ਯੂਹੰਨਾ

1 2 3 4 5 6 7 8 9 10 11 12 13 14 15 16 17 18 19 20 21


ਕਾਂਡ 1

1 ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ।
2 ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ।
3 ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੂ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ।
4 ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ।
5 ਉਹ ਚਾਨਣ ਅਨ੍ਹੇਰੇ ਵਿੱਚ ਚਮਕਦਾ ਹੈ ਪਰ ਅਨ੍ਹੇਰੇ ਨੇ ਉਹ ਨੂੰ ਨਾ ਬੁਝਾਇਆ।
6 ਪਰਮੇਸ਼ੁਰ ਦੀ ਵੱਲੋਂ ਯੂਹੰਨਾ ਨਾਮੇ ਇੱਕ ਮਨੁੱਖ ਭੇਜਿਆ ਹੋਇਆ ਸੀ।
7 ਇਹ ਸਾਖੀ ਦੇ ਲਈ ਆਇਆ ਭਈ ਚਾਨਣ ਉੱਤੇ ਸਾਖੀ ਦੇਵੇ ਤਾਂ ਜੋ ਸਭ ਲੋਕ ਉਹ ਦੇ ਰਾਹੀਂ ਨਿਹਚਾ ਕਰਨ।
8 ਉਹ ਆਪ ਤਾਂ ਚਾਨਣ ਨਹੀਂ ਸੀ ਪਰ ਉਹ ਚਾਨਣ ਉੱਤੇ ਸਾਖੀ ਦੇਣ ਆਇਆ ਸੀ।
9 ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ।
10 ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ।
11 ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ।
12 ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿੰਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ।
13 ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ।
14 ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ।
15 ਯੂਹੰਨਾ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਪੁਕਾਰ ਕੇ ਆਖਿਆ, ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਿਆ ਕਿ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਸੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ।
16 ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ।
17 ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਯਿਸੂ ਮਸੀਹ ਤੋਂ ਪਹੁੰਚੀ
18 ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ ਇਕਲੌਤਾ ਪੁੱਤ੍ਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਹ ਨੂੰ ਪਰਗਟ ਕੀਤਾ।
19 ਯੂਹੰਨਾ ਦੀ ਇਹ ਸਾਖੀ ਹੈ ਜਦ ਯਹੂਦੀਆਂ ਨੇ ਯਰੂਸ਼ਲਮ ਤੋਂ ਜਾਜਕਾਂ ਅਤੇ ਲੇਵੀਆਂ ਨੂੰ ਉਹ ਦੇ ਕੋਲ ਘੱਲਿਆ ਭਈ ਉਸ ਤੋਂ ਪੁੱਛਣ, ਤੂੰ ਕੌਣ ਹੈਂ?
20 ਤਦ ਉਸ ਨੇ ਮੰਨ ਲਿਆ ਅਤੇ ਮੁੱਕਰਿਆ ਨਾ ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ।
21 ਤਾਂ ਉਨ੍ਹਾਂ ਨੇ ਉਸ ਤੋਂ ਪੁੱਛਿਆ, ਫੇਰ ਕੀ ਤੂੰ ਏਲੀਯਾਹ ਹੈਂ ? ਉਸ ਨੇ ਆਖਿਆ, ਮੈਂ ਨਹੀਂ ਹਾਂ। ਭਲਾ, ਤੂੰ ਉਹ ਨਬੀ ਹੈਂ ? ਤਾਂ ਉਸ ਨੇ ਉੱਤਰ ਦਿੱਤਾ, ਨਹੀਂ।
22 ਉਪਰੰਤ ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਤੂੰ ਕੌਣ ਹੈਂ ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ? ਤੂੰ ਆਪਣੇ ਵਿਖੇ ਕੀ ਆਖਦਾ ਹੈਂ?
23 ਉਸ ਨੇ ਕਿਹਾ ਕਿ ਜਿਸ ਪਰਕਾਰ ਯਸਾਯਾਹ ਨਬੀ ਨੇ ਆਖਿਆ, ਮੈਂ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼ ਹਾਂ ਕਿ ਪ੍ਰਭੁ ਦਾ ਰਸਤਾ ਸਿੱਧਾ ਕਰੋ।
24 ਅਤੇ ਓਹ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ।
25 ਫੇਰ ਉਨ੍ਹਾਂ ਨੇ ਉਸ ਤੋਂ ਪੁੱਛ ਕੇ ਉਸ ਨੂੰ ਕਿਹਾ, ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ, ਨਾ ਉਹ ਨਬੀ, ਤਾਂ ਫੇਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?
26 ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਜਲ ਨਾਲ ਬਪਤਿਸਮਾ ਦਿੰਦਾ ਹਾਂ ਪਰ ਤੁਹਾਡੇ ਵਿਚਕਾਰ ਇੱਕ ਖਲੋਤਾ ਹੈ ਜਿਹ ਨੂੰ ਤੁਸੀਂ ਨਹੀਂ ਪਛਾਣਦੇ।
27 ਉਹੀ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਜਿਹ ਦੀ ਜੁੱਤੀ ਦਾ ਤਸਮਾ ਮੈਂ ਖੋਲ੍ਹਣ ਦੇ ਜੋਗ ਨਹੀਂ ਹਾਂ।
28 ਏਹ ਗੱਲਾਂ ਯਰਦਨ ਦੇ ਪਾਰ ਬੈਤਅਨੀਆ ਵਿੱਚ ਹੋਈਆਂ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ।
29 ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!
30 ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਦਾ ਸਾਂ ਕਿ ਮੇਰੇ ਮਗਰੋਂ ਇੱਕ ਪੁਰਸ਼ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ।
31 ਮੈਂ ਤਾਂ ਉਹ ਨੂੰ ਨਹੀਂ ਜਾਣਦਾ ਸਾਂ ਪਰ ਮੈਂ ਜਲ ਨਾਲ ਬਪਤਿਸਮਾ ਇਸ ਲਈ ਦਿੰਦਾ ਆਇਆ ਭਈ ਉਹ ਇਸਰਾਏਲ ਉੱਤੇ ਪਰਗਟ ਹੋਵੇ।
32 ਯੂਹੰਨਾ ਨੇ ਇਹ ਸਾਖੀ ਦੇ ਕੇ ਆਖਿਆ ਕਿ ਮੈਂ ਆਤਮਾ ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ।
33 ਅਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇਂ ਇਹ ਉਹੋ ਹੈ ਜੋ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ।
34 ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।
35 ਦੂਜੇ ਦਿਨ ਯੂਹੰਨਾ ਅਤੇ ਉਹ ਦੇ ਚੇਲਿਆਂ ਵਿੱਚੋਂ ਦੋ ਜਣੇ ਖਲੋਤੇ ਹੋਏ ਸਨ।
36 ਅਤੇ ਉਸ ਨੇ ਯਿਸੂ ਨੂੰ ਤੁਰਿਆ ਜਾਂਦਾ ਵੇਖ ਕੇ ਆਖਿਆ, ਵੇਖੋ ਪਰਮੇਸ਼ੁਰ ਦਾ ਲੇਲਾ!
37 ਤਾਂ ਓਹ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਮਗਰ ਤੁਰ ਪਏ।
38 ਤਾਂ ਯਿਸੂ ਨੇ ਪਿਛਾਹਾਂ ਮੁੜ ਕੇ ਅਤੇ ਉਨ੍ਹਾਂ ਨੂੰ ਮਗਰ ਆਉਂਦੇ ਵੇਖ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਭਾਲਦੇ ਹੋ? ਉਹਨਾਂ ਉਸਨੂੰ ਆਖਿਆ, ਹੇ ਰੱਬੀ! (ਅਰਥਾਤ ਹੇ ਗੁਰੂ!), ਤੁਸੀਂ ਕਿੱਥੇ ਟਿਕਦੇ ਹੋ ?
39 ਉਸ ਨੇ ਉਨ੍ਹਾਂ ਨੂੰ ਆਖਿਆ, ਆਓ ਤਾਂ ਵੇਖੋਗੇ। ਸੋ ਓਹ ਗਏ ਅਰ ਜਿੱਥੇ ਉਹ ਰਹਿੰਦਾ ਸੀ ਵੇਖਿਆ ਅਤੇ ਉਸ ਦਿਨ ਉਹ ਦੇ ਸੰਗ ਰਹੇ। ਉਸ ਵੇਲੇ ਸਵਾ ਤਿੰਨਕੁ ਪਹਿਰ ਦਿਨ ਗਿਆ ਸੀ।
40 ਉਨ੍ਹਾਂ ਦੋਹਾਂ ਵਿੱਚੋਂ ਜਿਨ੍ਹਾਂ ਨੇ ਯੂਹੰਨਾ ਦੀ ਗੱਲ ਸੁਣੀ ਅਤੇ ਯਿਸੂ ਦੇ ਮਗਰ ਹੋ ਤੁਰੇ ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ।
41 ਉਸ ਨੇ ਆਪਣੇ ਸਕੇ ਭਰਾ ਸ਼ਮਊਨ ਨੂੰ ਪਹਿਲਾਂ ਲੱਭ ਕੇ ਉਹ ਨੂੰ ਕਿਹਾ ਕਿ ਅਸਾਂ ਮਸੀਹ ਨੂੰ ਅਰਥਾਤ ਖ੍ਰਿਸਟੁਸ ਨੂੰ ਲੱਭ ਲਿਆ ਹੈ!
42 ਉਹ ਉਸ ਨੂੰ ਯਿਸੂ ਕੋਲ ਲਿਆਇਆ ਅਤੇ ਯਿਸੂ ਨੇ ਉਸ ਉੱਤੇ ਦ੍ਰਿਸ਼ਟ ਕਰ ਕੇ ਕਿਹਾ ਜੋ ਤੂੰ ਯੂਹੰਨਾ ਦਾ ਪੁੱਤ੍ਰ ਸ਼ਮਊਨ ਹੈਂ, ਤੂੰ ਕੇਫ਼ਾਸ ਅਰਥਾਤ ਪਤਰਸ ਸਦਾਵੇਂਗਾ।
43 ਅਗਲੇ ਭਲਕ ਯਿਸੂ ਨੇ ਚਾਹਿਆ ਜੋ ਉੱਥੋਂ ਨਿੱਕਲ ਕੇ ਗਲੀਲ ਵਿੱਚ ਜਾਵੇ। ਤਾਂ ਫ਼ਿਲਿੱਪੁਸ ਨੂੰ ਲੱਭ ਕੇ ਉਹ ਨੂੰ ਆਖਿਆ ਭਈ ਮੇਰੇ ਪਿੱਛੇ ਹੋ ਤੁਰ।
44 ਅਤੇ ਫ਼ਿਲਿੱਪੁਸ ਬੈਤਸੈਦੇ ਦਾ ਸੀ ਜੋ ਅੰਦ੍ਰਿਯਾਸ ਅਰ ਪਤਰਸ ਦਾ ਨਗਰ ਹੈ।
45 ਫ਼ਿਲਿੱਪੁਸ ਨੇ ਨਥਾਨਿਏਲ ਨੂੰ ਲੱਭ ਕੇ ਉਹ ਨੂੰ ਆਖਿਆ ਕਿ ਜਿਹ ਦੇ ਵਿਖੇ ਮੂਸਾ ਨੇ ਤੁਰੇਤ ਵਿੱਚ ਅਤੇ ਨਬੀਆਂ ਨੇ ਲਿਖਿਆ ਸੋ ਅਸਾਂ ਉਸ ਨੂੰ ਲੱਭ ਪਿਆ ਹੈ, ਉਸ ਯੂਸੁਫ਼ ਦਾ ਪੁੱਤ੍ਰ ਯਿਸੂ ਨਾਸਰਤ ਦਾ ਹੈ।
46 ਤਾਂ ਨਥਾਨਿਏਲ ਨੇ ਉਸ ਨੂੰ ਆਖਿਆ, ਭਲਾ, ਨਾਸਰਤ ਵਿੱਚੋਂ ਕੋਈ ਉੱਤਮ ਵਸਤੁ ਨਿੱਕਲ ਸੱਕਦੀ ਹੈ? ਫ਼ਿਲਿੱਪੁਸ ਨੇ ਉਹ ਨੂੰ ਆਖਿਆ, ਆ ਤੇ ਵੇਖ।
47 ਯਿਸੂ ਨੇ ਨਥਾਨਿਏਲ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਹ ਦੇ ਵਿਖੇ ਆਖਿਆ, ਵੇਖੋ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ।
48 ਨਥਾਨਿਏਲ ਨੇ ਉਸ ਨੂੰ ਆਖਿਆ, ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ ? ਯਿਸੂ ਨੇ ਉਹ ਨੂੰ ਉੱਤਰ ਦਿੱਤਾ ਭਈ ਉਸ ਤੋਂ ਪਹਿਲਾਂ ਜੋ ਫ਼ਿਲਿੱਪੁਸ ਨੇ ਤੈਨੂੰ ਸੱਦਿਆ ਜਾਂ ਤੂੰ ਹੰਜੀਰ ਦੇ ਬਿਰਛ ਹੇਠ ਸੈਂ, ਮੈਂ ਤੈਨੂੰ ਡਿੱਠਾ। 49 ਨਥਾਨਿਏਲ ਨੇ ਉਸ ਨੂੰ ਉੱਤਰ ਦਿੱਤਾ, ਸੁਆਮੀ ਜੀ ਤੁਸੀਂ ਪਰਮੇਸ਼ੁਰ ਦੇ ਪੁੱਤ੍ਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ !
50 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸ ਲਈ ਨਿਹਚਾ ਕਰਦਾ ਹੈਂ ਜੋ ਮੈਂ ਤੈਨੂੰ ਕਿਹਾ ਕਿ ਹੰਜੀਰ ਦੇ ਬਿਰਛ ਹੇਠ ਮੈਂ ਤੈਨੂੰ ਵੇਖਿਆ ? ਤੂੰ ਇਨ੍ਹਾਂ ਨਾਲੋਂ ਵੱਡੀਆਂ ਗੱਲਾਂ ਵੇਖੇਂਗਾ!
51 ਫੇਰ ਉਸ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਤੁਸੀਂ ਅਕਾਸ਼ ਨੂੰ ਖੁਲ੍ਹਾ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਪੁੱਤ੍ਰ ਉੱਤੇ ਚੜ੍ਹਦੇ ਅਤੇ ਉੱਤਰਦੇ ਵੇਖੋਗੇ।
ਕਾਂਡ 2

1 ਤੀਏ ਦਿਨ ਕਾਨਾ ਵਿੱਚ ਇੱਕ ਵਿਆਹ ਹੋਇਆ ਅਤੇ ਯਿਸੂ ਦੀ ਮਾਤਾ ਉੱਥੇ ਸੀ।
2 ਯਿਸੂ ਅਰ ਉਹ ਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ।
3 ਜਾਂ ਮੈ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਕੋਲ ਮੈ ਨਾ ਰਹੀ।
4 ਯਿਸੂ ਨੇ ਉਹ ਨੂੰ ਆਖਿਆ, ਬੀਬੀ ਜੀ, ਮੈਨੂੰ ਤੈਨੂੰ ਕੀ ? ਮੇਰਾ ਸਮਾ ਅਜੇ ਨਹੀਂ ਆਇਆ।
5 ਉਸ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ।
6 ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ ਛੇ ਮੱਟ ਉੱਥੇ ਧਰੇ ਹੋਏ ਸਨ ਜੋ ਹਰੇਕ ਵਿੱਚ ਦੋ ਯਾ ਤਿੰਨ ਮਣ ਜਲ ਪੈਂਦਾ ਸੀ।
7 ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੱਟਾਂ ਵਿੱਚ ਜਲ ਭਰੋ। ਸੋ ਉਨ੍ਹਾਂ ਨੇ ਮੱਟ ਨੱਕੋ ਨੱਕ ਭਰ ਦਿੱਤੇ।
8 ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਹੁਣ ਕੱਢੋ ਅਤੇ ਸਭਾ ਦੇ ਪਰਧਾਨ ਕੋਲ ਲੈ ਜਾਓ। ਸੋ ਓਹ ਲੈ ਗਏ।
9 ਜਾਂ ਸਭਾ ਦੇ ਪਰਧਾਨ ਨੇ ਉਹ ਜਲ ਜਿਹੜਾ ਮੈਂ ਬਣ ਗਿਆ ਸੀ ਚੱਖਿਆ ਅਰ ਨਾ ਜਾਤਾ ਜੋ ਇਹ ਕਿੱਥੋਂ ਹੈ ਪਰ ਟਹਿਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ ਤਾਂ ਸਭਾ ਦੇ ਪਰਧਾਨ ਨੇ ਲਾੜੇ ਨੂੰ ਸੱਦ ਕੇ।
10 ਉਹ ਨੂੰ ਆਖਿਆ, ਹਰੇਕ ਮਨੁੱਖ ਪਹਿਲਾਂ ਅੱਛੀ ਮੈ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ, ਪਰ ਤੈਂ ਅੱਛੀ ਮੈ ਹੁਣ ਤੀਕਰ ਰੱਖ ਛੱਡੀ ਹੈ!
11 ਇਹ ਨਿਸ਼ਾਨਾਂ ਦਾ ਆਰੰਭ ਸੀ ਜਿਹੜਾ ਯਿਸੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣਾ ਤੇਜ ਪਰਗਟ ਕੀਤਾ, ਅਰ ਉਹ ਦੇ ਚੇਲਿਆਂ ਨੇ ਉਸ ਉੱਤੇ ਨਿਹਚਾ ਕੀਤੀ।
12 ਇਹ ਦੇ ਪਿੱਛੋਂ ਉਹ ਅਰ ਉਸ ਦੀ ਮਾਤਾ ਅਤੇ ਉਸ ਦੇ ਭਰਾ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਨੂੰ ਗਏ ਅਤੇ ਉੱਥੇ ਕੁਝ ਦਿਨ ਟਿਕੇ।
13 ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਤਾਂ ਯਿਸੂ ਯਰੂਸ਼ਲਮ ਨੂੰ ਗਿਆ।
14 ਅਰ ਉਸ ਨੇ ਹੈਕਲ ਵਿੱਚ ਡੰਗਰਾਂ ਅਤੇ ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਰ ਸਰਾਫ਼ਾਂ ਨੂੰ ਬੈਠੇ ਵੇਖਿਆ।
15 ਉਪਰੰਤ ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਸਭਨਾਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ, ਨਾਲੇ ਭੇਡਾਂ, ਨਾਲੇ ਡੰਗਰ ਅਤੇ ਸਰਾਫ਼ਾਂ ਦੀ ਰੋਕੜ ਖਿੰਡਾ ਦਿੱਤੀ ਅਤੇ ਤਖ਼ਤਪੋਸ਼ ਉਲਟਾ ਸੁੱਟੇ।
16 ਅਰ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ ! ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ!
17 ਅਰ ਉਹ ਦੇ ਚੇਲਿਆਂ ਨੂੰ ਚੇਤੇ ਆਇਆ ਜੋ ਇਉਂ ਲਿਖਿਆ ਹੋਇਆ ਹੈ ਕਿ ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਜਾਵੇਗੀ।
18 ਉਪਰੰਤ ਯਹੂਦੀਆਂ ਨੇ ਅੱਗੋਂ ਉਸ ਨੂੰ ਆਖਿਆ, ਤੂੰ ਕਿਹੜੀ ਨਿਸ਼ਾਨ ਸਾਨੂੰ ਵਿਖਾਲਦਾ ਹੈਂ ਜੋ ਏਹ ਕੰਮ ਕਰਦਾ ਹੈਂ?
19 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਸ ਹੈਕਲ ਨੂੰ ਢਾਹ ਸੁੱਟੋ ਤਾਂ ਮੈਂ ਤਿੰਨਾਂ ਦਿਨਾਂ ਵਿੱਚ ਇਹ ਨੂੰ ਖੜਾ ਕਰ ਦਿਆਂਗਾ।
20 ਤਦ ਯਹੂਦੀਆਂ ਨੇ ਕਿਹਾ, ਛਿਤਾਹਲੀਆਂ ਵਰਿਹਾਂ ਵਿੱਚ ਇਹ ਹੈਕਲ ਬਣੀ ਸੀ, ਫੇਰ ਕੀ ਤੂੰ ਇਹ ਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰੇਂਗਾ?
21 ਪਰ ਉਸ ਨੇ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ।
22 ਸੋ ਜਾਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਚੇਲਿਆਂ ਨੂੰ ਚੇਤੇ ਆਇਆ ਜੋ ਉਸ ਨੇ ਇਹ ਆਖਿਆ ਸੀ ਅਤੇ ਉਨ੍ਹਾਂ ਨੇ ਉਸ ਲਿਖਤ ਦੀ ਅਤੇ ਉਸ ਬਚਨ ਦੀ ਜੋ ਯਿਸੂ ਨੇ ਕਿਹਾ ਸੀ ਪਰਤੀਤ ਕੀਤੀ।
23 ਜਾਂ ਉਹ ਪਸਾਹ ਦੇ ਤਿਉਹਾਰ ਦੇ ਵੇਲੇ ਯਰੂਸ਼ਲਮ ਵਿੱਚ ਸੀ ਤਾਂ ਬਹੁਤ ਲੋਕਾਂ ਨੇ ਉਨ੍ਹਾਂ ਨਿਸ਼ਾਨਾਂ ਨੂੰ ਜਿਹੜੇ ਉਸ ਨੇ ਵਿਖਾਏ ਸਨ ਵੇਖ ਕੇ ਉਹ ਦੇ ਨਾਮ ਉੱਤੇ ਨਿਹਚਾ ਕੀਤੀ।
24 ਪਰ ਯਿਸੂ ਨੇ ਆਪ ਨੂੰ ਉਨ੍ਹਾਂ ਦੇ ਹੱਥ ਵਿੱਚ ਨਾ ਸੌਂਪਿਆ ਇਸ ਲਈ ਜੋ ਉਹ ਸਭਨਾਂ ਨੂੰ ਜਾਣਦਾ ਸੀ।
25 ਅਤੇ ਉਹ ਨੂੰ ਇਹ ਲੋੜ ਨਹੀਂ ਸੀ ਕਿ ਮਨੁੱਖ ਦੇ ਵਿਖੇ ਕੋਈ ਸਾਖੀ ਦੇਵੇ ਕਿਉਂਕਿ ਉਹ ਆਪੇ ਜਾਣਦਾ ਸੀ ਭਈ ਮਨੁੱਖ ਦੇ ਅੰਦਰ ਕੀ ਹੈ।
ਕਾਂਡ 3

1 ਫ਼ਰੀਸੀਆਂ ਵਿੱਚੋਂ ਨਿਕੁਦੇਮੁਸ ਨਾਉਂ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ।
2 ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਸੁਆਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ੁਰ ਦੀ ਵੱਲੋਂ ਆਏ ਹੋ ਕਿਉਂਕਿ ਏਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਭੀ ਨਹੀਂ ਵਿਖਾ ਸੱਕਦਾ ਜੇ ਪਰਮੇਸ਼ੁਰ ਉਹ ਦੇ ਨਾਲ ਨਾ ਹੋਵੇ।
3 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।
4 ਨਿਕੁਦੇਮੁਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿੱਕਰ ਜੰਮ ਸੱਕਦਾ ਹੈ ? ਕੀ ਇਹ ਹੋ ਸੱਕਦਾ ਹੈ ਜੋ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਈ ਵਾਰ ਜਾਵੇ ਅਤੇ ਜੰਮੇ?
5 ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ।
6 ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ।
7 ਅਚਰਜ ਨਾ ਮੰਨੀਂ ਜੋ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਜੰਮਣਾ ਜਰੂਰ ਹੈ।
8 ਪੌਣ ਜਿੱਧਰ ਚਾਹੁੰਦੀ ਹੈ ਵਗਦੀ ਹੈ ਅਤੇ ਤੂੰ ਉਹ ਦੀ ਅਵਾਜ਼ ਸੁਣਦਾ ਹੈਂ ਪਰ ਇਹ ਨਹੀਂ ਜਾਣਦਾ ਜੋ ਉਹ ਕਿੱਧਰੋਂ ਆਈ ਅਤੇ ਕਿੱਧਰ ਨੂੰ ਜਾਂਦੀ ਹੈ। ਹਰ ਕੋਈ ਜੋ ਆਤਮਾ ਤੋਂ ਜੰਮਿਆ ਸੋ ਇਹੋ ਜਿਹਾ ਹੈ।
9 ਨਿਕੁਦੇਮੁਸ ਨੇ ਉਸ ਨੂੰ ਉੱਤਰ ਦਿੱਤਾ, ਏਹ ਗੱਲਾਂ ਕਿੱਕਰ ਹੋ ਸੱਕਦੀਆਂ ਹਨ?
10 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸਰਾਏਲ ਦਾ ਗੁਰੂ ਹੋਕੇ ਏਹ ਗੱਲਾਂ ਨਹੀਂ ਸਮਝਦਾ?
11 ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਿਹੜੀ ਗੱਲ ਅਸੀਂ ਜਾਣਦੇ ਹਾਂ ਸੋਈ ਕਹਿੰਦੇ ਹਾਂ ਅਤੇ ਜੋ ਅਸਾਂ ਵੇਖਿਆ ਹੈ ਉਸੇ ਦੀ ਸਾਖੀ ਦਿੰਦੇ ਹਾਂ ਅਰ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ।
12 ਜਦ ਮੈਂ ਤੁਹਾਨੂੰ ਸੰਸਾਰੀ ਗੱਲਾਂ ਦੱਸੀਆਂ ਅਤੇ ਤੁਸਾਂ ਪਰਤੀਤ ਨਾ ਕੀਤੀ ਫੇਰ ਜੇ ਮੈਂ ਤੁਹਾਨੂੰ ਸੁਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿੱਕਰ ਪਰਤੀਤ ਕਰੋਗੇ?
13 ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ।
14 ਜਿਸ ਤਰਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਇਸੇ ਤਰਾਂ ਜਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਵੀ ਉੱਚਾ ਕੀਤਾ ਜਾਵੇ।
15 ਭਈ ਜੋ ਕੋਈ ਨਿਹਚਾ ਕਰੇ ਸੋ ਉਸ ਵਿੱਚ ਸਦੀਪਕ ਜੀਉਣ ਪ੍ਰਾਪਤ ਕਰੇ।
16 ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।
17 ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ।
18 ਜਿਹੜਾ ਉਸ ਉੱਤੇ ਨਿਹਚਾ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ ਪਰ ਜਿਹੜਾ ਨਿਹਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤ੍ਰ ਦੇ ਨਾਮ ਉੱਤੇ ਨਿਹਚਾ ਨਹੀਂ ਕੀਤੀ ਹੈ।
19 ਅਤੇ ਦੋਸ਼ੀ ਟਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਕੰਮ ਭੈੜੇ ਸਨ ਅਨ੍ਹੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ।
20 ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਐਉਂ ਨਾ ਹੋਵੇ ਜੋ ਉਹ ਦੇ ਕੰਮ ਜ਼ਾਹਰ ਹੋਣ।
21 ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹ ਦੇ ਕੰਮ ਪਰਗਟ ਹੋਣ ਭਈ ਓਹ ਪਰਮੇਸ਼ੁਰ ਵਿੱਚ ਕੀਤੇ ਹੋਏ ਹਨ।
22 ਇਹ ਦੇ ਪਿੱਛੋਂ ਯਿਸੂ ਅਤੇ ਉਹ ਦੇ ਚੇਲੇ ਯਹੂਦਿਯਾ ਦੇ ਦੇਸ ਵਿੱਚ ਆਏ ਅਰ ਉਹ ਉੱਥੇ ਉਨ੍ਹਾਂ ਦੇ ਨਾਲ ਟਿਕਿਆ ਅਤੇ ਬਪਤਿਸਮਾ ਦਿੰਦਾ ਰਿਹਾ।
23 ਯੂਹੰਨਾ ਵੀ ਸਲੀਮ ਦੇ ਨੇੜੇ ਐਨੋਨ ਵਿੱਚ ਬਪਤਿਸਮਾ ਦਿੰਦਾ ਸੀ ਕਿਉਂਕਿ ਉੱਥੇ ਜਲ ਬਹੁਤ ਸੀ ਅਤੇ ਲੋਕ ਆਉਂਦੇ ਅਤੇ ਬਪਤਿਸਮਾ ਲੈਂਦੇ ਸਨ।
24 ਯੂਹੰਨਾ ਅਜੇ ਤਾਂ ਕੈਦ ਵਿੱਚ ਨਹੀਂ ਸੁੱਟਿਆ ਗਿਆ ਸੀ।
25 ਤਦੋਂ ਯੂਹੰਨਾ ਦੇ ਚੇਲਿਆਂ ਦਾ ਕਿਸੇ ਯਹੂਦੀ ਨਾਲ ਸ਼ੁੱਧ ਅਸ਼ੁੱਧ ਹੋਣ ਦੇ ਵਿਖੇ ਵਾਦ ਹੋਇਆ।
26 ਅਤੇ ਉਨ੍ਹਾਂ ਨੇ ਯੂਹੰਨਾ ਕੋਲ ਆਣ ਕੇ ਉਹ ਨੂੰ ਕਿਹਾ, ਸੁਆਮੀ ਜੀ ਜਿਹੜਾ ਯਰਦਨ ਦੇ ਪਾਰ ਤੇਰੇ ਨਾਲ ਸੀ ਜਿਹ ਦੇ ਉੱਤੇ ਤੈਂ ਸਾਖੀ ਦਿੱਤੀ ਸੋ ਵੇਖ ਉਹ ਬਪਤਿਸਮਾ ਦਿੰਦਾ ਹੈ ਅਤੇ ਸਭ ਲੋਕ ਉਹ ਦੇ ਕੋਲ ਆਉਂਦੇ ਹਨ।
27 ਯੂਹੰਨਾ ਨੇ ਉੱਤਰ ਦਿੱਤਾ ਕਿ ਮਨੁੱਖ ਜੇ ਉਹ ਨੂੰ ਸੁਰਗੋਂ ਦਿੱਤਾ ਨਾ ਜਾਵੇ ਤਾਂ ਕੁਝ ਨਹੀਂ ਪਾ ਸੱਕਦਾ।
28 ਤੁਸੀਂ ਆਪ ਮੇਰੇ ਲਈ ਸਾਖੀ ਦਿੰਦੇ ਹੋ ਜੋ ਮੈਂ ਆਖਿਆ ਕਿ ਮੈਂ ਮਸੀਹ ਨਹੀਂ ਪਰ ਉਹ ਦੇ ਅੱਗੇ ਭੇਜਿਆ ਹੋਇਆ ਹਾਂ।
29 ਜਿਹ ਦੀ ਵਹੁਟੀ ਹੈ ਉਹੋ ਲਾੜਾ ਹੁੰਦਾ ਹੈ ਪਰ ਲਾੜੇ ਦਾ ਮਿੱਤਰ ਜੋ ਖੜੋ ਕੇ ਉਹ ਦੀ ਸੁਣਦਾ ਹੈ ਲਾੜੇ ਦੀ ਅਵਾਜ਼ ਨਾਲ ਉਹ ਵੱਡਾ ਅਨੰਦ ਹੁੰਦਾ ਹੈ ਸੋ ਮੇਰਾ ਇਹ ਅਨੰਦ ਪੂਰਾ ਹੋਇਆ।
30 ਜਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ।
31 ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ਜਿਹੜਾ ਧਰਤੀਓਂ ਹੁੰਦਾ ਹੈ ਉਹ ਧਰਤੀ ਹੀ ਦਾ ਹੈ ਅਤੇ ਧਰਤੀ ਦੀ ਬੋਲਦਾ ਹੈ। ਜਿਹੜਾ ਸੁਰਗੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ।
32 ਜੋ ਕੁਝ ਉਹ ਨੇ ਵੇਖਿਆ ਅਤੇ ਸੁਣਿਆ ਹੈ ਉਹ ਉਸ ਦੀ ਸਾਖੀ ਦਿੰਦਾ ਹੈ ਅਤੇ ਉਹ ਦੀ ਸਾਖੀ ਕੋਈ ਨਹੀਂ ਮੰਨਦਾ।
33 ਜਿਸ ਨੇ ਉਹ ਦੀ ਸਾਖੀ ਮੰਨ ਲਈ ਉਸ ਨੇ ਮੁ¯ਹਰ ਕੀਤੀ ਹੈ ਜੋ ਪਰਮੇਸ਼ੁਰ ਸਤ ਹੈ।
34 ਜਿਹ ਨੂੰ ਪਰਮੇਸ਼ੁਰ ਨੇ ਭੇਜਿਆ ਹੈ ਸੋ ਪਰਮੇਸ਼ੁਰ ਦੀਆਂ ਗੱਲਾਂ ਬੋਲਦਾ ਹੈ ਇਸ ਲਈ ਜੋ ਉਹ ਆਤਮਾ ਮਿਣ ਕੇ ਨਹੀਂ ਦਿੰਦਾ।
35 ਪਿਤਾ ਪੁੱਤ੍ਰ ਨਾਲ ਪਿਆਰ ਕਰਦਾ ਹੈ ਅਤੇ ਸੱਭੋ ਕੁਝ ਉਹ ਦੇ ਹੱਥ ਸੌਂਪ ਦਿੱਤਾ ਹੈ।
36 ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ।
ਕਾਂਡ 4

1 ਉਪਰੰਤ ਜਾਂ ਪ੍ਰਭੁ ਨੇ ਜਾਣਿਆ ਜੋ ਫ਼ਰੀਸੀਆਂ ਨੇ ਇਹ ਸੁਣਿਆ ਹੈ ਕਿ ਯਿਸੂ ਯੂਹੰਨਾ ਨਾਲੋਂ ਬਹੁਤੇ ਚੇਲੇ ਬਣਾਉਂਦਾ ਅਤੇ ਉਨ੍ਹਾਂ ਨੂੰ ਬਪਤਿਸਮਾ ਦਿੰਦਾ ਹੈ।
2 ਭਾਵੇਂ ਯਿਸੂ ਆਪੇ ਤਾਂ ਨਹੀਂ ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ।
3 ਤਦੋਂ ਉਹ ਯਹੂਦਿਯਾ ਨੂੰ ਛੱਡ ਕੇ ਫਿਰ ਗਲੀਲ ਵਿੱਚ ਗਿਆ।
4 ਅਤੇ ਉਸ ਨੂੰ ਸਾਮਰਿਯਾ ਦੇ ਵਿੱਚੋਂ ਦੀ ਲੰਘਣਾ ਪਿਆ।
5 ਉਹ ਸੁਖਾਰ ਨਾਮੇ ਸਾਮਰਿਯਾ ਦੇ ਇੱਕ ਨਗਰ ਦੇ ਕੋਲ ਆਇਆ ਜੋ ਉਸ ਜਿਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤ੍ਰ ਯੂਸੁਫ਼ ਨੂੰ ਦਿੱਤੀ।
6 ਅਰ ਉੱਥੇ ਯਾਕੂਬ ਦਾ ਖੂਹ ਹੈਸੀ ਸੋ ਯਿਸੂ ਪੈਂਡੇ ਤੋਂ ਥੱਕ ਕੇ ਉਸ ਖੂਹ ਉੱਤੇ ਐਵੇਂ ਬੈਠ ਗਿਆ। ਉਹ ਦੁਪਹਿਰਕੁ ਦਾ ਵੇਲਾ ਸੀ।
7 ਤਦ ਸਾਮਰਿਯਾ ਦੀ ਇੱਕ ਤੀਵੀਂ ਪਾਣੀ ਭਰਨੇ ਆਈ। ਯਿਸੂ ਨੇ ਉਹ ਨੂੰ ਆਖਿਆ, ਮੈਨੂੰ ਜਲ ਪਿਆ।
8 ਕਿਉਂ ਜੋ ਉਸ ਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਹੋਏ ਸਨ।
9 ਤਾਂ ਉਸ ਸਾਮਰੀ ਤੀਵੀਂ ਨੇ ਉਸ ਨੂੰ ਆਖਿਆ, ਭਲਾ, ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀਂ ਹਾਂ ਪੀਣ ਨੂੰ ਕਿਵੇਂ ਮੰਗਦਾ ਹੈਂ? ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ।
10 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ੁਰ ਦੀ ਬਖ਼ਸ਼ਿਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਪਿਆ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ।
11 ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਤੇਰੇ ਕੋਲ ਕੋਈ ਡੋਲ ਭੀ ਨਹੀਂ ਹੈ ਅਤੇ ਨਾਲੇ ਖੂਹ ਭੀ ਡੂੰਘਾ ਹੈ ਫੇਰ ਅੰਮ੍ਰਿਤ ਜਲ ਤੈਨੂੰ ਕਿੱਥੋਂ ਮਿਲਿਆ ਹੈ?
12 ਭਲਾ, ਤੂੰ ਸਾਡੇ ਪਿਤਾ ਯਾਕੂਬ ਤੋਂ ਵੱਡਾ ਹੈਂ ਜਿਹ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਹ ਨੇ ਆਪ, ਨਾਲੇ ਉਹ ਦੇ ਪੁੱਤ੍ਰਾਂ ਅਤੇ ਉਹ ਦੇ ਪਸੂਆਂ ਨੇ ਇਸ ਵਿੱਚੋਂ ਪੀਤਾ?
13 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫੇਰ ਤਿਹਾਇਆ ਹੋਵੇਗਾ।
14 ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ।
15 ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਇਹ ਜਲ ਮੈਨੂੰ ਦਿਓ ਜੋ ਮੈਂ ਤਿਹਾਈ ਨਾ ਹੋਵਾਂ, ਨਾ ਐਥੇ ਤਾਈਂ ਭਰਨ ਨੂੰ ਆਇਆ ਕਰਾਂ।
16 ਯਿਸੂ ਨੇ ਉਹ ਨੂੰ ਆਖਿਆ, ਜਾਹ ਆਪਣੇ ਪਤੀ ਨੂੰ ਐੱਥੇ ਸੱਦ ਲਿਆ।
17 ਤੀਵੀਂ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰਾ ਪਤੀ ਹੈ ਨਹੀਂ। ਯਿਸੂ ਨੇ ਉਹ ਨੂੰ ਆਖਿਆ, ਤੈਂ ਠੀਕ ਆਖਿਆ ਜੋ ਮੇਰਾ ਪਤੀ ਹੈ ਨਹੀਂ।
18 ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ, ਤੈਂ ਇਹ ਸੱਤ ਆਖਿਆ ਹੈ!
19 ਤੀਵੀਂ ਨੇ ਉਸ ਨੂੰ ਕਿਹਾ, ਪ੍ਰਭੁ ਜੀ ਮੈਨੂੰ ਸੁੱਝਦਾ ਹੈ ਜੋ ਤੁਸੀਂ ਨਬੀ ਹੋ।
20 ਸਾਡੇ ਪਿਉ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ।
21 ਯਿਸੂ ਨੇ ਉਹ ਨੂੰ ਆਖਿਆ, ਹੇ ਬੀਬੀ, ਤੂੰ ਮੇਰੀ ਪਰਤੀਤ ਕਰ ਕਿ ਉਹ ਸਮਾ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ।
22 ਤੁਸੀਂ ਜਿਹ ਨੂੰ ਨਹੀਂ ਜਾਣਦੇ ਉਹ ਦੀ ਭਗਤੀ ਕਰਦੇ ਹੋ। ਅਸੀਂ ਉਹ ਦੀ ਭਗਤੀ ਕਰਦੇ ਹਾਂ ਜਿਹ ਨੂੰ ਜਾਣਦੇ ਹਾਂ ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ।
23 ਪਰ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ।
24 ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।
25 ਤੀਵੀਂ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ ਜਿਹ ਨੂੰ ਖ੍ਰਿਸਟੁਸ ਕਰਕੇ ਸੱਦੀਦਾ ਹੈ। ਜਾਂ ਉਹ ਆਊਗਾ ਤਾਂ ਸਾਨੂੰ ਸੱਭੋ ਕੁਝ ਦੱਸੂ।
26 ਯਿਸੂ ਨੇ ਉਹ ਨੂੰ ਆਖਿਆ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੋ ਹੀ ਹਾਂ।
27 ਇੰਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਅਚਰਜ ਮੰਨਿਆ ਜੋ ਉਹ ਤੀਵੀਂ ਨਾਲ ਗੱਲਾਂ ਕਰਦਾ ਹੈ ਤਾਂ ਵੀ ਕਿਨੇ ਨਾ ਆਖਿਆ ਭਈ ਤੂੰ ਕੀ ਮੰਗਦਾ ਹੈਂ ਯਾ ਇਸ ਨਾਲ ਕਿਉਂ ਗੱਲਾਂ ਕਰਦਾ ਹੈਂ?
28 ਉਪਰੰਤ ਤੀਵੀਂ ਆਪਣਾ ਘੜਾ ਛੱਡ ਕੇ ਨਗਰ ਵਿੱਚ ਗਈ ਅਤੇ ਲੋਕਾਂ ਨੂੰ ਆਖਣ ਲੱਗੀ,
29 ਚੱਲੋ, ਇੱਕ ਮਨੁੱਖ ਨੂੰ ਵੇਖੋ ਜਿਹ ਨੇ ਜੋ ਕੁਝ ਮੈਂ ਕੀਤਾ ਹੈ ਸੱਭੋ ਮੈਨੂੰ ਦੱਸ ਦਿੱਤਾ ! ਇਹ ਕਿਤੇ ਮਸੀਹ ਤਾਂ ਨਹੀਂ ?
30 ਤਾਂ ਓਹ ਨਗਰੋਂ ਨਿੱਕਲ ਕੇ ਉਸ ਦੇ ਕੋਲ ਆਉਣ ਲੱਗੇ।
31 ਇੰਨੇ ਨੂੰ ਚੇਲਿਆਂ ਨੇ ਇਹ ਕਹਿ ਕੇ ਉਸ ਦੇ ਅੱਗੇ ਅਰਜ਼ ਕੀਤੀ ਕਿ ਸੁਆਮੀ ਜੀ, ਖਾਹ ਲੈ।
32 ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਖਾਣ ਲਈ ਮੇਰੇ ਕੋਲ ਭੋਜਨ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ
33 ਇਸ ਕਾਰਨ ਚੇਲੇ ਆਪਸ ਵਿੱਚ ਕਹਿਣ ਲੱਗੇ, ਕੀ ਕੋਈ ਇਹ ਦੇ ਖਾਣ ਲਈ ਕੁਝ ਲਿਆਇਆ ਹੈ ?
34 ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।
35 ਕੀ ਤੁਸੀਂ ਨਹੀਂ ਆਖਦੇ ਕਿ ਅਜੇ ਚਾਰ ਮਹੀਨੇ ਹਨ ਤਦ ਵਾਢੀ ਹੋਵੇਗੀ ? ਵੇਖੋ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ।
36 ਜਿਹੜਾ ਵੱਢਦਾ ਹੈ ਉਹ ਮਜੂਰੀ ਲੈਂਦਾ ਅਤੇ ਸਦੀਪਕ ਜੀਉਣ ਲਈ ਫਲ ਇਕੱਠਾ ਕਰਦਾ ਹੈ ਤਾਂ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਹੋਣ।
37 ਕਿਉਂ ਜੋ ਇਸ ਤੇ ਇਹ ਕਹਾਉਤ ਠੀਕ ਫੱਬਦੀ ਹੈ ਕਿ ਬੀਜੇ ਕੋਈ ਅਤੇ ਵੱਢੇ ਕੋਈ
38 ਜਿਹ ਦੇ ਵਿੱਚ ਤੁਸਾਂ ਮਿਹਨਤ ਨਾ ਕੀਤੀ ਉਹ ਦੇ ਵੱਢਣ ਨੂੰ ਮੈਂ ਤੁਹਾਨੂੰ ਘੱਲਿਆ। ਹੋਰਨਾਂ ਨੇ ਮਿਹਨਤ ਕੀਤੀ ਅਰ ਤੁਸੀਂ ਉਨ੍ਹਾਂ ਦੀ ਮਿਹਨਤ ਵਿੱਚ ਸਾਂਝੀ ਹੋਏ।
39 ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀਂ ਦੇ ਕਹਿਣੇ ਕਰਕੇ ਉਸ ਉੱਤੇ ਨਿਹਚਾ ਕੀਤੀ ਕਿ ਉਹ ਨੇ ਸਾਖੀ ਦਿੱਤੀ ਸੀ ਭਈ ਜੋ ਕੁਝ ਮੈਂ ਕੀਤਾ ਹੈ ਉਸ ਨੇ ਸੱਭੋ ਮੈਨੂੰ ਦੱਸ ਦਿੱਤਾ।
40 ਸੋ ਉਨ੍ਹਾਂ ਸਾਮਰੀਆਂ ਨੇ ਜਾਂ ਉਸ ਦੇ ਕੋਲ ਆਏ ਤਾਂ ਉਸ ਦੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲ ਹੀ ਰਹੋ। ਫੇਰ ਉਹ ਦੋ ਦਿਨ ਉੱਥੇ ਰਿਹਾ।
41 ਅਰ ਉਸ ਦੇ ਬਚਨ ਦੇ ਕਾਰਨ ਹੋਰ ਬਹੁਤਿਆਂ ਨੇ ਨਿਹਚਾ ਕੀਤੀ।
42 ਅਤੇ ਉਸ ਤੀਵੀਂ ਨੂੰ ਕਿਹਾ, ਹੁਣ ਜੋ ਅਸੀਂ ਨਿਹਚਾ ਕਰਦੇ ਹਾਂ ਸੋ ਤੇਰੇ ਕਹਿਣੇ ਕਰਕੇ ਨਹੀਂ ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ।
43 ਇਨ੍ਹਾਂ ਦੋਹਾਂ ਦਿਨਾਂ ਦੇ ਪਿੱਛੋਂ ਉਹ ਉੱਥੋਂ ਗਲੀਲ ਨੂੰ ਚੱਲਿਆ ਗਿਆ।
44 ਕਿਉਂਕਿ ਯਿਸੂ ਨੇ ਆਪ ਹੀ ਸਾਖੀ ਦਿੱਤੀ ਸੀ ਜੋ ਨਬੀ ਦਾ ਆਪਣੇ ਦੇਸ ਵਿੱਚ ਆਦਰ ਨਹੀਂ ਹੁੰਦਾ।
45 ਸੋ ਜਦ ਉਹ ਗਲੀਲ ਵਿੱਚ ਆਇਆ ਗਲੀਲੀਆਂ ਨੇ ਉਸ ਨੂੰ ਕਬੂਲ ਕੀਤਾ ਕਿਉਂਕਿ ਸਭ ਕੁਝ ਜੋ ਉਸ ਨੇ ਯਰੂਸ਼ਲਮ ਵਿੱਚ ਤਿਉਹਾਰ ਦੇ ਵੇਲੇ ਕੀਤਾ ਸੀ ਉਨ੍ਹਾਂ ਨੇ ਵੇਖਿਆ ਇਸ ਲਈ ਜੋ ਓਹ ਵੀ ਉਸ ਤਿਉਹਾਰ ਨੂੰ ਗਏ ਸਨ।
46 ਸੋ ਉਹ ਗਲੀਲ ਦੇ ਕਾਨਾ ਵਿੱਚ ਫੇਰ ਆਇਆ ਜਿੱਥੇ ਉਸ ਨੇ ਪਾਣੀ ਦੀ ਮੈ ਬਣਾਈ ਸੀ ਅਤੇ ਇੱਕ ਮੁਸਾਹਿਬ ਸੀ ਜਿਹ ਦਾ ਪੁੱਤ੍ਰ ਕਫਰਨਾਹੂਮ ਵਿੱਚ ਬਿਮਾਰ ਸੀ।
47 ਉਹ ਨੇ ਜਾਂ ਸੁਣਿਆ ਜੋ ਯਿਸੂ ਯਹੂਦਿਯਾ ਤੋਂ ਗਲੀਲ ਵਿੱਚ ਆਇਆ ਹੈ ਤਾਂ ਉਸ ਦੇ ਕੋਲ ਜਾ ਕੇ ਮਿੰਨਤ ਕੀਤੀ ਜੋ ਆਣ ਕੇ ਮੇਰੇ ਪੁੱਤ੍ਰ ਨੂੰ ਚੰਗਾ ਕਰੋ ਕਿਉਂਕਿ ਉਹ ਮਰਨਾਊ ਸੀ। 48 ਤਦੋਂ ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਨਿਸ਼ਾਨ ਅਤੇ ਅਚਰਜ ਕੰਮ ਨਾ ਵੇਖੋ ਤਾਂ ਪਰਤੀਤ ਕਦੀ ਨਾ ਕਰੋਗੇ। 49 ਮੁਸਾਹਿਬ ਨੇ ਉਸ ਨੂੰ ਆਖਿਆ, ਪ੍ਰਭੁ ਜੀ ਤੁਸੀਂ ਮੇਰੇ ਨੀਂਗਰ ਦੇ ਮਰਨ ਤੋਂ ਅੱਗੇ ਹੀ ਚੱਲੋ।
50 ਯਿਸੂ ਨੇ ਉਹ ਨੂੰ ਆਖਿਆ, ਜਾਹ ਤੇਰਾ ਪੁੱਤ੍ਰ ਜੀਉਂਦਾ ਹੈ। ਉਹ ਮਨੁੱਖ ਨੇ ਉਸ ਬਚਨ ਦੀ ਜਿਹੜਾ ਯਿਸੂ ਨੇ ਉਹ ਨੂੰ ਆਖਿਆ ਸੀ ਪਰਤੀਤ ਕੀਤੀ ਅਤੇ ਚੱਲਿਆ ਗਿਆ।
51 ਅਤੇ ਉਹ ਅਜੇ ਚੱਲਿਆ ਹੀ ਜਾਂਦਾ ਸੀ ਜੋ ਉਹ ਦੇ ਚਾਕਰ ਉਹ ਨੂੰ ਆ ਮਿਲੇ ਅਤੇ ਕਿਹਾ ਭਈ ਤੇਰਾ ਬਾਲਕ ਜੀਉਂਦਾ ਹੈ! 52 ਸੋ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਿਹੜਾ ਵੇਲਾ ਸੀ ਜਦੋਂ ਉਸ ਨੂੰ ਸੁਬਿਹਤਾ ਹੋਣ ਲੱਗਾ ਸੋ ਉਨ੍ਹਾਂ ਉਹ ਨੂੰ ਆਖਿਆ, ਕੱਲ ਦੁਪਹਿਰ ਦੇ ਇੱਕ ਬਜੇ ਤੋਂ ਉਹ ਦਾ ਤਾਪ ਲਹਿ ਗਿਆ।
53 ਤਦ ਪਿਉ ਨੇ ਜਾਣਿਆ ਕਿ ਇਹ ਉਹੋ ਘੜੀ ਹੈ ਜਿਹ ਦੇ ਵਿੱਚ ਯਿਸੂ ਨੇ ਮੈਨੂੰ ਆਖਿਆ ਸੀ ਜੋ ਤੇਰਾ ਪੁੱਤ੍ਰ ਜੀਉਂਦਾ ਹੈ ਅਤੇ ਉਹ ਨੇ ਆਪ ਅਰ ਉਹ ਦੇ ਸਾਰੇ ਟੱਬਰ ਨੇ ਨਿਹਚਾ ਕੀਤੀ। 54 ਇਹ ਦੂਜਾ ਨਿਸ਼ਾਨ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਗਲੀਲ ਵਿੱਚ ਆਣ ਕੇ ਵਿਖਾਲਿਆ।
ਕਾਂਡ 5

1 ਇਹ ਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ।
2 ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵੱਜੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੇਥਜ਼ਥਾ ਕਰਕੇ ਸਦਾਉਂਦਾ ਹੈ ਜਿਹ ਦੇ ਪੰਜ ਦਲਾਨ ਹਨ।
3 ਉਨ੍ਹਾਂ ਵਿੱਚ ਰੋਗੀ, ਅੰਨ੍ਹੇ, ਲੰਙੇ, ਅਤੇ ਲੂਲੇ ਬਹੁਤ ਸਾਰੇ ਪਏ ਸਨ।
5 ਅਰ ਉੱਥੇ ਇੱਕ ਮਨੁੱਖ ਸੀ ਜੋ ਅਠੱਤੀਆਂ ਵਰਿਹਾਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ।
6 ਯਿਸੂ ਨੇ ਉਹ ਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਜੋ ਉਹ ਨੂੰ ਹੁਣ ਬਹੁਤ ਚਿਰ ਹੋ ਗਿਆ ਹੈ ਉਹ ਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ ?
7 ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੁ ਜੀ ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉਤਾਰੇ ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਥੋਂ ਅੱਗੇ ਉੱਤਰ ਪੈਂਦਾ ਹੈ।
8 ਯਿਸੂ ਨੇ ਉਹ ਆਖਿਆ, ਉੱਠ ਆਪਣੀ ਮੰਜੀ ਚੁੱਕ ਕੇ ਤੁਰ ਪਉ!
9 ਅਤੇ ਓਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਉਹ ਸਬਤ ਦਾ ਦਿਨ ਸੀ।
10 ਇਸ ਕਰਕੇ ਯਹੂਦੀਆਂ ਨੇ ਉਸ ਨਿਰੋਏ ਕੀਤੇ ਹੋਏ ਮਨੁੱਖ ਨੂੰ ਆਖਿਆ ਭਈ ਇਹ ਸ ਬਤ ਦਾ ਦਿਨ ਹੈ ਅਤੇ ਤੈਨੂੰ ਮੰਜੀ ਚੁਕਣੀ ਜੋਗ ਨਹੀਂ ਹੈ।
11 ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਨੇ ਮੈਨੂੰ ਚੰਗਾ ਕੀਤਾ ਉਸੇ ਨੇ ਮੈਨੂੰ ਆਖਿਆ, ਆਪਣੀ ਮੰਜੀ ਚੁੱਕ ਕੇ ਤੁਰ ਪਉ।
12 ਉਨ੍ਹਾਂ ਨੇ ਉਸ ਤੋਂ ਪੁੱਛਿਆ, ਉਹ ਕਿਹੜਾ ਆਦਮੀ ਹੈ ਜਿਹ ਤੈਨੂੰ ਆਖਿਆ ਭਈ ਚੁੱਕ ਕੇ ਤੁਰ ਪਉ?
13 ਪਰ ਉਹ ਜਿਹੜਾ ਚੰਗਾ ਹੋਇਆ ਸੀ ਨਹੀਂ ਸੀ ਜਾਣਦਾ ਕਿ ਉਹ ਕੌਣ ਹੈ ਕਿਉਂ ਜੋ ਉਸ ਥਾਂ ਦੀ ਭੀੜ ਦੇ ਹੋਣ ਕਰਕੇ ਯਿਸੂ ਉੱਥੋਂ ਟਲ ਗਿਆ ਸੀ।
14 ਇਹ ਦੇ ਪਿੱਛੋਂ ਯਿਸੂ ਉਹ ਨੂੰ ਹੈਕਲ ਵਿੱਚ ਮਿਲਿਆ ਅਤੇ ਉਹ ਨੂੰ ਕਿਹਾ ਵੇਖ ਹੁਣ ਤੂੰ ਚੰਗਾ ਹੋ ਗਿਆ ਹੈਂ, ਫੇਰ ਪਾਪ ਨਾ ਕਰੀਂ ਕਿਤੇ ਐਉਂ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਬਿਪਤਾ ਤੇਰੇ ਉੱਤੇ ਆ ਪਵੇ।
15 ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਹ ਨੇ ਮੈਨੂੰ ਚੰਗਾ ਕੀਤਾ ਸੋ ਯਿਸੂ ਹੈ।
16 ਇਸੇ ਕਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਇਆ ਜੋ ਉਹ ਸਬਤ ਦੇ ਦਿਨ ਏਹ ਕੰਮ ਕਰਦਾ ਹੁੰਦਾ ਸੀ।
17 ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕਰਦਾ ਹਾਂ।
18 ਇਸ ਕਾਰਨ ਯਹੂਦੀ ਹੋਰ ਵੀ ਉਹ ਦੇ ਮਾਰ ਸੁੱਟਣ ਦੇ ਮਗਰ ਪਏ ਕਿਉਂਕਿ ਉਹ ਕੇਵਲ ਸਬਤ ਦੇ ਦਿਨ ਨੂੰ ਹੀ ਨਹੀਂ ਟਾਲਦਾ ਸਗੋਂ ਪਰਮੇਸ਼ੁਰ ਨੂੰ ਆਪਣਾ ਪਿਤਾ ਕਹਿ ਕੇ ਆਪ ਨੂੰ ਪਰਮੇਸ਼ੁਰ ਦੇ ਤੁੱਲ ਬਣਾਉਂਦਾ ਸੀ।
19 ਉਪਰੰਤ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ ਕਿਉਂਕਿ ਜੋ ਕੰਮ ਉਹ ਕਰਦਾ ਹੈ ਸੋ ਪੁੱਤ੍ਰ ਵੀ ਓਵੇਂ ਹੀ ਕਰਦਾ ਹੈ।
20 ਪਿਤਾ ਤਾਂ ਪੁੱਤ੍ਰ ਨਾਲ ਤੇਹ ਕਰਦਾ ਹੈ ਅਤੇ ਜੋ ਕੰਮ ਉਹ ਆਪ ਕਰਦਾ ਹੈ ਸੋ ਸਭ ਉਸ ਨੂੰ ਵਿਖਾਲਦਾ ਹੈ ਅਤੇ ਉਹ ਇਨ੍ਹਾਂ ਨਾਲੋਂ ਵੱਡੇ ਕੰਮ ਉਸ ਨੂੰ ਵਿਖਾਏਗਾ ਭਈ ਤੁਸੀਂ ਅਚਰਜ ਹੋਵੋ।
21 ਕਿਉਂਕਿ ਜਿਸ ਪਰਕਾਰ ਪਿਤਾ ਮੁਰਦਿਆਂ ਨੂੰ ਉਠਾਲਦਾ ਅਤੇ ਜਿਵਾਲਦਾ ਹੈ ਉਸੇ ਪਰਕਾਰ ਪੁੱਤ੍ਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ।
22 ਪਿਤਾ ਕਿਸੇ ਦਾ ਨਿਆਉਂ ਨਹੀਂ ਕਰਦਾ ਪਰ ਉਸ ਨੇ ਸਾਰਾ ਨਿਆਉਂ ਪੁੱਤ੍ਰ ਨੂੰ ਸੌਂਪ ਦਿੱਤਾ ਹੈ।
23 ਇਸ ਲਈ ਜੋ ਸੱਭੋ ਪੁੱਤ੍ਰ ਦਾ ਆਦਰ ਕਰਨ ਜਿਸ ਤਰਾਂ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤ੍ਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਜਿਨ੍ਹ ਉਸ ਨੂੰ ਘੱਲਿਆ ਸੀ ਆਦਰ ਨਹੀਂ ਕਰਦਾ।
24 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ ਬਚਨ ਸੁਣਦਾ ਅਤੇ ਉਹ ਦੀ ਪਰਤੀਤ ਕਰਦਾ ਹੈ ਜਿਨ੍ਹ ਮੈਨੂੰ ਘੱਲਿਆ ਸਦੀਪਕ ਜੀਉਣ ਉਹ ਦਾ ਹੈ ਅਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜੀਉਣ ਵਿੱਚ ਜਾ ਪਹੁੰਚਿਆ ਹੈ।
25 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਕਿ ਮੁਰਦੇ ਪਰਮੇਸ਼ੁਰ ਦੇ ਪੁੱਤ੍ਰ ਦੀ ਅਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ।
26 ਕਿਉਂਕਿ ਜਿਵੇਂ ਪਿਤਾ ਆਪ ਵਿੱਚ ਜੀਉਣ ਰੱਖਦਾ ਹੈ ਤਿਵੇਂ ਉਹ ਨੇ ਪੁੱਤ੍ਰ ਨੂੰ ਵੀ ਬਖ਼ਸ਼ਿਆ ਜੋ ਆਪ ਵਿੱਚ ਜੀਉਣ ਰੱਖੇ।
27 ਅਰ ਉਸ ਨੂੰ ਨਿਆਉਂ ਕਰਨ ਦਾ ਇਖ਼ਤਿਆਰ ਦਿੱਤਾ ਇਸ ਲਈ ਜੋ ਉਹ ਮਨੁੱਖ ਦਾ ਪੁੱਤ੍ਰ ਹੈ।
28 ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।
29 ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।
30 ਮੈਂ ਆਪ ਕੁਝ ਨਹੀਂ ਕਰ ਸੱਕਦਾ। ਜਿਹਾ ਮੈਂ ਸੁਣਦਾ ਹਾਂ ਤਿਹਾ ਹੀ ਨਿਆਉਂ ਕਰਦਾ ਹਾਂ ਅਰ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।
31 ਜੇ ਮੈਂ ਆਪਣੇ ਉੱਤੇ ਆਪੇ ਸਾਖੀ ਦਿਆਂ ਤਾਂ ਮੇਰੀ ਸਾਖੀ ਸਤ ਨਹੀਂ।
32 ਹੋਰ ਹੈ ਜੋ ਮੇਰੇ ਹੱਕ ਵਿੱਚ ਸਾਖੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਸਾਖੀ ਉਹ ਮੇਰੇ ਹੱਕ ਵਿੱਚ ਦਿੰਦਾ ਹੈ ਸੋ ਸਤ ਹੈ।
33 ਤੁਸਾਂ ਯੂਹੰਨਾ ਕੋਲੋਂ ਪੁਛਾ ਭੇਜਿਆ ਅਤੇ ਉਹ ਨੇ ਸੱਚ ਉੱਤੇ ਸਾਖੀ ਦਿੱਤੀ ਹੈ।
34 ਪਰ ਮੈਂ ਮਨੁੱਖ ਤੋਂ ਸਾਖੀ ਨਹੀਂ ਲੈਂਦਾ ਹਾਂ ਪਰ ਏਹ ਗੱਲਾਂ ਮੈਂ ਇਸ ਲਈ ਆਖਦਾ ਹਾਂ ਭਈ ਤੁਸੀਂ ਬਚਾਏ ਜਾਓ।
35 ਉਹ ਬਲਦਾ ਅਤੇ ਜਗਮਗਾਉਂਦਾ ਦੀਵਾ ਸੀ ਅਰ ਤੁਸੀਂ ਇੱਕ ਘੜੀ ਉਹ ਦੇ ਚਾਨਣ ਨਾਲ ਮਗਨ ਰਹਿਣ ਨੂੰ ਪਰਸਿੰਨ ਸਾਓ।
36 ਪਰ ਜਿਹੜੀ ਸਾਖੀ ਮੇਰੇ ਕੋਲ ਹੈ ਉਹ ਯੂਹੰਨਾ ਦੀ ਸਾਖੀ ਨਾਲੋਂ ਵੱਡੀ ਹੈ ਕਿਉਂਕਿ ਜੋ ਕੰਮ ਪਿਤਾ ਨੇ ਮੈਨੂੰ ਸੰਪੂਰਣ ਕਰਨ ਲਈ ਸੌਂਪੇ ਹਨ ਅਰਥਾਤ ਏਹੋ ਕੰਮ ਜੋ ਮੈਂ ਕਰਦਾ ਹਾਂ ਸੋਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਈ ਪਿਤਾ ਨੇ ਮੈਨੂੰ ਘੱਲਿਆ ਹੈ।
37 ਅਰ ਪਿਤਾ ਜਿਨ੍ਹ ਮੈਨੂੰ ਘੱਲਿਆ ਉਸੇ ਨੇ ਮੇਰੇ ਹੱਕ ਵਿੱਚ ਸਾਖੀ ਦਿੱਤੀ ਹੈ। ਤੁਸਾਂ ਨਾ ਕਦੇ ਉਹ ਦੀ ਅਵਾਜ਼ ਸੁਣੀ, ਨਾ ਉਹ ਦਾ ਰੂਪ ਡਿੱਠਾ ਹੈ।
38 ਉਹ ਦਾ ਬਚਨ ਤੁਹਾਡੇ ਵਿੱਚ ਨਹੀਂ ਟਿਕਦਾ ਇਸ ਲਈ ਕਿ ਜਿਸ ਨੂੰ ਉਨ ਭੇਜਿਆ ਤੁਸੀਂ ਉਹ ਦੀ ਪਰਤੀਤ ਨਹੀਂ ਕਰਦੇ ਹੋ।
39 ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਏਹੋ ਹਨ।
40 ਤੁਸੀਂ ਜੀਉਣ ਲੱਭਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ ਹੋ।
41 ਮਨੁੱਖਾਂ ਤੋਂ ਮੈਂ ਵਡਿਆਈ ਨਹੀਂ ਲੈਂਦਾ।
42 ਪਰ ਮੈਂ ਤੁਹਾਨੂੰ ਜਾਣਦਾ ਹਾਂ ਜੋ ਪਰਮੇਸ਼ੁਰ ਦਾ ਪ੍ਰੇਮ ਤੁਹਾਡੇ ਵਿੱਚ ਹੈ ਨਹੀਂ।
43 ਮੈਂ ਆਪਣੇ ਪਿਤਾ ਦੇ ਨਾਮ ਉੱਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਨਹੀਂ ਮੰਨਦੇ। ਜੇ ਕੋਈ ਹੋਰ ਆਪਣੇ ਨਾਉਂ ਉੱਤੇ ਆਵੇ ਤਾਂ ਉਹ ਨੂੰ ਤੁਸੀਂ ਮੰਨ ਲਓਗੇ।
44 ਭਲਾ, ਤੁਸੀਂ ਕਿੱਕੂੰ ਪਰਤੀਤ ਕਰ ਸੱਕਦੇ ਹੋ ਜਿਹੜੇ ਇੱਕ ਦੂਏ ਤੋਂ ਵਡਿਆਈ ਲੈਂਦੇ ਅਤੇ ਉਹ ਵਡਿਆਈ ਜੋ ਵਾਹਿਦ ਪਰਮੇਸ਼ੁਰ ਤੋਂ ਹੈ ਨਹੀਂ ਚਾਹੁੰਦੇ ਹੋ?
45 ਇਹ ਨਾ ਸਮਝੋ ਭਈ ਮੈਂ ਪਿਤਾ ਦੇ ਕੋਲ ਤੁਹਾਡੇ ਜੁੰਮੇ ਦੋਸ਼ ਲਾਵਾਂਗਾ। ਇੱਕ ਹੈ ਤੁਹਾਡੇ ਜੁੰਮੇ ਦੋਸ਼ ਲਾਉਣ ਵਾਲਾ ਅਰਥਾਤ ਮੂਸਾ ਜਿਹ ਦੇ ਉੱਤੇ ਤੁਸੀਂ ਆਸ ਰੱਖਦੇ ਹੋ।
46 ਜੇ ਤੁਸੀਂ ਮੂਸਾ ਦੀ ਪਰਤੀਤ ਕਰਦੇ ਤਾਂ ਮੇਰੀ ਵੀ ਪਰਤੀਤ ਕਰਦੇ ਕਿਉਂ ਜੋ ਉਸ ਨੇ ਮੇਰੇ ਹੱਕ ਵਿੱਚ ਲਿਖਿਆ ਸੀ।
47 ਪਰ ਜਾਂ ਤੁਸੀਂ ਉਹ ਦੀਆਂ ਲਿਖਤਾਂ ਦੀ ਪਰਤੀਤ ਨਹੀਂ ਕਰਦੇ ਤਾਂ ਮੇਰੀਆਂ ਗੱਲਾਂ ਦੀ ਕਿਵੇਂ ਪਰਤੀਤ ਕਰੋਗੇ ?
ਕਾਂਡ 6

1 ਇਹ ਦੇ ਪਿੱਛੋਂ ਯਿਸੂ ਗਲੀਲ ਦੀ ਅਰਥਾਤ ਤਿਬਿਰਿਯਾਸ ਦੀ ਝੀਲੋਂ ਪਾਰ ਚੱਲਿਆ ਗਿਆ।
2 ਅਤੇ ਵੱਡੀ ਭੀੜ ਉਹ ਦੇ ਮਗਰ ਹੋ ਤੁਰੀ ਕਿਉਂਕਿ ਉਨ੍ਹਾਂ ਨੇ ਓਹ ਨਿਸ਼ਾਨ ਡਿੱਠੇ ਜਿਹੜੇ ਉਸ ਨੇ ਰੋਗੀਆਂ ਉੱਤੇ ਵਿਖਾਏ ਸਨ।
3 ਫੇਰ ਯਿਸੂ ਪਹਾੜ ਉੱਤੇ ਚੜ੍ਹਿਆ ਅਰ ਉੱਥੇ ਆਪਣੇ ਚੇਲਿਆਂ ਦੇ ਸੰਗ ਬੈਠ ਗਿਆ।
4 ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ।
5 ਉਪਰੰਤ ਯਿਸੂ ਨੇ ਜਾਂ ਅੱਖੀਆਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ ਤਾਂ ਫ਼ਿਲਿੱਪੁਸ ਨੂੰ ਆਖਿਆ ਕਿ ਅਸੀਂ ਇਨ੍ਹਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਈਏ ?
6 ਪਰ ਉਸ ਨੇ ਉਹ ਦੇ ਪਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ।
7 ਫ਼ਿਲਿੱਪੁਸ ਨੇ ਉਸ ਨੂੰ ਉੱਤਰ ਦਿੱਤਾ ਕਿ ਸੌ ਰੁਪਏ ਦੀਆਂ ਰੋਟੀਆਂ ਨਾਲ ਭੀ ਉਨ੍ਹਾਂ ਦਾ ਪੁਰਾ ਨਹੀਂ ਪਟਣਾ ਜੋ ਹਰੇਕ ਨੂੰ ਥੋੜਾ ਜਿਹਾ ਭੀ ਮਿਲੇ।
8 ਉਸ ਦੇ ਚੇਲਿਆਂ ਵਿੱਚੋਂ ਇੱਕ ਸ਼ਮਊਨ ਪਤਰਸ ਦੇ ਭਰਾ ਅੰਦ੍ਰਿਯਾਸ ਨੇ ਉਸ ਨੂੰ ਕਿਹਾ।
9 ਐਥੇ ਇੱਕ ਮੁੰਡਾ ਹੈ ਜਿਹ ਦੇ ਕੋਲ ਜਵਾਂ ਦੀਆਂ ਪੰਜ ਰੋਟੀਆਂ ਅਤੇ ਦੋ ਛੋਟੀਆਂ ਜਹੀਆਂ ਮੱਛੀਆਂ ਹਨ ਪਰ ਇੰਨਿਆਂ ਲੋਕਾਂ ਲਈ ਏਹ ਕੀ ਹਨ ?
10 ਤਾਂ ਯਿਸੂ ਨੇ ਆਖਿਆ , ਲੋਕਾਂ ਨੂੰ ਬਿਠਾਲ ਦਿਓ। ਉਸ ਥਾਂ ਬਹੁਤ ਘਾਹ ਸੀ ਸੋ ਮਰਦ ਜੋ ਗਿਣਤੀ ਵਿੱਚ ਪੰਜਕੁ ਹਜ਼ਾਰ ਸਨ ਬੈਠ ਗਏ।
11 ਤਦ ਯਿਸੂ ਨੇ ਰੋਟੀਆਂ ਲੈ ਲਈਆਂ ਅਤੇ ਸ਼ੁਕਰ ਕਰ ਕੇ ਉਨ੍ਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਅਰ ਓਸੇ ਤਰਾਂ ਮੱਛੀਆਂ ਵਿੱਚੋਂ ਵੀ ਜਿੰਨੀਆਂ ਓਹ ਚਾਹੁੰਦੇ ਸਨ।
12 ਅਤੇ ਜਾਂ ਓਹ ਰੱਜ ਗਏ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਬਚਿਆਂ ਹੋਇਆਂ ਟੁਕੜਿਆਂ ਨੂੰ ਇਕੱਠੇ ਕਰੋ ਭਈ ਕੁਝ ਖਰਾਬ ਨਾ ਹੋ ਜਾਵੇ।
13 ਸੋ ਉਨ੍ਹਾਂ ਨੇ ਇਕੱਠੇ ਕੀਤਾ ਅਤੇ ਜਵਾਂ ਦੀਆਂ ਉਨ੍ਹਾਂ ਪੰਜਾਂ ਰੋਟੀਆਂ ਦੇ ਟੁਕੜਿਆਂ ਨਾਲ ਜਿਹੜੇ ਖਾਣ ਵਾਲਿਆਂ ਤੋਂ ਬਚ ਰਹੇ ਸਨ ਬਾਰਾਂ ਟੋਕਰੀਆਂ ਭਰ ਦਿੱਤੀਆਂ।
14 ਉਪਰੰਤ ਉਨ੍ਹਾਂ ਲੋਕਾਂ ਨੇ ਇਹ ਨਿਸ਼ਾਨ ਜਿਹੜੀ ਉਸ ਨੇ ਵਿਖਾਇਆ ਸੀ ਵੇਖ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਹੋ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ !
15 ਸੋ ਜਾਂ ਯਿਸੂ ਨੂੰ ਮਲੂਮ ਹੋਇਆ ਜੋ ਉਹ ਮੈਨੂੰ ਬਦੋ ਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ ਤਾਂ ਆਪ ਇਕੱਲਾ ਫੇਰ ਪਹਾੜ ਨੂੰ ਚੱਲਿਆ ਗਿਆ।
16 ਜਾਂ ਸੰਝ ਹੋਈ ਤਾਂ ਉਸ ਦੇ ਚੇਲੇ ਝੀਲ ਵੱਲ ਉੱਤਰ ਗਏ।
17 ਅਤੇ ਬੇੜੀ ਉੱਤੇ ਚੜ੍ਹ ਕੇ ਝੀਲ ਦੇ ਪਾਰ ਕਫ਼ਰਨਾਹੂਮ ਵੱਲ ਚੱਲੇ। ਉਸ ਵੇਲੇ ਅਨ੍ਹੇਰਾ ਹੋ ਗਿਆ ਸੀ ਅਤੇ ਯਿਸੂ ਉਨ੍ਹਾਂ ਦੇ ਕੋਲ ਅਜੇ ਨਹੀਂ ਸੀ ਆਇਆ।
18 ਅਰ ਵੱਡੀ ਅਨ੍ਹੇਰੀ ਵੱਗਣ ਕਰਕੇ ਝੀਲ ਬਹੁਤ ਠਾਠਾਂ ਮਾਰਨ ਲੱਗੀ।
19 ਫੇਰ ਜਦ ਓਹ ਢਾਈ ਯਾ ਤਿੰਨ ਕੋਹ ਤੀਕੁਰ ਨਿੱਕਲ ਗਏ ਸਨ ਤਦ ਯਿਸੂ ਨੂੰ ਝੀਲ ਦੇ ਉੱਤੋਂ ਦੀ ਤੁਰਦਾ ਅਤੇ ਬੇੜੀ ਦੇ ਨੇੜੇ ਢੁਕਦਾ ਵੇਖਿਆ ਅਤੇ ਡਰ ਗਏ।
20 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ , ਮੈਂ ਹਾਂ , ਡਰੋ ਨਾ !
21 ਤਾਂ ਓਹ ਉਸ ਨੂੰ ਬੇੜੀ ਉੱਤੇ ਚੜ੍ਹਾ ਲੈਣ ਨੂੰ ਰਾਜ਼ੀ ਹੋਏ ਅਤੇ ਬੇੜੀ ਓਵੇਂ ਉਸ ਥਾਂ ਨੂੰ ਜਿੱਥੇ ਉਨ੍ਹਾਂ ਜਾਣਾ ਸੀ ਜਾ ਪੁੱਜੀ।
22 ਦੂਏ ਦਿਨ ਉਸ ਭੀੜ ਨੇ ਜੋ ਝੀਲ ਦੇ ਉਸ ਪਾਰ ਖੜੀ ਸੀ ਇਹ ਡਿੱਠਾ ਜੋ ਐਥੇ ਇੱਕ ਬੇੜੀ ਤੋਂ ਬਿਨਾ ਕੋਈ ਹੋਰ ਨਹੀਂ ਹੈ ਅਤੇ ਯਿਸੂ ਆਪਣੇ ਚੇਲਿਆਂ ਨਾਲ ਉਸ ਬੇੜੀ ਉੱਤੇ ਨਾ ਗਿਆ ਹੈ ਪਰ ਇਕੱਲੇ ਉਹ ਦੇ ਚੇਲੇ ਹੀ ਗਏ ਹਨ।
23 ਪਰ ਹੋਰ ਬੇੜੀਆਂ ਤਿਬਿਰਿਯਾਸ ਵੱਲੋਂ ਆਈਆਂ ਉਸ ਥਾਂ ਦੇ ਨੇੜੇ ਜਿੱਥੇ ਉਨ੍ਹਾਂ ਨੇ ਪ੍ਰਭੁ ਦੇ ਸ਼ੁਕਰ ਕਰਨ ਦੇ ਪਿੱਛੋਂ ਰੋਟੀ ਖਾਧੀ ਸੀ।
24 ਸੋ ਜਾਂ ਉਨ੍ਹਾਂ ਲੋਕਾਂ ਨੇ ਵੇਖਿਆ ਜੋ ਐਥੇ ਨਾ ਯਿਸੂ ਹੈ ਅਤੇ ਨਾ ਉਸ ਦੇ ਚੇਲੇ ਹਨ ਤਾਂ ਉਨ੍ਹਾਂ ਬੇੜੀਆਂ ਉੱਤੇ ਚੜ੍ਹੇ ਅਰ ਯਿਸੂ ਦੀ ਭਾਲ ਵਿੱਚ ਕਫ਼ਰਨਾਹੂਮ ਨੂੰ ਆਏ।
25 ਅਤੇ ਉਨ੍ਹਾਂ ਨੇ ਉਸ ਨੂੰ ਝੀਲ ਦੇ ਪਾਰ ਲੱਭ ਕੇ ਉਸ ਨੂੰ ਆਖਿਆ , ਸੁਆਮੀ ਜੀ ਤੁਸੀਂ ਐਥੇ ਕੱਦੋਂ ਆਏ ?
26 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ , ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ , ਤੁਸੀਂ ਮੈਨੂੰ ਇਸ ਲਈ ਨਹੀਂ ਭਾਲਦੇ ਜੋ ਤੁਸੀਂ ਨਿਸ਼ਾਨ ਵੇਖੇ ਪਰ ਇਸ ਲਈ ਜੋ ਤੁਸੀਂ ਉਨ੍ਹਾਂ ਰੋਟੀਆਂ ਵਿੱਚੋਂ ਖਾ ਕੇ ਰੱਜ ਗਏ।
27 ਨਾਸ ਹੋਣ ਵਾਲੇ ਭੋਜਨ ਦੇ ਲਈ ਮਿਹਨਤ ਨਾ ਕਰੋ ਸਗੋਂ ਉਸ ਭੋਜਨ ਲਈ ਜੋ ਸਦੀਪਕ ਜੀਉਣ ਤੀਕੁਰ ਰਹਿੰਦਾ ਹੈ ਜਿਹੜਾ ਮਨੁੱਖ ਦਾ ਪੁੱਤ੍ਰ ਤੁਹਾਨੂੰ ਦੇਵੇਗਾ ਕਿਉਂਕਿ ਪਿਤਾ ਪਰਮੇਸ਼ੁਰ ਨੇ ਉਸ ਉੱਤੇ ਮੋਹਰ ਕਰ ਦਿੱਤੀ ਹੈ।
28 ਤਾਂ ਉਨ੍ਹਾਂ ਉਸ ਨੂੰ ਆਖਿਆ ਕਿ ਪਰਮੇਸ਼ੁਰ ਦੇ ਕੰਮ ਦੇ ਕਰਨ ਨੂੰ ਅਸੀਂ ਕੀ ਕਰੀਏ ?
29 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ , ਪਰਮੇਸ਼ੁਰ ਦਾ ਕੰਮ ਏਹ ਹੈ ਕਿ ਜਿਸ ਨੂੰ ਉਨ ਭੇਜਿਆ ਹੈ ਉਸ ਉੱਤੇ ਤੁਸੀਂ ਨਿਹਚਾ ਕਰੋ।
30 ਤਾਂ ਉਨ੍ਹਾਂ ਉਸ ਨੂੰ ਆਖਿਆ, ਫੇਰ ਤੂੰ ਕਿਹੜੀ ਨਿਸ਼ਾਨ ਵਿਖਾਲਦਾ ਹੈਂ ਜੋ ਅਸੀਂ ਵੇਖ ਕੇ ਤੇਰੀ ਪਰਤੀਤ ਕਰੀਏ? ਤੂੰ ਕੀ ਕਰਮ ਕਰਦਾ ਹੈਂ?
31 ਸਾਡੇ ਵਡਿਆਂ ਨੇ ਉਜਾੜ ਵਿੱਚ ਮੰਨ ਖਾਧਾ ਜਿਵੇਂ ਲਿਖਿਆ ਹੋਇਆ ਹੈ ਕਿ ਉਸ ਨੇ ਉਨ੍ਹਾਂ ਨੂੰ ਅਕਾਸ਼ੋਂ ਰੋਟੀ ਖਾਣ ਨੂੰ ਦਿੱਤੀ।
32 ਉਪਰੰਤ ਯਿਸੂ ਨੇ ਉਨ੍ਹਾਂ ਨੂੰ ਆਖਿਆ , ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਮੂਸਾ ਨੇ ਤੁਹਾਨੂੰ ਅਕਾਸ਼ੋਂ ਰੋਟੀ ਨਹੀਂ ਦਿੱਤੀ ਪਰ ਮੇਰਾ ਪਿਤਾ ਤੁਹਾਨੂੰ ਸੁਰਗੋਂ ਸੱਚੀ ਰੋਟੀ ਦਿੰਦਾ ਹੈ।
33 ਕਿਉਂਕਿ ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗੋਂ ਉੱਤਰਦੀ ਅਤੇ ਸੰਸਾਰ ਨੂੰ ਜੀਉਣ ਦਿੰਦੀ ਹੈ।
34 ਤਾਂ ਉਨ੍ਹਾਂ ਨੇ ਉਸ ਨੂੰ ਆਖਿਆ , ਪ੍ਰਭੁ ਜੀ ਸਾਨੂੰ ਸਦਾ ਇਹ ਰੋਟੀ ਦਿਆ ਕਰੋ।
35 ਯਿਸੂ ਨੇ ਉਨ੍ਹਾਂ ਨੂੰ ਆਖਿਆ , ਜੀਉਣ ਦੀ ਰੋਟੀ ਮੈਂ ਹਾਂ। ਜੋ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ।
36 ਪਰ ਮੈਂ ਤੁਹਾਨੂੰ ਆਖਿਆ ਸੀ ਜੋ ਤੁਸਾਂ ਮੈਨੂੰ ਡਿੱਠਾ ਹੈ ਅਰ ਤਾਂ ਵੀ ਨਿਹਚਾ ਨਹੀਂ ਕਰਦੇ।
37 ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਿਆਂਗਾ।
38 ਕਿਉਂਕਿ ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ।
39 ਅਤੇ ਜਿਹ ਨੇ ਮੈਨੂੰ ਘੱਲਿਆ ਉਹ ਦੀ ਮਰਜ਼ੀ ਇਹ ਹੈ ਭਈ ਸਭ ਕੁਝ ਜੋ ਉਹ ਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ ਸਗੋਂ ਉਸ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂ।
40 ਮੇਰੇ ਪਿਤਾ ਦੀ ਇਹ ਮਰਜ਼ੀ ਹੈ ਕਿ ਹਰ ਕੋਈ ਜੋ ਪੁੱਤ੍ਰ ਨੂੰ ਵੇਖੇ ਅਤੇ ਉਸ ਉੱਤੇ ਨਿਹਚਾ ਕਰੇ ਸੋ ਸਦੀਪਕ ਜੀਉਣ ਪਾਵੇ ਅਤੇ ਮੈਂ ਉਹ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂਗਾ।
41 ਉਪਰੰਤ ਯਹੂਦੀ ਉਸ ਉੱਤੇ ਬੁੜ ਬੁੜਾਉਣ ਲੱਗੇ ਇਸ ਲਈ ਜੋ ਉਹ ਨੇ ਇਹ ਆਖਿਆ ਸੀ ਭਈ ਜਿਹੜੀ ਰੋਟੀ ਸੁਰਗੋਂ ਉੱਤਰੀ ਉਹ ਮੈਂ ਹਾਂ।
42 ਅਤੇ ਓਹ ਬੋਲੇ , ਭਲਾ , ਇਹ ਯੂਸੁਫ਼ ਦਾ ਪੁੱਤ੍ਰ ਯਿਸੂ ਨਹੀਂ ਜਿਹ ਦੇ ਮਾਂ ਪਿਉ ਨੂੰ ਅਸੀਂ ਜਾਣਦੇ ਹਾਂ ? ਹੁਣ ਉਹ ਕਿਸ ਤਰਾਂ ਆਖਦਾ ਹੈ ਜੋ ਮੈਂ ਸੁਰਗੋਂ ਉੱਤਰਿਆ ਹਾਂ ?
43 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ , ਆਪਸ ਵਿੱਚ ਨਾ ਬੁੜਬੁੜਾਓ।
44 ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।
45 ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਪਰਮੇਸ਼ੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ।
46 ਇਹ ਨਹੀਂ ਭਈ ਕਿਸੇ ਨੇ ਪਿਤਾ ਨੂੰ ਡਿੱਠਾ ਹੋਵੇ , ਬਿਨਾ ਉਹ ਦੇ ਜਿਹੜਾ ਪਰਮੇਸ਼ੁਰ ਦੀ ਵਲੋਂ ਹੈ ਓਨ ਤਾਂ ਪਿਤਾ ਨੂੰ ਡਿੱਠਾ ਹੈ।
47 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸੇ ਦਾ ਹੈ। 48 ਜੀਉਣ ਦੀ ਰੋਟੀ ਮੈਂ ਹਾਂ। 49 ਤੁਹਾਡਿਆਂ ਪਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। 50 ਜਿਹੜੀ ਰੋਟੀ ਸੁਰਗੋਂ ਉੱਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਸੋ ਇਹੋ ਹੈ।
51 ਉਹ ਜੀਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕੁ ਜੀਉਂਦਾ ਰਹੇਗਾ ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ। 52 ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿ ਕੇ ਬਹਿਸਣ ਲੱਗੇ ਜੋ ਇਹ ਆਪਣਾ ਮਾਸ ਕਿੱਕਰ ਸਾਨੂੰ ਖਾਣ ਲਈ ਦੇ ਸੱਕਦਾ ਹੈ ? 53 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ।
54 ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ। 55 ਕਿਉਂਕਿ ਮੇਰਾ ਮਾਸ ਸੱਚ ਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚ ਮੁੱਚ ਪੀਣ ਦੀ ਵਸਤੁ ਹੈ। 56 ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਰ ਮੈਂ ਉਸ ਵਿੱਚ। 57 ਜਿਸ ਤਰਾਂ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜੀਉਂਦਾ ਹਾਂ ਉਸੇ ਤਰਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। 58 ਜੋ ਰੋਟੀ ਸੁਰਗੋਂ ਉੱਤਰੀ ਸੋ ਇਹੋ ਹੈ। ਜਿਵੇਂ ਵਡਿਆਂ ਨੇ ਖਾਧੀ ਅਤੇ ਮਰ ਗਏ ਸੋ ਨਹੀਂ ਪਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਉਂਦਾ ਰਹੇਗਾ। 59 ਉਹ ਨੇ ਕਫ਼ਰਨਾਹੂਮ ਦੀ ਇੱਕ ਸਮਾਜ ਵਿੱਚ ਉਪਦੇਸ਼ ਦਿੰਦਿਆਂ ਏਹ ਗੱਲਾਂ ਆਖੀਆਂ।
60 ਇਸ ਲਈ ਉਹ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੋ ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?
61 ਪਰ ਯਿਸੂ ਨੇ ਜੋ ਆਪਣੇ ਮਨ ਵਿੱਚ ਇਹ ਜਾਣਿਆ ਭਈ ਮੇਰੇ ਚੇਲੇ ਇਸ ਗੱਲ ਉੱਤੇ ਬੁੜਬੁੜਾਉਂਦੇ ਹਨ ਉਨ੍ਹਾਂ ਨੂੰ ਆਖਿਆ ਕਿ ਇਸ ਤੋਂ ਤੁਹਾਨੂੰ ਠੋਕਰ ਲੱਗਦੀ ਹੈ ?
62 ਫੇਰ ਕੀ ਹੋਵੇਗਾ ਜੇਕਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉਤਾਹਾਂ ਚੜ੍ਹਦਾ ਵੇਖੋਗੇ ਜਿੱਥੇ ਉਹ ਪਹਿਲਾਂ ਸੀ?
63 ਜੀਉਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਹਨ ਅਤੇ ਜੀਉਣ ਹਨ।
64 ਪਰ ਤੁਹਾਡੇ ਵਿੱਚੋਂ ਕਿੰਨੇ ਹੀ ਹਨ ਜੋ ਨਿਹਚਾ ਨਹੀਂ ਕਰਦੇ ਕਿਉਂਕਿ ਯਿਸੂ ਮੁੱਢੋਂ ਜਾਣਦਾ ਸੀ ਕਿ ਕਿਹੜੇ ਹਨ ਜਿਹੜੇ ਨਿਹਚਾ ਨਹੀਂ ਕਰਦੇ ਅਤੇ ਕੌਣ ਹੈ ਜੋ ਮੈਨੂੰ ਫੜਵਾਏਗਾ।
65 ਉਸ ਨੇ ਆਖਿਆ, ਇਸ ਕਾਰਨ ਮੈਂ ਤੁਹਾਨੂੰ ਇਹ ਆਖਿਆ ਹੈ ਕਿ ਕੋਈ ਮੇਰੇ ਕੋਲ ਨਹੀਂ ਆ ਸੱਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਹ ਨੂੰ ਬਖ਼ਸ਼ਿਆ ਨਾ ਗਿਆ ਹੋਵੇ।
66 ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ।
67 ਉਪਰੰਤ ਯਿਸੂ ਨੇ ਉਨ੍ਹਾਂ ਬਾਰਾਂ ਨੂੰ ਆਖਿਆ, ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ ?
68 ਸ਼ਮਊਨ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।
69 ਅਰ ਅਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ।
70 ਯਿਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ, ਕੀ ਮੈਂ ਤੁਸਾਂ ਬਾਰਾਂ ਨੂੰ ਨਹੀਂ ਚੁਣਿਆ ? ਅਤੇ ਤੁਹਾਡੇ ਵਿੱਚੋਂ ਇੱਕ ਜਣਾ ਸ਼ਤਾਨ ਹੈ!
71 ਇਹ ਉਸ ਨੇ ਸ਼ਮਊਨ ਇਸਕਰਿਯੋਤੀ ਦੇ ਪੁੱਤ੍ਰ ਯਹੂਦਾ ਦੇ ਵਿਖੇ ਆਖਿਆ ਕਿਉਂਕਿ ਉਹੋ ਉਸ ਨੂੰ ਫੜਵਾਉਣਾ ਚਾਹੁੰਦਾ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ।
ਕਾਂਡ 7

1 1 ਇਹ ਦੇ ਪਿੱਛੋਂ ਯਿਸੂ ਗਲੀਲ ਵਿੱਚ ਫਿਰਦਾ ਰਿਹਾ ਕਿਉਂਕਿ ਉਹ ਨੇ ਯਹੂਦਿਯਾ ਵਿੱਚ ਫਿਰਨਾ ਨਾ ਚਾਹਿਆ ਇਸ ਲਈ ਜੋ ਯਹੂਦੀ ਉਹ ਦੇ ਮਾਰ ਸੁੱਟਣ ਦੇ ਮਗਰ ਪਏ ਸਨ।
2 ਅਤੇ ਯਹੂਦੀਆਂ ਦਾ ਡੇਰਿਆਂ ਦਾ ਪਰਬ ਨੇੜੇ ਸੀ।
3 ਇਸ ਲਈ ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ , ਐਥੋਂ ਤੁਰ ਕੇ ਯਹੂਦਿਯਾ ਵਿੱਚ ਜਾਹ ਭਈ ਤੇਰੇ ਕੰਮਾਂ ਨੂੰ ਜੋ ਤੂੰ ਕਰਦਾ ਹੈਂ ਤੇਰੇ ਚੇਲੇ ਵੀ ਵੇਖਣ ।
4 ਕਿਉਂਕਿ ਕੋਈ ਗੁਪਤ ਵਿੱਚ ਕੁਝ ਨਹੀਂ ਕਰਦਾ ਹੈ ਜੇ ਉਹ ਉੱਘਾ ਹੋਣਾ ਚਾਹੁੰਦਾ ਹੋਵੇ। ਜੇ ਤੂੰ ਇਹ ਕੰਮ ਕਰਦਾ ਹੈਂ ਤਾਂ ਆਪ ਨੂੰ ਜਗਤ ਉੱਤੇ ਪਰਗਟ ਕਰ।
5 ਉਹ ਦੇ ਭਰਾ ਵੀ ਉਸ ਉੱਤੇ ਨਿਹਚਾ ਨਹੀਂ ਸੀ ਕਰਦੇ।
6 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ , ਮੇਰਾ ਵੇਲਾ ਅਜੇ ਨਹੀਂ ਆਇਆ ਪਰ ਤੁਹਾਡਾ ਵੇਲਾ ਨਿੱਤ ਤਿਆਰ ਰਹਿੰਦਾ ਹੈ।
7 ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸੱਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹ ਦੇ ਕੰਮ ਬੁਰੇ ਹਨ।
8 ਤੁਸੀਂ ਇਸ ਤਿਉਹਾਰ ਉੱਤੇ ਜਾਓ। ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ।
9 ਅਤੇ ਉਹ ਏਹ ਗੱਲਾਂ ਉਨ੍ਹਾਂ ਨੂੰ ਕਹਿ ਕੇ ਗਲੀਲ ਵਿੱਚ ਰਿਹਾ।
10 ਪਰ ਜਾਂ ਉਹ ਦੇ ਭਰਾ ਤਿਉਹਾਰ ਉੱਤੇ ਚੱਲੇ ਗਏ ਤਾਂ ਉਹ ਆਪ ਵੀ ਤੁਰ ਪਿਆ , ਪਰਗਟ ਨਹੀਂ ਪਰ ਮਾਨੋ ਗੁਪਤ ਵਿੱਚ।
11 ਉਪਰੰਤ ਯਹੂਦੀ ਉਹ ਨੂੰ ਤਿਉਹਾਰ ਦੇ ਕੱਠ ਵਿੱਚ ਲੱਭਣ ਲੱਗੇ ਅਤੇ ਬੋਲੇ , ਉਹ ਕਿੱਥੇ ਹੈ ?
12 ਲੋਕਾਂ ਵਿੱਚ ਉਹ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕਈਕੁ ਆਖਦੇ ਸਨ ਕਿ ਉਹ ਭਲਾ ਮਾਨਸ ਹੈ ਪਰ ਹੋਰ ਆਖਦੇ ਸਨ, ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ।
13 ਪਰ ਤਾਂ ਵੀ ਯਹੂਦੀਆਂ ਦੇ ਡਰ ਦੇ ਮਾਰੇ ਕੋਈ ਉਹ ਦੀ ਗੱਲ ਖੋਲ੍ਹ ਕੇ ਨਹੀਂ ਕਰਦਾ ਸੀ।
14 ਤਿਉਹਾਰ ਦੇ ਦਿਨ ਹੁਣ ਅੱਧੇ ਬੀਤ ਗਏ ਸਨ ਕਿ ਯਿਸੂ ਹੈਕਲ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ।
15 ਤਾਂ ਯਹੂਦੀ ਅਚਰਜ ਮੰਨ ਕੇ ਬੋਲੇ, ਬਿਨ ਪੜ੍ਹੇ ਇਹ ਨੂੰ ਵਿਦਿਆ ਕਿੱਥੋਂ ਆਈ ਹੈ ?
16 ਸੋ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।
17 ਜੇ ਕੋਈ ਉਹ ਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ੁਰ ਤੋਂ ਹੈ ਯਾ ਮੈਂ ਆਪਣੀ ਵੱਲੋਂ ਬੋਲਦਾ ਹਾਂ।
18 ਜੋ ਕੋਈ ਆਪਣੀ ਵੱਲੋਂ ਬੋਲਦਾ ਹੈ ਸੋ ਆਪਣੀ ਹੀ ਵਡਿਆਈ ਚਾਹੁੰਦਾ ਹੈ ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹੋ ਸੱਚਾ ਹੈ ਅਤੇ ਉਹ ਦੇ ਵਿੱਚ ਕੁਧਰਮ ਨਹੀਂ ਹੈ।
19 ਕੀ ਮੂਸਾ ਨੇ ਤੁਹਾਨੂੰ ਸ਼ਰਾ ਨਹੀਂ ਦਿੱਤੀ ? ਪਰ ਤੁਹਾਡੇ ਵਿੱਚੋਂ ਕੋਈ ਸ਼ਰਾ ਉੱਤੇ ਨਹੀਂ ਚੱਲਦਾ। ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋ ?
20 ਲੋਕਾਂ ਨੇ ਉੱਤਰ ਦਿੱਤਾ, ਤੈਨੂੰ ਤਾਂ ਭੂਤ ਚਿੰਬੜਿਆ ਹੋਇਆ ਹੈ। ਕੌਣ ਤੇਰੇ ਮਾਰ ਸੁੱਟਣ ਦੇ ਮਗਰ ਪਿਆ ਹੈ ?
21 ਯਿਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਮੈਂ ਇੱਕ ਕੰਮ ਕੀਤਾ ਅਤੇ ਤੁਸੀਂ ਸੱਭੇ ਅਚਰਜ ਮੰਨਦੇ ਹੋ।
22 ਇਸ ਕਾਰਨ ਮੂਸਾ ਨੇ ਤੁਹਾਨੂੰ ਸੁੰਨਤ ਦੀ ਰੀਤ ਦਿੱਤੀ ਹੈ ਭਾਵੇਂ ਉਹ ਮੂਸਾ ਤੋਂ ਨਹੀਂ ਪਰ ਪਿਉ ਦਾਦਿਆਂ ਤੋਂ ਹੈ, ਅਤੇ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕਰਦੇ ਹੋ।
23 ਜਾਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕੀਤੀ ਜਾਂਦੀ ਹੈ ਇਸ ਕਰਕੇ ਜੋ ਮੂਸਾ ਦੀ ਸ਼ਰਾ ਟੁੱਟ ਨਾ ਜਾਏ ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਖੁਣਸਦੇ ਹੋ ਜੋ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਬਿਲਕੁਲ ਚੰਗਾ ਕੀਤਾ?
24 ਵਿਖਾਵੇ ਦੇ ਅਨੁਸਾਰ ਨਿਆਉਂ ਨਾ ਕਰੋ ਪਰੰਤੁ ਸੱਚਾ ਨਿਆਉਂ ਕਰੋ।
25 ਤਾਂ ਯਰੂਸ਼ਲਮ ਦੇ ਲੋਕਾਂ ਵਿੱਚੋਂ ਕਈ ਆਖਦੇ ਸਨ, ਕੀ ਇਹ ਉਹੋ ਨਹੀਂ ਜਿਹ ਦੇ ਮਾਰ ਸੁੱਟਣ ਦੇ ਮਗਰ ਓਹ ਪਏ ਹਨ ?
26 ਅਰ ਵੇਖੋ ਉਹ ਤਾਂ ਖੁਲ੍ਹੇ ਬਚਨ ਪਿਆ ਬੋਲਦਾ ਹੈ ਅਤੇ ਓਹ ਉਸ ਨੂੰ ਕੁਝ ਨਹੀਂ ਆਖਦੇ। ਕੀ ਸਰਦਾਰਾਂ ਨੇ ਸੱਚ ਜਾਣ ਲਿਆ ਜੋ ਇਹੋ ਮਸੀਹ ਹੈ ?
27 ਪਰ ਅਸੀਂ ਇਹ ਨੂੰ ਜਾਣਦੇ ਹਾਂ ਜੋ ਕਿੱਥੋਂ ਦਾ ਹੈ ਪਰ ਜਾਂ ਮਸੀਹ ਆਊਗਾ ਤਾਂ ਕੋਈ ਨਹੀਂ ਜਾਣੂ ਜੋ ਉਹ ਕਿੱਥੋਂ ਦਾ ਹੈ।
28 ਇਸ ਕਰਕੇ ਯਿਸੂ ਹੈਕਲ ਵਿੱਚ ਉਪਦੇਸ਼ ਕਰਦਾ ਇਹ ਉੱਚੀ ਬੋਲਿਆ ਭਈ ਤੁਸੀਂ ਤਾਂ ਮੈਨੂੰ ਜਾਣਦੇ, ਨਾਲੇ ਇਹ ਵੀ ਜਾਣਦੇ ਹੋ ਜੋ ਮੈਂ ਕਿੱਥੋਂ ਦਾ ਹਾਂ। ਮੈਂ ਆਪਣੇ ਆਪ ਨਹੀਂ ਆਇਆ ਪਰ ਜਿਨ੍ਹ ਮੈਨੂੰ ਘੱਲਿਆ ਸੋ ਸੱਚਾ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ।
29 ਮੈਂ ਉਹ ਨੂੰ ਜਾਣਦਾ ਹਾਂ ਕਿਉਂ ਜੋ ਮੈਂ ਉਹ ਦੀ ਵੱਲੋਂ ਹਾਂ ਅਤੇ ਉਹ ਨੇ ਮੈਨੂੰ ਘੱਲਿਆ।
30 ਤਦ ਓਹ ਉਸ ਦੇ ਫੜਨ ਦੇ ਮਗਰ ਪਏ ਪਰ ਕਿਨ੍ਹੇ ਉਸ ਉੱਤੇ ਹੱਥ ਨਾ ਪਾਇਆ ਇਸ ਲਈ ਜੋ ਉਸ ਦਾ ਵੇਲਾ ਅਜੇ ਨਹੀਂ ਸੀ ਆਇਆ।
31 ਪਰ ਉਨ੍ਹਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਅਤੇ ਬੋਲੇ ਕਿ ਜਾਂ ਮਸੀਹ ਆਊਗਾ ਤਾਂ ਭਲਾ, ਉਹ ਉਨ੍ਹਾਂ ਨਿਸ਼ਾਨਾਂ ਨਾਲੋਂ ਜਿਹੜੇ ਇਸ ਨੇ ਵਿਖਾਲੇ ਹਨ ਕੁਝ ਵੱਧ ਵਿਖਾਲੂ ?
32 ਫ਼ਰੀਸੀਆਂ ਨੇ ਉਹ ਦੇ ਵਿਖੇ ਲੋਕਾਂ ਦੀ ਇਹ ਚਰਚਾ ਸੁਣੀ ਤਾਂ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਸਿਪਾਹੀ ਘੱਲੇ ਜੋ ਉਹ ਨੂੰ ਫੜ ਲੈਣ।
33 ਸੋ ਯਿਸੂ ਨੇ ਆਖਿਆ, ਅਜੇ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ ਅਤੇ ਜਿਨ ਮੈਨੂੰ ਘੱਲਿਆ ਉਹ ਦੇ ਕੋਲ ਚੱਲਿਆ ਜਾਂਦਾ ਹਾਂ।
34 ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ ਪਰ ਜਿੱਥੇ ਮੈਂ ਹਾਂ ਤੁਸੀਂ ਆ ਨਹੀਂ ਸੱਕਦੇ।
35 ਉਪਰੰਤ ਯਹੂਦੀਆਂ ਨੇ ਆਪਸ ਵਿੱਚ ਆਖਿਆ, ਉਹ ਕਿੱਥੇ ਜਾਊ ਜੋ ਅਸੀਂ ਉਹ ਨੂੰ ਨਾ ਲੱਭਾਂਗੇ ? ਭਲਾ, ਉਹ ਉਨ੍ਹਾਂ ਕੋਲ ਜਾਊ ਜਿਹੜੇ ਯੂਨਾਨੀਆਂ ਵਿੱਚ ਖਿੰਡੇ ਹੋਏ ਹਨ ਅਤੇ ਯੂਨਾਨੀਆਂ ਨੂੰ ਉਪਦੇਸ਼ ਕਰੂ ?
36 ਇਹ ਕੀ ਗੱਲ ਹੈ ਜਿਹੜੀ ਉਹ ਨੇ ਆਖੀ ਕਿ ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ ਅਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸੱਕਦੇ ?
37 ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਭਈ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ !
38 ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ !
39 ਪਰ ਉਹ ਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਨ੍ਹਾਂ ਨੂੰ ਪ੍ਰਾਪਤ ਹੋਣਾ ਸੀ ਜਿਨ੍ਹਾਂ ਉਸ ਉੱਤੇ ਨਿਹਚਾ ਕੀਤੀ ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ ਇਸ ਲਈ ਜੋ ਯਿਸੂ ਦਾ ਤੇਜ ਅਜੇ ਪਰਕਾਸ਼ ਨਹੀਂ ਸੀ ਹੋਇਆ।
40 ਤਾਂ ਭੀੜ ਵਿੱਚੋਂ ਕਈਆਂ ਨੇ ਏਹ ਗੱਲਾਂ ਸੁਣ ਕੇ ਆਖਿਆ, ਸੱਚੀ ਮੁੱਚੀ ਇਹ ਉਹੋ ਨਬੀ ਹੈ !
41 ਦੂਜਿਆਂ ਨੇ ਆਖਿਆ, ਇਹ ਮਸੀਹ ਹੈ ! ਪਰ ਕਈਆਂ ਨੇ ਆਖਿਆ, ਭਲਾ, ਮਸੀਹ ਗਲੀਲ ਵਿੱਚੋਂ ਆਉਂਦਾ ਹੈ ?
42 ਕੀ ਕਤੇਬ ਨੇ ਨਹੀਂ ਆਖਿਆ ਜੋ ਮਸੀਹ ਦਾਊਦ ਦੀ ਅੰਸ ਵਿੱਚੋਂ ਅਤੇ ਬੈਤਲਹਮ ਦੀ ਨਗਰੀ ਤੋਂ ਜਿੱਥੇ ਦਾਊਦ ਸੀ ਆਉਂਦਾ ਹੈ ?
43 ਸੋ ਉਹ ਦੇ ਕਾਰਨ ਲੋਕਾਂ ਵਿੱਚ ਫੁੱਟ ਪੈ ਗਈ।
44 ਅਤੇ ਉਨ੍ਹਾਂ ਵਿੱਚੋਂ ਕਿੰਨੇ ਚਾਹੁੰਦੇ ਸਨ ਭਈ ਇਹ ਨੂੰ ਫੜ ਲਈਏ ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਏ।
45 ਉਪਰੰਤ ਓਹ ਸਿਪਾਹੀ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਕੋਲ ਆਏ ਅਤੇ ਉਨ੍ਹਾਂ ਨੇ ਓਹਨਾਂ ਨੂੰ ਆਖਿਆ, ਤੁਸੀਂ ਉਹ ਨੂੰ ਕਿਉਂ ਨਾ ਲਿਆਏ?
46 ਸਿਪਾਹੀਆਂ ਨੇ ਉੱਤਰ ਦਿੱਤਾ, ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ !
47 ਤਾਂ ਫ਼ਰੀਸੀਆਂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਭੀ ਭਰਮਾਏ ਗਏ ?
48 ਭਲਾ, ਸਰਦਾਰਾਂ ਅਤੇ ਫ਼ਰੀਸੀਆਂ ਵਿੱਚੋਂ ਕਿਹ ਨੇ ਉਸ ਉੱਤੇ ਨਿਹਚਾ ਕੀਤੀ ਹੈ ?
49 ਪਰ ਲਾਨਤ ਹੈ ਇਨ੍ਹਾਂ ਲੋਕਾਂ ਉੱਤੇ ਜਿਹੜੇ ਸ਼ਰਾ ਨੂੰ ਨਹੀਂ ਜਾਣਦੇ ਹਨ ! 50 ਨਿਕੁਦੇਮੁਸ ਨੇ ਜਿਹੜਾ ਪਹਿਲਾਂ ਯਿਸੂ ਦੇ ਕੋਲ ਆਇਆ ਅਤੇ ਉਨ੍ਹਾਂ ਵਿੱਚੋਂ ਇੱਕ ਸੀ ਉਨ੍ਹਾਂ ਨੂੰ ਆਖਿਆ।
51 ਕੀ ਸਾਡੀ ਸ਼ਰਾ ਕਿਸੇ ਮਨੁੱਖ ਨੂੰ ਉਹ ਦੀ ਸੁਣਨ ਅਤੇ ਇਹ ਜਾਣਨ ਤੋਂ ਪਹਿਲਾਂ ਭਈ ਉਹ ਕੀ ਕਰਦਾ ਹੈਗਾ ਦੋਸ਼ੀ ਠਹਿਰਾਉਂਦੀ ਹੈ ? 52 ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਭਲਾ, ਤੂੰ ਭੀ ਗਲੀਲ ਤੋਂ ਹੈਂ ?
53 ਭਾਲ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।
ਕਾਂਡ 8

1 [ਫੇਰ ਹਰੇਕ ਆਪੋ ਆਪਣੇ ਘਰ ਗਿਆ ਪਰ ਯਿਸੂ ਜ਼ੈਤੂਨ ਦੇ ਪਹਾੜ ਨੂੰ ਸਿਧਾਰਿਆ।
2 ਅਤੇ ਸਵੇਰ ਨੂੰ ਉਹ ਹੈਕਲ ਵਿੱਚ ਫੇਰ ਆਇਆ ਅਤੇ ਸਭ ਲੋਕ ਉਹ ਦੇ ਕੋਲ ਆਏ ਅਰ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ ।
3 ਤਾਂ ਗ੍ਰੰਥੀ ਅਤੇ ਫ਼ਰੀਸੀ ਇੱਕ ਤੀਵੀਂ ਨੂੰ ਲਿਆਏ ਜਿਹੜੀ ਜ਼ਨਾਹ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜੀ ਕਰ ਕੇ
4 ਉਹ ਨੂੰ ਕਿਹਾ, ਗੁਰੂ ਜੀ ਇਹ ਤੀਵੀਂ ਠੀਕ ਜ਼ਨਾਹ ਦੇ ਵੇਲੇ ਫੜੀ ਗਈ ਹੈ।
5 ਅਤੇ ਮੂਸਾ ਨੇ ਤੁਰੇਤ ਵਿੱਚ ਸਾਨੂੰ ਹੁਕਮ ਦਿੱਤਾ ਹੈ ਜੋ ਏਹੋ ਜਹੀਆਂ ਨੂੰ ਪੱਥਰਾਂ ਨਾਲ ਮਾਰ ਸੁੱਟੋ। ਫੇਰ ਤੂੰ ਇਹ ਦੇ ਹੱਕ ਵਿੱਚ ਕੀ ਆਖਦਾ ਹੈਂ ?
6 ਪਰ ਉਨ੍ਹਾਂ ਨੇ ਉਹ ਦੇ ਪਰਤਾਉਣ ਲਈ ਇਹ ਗੱਲ ਕਹੀ ਸੀ ਭਈ ਉਸ ਉੱਤੇ ਊਜ ਲਾਉਣ ਦਾ ਮੌਕਾ ਮਿਲੇ। ਤਾਂ ਯਿਸੂ ਹਿਠਾਹਾਂ ਨਿਉਂ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ।
7 ਜਾਂ ਓਹ ਉਸ ਤੋਂ ਪੁੱਛੀ ਗਏ ਤਾਂ ਉਹ ਨੇ ਸਿੱਧੇ ਹੋ ਕੇ ਉਨ੍ਹਾਂ ਨੂੰ ਆਖਿਆ ਕਿ ਜਿਹੜਾ ਤੁਹਾਡੇ ਵਿੱਚੋਂ ਨਿਰਦੋਖ ਹੋਵੇ ਉਹ ਪਹਿਲਾਂ ਉਸ ਨੂੰ ਪੱਥਰ ਮਾਰੇ।
8 ਫੇਰ ਹਿਠਾਹਾਂ ਨਿਉਂ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ।
9 ਇਹ ਸੁਣ ਕੇ ਓਹ ਵੱਡਿਆਂ ਤੋਂ ਲੈਕੇ ਛੋਟਿਆਂ ਤੀਕੁਰ ਇੱਕ ਇੱਕ ਕਰਕੇ ਨਿੱਕਲ ਗਏ ਅਤੇ ਯਿਸੂ ਇਕੱਲਾ ਰਹਿ ਗਿਆ ਅਤੇ ਉਹ ਤੀਵੀਂ ਵਿਚਕਾਰ ਖੜੀ ਰਹੀ।
10 ਤਾਂ ਯਿਸੂ ਨੇ ਸਿੱਧੇ ਹੋ ਕੇ ਉਹ ਨੂੰ ਆਖਿਆ, ਹੇ ਤ੍ਰੀਮਤ ਓਹ ਕਿੱਥੇ ਹਨ ? ਕੀ ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਾ ਦਿੱਤਾ ?
11 ਉਹ ਬੋਲੀ, ਪ੍ਰਭੁ ਜੀ, ਕਿਸੇ ਨੇ ਵੀ ਨਹੀਂ। ਤਾਂ ਯਿਸੂ ਨੇ ਕਿਹਾ, ਮੈਂ ਵੀ ਨਹੀਂ ਦਿੰਦਾ। ਜਾਹ, ਏਦੋਂ ਅੱਗੇ ਫੇਰ ਪਾਪ ਨਾ ਕਰੀਂ।]
12 ਉਪਰੰਤ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ।
13 ਇਸ ਲਈ ਫ਼ਰੀਸੀਆਂ ਨੇ ਉਹ ਨੂੰ ਕਿਹਾ, ਤੂੰ ਆਪਣੇ ਉੱਤੇ ਆਪੇ ਸਾਖੀ ਦਿੰਦਾ ਹੈਂ। ਤੇਰੀ ਸਾਖੀ ਸੱਚੀ ਨਹੀਂ।
14 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਾਵੇਂ ਮੈਂ ਆਪਣੇ ਉੱਤੇ ਆਪੇ ਸਾਖੀ ਦਿੰਦਾ ਹਾਂ ਤਾਂ ਵੀ ਮੇਰੀ ਸਾਖੀ ਸੱਚੀ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਮੈਂ ਕਿੱਧਰੋਂ ਆਇਆ ਹਾਂ ਅਤੇ ਕਿੱਧਰ ਨੂੰ ਜਾਂਦਾ ਹਾਂ ਪਰ ਤੁਸੀਂ ਨਹੀਂ ਜਾਣਦੇ ਭਈ ਮੈਂ ਕਿੱਧਰੋਂ ਆਉਂਦਾ ਅਤੇ ਕਿੱਧਰ ਨੂੰ ਜਾਂਦਾ ਹਾਂ।
15 ਤੁਸੀਂ ਸਰੀਰ ਦੇ ਅਨੁਸਾਰ ਨਿਆਉਂ ਕਰਦੇ ਹੋ। ਮੈਂ ਕਿਸੇ ਦਾ ਨਿਆਉਂ ਨਹੀਂ ਕਰਦਾ।
16 ਪਰ ਜੇ ਮੈਂ ਨਿਆਉਂ ਕਰਾਂ ਤਾਂ ਵੀ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਇਕੱਲਾ ਨਹੀਂ ਹਾਂ ਪਰ ਮੈਂ ਅਤੇ ਮੇਰਾ ਘੱਲਣ ਵਾਲਾ।
17 ਤੁਹਾਡੀ ਸ਼ਰਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਸਾਖੀ ਸੱਚੀ ਹੁੰਦੀ ਹੈ।
18 ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਖੀ ਦਿੰਦਾ ਹਾਂ ਅਤੇ ਇੱਕ ਮੇਰਾ ਪਿਤਾ ਜਿਨ੍ਹ ਮੈਨੂੰ ਘੱਲਿਆ ਮੇਰੇ ਉੱਤੇ ਸਾਖੀ ਦਿੰਦਾ ਹੈ।
19 ਤਾਂ ਉਨ੍ਹਾਂ ਉਸ ਨੂੰ ਆਖਿਆ, ਕਿੱਥੇ ਹੈ ਤੇਰਾ ਪਿਤਾ ? ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਾ ਮੈਨੂੰ ਜਾਣਦੇ ਹੋ, ਨਾ ਮੇਰੇ ਪਿਤਾ ਨੂੰ। ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ।
20 ਉਹ ਨੇ ਹੈਕਲ ਵਿੱਚ ਉਪਦੇਸ਼ ਕਰਦੇ ਹੋਏ ਏਹ ਗੱਲਾਂ ਖ਼ਜ਼ਾਨੇ ਦੇ ਅੰਦਰ ਆਖੀਆਂ ਅਰ ਕਿਸੇ ਨੇ ਉਹ ਨੂੰ ਨਾ ਫੜਿਆ ਕਿਉਂ ਜੋ ਉਹ ਦਾ ਵੇਲਾ ਅਜੇ ਨਹੀਂ ਸੀ ਆਇਆ।
21 ਉਸ ਨੇ ਫੇਰ ਉਨ੍ਹਾਂ ਨੂੰ ਆਖਿਆ, ਮੈਂ ਤਾਂ ਚੱਲਿਆ ਜਾਂਦਾ ਹਾਂ ਅਰ ਤੁਸੀਂ ਮੈਨੂੰ ਭਾਲੋਗੇ ਅਤੇ ਆਪਣੇ ਪਾਪ ਵਿੱਚ ਮਰੋਗੇ। ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ।
22 ਉਪਰੰਤ ਯਹੂਦੀਆਂ ਨੇ ਕਿਹਾ, ਭਲਾ, ਉਹ ਆਪਣਾ ਘਾਤ ਕਰੂ ? ਉਹ ਜੋ ਆਖਦਾ ਹੈ ਭਈ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ?
23 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ ਦਾ ਹਾਂ। ਤੁਸੀਂ ਇਸ ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ।
24 ਇਸ ਲਈ ਮੈਂ ਤੁਹਾਨੂੰ ਆਖਿਆ ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ ਕਿਉਂਕਿ ਜੇ ਤੁਸੀਂ ਮੇਰੀ ਪਰਤੀਤ ਨਾ ਕਰੋ ਕਿ ਮੈਂ ਉਹੋ ਹਾਂ ਤਾਂ ਆਪਣੇ ਪਾਪਾਂ ਵਿੱਚ ਮਰੋਗੇ।
25 ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਤੂੰ ਹੈਂ ਕੌਣ ? ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਉਹੋ ਹਾਂ ਜੋ ਮੁੱਢੋਂ ਤੁਹਾਨੂੰ ਦੱਸਦਾ ਆਇਆ।
26 ਤੁਹਾਡੇ ਹੱਕ ਵਿੱਚ ਮੈਂ ਬਹੁਤ ਕੁਝ ਕਹਿਣਾ ਹੈ ਅਤੇ ਨਿਆਉਂ ਕਰਨਾ ਹੈ ਪਰ ਜਿਨ ਮੈਨੂੰ ਘੱਲਿਆ ਉਹ ਸੱਚਾ ਹੈ ਅਤੇ ਜਿਹੜੀਆਂ ਗੱਲਾਂ ਮੈਂ ਉਸ ਕੋਲੋਂ ਸੁਣੀਆਂ ਸੋਈ ਜਗਤ ਨੂੰ ਕਹਿੰਦਾ ਹਾਂ।
27 ਓਹ ਨਾ ਸਮਝੇ ਜੋ ਉਹ ਸਾਨੂੰ ਪਿਤਾ ਦੇ ਵਿਖੇ ਆਖਦਾ ਹੈ।
28 ਤਾਂ ਯਿਸੂ ਨੇ ਆਖਿਆ ਕਿ ਜਾਂ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਭਈ ਮੈਂ ਉਹੋ ਹਾਂ ਅਤੇ ਇਹ ਜੋ ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ।
29 ਅਰ ਜਿਨ੍ਹ ਮੈਨੂੰ ਘੱਲਿਆ ਉਹ ਮੇਰੇ ਸੰਗ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂ ਜੋ ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।
30 ਉਹ ਦੇ ਏਹ ਗੱਲਾਂ ਆਖਦਿਆਂ ਬਹੁਤਿਆਂ ਨੇ ਉਹ ਦੇ ਉੱਤੇ ਨਿਹਚਾ ਕੀਤੀ।
31 ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਉਹ ਦੀ ਪਰਤੀਤ ਕੀਤੀ ਸੀ ਆਖਿਆ, ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ।
32 ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।
33 ਉਨ੍ਹਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਾਮ ਦੀ ਅੰਸ ਹਾਂਗੇ ਅਰ ਕਦੇ ਕਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿੱਕੁਰ ਆਖਦਾ ਹੈਂ ਜੋ ਤੁਸੀਂ ਅਜ਼ਾਦ ਕੀਤੇ ਜਾਓਗੇ ?
34 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ।
35 ਅਤੇ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ। ਪੁੱਤ੍ਰ ਸਦਾ ਰਹਿੰਦਾ ਹੈ।
36 ਇਸ ਲਈ ਜੇ ਪੁੱਤ੍ਰ ਤੁਹਾਨੂੰ ਅਜ਼ਾਦ ਕਰੇ ਤਾਂ ਠੀਕ ਤੁਸੀਂ ਅਜ਼ਾਦ ਹੋਵੋਗੇ।
37 ਮੈਂ ਜਾਣਦਾ ਹਾਂ ਜੋ ਤੁਸੀਂ ਅਬਰਾਹਾਮ ਦੀ ਅੰਸ ਹੋ ਪਰ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਇਸ ਲਈ ਜੋ ਤੁਹਾਡੇ ਵਿੱਚ ਮੇਰੇ ਬਚਨ ਲਈ ਥਾਂ ਨਹੀਂ ਹੈ।
38 ਮੈਂ ਜੋ ਕੁਝ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋਈ ਕਹਿੰਦਾ ਹਾਂ। ਫੇਰ ਤੁਸਾਂ ਵੀ ਜੋ ਕੁਝ ਆਪਣੇ ਪਿਉ ਦੇ ਕੋਲੋਂ ਸੁਣਿਆ ਹੈ ਸੋ ਕਰਦੇ ਹੋ।
39 ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਸਾਡਾ ਪਿਤਾ ਅਬਰਾਹਾਮ ਹੈ। ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਅਬਰਾਹਾਮ ਦੀ ਉਲਾਦ ਹੁੰਦੇ ਤਾਂ ਅਬਰਾਹਾਮ ਜਿਹੇ ਕੰਮ ਕਰਦੇ।
40 ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਜੋ ਇਹਾ ਜਿਹਾ ਮਨੁੱਖ ਹਾਂ ਜਿਨ੍ਹ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਪਰਮੇਸ਼ੁਰ ਕੋਲੋਂ ਸੁਣੀ। ਇਹ ਤਾਂ ਅਬਰਾਹਾਮ ਨੇ ਨਹੀਂ ਕੀਤਾ।
41 ਤੁਸੀਂ ਆਪਣੇ ਪਿਉ ਜਿਹੇ ਕੰਮ ਕਰਦੇ ਹੋ। ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਹਰਾਮ ਦੇ ਨਹੀਂ ਹਾਂ। ਸਾਡਾ ਪਿਤਾ ਇੱਕ ਉਹ ਪਰਮੇਸ਼ੁਰ ਹੈ।
42 ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਇਸ ਲਈ ਜੋ ਮੈਂ ਪਰਮੇਸ਼ੁਰ ਤੋਂ ਨਿੱਕਲਿਆ ਅਤੇ ਆਇਆ ਹਾਂ ਕਿਉਂਕਿ ਮੈਂ ਆਪ ਤੋਂ ਆਪ ਨਹੀਂ ਆਇਆ ਪਰ ਉਹ ਨੇ ਮੈਨੂੰ ਘੱਲਿਆ।
43 ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ ? ਇਸੇ ਲਈ ਜੋ ਮੇਰਾ ਬਚਨ ਸੁਣ ਨਹੀਂ ਸੱਕਦੇ।
44 ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।
45 ਪਰ ਇਸ ਕਾਰਨ ਜੋ ਮੈਂ ਸਤ ਆਖਦਾ ਹਾਂ ਤੁਸੀਂ ਮੇਰੀ ਪਰਤੀਤ ਨਹੀਂ ਕਰਦੇ ਹੋ।
46 ਕੌਣ ਤੁਹਾਡੇ ਵਿੱਚੋਂ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਹੈ ? ਜੇ ਮੈਂ ਸਤ ਆਖਦਾ ਹਾਂ ਤਾਂ ਤੁਸੀਂ ਕਿਉਂ ਮੇਰੀ ਪਰਤੀਤ ਨਹੀਂ ਕਰਦੇ ਹੋ ?
47 ਜੋ ਪਰਮੇਸ਼ੁਰ ਤੋਂ ਹੈ ਸੋ ਪਰਮੇਸ਼ੁਰ ਦੇ ਬਚਨ ਸੁਣਦਾ ਹੈ। ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੋ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ। 48 ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ, ਕੀ ਅਸੀਂ ਠੀਕ ਨਹੀਂ ਕਹਿੰਦੇ ਜੋ ਤੂੰ ਸਾਮਰੀ ਹੈਂ ਅਤੇ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈਗਾ ? 49 ਯਿਸੂ ਨੇ ਉੱਤਰ ਦਿੱਤਾ, ਮੈਨੂੰ ਭੂਤ ਨਹੀਂ ਚਿੰਬੜਿਆ ਹੋਇਆ ਹੈ ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਆਦਰ ਕਰਦੇ ਹੋ।
50 ਪਰ ਮੈਂ ਆਪਣੀ ਵਡਿਆਈ ਨਹੀਂ ਭਾਲਦਾ। ਇੱਕ ਹੈ ਜੋ ਭਾਲਦਾ ਅਤੇ ਨਿਆਉਂ ਕਰਦਾ ਹੈ।
51 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੂਲੋਂ ਕਦੇ ਮੌਤ ਨਾ ਵੇਖੇਗਾ। 52 ਯਹੂਦੀਆਂ ਨੇ ਉਹ ਨੂੰ ਆਖਿਆ, ਹੁਣ ਅਸੀਂ ਜਾਣ ਗਏ ਜੋ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈ ! ਅਬਰਾਹਾਮ ਮਰ ਗਿਆ, ਨਾਲੇ ਨਬੀ ਵੀ ਅਤੇ ਤੂੰ ਆਖਦਾ ਹੈਂ ਭਈ ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੌਤ ਦਾ ਸੁਆਦ ਮੂਲੋਂ ਕਦੇ ਨਾ ਚੱਖੂ।
53 ਭਲਾ, ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਜੋ ਮਰ ਗਿਆ ਹੈ ਵੱਡਾ ਹੈਂ ? ਨਾਲੇ ਨਬੀ ਵੀ ਮਰ ਗਏ। ਤੂੰ ਆਪ ਨੂੰ ਕੀ ਬਣਾਉਂਦਾ ਹੈਂ ? 54 ਯਿਸੂ ਨੇ ਉੱਤਰ ਦਿੱਤਾ, ਜੇ ਮੈਂ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ ਹੈ ਜੋ ਮੇਰੀ ਵਡਿਆਈ ਕਰਦਾ ਹੈ ਸੋ ਮੇਰਾ ਪਿਤਾ ਹੈ ਜਿਹ ਨੂੰ ਤੁਸੀਂ ਆਖਦੇ ਹੋ ਜੋ ਉਹ ਸਾਡਾ ਪਰਮੇਸ਼ੁਰ ਹੈ।
55 ਅਤੇ ਤੁਸਾਂ ਉਹ ਨੂੰ ਨਹੀਂ ਜਾਤਾ ਪਰ ਮੈਂ ਉਹ ਨੂੰ ਜਾਣਦਾ ਹਾਂ ਅਰ ਜੇ ਮੈਂ ਆਖਾਂ ਭਈ ਮੈਂ ਉਹ ਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਙੁ ਝੂਠਾ ਹੋਵਾਂਗਾ ਪਰ ਮੈਂ ਉਹ ਨੂੰ ਜਾਣਦਾ ਹਾਂ ਅਤੇ ਉਹ ਦੇ ਬਚਨ ਦੀ ਪਾਲਨਾ ਕਰਦਾ ਹਾਂ। 56 ਤੁਹਾਡਾ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਨੂੰ ਅਨੰਦ ਸੀ ਅਰ ਉਸ ਨੇ ਵੇਖਿਆ ਅਤੇ ਪਰਸਿੰਨ ਹੋਇਆ। 57 ਤਾਂ ਯਹੂਦੀਆਂ ਨੇ ਉਹ ਨੂੰ ਆਖਿਆ, ਤੇਰੀ ਉਮਰ ਤਾਂ ਅਜੇ ਪੰਜਾਹਾਂ ਵਰਿਹਾਂ ਦੀ ਨਹੀਂ ਤੈਂ ਅਬਰਾਹਾਮ ਨੂੰ ਵੇਖਿਆ ਹੈ ? 58 ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ।
59 ਉਪਰੰਤ ਉਨ੍ਹਾਂ ਉਸ ਦੇ ਮਾਰਨ ਨੂੰ ਪੱਥਰ ਚੁੱਕੇ ਪਰ ਯਿਸੂ ਨੇ ਆਪਣੇ ਤਾਈਂ ਲਕੋਇਆ ਅਤੇ ਹੈਕਲੋਂ ਬਾਹਰ ਚੱਲਿਆ ਗਿਆ।
ਕਾਂਡ 9

1 ਜਾਂ ਉਹ ਚੱਲਿਆ ਜਾਂਦਾ ਸੀ ਤਾਂ ਉਸ ਨੇ ਇੱਕ ਮਨੁੱਖ ਵੇਖਿਆ ਜਿਹੜਾ ਜਮਾਂਦਰੂ ਅੰਨ੍ਹਾ ਸੀ।
2 ਅਰ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਸੁਆਮੀ ਜੀ ਕਿਹ ਨੇ ਪਾਪ ਕੀਤਾ ਇਸ ਨੇ ਯਾ ਇਹ ਦੇ ਮਾਪਿਆਂ ਨੇ ਜੋ ਇਹ ਅੰਨ੍ਹਾ ਜੰਮਿਆ ਹੈ ?
3 ਯਿਸੂ ਨੇ ਉੱਤਰ ਦਿੱਤਾ, ਨਾ ਤਾਂ ਇਸ ਨੇ ਪਾਪ ਕੀਤਾ ਨਾ ਇਹ ਦੇ ਮਾਪਿਆਂ ਨੇ ਪਰ ਇਹ ਇਸ ਲਈ ਹੋਇਆ ਜੋ ਪਰਮੇਸ਼ੁਰ ਦੇ ਕੰਮ ਉਸ ਵਿੱਚ ਪਰਗਟ ਕੀਤੇ ਜਾਣ।
4 ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ ਹੁੰਦੇ ਉਹ ਦੇ ਕੰਮ ਕਰੀਏ ਜਿਨ੍ਹ ਮੈਨੂੰ ਘੱਲਿਆ। ਰਾਤ ਚੱਲੀ ਆਉਂਦੀ ਹੈ ਜਦੋਂ ਕੋਈ ਕੰਮ ਨਹੀਂ ਕਰ ਸੱਕਦਾ।
5 ਜਦ ਤੀਕੁ ਮੈਂ ਜਗਤ ਵਿੱਚ ਹਾਂ ਮੈਂ ਜਗਤ ਦਾ ਚਾਨਣ ਹਾਂ।
6 ਉਸ ਨੇ ਇਹ ਗੱਲਾਂ ਕਹਿ ਕੇ ਧਰਤੀ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗੋਈ ਅਰ ਉਹ ਮਿੱਟੀ ਉਹ ਦੀਆਂ ਅੱਖੀਆਂ ਉੱਤੇ ਮਲੀ।
7 ਅਤੇ ਉਸ ਨੂੰ ਆਖਿਆ, ਜਾਹ ਸਿਲੋਆਮ ਦੇ ਕੁੰਡ ਵਿੱਚ ਜਿਹ ਦਾ ਅਰਥ ਹੈ ਭੇਜਿਆ ਹੋਇਆ ਧੋ ਸੁੱਟ। ਸੋ ਉਹ ਨੇ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਕੇ ਚੱਲਾ ਆਇਆ।
8 ਇਸ ਲਈ ਗੁਆਂਢੀਆਂ ਨੇ ਅਤੇ ਜਿਨ੍ਹਾਂ ਅੱਗੇ ਉਹ ਨੂੰ ਵੇਖਿਆ ਸੀ ਜੋ ਉਹ ਮੰਗਤਾ ਹੈ ਕਿਹਾ, ਕੀ ਇਹ ਉਹੋ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ ?
9 ਇੱਕਨਾਂ ਆਖਿਆ, ਇਹ ਉਹੋ ਹੈ। ਇੱਕਨਾਂ ਆਖਿਆ, ਨਹੀਂ ਪਰ ਉਸ ਵਰਗਾ ਹੈ। ਓਸ ਆਖਿਆ, ਮੈਂ ਉਹੋ ਹਾਂ।
10 ਇਸ ਲਈ ਉਨ੍ਹਾਂ ਨੇ ਉਹ ਨੂੰ ਕਿਹਾ, ਫੇਰ ਤੇਰੀਆਂ ਅੱਖਾਂ ਕਿਸ ਤਰਾਂ ਖੁਲ੍ਹ ਗਈਆਂ ?
11 ਉਹ ਨੇ ਉੱਤਰ ਦਿੱਤਾ ਕਿ ਉਸ ਮਨੁੱਖ ਨੇ ਜਿਹ ਦਾ ਨਾਮ ਯਿਸੂ ਹੈ ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਰ ਮੈਨੂੰ ਆਖਿਆ, ਸਿਲੋਆਮ ਵਿੱਚ ਜਾ ਕੇ ਧੋ ਸੁੱਟ ਸੋ ਮੈਂ ਜਾ ਕੇ ਧੋ ਸੁੱਟੀਆਂ ਅਤੇ ਸੁਜਾਖਾ ਹੋ ਗਿਆ !
12 ਤਾਂ ਉਨ੍ਹਾਂ ਉਹ ਨੂੰ ਆਖਿਆ ਕਿ ਉਹ ਕਿੱਥੇ ਹੈ ? ਉਹ ਬੋਲਿਆ, ਮੈਂ ਨਹੀਂ ਜਾਣਦਾ।
13 ਓਹ ਉਸ ਨੂੰ ਜਿਹੜਾ ਅੱਗੇ ਅੰਨ੍ਹਾ ਸੀ ਫ਼ਰੀਸੀਆਂ ਕੋਲ ਲਿਆਏ।
14 ਅਰ ਜਿਸ ਦਿਨ ਯਿਸੂ ਨੇ ਮਿੱਟੀ ਗੋ ਕੇ ਉਹ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਉਹ ਦਿਨ ਸਬਤ ਦਾ ਸੀ।
15 ਤਾਂ ਫ਼ਰੀਸੀਆਂ ਨੇ ਫੇਰ ਉਸ ਤੋਂ ਪੁੱਛਿਆ, ਤੂੰ ਕਿੱਕੁਰ ਸੁਜਾਖਾ ਹੋ ਗਿਆ ? ਉਹ ਨੇ ਉਨ੍ਹਾਂ ਨੂੰ ਕਿਹਾ ਕਿ ਓਨ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਾਈ ਅਤੇ ਮੈਂ ਧੋਤੀਆਂ ਅਰ ਹੁਣ ਵੇਖਦਾ ਹਾਂ।
16 ਉਪਰੰਤ ਫ਼ਰੀਸੀਆਂ ਵਿੱਚੋਂ ਕਿੰਨਿਆਂ ਨੇ ਕਿਹਾ, ਇਹ ਮਨੁੱਖ ਪਰਮੇਸ਼ੁਰ ਦੀ ਵੱਲੋਂ ਨਹੀਂ ਜੋ ਸਬਤ ਦੇ ਦਿਨ ਨੂੰ ਨਹੀਂ ਮੰਨਦਾ। ਪਰ ਹੋਰਨਾਂ ਆਖਿਆ, ਪਾਪੀ ਮਨੁੱਖ ਏਹੋ ਜੇਹੇ ਨਿਸ਼ਾਨ ਕਿੱਕੁਰ ਵਿਖਾਲ ਸੱਕਦਾ ਹੈ ? ਸੋ ਉਨ੍ਹਾਂ ਵਿੱਚ ਫੁੱਟ ਪੈ ਗਈ।
17 ਉਨ੍ਹਾਂ ਉਸ ਅੰਨ੍ਹੇ ਨੂੰ ਫੇਰ ਆਖਿਆ ਕਿ ਉਹ ਨੇ ਜੋ ਤੇਰੀਆਂ ਅੱਖਾਂ ਖੋਲ੍ਹੀਆਂ ਤੂੰ ਉਹ ਦੇ ਵਿਖੇ ਕੀ ਕਹਿੰਦਾ ਹੈਂ ? ਉਹ ਬੋਲਿਆ, ਉਹ ਨਬੀ ਹੈ।
18 ਪਰ ਯਹੂਦੀਆਂ ਨੇ ਇਹ ਗੱਲ ਸਤ ਨਾ ਮੰਨੀ ਜੋ ਉਹ ਅੰਨ੍ਹਾ ਸੀ ਅਤੇ ਸੁਜਾਖਾ ਹੋ ਗਿਆ ਜਿੰਨਾ ਚਿਰ ਉਸ ਸੁਜਾਖੇ ਹੋਏ ਹੋਏ ਦੇ ਮਾਪਿਆਂ ਨੂੰ ਨਾ ਸੱਦਿਆ।
19 ਅਤੇ ਇਹ ਕਹਿ ਕੇ ਉਨ੍ਹਾਂ ਤੋਂ ਨਾ ਪੁੱਛਿਆ, ਕੀ ਇਹ ਤੁਹਾਡਾ ਪੁੱਤ੍ਰ ਹੈ ਜਿਹ ਨੂੰ ਤੁਸੀਂ ਆਖਦੇ ਹੋ ਭਈ ਉਹ ਅੰਨ੍ਹਾ ਜੰਮਿਆ ਸੀ ? ਫੇਰ ਹੁਣ ਕਿੱਕੁਰ ਵੇਖਦਾ ਹੈ ?
20 ਉਹ ਦੇ ਮਾਪਿਆਂ ਨੇ ਉੱਤਰ ਦਿੱਤਾ, ਅਸੀਂ ਜਾਣਦੇ ਹਾਂ ਜੋ ਇਹ ਸਾਡਾ ਪੁੱਤ੍ਰ ਹੈ ਅਤੇ ਇਹ ਭੀ ਕਿ ਉਹ ਅੰਨ੍ਹਾ ਜੰਮਿਆ ਸੀ।
21 ਪਰ ਸਾਨੂੰ ਪਤਾ ਨਹੀਂ ਜੋ ਉਹ ਹੁਣ ਕਿੱਕੂੰ ਵੇਖਦਾ ਹੈ ਅਤੇ ਇਹ ਭੀ ਨਹੀਂ ਸਾਨੂੰ ਪਤਾ ਹੈ ਭਈ ਕਿਹ ਨੇ ਉਹ ਦੀਆਂ ਅੱਖਾਂ ਖੋਲ੍ਹੀਆਂ। ਓਸੇ ਕੋਲੋਂ ਪੁੱਛ ਲਓ, ਉਹ ਸਿਆਣਾ ਹੈ, ਉਹ ਆਪਣੀ ਗੱਲ ਆਪੇ ਦੱਸੂ।
22 ਉਹ ਦੇ ਮਾਪਿਆਂ ਨੇ ਯਹੂਦੀਆਂ ਤੋਂ ਡਰ ਦੇ ਮਾਰੇ ਏਹ ਗੱਲਾਂ ਕਹੀਆਂ ਕਿਉਂ ਜੋ ਯਹੂਦੀਆਂ ਨੇ ਏਕਾ ਕਰ ਲਿਆ ਸੀ ਭਈ ਜੇ ਕੋਈ ਉਹ ਨੂੰ ਮਸੀਹ ਕਰਕੇ ਮੰਨ ਲਵੇ ਤਾਂ ਉਹ ਸਮਾਜ ਵਿੱਚੋਂ ਛੇਕਿਆ ਜਾਵੇ।
23 ਇਸ ਕਾਰਨ ਉਹ ਦੇ ਮਾਪਿਆਂ ਨੇ ਕਿਹਾ ਕਿ ਉਹ ਸਿਆਣਾ ਹੈ, ਉਸੇ ਨੂੰ ਪੁੱਛ ਲਓ।
24 ਉਪਰੰਤ ਉਨ੍ਹਾਂ ਨੇ ਉਸ ਮਨੁੱਖ ਨੂੰ ਜਿਹੜਾ ਅੰਨ੍ਹਾ ਸੀ ਦੂਈ ਵਾਰ ਸੱਦਿਆ ਅਤੇ ਉਹ ਨੂੰ ਆਖਿਆ ਕਿ ਪਰਮੇਸ਼ੁਰ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਜੋ ਇਹ ਮਨੁੱਖ ਪਾਪੀ ਹੈ।
25 ਤਾਂ ਉਸ ਉੱਤਰ ਦਿੱਤਾ ਭਈ ਉਹ ਪਾਪੀ ਹੈ ਕਿ ਨਹੀਂ ਸੋ ਮੈਂ ਨਹੀਂ ਜਾਣਦਾ। ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਜੋ ਅੰਨ੍ਹਾ ਸੀ ਹੁਣ ਵੇਖਦਾ ਹਾਂ।
26 ਇਸ ਲਈ ਉਨ੍ਹਾਂ ਉਸ ਨੂੰ ਕਿਹਾ ਜੋ ਉਨ ਤੇਰੇ ਨਾਲ ਕੀ ਕੀਤਾ ? ਕਿਸ ਤਰਾਂ ਤੇਰੀਆਂ ਅੱਖਾਂ ਖੋਲ੍ਹੀਆਂ ?
27 ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਹੁਣੇ ਤੁਹਾਨੂੰ ਦੱਸਿਆ ਸੀ ਅਤੇ ਤੁਸਾਂ ਸੁਣਿਆ ਹੀ ਨਾ। ਕਿਉਂ ਫੇਰ ਸੁਣਨਾ ਚਾਹੁੰਦੇ ਹੋ ? ਭਲਾ, ਤੁਸੀਂ ਭੀ ਉਹ ਦੇ ਚੇਲੇ ਹੋਣਾ ਚਾਹੁੰਦੇ ਹੋ ?
28 ਤਾਂ ਉਨ੍ਹਾਂ ਉਸ ਨੂੰ ਗਾਲਾਂ ਕੱਢ ਕੇ ਆਖਿਆ, ਉਹ ਦਾ ਚੇਲਾ ਤੂੰਏਂ ਹੈਂ ਪਰ ਅਸੀਂ ਮੂਸਾ ਦੇ ਚੇਲੇ ਹਾਂਗੇ।
29 ਅਸੀਂ ਜਾਣਦੇ ਹਾਂ ਜੋ ਪਰਮੇਸ਼ੁਰ ਨੇ ਮੂਸਾ ਦੇ ਨਾਲ ਗੱਲਾਂ ਕੀਤੀਆਂ ਹਨ ਪਰ ਇਹ ਨੂੰ ਨਹੀਂ ਜਾਣਦੇ ਭਈ ਕਿੱਥੋਂ ਹੈ।
30 ਉਸ ਮਨੁੱਖ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਹੋ ਤਾਂ ਅਚਰਜ ਦੀ ਗੱਲ ਹੈ ਜੋ ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਹੈ ਅਤੇ ਉਸ ਨੇ ਮੇਰੀਆਂ ਅੱਖੀਆਂ ਖੋਲ੍ਹ ਦਿੱਤੀਆਂ !
31 ਅਸੀਂ ਤਾਂ ਜਾਣਦੇ ਹਾਂਗੇ ਜੋ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ ਪਰ ਜੇ ਕੋਈ ਪਰਮੇਸ਼ੁਰ ਦਾ ਭਗਤ ਹੋਵੇ ਅਤੇ ਉਹ ਦੀ ਮਰਜ਼ੀ ਉੱਤੇ ਚੱਲੇ ਤਾਂ ਉਹ ਦੀ ਸੁਣਦਾ ਹੈ।
32 ਜਗਤ ਦੇ ਮੁੱਢੋਂ ਇਹ ਕਦੇ ਨਹੀਂ ਸੁਣਿਆ ਗਿਆ ਜੋ ਕਿਨ੍ਹੇ ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ !
33 ਜੇ ਇਹ ਪਰਮੇਸ਼ੁਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸੱਕਦਾ।
34 ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਤਾਂ ਨਿਰਾ ਪੁਰਾ ਪਾਪਾਂ ਵਿੱਚ ਜੰਮਿਆ ਹੈਂ, ਫੇਰ ਸਾਨੂੰ ਸਿਖਲਾਉਂਦਾ ਹੈਂ ? ਅਤੇ ਉਨ੍ਹਾਂ ਉਸ ਨੂੰ ਛੇਕ ਦਿੱਤਾ।
35 ਯਿਸੂ ਨੇ ਸੁਣਿਆ ਜੋ ਉਨ੍ਹਾਂ ਉਹ ਨੂੰ ਛੇਕ ਦਿੱਤਾ ਅਤੇ ਉਹ ਨੂੰ ਲੱਭ ਕੇ ਆਖਿਆ, ਕੀ ਤੂੰ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਕਰਦਾ ਹੈਂ ?
36 ਉਹ ਨੇ ਉੱਤਰ ਦਿੱਤਾ, ਪ੍ਰਭੁ ਜੀ, ਉਹ ਕੌਣ ਹੈ ਜੋ ਮੈਂ ਉਸ ਉੱਤੇ ਨਿਹਚਾ ਕਰਾਂ ?
37 ਯਿਸੂ ਨੇ ਉਹ ਨੂੰ ਆਖਿਆ, ਤੈਂ ਉਸ ਨੂੰ ਵੇਖਿਆ ਭੀ ਹੈ ਅਤੇ ਨਾਲੇ ਉਹ ਜੋ ਤੇਰੇ ਸੰਗ ਗੱਲਾਂ ਕਰਦਾ ਹੈ ਸੋਈ ਹੈ।
38 ਤਾਂ ਉਹ ਬੋਲਿਆ, ਪ੍ਰਭੁ ਜੀ ਮੈਂ ਨਿਹਚਾ ਕਰਦਾ ਹਾਂ ! ਅਤੇ ਉਸ ਨੂੰ ਮੱਥਾ ਟੇਕਿਆ।
39 ਯਿਸੂ ਨੇ ਆਖਿਆ, ਮੈਂ ਨਿਆਉਂ ਲਈ ਇਸ ਜਗਤ ਵਿੱਚ ਆਇਆ ਭਈ ਜਿਹੜੇ ਨਹੀਂ ਵੇਖਦੇ ਹਨ ਓਹ ਵੇਖਣ ਅਤੇ ਜਿਹੜੇ ਵੇਖਦੇ ਹਨ ਓਹ ਓਹ ਅੰਨ੍ਹੇ ਹੋ ਜਾਣ।
40 ਫ਼ਰੀਸੀਆਂ ਵਿੱਚੋਂ ਉਨ੍ਹਾਂ ਨੇ ਜੋ ਉਸ ਦੇ ਨਾਲ ਸਨ ਏਹ ਗੱਲਾਂ ਸੁਣੀਆਂ ਅਤੇ ਉਸ ਨੂੰ ਆਖਿਆ, ਭਲਾ, ਅਸੀਂ ਭੀ ਅੰਨ੍ਹੇ ਹਾਂ ?
41 ਯਿਸੂ ਨੇ ਉਨ੍ਹਾਂ ਨੂੰ ਆਖਿਆ , ਜੇ ਤੁਸੀਂ ਅੰਨ੍ਹੇ ਹੁੰਦੇ ਤਾਂ ਤੁਹਾਡਾ ਪਾਪ ਨਾ ਹੁੰਦਾ ਪਰ ਹੁਣ ਜੋ ਤੁਸੀਂ ਆਖਦੇ ਹੋ ਭਈ ਅਸੀਂ ਵੇਖਦੇ ਹਾਂ ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।
ਕਾਂਡ 10

1 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਭੇਡਾਂ ਦੇ ਬਾੜੇ ਵਿੱਚ ਬੂਹੇ ਥਾਣੀਂ ਨਹੀਂ ਵੜਦਾ ਪਰ ਹੋਰ ਪਾਸਿਓਂ ਚੜ੍ਹਦਾ ਹੈ ਉਹ ਚੋਰ ਅਤੇ ਡਾਕੂ ਹੈ।
2 ਪਰ ਜਿਹੜਾ ਬੂਹੇ ਥਾਣੀਂ ਵੜਦਾ ਹੈ ਉਹ ਭੇਡਾਂ ਦਾ ਅਯਾਲੀ ਹੈ।
3 ਉਹ ਦੇ ਲਈ ਦਰਬਾਨ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਹ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ ਲੈ ਕੇ ਬੁਲਾਉਂਦਾ ਹੈ ਅਰ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ।
4 ਜਦ ਉਹ ਆਪਣੀ ਸਾਰੀਆਂ ਭੇਡਾਂ ਨੂੰ ਕੱਢ ਚੁੱਕਦਾ ਹੈ ਤਾਂ ਉਨ੍ਹਾਂ ਦੇ ਅੱਗੇ ਅੱਗੇ ਤੁਰ ਪੈਂਦਾ ਹੈ ਅਤੇ ਭੇਡਾਂ ਉਹ ਦੇ ਮਗਰ ਮਗਰ ਲੱਗੀਆਂ ਜਾਂਦੀਆਂ ਹਨ ਕਿਉਂ ਜੋ ਓਹ ਉਸ ਦੀ ਅਵਾਜ਼ ਪਛਾਣਦੀਆਂ ਹਨ।
5 ਓਹ ਪਰਾਏ ਦੇ ਮਗਰ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਨੱਸ ਜਾਣਗੀਆਂ ਕਿਉਂਕਿ ਪਰਾਇਆਂ ਦੀ ਅਵਾਜ਼ ਨਹੀਂ ਪਛਾਣਦੀਆਂ।
6 ਯਿਸੂ ਨੇ ਇਹ ਦ੍ਰਿਸ਼ਟਾਂਤ ਉਨ੍ਹਾਂ ਨੂੰ ਆਖਿਆ ਪਰ ਓਹ ਨਾ ਸਮਝੇ ਭਈ ਏਹ ਕੀ ਗੱਲਾਂ ਹਨ ਜਿਹੜੀਆਂ ਉਹ ਸਾਨੂੰ ਆਖਦਾ ਹੈ।
7 ਇਸ ਲਈ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਭੇਡਾਂ ਦਾ ਬੂਹਾ ਮੈਂ ਹਾਂ।
8 ਸਭ ਜਿੰਨੇ ਮੈਥੋਂ ਅੱਗੇ ਆਏ ਸੋ ਚੋਰ ਅਤੇ ਡਾਕੂ ਹਨ ਪਰ ਭੇਡਾਂ ਨੇ ਉਨ੍ਹਾਂ ਦੀ ਨਾ ਸੁਣੀ।
9 ਉਹ ਬੂਹਾ ਮੈਂ ਹਾਂ। ਮੇਰੇ ਥਾਣੀਂ ਜੇ ਕੋਈ ਵੜੇ ਤਾਂ ਉਹ ਬਚਾਇਆ ਜਾਵੇਗਾ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪਾਵੇਗਾ।
10 ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਅਰ ਵੱਢੇ ਅਤੇ ਨਾਸ ਕਰੇ। ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ।
11 ਅੱਛਾ ਅਯਾਲੀ ਮੈਂ ਹਾਂ। ਅੱਛਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।
12 ਜੋ ਕਾਮਾ ਹੈ ਅਤੇ ਅਯਾਲੀ ਨਹੀਂ ਜਿਹ ਦੀਆਂ ਭੇਡਾਂ ਆਪਣੀਆਂ ਨਹੀਂ ਹਨ ਸੋ ਬਘਿਆੜ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡਦਾ ਅਤੇ ਭੱਜ ਜਾਂਦਾ ਹੈ ਅਰ ਬਘਿਆੜ ਉਨ੍ਹਾਂ ਨੂੰ ਫੜ ਲੈਂਦਾ ਅਤੇ ਖਿੰਡਾ ਦਿੰਦਾ ਹੈ।
13 ਉਹ ਇਸ ਲਈ ਭੱਜਦਾ ਹੈ ਜੋ ਉਹ ਕਾਮਾ ਹੈ ਅਤੇ ਭੇਡਾਂ ਦੀ ਚਿੰਤਾ ਨਹੀਂ ਕਰਦਾ।
14 ਅੱਛਾ ਅਯਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ।
15 ਜਿਸ ਪਰਕਾਰ ਪਿਤਾ ਮੈਨੂੰ ਸਿਆਣਦਾ ਹੈ ਅਰ ਮੈਂ ਪਿਤਾ ਨੂੰ ਸਿਆਣਦਾ ਹਾਂ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਦਿੰਦਾ ਹਾਂ।
16 ਅਤੇ ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਨ੍ਹਾਂ ਨੂੰ ਵੀ ਲਿਆਵਾਂ ਅਰ ਓਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ।
17 ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ ਕਿ ਮੈਂ ਆਪਣੀ ਜਾਨ ਦਿੰਦਾ ਹਾਂ ਤਾਂ ਜੋ ਉਹ ਨੂੰ ਫੇਰ ਲਵਾਂ।
18 ਕੋਈ ਉਸ ਨੂੰ ਮੈਥੋਂ ਖੋਹੰਦਾ ਨਹੀਂ ਪਰ ਮੈਂ ਆਪੇ ਉਸ ਨੂੰ ਦਿੰਦਾ ਹਾਂ। ਮੇਰਾ ਇਖ਼ਤਿਆਰ ਹੈ ਜੋ ਉਹ ਨੂੰ ਦੇਵਾਂ ਅਤੇ ਮੇਰਾ ਇਖ਼ਤਿਆਰ ਹੈ ਜੋ ਉਹ ਨੂੰ ਫੇਰ ਲਵਾਂ। ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ।
19 ਇਨ੍ਹਾਂ ਬਚਨਾਂ ਦੇ ਕਾਰਨ ਯਹੂਦੀਆਂ ਵਿੱਚ ਫੇਰ ਫੁੱਟ ਪੈ ਗਈ।
20 ਅਰ ਬਹੁਤੇ ਉਨ੍ਹਾਂ ਵਿੱਚੋਂ ਬੋਲੇ ਭਈ ਉਹ ਨੂੰ ਭੂਤ ਚਿੰਬੜਿਆ ਹੋਇਆ ਹੈ ਅਤੇ ਉਹ ਕਮਲਾ ਹੈ ! ਕਾਹਨੂੰ ਤੁਸੀਂ ਉਹ ਦੀ ਸੁਣਦੇ ਹੋ ?
21 ਹੋਰਨਾਂ ਆਖਿਆ, ਏਹ ਗੱਲਾਂ ਭੂਤ ਦੇ ਗ੍ਰਿਸੇ ਹੋਏ ਦੀਆਂ ਨਹੀਂ ਹਨ। ਭੂਤ ਭਲਾ, ਅੰਨ੍ਹੇ ਦੀਆਂ ਅੱਖਾਂ ਖੋਲ੍ਹ ਸੱਕਦਾ ਹੈ ?
22 ਯਰੂਸ਼ਲਮ ਵਿੱਚ ਪਰਤਿਸਠਾ ਦਾ ਤਿਉਹਾਰ ਆਇਆ। ਉਹ ਸਿਆਲ ਦੀ ਰੁੱਤ ਸੀ।
23 ਅਤੇ ਯਿਸੂ ਹੈਕਲ ਦੇ ਸੁਲੇਮਾਨ ਦੇ ਦਲਾਨ ਵਿੱਚ ਫਿਰਦਾ ਸੀ।
24 ਇਸ ਲਈ ਯਹੂਦੀਆਂ ਨੇ ਉਸ ਦੇ ਦੁਆਲੇ ਇਕੱਠੇ ਹੋ ਕੇ ਉਸ ਨੂੰ ਆਖਿਆ, ਤੂੰ ਕਦਕੁ ਤਾਈਂ ਸਾਨੂੰ ਦੁਬਧਾ ਵਿੱਚ ਰੱਖੇਂਗਾ ? ਜੇ ਤੂੰ ਮਸੀਹ ਹੈਂ ਤਾਂ ਖੋਲ੍ਹ ਕੇ ਸਾਨੂੰ ਦੱਸ ਦਿਹ।
25 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਤੁਹਾਨੂੰ ਦੱਸਿਆ ਪਰ ਤੁਸੀਂ ਪਰਤੀਤ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਤੇ ਕਰਦਾ ਹਾਂ ਓਹ ਮੇਰੇ ਉੱਤੇ ਸਾਖੀ ਦਿੰਦੇ ਹਨ।
26 ਪਰ ਤੁਸੀਂ ਪਰਤੀਤ ਨਹੀਂ ਕਰਦੇ ਕਿਉਂ ਜੋ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ।
27 ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ।
28 ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕਾਲ ਤੀਕੁ ਕਦੇ ਨਾਸ ਨਾ ਹੋਵੇਗਾ, ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ।
29 ਮੇਰਾ ਪਿਤਾ ਜਿਹ ਨੇ ਮੈਨੂੰ ਓਹ ਦਿੱਤੀਆਂ ਹਨ ਸਭਨਾਂ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਨ੍ਹਾਂ ਨੂੰ ਖੋਹ ਨਹੀਂ ਸੱਕਦਾ।
30 ਮੈਂ ਅਰ ਪਿਤਾ ਇੱਕੋ ਹਾਂ।
31 ਯਹੂਦੀਆਂ ਨੇ ਫੇਰ ਪੱਥਰ ਚੁੱਕੇ ਜੋ ਉਹ ਨੂੰ ਪਥਰਾਹ ਕਰਨ।
32 ਯਿਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਪਿਤਾ ਦੀ ਵੱਲੋਂ ਅਨੇਕ ਚੰਗੇ ਕੰਮ ਵਿਖਾਏ। ਉਨ੍ਹਾਂ ਵਿੱਚੋਂ ਕਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਪਥਰਾਹ ਕਰਦੇ ਹੋ ?
33 ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ ਕਿ ਅਸੀਂ ਤੈਨੂੰ ਚੰਗੇ ਕੰਮ ਪਿੱਛੇ ਪਥਰਾਹ ਨਹੀਂ ਕਰਦੇ ਪਰ ਕੁਫ਼ਰ ਪਿੱਛੇ ਅਤੇ ਇਸ ਲਈ ਜੋ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ੁਰ ਬਣਾਉਂਦਾ ਹੈਂ।
34 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਹਾਡੀ ਸ਼ਰਾ ਵਿੱਚ ਇਹ ਨਹੀਂ ਲਿਖਿਆ ਹੋਇਆ ਹੈ ਕਿ ਮੈਂ ਆਖਿਆ, ਤੁਸੀਂ ਦਿਓਤੇ ਹੋ ?
35 ਜੇਕਰ ਉਸ ਨੇ ਉਨ੍ਹਾਂ ਨੂੰ ਦਿਓਤੇ ਆਖਿਆ ਜਿਨ੍ਹਾਂ ਦੇ ਕੋਲ ਪਰਮੇਸ਼ੁਰ ਦੀ ਬਾਣੀ ਆਈ, ਅਤੇ ਲਿਖਤ ਖੰਡਣ ਨਹੀਂ ਹੋ ਸੱਕਦੀ,
36 ਤਾਂ ਜਿਹ ਨੂੰ ਪਿਤਾ ਨੇ ਪਵਿੱਤਰ ਕਰ ਕੇ ਜਗਤ ਵਿੱਚ ਘੱਲਿਆ, ਕੀ ਤੁਸੀਂ ਉਹ ਨੂੰ ਇਹ ਆਖਦੇ ਹੋ ਭਈ ਤੂੰ ਕੁਫ਼ਰ ਬਕਦਾ ਹੈਂ ਇਸ ਲਈ ਜੋ ਮੈਂ ਕਿਹਾ ਸੀ ਕਿ ਮੈਂ ਪਰਮੇਸ਼ੁਰ ਦਾ ਪੁੱਤ੍ਰ ਹਾਂ ?
37 ਜੇ ਮੈਂ ਆਪਣੇ ਪਿਤਾ ਜੇਹੇ ਕੰਮ ਨਹੀਂ ਕਰਦਾ ਤਾਂ ਮੇਰੀ ਪਰਤੀਤ ਨਾ ਕਰੋ।
38 ਪਰ ਜੇ ਮੈਂ ਕਰਦਾ ਹਾਂ ਤਾਂ ਭਾਵੇਂ ਮੇਰੀ ਪਰਤੀਤ ਨਾ ਕਰੋ ਤਦ ਵੀ ਉਨ੍ਹਾਂ ਕੰਮਾਂ ਦੀ ਪਰਤੀਤ ਕਰੋ ਤਾਂ ਤੁਸੀਂ ਜਾਣੋ ਅਤੇ ਸਮਝੋ ਜੋ ਪਿਤਾ ਮੇਰੇ ਵਿੱਚ ਅਤੇ ਮੈਂ ਪਿਤਾ ਦੇ ਵਿੱਚ ਹਾਂ।
39 ਓਹ ਫੇਰ ਉਸ ਦੇ ਫੜਨ ਦੇ ਮਗਰ ਲੱਗੇ ਪਰ ਉਹ ਉਨ੍ਹਾਂ ਦੇ ਹੱਥੋਂ ਨਿੱਕਲ ਗਿਆ।
40 ਉਹ ਫੇਰ ਯਰਦਨ ਦੇ ਪਾਰ ਉਸ ਥਾਂ ਨੂੰ ਚੱਲਿਆ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਸੀ ਅਰ ਉੱਥੇ ਟਿਕਿਆ।
41 ਬਥੇਰੇ ਉਸ ਕੋਲ ਆਏ ਅਤੇ ਬੋਲੇ ਕਿ ਯੂਹੰਨਾ ਨੇ ਤਾਂ ਕੋਈ ਨਿਸ਼ਾਨ ਨਹੀਂ ਵਿਖਾਇਆ ਪਰ ਜੋ ਕੁਝ ਯੂਹੰਨਾ ਨੇ ਇਹ ਦੇ ਹੱਕ ਵਿੱਚ ਆਖਿਆ ਸੋ ਸਤ ਸੀ।
42 ਅਰ ਉੱਥੇ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ।
ਕਾਂਡ 11

1 1 ਮਰਿਯਮ ਅਰ ਉਹ ਦੀ ਭੈਣ ਮਾਰਥਾ ਦੀ ਨਗਰੀ ਬੈਤਅਨਿਯਾ ਦਾ ਲਾਜ਼ਰ ਨਾਮੇ ਇੱਕ ਮਨੁੱਖ ਬਿਮਾਰ ਸੀ।
2 ਇਹ ਉਹੋ ਮਰਿਯਮ ਸੀ ਜਿਨ੍ਹ ਪ੍ਰਭੁ ਨੂੰ ਅਤਰ ਮਲਿਆ ਅਰ ਆਪਣਿਆਂ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਸਨ। ਉਸੇ ਦਾ ਭਰਾ ਲਾਜ਼ਰ ਬਿਮਾਰ ਸੀ।
3 ਇਸ ਲਈ ਦੋਹਾਂ ਭੈਣਾਂ ਨੇ ਉਹ ਨੂੰ ਕਹਾ ਭੇਜਿਆ ਕਿ ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ।
4 ਯਿਸੂ ਨੇ ਸੁਣ ਕੇ ਕਿਹਾ, ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਵਡਿਆਈ ਦੇ ਨਿਮਿੱਤ ਹੈ ਜੋ ਇਸ ਤੋਂ ਪਰਮੇਸ਼ੁਰ ਦੇ ਪੁੱਤ੍ਰ ਦੀ ਵਡਿਆਈ ਹੋਵੇ।
5 ਯਿਸੂ ਮਾਰਥਾ ਨੂੰ ਅਤੇ ਉਹ ਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ।
6 ਸੋ ਜਾਂ ਉਸ ਨੇ ਸੁਣਿਆ ਭਈ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸ ਵੇਲੇ ਦੋ ਦਿਨ ਉੱਥੇ ਹੀ ਰਿਹਾ।
7 ਤਦ ਇਹ ਦੇ ਪਿੱਛੇ ਉਸ ਨੇ ਚੇਲਿਆਂ ਨੂੰ ਆਖਿਆ, ਆਓ ਅਸੀਂ ਫੇਰ ਯਹੂਦਿਯਾ ਨੂੰ ਚੱਲੀਏ।
8 ਚੇਲਿਆਂ ਨੇ ਉਸ ਨੂੰ ਆਖਿਆ, ਸੁਆਮੀ ਜੀ ਯਹੂਦੀ ਤੈਨੂੰ ਹੁਣੇ ਪਥਰਾਹ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾਂਦਾ ਹੈਂ ?
9 ਯਿਸੂ ਨੇ ਉੱਤਰ ਦਿੱਤਾ, ਕੀ ਦਿਨ ਭਰ ਦੇ ਬਾਰਾਂ ਘੰਟੇ ਨਹੀਂ ਹਨ ? ਜੇ ਕੋਈ ਦਿਨ ਨੂੰ ਤੁਰੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂ ਜੋ ਉਹ ਇਸ ਜਗਤ ਦਾ ਚਾਨਣ ਵੇਖਦਾ ਹੈ।
10 ਪਰ ਜੇ ਕੋਈ ਰਾਤ ਨੂੰ ਤੁਰੇ ਤਾਂ ਠੋਕਰ ਖਾਂਦਾ ਹੈ ਕਿਉਂ ਜੋ ਉਹ ਦੇ ਵਿੱਚ ਚਾਨਣ ਨਹੀਂ ਹੈ।
11 ਉਸ ਨੇ ਇਹ ਗੱਲਾਂ ਆਖੀਆਂ ਅਤੇ ਇਹ ਦੇ ਮਗਰੋਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ।
12 ਉਪਰੰਤ ਚੇਲਿਆਂ ਨੇ ਉਸ ਨੂੰ ਆਖਿਆ, ਪ੍ਰਭੁ ਜੀ ਜੇ ਉਹ ਸੌਂ ਗਿਆ ਹੈ ਤਾਂ ਬਚ ਜਾਊ।
13 ਯਿਸੂ ਨੇ ਤਾਂ ਉਹ ਦੀ ਮੌਤ ਦੀ ਗੱਲ ਕੀਤੀ ਸੀ ਪਰ ਓਹ ਸਮਝੇ ਜੋ ਉਸ ਨੇ ਨੀਂਦ ਦੇ ਅਰਾਮ ਦੀ ਗੱਲ ਆਖੀ ਹੈ।
14 ਉਪਰੰਤ ਯਿਸੂ ਨੇ ਉਨ੍ਹਾਂ ਨੂੰ ਸਾਫ਼ ਸਾਫ਼ ਆਖ ਦਿੱਤਾ ਜੋ ਲਾਜ਼ਰ ਮਰ ਗਿਆ ਹੈ।
15 ਅਤੇ ਮੈਂ ਤੁਹਾਡੀ ਖਾਤਰ ਪਰਸਿੰਨ ਹਾਂ ਜੋ ਮੈਂ ਉੱਥੇ ਨਾ ਸਾਂ ਤਾਂ ਜੋ ਤੁਸੀਂ ਨਿਹਚਾ ਕਰੋ। ਪਰ ਆਓ, ਉਸ ਕੋਲ ਚੱਲੀਏ।
16 ਤਾਂ ਥੋਮਾ ਨੇ ਜਿਹੜਾ ਦੀਦੁਮੁਸ ਕਰਕੇ ਸੱਦੀਦਾ ਹੈ ਆਪਣੇ ਗੁਰਭਾਈਆਂ ਨੂੰ ਕਿਹਾ, ਆਓ ਅਸੀਂ ਭੀ ਚੱਲੀਏ ਭਈ ਉਹ ਦੇ ਨਾਲ ਮਰੀਏ।
17 ਫੇਰ ਯਿਸੂ ਨੇ ਆਣ ਕੇ ਮਲੂਮ ਕੀਤਾ ਜੋ ਉਹ ਨੂੰ ਕਬਰ ਵਿੱਚ ਪਏ ਚਾਰ ਦਿਨ ਹੋ ਚੁੱਕੇ ਹਨ।
18 ਬੈਤਅਨਿਯਾ ਯਰੂਸ਼ਲਮ ਦੇ ਨੇੜੇ ਕੋਹਕੁ ਵਾਟ ਸੀ।
19 ਅਰ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਆਏ ਹੋਏ ਸਨ ਜੋ ਉਨ੍ਹਾਂ ਦੇ ਭਰਾ ਦੇ ਵਿਖੇ ਉਨ੍ਹਾਂ ਦਾ ਮਨ ਧਰਾਵਾ ਕਰਨ।
20 ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ ਪਰ ਮਰਿਯਮ ਘਰ ਵਿੱਚ ਬੈਠੀ ਰਹੀ।
21 ਤਦ ਮਾਰਥਾ ਨੇ ਯਿਸੂ ਨੂੰ ਆਖਿਆ, ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।
22 ਅਤੇ ਮੈਂ ਹੁਣ ਭੀ ਜਾਣਦੀ ਹਾਂ ਭਈ ਜੋ ਕੁਝ ਤੂੰ ਪਰਮੇਸ਼ੁਰ ਤੋਂ ਮੰਗੇਂ ਸੋ ਪਰਮੇਸ਼ੁਰ ਤੈਨੂੰ ਦੇਊ।
23 ਯਿਸੂ ਨੇ ਉਹ ਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ।
24 ਮਾਰਥਾ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।
25 ਯਿਸੂ ਨੇ ਉਹ ਨੂੰ ਕਿਹਾ, ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।
26 ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ ?
27 ਉਨ ਉਸ ਨੂੰ ਆਖਿਆ, ਹਾਂ, ਪ੍ਰਭੁ ਮੈਂ ਪਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈਂ ਪਰਮੇਸ਼ੁਰ ਦਾ ਪੁੱਤ੍ਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ।
28 ਇਹ ਕਹਿ ਕੇ ਉਹ ਚੱਲੀ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਚੁੱਪ ਕੀਤੀ ਸੱਦ ਕੇ ਬੋਲੀ, ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ।
29 ਜਾਂ ਉਹ ਨੇ ਇਹ ਗੱਲ ਸੁਣੀ ਤਾਂ ਝੱਟ ਉੱਠ ਕੇ ਉਸ ਦੇ ਕੋਲ ਗਈ।
30 ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ।
31 ਫੇਰ ਓਹ ਯਹੂਦੀ ਜਿਹੜੇ ਉਹ ਦੇ ਨਾਲ ਘਰ ਵਿੱਚ ਸਨ ਅਤੇ ਉਹ ਦਾ ਮਨ ਧਰਾਉਂਦੇ ਸਨ ਜਾਂ ਮਰਿਯਮ ਨੂੰ ਵੇਖਿਆ ਜੋ ਉਹ ਛੇਤੀ ਨਾਲ ਉੱਠ ਕੇ ਬਾਹਰ ਨੂੰ ਚੱਲੀ ਗਈ ਤਾਂ ਇਹ ਸਮਝ ਕੇ ਭਈ ਉਹ ਕਬਰ ਉੱਤੇ ਰੋਣ ਜਾਂਦੀ ਹੈ ਉਹ ਦੇ ਮਗਰ ਹੋ ਤੁਰੇ।
32 ਸੋ ਜਾਂ ਮਰਿਯਮ ਉਸ ਥਾਂ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਪੈਰੀਂ ਪਈ ਅਤੇ ਉਸ ਨੂੰ ਆਖਿਆ, ਪ੍ਰਭੁ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।
33 ਉਪਰੰਤ ਜਾਂ ਯਿਸੂ ਨੇ ਉਹ ਨੂੰ ਰੋਂਦਿਆਂ ਅਤੇ ਉਨ੍ਹਾਂ ਯਹੂਦੀਆਂ ਨੂੰ ਵੀ ਜੋ ਉਹ ਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ।
34 ਅਰ ਆਖਿਆ, ਤੁਸਾਂ ਉਹ ਨੂੰ ਕਿੱਥੇ ਰੱਖਿਆ ਹੈ ? ਉਨ੍ਹਾਂ ਉਸ ਨੂੰ ਆਖਿਆ, ਪ੍ਰਭੁ ਜੀ ਆ ਵੇਖ।
35 ਯਿਸੂ ਰੋਇਆ।
36 ਇਸ ਤੇ ਯਹੂਦੀ ਬੋਲੇ , ਵੇਖੋ ਇਹ ਉਸ ਨਾਲ ਕਿੱਡਾ ਹਿਤ ਕਰਦਾ ਸੀ !
37 ਪਰ ਕਈ ਉਨ੍ਹਾਂ ਵਿੱਚੋਂ ਬੋਲੇ , ਕੀ ਇਹ ਜਿਹ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਐੱਨਾ ਭੀ ਨਾ ਕਰ ਸਕਿਆ ਜੋ ਇਹ ਮਨੁੱਖ ਨਾ ਮਰਦਾ ?
38 ਤਾਂ ਯਿਸੂ ਆਪਣੇ ਜੀ ਵਿੱਚ ਫੇਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫ਼ਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ।
39 ਯਿਸੂ ਨੇ ਆਖਿਆ , ਇਸ ਪੱਥਰ ਨੂੰ ਹਟਾ ਦਿਓ। ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ , ਪ੍ਰਭੁ ਜੀ ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ।
40 ਯਿਸੂ ਨੇ ਉਹ ਨੂੰ ਕਿਹਾ, ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੇਂ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀ ?
41 ਸੋ ਉਨ੍ਹਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਤਾਹਾਂ ਕਰਕੇ ਆਖਿਆ , ਹੇ ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ।
42 ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ ਪਰ ਇਨ੍ਹਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਓਹ ਪਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ।
43 ਇਹ ਕਹਿ ਕੇ ਉੱਚੀ ਅਵਾਜ਼ ਮਾਰੀ ਕਿ ਲਾਜ਼ਰ , ਬਾਹਰ ਆ !
44 ਉਹ ਜਿਹੜਾ ਮੋਇਆ ਹੋਇਆ ਸੀ ਕਫ਼ਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿੱਕਲ ਆਇਆ ਅਰ ਉਹ ਦੇ ਮੂੰਹ ਉੱਤੇ ਰੁਮਾਲ ਵਲ੍ਹੇਟਿਆ ਹੋਇਆ ਸੀ ! ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।
45 ਤਦੋਂ ਬਥੇਰਿਆਂ ਨੇ ਉਨ੍ਹਾਂ ਯਹੂਦੀਆਂ ਵਿੱਚੋਂ ਜਿਹੜੇ ਮਰਿਯਮ ਕੋਲ ਆਏ ਸਨ ਇਹ ਜੋ ਕੁਝ ਯਿਸੂ ਨੇ ਕੀਤਾ ਵੇਖ ਕੇ ਉਸ ਉੱਤੇ ਨਿਹਚਾ ਕੀਤੀ।
46 ਪਰ ਉਨ੍ਹਾਂ ਵਿੱਚੋਂ ਕਈਆਂ ਨੇ ਫ਼ਰੀਸੀਆਂ ਦੇ ਕੋਲ ਜਾ ਕੇ ਓਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ।
47 ਇਸ ਲਈ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾ ਸਭਾ ਇਕੱਠੀ ਕਰ ਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ ?
48 ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗਾ · ਅਰ ਨਾਲੇ ਸਾਡੀ ਕੌਮ ਵੀ ਲੈ ਲੈਣਗੇ । 49 ਅਰ ਉਨ੍ਹਾਂ ਵਿੱਚੋ ਕਯਾਫ਼ਾ ਨਾਮੇ ਇੱਕ ਨੇ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ ਉਨ੍ਹਾਂ ਨੂੰ ਆਖਿਆ, ਤੁਸੀਂ ਕੁਝ ਨਹੀਂ ਜਾਣਦੇ।
50 ਅਤੇ ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ , ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।
51 ਪਰ ਇਹ ਉਸ ਨੇ ਆਪਣੀ ਵੱਲੋਂ ਨਹੀਂ ਕਿਹਾ ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ। 52 ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ੁਰ ਦਿਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰ ਕੇ ਇੱਕੋ ਬਣਾਵੇ। 53 ਸੋ ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਨੋਂ ਮਾਰਨ। 54 ਇਸ ਕਾਰਨ ਯਿਸੂ ਫੇਰ ਯਹੂਦੀਆਂ ਵਿੱਚ ਖੁਲ੍ਹਮ-ਖੁਲ੍ਹਾ ਨਾ ਫਿਰਿਆ ਪਰ ਉੱਥੋਂ ਉਜਾੜ ਦੇ ਲਾਗੇ ਦੇ ਦੇਸ ਵਿੱਚ ਇਫ਼ਰਾਈਮ ਕਰਕੇ ਇੱਕ ਨਗਰ ਨੂੰ ਗਿਆ ਅਤੇ ਚੇਲਿਆਂ ਸਣੇ ਉੱਥੇ ਰਿਹਾ। 55 ਪਰ ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ ਅਤੇ ਅਨੇਕ ਲੋਕ ਆਪ ਨੂੰ ਸ਼ੁੱਧ ਕਰਨ ਲਈ ਤਿਉਹਾਰ ਤੋਂ ਪਹਿਲਾਂ ਪਿੰਡ ਪਿੰਡ ਤੋਂ ਯਰੂਸ਼ਲਮ ਨੂੰ ਗਏ। 56 ਸੋ ਉਨ੍ਹਾਂ ਨੇ ਯਿਸੂ ਦੀ ਭਾਲ ਕੀਤੀ ਅਤੇ ਹੈਕਲ ਵਿੱਚ ਖੜੇ ਹੋ ਕੇ ਆਪੋ ਵਿੱਚੀਂ ਕਹਿਣ ਲੱਗੇ, ਤੁਸੀਂ ਕੀ ਸਮਝਦੇ ਹੋ ਕਿ ਉਹ ਇਸ ਤਿਉਹਾਰ ਉੱਤੇ ਨਹੀਂ ਆਊਗਾ ?
57 ਅਤੇ ਪਰਧਾਨ ਜਾਜਕਾਂ ਅਰ ਫ਼ਰੀਸੀਆਂ ਨੇ ਹੁਕਮ ਕੀਤਾ ਸੀ ਕਿ ਜੇ ਕੋਈ ਜਾਣਦਾ ਹੋਵੇ ਜੋ ਉਹ ਕਿੱਥੇ ਹੈ ਤਾਂ ਦੱਸ ਦੇਵੇ ਭਈ ਓਹ ਉਸ ਨੂੰ ਫੜ ਲੈਣ।
ਕਾਂਡ 12

1 ਫੇਰ ਪਸਾਹ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨਿਯਾ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।
2 ਸੋ ਉੱਥੇ ਉਨ੍ਹਾਂ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਟਹਿਲ ਕਰਦੀ ਸੀ ਪਰ ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜਿਹੜੇ ਉਹ ਦੇ ਨਾਲ ਖਾਣ ਬੈਠੇ ਸਨ।
3 ਤਦ ਮਰਿਯਮ ਨੇ ਅੱਧ ਸੇਰ ਮਹਿੰਗ ਮੁੱਲਾ ਜਟਾ ਮਾਸੀ ਦਾ ਖਰਾ ਅਤਰ ਲੈ ਕੇ ਯਿਸੂ ਦੇ ਚਰਨਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਅਤੇ ਘਰ ਅਤਰ ਦੀ ਬਾਸਨਾ ਨਾਲ ਭਰ ਗਿਆ।
4 ਪਰ ਉਹ ਦੇ ਚੇਲਿਆਂ ਵਿੱਚੋਂ ਯਹੂਦਾ ਇਸਕਰਿਯੋਤੀ ਨੇ ਜਿਨ ਉਸ ਨੂੰ ਫੜਵਾਉਣਾ ਸੀ ਆਖਿਆ ,
5 ਇਹ ਅਤਰ ਡੂਢ ਸੌ ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ ?
6 ਪਰ ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਉਹ ਲੈ ਜਾਂਦਾ ਸੀ।
7 ਤਾਂ ਯਿਸੂ ਨੇ ਆਖਿਆ, ਉਹ ਨੂੰ ਇਹ ਮੇਰੇ ਕਫ਼ਨਾਉਣ ਦਫ਼ਨਾਉਣ ਦੇ ਦਿਨ ਲਈ ਰੱਖਣ ਦਿਹ।
8 ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।
9 ਤਦ ਯਹੂਦੀਆਂ ਦੇ ਬਹੁਤ ਸਾਰੇ ਲੋਕ ਜਾਣ ਗਏ ਭਈ ਉਹ ਉੱਥੇ ਹੈ ਅਤੇ ਓਹ ਆਏ ਨਿਰਾ ਯਿਸੂ ਪਿੱਛੇ ਨਹੀਂ ਸਗੋਂ ਇਸ ਲਈ ਵੀ ਜੋ ਲਾਜ਼ਰ ਨੂੰ ਵੇਖਣ ਜਿਹ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।
10 ਪਰ ਪਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ।
11 ਕਿਉਂਕਿ ਉਹ ਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ ਚੱਲੇ ਗਏ ਅਤੇ ਯਿਸੂ ਉੱਤੇ ਨਿਹਚਾ ਕਰਦੇ ਸਨ।
12 ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਹੋਏ ਸਨ ਜਦ ਉਨ੍ਹਾਂ ਨੇ ਸੁਣਿਆ ਜੋ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ।
13 ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹ ਦੇ ਮਿਲਣ ਨੂੰ ਨਿਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ, ਹੋਸੰਨਾ ! ਧੰਨ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਪਾਤਸ਼ਾਹ ਹੈ!
14 ਅਤੇ ਯਿਸੂ ਨੇ ਇੱਕ ਗਧੀ ਦਾ ਬੱਚਾ ਪਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ।
15 ਸੀਯੋਨ ਦੀ ਬੇਟੀ, ਨਾ ਡਰ, ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ।
16 ਉਹ ਦੇ ਚੇਲਿਆਂ ਨੇ ਪਹਿਲਾਂ ਏਹ ਗੱਲਾਂ ਨਾ ਸਮਝੀਆਂ ਪਰ ਜਾਂ ਯਿਸੂ ਆਪਣੇ ਤੇਜ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਚੇਤੇ ਆਇਆ ਜੋ ਏਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਉਸ ਦੇ ਨਾਲ ਏਹ ਕੰਮ ਕੀਤੇ ਸਨ।
17 ਤਦ ਉਨ੍ਹਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹ ਦੇ ਨਾਲ ਸਨ ਜਦ ਉਹ ਨੇ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ ਸਾਖੀ ਦਿੱਤੀ।
18 ਇਸ ਕਰਕੇ ਵੀ ਲੋਕ ਉਹ ਨੂੰ ਜਾ ਮਿਲੇ ਕਿਉਂ ਜੋ ਉਨ੍ਹਾਂ ਸੁਣਿਆ ਸੀ ਭਈ ਉਸ ਨੇ ਇਹ ਨਿਸ਼ਾਨ ਵਿਖਾਇਆ।
19 ਤਾਂ ਫ਼ਰੀਸੀ ਆਪਸ ਵਿੱਚ ਕਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੁਹਾਥੋਂ ਕੁਝ ਨਹੀਂ ਬਣਿ ਆਉਂਦਾ। ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ !
20 ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੂਨਾਨੀ ਸਨ।
21 ਸੋ ਓਹ ਫ਼ਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਅਰਜ਼ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸ਼ਣ ਕਰਨਾ ਹੈ।
22 ਫ਼ਿਲਿੱਪੁਸ ਨੇ ਆਣ ਕੇ ਅੰਦ੍ਰਿਯਾਸ ਨੂੰ ਕਹਿ ਦਿੱਤਾ ਅਤੇ ਅੰਦ੍ਰਿਯਾਸ ਅਰ ਫ਼ਿਲਿੱਪੁਸ ਨੇ ਆਣ ਕੇ ਯਿਸੂ ਨੂੰ ਆਖਿਆ।
23 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ।
24 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ।
25 ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ।
26 ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ।
27 ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ ? ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ।
28 ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ। ਤਦੋਂ ਏਹ ਸੁਰਗੀ ਬਾਣੀ ਆਈ ਜੋ ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।
29 ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ ਜੋ ਬੱਦਲ ਗਰਜਿਆ ਹੈ। ਹੋਰਨਾਂ ਆਖਿਆ, ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ।
30 ਯਿਸੂ ਨੇ ਉੱਤਰ ਦਿੱਤਾ ਕਿ ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ।
31 ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ।
32 ਅਰ ਜੇ ਮੈਂ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ।
33 ਉਸ ਨੇ ਇਹ ਆਖਿਆ ਭਈ ਪਤਾ ਦੇਵੇ ਜੋ ਉਹ ਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ।
34 ਇਸ ਕਾਰਨ ਲੋਕਾਂ ਨੇ ਉਹ ਨੂੰ ਉੱਤਰ ਦਿੱਤਾ, ਅਸਾਂ ਸ਼ਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ। ਫੇਰ ਤੂੰ ਕਿੱਕੁਰ ਆਖਦਾ ਹੈਂ ਭਈ ਮਨੁੱਖ ਦੇ ਪੁੱਤ੍ਰ ਦਾ ਉੱਚਾ ਕੀਤਾ ਜਾਣਾ ਜ਼ਰੂਰ ਹੈ ? ਇਹ ਮਨੁੱਖ ਦਾ ਪੁੱਤ੍ਰ ਕੌਣ ਹੈ ?
35 ਸੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ। ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ ਭਈ ਕਿਤੇ ਐਉਂ ਨਾ ਹੋਵੇ ਜੋ ਅਨ੍ਹੇਰਾ ਤੁਹਾਨੂੰ ਆ ਘੇਰੇ ਅਤੇ ਜੋ ਅਨ੍ਹੇਰੇ ਵਿੱਚ ਚੱਲਦਾ ਹੈ ਸੋ ਨਹੀਂ ਜਾਣਦਾ ਜੋ ਉਹ ਕਿੱਥੇ ਤੁਰਦਾ ਹੈ।
36 ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤ੍ਰ ਹੋਵੋ। ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਜਾ ਕੇ ਉਨ੍ਹਾਂ ਤੋਂ ਲੁਕ ਗਿਆ।
37 ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐੱਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਨਿਹਚਾ ਨਹੀਂ ਕੀਤੀ।
38 ਤਾਂ ਜੋ ਯਸਾਯਾਹ ਨਬੀ ਦਾ ਬਚਨ ਪੂਰਾ ਹੋਵੇ ਜਿਹੜਾ ਉਹ ਨੇ ਕਿਹਾ ਸੀ ਕਿ ਹੇ ਪ੍ਰਭੁ ਸਾਡੇ ਸਨੇਹੇ ਦੀ ਕਿਨ ਪਰਤੀਤ ਕੀਤੀ ਅਤੇ ਪ੍ਰਭੁ ਦੀ ਬਾਂਹ ਕਿਸ ਉੱਤੇ ਪਰਗਟ ਹੋਈ ਹੈ ?
39 ਇਸ ਕਾਰਨ ਓਹ ਨਿਹਚਾ ਨਾ ਕਰ ਸੱਕੇ ਕਿਉਂ ਜੋ ਯਸਾਯਾਹ ਨੇ ਫੇਰ ਆਖਿਆ,
40 ਉਸ ਨੇ ਓਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ, ਅਤੇ ਓਹਨਾਂ ਦਾ ਦਿਲ ਕਠੋਰ ਕੀਤਾ ਹੈ, ਮਤੇ ਓਹ ਅੱਖਾਂ ਨਾਲ ਵੇਖਣ, ਅਤੇ ਮਨ ਨਾਲ ਸਮਝਣ ਅਰ ਮੁੜ ਆਉਣ, ਅਤੇ ਮੈਂ ਓਹਨਾਂ ਨੂੰ ਚੰਗਾ ਕਰਾਂ।
41 ਯਸਾਯਾਹ ਨੇ ਏਹ ਬਚਨ ਕੀਤੇ ਇਸ ਲਈ ਜੋ ਉਨ ਉਸ ਦਾ ਤੇਜ ਵੇਖਿਆ ਅਰ ਉਸੇ ਦੇ ਵਿਖੇ ਬੋਲਿਆ।
42 ਤਾਂ ਵੀ ਸਰਦਾਰਾਂ ਵਿੱਚੋਂ ਭੀ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਪਰ ਫ਼ਰੀਸੀਆਂ ਦੇ ਕਾਰਨ ਉਨ੍ਹਾਂ ਨੇ ਜਬਾਨੀ ਨਾ ਮੰਨਿਆ ਭਈ ਐਓਂ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਛੇਕੇ ਜਾਈਏ।
43 ਕਿਉਂਕਿ ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।
44 ਯਿਸੂ ਨੇ ਉੱਚੀ ਅਵਾਜ਼ ਨਾਲ ਆਖਿਆ, ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ।
45 ਅਰ ਜੋ ਮੈਨੂੰ ਵੇਖਦਾ ਹੈ ਸੋ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ।
46 ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਅਨ੍ਹੇਰੇ ਵਿੱਚ ਨਾ ਰਹੇ।
47 ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ।
48 ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹ ਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ। ਜਿਹੜਾ ਬਚਨ ਮੈਂ ਕਿਹਾ ਓਹੀਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ।
49 ਕਿਉਂ ਜੋ ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ। 50 ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਪਕ ਜੀਉਣ ਹੈ। ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।
ਕਾਂਡ 13

1 1 ਪਸਾਹ ਦੇ ਤਿਉਹਾਰ ਤੋਂ ਪਹਿਲਾਂ ਯਿਸੂ ਨੇ ਇਹ ਜਾਣ ਕੇ ਭਈ ਮੇਰੀ ਘੜੀ ਆ ਪਹੁੰਚੀ ਹੈ ਜਾਂ ਮੈਂ ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ ਜਾਵਾਂ ਆਪਣੇ ਨਿੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।
2 ਅਰ ਖਾਣ ਦੇ ਵੇਲੇ ਸ਼ਤਾਨ ਜਦ ਸ਼ਮਊਨ ਦੇ ਪੁੱਤ੍ਰ ਯਹੂਦਾ ਇਸਕਰਿਯੋਤੀ ਦੇ ਦਿਲ ਵਿੱਚ ਇਹ ਪਾ ਚੁੱਕਿਆ ਸੀ ਜੋ ਉਹ ਉਸ ਨੂੰ ਫੜਵਾ ਦੇਵੇ।
3 ਤਦ ਯਿਸੂ ਇਹ ਜਾਣ ਕੇ ਭਈ ਪਿਤਾ ਨੇ ਸੱਭੋ ਕੁਝ ਮੇਰੇ ਹੱਥ ਵਿੱਚ ਸੌਂਪਿਆ ਹੈ ਅਤੇ ਮੈਂ ਪਰਮੇਸ਼ੁਰ ਦੇ ਕੋਲੋਂ ਆਇਆ ਹਾਂ ਅਤੇ ਪਰਮੇਸ਼ੁਰ ਦੇ ਕੋਲ ਜਾਂਦਾ ਹਾਂ।
4 ਖਾਣੇ ਤੋਂ ਉੱਠਿਆ ਅਰ ਆਪਣੇ ਬਸਤ੍ਰ ਲਾਹ ਛੱਡੇ ਅਰ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ।
5 ਫੇਰ ਬਾਟੀ ਵਿੱਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਬੱਧਾ ਹੋਇਆ ਸੀ ਪੂੰਝਣ ਲੱਗਾ।
6 ਸੋ ਉਹ ਸ਼ਮਊਨ ਪਤਰਸ ਦੇ ਕੋਲ ਆਇਆ। ਓਨ ਉਸ ਨੂੰ ਆਖਿਆ, ਪ੍ਰਭੁ ਜੀ, ਤੂੰ ਮੇਰੇ ਪੈਰ ਧੋਂਦਾ ਹੈਂ ?
7 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੋ ਮੈਂ ਕਰਦਾ ਹਾਂ ਸੋ ਤੂੰ ਹੁਣ ਨਹੀਂ ਜਾਣਦਾ ਪਰ ਇਹ ਦੇ ਪਿੱਛੋਂ ਸਮਝੇਂਗਾ।
8 ਪਤਰਸ ਨੇ ਉਸ ਨੂੰ ਕਿਹਾ, ਤੈਂ ਮੇਰੇ ਪੈਰ ਕਦੇ ਨਾ ਧੋਣੇ ! ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ।
9 ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, ਪ੍ਰਭੁ ਜੀ ਨਿਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਭੀ ਧੋ!
10 ਯਿਸੂ ਨੇ ਉਹ ਨੂੰ ਆਖਿਆ, ਜਿਹੜਾ ਨਲ੍ਹਾਇਆ ਗਿਆ ਹੈ ਉਹ ਨੂੰ ਬਿਨਾ ਪੈਰ ਧੋਣ ਦੇ ਹੋਰ ਕੁਝ ਲੋੜ ਨਹੀਂ ਸਗੋਂ ਸਾਰਾ ਸ਼ੁੱਧ ਹੈ ਅਰ ਤੁਸੀਂ ਸ਼ੁੱਧ ਹੋ ਪਰ ਸੱਭੋ ਨਹੀਂ।
11 ਉਹ ਤਾਂ ਆਪਣੇ ਫੜਵਾਉਣ ਵਾਲੇ ਨੂੰ ਜਾਣਦਾ ਸੀ ਇਸੇ ਕਰਕੇ ਉਸ ਨੇ ਆਖਿਆ ਭਈ ਤੁਸੀਂ ਸੱਭੋ ਸ਼ੁੱਧ ਨਹੀਂ ਹੋ।
12 ਉਪਰੰਤ ਜਾਂ ਉਹ ਉਨ੍ਹਾਂ ਦੇ ਪੈਰ ਧੋ ਹੱਟਿਆ ਅਤੇ ਆਪਣੇ ਬਸਤ੍ਰ ਲੈ ਲਏ ਤਾਂ ਫੇਰ ਬੈਠ ਕੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ?
13 ਤੁਸੀਂ ਮੈਨੂੰ ਗੁਰੂ ਅਤੇ ਪ੍ਰਭੁ ਕਰਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ ਕਿਉਂ ਜੋ ਮੈਂ ਹਾਂ।
14 ਸੋ ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ।
15 ਇਸ ਲਈ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।
16 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਨੌਕਰ ਆਪਣੇ ਮਾਲਕ ਤੋਂ ਵੱਡਾ ਨਹੀਂ, ਨਾ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ।
17 ਜੇ ਤੁਸੀਂ ਇਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।
18 ਮੈਂ ਤੁਸਾਂ ਸਭਨਾਂ ਦੇ ਵਿਖੇ ਨਹੀਂ ਆਖਦਾ ਹਾਂ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣ ਲਿਆ ਹੈ, ਪਰ ਇਹ ਇਸ ਲਈ ਹੈ ਜੋ ਲਿਖਤ ਪੂਰੀ ਹੋਵੇ ਭਈ ਉਸ ਨੇ ਜਿਹੜਾ ਮੇਰੀ ਰੋਟੀ ਖਾਂਦਾ ਹੈ ਮੇਰੇ ਉੱਤੇ ਆਪਣੀ ਲੱਤ ਚੁੱਕੀ।
19 ਏਦੋਂ ਅੱਗੇ ਇਸ ਗੱਲ ਦੇ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਤਾਂ ਜਿਸ ਵੇਲੇ ਇਹ ਪੂਰੀ ਹੋ ਲਵੇ ਤਾਂ ਤੁਸੀਂ ਪਰਤੀਤ ਕਰੋ ਜੋ ਮੈਂ ਉਹੋ ਹਾਂ।
20 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰੇ ਘੱਲੇ ਹੋਏ ਨੂੰ ਕਬੂਲਦਾ ਹੈ ਸੋ ਮੈਨੂੰ ਕਬੂਲਦਾ ਹੈ ਅਤੇ ਜੋ ਮੈਨੂੰ ਕਬੂਲਦਾ ਹੈ ਸੋ ਮੇਰੇ ਘੱਲਣ ਵਾਲੇ ਨੂੰ ਕਬੂਲਦਾ ਹੈ।
21 ਏਹ ਗੱਲਾਂ ਕਹਿ ਕੇ ਯਿਸੂ ਆਤਮਾ ਵਿੱਚ ਘਬਰਾਉਣ ਲੱਗਾ ਅਤੇ ਸਾਖੀ ਦੇ ਕੇ ਬੋਲਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।
22 ਚੇਲੇ ਇਸ ਭਰਮ ਵਿੱਚ ਪੈ ਕੇ ਜੋ ਉਸ ਨੇ ਇਹ ਗੱਲ ਕਿਹ ਦੇ ਵਿਖੇ ਆਖੀ ਇੱਕ ਦੂਏ ਦੀ ਵੱਲ ਵੇਖਣ ਲੱਗੇ।
23 ਉਸ ਦੇ ਚੇਲਿਆਂ ਵਿੱਚੋਂ ਇੱਕ ਜਿਹ ਨੂੰ ਯਿਸੂ ਪਿਆਰ ਕਰਦਾ ਸੀ ਯਿਸੂ ਦੀ ਛਾਤੀ ਤੇ ਢਾਸਣਾ ਲਾਏ ਹੋਏ ਸੀ।
24 ਇਸ ਲਈ ਸ਼ਮਊਨ ਪਤਰਸ ਨੇ ਉਹ ਨੂੰ ਸੈਨਤ ਕੀਤੀ ਅਤੇ ਉਹ ਨੂੰ ਆਖਿਆ, ਦੱਸ ਤਾਂ ਇਹ ਕਿਹ ਦੀ ਗੱਲ ਕਰਦਾ ਹੈ?
25 ਉਪਰੰਤ ਉਹ ਨੇ ਯਿਸੂ ਦੀ ਛਾਤੀ ਤੇ ਉਸੇ ਤਰਾਂ ਢਾਸਣਾ ਲਾਇਆ ਹੋਇਆ ਉਸ ਤੋਂ ਪੁੱਛਿਆ, ਪ੍ਰਭੁ ਜੀ ਉਹ ਕਿਹੜਾ ਹੈ?
26 ਤਾਂ ਯਿਸੂ ਨੇ ਉੱਤਰ ਦਿੱਤਾ, ਜਿਹ ਦੇ ਲਈ ਮੈਂ ਬੁਰਕੀ ਤਰ ਕਰਾਂ ਅਤੇ ਉਹ ਨੂੰ ਦਿਆਂ ਉਹੋ ਹੈ। ਫੇਰ ਜਾਂ ਉਸ ਨੇ ਬੁਰਕੀ ਤਰ ਕਰ ਲਈ ਤਾਂ ਲੈ ਕੇ ਸ਼ਮਊਨ ਇਸਕਰਿਯੋਤੀ ਦੇ ਪੁੱਤ੍ਰ ਯਹੂਦਾ ਨੂੰ ਦੇ ਦਿੱਤੀ।
27 ਅਤੇ ਬੁਰਕੀ ਦੇ ਪਿੱਛੋਂ ਉਸੇ ਵੇਲੇ ਸ਼ਤਾਨ ਉਹ ਦੇ ਵਿੱਚ ਸਮਾਇਆ। ਤਾਂ ਯਿਸੂ ਨੇ ਉਹ ਨੂੰ ਕਿਹਾ, ਜੋ ਤੂੰ ਕਰਨਾ ਹੈਂ ਸੋ ਛੇਤੀ ਕਰ!
28 ਪਰ ਜਿਹੜੇ ਖਾਣ ਬੈਠੇ ਸਨ ਉਨ੍ਹਾਂ ਵਿੱਚੋਂ ਕਿਸੇ ਨੇ ਨਾ ਜਾਤਾ ਭਈ ਓਨ ਉਹ ਨੂੰ ਇਹ ਕਾਹ ਦੇ ਲਈ ਆਖਿਆ।
29 ਯਹੂਦਾ ਦੇ ਕੋਲ ਗੁਥਲੀ ਰਹਿੰਦੀ ਸੀ ਸੋ ਕਈਆਂ ਨੇ ਸਮਝਿਆ ਕਿ ਯਿਸੂ ਨੇ ਉਹ ਨੂੰ ਆਖਿਆ ਭਈ ਤਿਉਹਾਰ ਦੇ ਲਈ ਜੋ ਕੁਝ ਸਾਨੂੰ ਲੋੜੀਦਾ ਹੈ ਸੋ ਮੁੱਲ ਲਿਆ ਅਥਵਾ ਇਹ ਕਿ ਕੰਗਾਲਾਂ ਨੂੰ ਕੁਝ ਦਿਹ।
30 ਤਾਂ ਉਹ ਬੁਰਕੀ ਲੈ ਕੇ ਝੱਟ ਬਾਹਰ ਨਿੱਕਲ ਗਿਆ ਅਤੇ ਉਹ ਰਾਤ ਦਾ ਵੇਲਾ ਸੀ।
31 ਫੇਰ ਜਾਂ ਉਹ ਬਾਹਰ ਨਿੱਕਲ ਗਿਆ ਤਾਂ ਯਿਸੂ ਨੇ ਆਖਿਆ ਕਿ ਹੁਣ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਅਰ ਉਹ ਦੇ ਵਿੱਚ ਪਰਮੇਸ਼ੁਰ ਦੀ ਵਡਿਆਈ ਕੀਤੀ ਜਾਂਦੀ।
32 ਜੇ ਪਰਮੇਸ਼ੁਰ ਦੀ ਵਡਿਆਈ ਉਹ ਦੇ ਵਿੱਚ ਕੀਤੀ ਗਈ ਤਾਂ ਪਰਮੇਸ਼ੁਰ ਆਪਣੇ ਵਿੱਚ ਉਹ ਦੀ ਵਡਿਆਈ ਕਰੇਗਾ ਸਗੋਂ ਹੁਣੇ ਉਹ ਦੀ ਵਡਿਆਈ ਕਰੇਗਾ।
33 ਹੇ ਬਾਲਕੋ, ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਭਾਲੋਗੇ ਅਤੇ ਜਿਸ ਤਰਾਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ਓਸੇ ਤਰਾਂ ਹੁਣ ਮੈਂ ਤੁਹਾਨੂੰ ਵੀ ਆਖਦਾ ਹਾਂ।
34 ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ।
35 ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।
36 ਸ਼ਮਊਨ ਪਤਰਸ ਨੇ ਉਹ ਨੂੰ ਆਖਿਆ, ਪ੍ਰਭੁ ਜੀ ਤੂੰ ਕਿੱਥੇ ਜਾਂਦਾ ਹੈ ? ਯਿਸੂ ਨੇ ਉੱਤਰ ਦਿੱਤਾ, ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਚੱਲ ਨਹੀਂ ਸੱਕਦਾ ਪਰ ਇਹ ਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਂਗਾ।
37 ਪਤਰਸ ਨੇ ਉਹ ਨੂੰ ਕਿਹਾ, ਪ੍ਰਭੁ ਜੀ ਮੈਂ ਹੁਣ ਤੇਰੇ ਮਗਰ ਕਿਉਂ ਨਹੀਂ ਚੱਲ ਸੱਕਦਾ ? ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ!
38 ਯਿਸੂ ਨੇ ਉੱਤਰ ਦਿੱਤਾ, ਕੀ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗਾ ? ਮੈਂ ਤੈਨੂੰ ਸੱਚ ਆਖਦਾ ਹਾਂ, ਜਿੰਨਾ ਚਿਰ ਤੂੰ ਮੇਰਾ ਤਿੰਨ ਵਾਰੀ ਇਨਕਾਰ ਨਾ ਕਰੇਂ ਕੁੱਕੜ ਬਾਂਗ ਨਾ ਦੇਵੇਗਾ।
ਕਾਂਡ 14

1 ਤੁਹਾਡਾ ਦਿਲ ਨਾ ਘਬਰਾਵੇ। ਪਰਮੇਸ਼ੁਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ।
2 ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ ਜੋ ਮੈਂ ਤੁਹਾਡੇ ਲਈ ਜਗਾ· ਤਿਆਰ ਕਰਨ ਜਾਂਦਾ ਹਾਂ।
3 ਅਰ ਜੇ ਮੈਂ ਜਾ ਕੇ ਤੁਹਾਡੇ ਲਈ ਜਗਾ· ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।
4 ਅਰ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਦਾ ਰਾਹ ਜਾਣਦੇ ਹੋ।
5 ਥੋਮਾ ਨੇ ਉਹ ਨੂੰ ਆਖਿਆ, ਪ੍ਰਭੁ ਜੀ ਸਾਨੂੰ ਇਹੋ ਪਤਾ ਨਹੀਂ ਤੂੰ ਕਿੱਥੇ ਜਾਂਦਾ ਹੈਂ, ਫੇਰ ਰਾਹ ਕਿੱਕੁਰ ਜਾਣੀਏ ?
6 ਯਿਸੂ ਨੇ ਉਹ ਨੂੰ ਆਖਿਆ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।
7 ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਭੀ ਜਾਣਦੇ। ਏਦੋਂ ਅੱਗੇ ਤੁਸੀਂ ਉਹ ਨੂੰ ਜਾਣਦੇ ਅਤੇ ਉਹ ਨੂੰ ਵੇਖ ਲਿਆ ਹੈ।
8 ਫ਼ਿਲਿੱਪੁਸ ਨੇ ਉਹ ਨੂੰ ਆਖਿਆ, ਪ੍ਰਭੁ ਜੀ ਪਿਤਾ ਦਾ ਸਾਨੂੰ ਦਰਸ਼ਣ ਕਰਾ ਤਾਂ ਸਾਨੂੰ ਤ੍ਰਿਪਤ ਆਊ।
9 ਯਿਸੂ ਨੇ ਉਹ ਨੂੰ ਆਖਿਆ, ਫ਼ਿਲਿੱਪੁਸ ਐੱਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਰ ਕੀ ਤੈਂ ਮੈਨੂੰ ਨਹੀਂ ਜਾਣਿਆ ? ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ। ਤੂੰ ਕਿੱਕੂੰ ਆਖਦਾ ਹੈਂ ਭਈ ਸਾਨੂੰ ਪਿਤਾ ਦਾ ਦਰਸ਼ਣ ਕਰਾ ?
10 ਕੀ ਤੂੰ ਸਤ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਅਰ ਪਿਤਾ ਮੇਰੇ ਵਿੱਚ ਹੈ ? ਏਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ ਪਰ ਪਿਤਾ ਮੇਰੇ ਵਿੱਚ ਰਹਿੰਦਿਆਂ ਆਪਣੇ ਕੰਮ ਕਰਦਾ ਹੈ।
11 ਮੇਰੀ ਪਰਤੀਤ ਕਰੋ ਕਿ ਮੈਂ ਪਿਤਾ ਵਿੱਚ ਅਰ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰੀ ਪਰਤੀਤ ਕਰੋ।
12 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੋ ਮੈਂ ਪਿਤਾ ਕੋਲ ਜਾਂਦਾ ਹਾਂ।
13 ਅਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤ੍ਰ ਵਿੱਚ ਪਿਤਾ ਦੀ ਵਡਿਆਈ ਹੋਵੇ।
14 ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹੋ ਕਰਾਂਗਾ।
15 ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ।
16 ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।
17 ਅਰਥਾਤ ਸਚਿਆਈ ਦਾ ਆਤਮਾ ਜਿਹ ਨੂੰ ਜਗਤ ਨਹੀਂ ਪਾ ਸੱਕਦਾ ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ।
18 ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ। ਮੈਂ ਤੁਹਾਡੇ ਕੋਲ ਆਵਾਂਗਾ।
19 ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ। ਇਸ ਕਰਕੇ ਜੋ ਮੈਂ ਜੀਉਂਦਾ ਹਾਂ ਤੁਸੀਂ ਭੀ ਜੀਓਗੇ।
20 ਉਸ ਦਿਨ ਤੁਸੀਂ ਜਾਣੋਗੇ ਭਈ ਮੈਂ ਆਪਣੇ ਪਿਤਾ ਵਿੱਚ ਅਰ ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ।
21 ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ, ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ ਅਰ ਮੈਂ ਉਹ ਦੇ ਨਾਲ ਪਿਆਰ ਕਰਾਂਗਾ ਅਤੇ ਆਪਣੇ ਤਾਈਂ ਉਸ ਉੱਤੇ ਪਰਗਟ ਕਰਾਂਗਾ।
22 ਯਹੂਦਾ, ਨਾ ਇਸਕਰਿਯੋਤੀ, ਨੇ ਉਹ ਨੂੰ ਆਖਿਆ ਪ੍ਰਭੁ ਜੀ ਕੀ ਹੋਇਆ ਹੈ ਜੋ ਤੂੰ ਆਪਣਾ ਆਪ ਸਾਡੇ ਉੱਤੇ ਪਰਗਟ ਕਰੇਂਗਾ ਅਰ ਜਗਤ ਉੱਤੇ ਨਹੀਂ?
23 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਬਚਨ ਦੀ ਪਾਲਨਾ ਕਰੇਗਾ ਅਤੇ ਮੇਰਾ ਪਿਤਾ ਉਹ ਨੂੰ ਪਿਆਰ ਕਰੇਗਾ ਅਤੇ ਅਸੀਂ ਉਹ ਦੇ ਕੋਲ ਆਵਾਂਗੇ ਅਰ ਉਹ ਦੇ ਨਾਲ ਵਾਸ ਕਰਾਂਗੇ।
24 ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਬਚਨਾਂ ਦੀ ਪਾਲਨਾ ਨਹੀਂ ਕਰਦਾ ਅਤੇ ਇਹ ਬਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ ਸਗੋਂ ਪਿਤਾ ਦਾ ਹੈ ਜਿਨ ਮੈਨੂੰ ਘੱਲਿਆ।
25 ਮੈਂ ਏਹ ਗਲਾਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਆਖੀਆਂ ਹਨ।
26 ਪਰ ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ ਜਿਹ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਤੁਹਾਨੂੰ ਚੇਤੇ ਕਰਾਵੇਗਾ।
27 ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਜਿਸ ਤਰਾਂ ਸੰਸਾਰ ਦਿੰਦਾ ਹੈ ਮੈਂ ਉਸ ਤਰਾਂ ਤੁਹਾਨੂੰ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ।
28 ਤੁਸਾਂ ਸੁਣਿਆ ਜੋ ਮੈਂ ਤੁਹਾਨੂੰ ਆਖਿਆ ਸੀ ਭਈ ਮੈਂ ਚੱਲਿਆ ਜਾਂਦਾ ਹਾਂ, ਫੇਰ ਤੁਹਾਡੇ ਕੋਲ ਆਉਂਦਾ ਹਾਂ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਐਸ ਤੋਂ ਅਨੰਦ ਹੁੰਦੇ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਕਿਉਂ ਜੋ ਪਿਤਾ ਮੈਥੋਂ ਵੱਡਾ ਹੈ।
29 ਅਤੇ ਹੁਣ ਉਸ ਗੱਲ ਦੇ ਹੋਣ ਤੋਂ ਅੱਗੇ ਮੈਂ ਤੁਹਾਨੂੰ ਦੱਸਿਆ ਹੈ ਤਾਂ ਜਦ ਉਹ ਹੋ ਲਵੇ ਤਦ ਤੁਸੀਂ ਪਰਤੀਤ ਕਰੋ।
30 ਮੈਂ ਫੇਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹ ਦਾ ਕੁਝ ਨਹੀਂ ਹੈ।
31 ਪਰ ਇਸ ਲਈ ਜੋ ਜਗਤ ਨੂੰ ਮਲੂਮ ਹੋਵੇ ਭਈ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਤਾਂ ਜਿਵੇਂ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਮੈਂ ਤਿਵੇਂ ਕਰਦਾ ਹਾਂ। ਉੱਠੋ, ਐਥੋਂ ਚੱਲੀਏ।
ਕਾਂਡ 15

1 ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ।
2 ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ।
3 ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ।
4 ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਪਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸੱਕਦੀ ਇਸੇ ਪਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸੱਕਦੇ।
5 ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ।
6 ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈਂ ਬਾਹਰ ਸੁੱਟਿਆ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠਿਆਂ ਕਰ ਕੇ ਅੱਗ ਵਿੱਚ ਝੋਕਦੇ ਹਨ ਅਤੇ ਓਹ ਸਾੜੀਆਂ ਜਾਂਦੀਆਂ ਹਨ।
7 ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ।
8 ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।
9 ਜਿਵੇਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਤਿਵੇਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਮੇਰੇ ਪ੍ਰੇਮ ਵਿੱਚ ਰਹੋ।
10 ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ।
11 ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ।
12 ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ।
13 ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।
14 ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ।
15 ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਕਰਦਾ ਹੈ, ਪਰ ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।
16 ਤੁਸਾਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ ਜੋ ਤੁਸੀਂ ਜਾ ਕੇ ਫਲਦਾਰ ਹੋਵੋ ਅਤੇ ਤੁਹਾਡਾ ਫਲ ਕਾਇਮ ਰਹੇ ਤਾਂ ਜੋ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਸੋ ਉਹ ਤੁਹਾਨੂੰ ਦੇਵੇ।
17 ਮੈਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਇਸ ਲਈ ਹੁਕਮ ਕਰਦਾ ਹਾਂ ਜੋ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ।
18 ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ।
19 ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।
20 ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਭਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ। ਜੇ ਉਨ੍ਹਾਂ ਮੇਰੇ ਬਚਨ ਦੀ ਪਾਲਨਾ ਕੀਤੀ ਤਾਂ ਤੁਹਾਡੇ ਦੀ ਵੀ ਪਾਲਨਾ ਕਰਨਗੇ।
21 ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਨ ਓਹ ਤੁਹਾਡੇ ਨਾਲ ਕਰਨਗੇ ਕਿਉਂ ਜੋ ਓਹ ਉਸ ਨੂੰ ਨਹੀਂ ਜਾਣਦੇ ਹਨ ਜਿਨ ਮੈਨੂੰ ਘੱਲਿਆ।
22 ਜੇ ਮੈਂ ਨਾ ਆਉਂਦਾ ਅਤੇ ਉਨ੍ਹਾਂ ਨਾਲ ਗੱਲਾਂ ਨਾ ਕਰਦਾ ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ, ਪਰ ਹੁਣ ਉਨ੍ਹਾਂ ਕੋਲ ਉਨ੍ਹਾਂ ਦੇ ਪਾਪ ਦਾ ਕੋਈ ਪੱਜ ਨਹੀਂ।
23 ਜਿਹੜਾ ਮੇਰੇ ਨਾਲ ਵੈਰ ਕਰਦਾ ਹੈ ਉਹ ਮੇਰੇ ਪਿਤਾ ਨਾਲ ਵੀ ਵੈਰ ਕਰਦਾ ਹੈ।
24 ਜੇ ਮੈਂ ਉਨ੍ਹਾਂ ਵਿੱਚ ਓਹ ਕੰਮ ਨਾ ਕਰਦਾ ਜੋ ਹੋਰ ਕਿਨੇ ਨਹੀਂ ਕੀਤੇ ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ ਪਰ ਹੁਣ ਤਾਂ ਉਨ੍ਹਾਂ ਨੇ ਮੈਨੂੰ ਅਤੇ ਨਾਲੇ ਮੇਰੇ ਪਿਤਾ ਨੂੰ ਵੇਖਿਆ ਅਤੇ ਸਾਡੇ ਨਾਲ ਵੈਰ ਵੀ ਕੀਤਾ ਹੈ।
25 ਪਰ ਇਹ ਇਸ ਲਈ ਹੋਇਆ ਕਿ ਉਹ ਬਚਨ ਪੂਰਾ ਹੋਵੇ ਜਿਹੜਾ ਉਨ੍ਹਾਂ ਦੀ ਸ਼ਰਾ ਵਿੱਚ ਲਿਖਿਆ ਹੋਇਆ ਹੈ ਭਈ ਉਨ੍ਹਾਂ ਧਿਗਾਨੇ ਮੇਰੇ ਨਾਲ ਵੈਰ ਕੀਤਾ।
26 ਪਰ ਜਾਂ ਉਹ ਸਹਾਇਕ ਆਵੇ ਜਿਹ ਨੂੰ ਮੈਂ ਤੁਹਾਡੇ ਕੋਲ ਪਿਤਾ ਦੀ ਵੱਲੋਂ ਘੱਲਾਂਗਾ ਅਰਥਾਤ ਸਚਿਆਈ ਦਾ ਆਤਮਾ ਜਿਹੜਾ ਪਿਤਾ ਵੱਲੋਂ ਨਿੱਕਲਦਾ ਹੈ ਤਾਂ ਉਹ ਮੇਰੇ ਹੱਕ ਵਿੱਚ ਸਾਖੀ ਦੇਵੇਗਾ।
27 ਅਤੇ ਤੁਸੀਂ ਵੀ ਗਵਾਹ ਹੋ ਕਿਉਂਕਿ ਤੁਸੀਂ ਮੁੱਢੋਂ ਮੇਰੇ ਨਾਲ ਰਹੇ ਹੋ।
ਕਾਂਡ 16

1 ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਸੀਂ ਠੋਕਰ ਨਾ ਖਾਓ।
2 ਓਹ ਤੁਹਾਨੂੰ ਸਮਾਜਾਂ ਵਿੱਚੋਂ ਛੇਕ ਦੇਣਗੇ ਸਗੋਂ ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ।
3 ਅਤੇ ਓਹ ਇਸ ਲਈ ਇਹ ਕਰਨਗੇ ਜੋ ਉਨ੍ਹਾਂ ਨਾ ਪਿਤਾ ਨੂੰ ਅਤੇ ਨਾ ਮੈਨੂੰ ਜਾਣਿਆ।
4 ਪਰ ਮੈਂ ਤੁਹਾਡੇ ਨਾਲ ਏਹ ਗੱਲਾਂ ਇਸ ਲਈ ਕੀਤੀਆਂ ਹਨ ਕਿ ਜਦ ਉਨ੍ਹਾਂ ਦਾ ਸਮਾ ਆਵੇ ਤਦ ਤੁਸੀਂ ਉਨ੍ਹਾਂ ਨੂੰ ਚੇਤੇ ਕਰੋ ਕਿ ਮੈਂ ਤੁਹਾਨੂੰ ਆਖੀਆਂ ਅਤੇ ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ ਕਿਉਂ ਜੋ ਮੈਂ ਤੁਹਾਡੇ ਨਾਲ ਸਾਂ।
5 ਪਰ ਹੁਣ ਮੈਂ ਉਹ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਘੱਲਿਆ ਸੀ ਅਤੇ ਤੁਹਾਡੇ ਵਿੱਚੋਂ ਕੋਈ ਮੈਥੋਂ ਨਹੀਂ ਪੁੱਛਦਾ ਭਈ ਤੂੰ ਕਿੱਥੇ ਜਾਂਦਾ ਹੈਂ ?
6 ਪਰ ਇਸ ਕਰਕੇ ਜੋ ਮੈਂ ਤੁਹਾਨੂੰ ਏਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ।
7 ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਘੱਲ ਦਿਆਂਗਾ।
8 ਅਤੇ ਉਹ ਆਣ ਕੇ ਜਗਤ ਨੂੰ ਪਾਪ, ਧਰਮ ਅਰ ਨਿਆਉਂ ਦੇ ਵਿਖੇ ਕਾਇਲ ਕਰੇਗਾ।
9 ਪਾਪ ਦੇ ਵਿਖੇ ਇਸ ਲਈ ਜੋ ਓਹ ਮੇਰੇ ਉੱਤੇ ਨਿਹਚਾ ਨਹੀਂ ਕਰਦੇ ਹਨ।
10 ਧਰਮ ਦੇ ਵਿਖੇ ਇਸ ਲਈ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ।
11 ਨਿਆਉਂ ਦੇ ਵਿਖੇ ਇਸ ਲਈ ਜੋ ਇਸ ਜਗਤ ਦੇ ਸਰਦਾਰ ਦਾ ਨਿਆਉਂ ਕੀਤਾ ਗਿਆ ਹੈ।
12 ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ।
13 ਪਰ ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ।
14 ਉਹ ਮੇਰੀ ਵਡਿਆਈ ਕਰੇਗਾ ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਅਤੇ ਤੁਹਾਨੂੰ ਦੱਸੇਗਾ।
15 ਸਭੋਂ ਕੁਝ ਜੋ ਪਿਤਾ ਦਾ ਹੈ ਸੋ ਮੇਰਾ ਹੈ। ਇਸੇ ਕਾਰਨ ਮੈਂ ਆਖਿਆ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।
16 ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਫੇਰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ।
17 ਉਪਰੰਤ ਉਹ ਦੇ ਕਈ ਚੇਲੇ ਆਪੋ ਵਿੱਚੀਂ ਕਹਿਣ ਲੱਗੇ, ਇਹ ਕੀ ਹੈ ਜੋ ਉਹ ਸਾਨੂੰ ਆਖਦਾ ਹੈ ਭਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ ਅਰ ਇਹ, ਜੋ ਮੈਂ ਪਿਤਾ ਕੋਲ ਜਾਂਦਾ ਹਾਂ ?
18 ਫੇਰ ਉਨ੍ਹਾਂ ਆਖਿਆ, ਇਹ ਥੋੜਾ ਚਿਰ ਜੋ ਉਹ ਕਹਿੰਦਾ ਹੈ ਕੀ ਹੈ ? ਅਸੀਂ ਨਹੀਂ ਜਾਣਦੇ ਭਈ ਉਹ ਕੀ ਆਖਦਾ ਹੈ।
19 ਯਿਸੂ ਨੇ ਇਹ ਮਲੂਮ ਕੀਤਾ ਜੋ ਓਹ ਮੈਥੋਂ ਪੁੱਛਿਆ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਆਪੋ ਵਿੱਚੀਂ ਉਹ ਦੀ ਪੁੱਛ ਗਿੱਛ ਕਰਦੇ ਹੋ ਜੋ ਮੈਂ ਆਖਿਆ ਭਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ।
20 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ ਪਰ ਜਗਤ ਅਨੰਦ ਕਰੇਗਾ। ਤੁਸੀਂ ਉਦਾਸ ਹੋਵੋਗੇ ਪਰ ਤੁਹਾਡੀ ਉਦਾਸੀ ਅਨੰਦ ਨਾਲ ਬਦਲ ਜਾਵੇਗੀ।
21 ਜਦ ਤੀਵੀਂ ਜਣਨ ਲੱਗਦੀ ਹੈ ਤਾਂ ਉਦਾਸ ਹੁੰਦੀ ਹੈ ਇਸ ਕਾਰਨ ਜੋ ਉਹ ਦੀ ਘੜੀ ਆ ਪੁੱਜੀ ਹੈ ਪਰ ਜਾਂ ਬਾਲਕ ਜਣ ਚੁੱਕਦੀ ਹੈ ਤਾਂ ਐਸ ਖੁਸ਼ੀ ਦੀ ਮਾਰੀ ਜੋ ਇੱਕ ਮਨੁੱਖ ਜਗਤ ਵਿੱਚ ਜੰਮਿਆ ਉਹ ਉਸ ਪੀੜ ਨੂੰ ਫੇਰ ਚੇਤੇ ਨਹੀਂ ਕਰਦੀ।
22 ਸੋ ਹੁਣ ਤੁਸੀਂ ਉਦਾਸ ਹੋ ਪਰ ਮੈਂ ਤੁਹਾਨੂੰ ਫੇਰ ਵੇਖਾਂਗਾ ਅਤੇ ਤੁਹਾਡਾ ਦਿਲ ਅਨੰਦ ਹੋਵੇਗਾ ਅਰ ਤੁਹਾਡਾ ਅਨੰਦ ਤੁਹਾਥੋਂ ਕੋਈ ਨਹੀਂ ਖੋਹੇਗਾ।
23 ਅਤੇ ਉਸ ਦਿਨ ਤੁਸੀਂ ਮੈਥੋਂ ਕੋਈ ਸਵਾਲ ਨਾ ਕਰੋਗੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ।
24 ਅਜੇ ਤੀਕੁਰ ਤੁਸਾਂ ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ। ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਅਨੰਦ ਪੂਰਾ ਹੋਵੇ।
25 ਮੈਂ ਏਹ ਗੱਲਾਂ ਤੁਹਾਨੂੰ ਬੁਝਾਰਤਾਂ ਵਿੱਚ ਆਖੀਆਂ ਹਨ। ਉਹ ਸਮਾ ਆਉਂਦਾ ਹੈ ਜਾਂ ਮੈਂ ਤੁਹਾਨੂੰ ਫੇਰ ਬੁਝਾਰਤਾਂ ਵਿੱਚ ਨਾ ਕਹਾਂਗਾ ਪਰ ਖੋਲ੍ਹ ਕੇ ਤੁਹਾਨੂੰ ਪਿਤਾ ਦੀ ਖਬਰ ਦਿਆਂਗਾ।
26 ਉਸ ਦਿਨ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਅਤੇ ਮੈਂ ਤੁਹਾਨੂੰ ਨਹੀਂ ਆਖਦਾ ਭਈ ਮੈਂ ਪਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ।
27 ਕਿਉਂ ਜੋ ਪਿਤਾ ਆਪ ਹੀ ਤੁਹਾਡੇ ਨਾਲ ਹਿਤ ਕਰਦਾ ਹੈ ਇਸ ਲਈ ਜੋ ਤੁਸਾਂ ਮੇਰੇ ਨਾਲ ਹਿਤ ਕੀਤਾ ਅਤੇ ਸਤ ਮੰਨਿਆ ਹੈ ਜੋ ਮੈਂ ਪਿਤਾ ਦੀ ਵੱਲੋਂ ਆਇਆ।
28 ਮੈਂ ਪਿਤਾ ਵਿੱਚੋਂ ਨਿੱਕਲ ਕੇ ਜਗਤ ਵਿੱਚ ਆਇਆ ਹਾਂ। ਫੇਰ ਜਗਤ ਨੂੰ ਛੱਡਦਾ ਅਤੇ ਪਿਤਾ ਦੇ ਕੋਲ ਜਾਂਦਾ ਹਾਂ।
29 ਉਹ ਦੇ ਚੇਲਿਆਂ ਨੇ ਕਿਹਾ, ਵੇਖੋ ਹੁਣ ਤੂੰ ਖੋਲ੍ਹ ਕੇ ਆਖਦਾ ਹੈਂ ਅਤੇ ਕੋਈ ਬੁਝਾਰਤ ਨਹੀਂ ਕਹਿੰਦਾ।
30 ਹੁਣ ਅਸੀਂ ਜਾਣ ਗਏ ਭਈ ਤੂੰ ਸੱਭੋ ਕੁਝ ਜਾਣਦਾ ਹੈਂ ਅਰ ਤੈਨੂੰ ਲੋੜ ਨਹੀਂ ਜੋ ਤੈਥੋਂ ਕੋਈ ਪੁੱਛੇ। ਐਸ ਤੋਂ ਅਸੀਂ ਪਰਤੀਤ ਕਰਦੇ ਹਾਂ ਜੋ ਤੂੰ ਪਰਮੇਸ਼ੁਰ ਕੋਲੋਂ ਆਇਆ ਹੈਂ।
31 ਯਿਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਕੀ ਹੁਣ ਤੁਸੀਂ ਪਰਤੀਤ ਕਰਦੇ ਹੋ?
32 ਵੇਖੋ, ਸਮਾ ਆਉਂਦਾ ਹੈ ਸਗੋਂ ਆ ਪਹੁੰਚਿਆ ਹੈ ਜੋ ਤੁਸੀਂ ਸੱਭੇ ਆਪੋ ਆਪਣੇ ਥਾਈਂ ਖਿੰਡ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ ਪਰ ਤਾਂ ਵੀ ਮੈਂ ਇਕੱਲਾ ਨਹੀਂ ਕਿਉਂ ਜੋ ਪਿਤਾ ਮੇਰੇ ਨਾਲ ਹੈ।
33 ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।
ਕਾਂਡ 17

1 ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕ ਕੇ ਕਿਹਾ, ਹੇ ਪਿਤਾ ਘੜੀ ਆ ਪਹੁੰਚੀ ਹੈ। ਆਪਣੇ ਪੁੱਤ੍ਰ ਦੀ ਵਡਿਆਈ ਕਰ ਤਾਂ ਜੋ ਪੁੱਤ੍ਰ ਤੇਰੀ ਵਡਿਆਈ ਕਰੇ।
2 ਜਿਵੇਂ ਤੈਂ ਉਹ ਨੂੰ ਸਾਰੇ ਸਰੀਰਾਂ ਉੱਤੇ ਇਖ਼ਤਿਆਰ ਬਖ਼ਸ਼ਿਆ ਭਈ ਉਹ ਉਨ੍ਹਾਂ ਸਭਨਾਂ ਨੂੰ ਜੋ ਤੈਂ ਉਹ ਨੂੰ ਦਿੱਤੇ ਹਨ ਸਦੀਪਕ ਜੀਉਣ ਦੇਵੇ।
3 ਅਤੇ ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।
4 ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ।
5 ਹੁਣ ਹੇ ਪਿਤਾ ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪਰਗਟ ਕਰ।
6 ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ। ਓਹ ਤੇਰੇ ਸਨ ਅਤੇ ਤੈਂ ਓਹ ਮੈਨੂੰ ਦਿੱਤੇ ਅਰ ਓਹਨਾਂ ਨੇ ਤੇਰੇ ਬਚਨ ਦੀ ਪਾਲਨਾ ਕੀਤੀ ਹੈ।
7 ਹੁਣ ਓਹਨਾਂ ਨੇ ਜਾਣਿਆ ਭਈ ਜੋ ਕੁਝ ਤੈਂ ਮੈਨੂੰ ਦਿੱਤਾ ਹੈ ਸੱਭੋ ਤੇਰੀ ਵੱਲੋਂ ਹੈ।
8 ਕਿਉਂਕਿ ਜਿਹੜੀਆਂ ਗੱਲਾਂ ਤੈਂ ਮੈਨੂੰ ਦਿੱਤੀਆਂ ਓਹ ਮੈਂ ਓਹਨਾਂ ਨੂੰ ਦਿੱਤੀਆਂ ਹਨ ਅਤੇ ਓਹਨਾਂ ਨੇ ਮੰਨ ਲਈਆਂ ਅਤੇ ਸੱਚ ਜਾਣਿਆ ਜੋ ਮੈਂ ਤੇਰੀ ਵੱਲੋਂ ਆਇਆ ਅਤੇ ਓਹਨਾਂ ਪਰਤੀਤ ਕੀਤੀ ਜੋ ਤੈਂ ਮੈਨੂੰ ਘੱਲਿਆ।
9 ਮੈਂ ਓਹਨਾਂ ਲਈ ਬੇਨਤੀ ਕਰਦਾ ਹਾਂ। ਮੈਂ ਜਗਤ ਦੇ ਲਈ ਨਹੀਂ ਪਰ ਓਹਨਾਂ ਲਈ ਬੇਨਤੀ ਕਰਦਾ ਹਾਂ ਜੋ ਤੈਂ ਮੈਨੂੰ ਦਿੱਤੇ ਸਨ ਕਿਉਂ ਜੋ ਓਹ ਤੇਰੇ ਹਨ।
10 ਮੇਰੀਆਂ ਸਾਰੀਆਂ ਚੀਜ਼ਾਂ ਤੇਰੀਆਂ ਹਨ ਅਤੇ ਤੇਰੀਆਂ ਮੇਰੀਆਂ ਹਨ ਅਰ ਉਨ੍ਹਾਂ ਵਿੱਚ ਮੇਰੀ ਵਡਿਆਈ ਹੋਈ ਹੈ।
11 ਮੈਂ ਅੱਗੇ ਨੂੰ ਜਗਤ ਵਿੱਚ ਨਹੀਂ ਪਰ ਏਹ ਜਗਤ ਵਿੱਚ ਹਨ ਅਤੇ ਮੈਂ ਤੇਰੇ ਕੋਲ ਆਉਂਦਾ ਹਾਂ। ਹੇ ਪਵਿੱਤਰ ਪਿਤਾ ਆਪਣੇ ਹੀ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਓਹਨਾਂ ਦੀ ਰੱਛਿਆ ਕਰ ਇਸ ਲਈ ਜੋ ਓਹ ਸਾਡੇ ਵਾਂਗਰ ਇੱਕ ਹੋਣ।
12 ਜਿੱਨਾ ਚਿਰ ਮੈਂ ਓਹਨਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਓਹਨਾਂ ਦੀ ਰੱਛਿਆ ਕੀਤੀ ਅਤੇ ਮੈਂ ਓਹਨਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤ੍ਰ ਬਾਝੋਂ ਓਹਨਾਂ ਵਿੱਚੋਂ ਕਿਸੇ ਦਾ ਨਾਸ ਨਾ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ।
13 ਪਰ ਹੁਣ ਮੈਂ ਤੇਰੇ ਕੋਲ ਆਉਂਦਾ ਹਾਂ ਅਤੇ ਜਗਤ ਵਿੱਚ ਏਹ ਗੱਲਾਂ ਆਖਦਾ ਹਾਂ ਤਾਂ ਜੋ ਮੇਰੀ ਖੁਸ਼ੀ ਓਹਨਾਂ ਵਿੱਚ ਪੂਰੀ ਹੋਵੇ।
14 ਮੈਂ ਤੇਰਾ ਬਚਨ ਓਹਨਾਂ ਨੂੰ ਦਿੱਤਾ ਹੈ ਅਰ ਜਗਤ ਨੇ ਓਹਨਾਂ ਨਾਲ ਵੈਰ ਕੀਤਾ ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।
15 ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ।
16 ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।
17 ਓਹਨਾਂ ਨੂੰ ਸਚਿਆਈ ਨਾਲ ਪਵਿੱਤ੍ਰ ਕਰ। ਤੇਰਾ ਬਚਨ ਸਚਿਆਈ ਹੈ।
18 ਜਿਸ ਤਰਾਂ ਤੈਂ ਮੈਨੂੰ ਜਗਤ ਵਿੱਚ ਘੱਲਿਆ ਮੈਂ ਵੀ ਓਹਨਾਂ ਨੂੰ ਜਗਤ ਵਿੱਚ ਘੱਲਿਆ।
19 ਅਤੇ ਓਹਨਾਂ ਦੇ ਕਾਰਨ ਮੈਂ ਆਪ ਨੂੰ ਸੰਕਲਪ ਕਰਦਾ ਹਾਂ ਤਾਂ ਜੋ ਓਹ ਵੀ ਸਚਿਆਈ ਵਿੱਚ ਸੰਕਲਪ ਹੋਣ।
20 ਮੈਂ ਨਿਰਾ ਏਹਨਾਂ ਹੀ ਲਈ ਬੇਨਤੀ ਨਹੀਂ ਕਰਦਾ ਪਰ ਓਹਨਾਂ ਲਈ ਵੀ ਜਿਹੜੇ ਏਹਨਾਂ ਦੇ ਬਚਨ ਨਾਲ ਮੇਰੇ ਉੱਤੇ ਨਿਹਚਾ ਕਰਨਗੇ।
21 ਜੋ ਓਹ ਸਭ ਇੱਕੋ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੋ ਓਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੈਂ ਮੈਨੂੰ ਘੱਲਿਆ।
22 ਅਤੇ ਜਿਹੜੀ ਵਡਿਆਈ ਤੈਂ ਮੈਨੂੰ ਦਿੱਤੀ ਹੈ ਉਹ ਮੈਂ ਓਹਨਾਂ ਨੂੰ ਦਿੱਤੀ ਹੈ ਤਾਂ ਜੋ ਓਹ ਇੱਕੋ ਹੋਣ ਜਿਸ ਤਰਾਂ ਅਸੀਂ ਇੱਕੋ ਹਾਂ।
23 ਮੈਂ ਓਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ ਤਾਂ ਕਿ ਓਹ ਸਿੱਧ ਹੋ ਕੇ ਇੱਕ ਹੋ ਜਾਣ ਭਈ ਜਗਤ ਜਾਣ ਲਵੇ ਜੋ ਤੈਂ ਮੈਨੂੰ ਘੱਲਿਆ ਅਤੇ ਓਹਨਾਂ ਨਾਲ ਪਿਆਰ ਕੀਤਾ ਜਿਵੇਂ ਤੈਂ ਮੇਰੇ ਨਾਲ ਪਿਆਰ ਕੀਤਾ।
24 ਹੇ ਪਿਤਾ ਮੈਂ ਚਾਹੁੰਦਾ ਹਾਂ ਭਈ ਜਿਹੜੇ ਤੈਂ ਮੈਨੂੰ ਦਿੱਤੇ ਸੋ ਜਿੱਥੇ ਮੈਂ ਹਾਂ ਓਹ ਵੀ ਮੇਰੇ ਨਾਲ ਹੋਣ ਤਾਂ ਜੋ ਓਹ ਮੇਰੀ ਵਡਿਆਈ ਜੋ ਤੈਂ ਮੈਨੂੰ ਦਿੱਤੀ ਹੈ ਵੇਖਣ ਕਿਉਂਕਿ ਤੈਂ ਮੇਰੇ ਨਾਲ ਜਗਤ ਦੀ ਨੀਉਂ ਧਰਨ ਤੋਂ ਅੱਗੇ ਹੀ ਪਿਆਰ ਕੀਤਾ।
25 ਹੇ ਧਰਮੀ ਪਿਤਾ, ਜਗਤ ਨੇ ਤੈਨੂੰ ਨਹੀਂ ਜਾਣਿਆ ਪਰ ਮੈਂ ਤੈਨੂੰ ਜਾਣਿਆ ਅਤੇ ਏਹਨਾਂ ਨੇ ਜਾਣਿਆ ਭਈ ਤੈਂ ਮੈਨੂੰ ਘੱਲਿਆ।
26 ਅਰ ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈਂ ਮੈਨੂੰ ਪਿਆਰ ਕੀਤਾ ਸੋਈ ਓਹਨਾਂ ਵਿੱਚ ਹੋਵੇ ਅਤੇ ਮੈਂ ਓਹਨਾਂ ਵਿੱਚ ਹੋਵਾਂ।
ਕਾਂਡ 18

1 ਯਿਸੂ ਏਹ ਗੱਲਾਂ ਕਹਿ ਕੇ ਆਪਣੇ ਚੇਲਿਆਂ ਸਣੇ ਕਿਦਰੋਨ ਦੇ ਨਾਲੇ ਦੇ ਪਾਰ ਚੱਲਿਆ ਗਿਆ। ਉੱਥੇ ਇੱਕ ਬਾਗ ਸੀ ਜਿਹਦੇ ਵਿੱਚ ਉਹ ਅਤੇ ਉਹ ਦੇ ਚੇਲੇ ਜਾ ਵੜੇ।
2 ਅਰ ਯਹੂਦਾ ਭੀ ਜਿਹੜਾ ਉਹ ਦਾ ਫੜਵਾਉਣ ਵਾਲਾ ਹੈਸੀ ਉਸ ਥਾਂ ਨੂੰ ਜਾਣਦਾ ਸੀ ਕਿਉਂ ਜੋ ਯਿਸੂ ਆਪਣਿਆਂ ਚੇਲਿਆਂ ਨਾਲ ਉੱਥੇ ਬਹੁਤ ਵੇਰੀ ਜਾਂਦਾ ਹੁੰਦਾ ਸੀ।
3 ਉਪਰੰਤ ਯਹੂਦਾ ਸਿਪਾਹੀਆਂ ਦਾ ਇੱਕ ਜੱਥਾ ਅਤੇ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਦੀ ਵਲੋਂ ਪਿਆਦੇ ਲੈ ਕੇ ਦੀਵਿਆਂ ਅਰ ਮਸਾਲਾਂ ਅਰ ਸ਼ਸਤਰਾਂ ਨਾਲ ਉੱਥੇ ਆਇਆ।
4 ਤਾਂ ਯਿਸੂ ਸਭ ਕੁਝ ਜੋ ਉਹ ਦੇ ਉੱਤੇ ਬੀਤਣਾ ਸੀ ਜਾਣ ਕੇ ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਹ ਨੂੰ ਭਾਲਦੇ ਹੋ?
5 ਉਨ੍ਹਾਂ ਉਸ ਨੂੰ ਉੱਤਰ ਦਿੱਤਾ, ਯਿਸੂ ਨਾਸਰੀ ਨੂੰ। ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਮੈਂ ਹੀ ਹਾਂ ਅਤੇ ਉਹ ਦਾ ਫੜਵਾਉਣ ਵਾਲਾ ਯਹੂਦਾ ਭੀ ਉਨ੍ਹਾਂ ਦੇ ਨਾਲ ਖੜਾ ਸੀ।
6 ਸੋ ਜਾਂ ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਹੀ ਹਾਂ ਤਾਂ ਓਹ ਪਿਛਾਹਾਂ ਨੂੰ ਹਟ ਗਏ ਅਤੇ ਭੁੰਞੇਂ ਡਿੱਗ ਪਏ।
7 ਇਸ ਲਈ ਉਸ ਨੇ ਉਨ੍ਹਾਂ ਨੂੰ ਫੇਰ ਪੁੱਛਿਆ, ਤੁਸੀਂ ਕਿਹਨੂੰ ਭਾਲਦੇ ਹੋ? ਤਾਂ ਓਹ ਬੋਲੇ, ਯਿਸੂ ਨਾਸਰੀ ਨੂੰ।
8 ਯਿਸੂ ਨੇ ਅੱਗੋਂ ਆਖਿਆ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਏਹਨਾਂ ਨੂੰ ਜਾਣ ਦਿਓ।
9 ਇਹ ਇਸ ਕਰਕੇ ਹੋਇਆ ਭਈ ਉਹ ਬਚਨ ਜੋ ਉਸ ਨੇ ਕਿਹਾ ਸੀ ਪੂਰਾ ਹੋਵੇ ਕਿ ਜਿਹੜੇ ਤੈਂ ਮੈਨੂੰ ਦਿੱਤੇ ਹਨ ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ।
10 ਤਾਂ ਸ਼ਮਊਨ ਪਤਰਸ ਨੇ ਤਲਵਾਰ ਜੋ ਉਹ ਦੇ ਕੋਲ ਸੀ ਧੂਈ ਅਤੇ ਸਰਦਾਰ ਜਾਜਕ ਦੇ ਚਾਕਰ ਉੱਤੇ ਚਲਾਈ ਅਰ ਉਹ ਦਾ ਸੱਜਾ ਕੰਨ ਉਡਾ ਦਿੱਤਾ। ਉਸ ਚਾਕਰ ਦਾ ਨਾਉਂ ਸੀ ਮਲਖੁਸ।
11 ਤਦ ਯਿਸੂ ਨੇ ਪਤਰਸ ਨੂੰ ਆਖਿਆ, ਤਲਵਾਰ ਮਿਆਨ ਕਰ ! ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਪੀਆਂ?
12 ਉਪਰੰਤ ਸਿਪਾਹੀਆਂ ਨੇ ਅਤੇ ਫੌਜ ਦੇ ਸਰਦਾਰ ਅਤੇ ਯਹੂਦੀਆਂ ਦੇ ਪਿਆਦਿਆਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ।
13 ਅਤੇ ਪਹਿਲਾਂ ਉਹ ਨੂੰ ਅੰਨਾਸ ਕੋਲ ਲੈ ਗਏ ਕਿਉਂ ਜੋ ਉਹ ਕਯਾਫ਼ਾ ਦਾ ਸੌਹਰਾ ਸੀ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ।
14 ਅਤੇ ਕਯਾਫ਼ਾ ਉਹੋ ਹੈ ਜਿਨ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਭਈ ਲੋਕਾਂ ਦੇ ਬਦਲੇ ਇੱਕ ਮਨੁੱਖ ਦਾ ਮਰਨਾ ਚੰਗਾ ਹੈ।
15 ਸ਼ਮਊਨ ਪਤਰਸ ਯਿਸੂ ਦੇ ਮਗਰ ਹੋ ਤੁਰਿਆ, ਨਾਲੇ ਇੱਕ ਹੋਰ ਚੇਲਾ ਵੀ। ਉਹ ਚੇਲਾ ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ ਅਤੇ ਯਿਸੂ ਦੇ ਨਾਲ ਸਰਦਾਰ ਜਾਜਕ ਦੇ ਵੇਹੜੇ ਵਿੱਚ ਗਿਆ।
16 ਪਰ ਪਤਰਸ ਬਾਹਰ ਬੂਹੇ ਕੋਲ ਖੜੋਤਾ ਰਿਹਾ। ਫੇਰ ਉਹ ਦੂਜਾ ਚੇਲਾ ਜਿਹੜਾ ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ ਬਾਹਰ ਨਿੱਕਲਿਆ ਅਤੇ ਦਰਬਾਨਣ ਨੂੰ ਕਹਿ ਕੇ ਪਤਰਸ ਨੂੰ ਅੰਦਰ ਲਿਆਇਆ।
17 ਤਾਂ ਉਸ ਗੋੱਲੀ ਨੇ ਜੋ ਦਰਬਾਨਣ ਸੀ ਪਤਰਸ ਨੂੰ ਆਖਿਆ, ਕੀ ਤੂੰ ਭੀ ਐਸ ਮਨੁੱਖ ਦੇ ਚੇਲਿਆਂ ਵਿੱਚੋਂ ਹੈਂ? ਉਹ ਬੋਲਿਆ, ਮੈਂ ਨਹੀਂ ਹਾਂ।
18 ਅਤੇ ਚਾਕਰ ਅਰ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜੇ ਸੇਕ ਰਹੇ ਸਨ ਕਿਉਂ ਜੋ ਪਾਲਾ ਪੈਂਦਾ ਸੀ ਅਤੇ ਪਤਰਸ ਭੀ ਉਨ੍ਹਾਂ ਨਾਲ ਖੜਾ ਸੇਕ ਰਿਹਾ ਸੀ।
19 ਉਪਰੰਤ ਸਰਦਾਰ ਜਾਜਕ ਨੇ ਯਿਸੂ ਤੋਂ ਉਹ ਦੇ ਚੇਲਿਆਂ ਅਤੇ ਉਹ ਦੀ ਸਿੱਖਿਆ ਦੇ ਵਿਖੇ ਪੁੱਛਿਆ।
20 ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ।
21 ਤੂੰ ਮੈਥੋਂ ਕਿਉਂ ਪੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਪੁੱਛ ਲੈ ਜੋ ਮੈਂ ਉਨ੍ਹਾਂ ਨੂੰ ਕੀ ਆਖਿਆ। ਵੇਖੋ ਮੈਂ ਜੋ ਕੁਝ ਆਖਿਆ ਸੋ ਓਹ ਜਾਣਦੇ ਹਨ।
22 ਅਰ ਜਦ ਉਹ ਨੇ ਇਉਂ ਕਿਹਾ ਤਦ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖੜੋਤਾ ਸੀ ਯਿਸੂ ਨੂੰ ਚਪੇੜ ਮਾਰ ਕੇ ਕਿਹਾ, ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈਂ?
23 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੋ ਮੈਂ ਬੁਰਾ ਕਿਹਾ ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈ?
24 ਤਾਂ ਅੰਨਾਸ ਨੇ ਉਹ ਨੂੰ ਬੱਧਾ ਹੋਇਆ ਕਯਾਫ਼ਾ ਸਰਦਾਰ ਜਾਜਕ ਦੇ ਕੋਲ ਘੱਲਿਆ.
25 ਅਤੇ ਸ਼ਮਊਨ ਪਤਰਸ ਖੜਾ ਸੇਕਦਾ ਸੀ. ਸੋ ਉਨ੍ਹਾਂ ਉਸ ਨੂੰ ਪੁੱਛਿਆ, ਕੀ ਤੂੰ ਭੀ ਉਹ ਦੇ ਚੇਲਿਆਂ ਵਿੱਚੋਂ ਹੈਂ? ਉਹ ਮੁੱਕਰ ਗਿਆ ਅਤੇ ਬੋਲਿਆ ਮੈਂ ਨਹੀਂ ਹਾਂ।
26 ਸਰਦਾਰ ਜਾਜਕ ਦੇ ਚਾਕਰਾਂ ਵਿਚੋਂ ਇੱਕ ਨੇ ਜਿਹੜਾ ਉਸ ਮਨੁੱਖ ਦਾ ਸਾਕ ਸੀ ਜਿਹ ਦਾ ਕੰਨ ਪਤਰਸ ਨੇ ਉਡਾ ਦਿੱਤਾ ਸੀ ਆਖਿਆ, ਭਲਾ, ਮੈਂ ਤੈਨੂੰ ਉਹ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ?
27 ਤਦ ਪਤਰਸ ਫੇਰ ਮੁੱਕਰ ਗਿਆ ਅਤੇ ਝਟ ਕੁੱਕੜ ਨੇ ਬਾਂਗ ਦਿੱਤੀ।
28 ਫੇਰ ਯਿਸੂ ਨੂੰ ਕਯਾਫ਼ਾ ਦੇ ਕੋਲੋਂ ਹਾਕਮ ਦੀ ਕਚਹਿਰੀ ਲੈ ਗਏ ਸਵੇਰ ਦਾ ਵੇਲਾ ਸੀ। ਓਹ ਆਪ ਕਚਹਿਹੀ ਦੇ ਅੰਦਰ ਨਾ ਗਏ ਭਈ ਕਿਤੇ ਭ੍ਰਿਸ਼ਟ ਨਾ ਹੋ ਜਾਣ ਪਰ ਪਸਾਹ ਦਾ ਭੋਜਨ ਖਾ ਸੱਕਣ।
29 ਉਪਰੰਤ ਪਿਲਾਤੁਸ ਨੇ ਉਨ੍ਹਾਂ ਦੇ ਕੋਲ ਬਾਹਰ ਆਣ ਕੇ ਆਖਿਆ, ਤੁਸੀਂ ਐਸ ਮਨੁੱਖ ਦੇ ਜੁੰਮੇ ਕੀ ਦੋਸ਼ ਲਾਉਂਦੇ ਹੋ?
30 ਉਨ੍ਹਾਂ ਉੱਤਰ ਦੇ ਕੇ ਉਸ ਨੂੰ ਆਖਿਆ, ਜੇ ਇਹ ਬੁਰਿਆਰ ਨਾ ਹੁੰਦਾ ਤਾਂ ਅਸੀਂ ਉਹ ਨੂੰ ਤੁਹਾਡੇ ਹਵਾਲੇ ਨਾ ਕਰਦੇ।
31 ਤਦ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪੇ ਇਹ ਨੂੰ ਲੈ ਜਾਓ ਅਤੇ ਆਪਣੀ ਸ਼ਰਾ ਅਨੁਸਾਰ ਉਹ ਦਾ ਨਿਬੇੜਾ ਕਰੋ। ਯਹੂਦੀਆਂ ਨੇ ਉਹ ਨੂੰ ਆਖਿਆ ਭਈ ਕਿਸੇ ਨੂੰ ਕਤਲ ਕਰਨਾ ਸਾਡੇ ਵੱਸ ਨਹੀਂ।
32 ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਬਚਨ ਪੂਰਾ ਹੋਵੇ ਜਿਹੜਾ ਓਨ ਇਸ ਗੱਲ ਦਾ ਪਤਾ ਦੇਣ ਨੂੰ ਕਿਹਾ ਸੀ ਭਈ ਮੈਂ ਕਿਹੜੀ ਮੌਤ ਨਾਲ ਮਰਨਾ ਹੈ।
33 ਫੇਰ ਪਿਲਾਤੁਸ ਕਚਹਿਰੀ ਦੇ ਅੰਦਰ ਗਿਆ ਅਤੇ ਯਿਸੂ ਨੂੰ ਸੱਦ ਕੇ ਉਹ ਨੂੰ ਕਿਹਾ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰਏਂ ਹੈ?
34 ਯਿਸੂ ਨੇ ਉੱਤਰ ਦਿੱਤਾ, ਕੀ ਤੂੰ ਇਹ ਗੱਲ ਆਪੇ ਆਖਦਾ ਹੈਂ ਯਾ ਹੋਰਨਾਂ ਮੇਰੇ ਵਿਖੇ ਤੈਨੂੰ ਦੱਸੀ ਹੈ?
35 ਪਿਲਾਤੁਸ ਨੇ ਅੱਗੋਂ ਕਿਹਾ, ਭਲਾ, ਮੈਂ ਯਹੂਦੀ ਹਾਂ? ਤੇਰੀ ਹੀ ਕੌਮ ਅਤੇ ਪਰਧਾਨ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕਿਤਾ ਹੈ। ਤੈਂ ਕੀ ਕੀਤਾ?
36 ਯਿਸੂ ਨੇ ਉੱਤਰ ਦਿੱਤਾ ਕਿ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।
37 ਅੱਗੋਂ ਪਿਲਾਤੁਸ ਨੇ ਉਹ ਨੂੰ ਆਖਿਆ, ਤਾਂ ਫੇਰ ਤੂੰ ਪਾਤਸ਼ਾਹ ਹੈਂ? ਯਿਸੂ ਨੇ ਉੱਤਰ ਦਿੱਤਾ, ਸਤ ਬਚਨ, ਮੈਂ ਪਾਤਸ਼ਾਹ ਹੀ ਹਾਂ। ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ। ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ।
38 ਪਿਲਾਤੁਸ ਨੇ ਉਹ ਨੂੰ ਆਖਿਆ, ਸਚਿਆਈ ਹੁੰਦੀ ਕੀ ਹੈ? ਅਤੇ ਇਹ ਕਹਿ ਕੇ ਉਹ ਫੇਰ ਯਹੂਦੀਆਂ ਕੋਲ ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਆਖਿਆ, ਮੈਂ ਉਹ ਦਾ ਕੋਈ ਦੋਸ਼ ਨਹੀਂ ਵੇਖਦਾ
39 ਪਰ ਤੁਹਾਡਾ ਇਹ ਦਸਤੂਰ ਹੈ ਜੋ ਮੈਂ ਤੁਹਾਡੇ ਲਈ ਪਸਾਹ ਦੇ ਸਮੇਂ ਇੱਕ ਨੂੰ ਛੱਡ ਦਿਆਂ। ਸੋ ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ?
40 ਤਾਂ ਉਨ੍ਹਾਂ ਫੇਰ ਡੰਡ ਪਾ ਕੇ ਆਖਿਆ, ਇਸ ਨੂੰ ਨਹੀਂ ਪਰ ਬਰੱਬਾਸ ਨੂੰ! ਅਤੇ ਬਰੱਬਾਸ ਇੱਕ ਡਾਕੂ ਸੀ।
ਕਾਂਡ 19

1 ਸੋ ਜਦ ਪਿਲਾਤੁਸ ਨੇ ਯਿਸੂ ਨੂੰ ਫੜ ਕੇ ਕੋਰੜੇ ਮਰਵਾਏ।
2 ਅਤੇ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹ ਦੇ ਸਿਰ ਉੱਤੇ ਧਰਿਆ ਅਰ ਉਹ ਨੂੰ ਬੈਂਗਣੀ ਚੋਗਾ ਪਹਿਨਾਇਆ।
3 ਅਤੇ ਉਹ ਦੇ ਕੋਲ ਆਣ ਕੇ ਕਹਿਣ ਲੱਗੇ, ਹੇ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ! ਅਤੇ ਉਹ ਨੂੰ ਚਪੇੜਾਂ ਮਾਰੀਆਂ।
4 ਤਦ ਪਿਲਾਤੁਸ ਨੇ ਫੇਰ ਬਾਹਰ ਨਿੱਕਲ ਕੇ ਉਨ੍ਹਾਂ ਨੂੰ ਆਖਿਆ, ਵੇਖੋ ਮੈਂ ਉਹ ਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤਾਂ ਤੁਸੀਂ ਜਾਣੋ ਭਈ ਮੈਂ ਉਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ।
5 ਤਾਂ ਯਿਸੂ ਕੰਡਿਆਂ ਦਾ ਤਾਜ ਰੱਖੇ ਅਤੇ ਬੈਂਗਣੀ ਚੋਗਾ ਪਹਿਨੇ ਬਾਹਰ ਨਿੱਕਲਿਆ, ਅਰ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਵੇਖੋ ਐਸ ਮਨੁੱਖ ਨੂੰ!
6 ਜਾਂ ਪਰਧਾਨ ਜਾਜਕਾਂ ਅਤੇ ਸਿਪਾਹੀਆਂ ਨੇ ਉਹ ਨੂੰ ਡਿੱਠਾ ਤਾਂ ਓਹ ਡੰਡ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ, ਸਲੀਬ ਦਿਓ! ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਆਪੇ ਇਹ ਨੂੰ ਲੈ ਕੇ ਸਲੀਬ ਦਿਓ ਕਿਉਂ ਜੋ ਮੈਂ ਇਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ।
7 ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ ਕਿ ਸਾਡੇ ਕੋਲ ਸ਼ਰਾ ਹੈ ਅਤੇ ਉਸ ਸ਼ਰਾ ਅਨੁਸਾਰ ਇਹ ਮਰਨ ਜੋਗ ਹੈ ਇਸ ਲਈ ਜੋ ਇਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤ੍ਰ ਬਣਾਇਆ।
8 ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਦ ਹੋਰ ਵੀ ਡਰ ਗਿਆ।
9 ਅਤੇ ਕਚਹਿਰੀ ਦੇ ਅੰਦਰ ਫੇਰ ਜਾ ਕੇ ਯਿਸੂ ਤੋਂ ਪੁੱਛਿਆ, ਤੂੰ ਕਿੱਥੋਂ ਦਾ ਹੈਂ? ਪਰ ਯਿਸੂ ਨੇ ਉਹ ਨੂੰ ਉੱਤਰ ਨਾ ਦਿੱਤਾ।
10 ਤਦ ਪਿਲਾਤੁਸ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਜੋ ਇਹ ਮੇਰੇ ਵੱਸ ਵਿਚ ਹੈ ਕਿ ਭਾਵੇਂ ਤੈਨੂੰ ਛੱਡ ਦਿਆਂ ਭਾਵੇਂ ਤੈਨੂੰ ਸਲੀਬ ਉੱਤੇ ਚੜ੍ਹਾਵਾਂ?
11 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਜੇ ਤੈਨੂੰ ਇਹ ਉੱਪਰੋਂ ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੁਝ ਵੱਸ ਨਾ ਚੱਲਦਾ। ਇਸ ਕਾਰਨ ਜਿਨ ਮੈਨੂੰ ਤੇਰੇ ਹਵਾਲੇ ਕੀਤਾ ਉਹ ਦਾ ਪਾਪ ਵੱਧ ਹੈ।
12 ਇਸ ਗੱਲ ਕਰਕੇ ਪਿਲਾਤੁਸ ਨੇ ਉਸ ਦੇ ਛੱਡਣ ਦੀ ਭਾਲ ਕੀਤੀ ਪਰ ਯਹੂਦੀ ਡੰਡ ਪਾ ਕੇ ਕਹਿਣ ਲੱਗੇ, ਜੇ ਤੂੰ ਇਹ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤ੍ਰ ਨਹੀਂ! ਹਰੇਕ ਜੋ ਆਪਣੇ ਆਪ ਨੂੰ ਪਾਤਸ਼ਾਹ ਬਣਾਉਂਦਾ ਹੈ ਸੋ ਕੈਸਰ ਦੇ ਵਿਰੁੱਧ ਬੋਲਦਾ ਹੈ!
13 ਤਦ ਪਿਲਾਤੁਸ ਏਹ ਗੱਲਾਂ ਸੁਣ ਕੇ ਯਿਸੂ ਨੂੰ ਬਾਹਰ ਲਿਆਇਆ ਅਤੇ ਉਸ ਥਾਂ ਜਿਹੜਾ ਪੱਥਰ ਦਾ ਚਬੂਤਰਾ ਇਬਰਾਨੀ ਭਾਖਿਆ ਵਿੱਚ ਗੱਬਥਾ ਕਰਕੇ ਆਖੀਦਾ ਹੈ ਅਦਾਲਤ ਦੀ ਗੱਦੀ ਉੱਤੇ ਬਹਿ ਗਿਆ।
14 ਇਹ ਪਸਾਹ ਦੀ ਤਿਆਰੀ ਦਾ ਦਿਨ ਅਤੇ ਦੁਪਹਿਰ ਦਾ ਵੇਲਾ ਸੀ ਅਤੇ ਉਹ ਨੇ ਯਹੂਦੀਆਂ ਨੂੰ ਕਿਹਾ ਭਈ ਵੇਖੋ ਔਹ ਤੁਹਾਡਾ ਪਾਤਸ਼ਾਹ!
15 ਤਦ ਓਹ ਡੰਡ ਪਾ ਉੱਠੇ ਕਿ ਲੈ ਜਾਓ, ਲੈ ਜਾਓ! ਉਹ ਨੂੰ ਸਲੀਬ ਦਿਓ! ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਪਾਤਸ਼ਾਹ ਨੂੰ ਸਲੀਬ ਦਿਆਂ? ਪਰਧਾਨ ਜਾਜਕਾਂ ਨੇ ਉੱਤਰ ਦਿੱਤਾ ਕਿ ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।
16 ਸੋ ਉਹ ਨੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਭਈ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ।
17 ਤਦ ਉਨ੍ਹਾਂ ਨੇ ਯਿਸੂ ਨੂੰ ਫੜ ਲਿਆ ਅਤੇ ਉਹ ਆਪੇ ਸਲੀਬ ਚੁੱਕੀ ਬਾਹਰ ਉਸ ਥਾਂ ਨੂੰ ਗਿਆ ਜਿਹੜਾ ਖੋਪਰੀ ਦਾ ਕਹਾਉਂਦਾ ਅਤੇ ਇਬਰਾਨੀ ਭਾਖਿਆ ਵਿੱਚ ਉਹ ਨੂੰ ਗਲਗਥਾ ਕਹਿੰਦੇ ਹਨ।
18 ਉੱਥੇ ਉਨ੍ਹਾਂ ਉਸ ਨੂੰ ਅਰ ਉਸ ਦੇ ਨਾਲ ਹੋਰ ਦੋਹੁੰ ਨੂੰ ਸਲੀਬ ਉੱਤੇ ਚੜ੍ਹਾਇਆ, ਇੱਕ ਐੱਧਰ ਤੇ ਇੱਕ ਉੱਧਰ ਅਤੇ ਯਿਸੂ ਵਿਚਾਲੇ।
19 ਅਤੇ ਪਿਲਾਤੁਸ ਨੇ ਇੱਕ ਪੱਟੀ ਵੀ ਲਿਖਾ ਕੇ ਸਲੀਬ ਉੱਤੇ ਲਾਈ ਅਤੇ ਇਹ ਲਿਖਿਆ ਹੋਇਆ ਸੀ, ''ਯਿਸੂ ਨਾਸਰੀ ਯਹੂਦੀਆਂ ਦਾ ਪਾਤਸ਼ਾਹ''।
20 ਤਦ ਉਸ ਪੱਟੀ ਨੂੰ ਬਹੁਤਿਆਂ ਯਹੂਦੀਆਂ ਨੇ ਵਾਚਿਆ ਕਿਉਂ ਜੋ ਉਹ ਥਾਂ ਜਿੱਥੇ ਯਿਸੂ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਸ਼ਹਿਰੋਂ ਨੇੜੇ ਸੀ ਅਰ ਉਹ ਇਬਰਾਨੀ ਅਤੇ ਲਾਤੀਨੀ ਅਤੇ ਯੂਨਾਨੀ ਭਾਖਿਆਂ ਵਿੱਚ ਲਿਖਿਆ ਹੋਇਆ ਸੀ।
21 ਤਾਂ ਯਹੂਦੀਆਂ ਦੇ ਪਰਧਾਨ ਜਾਜਕਾਂ ਨੇ ਪਿਲਾਤੁਸ ਨੂੰ ਆਖਿਆ ਕਿ ''ਯਹੂਦੀਆਂ ਦਾ ਪਾਤਸ਼ਾਹ'' ਨਾ ਲਿਖੋ ਪਰ ਇਹ ਕਿ ''ਉਹ ਨੇ ਕਿਹਾ ਕਿ ਮੈਂ ਯਹੂਦੀਆਂ ਦਾ ਪਾਤਸ਼ਾਹ ਹਾਂ''।
22 ਪਿਲਾਤੁਸ ਨੇ ਉੱਤਰ ਦਿੱਤਾ ਭਈ ਮੈਂ ਜੋ ਲਿਖਿਆ ਸੋ ਲਿਖਿਆ।
23 ਫੇਰ ਸਿਪਾਹੀਆਂ ਨੇ ਜਾਂ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਸੀ ਤਾਂ ਉਹ ਦੇ ਬਸਤਰ ਲੈ ਕੇ ਚਾਰ ਹਿੱਸੇ ਕੀਤੇ, ਹਰੇਕ ਸਿਪਾਹੀ ਦੇ ਲਈ ਇੱਕ ਇੱਕ ਹਿੱਸਾ ਅਤੇ ਕੁੜਤਾ ਵੀ ਲੈ ਲਿਆ, ਅਰ ਉਹ ਕੁੜਤਾ ਸੀਤੇ ਬਿਨਾ ਉੱਪਰੋਂ ਸਾਰਾ ਬੁਣਿਆ ਹੋਇਆ ਸੀ।
24 ਇਸ ਲਈ ਉਨ੍ਹਾਂ ਆਪਸ ਵਿੱਚੀ ਕਿਹਾ, ਅਸੀਂ ਇਹ ਨੂੰ ਨਾ ਪਾੜੀਏ ਪਰ ਇਹ ਦੇ ਉੱਤੇ ਗੁਣੇ ਪਾਈਏ ਜੋ ਇਹ ਕਿਹ ਨੂੰ ਲੱਭੇ। ਇਹ ਇਸ ਲਈ ਹੋਇਆ ਭਈ ਇਹ ਲਿਖਤ ਪੂਰੀ ਹੋਵੇ- ਉਨ੍ਹਾਂ ਮੇਰੇ ਕੱਪੜੇ ਆਪਸ ਵਿੱਚੀਂ ਵੰਡ ਲਏ, ਅਤੇ ਮੇਰੇ ਲਿਬਾਸ ਉੱਤੇ ਗੁਣੇ ਪਾਏ।
25 ਸੋ ਸਿਪਾਹੀਆਂ ਨੇ ਇਹੋ ਕੀਤਾ ਅਤੇ ਯਿਸੂ ਦੀ ਸਲੀਬ ਦੇ ਮੁੱਢ ਉਹ ਦੀ ਮਾਤਾ ਅਰ ਉਹ ਦੀ ਮਾਸੀ ਕਲੋਪਾਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਖਲੌਤੀਆਂ ਸਨ।
26 ਤਦ ਯਿਸੂ ਨੇ ਆਪਣੀ ਮਾਤਾ ਨੂੰ ਅਤੇ ਉਸ ਚੇਲੇ ਨੂੰ ਜਿਹ ਦੇ ਨਾਲ ਉਹ ਪਿਆਰ ਕਰਦਾ ਸੀ ਕੋਲ ਖਲੋਤੇ ਵੇਖ ਕੇ ਆਪਣੀ ਮਾਤਾ ਨੂੰ ਆਖਿਆ, ਹੇ ਬੀਬੀ ਜੀ, ਔਹ ਵੇਖ ਤੇਰਾ ਪੁੱਤ੍ਰ।
27 ਫੇਰ ਉਸ ਚੇਲੇ ਨੂੰ ਕਿਹਾ, ਔਹ ਵੇਖ ਤੇਰੀ ਮਾਤਾ, ਅਤੇ ਉਸੇ ਵੇਲਿਓਂ ਉਹ ਚੇਲਾ ਉਸ ਨੂੰ ਆਪਣੇ ਘਰ ਲੈ ਗਿਆ।
28 ਇਹ ਦੇ ਪਿੱਛੋਂ ਯਿਸੂ ਨੇ ਇਹ ਜਾਣ ਕੇ ਭਈ ਹੁਣ ਸੱਭੇ ਕੁਝ ਪੂਰਾ ਹੋ ਚੁੱਕਿਆ ਲਿਖਤ ਦੇ ਸੰਪੂਰਣ ਹੋਣ ਲਈ ਆਖਿਆ, ਮੈਂ ਤਿਹਾਇਆਂ ਹਾਂ।
29 ਉੱਥੇ ਇੱਕ ਭਾਂਡਾ ਸਿਰਕੇ ਦਾ ਭਰਿਆ ਹੋਇਆ ਧਰਿਆ ਸੀ ਸੋ ਉਨ੍ਹਾਂ ਨੇ ਇੱਕ ਸਪੰਜ ਸਿਰਕੇ ਨਾਲ ਭਰਿਆ ਹੋਇਆ ਜ਼ੂਫੇ ਦੀ ਛਿਟੀ ਤੇ ਬੰਨ੍ਹ ਕੇ ਉਹ ਦੇ ਮੂੰਹ ਤਾਈ ਪੁਚਾਇਆ।
30 ਸੋ ਜਾਂ ਯਿਸੂ ਨੇ ਸਿਰਕਾ ਲਿਆ ਤਾਂ ਆਖਿਆ, ਪੂਰਾ ਹੋਇਆ ਹੈ। ਤਦ ਉਹ ਨੇ ਸਿਰ ਨਿਵਾ ਕੇ ਜਾਨ ਦੇ ਦਿੱਤੀ।
31 ਤਾਂ ਯਹੂਦੀਆਂ ਨੇ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਪਿਲਾਤੁਸ ਅੱਗੇ ਬੇਨਤੀ ਕੀਤੀ ਭਈ ਉਨ੍ਹਾਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਓਹ ਉਤਾਰੇ ਜਾਣ ਤਾਂ ਜੋ ਲੋਥਾਂ ਸਬਤ ਦੇ ਦਿਨ ਸਲੀਬ ਉੱਤੇ ਨਾ ਰਹਿਣ ਕਿਉਂ ਜੋ ਉਸ ਸਬਤ ਦਾ ਦਿਨ ਇੱਕ ਵੱਡਾ ਦਿਨ ਸੀ।
32 ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਪਿੱਛੋਂ ਦੂਏ ਦੀਆਂ ਵੀ ਜਿਹੜਾ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਇਆ ਹੋਇਆ ਸੀ।
33 ਪਰ ਯਿਸੂ ਦੇ ਕੋਲ ਆਣ ਕੇ ਜਾਂ ਉਨ੍ਹਾਂ ਵੇਖਿਆ ਜੋ ਉਹ ਮਰ ਚੁੱਕਿਆ ਹੈ ਤਾਂ ਉਹ ਦੀਆਂ ਲੱਤਾਂ ਨਾ ਤੋੜੀਆਂ।
34 ਪਰ ਸਿਪਾਹੀਆਂ ਵਿੱਚੋਂ ਇੱਕ ਨੇ ਬਰਛੀ ਨਾਲ ਉਹ ਦੀ ਵੱਖੀ ਵਿੰਨ੍ਹੀ ਅਤੇ ਓਵੇਂ ਹੀ ਲਹੂ ਅਤੇ ਪਾਣੀ ਨਿੱਕਲਿਆ।
35 ਅਰ ਜਿਹ ਨੇ ਇਹ ਵੇਖਿਆ ਹੈ ਉਹ ਨੇ ਸਾਖੀ ਦਿੱਤੀ ਹੈ ਅਤੇ ਉਹ ਦੀ ਸਾਖੀ ਸਤ ਹੈ ਅਰ ਉਹ ਜਾਣਦਾ ਹੈ ਭਈ ਸਤ ਆਖਦਾ ਹੈ ਇਸ ਲਈ ਜੋ ਤੁਸੀਂ ਵੀ ਨਿਹਚਾ ਕਰੋ ।
36 ਕਿਉਂਕਿ ਏਹ ਗੱਲਾਂ ਇਸ ਲਈ ਹੋਈਆਂ ਜੋ ਇਹ ਲਿਖਤ ਪੂਰੀ ਹੋਵੇ ਭਈ ਉਹ ਦੀ ਕੋਈ ਹੱਡੀ ਤੋੜੀ ਨਾ ਜਾਵੇਗੀ।
37 ਫੇਰ ਇਹ ਦੂਜੀ ਲਿਖਤ ਹੈ ਕਿ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ ਓਹ ਉਸ ਉੱਤੇ ਨਿਗਾਹ ਕਰਨਗੇ।
38 ਇਹ ਦੇ ਪਿੱਛੋਂ ਅਰਿਮਥੇਆ ਦੇ ਯੂਸੂਫ਼ ਨੇ ਜਿਹੜਾ ਯਹੂਦੀਆਂ ਦੇ ਡਰ ਦੇ ਮਾਰੇ ਗੁੱਝਾ ਗੁੱਝਾ ਯਿਸੂ ਦਾ ਚੇਲਾ ਸੀ ਪਿਲਾਤੁਸ ਕੋਲ ਅਰਜ਼ ਕੀਤੀ ਜੋ ਮੈਂ ਯਿਸੂ ਦੀ ਲੋਥ ਲੈ ਜਾਵਾਂ, ਅਰ ਪਿਲਾਤੁਸ ਨੇ ਹੁਕਮ ਦੇ ਦਿੱਤਾ। ਸੋ ਉਹ ਆਇਆ ਅਰ ਉਹ ਦੀ ਲੋਥ ਲੈ ਗਿਆ
39 ਅਤੇ ਨਿਕੁਦੇਮੁਸ ਵੀ ਜਿਹੜਾ ਪਹਿਲਾਂ ਉਹ ਦੇ ਕੋਲ ਰਾਤ ਨੂੰ ਆਇਆ ਸੀ ਪੰਜਾਹਕੁ ਸੇਰ ਗੰਧਰਸ ਅਤੇ ਊਦ ਰਲੇ ਹੋਏ ਲਿਆਇਆ।
40 ਫੇਰ ਉਨ੍ਹਾਂ ਯਿਸੂ ਦੀ ਲੋਥ ਲੈ ਕੇ ਉਹ ਨੂੰ ਸੁਗੰਧਾਂ ਨਾਲ ਮਹੀਨ ਕਪੜੇ ਵਿੱਚ ਵਲ੍ਹੇਟਿਆ ਜਿਵੇਂ ਯਹੂਦੀਆਂ ਦੇ ਕਫ਼ਨਾਉਣ ਦਫ਼ਨਾਉਣ ਦੀ ਰੀਤ ਸੀ
41 ਅਰ ਉਸ ਥਾਂ ਜਿੱਥੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਸੀ ਇੱਕ ਬਾਗ ਸੀ ਅਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਸ ਦੇ ਵਿੱਚ ਕੋਈ ਨਹੀਂ ਸੀ ਰੱਖਿਆ ਗਿਆ।
42 ਸੋ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਕਾਰਨ ਉਨ੍ਹਾਂ ਯਿਸੂ ਨੂੰ ਉੱਥੇ ਹੀ ਰੱਖਿਆ ਕਿਉਂ ਜੋ ਇਹ ਕਬਰ ਨੇੜੇ ਸੀ।
ਕਾਂਡ 20

1 ਹਫ਼ਤੇ ਦੇ ਪਹਿਲੇ ਦਿਨ ਮਰਿਯਮ ਮਗਦਲੀਨੀ ਤੜਕੇ ਜਦੋਂ ਅਨ੍ਹੇਰਾ ਹੀ ਸੀ ਕਬਰ ਉੱਤੇ ਆਈ ਅਰ ਪੱਥਰ ਨੂੰ ਕਬਰ ਉੱਤੋਂ ਸਰਕਾਇਆ ਹੋਇਆ ਵੇਖਿਆ।
2 ਤਾਂ ਉਹ ਸ਼ਮਊਨ ਪਤਰਸ ਅਤੇ ਉਸ ਦੂਜੇ ਚੇਲੇ ਦੇ ਕੋਲ ਜਿਹ ਨੂੰ ਯਿਸੂ ਤੇਹ ਕਰਦਾ ਸੀ ਭੱਜੀ ਆਈ ਅਤੇ ਉਨ੍ਹਾਂ ਨੂੰ ਆਖਿਆ, ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲੈ ਗਏ ਅਤੇ ਸਾਨੂੰ ਪਤਾ ਨਹੀਂ ਭਈ ਉਹ ਨੂੰ ਕਿੱਥੇ ਰੱਖਿਆ!
3 ਉਪਰੰਤ ਪਤਰਸ ਅਰ ਦੂਜਾ ਚੇਲਾ ਨਿੱਕਲੇ ਅਤੇ ਕਬਰ ਦੀ ਵੱਲ ਗਏ ।
4 ਅਰ ਓਹ ਦੋਵੇਂ ਇਕੱਠੇ ਭੱਜੇ ਪਰ ਦੂਆ ਚੇਲਾ ਪਤਰਸ ਨਾਲੋਂ ਛੇਤੀ ਭੱਜ ਕੇ ਅੱਗੇ ਲੰਘ ਗਿਆ ਅਤੇ ਕਬਰ ਕੋਲ ਪਹਿਲਾਂ ਆਇਆ।
5 ਅਤੇ ਉਹ ਨੇ ਨਿਉਂ ਕੇ ਜਾਂ ਝਾਤੀ ਮਾਰੀ ਤਾਂ ਕਤਾਨੀ ਕੱਪੜੇ ਪਏ ਹੋਏ ਡਿੱਠੇ ਪਰ ਉਹ ਅੰਦਰ ਨਾ ਗਿਆ।
6 ਤਦ ਸ਼ਮਊਨ ਪਤਰਸ ਵੀ ਉਹ ਦੇ ਮਗਰੋਂ ਆ ਪੁੱਜਿਆ ਅਤੇ ਕਬਰ ਦੇ ਅੰਦਰ ਜਾ ਕੇ ਕੀ ਵੇਖਦਾ ਹੈ ਜੋ ਕਤਾਨੀ ਕੱਪੜੇ ਪਏ ਹੋਏ ਹਨ
7 ਅਤੇ ਉਹ ਰੁਮਾਲ ਜਿਹੜਾ ਉਸ ਦੇ ਸਿਰ ਉੱਤੇ ਬੱਧਾ ਹੋਇਆ ਸੀ ਉਨ੍ਹਾਂ ਕਤਾਨੀ ਕੱਪੜਿਆਂ ਦੇ ਨਾਲ ਹੈ ਨਹੀਂ ਪਰ ਵਲ੍ਹੇਟਿਆ ਹੋਇਆ ਇੱਕ ਥਾਂ ਵੱਖਰਾ ਪਿਆ ਹੈ।
8 ਸੋ ਤਦ ਉਹ ਦੂਆ ਚੇਲਾ ਵੀ ਜੋ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ ਅਤੇ ਉਹ ਨੇ ਵੇਖ ਕੇ ਪਰਤੀਤ ਕੀਤੀ।
9 ਕਿਉਂ ਜੋ ਉਨ੍ਹਾਂ ਅਜੇ ਇਸ ਲਿਖਤ ਦਾ ਅਰਥ ਨਹੀਂ ਸਮਝਿਆ ਸੀ ਭਈ ਉਸ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ।
10 ਤਾਂ ਓਹ ਚੇਲੇ ਆਪਣੇ ਘਰ ਨੂੰ ਫਿਰ ਮੁੜ ਗਏ।
11 ਪਰ ਮਰਿਯਮ ਬਾਹਰ ਕਬਰ ਉੱਤੇ ਰੋਂਦੀ ਖੜੀ ਰਹੀ। ਸੋ ਰੋਂਦੀ ਰੋਂਦੀ ਉਸ ਨੇ ਨਿਉਂ ਕੇ ਜਾਂ ਕਬਰ ਵਿੱਚ ਝਾਤੀ ਮਾਰੀ
12 ਤਾਂ ਕੀ ਵੇਖਦੀ ਹੈ ਜੋ ਦੋ ਦੂਤ ਚਿੱਟਾ ਪਹਿਰਾਵਾ ਪਹਿਨੇ ਹੋਏ ਇੱਕ ਸਿਰਹਾਣੇ ਅਤੇ ਦੂਜਾ ਪੁਆਂਦੀ ਜਿੱਥੇ ਯਿਸੂ ਦੀ ਲੋਥ ਪਈ ਸੀ ਬੈਠੇ ਹਨ।
13 ਅਤੇ ਉਨ੍ਹਾਂ ਉਸ ਨੂੰ ਆਖਿਆ, ਹੇ ਬੀਬੀ, ਤੂੰ ਕਿਉਂ ਰੋਂਦੀ ਹੈ? ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਲਈ ਜੋ ਮੇਰੇ ਪ੍ਰਭੂ ਨੂੰ ਲੈ ਗਏ ਅਤੇ ਮੈਨੂੰ ਪਤਾ ਨਹੀਂ ਜੋ ਉਹ ਨੂੰ ਕਿੱਥੇ ਰੱਖਿਆ।
14 ਇਹ ਕਹਿ ਕੇ ਉਹ ਪਿੱਛੋ ਮੁੜੀ ਅਤੇ ਯਿਸੂ ਨੂੰ ਖਲੋਤਾ ਵੇਖਿਆ ਅਰ ਨਾ ਸਿਆਤਾ ਭਈ ਇਹ ਯਿਸੂ ਹੈ।
15 ਯਿਸੂ ਨੇ ਉਸ ਨੂੰ ਕਿਹਾ, ਹੇ ਬੀਬੀ ਤੂੰ ਕਿਉਂ ਰੋਂਦੀ ਹੈਂ? ਕਿਹ ਨੂੰ ਭਾਲਦੀ ਹੈਂ? ਉਸ ਨੇ ਇਹ ਜਾਣ ਕੇ ਜੋ ਇਹ ਬਾਗਵਾਨ ਹੈ ਉਹ ਨੂੰ ਆਖਿਆ, ਮਹਾਰਾਜ ਜੇ ਉਹ ਨੂੰ ਤੂੰ ਲੈ ਗਿਆ ਹੈ ਤਾਂ ਮੈਨੂੰ ਦੱਸ ਭਈ ਤੈਂ ਉਹ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹ ਨੂੰ ਲੈ ਜਾਵਾਂਗੀ।
16 ਯਿਸੂ ਨੇ ਉਸ ਨੂੰ ਕਿਹਾ, ਹੇ ਮਰਿਯਮ! ਉਸ ਨੇ ਫਿਰ ਕੇ ਉਹ ਨੂੰ ਇਬਰਾਨੀ ਭਾਖਿਆ ਵਿੱਚ ਕਿਹਾ, ਹੇ ਰੱਬੋਨੀ! ਅਰਥਾਤ ਹੇ ਗੁਰੂ!
17 ਯਿਸੂ ਨੇ ਉਸ ਨੂੰ ਆਖਿਆ, ਮੈਨੂੰ ਨਾ ਛੋਹ ਕਿਉਂ ਜੋ ਮੈ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ ਹਾਂ ਪਰ ਮੇਰੇ ਭਰਾਵਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਆਖ ਭਈ ਮੈਂ ਉੱਪਰ ਆਪਣੇ ਪਿਤਾ ਅਰ ਤੁਹਾਡੇ ਪਿਤਾ ਕੋਲ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾਂਦਾ ਹਾਂ।
18 ਮਰਿਯਮ ਮਗਦਲੀਨੀ ਆਈ ਅਤੇ ਚੇਲਿਆਂ ਨੂੰ ਕਿਹਾ, ਮੈਂ ਪ੍ਰਭੂ ਨੂੰ ਵੇਖਿਆ ਹੈ ਅਤੇ ਓਨ ਮੈਨੂੰ ਏਹ ਬਚਨ ਕਹੇ!
19 ਫੇਰ ਉਸੇ ਦਿਨ ਜੋ ਹਫਤੇ ਦਾ ਪਹਿਲਾ ਦਿਨ ਸੀ ਜਾਂ ਸੰਝ ਹੋਈ ਤਾਂ ਜਿੱਥੇ ਓਹ ਚੇਲੇ ਸਨ ਅਰ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ।
20 ਇਹ ਕਹਿ ਕੇ ਉਨ ਆਪਣੇ ਹੱਥ ਅਰ ਵੱਖੀ ਉਨ੍ਹਾਂ ਨੂੰ ਵਿਖਾਲੀ! ਤਾਂ ਚੇਲੇ ਪ੍ਰਭੂ ਨੂੰ ਵੇਖ ਕੇ ਨਿਹਾਲ ਹੋਏ!
21 ਤਦ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ! ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ ਤਿਵੇਂ ਮੈਂ ਵੀ ਤੁਹਾਨੂੰ ਘੱਲਦਾ ਹਾਂ।
22 ਉਸ ਨੇ ਇਹ ਕਹਿ ਕੇ ਉਨ੍ਹਾਂ ਉੱਤੇ ਫੂਕ ਮਾਰੀ ਅਤੇ ਕਿਹਾ, ਤੁਸੀਂ ਪਵਿੱਤ੍ਰ ਆਤਮਾ ਲਓ।
23 ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋ ਓਹ ਉਨ੍ਹਾਂ ਨੂੰ ਮਾਫ਼ ਕੀਤੇ ਜਾਂਦੇ ਹਨ ਅਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਨ੍ਹਾਂ ਦੇ ਕਾਇਮ ਰਹੇ ਹਨ।
24 ਪਰ ਉਨ੍ਹਾਂ ਬਾਰਾਂ ਵਿੱਚੋਂ ਥੋਮਾ ਜਿਹੜਾ ਦੀਦੁਮਸ ਕਰਕੇ ਸੱਦੀਦਾ ਹੈ ਜਾਂ ਯਿਸੂ ਆਇਆ ਤਾਂ ਉਹ ਉਨ੍ਹਾਂ ਦੇ ਨਾਲ ਨਾ ਸੀ।
25 ਤਦ ਹੋਰਨਾ ਚੇਲਿਆਂ ਨੇ ਉਸ ਨੂੰ ਕਿਹਾ, ਅਸਾਂ ਪ੍ਰਭੂ ਨੂੰ ਵੇਖਿਆ ਹੈ! ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਜਿੰਨਾ ਚਿਰ ਮੈਂ ਉਹ ਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਵਾੜਾਂ ਅਰ ਉਹ ਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਓੱਨਾਂ ਚਿਰ ਮੈ ਕਦੇ ਸਤ ਨਾ ਮੰਨਾਂਗਾ।
26 ਅੱਠਾਂ ਦਿਨਾਂ ਪਿੱਛੋਂ ਉਹ ਦੇ ਚੇਲੇ ਫੇਰ ਅੰਦਰ ਸਨ ਅਤੇ ਥੋਮਾ ਉਨ੍ਹਾਂ ਦੇ ਨਾਲ ਸੀ। ਬੂਹੇ ਵੱਜੇ ਹੋਏ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਬੋਲਿਆ, ਤੁਹਾਡੀ ਸ਼ਾਂਤੀ ਹੋਵੇ।
27 ਫੇਰ ਉਹ ਨੇ ਥੋਮਾ ਨੂੰ ਆਖਿਆ, ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਰੇ ਕਰ ਕੇ ਮੇਰੀ ਵੱਖੀ ਵਿੱਚ ਵਾੜ ਅਤੇ ਬੇਪਰਤੀਤਾ ਨਾ ਹੋ ਸਗੋਂ ਪਰਤੀਤਮਾਨ ਹੋ।
28 ਥੋਮਾ ਨੇ ਉਹਨੂੰ ਉੱਤਰ ਦਿੱਤਾ, ਹੇ ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ!
29 ਯਿਸੂ ਨੇ ਉਸ ਨੂੰ ਆਖਿਆ, ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈ? ਧੰਨ ਓਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ।
30 ਯਿਸੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ
31 ਪਰ ਏਹ ਇਸ ਲਈ ਲਿਖੇ ਗਏ ਹਨ ਭਈ ਤੁਸੀਂ ਪਰਤੀਤ ਕਰੋ ਕਿ ਯਿਸੂ ਜਿਹੜਾ ਹੈ ਉਹ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ।
ਕਾਂਡ 21

1 1 ਇਹ ਦੇ ਪਿੱਛੋਂ ਯਿਸੂ ਨੇ ਫੇਰ ਆਪਣੇ ਤਾਈ ਤਿਬਿਰਿਯਾਸ ਦੀ ਝੀਲ ਉੱਤੇ ਚੇਲਿਆਂ ਨੂੰ ਵਿਖਾਲਿਆ ਅਤੇ ਉਹ ਨੇ ਇਉਂ ਵਿਖਾਲਿਆ।
2 ਸ਼ਮਊਨ ਪਤਰਸ ਅਰ ਥੋਮਾ ਜਿਹੜਾ ਦੀਦੁਮੁਸ ਕਹਾਉਂਦਾ ਹੈ ਅਰ ਨਥਾਨਿਏਲ ਜੋ ਗਲੀਲ ਦੇ ਕਾਨਾ ਦਾ ਸੀ ਅਰ ਜ਼ਬਦੀ ਦੇ ਪੁੱਤ੍ਰ ਅਤੇ ਉਹ ਦੇ ਚੇਲਿਆਂ ਵਿੱਚੋਂ ਹੋਰ ਦੋ ਇੱਕਠੇ ਸਨ।
3 ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਆਖਿਆ, ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ। ਉਨ੍ਹਾਂ ਉਸ ਨੂੰ ਕਿਹਾ, ਅਸੀਂ ਭੀ ਤੇਰੇ ਨਾਲ ਚੱਲਦੇ ਹਾਂ। ਓਹ ਨਿੱਕਲ ਕੇ ਬੇੜੀ ਉੱਤੇ ਚੜ੍ਹੇ ਅਤੇ ਉਸ ਰਾਤ ਕੁਝ ਨਾ ਫੜਿਆ
4 ਜਾਂ ਦਿਨ ਚੜ੍ਹਨ ਲੱਗਾ ਤਾਂ ਯਿਸੂ ਕੰਢੇ ਉੱਤੇ ਆ ਖਲੋਤਾ ਪਰ ਚੇਲਿਆਂ ਨੇ ਨਾ ਸਿਆਤਾ ਜੋ ਉਹ ਯਿਸੂ ਹੈ।
5 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਹੇ ਜੁਆਨੋ, ਤੁਸਾਂ ਖਾਣ ਨੂੰ ਕੁਝ ਫੜਿਆ? ਉਨ੍ਹਾਂ ਉਹ ਨੂੰ ਉੱਤਰ ਦਿੱਤਾ, ਨਹੀਂ।
6 ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਬੇੜੀ ਦੇ ਸੱਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਲੱਭੇਗਾ। ਸੋ ਉਨ੍ਹਾਂ ਪਾਇਆ ਅਤੇ ਮੱਛੀਆਂ ਦੇ ਬਹੁਤ ਹੋਣ ਕਰਕੇ ਉਹ ਨੂੰ ਫੇਰ ਖਿੱਚ ਨਾ ਸੱਕੇ।
7 ਇਸ ਲਈ ਉਸ ਚੇਲੇ ਨੇ ਜਿਹ ਦੇ ਨਾਲ ਯਿਸੂ ਪਿਆਰ ਕਰਦਾ ਸੀ ਪਤਰਸ ਨੂੰ ਆਖਿਆ, ਇਹ ਤਾਂ ਪ੍ਰਭੂ ਹੈ! ਸੋ ਜਾਂ ਸ਼ਮਊਨ ਪਤਰਸ ਨੇ ਇਹ ਸੁਣਿਆ ਜੋ ਉਹ ਪ੍ਰਭੂ ਹੈ ਤਾਂ ਇਸ ਲਈ ਜੋ ਉਹ ਨੰਗਾ ਸੀ ਉਹ ਨੇ ਉੱਤੇ ਦਾ ਲੀੜਾ ਲੱਕ ਨਾਲ ਬੰਨ੍ਹ ਕੇ ਝੀਲ ਵਿੱਚ ਛਾਲ ਮਾਰੀ।
8 ਪਰ ਹੋਰ ਚੇਲੇ ਮੱਛੀਆਂ ਦਾ ਜਾਲ ਖਿੱਚਦੇ ਹੋਏ ਬੇੜੀ ਵਿੱਚੇ ਆਏ ਕਿਉਂਕਿ ਓਹ ਜਮੀਨ ਤੋਂ ਦੂਰ ਨਹੀਂ ਪਰ ਦੋਕੁ ਸੌ ਹੱਥ ਦੀ ਵਿੱਥ ਤੇ ਸੀ।
9 ਉਪਰੰਤ ਜਾਂ ਓਹ ਜਮੀਨ ਉੱਤੇ ਉੱਤਰੇ ਤਾਂ ਉਨ੍ਹਾਂ ਨੇ ਕੋਲਿਆਂ ਦੀ ਅੱਗ ਧਰੀ ਹੋਈ ਅਰ ਉਹ ਦੇ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ।
10 ਯਿਸੂ ਨੇ ਓਹਨਾਂ ਨੂੰ ਆਖਿਆ, ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸਾਂ ਹੁਣ ਫੜੀਆਂ ਹਨ।
11 ਸੋ ਸ਼ਮਊਨ ਪਤਰਸ ਨੇ ਚੜ੍ਹ ਕੇ ਉਸ ਜਾਲ ਨੂੰ ਜਮੀਨ ਤੇ ਖਿੱਚਿਆ ਜਿਹ ਦੇ ਵਿੱਚ ਇੱਕ ਸੌ ਤ੍ਰਿਵੰਜਾ ਵੱਡੀਆਂ ਵੱਡੀਆਂ ਮੱਛੀਆਂ ਭਰੀਆਂ ਹੋਈਆਂ ਸਨ ਅਤੇ ਐੱਨੀਆਂ ਮੱਛੀਆਂ ਹੁੰਦਿਆਂ ਵੀ ਉਹ ਜਾਲ ਨਾ ਟੁੱਟਿਆ।
12 ਯਿਸੂ ਨੇ ਓਹਨਾਂ ਨੂੰ ਆਖਿਆ, ਆਓ ਭੋਜਨ ਛਕੋ, ਅਤੇ ਚੇਲਿਆਂ ਵਿੱਚੋਂ ਕਿਸੇ ਦਾ ਹਿਆਉਂ ਨਾ ਪਿਆ ਜੋ ਉਹ ਨੂੰ ਪੁੱਛੇ, ਤੂੰ ਕੌਣ ਹੈਂ? ਕਿਉਂਕਿ ਓਹ ਜਾਣਦੇ ਸਨ ਭਈ ਇਹ ਪ੍ਰਭੂ ਹੈ।
13 ਯਿਸੂ ਆਇਆ ਅਤੇ ਰੋਟੀ ਲੈ ਕੇ ਉਨ੍ਹਾਂ ਨੂੰ ਦਿੱਤੀ ਅਤੇ ਮੱਛੀ ਵੀ।
14 ਇਹ ਤੀਜੀ ਵਾਰ ਸੀ ਜੋ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਚੇਲਿਆਂ ਨੂੰ ਆਪਣਾ ਦਰਸ਼ਣ ਦਿੱਤਾ।
15 ਸੋ ਜਾਂ ਓਹ ਖਾ ਹਟੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਪਿਆਰ ਕਰਦਾ ਹੈਂ? ਉਨ ਉਸ ਨੂੰ ਆਖਿਆ, ਹਾਂ ਪ੍ਰਭੁ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਓਨ ਉਹ ਨੂੰ ਕਿਹਾ, ਮੇਰੇ ਲੇਲਿਆਂ ਨੂੰ ਚਾਰ।
16 ਉਸ ਨੇ ਫੇਰ ਦੂਜੀ ਵਾਰ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ? ਓਨ ਉਸ ਨੂੰ ਆਖਿਆ, ਹਾਂ ਪ੍ਰਭੁ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਉਸ ਨੇ ਉਹ ਨੂੰ ਕਿਹਾ, ਮੇਰੀਆਂ ਭੇਡਾਂ ਦੀ ਰੱਛਿਆ ਕਰ।
17 ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ? ਪਤਰਸ ਉਦਾਸ ਹੋਇਆ ਇਸ ਲਈ ਜੋ ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ? ਅਤੇ ਉਸ ਨੂੰ ਆਖਿਆ, ਪ੍ਰਭੁ ਜੀ ਤੂੰ ਸਭ ਜਾਣੀ ਜਾਣ ਹੈ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਯਿਸੂ ਨੇ ਉਹ ਨੂੰ ਆਖਿਆ, ਮੇਰੀਆਂ ਭੇਡਾਂ ਨੂੰ ਚਾਰ।
18 ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਾਂ ਤੂੰ ਜੁਆਨ ਸੈ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈ। ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਅਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ।
19 ਉਸ ਨੇ ਇਹ ਗੱਲ ਇਸ ਲਈ ਆਖੀ ਭਈ ਪਤਾ ਦੇਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ੁਰ ਦੀ ਵਡਿਆਈ ਕਰੇਗਾ ਅਰ ਇਹ ਕਹਿ ਕੇ ਉਹ ਨੰ ਆਖਿਆ, ਮੇਰੇ ਮਗਰ ਹੋ ਤੁਰ।
20 ਪਤਰਸ ਨੇ ਫਿਰ ਕੇ ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਹ ਨੇ ਰਾਤ ਦੇ ਖਾਣੇ ਦੇ ਵੇਲੇ ਉਸ ਦੀ ਛਾਤੀ ਉੱਤੇ ਢਾਸਣਾ ਲਾਇਆ ਹੋਇਆ ਆਖਿਆ ਸੀ ਕਿ ਪ੍ਰਭੁ ਜੀ ਉਹ ਕੌਣ ਹੈ ਜੋ ਤੈਨੂੰ ਫੜਵਾਉਂਦਾ ਹੈ?
21 ਸੋ ਉਹ ਨੂੰ ਵੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ, ਪ੍ਰਭੁ ਜੀ ਐਸ ਦੇ ਨਾਲ ਕੀ ਬੀਤੇਗੀ?
22 ਯਿਸੂ ਨੇ ਉਹ ਨੂੰ ਕਿਹਾ, ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ? ਤੂੰ ਮੇਰੇ ਮਗਰ ਹੋ ਤੁਰ।
23 ਤਾਂ ਭਾਈਆਂ ਵਿੱਚ ਇਹ ਗੱਲ ਖਿੰਡ ਗਈ ਭਈ ਉਹ ਚੇਲਾ ਨਾ ਮਰੂ। ਪਰ ਯਿਸੂ ਨੇ ਉਹ ਨੂੰ ਇਹ ਨਹੀਂ ਆਖਿਆ ਸੀ ਭਈ ਉਹ ਨਾ ਮਰੇਗਾ ਪਰ ਇਹ ਕੇ ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ?
24 ਇਹ ਉਹੋ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਸਾਖੀ ਦਿੰਦਾ ਹੈ ਅਰ ਜਿਹ ਨੇ ਏਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਜੋ ਉਹ ਦੀ ਸਾਖੀ ਸੱਚੀ ਹੈ।
25 ਅਤੇ ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਉਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!