹ ਨੇ ਹੁਕਮ ਮੂਜਬ ਕੰਮ ਕੀਤੇ ?
10 ਇਸ ਤਰਾਂ ਤੁਸੀਂ ਵੀ ਜਾਂ ਓਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ।
11 ਜਾਂ ਉਹ ਯਰੂਸ਼ਲਮ ਨੂੰ ਚੱਲਿਆ ਜਾਂਦਾ ਸੀ ਤਾਂ ਉਹ ਸਾਮਰਿਯਾ ਅਰ ਗਲੀਲ ਦੇ ਵਿੱਚੋਂ ਦੀ ਲੰਘਿਆ।
12 ਅਰ ਉਹ ਦੇ ਕਿਸੇ ਪਿੰਡ ਵਿੱਚ ਵੜਦਿਆਂ ਦੱਸ ਕੋੜ੍ਹੇ ਉਹ ਨੂੰ ਮਿਲੇ ਜਿਹੜੇ ਦੂਰ ਖੜੇ ਰਹੇ।
13 ਅਤੇ ਉਨ੍ਹਾਂ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ !
14 ਉਸ ਨੇ ਵੇਖ ਕੇ ਉਨ੍ਹਾਂ ਨੂੰ ਆਖਿਆ, ਜਾਓ ਆਪਣੇ ਤਾਈਂ ਜਾਜਕਾਂ ਨੂੰ ਵਿਖਾਓ, ਅਤੇ ਐਉਂ ਹੋਇਆ ਕਿ ਓਹ ਜਾਂਦੇ ਜਾਂਦੇ ਸ਼ੁੱਧ ਹੋ ਗਏ।
15 ਤਾਂ ਉਨ੍ਹਾਂ ਵਿੱਚੋਂ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਵੱਡੀ ਅਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ।
16 ਅਤੇ ਮੂੰਹ ਦੇ ਭਾਰ ਉਹ ਦੇ ਪੇਰੀਂ ਪੈ ਕੇ ਉਹ ਦਾ ਸ਼ੁਕਰ ਕੀਤਾ, ਅਤੇ ਉਹ ਸਾਮਰੀ ਸੀ।
17 ਪਰ ਯਿਸੂ ਨੇ ਅੱਗੋਂ ਆਖਿਆ, ਭਲਾ, ਦਸੇ ਸ਼ੁੱਧ ਨਹੀਂ ਹੋਏ ? ਤਾਂ ਓਹ ਨੌ ਕਿੱਥੇ ਹਨ ?
18 ਇਸ ਓਪਰੇ ਤੋਂ ਬਿਨਾ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦੇ ?
19 ਉਸ ਨੂੰ ਕਿਹਾ, ਉੱਠ ਕੇ ਚੱਲਿਆ ਜਾਹ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ।
20 ਜਾਂ ਫ਼ਰੀਸੀਆਂ ਨੇ ਉਹ ਨੂੰ ਪੁੱਛਿਆ ਭਈ ਪਰਮੇਸ਼ੁਰ ਦਾ ਰਾਜ ਕਦਕੁ ਆਊਗਾ ? ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਰਾਜ ਪਰਤੱਖ ਹੋ ਕੇ ਨਹੀਂ ਆਉਂਦਾ।
21 ਅਤੇ ਨਾ ਓਹ ਕਹਿਣਗੇ ਭਈ ਵੇਖੋ ਐੱਥੇ ਯਾ ਉੱਥੇ ਹੈ ਕਿਉਂਕਿ ਵੇਖੋ ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ।
22 ਉਸ ਨੇ ਚੇਲਿਆਂ ਨੂੰ ਆਖਿਆ, ਓਹ ਦਿਨ ਆਉਣਗੇ ਜਾਂ ਤੁਸੀਂ ਮਨੁੱਖ ਦੇ ਪੁੱਤ੍ਰ ਦਿਆਂ ਦਿਨਾਂ ਵਿੱਚੋਂ ਇੱਕ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ।
23 ਓਹ ਤੁਹਾਨੂੰ ਕਹਿਣਗੇ, ਵੇਖੋ ਉੱਥੇ ਹੈ, ਵੇਖੋ ਐੱਥੇ ਹੈ ! ਤੁਸਾਂ ਨਾ ਜਾਣਾ ਅਤੇ ਨਾ ਮਗਰ ਲੱਗਣਾ।
24 ਕਿਉਂਕਿ ਜਿਸ ਤਰਾਂ ਬਿਜਲੀ ਅਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲਿਸ਼ਕਦੀ ਤਾਂ ਅਕਾਸ਼ ਦੇ ਹੇਠ ਦੇ ਦੂਏ ਪਾਸੇ ਤੀਕੁਰ ਚਮਕਦੀ ਹੈ ਓਸੇ ਤਰਾਂ ਮਨੁੱਖ ਦਾ ਪੁੱਤ੍ਰ ਆਪਣੇ ਦਿਨ ਵਿੱਚ ਹੋਵੇਗਾ।
25 ਪਰ ਪਹਿਲੇ ਉਹ ਨੂੰ ਜ਼ਰੂਰ ਹੈ ਜੋ ਬਹੁਤ ਕਸ਼ਟ ਭੋਗੇ ਅਤੇ ਇਸ ਪੀਹੜੀ ਦੇ ਲੋਕਾਂ ਥੀਂ ਰੱਦਿਆ ਜਾਵੇ।
26 ਅਰ ਜਿਸ ਤਰਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਓਸੇ ਤਰਾਂ ਮਨੁੱਖ ਦੇ ਪੁੱਤ੍ਰ ਦੇ ਦਿਨਾਂ ਵਿੱਚ ਵੀ ਹੋਵੇਗਾ।
27 ਓਹ ਖਾਂਦੇ ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਉਸ ਦਿਨ ਤੀਕੁਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਪਰਲੋ ਆਈ ਅਤੇ ਸਭਨਾਂ ਦਾ ਨਾਸ ਕੀਤਾ।
28 ਅਰ ਜਿਸ ਤਰਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਓਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ, ਅਤੇ ਘਰ ਬਣਾਉਂਦੇ ਸਨ।
29 ਪਰ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਅੱਗ ਅਤੇ ਗੰਧਕ ਅਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਕੀਤਾ।
30 ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।
31 ਉਸ ਦਿਨ ਜਿਹੜਾ ਕੋਠੇ ਉੱਤੇ ਹੋਵੇ ਅਤੇ ਉਹ ਦਾ ਅਸਬਾਬ ਘਰ ਵਿੱਚ ਹੋਵੇ ਉਹ ਉਸ ਦੇ ਲੈਣ ਨੂੰ ਹੇਠਾਂ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਇਸੇ ਤਰਾਂ ਪਿਛਾਹਾਂ ਨਾ ਮੁੜੇ।
32 ਲੂਤ ਦੀ ਤੀਵੀਂ ਨੂੰ ਚੇਤੇ ਰੱਖੋ।
33 ਜਿਹੜਾ ਆਪਣੀ ਜਾਨ ਸਮ੍ਹਾਲਨੀ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਹ ਨੂੰ ਜੀਉਂਦਿਆਂ ਰੱਖੇਗਾ।
34 ਮੈਂ ਤੁਹਾਨੂੰ ਆਖਦਾ ਹਾਂ ਭਈ ਉਸ ਰਾਤ ਇੱਕ ਮੰਜੇ ਉੱਤੇ ਦੋ ਜਣੇ ਹੋਣਗੇ, ਇੱਕ ਲੈ ਲੀਤਾ ਜਾਵੇਗਾ ਅਤੇ ਦੂਆ ਛੱਡਿਆ ਜਾਵੇਗਾ।
35 ਦੋ ਤੀਵੀਆਂ ਇਕੱਠੀਆਂ ਪੀਹੰਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਈ ਛੱਡੀ ਜਾਵੇਗੀ।
37 ਤਦ ਉਨ੍ਹਾਂ ਉਸ ਨੂੰ ਅੱਗੋਂ ਆਖਿਆ, ਪ੍ਰਭੁ ਜੀ ਕਿੱਥੇ ? ਉਸ ਨੇ ਉਨ੍ਹਾਂ ਨੂੰ ਕਿਹਾ, ਜਿੱਥੇ ਲੋਥ ਹੈ ਉੱਥੇ ਗਿਰਝਾਂ ਵੀ ਇਕੱਠੀਆਂ ਹੋਣਗੀਆਂ।




ਕਾਂਡ 18

1 ਉਸ ਨੇ ਉਨ੍ਹਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਟਾਂਤ ਦਿੱਤਾ ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ।
2 ਕਿ ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹ ਨੂੰ ਨਾ ਪਰਮੇਸ਼ੁਰ ਦਾ ਭੈ, ਨਾ ਮਨੁੱਖ ਦੀ ਪਰਵਾਹ ਸੀ।
3 ਅਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ।
4 ਕਿੰਨਾਕੁ ਚਿਰ ਤਾਂ ਉਹ ਨੇ ਨਾ ਚਾਹਿਆ ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਂ ਨਾ ਪਰਮੇਸ਼ੁਰ ਦਾ ਭੈ ਕਰਦਾ, ਨਾ ਮਨੁੱਖ ਦੀ ਪਰਵਾਹ ਰੱਖਦਾ ਹਾਂ।
5 ਤਾਂ ਭੀ ਇਸ ਲਈ ਜੋ ਇਹ ਵਿਧਵਾ ਮੈਨੂੰ ਜਿੱਚ ਕਰਦੀ ਹੈ ਮੈਂ ਉਹ ਦਾ ਬਦਲਾ ਲੈ ਦਿਆਂਗਾ ਅਜਿਹਾ ਨਾ ਹੋਵੇ ਜੋ ਉਹ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ।
6 ਪ੍ਰਭੁ ਨੇ ਆਖਿਆ, ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ।
7 ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ ਜਿਹੜੇ ਰਾਤ ਦਿਨ ਉਹ ਦੀ ਦੁਹਾਈ ਦਿੰਦੇ ਹਨ ਭਾਵੇਂ ਉਹ ਚੋਖਾ ਚਿਰ ਉਨ੍ਹਾਂ ਦੀ ਜਰਦਾ ਹੈ ?
8 ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਸ਼ਤਾਬੀ ਉਨ੍ਹਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ ?
9 ਉਸ ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ ਇਹ ਦ੍ਰਿਸ਼ਟਾਂਤ ਵੀ ਦਿੱਤਾ।
10 ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਇੱਕ ਫ਼ਰੀਸੀ ਅਤੇ ਦੂਆ ਮਸੂਲੀਆ।
11 ਫ਼ਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ! ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਙੁ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਜ਼ਨਾਹਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ !
12 ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਧ ਦਿੰਦਾ ਹਾਂ।
13 ਪਰ ਉਸ ਮਸੂਲੀਏ ਨੇ ਕੁਝ ਫ਼ਰਕ ਨਾਲ ਖੜੋ ਕੇ ਐੱਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੀ ਵੱਲ ਚੁੱਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਏਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ !
14 ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।
15 ਲੋਕ ਆਪਣੇ ਇਆਣਿਆਂ ਨੂੰ ਵੀ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਨੂੰ ਛੋਹੇ ਪਰ ਚੇਲਿਆਂ ਨੇ ਵੇਖ ਕੇ ਉਨ੍ਹਾਂ ਨੂੰ ਝਿੜਕਿਆ।
16 ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ, ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਏਹੋ ਜਿਹਿਆਂ ਦਾ ਹੈ।
17 ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।
18 ਇੱਕ ਸਰਦਾਰ ਨੇ ਉਸ ਅੱਗੇ ਅਰਜ਼ ਕਰ ਕੇ ਆਖਿਆ, ਸਤ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ ?
19 ਯਿਸੂ ਨੇ ਉਹ ਨੂੰ ਕਿਹਾ, ਤੂੰ ਮੈਨੂੰ ਸਤ ਕਿਉਂ ਆਖਦਾ ਹੈ ? ਸਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ੁਰ।
20 ਤੂੰ ਹੁਕਮਾਂ ਨੂੰ ਜਾਣਦਾ ਹੈਂ, ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦਿਹ, ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ।
21 ਓਨ ਆਖਿਆ, ਮੈਂ ਆਪਣੇ ਬਾਲਕਪੁਣੇ ਤੋਂ ਇਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ।
22 ਯਿਸੂ ਨੇ ਸੁਣ ਕੇ ਉਹ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਪਿੱਛੇ ਹੋ ਤੁਰ।
23 ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਸੀ।
24 ਯਿਸੂ ਨੇ ਉਹ ਨੂੰ ਵੇਖ ਕੇ ਆਖਿਆ ਕਿ ਜਿਹੜੇ ਦੌਲਤ ਰੱਖਦੇ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕੇਡਾ ਹੀ ਔਖਾ ਹੋਵੇਗਾ !
25 ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ ਏਸ ਨਾਲੋਂ ਸੁਖਾਲਾ ਹੈ ਜੋ ਧਨਵਾਨ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਵੜੇ।
26 ਤਾਂ ਸੁਣਨ ਵਾਲਿਆਂ ਨੇ ਕਿਹਾ, ਤਾਂ ਫੇਰ ਕਿਹ ਦੀ ਮੁਕਤੀ ਹੋ ਸੱਕਦੀ ਹੈ ?
27 ਪਰ ਓਸ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਣਹੋਣੀਆਂ ਹਨ ਓਹ ਪਰਮੇਸ਼ੁਰ ਤੋਂ ਹੋ ਸੱਕਦੀਆਂ ਹਨ।
28 ਤਦ ਪਤਰਸ ਨੇ ਕਿਹਾ, ਵੇਖ ਅਸੀਂ ਆਪਣਾ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।
29 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਅਜਿਹਾ ਕੋਈ ਨਹੀਂ ਕਿ ਜਿਹ ਨੇ ਘਰ ਯਾ ਤੀਵੀਂ ਯਾ ਭਾਈਆਂ ਯਾ ਮਾਪਿਆਂ ਯਾ ਬਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਕਾਰਨ ਛੱਡਿਆ ਹੈ।
30 ਜਿਹੜਾ ਇਸ ਸਮੇ ਵਿੱਚ ਬਹੁਤ ਗੁਣਾ ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ ਨਾ ਪਾਵੇ।
31 ਉਸ ਨੇ ਬਾਰਾਂ ਚੇਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਸਭ ਕੁਝ ਜੋ ਨਬੀਆਂ ਦੇ ਰਾਹੀਂ ਲਿੱਖਿਆ ਹੋਇਆ ਹੈ ਮਨੁੱਖ ਦੇ ਪੁੱਤ੍ਰ ਦੇ ਹੱਕ ਵਿੱਚ ਪੂਰਾ ਕੀਤਾ ਜਾਵੇਗਾ।
32 ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਦੇ ਉੱਤੇ ਠੱਠਾ ਮਾਰਿਆ ਜਾਵੇਗਾ ਅਰ ਉਹ ਦੀ ਪਤ ਲਾਹੀ ਜਾਵੇਗੀ ਅਰ ਉਸ ਪੁਰ ਥੁੱਕਿਆ ਜਾਵੇਗਾ।
33 ਓਹ ਕੋਰੜੇ ਮਾਰਨਗੇ, ਨਾਲੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਏ ਦਿਨ ਫੇਰ ਜੀ ਉੱਠੇਗਾ।
34 ਉਨ੍ਹਾਂ ਨੇ ਇਨ੍ਹਾਂ ਗੱਲਾਂ ਵਿੱਚੋਂ ਕੁਝ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰਹੀ ਅਰ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਸਨ ਉਨ੍ਹਾਂ ਨਾ ਜਾਣੀਆਂ।
35 ਇਉਂ ਹੋਇਆ ਕਿ ਜਾਂ ਉਹ ਯਰੀਹੋ ਦੇ ਨੇੜੇ ਅੱਪੜਿਆ ਤਾਂ ਇੱਕ ਅੰਨ੍ਹਾ ਸੜਕ ਦੇ ਕੰਢੇ ਬੈਠਾ ਭੀਖ ਮੰਗਦਾ ਸੀ।
36 ਅਤੇ ਉਹ ਨੇ ਭੀੜ ਲੰਘਦੀ ਸੁਣ ਕੇ ਪੁੱਛਿਆ ਭਈ ਇਹ ਕੀ ਹੈ ?
37 ਲੋਕਾਂ ਨੇ ਉਹ ਨੂੰ ਖਬਰ ਦਿੱਤੀ ਜੋ ਯਿਸੂ ਨਾਸਰੀ ਲੰਘ ਰਿਹਾ ਹੈ।
38 ਤਦ ਉਹ ਨੇ ਪੁਕਾਰ ਕੇ ਆਖਿਆ, ਹੇ ਯਿਸੂ ਦਾਊਦ ਦੇ ਪੁੱਤ੍ਰ, ਮੇਰੇ ਉੱਤੇ ਦਯਾ ਕਰ !
39 ਜਿਹੜੇ ਅੱਗੇ ਜਾਂਦੇ ਸਨ ਉਨ੍ਹਾਂ ਉਸ ਨੂੰ ਝਿੜਕਿਆ ਭਈ ਚੁੱਪ ਕਰ ਪਰ ਉਹ ਸਗੋਂ ਹੋਰ ਵੀ ਉੱਚੀ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤ੍ਰ, ਮੇਰੇ ਉੱਤੇ ਦਯਾ ਕਰ !
40 ਤਦ ਯਿਸੂ ਨੇ ਖੜੋ ਕੇ ਉਹ ਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਕੀਤਾ ਅਤੇ ਜਾਂ ਉਹ ਨੇੜੇ ਆਇਆ ਤਾਂ ਉਹ ਨੂੰ ਪੁੱਛਿਆ,
41 ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ ? ਉਹ ਨੇ ਕਿਹਾ, ਪ੍ਰਭੁ ਜੀ ਮੈਂ ਸੁਜਾਖਾ ਹੋ ਜਾਵਾਂ !
42 ਤਾਂ ਯਿਸੂ ਨੇ ਉਹ ਨੂੰ ਕਿਹਾ, ਸੁਜਾਖਾ ਹੋ ਜਾਹ, ਤੇਰੀ ਨਿਹਚਾ ਨੇ ਤੈਨੂੰ ਬਚਾਇਆ।
43 ਅਤੇ ਓਵੇਂ ਉਹ ਸੁਜਾਖਾ ਹੋ ਗਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ ਅਰ ਸਭਨਾਂ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ।




ਕਾਂਡ 19

1 1 ਉਹ ਯਰੀਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ।
2 ਅਰ ਵੇਖੋ ਜ਼ੱਕੀ ਨਾਉਂ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ ਅਤੇ ਧਨਵਾਨ ਸੀ।
3 ਅਤੇ ਉਸ ਨੇ ਯਿਸੂ ਨੂੰ ਵੇਖਣ ਦਾ ਜਤਨ ਕੀਤਾ ਭਈ ਉਹ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਾ ਸੱਕਿਆ ਕਿਉਂ ਜੋ ਉਹ ਕੱਦ ਦਾ ਮੱਧਰਾ ਹੈਸੀ।
4 ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਬਿਰਛ ਉੱਤੇ ਚੜ੍ਹ ਗਿਆ ਭਈ ਉਸ ਨੂੰ ਦੇਖੇ ਕਿਉਂ ਜੋ ਉਸ ਨੇ ਉਸੇ ਰਸਤਿਓਂ ਲੰਘਣਾ ਸੀ।
5 ਪਰ ਯਿਸੂ ਜਾਂ ਉਸ ਥਾਂ ਆਇਆ ਤਾਂ ਉਤਾਹਾਂ ਨਜ਼ਰ ਮਾਰ ਕੇ ਉਹ ਨੂੰ ਆਖਿਆ, ਹੇ ਜ਼ੱਕੀ ਛੇਤੀ ਨਾਲ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ।
6 ਤਾਂ ਉਹ ਛੇਤੀ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਦਾ ਆਦਰ ਭਾਉ ਕੀਤਾ।
7 ਤਾਂ ਸਭ ਵੇਖ ਕੇ ਕੁੜ੍ਹਨ ਲੱਗੇ ਅਤੇ ਬੋਲੇ ਜੋ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉੱਤਰਿਆ ਹੈ।
8 ਪਰ ਜ਼ੱਕੀ ਨੇ ਖੜੋ ਕੇ ਪ੍ਰਭੁ ਨੂੰ ਕਿਹਾ, ਪ੍ਰਭੁ ਜੀ, ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਅਰ ਜੇ ਮੈਂ ਕਿਸੇ ਉੱਤੇ ਊਜ ਲਾਕੇ ਕੁਝ ਲੈ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ।
9 ਯਿਸੂ ਨੇ ਉਹ ਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਇਸ ਲਈ ਜੋ ਇਹ ਵੀ ਅਬਰਾਹਾਮ ਦਾ ਪੁੱਤ੍ਰ ਹੈ।
10 ਕਿਉਂ ਜੋ ਮਨੁੱਖ ਦਾ ਪੁੱਤ੍ਰ ਗੁਆਚੇ ਹੋਏ ਨੁੰ ਭਾਲਣ ਅਤੇ ਬਚਾਉਣ ਲਈ ਆਇਆ ਹੈ।
11 ਜਦ ਓਹ ਇਹ ਗੱਲਾਂ ਸੁਣਦੇ ਸਨ ਉਸ ਨੇ ਹੋਰ ਇੱਕ ਦ੍ਰਿਸ਼ਟਾਂਤ ਦਿੱਤਾ ਇਸ ਲਈ ਜੋ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਓਹ ਸਮਝੇ ਭਈ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ।
12 ਸੋ ਉਸ ਨੇ ਆਖਿਆ ਕਿ ਇੱਕ ਅਮੀਰ ਦੂਰ ਦੇਸ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ।
13 ਅਤੇ ਉਸ ਨੇ ਆਪਣੇ ਦਸਾਂ ਨੌਕਰਾਂ ਨੂੰ ਸੱਦ ਕੇ ਉਨ੍ਹਾਂ ਨੂੰ ਦਸ ਅਸ਼ਰਫ਼ੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ, ਜਦ ਤੀਕੁਰ ਮੈਂ ਨਾ ਆਵਾਂ ਤੁਸੀਂ ਬਣਜ ਬੁਪਾਰ ਕਰੋ।
14 ਪਰ ਉਹ ਦੇ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਹ ਦੇ ਪਿੱਛੇ ਕਾਸਦਾਂ ਦੀ ਜਬਾਨੀ ਕਹਾ ਭੇਜਿਆ ਭਈ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ।
15 ਐਉਂ ਹੋਇਆ ਕਿ ਜਾਂ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਓਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਸੱਦਣ ਦਾ ਹੁਕਮ ਕੀਤਾ ਤਾਂ ਜੋ ਮਲੂਮ ਕਰੇ ਭਈ ਉਨ੍ਹਾਂ ਬੁਪਾਰ ਕਰ ਕੇ ਕੀ ਖੱਟਿਆ।
16 ਤਦ ਪਹਿਲੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨੇ ਦਸ ਅਸ਼ਰਫ਼ੀਆਂ ਹੋਰ ਕਮਾਈਆਂ।
17 ਤਾਂ ਓਨ ਉਸ ਨੂੰ ਆਖਿਆ, ਹੇ ਅੱਛੇ ਨੌਕਰ ਸ਼ਾਬਾਸ਼ੇ ! ਇਸ ਲਈ ਜੋ ਤੂੰ ਬਹੁਤ ਥੋੜੇ ਵਿੱਚ ਮਾਤਬਰ ਨਿੱਕਲਿਆ ਤੂੰ ਦਸਾਂ ਨਗਰਾਂ ਉੱਤੇ ਇਖ਼ਤਿਆਰ ਰੱਖ।
18 ਅਤੇ ਦੂਏ ਨੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨੇ ਪੰਜ ਅਸ਼ਰਫ਼ੀਆ ਹੋਰ ਕਮਾਈਆਂ।
19 ਤਾਂ ਉਸ ਨੇ ਉਹ ਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਹੋ।
20 ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਏਹ ਤੁਹਾਡੀ ਅਸ਼ਰਫ਼ੀ ਹੈ ਜਿਹ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ।
21 ਇਸ ਲਈ ਜੋ ਮੈਂ ਤੁਹਾਥੋਂ ਡਰਿਆ ਕਿਉਂ ਜੋ ਤੁਸੀਂ ਕਰੜੇ ਆਦਮੀ ਹੋ। ਜੋ ਤੁਸਾਂ ਨਹੀਂ ਧਰਿਆ ਸੋ ਚੁੱਕਦੇ ਅਤੇ ਜੋ ਨਹੀਂ ਬੀਜੀਆ ਸੋ ਵੱਢਦੇ ਹੋ।
22 ਓਨ ਉਸ ਨੂੰ ਆਖਿਆ, ਓਇ ਦੁਸ਼ਟ ਨੌਕਰ ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਤੈਂ ਮੈਨੂੰ ਜਾਣਿਆ ਜੋ ਮੈਂ ਕਰੜਾ ਆਦਮੀ ਹਾਂ ਅਤੇ ਜੋ ਮੈਂ ਨਹੀਂ ਧਰਿਆ ਸੋ ਚੁੱਕਦਾ ਹਾਂ ਅਰ ਜੋ ਨਹੀਂ ਬੀਜੀਆ ਸੋ ਵੱਢਦਾ ਹਾਂ।
23 ਫੇਰ ਤੈਂ ਮੇਰੇ ਰੁਪਏ ਸਰਾਫ਼ ਦੀ ਹੱਟੀ ਕਿਉਂ ਨਾ ਰੱਖੇ ਜੋ ਮੈਂ ਆਣ ਕੇ ਉਨ੍ਹਾਂ ਨੂੰ ਬਿਆਜ ਸੁੱਧਾ ਲੈਂਦਾ ?
24 ਅਤੇ ਉਸ ਨੇ ਉਨ੍ਹਾਂ ਨੂੰ ਜਿਹੜੇ ਕੋਲ ਖੜੇ ਸਨ ਆਖਿਆ, ਅਸ਼ਰਫ਼ੀ ਉਸ ਕੋਲੋਂ ਲੈ ਲਉ ਅਤੇ ਜਿਸ ਕੋਲ ਦਸ ਅਸ਼ਰਫ਼ੀਆਂ ਹਨ ਉਹ ਨੂੰ ਦਿਓ।
25 ਤਾਂ ਉਨ੍ਹਾਂ ਉਸ ਨੂੰ ਕਿਹਾ, ਸੁਆਮੀ ਜੀ ਉਹ ਦੇ ਕੋਲ ਦਸ ਅਸ਼ਰਫ਼ੀਆਂ ਹਨ।
26 ਮੈਂ ਤੁਹਾਨੂੰ ਆਖਦਾ ਹਾਂ ਭਈ ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਪਰ ਉਸ ਤੋਂ ਜਿਹ ਦੇ ਕੋਲ ਨਹੀਂ ਉਸ ਕੋਲੋਂ ਜੋ ਉਸ ਦਾ ਹੈ ਸੋ ਵੀ ਲੈ ਲਿਆ ਜਾਵੇਗਾ।
27 ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਸੀ ਚਾਹੁੰਦੇ ਭਈ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਐੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ !
28 ਏਹ ਗੱਲਾਂ ਕਰ ਕੇ ਉਹ ਯਰੂਸ਼ਲਮ ਨੂੰ ਜਾਂਦਿਆਂ ਹੋਇਆਂ ਅੱਗੇ ਅੱਗੇ ਤੁਰਿਆ ਜਾਂਦਾ ਸੀ।
29 ਅਤੇ ਐਉਂ ਹੋਇਆ ਕਿ ਜਾਂ ਉਹ ਉਸ ਪਹਾੜ ਕੋਲ ਜਿਹੜਾ ਜ਼ੈਤੂਨ ਦਾ ਕਹਾਉਂਦਾ ਹੈ ਬੈਤਫ਼ਗਾ ਅਤੇ ਬੈਤਅਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਚੇਲਿਆਂ ਵਿੱਚੋਂ ਦੋਹਾਂ ਨੂੰ ਇਹ ਕਹਿ ਕੇ ਘੱਲਿਆ।
30 ਭਈ ਸਾਹਮਣੇ ਪਿੰਡ ਨੂੰ ਜਾਓ ਅਤੇ ਉਸ ਵਿੱਚ ਵੜ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਹ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਹ ਨੂੰ ਖੋਲ੍ਹ ਲਿਆਓ।
31 ਅਰ ਜੇ ਕੋਈ ਤੁਹਾਨੂੰ ਪੁੱਛੇ ਭਈ ਤੁਸੀਂ ਕਾਹ ਨੂੰ ਖੋਲ੍ਹਦੇ ਹੋ ? ਤਾਂ ਇਉਂ ਕਹਿਣਾ ਜੋ ਪ੍ਰਭੁ ਨੂੰ ਇਹ ਦੀ ਲੋੜ ਹੈ।
32 ਸੋ ਜਿਹੜੇ ਭੇਜੇ ਗਏ ਉਨ੍ਹਾਂ ਜਾ ਕੇ ਜਿਸ ਤਰਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਓਸੇ ਤਰਾਂ ਵੇਖਿਆ।
33 ਅਤੇ ਜਾਂ ਬੱਚੇ ਨੂੰ ਖੋਲ੍ਹਦੇ ਸਨ ਤਾਂ ਉਹ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲ੍ਹਦੇ ਹੋ ?
34 ਫੇਰ ਉਨ੍ਹਾਂ ਆਖਿਆ ਜੋ ਪ੍ਰਭੁ ਨੂੰ ਇਹ ਦੀ ਲੋੜ ਹੈ।
35 ਤਾਂ ਓਹ ਉਸ ਨੂੰ ਯਿਸੂ ਦੇ ਕੋਲ ਲਿਆਏ ਅਤੇ ਆਪਣੇ ਲੀੜੇ ਬੱਚੇ ਤੇ ਪਾ ਕੇ ਯਿਸੂ ਨੂੰ ਚੜ੍ਹਾ ਦਿੱਤਾ।
36 ਜਿਉਂ ਉਹ ਅੱਗੇ ਵਧਿਆ ਜਾਂਦਾ ਸੀ ਤਿਉਂ ਲੋਕ ਆਪਣੇ ਲੀੜੇ ਰਾਹ ਵਿੱਚ ਵਿਛਾਉਂਦੇ ਸਨ।
37 ਅਤੇ ਜਾਂ ਉਹ ਨੇੜੇ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਹੋ ਕੇ ਉਨ੍ਹਾਂ ਸਭਨਾਂ ਕਰਾਮਾਤਾਂ ਦੇ ਲਈ ਜੋ ਉਨ੍ਹਾਂ ਨੇ ਵੇਖੀਆਂ ਸਨ ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ।
38 ਭਈ ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ! ਸੁਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਵਡਿਆਈ !
39 ਤਦ ਭੀੜ ਵਿੱਚੋਂ ਕਿੰਨਿਆਂ ਫ਼ਰੀਸੀਆਂ ਨੇ ਉਹ ਨੂੰ ਕਿਹਾ, ਗੁਰੂ ਜੀ ਆਪਣਿਆਂ ਚੇਲਿਆਂ ਨੂੰ ਵਰਜ !
40 ਓਸ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਏਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ !
41 ਜਾਂ ਨੇੜੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ,
42 ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਜਾਣਦਾ ਪਰ ਹੁਣ ਓਹ ਤੇਰੀਆਂ ਅੱਖੀਆਂ ਤੋਂ ਲੁਕੀਆਂ ਹੋਈਆਂ ਹਨ।
43 ਕਿਉਂਕਿ ਓਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ।
44 ਅਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ ਇਸ ਲਈ ਜੋ ਤੈਂ ਆਪਣੀ ਭਲਿਆਈ ਦੇ ਮੌਕੇ ਨੂੰ ਨਾ ਜਾਣਿਆ।
45 ਉਹ ਹੈਕਲ ਵਿੱਚ ਵੜ ਕੇ ਉਨ੍ਹਾਂ ਨੂੰ ਜਿਹੜੇ ਵੇਚਦੇ ਸਨ ਕੱਢਣ ਲੱਗਾ।
46 ਅਰ ਉਨ੍ਹਾਂ ਨੂੰ ਆਖਿਆ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ।
47 ਉਹ ਹੈਕਲ ਵਿੱਚ ਰੋਜ਼ ਦਿਹਾੜੇ ਉਪਦੇਸ਼ ਕਰਦਾ ਸੀ ਪਰ ਪਰਧਾਨ ਜਾਜਕ ਅਤੇ ਗ੍ਰੰਥੀ ਅਤੇ ਲੋਕਾਂ ਦੇ ਸਰਦਾਰ ਉਹ ਦਾ ਨਾਸ ਕਰਨ ਦੇ ਖੋਜ ਵਿੱਚ ਸਨ। 48 ਪਰ ਇਹ ਕਰਨ ਦੀ ਕੋਈ ਬਿਧ ਨਾ ਪਾਈ ਕਿਉਂ ਜੋ ਸਭ ਲੋਕ ਉਹ ਦੀ ਸੁਣਨ ਵਿੱਚ ਲੀਨ ਸਨ।




ਕਾਂਡ 20

1 ਉਨ੍ਹਾਂ ਦਿਨਾਂ ਵਿੱਚੋਂ ਇੱਕ ਦਿਨ ਇਉਂ ਹੋਇਆ ਕਿ ਜਾਂ ਉਹ ਹੈਕਲ ਵਿੱਚ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ ਖਬਰੀ ਸੁਣਾਉਂਦਾ ਸੀ ਪਰਧਾਨ ਜਾਜਕ ਅਤੇ ਗ੍ਰੰਥੀ ਬਜ਼ੁਰਗਾਂ ਦੇ ਨਾਲ ਚੜ੍ਹ ਆਏ।
2 ਅਰ ਉਹ ਨੂੰ ਕਹਿਣ ਲੱਗੇ ਭਈ ਸਾਨੂੰ ਦੱਸ, ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਯਾ ਉਹ ਕੌਣ ਹੈ ਜਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ ਹੈ ?
3 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਹਾਂ ਸੋ ਮੈਨੂੰ ਦੱਸੋ।
4 ਯੂਹੰਨਾ ਦਾ ਬਪਤਿਸਮਾ ਸੁਰਗ ਵੱਲੋਂ ਸੀ ਯਾ ਮਨੁੱਖਾਂ ਵੱਲੋਂ ?
5 ਉਨ੍ਹਾਂ ਨੇ ਆਪੋ ਵਿੱਚ ਵਿਚਾਰ ਕਰ ਕੇ ਕਿਹਾ, ਜੇ ਕਹੀਏ ਸੁਰਗ ਵੱਲੋਂ ਤਾਂ ਉਹ ਆਖੂ, ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ ?
6 ਪਰ ਜੇ ਕਹੀਏ ਮਨੁੱਖਾਂ ਵੱਲੋਂ ਤਾਂ ਸਭ ਲੋਕ ਸਾਨੂੰ ਪਥਰਾਉ ਕਰਨਗੇ ਕਿਉਂਕਿ ਓਹ ਯਕੀਨ ਨਾਲ ਜਾਣਦੇ ਹਨ ਜੋ ਯੂਹੰਨਾ ਨਬੀ ਸੀ।
7 ਤਾਂ ਉਨ੍ਹਾਂ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ ਭਈ ਕਿੱਥੋਂ ਸੀ।
8 ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹਾਂ।
9 ਉਹ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਉਣ ਲੱਗਾ ਭਈ ਇੱਕ ਮਨੁੱਖ ਨੇ ਅੰਗੂਰੀ ਬਾਗ ਲਾਇਆ ਅਤੇ ਉਸ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਬਹੁਤ ਦਿਨਾਂ ਲਈ ਪਰਦੇਸ ਚੱਲਿਆ ਗਿਆ।
10 ਅਰ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਘੱਲਿਆ ਜੋ ਓਹ ਬਾਗ ਦੇ ਫਲ ਵਿੱਚੋਂ ਉਹ ਨੂੰ ਕੁਝ ਦੇਣ, ਪਰ ਮਾਲੀਆਂ ਨੇ ਉਹ ਨੂੰ ਮਾਰ ਕੁੱਟ ਕੇ ਸੱਖਣੇ ਹੱਥ ਤਾਹ ਦਿੱਤਾ।
11 ਉਸ ਨੇ ਇੱਕ ਹੋਰ ਨੌਕਰ ਘੱਲਿਆ ਅਤੇ ਉਨ੍ਹਾਂ ਉਹ ਨੂੰ ਵੀ ਮਾਰਿਆ ਕੁੱਟਿਆ ਅਤੇ ਉਹ ਦੀ ਪੱਤ ਲਾਹ ਕੇ ਸੱਖਣੇ ਹੱਥ ਤਾਹ ਦਿੱਤਾ।
12 ਉਸ ਨੇ ਤੀਏ ਨੂੰ ਘੱਲਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਘਾਇਲ ਕਰ ਕੇ ਬਾਹਰ ਕੱਢ ਦਿੱਤਾ।
13 ਤਦ ਬਾਗ ਦੇ ਮਾਲਕ ਨੇ ਕਿਹਾ, ਮੈਂ ਕੀ ਕਰਾਂ ? ਮੈਂ ਆਪਣੇ ਪਿਆਰੇ ਪੁੱਤ੍ਰ ਨੂੰ ਘੱਲਾਂਗਾ, ਕੀ ਜਾਣੀਏ ਭਈ ਓਹ ਉਸ ਦਾ ਲਿਹਾਜ਼ ਕਰਨ।
14 ਪਰ ਜਾਂ ਮਾਲੀਆਂ ਨੇ ਉਹ ਨੂੰ ਡਿੱਠਾ ਤਾਂ ਆਪੋ ਵਿੱਚ ਸਲਾਹ ਕਰ ਕੇ ਬੋਲੇ, ਵਾਰਸ ਇਹੋ ਹੈ। ਇਹ ਨੂੰ ਮਾਰ ਸੁੱਟੀਏ ਤਾਂ ਜੋ ਵਿਰਸਾ ਸਾਡਾ ਹੋ ਜਾਵੇ।
15 ਤਾਂ ਉਨ੍ਹਾਂ ਨੇ ਉਸ ਨੂੰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ। ਸੋ ਬਾਗ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ?
16 ਉਹ ਆਵੇਗਾ ਅਤੇ ਉਨ੍ਹਾਂ ਮਾਲੀਆਂ ਦਾ ਨਾਸ ਕਰੇਗਾ ਅਤੇ ਬਾਗ ਹੋਰਨਾਂ ਨੂੰ ਸੌਂਪੇਗਾ। ਪਰ ਉਨ੍ਹਾਂ ਇਹ ਸੁਣ ਕੇ ਕਿਹਾ, ਰੱਬ ਨਾ ਕਰੇ !
17 ਤਾਂ ਉਸ ਨੇ ਉਨ੍ਹਾਂ ਵੱਲ ਧਿਆਨ ਕਰ ਕੇ ਆਖਿਆ, ਫੇਰ ਉਹ ਜੋ ਲਿਖਿਆ ਹੋਇਆ ਹੈ ਸੋ ਕੀ ਹੈ ਕਿ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।
18 ਹਰੇਕ ਜੋ ਉਸ ਪੱਥਰ ਉੱਤੇ ਡਿੱਗੇਗਾ ਸੋ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇਗਾ ਉਹ ਉਸ ਨੂੰ ਪੀਹ ਸੁੱਟੇਗਾ।
19 ਗ੍ਰੰਥੀ ਅਤੇ ਪਰਧਾਨ ਜਾਜਕ ਉਹ ਦੀ ਟੋਹ ਵਿੱਚ ਸਨ ਜੋ ਉਸੇ ਘੜੀ ਉਸ ਉੱਤੇ ਹੱਥ ਪਾਉਣ ਪਰ ਓਹ ਲੋਕਾਂ ਤੋਂ ਡਰਦੇ ਸਨ ਕਿਉਂ ਜੋ ਉਨ੍ਹਾਂ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਕਿਹਾ ਹੈ।
20 ਅਤੇ ਓਹ ਉਸ ਦੀ ਤੱਕ ਵਿੱਚ ਲੱਗੇ ਰਹੇ ਅਤੇ ਭੇਤੀਆਂ ਨੂੰ ਘੱਲਿਆ ਜਿਹੜੇ ਕਪਟ ਨਾਲ ਆਪਣੇ ਆਪ ਨੂੰ ਧਰਮੀ ਵਿਖਾਉਂਦੇ ਸਨ ਭਈ ਉਹ ਦੀ ਕੋਈ ਗੱਲ ਫੜਨ ਇਸ ਲਈ ਜੋ ਉਹ ਨੂੰ ਹਾਕਮ ਦੇ ਵੱਸ ਅਤੇ ਇਖ਼ਤਿਆਰ ਵਿੱਚ ਕਰਨ।
21 ਤਾਂ ਉਨ੍ਹਾਂ ਉਸ ਤੋਂ ਪੁੱਛਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਠੀਕ ਬੋਲਦੇ ਅਤੇ ਸਿਖਾਉਂਦੇ ਹੋ ਅਰ ਕਿਸੇ ਦੀ ਰਈ ਨਹੀਂ ਕਰਦੇ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦੇ ਹੋ।
22 ਕੈਸਰ ਨੂੰ ਜਜ਼ੀਯਾ ਦੇਣਾ ਸਾਨੂੰ ਜੋਗ ਹੈ ਕਿ ਨਹੀਂ ?
23 ਪਰ ਉਸ ਨੇ ਉਨ੍ਹਾਂ ਦੀ ਖਚਰ ਵਿੱਦਿਆ ਜਾਣ ਕੇ ਉਨ੍ਹਾਂ ਨੂੰ ਆਖਿਆ,
24 ਮੈਨੂੰ ਇੱਕ ਅਠੰਨੀ ਵਿਖਾਓ। ਏਸ ਉੱਤੇ ਕਿਹ ਦੀ ਮੂਰਤ ਅਤੇ ਲਿਖਤ ਹੈ ? ਉਨ੍ਹਾਂ ਆਖਿਆ, ਕੈਸਰ ਦੀ।
25 ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।
26 ਉਹ ਲੋਕਾਂ ਦੇ ਸਾਹਮਣੇ ਉਸ ਗੱਲ ਨੂੰ ਫੜ ਨਾ ਸੱਕੇ ਅਰ ਉਹ ਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੀ ਰਹਿ ਗਏ।
27 ਤਾਂ ਸਦੂਕੀਆਂ ਵਿੱਚੋਂ ਜਿਹੜੇ ਆਖਦੇ ਹਨ ਭਈ ਕਿਆਮਤ ਨਹੀਂ ਹੋਣੀ ਕਿੰਨੇਕੁ ਉਹ ਦੇ ਕੋਲ ਆਏ ਅਤੇ ਉਨ੍ਹਾਂ ਉਸ ਨੂੰ ਪੁੱਛਿਆ।
28 ਗੁਰੂ ਜੀ ਮੂਸਾ ਨੇ ਸਾਡੇ ਲਈ ਲਿਖਿਆ ਹੈ ਭਈ ਜੇ ਕਿਸੇ ਦਾ ਭਰਾ ਤੀਵੀਂ ਕਰ ਕੇ ਔਂਤ ਮਰ ਜਾਵੇ ਤਾਂ ਉਹ ਦਾ ਭਰਾ ਉਸ ਤੀਵੀਂ ਨੂੰ ਕਰ ਲਵੇ ਅਤੇ ਆਪਣੇ ਭਰਾ ਲਈ ਵੰਸ ਉਤਪੰਨ ਕਰੇ।
29 ਸੋ ਸੱਤ ਭਰਾ ਸਨ ਅਤੇ ਪਹਿਲਾ ਤੀਵੀਂ ਕਰ ਕੇ ਔਂਤ ਮਰ ਗਿਆ।
30 ਅਰ ਦੂਏ ਅਤੇ ਤੀਏ ਨੇ ਉਹ ਨੂੰ ਕਰ ਲਿਆ।
31 ਅਤੇ ਇਸੇ ਤਰਾਂ ਸੱਤਾਂ ਦੇ ਸੱਤ ਔਂਤ ਮਰ ਗਏ।
32 ਪਿੱਛੋਂ ਉਹ ਤੀਵੀਂ ਭੀ ਮਰ ਗਈ।
33 ਸੋ ਕਿਆਮਤ ਨੂੰ ਉਹ ਉਨ੍ਹਾਂ ਵਿੱਚੋਂ ਕਿਹ ਦੀ ਤੀਵੀਂ ਹੋਊਗੀ ਕਿਉਂ ਜੋ ਸੱਤਾਂ ਨੇ ਉਹ ਨੂੰ ਤੀਵੀਂ ਕਰ ਕੇ ਵਸਾਇਆ ਸੀ ?
34 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਇਸ ਜੁਗ ਦੇ ਪੁੱਤ੍ਰ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ।
35 ਪਰ ਓਹ ਜਿਹੜੇ ਉਸ ਜੁਗ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਵਿਖੇ ਸਾਂਝੀ ਹੋਣ ਦੇ ਲਾਇਕ ਗਿਣੇ ਜਾਂਦੇ ਓਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ।
36 ਕਿਉਂ ਜੋ ਓਹ ਫੇਰ ਮਰ ਵੀ ਨਹੀਂ ਸੱਕਦੇ ਇਸ ਲਈ ਜੋ ਦੂਤਾਂ ਦੇ ਤੁੱਲ ਹਨ ਅਤੇ ਕਿਆਮਤ ਦੇ ਪੁੱਤ੍ਰ ਹੋ ਕੇ ਪਰਮੇਸ਼ੁਰ ਦੇ ਪੁੱਤ੍ਰ ਹਨ।
37 ਪਰ ਇਹ ਗੱਲ ਕਿ ਮੁਰਦੇ ਜਿਵਾਲੇ ਜਾਂਦੇ ਹਨ ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤੀ ਹੈ ਜਦੋਂ ਉਹ ਪ੍ਰਭੁ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ।
38 ਪਰ ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।
39 ਤਦ ਗ੍ਰੰਥੀਆਂ ਵਿੱਚੋਂ ਕਿੰਨਿਆਂ ਨੇ ਅੱਗੋਂ ਆਖਿਆ, ਗੁਰੂ ਜੀ ਤੈਂ ਭਲਾ ਕਿਹਾ।
40 ਤਾਂ ਉਨ੍ਹਾਂ ਨੂੰ ਫੇਰ ਕੁਝ ਪ੍ਰਸ਼ਨ ਕਰਨ ਦਾ ਹਿਆਉ ਨਾ ਪਿਆ।
41 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਸੀਹ ਨੂੰ ਦਾਊਦ ਦਾ ਪੁੱਤ੍ਰ ਕਿੱਕੁਰ ਆਖਦੇ ਹਨ ?
42 ਕਿਉਂ ਜੋ ਦਾਊਦ ਜ਼ਬੂਰ ਦੇ ਪੁਸਤਕ ਵਿੱਚ ਆਪੇ ਕਹਿੰਦਾ ਹੈ ਭਈ ਪ੍ਰਭੁ ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ,
43 ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰਾਂ।
44 ਸੋ ਦਾਊਦ ਉਹ ਨੂੰ ਪ੍ਰਭੁ ਕਹਿੰਦਾ ਹੈ, ਫੇਰ ਉਹ ਉਸ ਦਾ ਪੁੱਤ੍ਰ ਕਿੱਕੁਰ ਹੋਇਆ ?
45 ਜਾਂ ਸਭ ਲੋਕ ਸੁਣ ਰਹੇ ਸਨ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਕਿਹਾ,
46 ਕਿ ਗ੍ਰੰਥੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਲੰਮੇ ਬਸਤ੍ਰ ਪਹਿਨੇ ਫਿਰਨਾ ਪਸਿੰਦ ਕਰਦੇ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਅਰ ਜ਼ਿਆਫ਼ਤਾਂ ਵਿੱਚ ਉੱਚੀਆਂ ਥਾਵਾਂ ਨੂੰ ਲੋਚਦੇ ਹਨ।
47 ਓਹ ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਖਾਲਣ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ। ਉਨ੍ਹਾਂ ਨੂੰ ਵਧੀਕ ਸਜ਼ਾ ਮਿਲੇਗੀ।




ਕਾਂਡ 21

1 ਉਸ ਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਖ਼ਜ਼ਾਨੇ ਵਿੱਚ ਪਾਉਂਦਿਆਂ ਡਿੱਠਾ।
2 ਅਰ ਉਸ ਨੇ ਇੱਕ ਕੰਗਾਲ ਵਿਧਵਾ ਨੂੰ ਦੋ ਦਮੜੀਆਂ ਉੱਥੇ ਪਾਉਂਦਿਆਂ ਵੇਖਿਆ।
3 ਤਾਂ ਓਸ ਆਖਿਆ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭਨਾਂ ਨਾਲੋਂ ਬਹੁਤਾ ਪਾ ਦਿੱਤਾ ਹੈ।
4 ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਦਾਨ ਪਾਇਆ ਪਰ ਇਹ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਜੋ ਇਹ ਦੀ ਸੀ ਪਾ ਦਿੱਤੀ।
5 ਜਾਂ ਬਾਜ਼ੇ ਲੋਕ ਹੈਕਲ ਦੇ ਵਿਖੇ ਗੱਲਾਂ ਕਰਦੇ ਸਨ ਜੋ ਉਹ ਸੋਹਣੇ ਪੱਥਰਾਂ ਅਤੇ ਝੜਾਵਿਆਂ ਨਾਲ ਕਿਹੋ ਜਿਹੀ ਸੁਆਰੀ ਹੋਈ ਹੈ ਤਾਂ ਓਸ ਆਖਿਆ।
6 ਭਈ ਏਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਓਹ ਦਿਨ ਆਉਣਗੇ ਜਿਨ੍ਹਾਂ ਵਿੱਚ ਐੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇਗਾ।
7 ਅੱਗੋਂ ਉਨ੍ਹਾਂ ਉਸ ਤੋਂ ਪੁੱਛਿਆ, ਫੇਰ ਗੁਰੂ ਜੀ, ਏਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਲੱਛਣ ਹੈ ਜਾਂ ਏਹ ਗੱਲਾਂ ਹੋਣ ਲੱਗਣਗੀਆਂ ?
8 ਤਾਂ ਉਹ ਨੇ ਆਖਿਆ, ਚੌਕਸ ਰਹੋ ਭਈ ਤੁਸੀਂ ਕਿਤੇ ਭੁਲਾਵੇ ਵਿੱਚ ਨਾ ਪਓ ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਉਹੋ ਹਾਂ ਅਤੇ ਉਹ ਵੇਲਾ ਨੇੜੇ ਹੈ। ਉਨ੍ਹਾਂ ਦੇ ਮਗਰ ਨਾ ਲੱਗਣਾ।
9 ਪਰ ਜਾਂ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂ ਜੋ ਏਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਓਵੇਂ ਨਹੀਂ।
10 ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।
11 ਅਤੇ ਵੱਡੇ ਭੁਚਾਲ ਅਰ ਥਾਂ ਥਾਂ ਕਾਲ ਅਤੇ ਮਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਰ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ।
12 ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਰ ਸਮਾਜਾਂ ਅਤੇ ਕੈਦਖ਼ਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਅਰ ਹਾਕਮਾਂ ਦੇ ਸਾਹਮਣੇ ਲੈ ਜਾਣਗੇ।
13 ਇਹ ਤੁਹਾਡੇ ਉੱਤੇ ਗਵਾਹੀ ਦੇ ਲਈ ਬੀਤੇਗਾ।
14 ਇਸ ਲਈ ਆਪਣੇ ਮਨ ਵਿੱਚ ਪੱਕ ਠਹਿਰਾ ਛੱਡੋ ਭਈ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ।
15 ਕਿਉਂ ਜੋ ਮੈ ਤੁਹਾਨੂੰ ਇਹੋ ਜਿਹਾ ਮੂੰਹ ਅਤੇ ਬੁੱਧ ਦਿਆਂਗਾ ਜਿਹ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਯਾ ਖੰਡਣ ਨਾ ਕਰ ਸੱਕਣਗੇ।
16 ਅਤੇ ਮਾਂ ਪਿਉ ਅਰ ਭਾਈ ਅਰ ਸਾਕ ਅਰ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ।
17 ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ।
18 ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ।
19 ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।
20 ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ।
21 ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ।
22 ਕਿਉਂ ਜੋ ਇਹ ਵੱਟਾ ਲੈਣ ਦੇ ਦਿਨ ਹਨ ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ।
23 ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵੰਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡੀ ਤੰਗੀ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ।
24 ਓਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਧੂਏ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਰ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੀਕੁਰ ਪਰਾਈਆਂ ਕੌਮਾਂ ਦੇ ਸਮੇ ਪੂਰੇ ਨਾ ਹੋਣ।
25 ਸੂਰਜ ਅਰ ਚੰਦ ਅਰ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਅਰ ਉਹ ਦੀਆਂ ਲਹਿਰਾਂ ਦੇ ਗਰਜਨੇ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ।
26 ਅਰ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ ਕਿਉਂ ਜੋ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
27 ਤਦ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਤੇ ਵੱਡੇ ਤੇਜ ਨਾਲ ਬੱਦਲ ਉੱਤੇ ਆਉਂਦਿਆਂ ਵੇਖਣਗੇ।
28 ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।
29 ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਭਈ ਹੰਜੀਰ ਦੇ ਬੂਟੇ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ,
30 ਜਦ ਉਨ੍ਹਾਂ ਦੇ ਪੱਤੇ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ।
31 ਇਸੇ ਤਰਾਂ ਨਾਲ ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ।
32 ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੋੜੀ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।
33 ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ !
34 ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਨਕ ਆ ਪਵੇ !
35 ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ।
36 ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।
37 ਉਹ ਦਿਨ ਨੂੰ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਉਸ ਪਹਾੜ ਉੱਤੇ ਜਿਹੜਾ ਜ਼ੈਤੂਨ ਦਾ ਕਹਾਉਂਦਾ ਹੈ ਟਿਕਦਾ ਹੁੰਦਾ ਸੀ।
38 ਅਤੇ ਸਭ ਲੋਕ ਉਹ ਦੀ ਸੁਣਨ ਲਈ ਹੈਕਲ ਵਿੱਚ ਤੜਕੇ ਉਹ ਦੇ ਕੋਲ ਆਉਂਦੇ ਸਨ।




ਕਾਂਡ 22

1 ਪਤੀਰੀ ਰੋਟੀ ਦਾ ਤਿਉਹਾਰ ਜਿਹ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ।
2 ਅਰ ਪਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਭਈ ਉਹ ਨੂੰ ਕਿੱਕੁਰ ਜਾਨੋਂ ਮਾਰੀਏ ? ਕਿਉਂ ਜੋ ਓਹ ਲੋਕਾਂ ਤੋਂ ਡਰਦੇ ਸਨ।
3 ਤਦ ਸ਼ਤਾਨ ਯਹੂਦਾ ਵਿੱਚ ਸਮਾਇਆ ਜਿਹੜਾ ਇਸਕਰਿਯੋਤੀ ਕਰਕੇ ਆਖੀਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਦੀ ਗਿਣਤੀ ਵਿੱਚ ਸੀ।
4 ਅਰ ਉਸ ਨੇ ਜਾ ਕੇ ਪਰਧਾਨ ਜਾਜਕਾਂ ਅਤੇ ਸਰਦਾਰਾਂ ਦੇ ਨਾਲ ਮਤਾ ਪਕਾਇਆ ਜੋ ਉਹ ਨੂੰ ਉਨ੍ਹਾਂ ਦੇ ਹੱਥ ਕਿਸ ਬਿੱਧ ਫੜਵਾ ਦੇਵੇ।
5 ਓਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਕਰਾਰ ਕੀਤਾ।
6 ਉਸ ਨੇ ਮੰਨ ਲਿਆ ਅਰ ਦਾਉ ਲੱਭਦਾ ਸੀ ਭਈ ਉਹ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜਵਾਏ।
7 ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ।
8 ਅਤੇ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ ਭਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ।
9 ਉਨ੍ਹਾਂ ਉਸ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ ?
10 ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹ ਦੇ ਮਗਰ ਜਾਇਓ।
11 ਅਤੇ ਘਰ ਦੇ ਮਾਲਕ ਨੂੰ ਕਹਿਓ ਭਈ ਗੁਰੂ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂ ?
12 ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫ਼ਰਸ਼ ਵਿੱਛਿਆ ਹੋਇਆ ਵਿਖਾਵੇਗਾ। ਉੱਥੇ ਤਿਆਰ ਕਰੋ।
13 ਸੋ ਉਨ੍ਹਾਂ ਜਾ ਕੇ ਜਿਹੋ ਜਿਹਾ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾਹ ਤਿਆਰ ਕੀਤੀ।
14 ਜਾਂ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹ ਦੇ ਨਾਲ ਬੈਠੇ।
15 ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।
16 ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਇਹ ਨੂੰ ਨਾ ਖਾਵਾਂਗਾ ਜਦ ਤੀਕੁਰ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ।
17 ਉਸ ਨੇ ਪਿਆਲਾ ਲਿਆ ਅਰ ਸ਼ੁਕਰ ਕਰ ਕੇ ਆਖਿਆ, ਇਹ ਨੂੰ ਲੈ ਕੇ ਆਪੋ ਵਿੱਚ ਵੰਡ ਲਓ।
18 ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਏਦੋਂ ਅੱਗੇ ਮੈਂ ਦਾਖ ਰਸ ਕਦੇ ਨਾ ਪੀਆਂਗਾ ਜਦ ਤੀਕੁਰ ਪਰਮੇਸ਼ੁਰ ਦਾ ਰਾਜ ਨਾ ਆਵੇ।
19 ਤਾਂ ਉਸ ਨੇ ਰੋਟੀ ਲਈ ਅਤੇ ਸ਼ੁਕਰ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।
20 ਅਤੇ ਖਾਣ ਦੇ ਪਿੱਛੋਂ ਇਸੇ ਤਰਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।
21 ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ।
22 ਕਿਉਂ ਜੋ ਮਨੁੱਖ ਦਾ ਪੁੱਤ੍ਰ ਤਾਂ ਜਾਂਦਾ ਹੈ ਜਿਵੇਂ ਠਹਿਰਾਇਆ ਹੋਇਆ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਉਹ ਫੜਵਾਇਆ ਜਾਂਦਾ ਹੈ !
23 ਤਾਂ ਓਹ ਆਪੋ ਵਿੱਚ ਇਹ ਪੁੱਛਣ ਲੱਗੇ ਭਈ ਅਸਾਂ ਵਿੱਚੋਂ ਉਹ ਕਿਹੜਾ ਹੈ ਜੋ ਇਹ ਕੰਮ ਕਰੇਗਾ।
24 ਉਨ੍ਹਾਂ ਵਿੱਚ ਇਹ ਤਕਰਾਰ ਵੀ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ ?
25 ਪਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ਉਹ ਗਰੀਬਨਵਾਜ ਕਹਾਉਂਦੇ ਹਨ।
26 ਪਰ ਤੁਸੀਂ ਏਹੋ ਜੇਹੇ ਨਾ ਹੋਵੋ ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਟਹਿਲੂਏ ਵਰਗਾ ਬਣੇ।
27 ਕਿਉਂਕਿ ਵੱਡਾ ਕੌਣ ਹੈ, ਜਿਹੜਾ ਖਾਣ ਨੂੰ ਬੈਠਦਾ ਹੈ ਯਾ ਉਹ ਜਿਹੜਾ ਟਹਿਲ ਕਰਦਾ ਹੈ ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ ? ਪਰ ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ।
28 ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ।
29 ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।
30 ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।
31 ਹੇ ਸ਼ਮਊਨ, ਸ਼ਮਊਨ ! ਵੇਖ, ਸ਼ਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰਾਂ ਤੁਹਾਨੂੰ ਫਟਕੇ।
32 ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ ਅਰ ਜਾਂ ਤੂੰ ਮੁੜੇ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।
33 ਤਦ ਉਸ ਨੇ ਉਹ ਨੂੰ ਕਿਹਾ, ਪ੍ਰਭੁ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਭੀ ਜਾਣ ਨੂੰ ਤਿਆਰ ਹਾਂ।
34 ਉਹ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਂਗ ਨਾ ਦੇਵੇਗਾ ਜਦ ਤੀਕਰ ਤੂੰ ਤਿੰਨ ਵਾਰੀ ਮੁੱਕਰ ਕੇ ਨਾ ਕਹੇਂ ਭਈ ਮੈਂ ਉਹ ਨੂੰ ਨਹੀਂ ਜਾਣਦਾ।
35 ਉਸ ਨੇ ਉਨ੍ਹਾਂ ਨੂੰ ਆਖਿਆ, ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨਾ ਘੱਲਿਆ ਤਦ ਤੁਹਾਨੂੰ ਕਾਸੇ ਦੀ ਥੁੜ ਤਾਂ ਨਹੀਂ ਸੀ ? ਓਹ ਬੋਲੇ, ਕਾਸੇ ਦੀ ਨਹੀਂ।
36 ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ ਅਰ ਇਸੇ ਤਰਾਂ ਝੋਲਾ ਵੀ ਅਤੇ ਜਿਹ ਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੇ।
37 ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਲਿਖਿਆ ਹੋਇਆ ਹੈ ਭਈ ਉਹ ਬੁਰਿਆਰਾਂ ਵਿੱਚ ਗਿਣਿਆ ਗਿਆ ਸੋ ਮੇਰੇ ਹੱਕ ਵਿੱਚ ਉਹ ਦਾ ਸੰਪੂਰਨ ਹੋਣਾ ਜ਼ਰੂਰ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹ ਨੇ ਪੂਰਾ ਹੋਣਾ ਹੀ ਹੈ।
38 ਓਹ ਬੋਲੇ, ਪ੍ਰਭੁ ਜੀ ਵੇਖ, ਐੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬੱਸ ਹੈ !
39 ਉਹ ਬਾਹਰ ਨਿੱਕਲ ਕੇ ਦਸਤੂਰ ਮੂਜਬ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ।
40 ਅਰ ਉਸ ਥਾਂ ਅੱਪੜ ਕੇ ਉਸ ਨੇ ਉਨ੍ਹਾਂ ਨੂੰ ਆਖਿਆ, ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ।
41 ਤਾਂ ਉਸ ਨੇ ਉਨ੍ਹਾਂ ਤੋਂ ਕੋਈ ਢੀਮ ਦੀ ਮਾਰ ਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ,
42 ਹੇ ਪਿਤਾ, ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।
43 ਅਤੇ ਸੁਰਗੋਂ ਇੱਕ ਦੂਤ ਉਹ ਨੂੰ ਵਿਖਾਈ ਦੇ ਕੇ ਉਹ ਨੂੰ ਸਹਾਰਾ ਦਿੰਦਾ ਸੀ।
44 ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਮਨੋਂ ਤਨੋਂ ਪ੍ਰਾਰਥਨਾ ਕਰਨ ਲੱਗਾ ਅਰ ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।
45 ਫੇਰ ਪ੍ਰਾਰਥਨਾਂ ਤੋਂ ਉੱਠ ਕੇ ਉਹ ਚੇਲਿਆਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆਂ ਡਿੱਠਾ।
46 ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹ ਨੂੰ ਸੌਂਦੇ ਹੋ ? ਉੱਠ ਕੇ ਪ੍ਰਾਰਥਨਾ ਕਰੋ ਭਈ ਤੁਸੀਂ ਪਰਤਾਵੇ ਵਿੱਚ ਨਾ ਪਓ।
47 ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਭੀੜ ਆਈ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਜਣਾ ਜੋ ਯਹੂਦਾ ਕਰਕੇ ਸੱਦੀਦਾ ਹੈ ਉਨ੍ਹਾਂ ਦੇ ਅੱਗੇ ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਜੋ ਉਹ ਨੂੰ ਚੁੰਮੇ।
48 ਤਦ ਯਿਸੂ ਨੇ ਉਹ ਨੂੰ ਆਖਿਆ, ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤ੍ਰ ਨੂੰ ਚੁੰਮੇ ਨਾਲ ਫੜਵਾਉਂਦਾ ਹੈਂ ?
49 ਜਾਂ ਉਹ ਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੁ ਜੀ ਅਸੀਂ ਤਲਵਾਰ ਚਲਾਈਏ ?
50 ਅਤੇ ਉਨ੍ਹਾਂ ਵਿੱਚੋਂ ਇੱਕ ਨੇ ਸਰਦਾਰ ਜਾਜਕ ਦੇ ਚਾਕਰ ਨੂੰ ਮਾਰ ਕੇ ਉਹ ਦਾ ਸੱਜਾ ਕੰਨ ਉਡਾ ਦਿੱਤਾ।
51 ਪਰ ਯਿਸੂ ਨੇ ਅੱਗੋਂ ਆਖਿਆ, ਐਥੋਂ ਤੀਕਰ ਛੱਡ ਦਿਓ ਅਤੇ ਉਹ ਦਾ ਕੰਨ ਛੋਹ ਕੇ ਉਸ ਨੂੰ ਚੰਗਾ ਕੀਤਾ।
52 ਤਾਂ ਯਿਸੂ ਨੇ ਉਨ੍ਹਾਂ ਪਰਧਾਨ ਜਾਜਕਾਂ ਅਤੇ ਹੈਕਲ ਦੇ ਸਰਦਾਰਾਂ ਅਤੇ ਬਜੁਰਗਾਂ ਨੂੰ ਜਿਹੜੇ ਉਸ ਉੱਤੇ ਚੜ੍ਹ ਆਏ ਸਨ ਆਖਿਆ,ਭਲਾ,ਜਿਵੇਂ ਡਾਕੂ ਉੱਤੇ ਤੁਸੀਂ ਤਲਵਾਰਾਂ ਅਤੇ ਡਾਗਾਂ ਫੜੀ ਨਿੱਕਲੇ ਹੋ ?
53 ਜਾਂ ਮੈਂ ਰੋਜ਼ ਤੁਹਾਡੇ ਨਾਲ ਹੈਕਲ ਵਿੱਚ ਹੁੰਦਾ ਸਾਂ ਤਾਂ ਤੁਸਾਂ ਮੇਰੇ ਉੱਤੇ ਹੱਥ ਨਾ ਪਾਏ ਪਰ ਇਹ ਤੁਹਾਡੀ ਘੜੀ ਅਤੇ ਅਨ੍ਹੇਰੇ ਦਾ ਇਖ਼ਤਿਆਰ ਹੈ।
54 ਤਾਂ ਓਹ ਉਸ ਨੂੰ ਫੜ ਕੇ ਲੈ ਚੱਲੇ ਅਤੇ ਸਰਦਾਰ ਜਾਜਕ ਦੇ ਘਰ ਵਿੱਚ ਲਿਆਏ ਅਰ ਪਤਰਸ ਕੁਝ ਵਿੱਥ ਤੇ ਪਿੱਛੇ ਤੁਰਿ ਆਇਆ।
55 ਅਤੇ ਜਾਂ ਓਹ ਵੇਹੜੇ ਦੇ ਅੰਦਰ ਅੱਗ ਬਾਲ ਕੇ ਇਕੱਠੇ ਬੈਠੇ ਸਨ ਤਾਂ ਪਤਰਸ ਉਨ੍ਹਾਂ ਦੇ ਵਿੱਚ ਜਾ ਬੈਠਾ।
56 ਇੱਕ ਗੋੱਲੀ ਨੇ ਉਹ ਨੂੰ ਅੱਗ ਦੀ ਲੋ ਵਿੱਚ ਬੈਠਾ ਵੇਖਿਆ ਅਤੇ ਉਹ ਨੂੰ ਧਿਆਨ ਨਾਲ ਵੇਖ ਕੇ ਬੋਲੀ, ਇਹ ਭੀ ਉਹ ਦੇ ਨਾਲ ਸੀ।
57 ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਤ੍ਰੀਮਤ, ਮੈਂ ਉਹ ਨੂੰ ਜਾਣਦਾ ਹੀ ਨਹੀਂ !
58 ਜ਼ਰਾਕੁ ਪਿੱਛੋਂ ਕਿਸੇ ਹੋਰ ਨੇ ਉਹ ਨੂੰ ਵੇਖ ਕੇ ਕਿਹਾ, ਤੂੰ ਵੀ ਉਨ੍ਹਾਂ ਹੀ ਵਿੱਚੋਂ ਹੈਂ, ਪਰ ਪਤਰਸ ਨੇ ਆਖਿਆ, ਸ਼ਖ਼ਸਾ ਮੈਂ ਨਹੀਂ ਹਾਂ !
59 ਇੱਕ ਘੜੀਕੁ ਮਗਰੋਂ ਕਿਸੇ ਹੋਰ ਨੇ ਪੱਕ ਕਰ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਸ ਦੇ ਨਾਲ ਸੀ ਕਿਉਂ ਜੋ ਇਹ ਗਲੀਲੀ ਹੈ।
60 ਪਰ ਪਤਰਸ ਨੇ ਆਖਿਆ, ਸ਼ਖ਼ਸਾ ਮੈਨੂੰ ਪਤਾ ਨਹੀਂ ਭਈ ਤੂੰ ਕੀ ਆਖਦਾ ਹੈਂ ! ਅਤੇ ਅਜੇ ਓਹ ਬੋਲਦਾ ਹੀ ਸੀ ਕਿ ਝੱਟ ਕੁੱਕੜ ਨੇ ਬਾਂਗ ਦਿੱਤੀ।
61 ਤਾਂ ਪ੍ਰਭੁ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੁ ਦੀ ਗੱਲ ਚੇਤੇ ਆਈ ਜੋ ਉਸ ਨੇ ਉਹ ਨੂੰ ਕਹੀ ਸੀ ਭਈ ਅੱਜ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ।
62 ਅਰ ਉਹ ਬਾਹਰ ਗਿਆ ਅਤੇ ਭੁੱਭਾਂ ਮਾਰ ਕੇ ਰੋਇਆ।
63 ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜਿਆ ਹੋਇਆ ਸੀ ਸੋ ਉਹ ਨੂੰ ਠੱਠਾ ਕਰਨ ਅਤੇ ਮਾਰਨ ਲੱਗੇ।
64 ਅਤੇ ਉਨ੍ਹਾਂ ਉਸ ਦੀਆਂ ਅੱਖੀਆਂ ਬੰਨੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਅਗੰਮ ਗਿਆਨ ਨਾਲ ਦੱਸ ਭਈ ਤੈਨੂੰ ਕਿਹ ਨੇ ਮਾਰਿਆ ?
65 ਅਰ ਉਨ੍ਹਾਂ ਨੇ ਕੁਫ਼ਰ ਬਕਦਿਆਂ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ।
66 ਜਾਂ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜੁਰਗਾਂ ਦੀ ਪੰਚਾਇਤ ਅਰਥਾਤ ਪਰਧਾਨ ਜਾਜਕ ਅਰ ਗ੍ਰੰਥੀ ਇਕੱਠੇ ਹੋ ਕੇ ਉਹ ਨੂੰ ਆਪਣੀ ਮਹਾਸਭਾ ਵਿੱਚ ਲੈ ਗਏ ਅਤੇ ਬੋਲੇ,
67 ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਪਰਤੀਤ ਕਦੇ ਨਾ ਕਰੋਗੇ।
68 ਅਤੇ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਕਦੇ ਨਾ ਦੇਓਗੇ।
69 ਪਰ ਏਦੋਂ ਅੱਗੇ ਮਨੁੱਖ ਦਾ ਪੁੱਤ੍ਰ ਪਰਮੇਸ਼ੁਰ ਦੀ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।
70 ਤਦ ਉਨ੍ਹਾਂ ਸਭਨਾਂ ਆਖਿਆ, ਭਲਾ, ਫੇਰ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ? ਉਸ ਨੇ ਉਨ੍ਹਾਂ ਨੂੰ ਆਖਿਆ, ਸਤ ਬਚਨ, ਮੈਂ ਉਹੋ ਹਾਂ।
71 ਤਦ ਉਨ੍ਹਾਂ ਨੇ ਕਿਹਾ, ਹੁਣ ਸਾਨੂੰ ਉਗਾਹੀ ਦੀ ਹੋਰ ਕੀ ਲੋੜ ਹੈ ? ਕਿਉਂ ਜੋ ਅਸਾਂ ਆਪ ਉਹ ਦੇ ਮੂੰਹੋਂ ਸੁਣਿਆ ਹੈ।




ਕਾਂਡ 23

1 ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਉਹ ਨੂੰ ਪਿਲਾਤੁਸ ਦੇ ਕੋਲ ਲੈ ਗਈ।
2 ਅਤੇ ਓਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਭਈ ਅਸਾਂ ਇਹ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ।
3 ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ ? ਉਸ ਨੇ ਉੱਤਰ ਦਿੱਤਾ, ਤੂੰ ਸਤ ਆਖਿਆ ਹੈ।
4 ਪਿਲਾਤੁਸ ਨੇ ਪਰਧਾਨ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।
5 ਪਰ ਓਹ ਹੋਰ ਵੀ ਜੋਰ ਲਾ ਕੇ ਬੋਲੇ, ਉਹ ਗਲੀਲ ਤੋਂ ਲੈਕੇ ਐਥੋਂ ਤੋੜੀ ਸਾਰੇ ਯਹੂਦਿਯਾ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ।
6 ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ ਭਈ ਇਹ ਮਨੁੱਖ ਗਲੀਲੀ ਹੈ ?
7 ਅਤੇ ਜਾਂ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ ਦੇ ਇਲਾਕੇ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ ਘੱਲਿਆ।
8 ਹੇਰੋਦੇਸ ਯਿਸੂ ਨੂੰ ਵੇਖ ਕੇ ਵੱਡਾ ਅਨੰਦ ਹੋਇਆ ਕਿਉਂ ਜੋ ਉਹ ਚਿਰੋਕਣਾ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਓਨ ਉਸ ਦੀ ਖਬਰ ਸੁਣੀ ਸੀ ਅਤੇ ਉਹ ਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਨਿਸ਼ਾਨ ਵੇਖੇ।
9 ਉਹ ਨੇ ਉਸ ਤੋਂ ਬਹੁਤੀਆਂ ਗੱਲਾਂ ਪੁੱਛੀਆਂ ਪਰ ਓਨ ਉਹ ਨੂੰ ਇੱਕ ਦਾ ਵੀ ਜਵਾਬ ਨਾ ਦਿੱਤਾ।
10 ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ।
11 ਤਾਂ ਹੇਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਹ ਨੂੰ ਬੇਪਤ ਕੀਤਾ ਅਤੇ ਠੱਠਾ ਮਾਰਿਆ ਅਰ ਭੜਕੀਲੀ ਪੁਸ਼ਾਕ ਪਹਿਨਾ ਕੇ ਉਹ ਨੂੰ ਪਿਲਾਤੁਸ ਦੇ ਕੋਲ ਮੋੜ ਭੇਜਿਆ।
12 ਅਰ ਉਸੇ ਦਿਨ ਹੇਰੋਦੇਸ ਅਰ ਪਿਲਾਤੁਸ ਆਪੋ ਵਿੱਚ ਮਿੱਤਰ ਬਣ ਗਏ ਕਿਉਂ ਜੋ ਪਹਿਲਾਂ ਉਨ੍ਹਾਂ ਵਿੱਚ ਵੈਰ ਸੀ।
13 ਤਾਂ ਪਿਲਾਤੁਸ ਨੇ ਪਰਧਾਨ ਜਾਜਕਾਂ ਅਤੇ ਸਰਦਾਰਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ,
14 ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸਾਂ ਇਸ ਉੱਤੇ ਨਾਲਸ਼ ਕੀਤੀ ਹੈ ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ।
15 ਅਤੇ ਨਾ ਹੇਰੋਦੇਸ ਨੇ ਕਿਉਂਕਿ ਓਨ ਉਸ ਨੂੰ ਸਾਡੇ ਕੋਲ ਮੋੜ ਭੇਜਿਆ ਅਰ ਵੇਖੋ ਉਹ ਦੇ ਕੋਲੋਂ ਕਤਲ ਦੇ ਲਾਇਕ ਕੋਈ ਔਗੁਣ ਨਹੀਂ ਹੋਇਆ।
16 ਇਸ ਲਈ ਮੈਂ ਉਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।
18 ਤਦ ਉਨ੍ਹਾਂ ਸਭਨਾਂ ਰਲ ਕੇ ਡੰਡ ਪਾਈ ਅਤੇ ਆਖਿਆ ਕਿ ਮਾਰ ਦਿਓ ਇਸ ਨੂੰ ! ਅਰ ਬਰੱਬਾਸ ਨੂੰ ਸਾਡੇ ਲਈ ਛੱਡ ਦਿਓ !
19 ਜੋ ਕਿਸੇ ਪਸਾਦ ਦੇ ਕਾਰਨ ਜੋ ਸ਼ਹਿਰ ਵਿੱਚ ਹੋਇਆ ਸੀ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ।
20 ਤਾਂ ਪਿਲਾਤੁਸ ਨੇ ਓਹਨਾਂ ਨੂੰ ਫੇਰ ਸਮਝਾਇਆ ਕਿਉਂ ਜੋ ਉਹ ਯਿਸੂ ਨੂੰ ਛੁਡਾਉਣਾ ਚਾਹੁੰਦਾ ਸੀ।
21 ਪਰ ਓਹ ਹੋਰ ਵੀ ਸੰਘ ਪਾੜ ਕੇ ਬੋਲੇ ਕਿ ਉਹ ਨੂੰ ਸਲੀਬ ਦਿਓ ! ਸਲੀਬ ਦਿਓ !
22 ਉਸ ਨੇ ਤੀਜੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਬੁਰਿਆਈ ਕੀਤੀ ? ਮੈਂ ਇਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।
23 ਪਰ ਓਹ ਉੱਚਾ ਰੌਲਾ ਪਾ ਕੇ ਉਹ ਦੇ ਗਲ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਪਰਬਲ ਪੈ ਗਈਆਂ।
24 ਤਾਂ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਅਰਜ਼ ਦੇ ਅਨੁਸਾਰ ਹੋਵੇ।
25 ਅਤੇ ਉਸ ਨੂੰ ਜਿਹੜਾ ਪਸਾਦ ਅਰ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਹ ਨੂੰ ਓਹ ਮੰਗਦੇ ਸਨ ਛੱਡ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ।
26 ਜਾਂ ਉਸ ਨੂੰ ਲਈ ਜਾਂਦੇ ਸਨ ਤਾਂ ਸ਼ਮਊਨ ਇੱਕ ਕੁਰੇਨੀ ਮਨੁੱਖ ਪਿੰਡੋਂ ਆਉਂਦੇ ਨੂੰ ਫੜ ਕੇ ਉਸ ਉੱਤੇ ਸਲੀਬ ਧਰੀ ਭਈ ਯਿਸੂ ਦੇ ਮਗਰ ਲੈ ਚੱਲੇ।
27 ਲੋਕਾਂ ਦੀ ਭੀੜ ਉਹ ਦੇ ਪਿੱਛੇ ਗਈ ਨਾਲੇ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ।
28 ਪਰ ਯਿਸੂ ਉਨ੍ਹਾਂ ਦੀ ਵੱਲ ਪਿਛਾਹਾਂ ਭੌਂ ਕੇ ਬੋਲਿਆ, ਹੇ ਯਰੂਸ਼ਲਮ ਦੀਓ ਧੀਓ, ਮੈਨੂੰ ਨਾ ਰੋਵੋ ਪਰ ਆਪ ਨੂੰ ਅਤੇ ਆਪਣਿਆਂ ਬੱਚਿਆਂ ਨੂੰ ਰੋਵੋ।
29 ਕਿਉਂਕਿ ਵੇਖੋ ਓਹ ਦਿਨ ਆਉਂਦੇ ਹਨ ਜਿਨ੍ਹਾਂ ਵਿੱਚ ਆਖਣਗੇ ਭਈ ਧੰਨ ਹਨ ਬਾਂਝਾਂ ਅਤੇ ਉਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਓਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ।
30 ਤਦ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿਗ ਪਓ ! ਅਤੇ ਟਿੱਬਿਆਂ ਨੂੰ ਭਈ ਸਾਨੂੰ ਲੁਕਾ ਲਓ !
31 ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ ?
32 ਹੋਰ ਦੋਹਾਂ ਨੂੰ ਵੀ ਜੋ ਬੁਰਿਆਰ ਸਨ ਉਹ ਦੇ ਸੰਗ ਮਾਰਨ ਨੂੰ ਲੈਈ ਜਾਂਦੇ ਸਨ।
33 ਅਤੇ ਜਾਂ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹ ਨੂੰ ਉੱਥੇ ਸਲੀਬ ਤੇ ਚੜ੍ਹਾਇਆ ਅਤੇ ਉਨ੍ਹਾਂ ਬੁਰਿਆਰਾਂ ਨੂੰ ਵੀ ਇੱਕ ਸੱਜੇ ਅਤੇ ਦੂਆ ਖੱਬੇ।
34 ਤਦ ਯਿਸੂ ਨੇ ਆਖਿਆ, ਹੇ ਪਿਤਾ, ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ, ਅਤੇ ਉਨ੍ਹਾਂ ਉਸ ਦੇ ਕੱਪੜੇ ਵੰਡ ਕੇ ਗੁਣੇ ਪਾਏ।
35 ਅਰ ਲੋਕ ਖਲੋਤੇ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਭਈ ਇਹ ਨੇ ਹੋਰਨਾਂ ਨੂੰ ਬਚਾਇਆ। ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਹ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ !
36 ਸਿਪਾਹੀਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹ ਨੂੰ ਸਿਰਕਾ ਦਿੱਤਾ ਅਤੇ ਆਖਿਆ।
37 ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ !
38 ਅਰ ਉਹ ਦੇ ਉਤਾਹਾਂ ਇਹ ਲਿਖਤ ਵੀ ਲਾਈ ਹੋਈ ਸੀ, ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ।
39 ਉਨ੍ਹਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ ਇੱਕ ਨੇ ਇਹ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ, ਤੂੰ ਮਸੀਹ ਨਹੀਂ ਹੈਂ ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਭੀ ਬਚਾ !
40 ਪਰ ਦੂਏ ਨੇ ਅੱਗੋਂ ਉਸ ਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ ?
41 ਅਸੀਂ ਤਾਂ ਨਿਆਉਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਹ ਨੇ ਕੋਈ ਔਗੁਣ ਨਹੀਂ ਕੀਤਾ।
42 ਅਤੇ ਉਹ ਨੇ ਆਖਿਆ, ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।
43 ਉਸ ਨੇ ਉਹ ਨੂੰ ਆਖਿਆ, ਮੈਂ ਤੈਨੂੰ ਸੱਤ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ।
44 ਹੁਣ ਦੋਕੁ ਪਹਿਰ ਹੋ ਗਏ ਸਨ ਅਰ ਸਾਰੀ ਧਰਤੀ ਉੱਤੇ ਤੀਏ ਪਹਿਰ ਤੀਕੁਰ ਅਨ੍ਹੇਰਾ ਰਿਹਾ।
45 ਅਤੇ ਸੂਰਜ ਕਾਲਾ ਪੈ ਗਿਆ ਅਤੇ ਹੈਕਲ ਦਾ ਪੜਦਾ ਵਿਚਕਾਰੋਂ ਪਾਟ ਗਿਆ।
46 ਤਾਂ ਯਿਸੂ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ, ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ।
47 ਤਾਂ ਸੂਬੇਦਾਰ ਨੇ ਇਹ ਵਿਥਿਆ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚੀ ਮੁੱਚੀ ਇਹ ਧਰਮੀ ਪੁਰਖ ਸੀ !
48 ਅਤੇ ਸਭ ਲੋਕ ਜਿਹੜੇ ਇਹ ਹਵਾਲ ਵੇਖਣ ਨੂੰ ਇਕੱਠੇ ਆਏ ਸਨ ਇਹ ਸਾਰੀ ਵਾਰਤਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ।
49 ਅਰ ਉਹ ਦੇ ਸਰਬੱਤ ਜਾਣੂ ਪਛਾਣੂ ਅਤੇ ਓਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਦੂਰੋਂ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ।
50 ਤਾਂ ਵੇਖੋ ਯੂਸੁਫ਼ ਨਾਉਂ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ ਅਰ ਭਲਾ ਅਤੇ ਧਰਮੀ ਸੀ।
51 ਅਤੇ ਉਨ੍ਹਾਂ ਦੀ ਮੱਤ ਅਰ ਕਰਮ ਵਿੱਚ ਨਹੀਂ ਸੀ ਰਲਿਆ ਸੋ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਰ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਹੈਸੀ।
52 ਉਹ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ।
53 ਅਤੇ ਉਸ ਨੂੰ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਵਲ੍ਹੇਟ ਕੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਹੋਈ ਸੀ ਜਿੱਥੇ ਕਦੇ ਕੋਈ ਨਹੀਂ ਸੀ ਪਿਆ। 54 ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ। 55 ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਉਨ੍ਹਾਂ ਵੀ ਮਗਰ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੀ ਲੋਥ ਕਿੱਕੁਰ ਰੱਖੀ ਗਈ ਸੀ। 56 ਤਦ ਉਨ੍ਹਾਂ ਮੁੜ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ ਉਨ੍ਹਾਂ ਨੇ ਹੁਕਮ ਮੂਜਬ ਅਰਾਮ ਕੀਤਾ।




ਕਾਂਡ 24

1 ਪਰ ਹਫਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਨ੍ਹਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈਕੇ ਕਬਰ ਉੱਤੇ ਆਈਆਂ।
2 ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰੋਂ ਲਾਂਭੇ ਰਿੜ੍ਹਿਆ ਪਿਆ ਹੋਇਆ ਡਿੱਠਾ।
3 ਅਤੇ ਅੰਦਰ ਜਾ ਕੇ ਪ੍ਰਭੁ ਯਿਸੂ ਦੀ ਲੋਥ ਨਾ ਪਾਈ।
4 ਅਤੇ ਇਉਂ ਹੋਇਆ ਕਿ ਜਾਂ ਓਹ ਇਸ ਦੇ ਕਾਰਨ ਦੁਬਧਾ ਵਿੱਚ ਪਈਆਂ ਤਾਂ ਵੇਖੋ ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀਂ ਉਨ੍ਹਾਂ ਦੇ ਕੋਲ ਆ ਖਲੋਤੇ।
5 ਜਾਂ ਓਹ ਡਰਦੀਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾਂ ਉਨ੍ਹਾਂ ਇਨ੍ਹਾਂ ਨੂੰ ਆਖਿਆ, ਤੁਸੀਂ ਜੀਉਂਦੇ ਨੂੰ ਮੋਇਆਂ ਵਿੱਚ ਕਿਉਂ ਭਾਲਦੀਆਂ ਹੋ ?
6 ਉਹ ਐਥੇ ਹੈ ਨਹੀਂ ਪਰ ਉਹ ਜੀ ਉੱਠਿਆ ਹੈ। ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕਿੱਕੁਰ ਕਿਹਾ ਸੀ।
7 ਭਈ ਮਨੁੱਖ ਦੇ ਪੁੱਤ੍ਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜ੍ਹਾਇਆ ਜਾਣਾ ਅਰ ਤੀਏ ਦਿਨ ਜੀ ਉੱਠਣਾ ਜ਼ਰੂਰ ਹੈ।
8 ਤਾਂ ਉਸ ਦੀਆਂ ਗੱਲਾਂ ਉਨ੍ਹਾਂ ਨੂੰ ਚੇਤੇ ਆਈਆਂ।
9 ਅਤੇ ਕਬਰ ਤੋਂ ਮੁੜ ਕੇ ਓਹਨਾਂ ਨੇ ਏਹ ਸਾਰੀਆਂ ਗੱਲਾਂ ਉਨ੍ਹਾਂ ਗਿਆਰਾਂ ਅਤੇ ਹੋਰਨਾਂ ਸਭਨਾਂ ਨੂੰ ਦੱਸ ਦਿੱਤੀਆਂ।
10 ਸੋ ਮਰਿਯਮ ਮਗਦਲੀਨੀ ਅਤੇ ਯੋਆਨਾ ਅਤੇ ਯਾਕੂਬ ਦੀ ਮਾਂ ਮਰਿਯਮ ਅਰ ਉਨ੍ਹਾਂ ਦੇ ਨਾਲ ਦੀਆਂ ਹੋਰ ਤੀਵੀਆਂ ਨੇ ਰਸੂਲਾਂ ਨੂੰ ਏਹ ਗੱਲਾਂ ਕਹੀਆਂ।
11 ਅਤੇ ਏਹ ਗੱਲਾਂ ਉਨ੍ਹਾਂ ਨੂੰ ਕਹਾਣੀਆਂ ਜਹੀਆਂ ਮਲੂਮ ਹੋਈਆਂ ਅਤੇ ਉਨ੍ਹਾਂ ਨੇ ਓਹਨਾਂ ਦਾ ਸਤ ਨਾ ਮੰਨਿਆ।
12 ਪਰ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਅਤੇ ਝੁਕ ਕੇ ਨਿਰੇ ਓਹ ਕੱਪੜੇ ਡਿੱਠੇ ਅਰ ਇਸ ਵਾਰਤਾ ਤੇ ਅਚਰਜ ਮੰਨਦਾ ਹੋਇਆ ਆਪਣੇ ਘਰ ਚੱਲਿਆ ਗਿਆ।
13 ਤਾਂ ਵੇਖੋ ਓਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਉਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ ਪੰਜ ਕੋਹ ਵਾਟ ਤੇ ਹੈ।
14 ਸੋ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿਚ ਗੱਲ ਬਾਤ ਕਰਦੇ ਸਨ।
15 ਅਤੇ ਐਉਂ ਹੋਇਆ ਕਿ ਜਾਂ ਓਹ ਗੱਲ ਬਾਤ ਅਤੇ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਨਾਲ ਤੁਰਿਆ ਗਿਆ।
16 ਪਰ ਉਨ੍ਹਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹ ਨੂੰ ਨਾ ਸਿਆਣਨ।
17 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਏਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ ? ਤਾਂ ਓਹ ਉਦਾਸ ਹੋ ਕੇ ਖਲੋ ਗਏ।
18 ਤਦ ਕਲਿਉਪਸ ਨਾਉਂ ਦੇ ਇੱਕ ਨੇ ਉਹ ਨੂੰ ਉੱਤਰ ਦਿੱਤਾ, ਭਲਾ, ਤੂੰਏਂ ਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈਂ?
19 ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਵਾਰਤਾਂ ? ਤਾਂ ਉਨ੍ਹਾਂ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਵਿਖੇ ਜਿਹੜਾ ਨਬੀ ਅਰ ਨਾਲੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰਥ ਸੀ।
20 ਅਰ ਕਿਸ ਤਰਾਂ ਪਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ।
21 ਪਰ ਸਾਨੂੰ ਇਹ ਆਸ ਸੀ ਭਈ ਇਹ ਉਹੋ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇ ਅਰ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਝ ਐਸ ਮਾਜਰੇ ਬੀਤੇ ਨੂੰ ਅੱਜ ਤੀਆ ਦਿਨ ਹੋ ਗਿਆ ਹੈ।
22 ਪਰ ਸਾਡੇ ਵਿੱਚੋਂ ਕਈਆਂ ਤੀਵੀਆਂ ਨੇ ਭੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਓਹ ਤੜਕੇ ਕਬਰ ਤੇ ਗਈਆਂ।
23 ਅਤੇ ਜਾਂ ਉਹ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਭੀ ਹੋਇਆ ਜਿਨ੍ਹਾਂ ਆਖਿਆ ਭਈ ਉਹ ਜੀਉਂਦਾ ਹੈ !
24 ਅਤੇ ਸਾਡੇ ਨਾਲ ਦਿਆਂ ਵਿੱਚੋਂ ਕਈਕੁ ਕਬਰ ਉੱਤੇ ਗਏ ਅਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਪਾਇਆ ਪਰ ਉਸ ਨੂੰ ਨਾ ਡਿੱਠਾ।
25 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਰ ਨਬੀਆਂ ਦਿਆਂ ਸਾਰਿਆਂ ਬਚਨਾਂ ਉੱਤੇ ਪਰਤੀਤ ਕਰਨ ਵਿੱਚ ਢਿੱਲਿਓ !
26 ਕੀ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਏਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ ਕਰੇ ?
27 ਅਤੇ ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਸ ਨੇ ਓਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।
28 ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ ਅਰ ਉਸ ਨੇ ਅੱਗੇ ਵਧਨ ਨੂੰ ਕੀਤਾ।
29 ਤਾਂ ਉਨ੍ਹਾਂ ਉਸ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸੰਝ ਪੈ ਗਈ ਅਤੇ ਹੁਣ ਦਿਨ ਲਹਿ ਚੱਲਿਆ ਹੈ ਅਰ ਉਹ ਉਨ੍ਹਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ।
30 ਇਉਂ ਹੋਇਆ ਕਿ ਜਾਂ ਉਹ ਉਨ੍ਹਾਂ ਦੇ ਨਾਲ ਪਰਸ਼ਾਦ ਛਕਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਨ੍ਹਾਂ ਨੂੰ ਫੜਾਈ।
31 ਤਦ ਉਨ੍ਹਾਂ ਦੇ ਨੇਤਰ ਖੁਲ੍ਹ ਗਏ ਅਤੇ ਉਨ੍ਹਾਂ ਉਸ ਨੂੰ ਸਿਆਣ ਲਿਆ ਅਰ ਉਹ ਉਨ੍ਹਾਂ ਤੋਂ ਅਲੋਪ ਹੋ ਗਿਆ।
32 ਤਾਂ ਓਹ ਇੱਕ ਦੂਏ ਨੂੰ ਆਖਣ ਲੱਗੇ ਭਈ ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ ?
33 ਓਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ ਗਿਆਰਾਂ ਚੇਲਿਆਂ ਅਰ ਉਨ੍ਹਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ।
34 ਜਿਹੜੇ ਕਹਿੰਦੇ ਸਨ ਕਿ ਪ੍ਰਭੁ ਸੱਚੀ ਮੁੱਚੀ ਜੀ ਉੱਠਿਆ ਅਰ ਸ਼ਮਊਨ ਨੂੰ ਵਿਖਾਈ ਦਿੱਤਾ !
35 ਤਾਂ ਉਨ੍ਹਾਂ ਨੇ ਸੁਣਾਇਆ ਭਈ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵਿੱਚ ਅਸਾਂ ਉਹ ਨੂੰ ਕਿੱਕੁਰ ਸਿਆਤਾ।
36 ਓਹ ਅਜੇ ਏਹ ਗੱਲਾਂ ਕਰਦੇ ਹੀ ਸਨ ਕਿ ਉਹ ਆਪ ਉਨ੍ਹਾਂ ਦੇ ਵਿੱਚ ਆ ਖਲੋਤਾ ਅਤੇ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ।
37 ਪਰ ਉਹ ਬਿਆਕੁਲ ਹੋ ਕੇ ਡਰ ਗਏ ਅਤੇ ਇਹ ਸਮਝੇ ਭਈ ਅਸੀਂ ਭੂਤ ਨੂੰ ਵੇਖਦੇ ਹਾਂ।
38 ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਚਿੰਤਾਂ ਕਿਉਂ ਉਪਜੀਆਂ ਹਨ ?
39 ਮੇਰੇ ਹੱਥ ਅਰ ਮੇਰੇ ਪੈਰ ਵੇਖੋ ਜੋ ਮੈਂ ਹੀ ਹਾਂ। ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ।
40 ਅਤੇ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਹੱਥ ਪੈਰ ਵਿਖਾਲੇ।
41 ਤਾਂ ਉਹ ਖੁਸ਼ੀ ਦੇ ਮਾਰੇ ਅਜੇ ਪਰਤੀਤ ਨਹੀਂ ਕਰਦੇ ਅਤੇ ਹੈਰਾਨ ਹੋ ਰਹੇ ਸਨ ਕਿ ਉਸ ਨੇ ਉਨ੍ਹਾਂ ਨੂੰ ਆਖਿਆ, ਐੱਥੇ ਤੁਹਾਡੇ ਕੋਲ ਕੁਝ ਭੋਜਨ ਹੈ ?
42 ਉਨ੍ਹਾਂ ਉਸ ਨੂੰ ਭੁੰਨੀ ਮੱਛੀ ਦਾ ਟੁਕੜਾ ਦਿੱਤਾ।
43 ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾ ਲਿਆ।
44 ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ ਤੁਹਾਨੂੰ ਆਖੀਆਂ ਭਈ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੇ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।
45 ਤਦ ਉਸ ਨੇ ਉਨ੍ਹਾਂ ਦੀ ਬੁੱਧ ਖੋਲ੍ਹ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ।
46 ਅਤੇ ਉਨ੍ਹਾਂ ਨੂੰ ਆਖਿਆ ਕਿ ਇਉਂ ਲਿਖਿਆ ਹੈ ਜੋ ਮਸੀਹ ਦੁਖ ਝੱਲੇਗਾ ਅਰ ਤੀਏ ਦਿਨ ਮੁਰਦਿਆਂ ਵਿੱਚੋਂ ਫੇਰ ਜੀ ਉੱਠੇਗਾ।
47 ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹ ਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ। 48 ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ। 49 ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ ਪਰ ਜਦ ਤੀਕੁਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ। 50 ਉਹ ਉਨ੍ਹਾਂ ਨੂੰ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ ਅਰ ਆਪਣੇ ਹੱਥ ਉਠਾ ਕੇ ਉਨ੍ਹਾਂ ਨੂੰ ਅਸੀਸ ਦਿੱਤੀ।
51 ਅਤੇ ਇਉਂ ਹੋਇਆ ਕਿ ਜਾਂ ਉਹ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਹ ਉਨ੍ਹਾਂ ਤੋਂ ਅਲੱਗ ਹੋਇਆ ਅਰ ਅਕਾਸ਼ ਉੱਤੇ ਉਠਾਇਆ ਗਿਆ। 52 ਅਤੇ ਓਹ ਉਸ ਨੂੰ ਸੀਸ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਮੁੜੇ। 53 ਅਰ ਹੈਕਲ ਵਿੱਚ ਨਿੱਤ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੇ।