ਰਸੂਲਾਂ ਦੇ ਕਰਤੱਬ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 1

1 ਹੇ ਥਿਉਫ਼ਿਲੁਸ , ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਉਚਰੀ ਜਿਹੜੀਆਂ ਯਿਸੂ ਕਰਨ ਅਤੇ ਸਿਖਾਉਣ ਲੱਗਾ।
2 ਉਸ ਦਿਨ ਤੀਕੁਰ ਕਿ ਉਹ ਉਨ੍ਹਾਂ ਰਸੂਲਾਂ ਨੂੰ ਜਿਹੜੇ ਉਸ ਨੇ ਚੁਣੇ ਸਨ ਪਵਿੱਤ੍ਰ ਆਤਮਾ ਦੇ ਰਾਹੀਂ ਹੁਕਮ ਦੇ ਕੇ ਉਤਾਹਾਂ ਉਠਾ ਲਿਆ ਗਿਆ।
3 ਉਸ ਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪਰਮਾਣਾਂ ਨਾਲ ਜੀਉਂਦਾ ਪਰਗਟ ਕੀਤਾ ਕਿ ਉਹ ਚਾਹਲੀਆਂ ਦਿਨਾਂ ਤੀਕੁ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ।
4 ਅਰ ਉਨ੍ਹਾਂ ਦੇ ਨਾਲ ਇਕੱਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹ ਦੇ ਵਿਖੇ ਤੁਸਾਂ ਮੈਥੋਂ ਸੁਣਿਆ।
5 ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।
6 ਸੋ ਜਾਂ ਓਹ ਇਕੱਠੇ ਹੋਏ ਤਾਂ ਉਨ੍ਹਾਂ ਉਸ ਤੋਂ ਪੁੱਛਿਆ ਕਿ ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ।
7 ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।
8 ਪਰ ਜਾ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।
9 ਅਰ ਜਾਂ ਉਹ ਏਹ ਗੱਲਾਂ ਕਹਿ ਹਟਿਆ ਤਾਂ ਉਨ੍ਹਾਂ ਦੇ ਵੇਖਦਿਆਂ ਵੇਖਦਿਆਂ ਉਹ ਉਤਾਹਾਂ ਉਠਾਇਆ ਗਿਆ ਅਤੇ ਬੱਦਲੀ ਨੇ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ।
10 ਅਰ ਉਸ ਦੇ ਜਾਂਦਿਆਂ ਹੋਇਆਂ ਜਾਂ ਓਹ ਅਕਾਸ਼ ਦੀ ਵੱਲ ਤੱਕ ਰਹੇ ਸਨ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਖਲੋਤੇ ਸਨ।
11 ਅਤੇ ਓਹ ਆਖਣ ਲੱਗੇ, ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਅਕਾਸ਼ ਦੀ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਓਸੇ ਤਰਾਂ ਆਵੇਗਾ ਜਿਸ ਤਰਾਂ ਤੁਸਾਂ ਉਸ ਨੂੰ ਅਕਾਸ਼ ਉੱਤੇ ਜਾਂਦੇ ਵੇਖਿਆ।
12 ਤਦ ਓਹ ਉਸ ਪਹਾੜ ਤੋਂ ਜਿਹੜਾ ਜ਼ੈਤੂਨ ਦਾ ਸਦੀਦਾ ਹੈ ਅਤੇ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਵਾਟ ਹੈ ਯਰੂਸ਼ਲਮ ਨੂੰ ਮੁੜੇ।
13 ਅਰ ਜਾਂ ਪਹੁੰਚੇ ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਓਹ ਟਿਕਦੇ ਸਨ ਅਰਥਾਤ ਪਤਰਸ ਅਰ ਯੂਹੰਨਾ ਅਰ ਯਾਕੂਬ ਅਰ ਅੰਦ੍ਰਿਯਾਸ ਅਰ ਫ਼ਿਲਿੱਪੁਸ ਅਰ ਥੋਮਾ ਅਰ ਬਰਥੁਲਮਈ ਅਰ ਮੱਤੀ ਅਰ ਹਲਫਾ ਦਾ ਪੁੱਤ੍ਰ ਯਾਕੂਬ ਅਰ ਸ਼ਮਊਨ ਜ਼ੇਲੋਤੇਸ ਅਰ ਯਾਕੂਬ ਦਾ ਪੁੱਤ੍ਰ ਯਹੂਦਾ।
14 ਏਹ ਸਭ ਇੱਕ ਮਨ ਹੋ ਕੇ ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ ਅਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।
15 ਉਨ੍ਹੀਂ ਦਿਨੀਂ ਪਤਰਸ ਭਾਈਆਂ ਦੇ ਵਿਚਕਾਰ ਜੋ ਸਾਰੇ ਮਿਲ ਕੇ ਕੋਈ ਇੱਕ ਸੌ ਵੀਹਕੁ ਇਕੱਠੇ ਹੋਏ ਸਨ ਖਲੋ ਕੇ ਬੋਲਿਆ।
16 ਹੇ ਭਾਈਓ ਜ਼ਰੂਰ ਸੀ ਕਿ ਉਹ ਲਿਖਤ ਪੂਰੀ ਹੋਵੇ ਜੋ ਪਵਿੱਤ੍ਰ ਆਤਮਾ ਨੇ ਦਾਊਦ ਦੀ ਜਬਾਨੀ ਯਹੂਦਾ ਦੇ ਵਿਖੇ ਜਿਹੜਾ ਯਿਸੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ ਅਗੇਤਰੀ ਆਖੀ।
17 ਕਿਉਂ ਜੋ ਉਹ ਸਾਡੇ ਵਿੱਚ ਗਿਣਿਆ ਗਿਆ ਅਰ ਉਹ ਨੇ ਇਸ ਸੇਵਾ ਦਾ ਅਧਿਕਾਰ ਪਾਇਆ ਸੀ।
18 ਸੋ ਉਹ ਨੇ ਕੁਧਰਮ ਦੀ ਮਜੂਰੀ ਨਾਲ ਇੱਕ ਖੇਤ ਮੁੱਲ ਲਿਆ ਅਰ ਮੂੰਧੇ ਮੂੰਹ ਡਿੱਗਿਆ ਅਤੇ ਉਹ ਦਾ ਢਿੱਡ ਪਾਟ ਗਿਆ ਅਰ ਉਹ ਦੀਆਂ ਸਾਰੀਆਂ ਆਂਦਰਾਂ ਨਿੱਕਲ ਪਈਆਂ।
19 ਅਤੇ ਇਹ ਸਾਰੇ ਯਰੂਸ਼ਲਮ ਦੇ ਰਹਿਣ ਵਾਲਿਆਂ ਉੱਤੇ ਉਜਾਗਰ ਹੋਇਆ ਐਥੋਂ ਤੀਕੁ ਜੋ ਉਨ੍ਹਾਂ ਦੀ ਭਾਖਿਆ ਵਿੱਚ ਉਸ ਖੇਤ ਦਾ ਨਾਉਂ ਅਕਲਦਮਾ ਅਰਥਾਤ ਲਹੂ ਦਾ ਖੇਤ ਪੈ ਗਿਆ।
20 ਕਿਉਂਕਿ ਜ਼ਬੂਰ ਦੇ ਪੁਸਤਕ ਵਿੱਚ ਲਿਖਿਆ ਹੈ ਭਈ ਉਹ ਦਾ ਘਰ ਉੱਜੜ ਜਾਵੇ, ਉਹ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ। ਅਤੇ ਇਹ ਕਿ ਉਹ ਦਾ ਹੁੱਦਾ ਕੋਈ ਹੋਰ ਲਵੇ।
21 ਪਰੰਤੁ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਸੰਗ ਰਹੇ ਜਾਂ ਪ੍ਰਭੁ ਯਿਸੂ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ।
22 ਯੂਹੰਨਾ ਦੇ ਬਪਤਿਸਮਾ ਤੋਂ ਲੈਕੇ ਉਸ ਦਿਨ ਤੀਕੁਰ ਕਿ ਉਹ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ, ਚਾਹੀਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਹ ਦੇ ਜੀ ਉੱਠਣ ਦਾ ਗਵਾਹ ਹੋਵੇ।
23 ਤਦ ਉਨ੍ਹਾਂ ਨੇ ਦੋਹਾਂ ਨੂੰ ਖੜਾ ਕੀਤਾ, ਇੱਕ ਯੂਸੁਫ਼ ਜਿਹੜਾ ਬਰਸੱਬਾਸ ਕਹਾਉਂਦਾ ਸੀ ਜਿਹ ਦਾ ਉਪਨਾਮ ਯੂਸਤੁਸ ਸੀ, ਦੂਜਾ ਮੱਥਿਯਾਸ।
24 ਅਰ ਪ੍ਰਾਰਥਨਾ ਕਰ ਕੇ ਆਖਿਆ ਕਿ ਹੇ ਪ੍ਰਭੁ ਤੂੰ ਜੋ ਸਭਨਾਂ ਦਾ ਅੰਤਰਜਾਮੀ ਹੈਂ ਵਿਖਾਲ ਕਿ ਇਨ੍ਹਾਂ ਦੋਹਾਂ ਵਿੱਚੋਂ ਤੈਂ ਕਿਹਨੂੰ ਚੁਣਿਆ ਹੈ।
25 ਜੋ ਇਸ ਸੇਵਾ ਅਤੇ ਰਸੂਲਪੁਣੇ ਦੀ ਉਹ ਜਗਾ· ਲਵੇ ਜਿਸ ਤੋਂ ਯਹੂਦਾ ਡਿੱਗਿਆ ਭਈ ਉਹ ਆਪਣੀ ਨਿੱਜ ਥਾਂ ਨੂੰ ਜਾਵੇ।
26 ਅਤੇ ਉਨ੍ਹਾਂ ਨੇ ਓਹਨਾਂ ਦੇ ਲਈ ਚਿੱਠੀਆਂ ਪਾਈਆਂ ਅਰ ਚਿੱਠੀ ਮੱਥਿਯਾਸ ਦੇ ਨਾਉਂ ਦੀ ਨਿੱਕਲੀ। ਤਦ ਉਹ ਉਨ੍ਹਾਂ ਗਿਆਰਾਂ ਰਸੂਲਾਂ ਨਾਲ ਗਿਣਿਆ ਗਿਆ।
ਕਾਂਡ 2

1 ਜਾਂ ਪੰਤੇਕੁਸਤ ਦਾ ਦਿਨ ਆਇਆ ਓਹ ਸਭ ਇੱਕ ਥਾਂ ਇਕੱਠੇ ਸਨ।
2 ਅਰ ਅਚਾਨਕ ਅਕਾਸ਼ ਤੋਂ ਗੂੰਜ ਆਈ ਜਿਹੀ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਓਹ ਬੈਠੇ ਸਨ ਭਰ ਗਿਆ।
3 ਅਰ ਉਨ੍ਹਾਂ ਨੂੰ ਅੱਗ ਜਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਓਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ।
4 ਤਦ ਓਹ ਸੱਭੇ ਪਵਿੱਤ੍ਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।
5 ਹਰੇਕ ਦੇਸ ਵਿੱਚੋਂ ਜੋ ਅਕਾਸ਼ ਦੇ ਹੇਠ ਹੈ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਵੱਸਦੇ ਸਨ।
6 ਸੋ ਜਾਂ ਇਹ ਅਵਾਜ਼ ਆਈ ਤਾਂ ਭੀੜ ਲੱਗ ਗਈ ਅਤੇ ਲੋਕ ਹੱਕੇ ਬੱਕੇ ਰਹਿ ਗਏ ਕਿਉਂ ਜੋ ਹਰੇਕ ਨੇ ਉਨ੍ਹਾਂ ਨੂੰ ਆਪਣੀ ਆਪਣੀ ਬੋਲੀ ਬੋਲਦੇ ਸੁਣਿਆ।
7 ਓਹ ਅਚਰਜ ਰਹਿ ਗਏ ਅਰ ਹੈਰਾਨ ਹੋਕੇ ਕਹਿਣ ਲੱਗੇ, ਵੇਖੋ ਏਹ ਸਭ ਜਿਹੜੇ ਬੋਲਦੇ ਹਨ ਕੀ ਗਲੀਲੀ ਨਹੀਂ ?
8 ਫੇਰ ਕਿੱਕੁਰ ਹਰੇਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮ ਦੀ ਭਾਖਿਆ ਸੁਣਦਾ ਹੈ?
9 ਅਸੀਂ ਜਿਹੜੇ ਪਾਰਥੀ ਅਰ ਮੇਦੀ ਅਰ ਇਲਾਮੀ ਹਾਂ ਅਤੇ ਮਸੋਪੋਤਾਮਿਯਾ ਅਰ ਯਹੂਦਿਯਾ ਅਰ ਕੱਪਦੁਕਿਯਾ ਅਰ ਪੁੰਤੁਸ ਅਰ ਅਸਿਯਾ,
10 ਫਰੂਗਿਯਾ ਅਰ ਪੁਮਫ਼ੁਲਿਯਾ ਅਰ ਮਿਸਰ ਅਰ ਲਿਬਿਯਾ ਦੇ ਉਸ ਹਿੱਸੇ ਦੇ ਰਹਿਣ ਵਾਲੇ ਹਾਂ ਜੋ ਕੁਰੇਨੇ ਦੇ ਲਾਗੇ ਹੈ ਅਰ ਜਿਹੜੇ ਰੋਮੀ ਮੁਸਾਫ਼ਰ ਕੀ ਯਹੂਦੀ ਕੀ ਯਹੂਦੀ-ਮੁਰੀਦ
11 ਅਤੇ ਕਰੇਤੀ ਅਤੇ ਅਰਬੀ ਹਾਂਗੇ ਉਨ੍ਹਾਂ ਨੂੰ ਆਪਣੀ ਆਪਣੀ ਭਾਖਿਆ ਵਿੱਚ ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ!
12 ਅਤੇ ਸੱਭੋ ਅਚਰਜ ਰਹਿ ਗਏ ਅਤੇ ਦੁਬਧਾ ਵਿੱਚ ਪੈ ਕੇ ਇੱਕ ਦੂਏ ਨੂੰ ਆਖਣ ਲੱਗੇ ਕਿ ਇਹ ਕੀ ਹੋਇਆ ਚਾਹੁੰਦਾ ਹੈ ?
13 ਹੋਰਨਾਂ ਮਖੌਲ ਨਾਲ ਕਿਹਾ ਭਈ ਏਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ !
14 ਤਦ ਪਤਰਸ ਉਨ੍ਹਾਂ ਗਿਆਰਾਂ ਦੇ ਨਾਲ ਖੜੋ ਕੇ ਉੱਚੀ ਅਵਾਜ਼ ਨਾਲ ਆਖਣ ਲੱਗਾ ਕਿ ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ! ਇਹ ਜਾਣੋ ਅਤੇ ਕੰਨ ਲਾ ਕੇ ਮੇਰੀਆਂ ਗੱਲਾਂ ਸੁਣੋ!
15 ਕਿ ਏਹ ਜਿਵੇਂ ਤੁਸੀਂ ਸਮਝਦੇ ਹੋ ਨਸ਼ੇ ਵਿੱਚ ਨਹੀਂ ਹਨ ਕਿਉਂ ਜੋ ਅਜੇ ਪਹਿਰ ਦਿਨ ਚੜ੍ਹਿਆ ਹੈ।
16 ਪਰ ਏਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜਬਾਨੀ ਕਹੀ ਗਈ ਸੀ,-
17 ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਉਂ ਹੋਵੇਗਾ, ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਅਤੇ ਤੁਹਾਡੇ ਜੁਆਨ ਦਰਸ਼ਣ ਵੇਖਣਗੇ, ਅਤੇ ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ।
18 ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨ੍ਹੀਂ ਦਿਨੀਂ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ, ਅਰ ਓਹ ਅਗੰਮ ਵਾਕ ਕਰਨਗੇ।
19 ਅਤੇ ਉਤਾਹਾਂ ਅਕਾਸ਼ ਵਿੱਚ ਅਚੰਭੇ, ਅਰ ਹਿਠਾਹਾਂ ਧਰਤੀ ਉੱਤੇ ਨਿਸ਼ਾਨ, ਲਹੂ ਤੇ ਅਗਨ ਤੇ ਧੂੰਏਂ ਦੇ ਬੱਦਲ ਵਿਖਾਵਾਂਗਾ।
20 ਪ੍ਰਭੁ ਦੇ ਵੱਡੇ ਪਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਅਨ੍ਹੇਰਾ ਅਰ ਚੰਦ ਲਹੂ ਹੋ ਜਾਵੇਗਾ,
21 ਅਤੇ ਐਉਂ ਹੋਵੇਗਾ ਕਿ ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਬਚਾਇਆ ਜਾਵੇਗਾ।
22 ਹੇ ਇਸਰਾਏਲੀਓ ਏਹ ਗੱਲਾਂ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ ਜਿਹ ਦੇ ਸਤ ਹੋਣ ਦਾ ਪ੍ਰਮਾਣ ਪਰਮੇਸ਼ੁਰ ਦੀ ਵੱਲੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ ਜੋ ਪਰਮੇਸ਼ੁਰ ਨੇ ਉਸ ਦੇ ਹੱਥੀਂ ਤੁਹਾਡੇ ਵਿੱਚ ਵਿਖਾਲੀਆਂ, ਜਿਹਾ ਤੁਸੀਂ ਆਪ ਜਾਣਦੇ ਹੋ।
23 ਉਸੇ ਨੂੰ ਜਦ ਪਰਮੇਸ਼ੁਰ ਦੀ ਠਹਿਰਾਈ ਹੋਈ ਮੱਤ ਅਤੇ ਅਗੰਮ ਗਿਆਨ ਦੇ ਅਨੁਸਾਰ ਹਵਾਲੇ ਕੀਤਾ ਗਿਆ ਤੁਸਾਂ ਬੁਰਿਆਰਾਂ ਦੇ ਹੱਥੀਂ ਸਲੀਬ ਦੇ ਕੇ ਮਰਵਾ ਦਿੱਤਾ।
24 ਉਸੇ ਨੂੰ ਪਰਮੇਸ਼ੁਰ ਨੇ ਕਾਲ ਦੇ ਬੰਧਨ ਖੋਲ੍ਹ ਕੇ ਜਿਵਾਲਿਆ ਕਿਉਂ ਜੋ ਇਹ ਅਣਹੋਣਾ ਸੀ ਕਿ ਉਹ ਉਸ ਦੇ ਵੱਸ ਰਹੇ।
25 ਇਸ ਲਈ ਜੋ ਦਾਊਦ ਉਹ ਦੇ ਵਿਖੇ ਆਖਦਾ ਹੈ,-ਮੈਂ ਪ੍ਰਭੁ ਨੂੰ ਆਪਣੇ ਸਨਮੁਖ ਸਦਾ ਵੇਖਿਆ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।
26 ਇਸ ਕਾਰਨ ਮੇਰਾ ਦਿਲ ਅਨੰਦ ਹੋਇਆ, ਅਤੇ ਮੇਰੀ ਜੀਭ ਨਿਹਾਲ ਹੋਈ,-ਮੇਰਾ ਸਰੀਰ ਭੀ ਆਸਾ ਵਿੱਚ ਵੱਸੇਗਾ,
27 ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤ੍ਰ ਪੁਰਖ ਨੂੰ ਗਲਨ ਦੇਵੇਂਗਾ।
28 ਤੈਂ ਮੈਨੂੰ ਜੀਉਣ ਦੇ ਰਾਹ ਦੱਸੇ, ਤੂੰ ਮੈਨੂੰ ਆਪਣੇ ਦਰਸ਼ਣ ਤੋਂ ਖੁਸ਼ੀ ਨਾਲ ਭਰ ਦੇਵੇਂਗਾ।
29 ਹੇ ਭਾਈਓ ਮੈਂ ਘਰਾਣੇ ਦੇ ਸਰਦਾਰ ਦਾਊਦ ਦੇ ਵਿਖੇ ਤੁਹਾਨੂੰ ਬੇਧੜਕ ਕਹਿ ਸੱਕਦਾ ਹਾਂ ਭਈ ਉਹ ਤਾਂ ਮੋਇਆ ਅਤੇ ਦੱਬਿਆ ਭੀ ਗਿਆ ਅਰ ਉਹ ਦੀ ਕਬਰ ਅੱਜ ਤੀਕੁਰ ਸਾਡੇ ਵਿੱਚ ਹੈ।
30 ਇਸ ਕਰਕੇ ਜੋ ਉਹ ਨਬੀ ਸੀ ਅਤੇ ਜਾਣਦਾ ਸੀ ਜੋ ਪਰਮੇਸ਼ੁਰ ਨੇ ਮੇਰੇ ਨਾਲ ਸੌਂਹ ਖਾਧੀ ਹੈ ਕਿ ਤੇਰੇ ਵੰਸ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਹਾਲਾਂਗਾ।
31 ਉਹ ਨੇ ਇਹ ਅੱਗਿਓਂ ਵੇਖ ਕੇ ਮਸੀਹ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗਲਿਆ।
32 ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ ਜਿਹ ਦੇ ਅਸੀਂ ਸੱਭੋ ਗਵਾਹ ਹਾਂ।
33 ਸੋ ਪਰਮੇਸ਼ੁਰ ਦੇ ਸੱਜੇ ਹੱਥ ਕੋਲ ਅੱਤ ਉੱਚਾ ਹੋ ਕੇ ਅਰ ਪਿਤਾ ਤੋਂ ਪਵਿੱਤ੍ਰ ਆਤਮਾ ਦਾ ਕਰਾਰ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ ਵਹਾ ਦਿੱਤਾ।
34 ਕਿਉਂ ਜੋ ਦਾਊਦ ਅਕਾਸ਼ ਉੱਤੇ ਨਾ ਗਿਆ ਪਰ ਉਹ ਆਪੇ ਕਹਿੰਦਾ ਹੈ,-ਪ੍ਰਭੁ ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ,
35 ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।
36 ਉਪਰੰਤ ਇਸਰਾਏਲ ਦਾ ਸਾਰਾ ਘਰਾਣਾ ਪੱਕ ਜਾਣੇ ਭਈ ਇਸੇ ਯਿਸੂ ਨੂੰ ਜਿਹ ਨੂੰ ਤੁਸਾਂ ਸਲੀਬ ਉੱਤੇ ਚਾੜ੍ਹਿਆ ਪਰਮੇਸ਼ੁਰ ਨੇ ਓਸ ਨੂੰ ਪ੍ਰਭੁ ਭੀ ਅਤੇ ਮਸੀਹ ਭੀ ਕੀਤਾ।
37 ਜਾਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦੇ ਦਿਲ ਛਿਦ ਗਏ ਅਤੇ ਪਤਰਸ ਅਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏ ?
38 ਤਦ ਪਤਰਸ ਨੇ ਉਨ੍ਹਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤ੍ਰ ਆਤਮਾ ਦਾ ਦਾਨ ਪਾਓਗੇ।
39 ਕਿਉਂਕਿ ਇਹ ਕਰਾਰ ਤੁਹਾਡੇ ਅਰ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਓਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ ਜਿੰਨਿਆਂ ਨੂੰ ਪ੍ਰਭੁ ਸਾਡਾ ਪਰਮੇਸ਼ੁਰ ਆਪਣੇ ਕੋਲ ਬੁਲਾਵੇ।
40 ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹ ਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਭਈ ਆਪਣੇ ਆਪ ਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ।
41 ਸੋ ਜਿਨ੍ਹਾਂ ਉਹ ਦੀ ਗੱਲ ਮੰਨ ਲਈ ਓਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਤਿੰਨਕੁ ਹਜ਼ਾਰ ਜਣੇ ਉਨ੍ਹਾਂ ਵਿੱਚ ਰਲ ਗਏ।
42 ਅਤੇ ਓਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਅਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।
43 ਹਰ ਇੱਕ ਜਾਨ ਨੂੰ ਡਰ ਲੱਗਾ ਅਰ ਬਹੁਤ ਸਾਰੇ ਅਚੰਭੇ ਤੇ ਨਿਸ਼ਾਨ ਰਸੂਲਾਂ ਦੇ ਰਾਹੀਂ ਪਰਗਟ ਹੋਏ।
44 ਅਰ ਜਿਨ੍ਹਾਂ ਨੇ ਨਿਹਚਾ ਕੀਤੀ ਸੀ ਓਹ ਸਭ ਇਕੱਠੇ ਸਨ ਅਤੇ ਸਾਰੀਆਂ ਵਸਤਾਂ ਵਿੱਚ ਭਾਈਵਾਲ ਸਨ।
45 ਅਤੇ ਆਪਣੀ ਮਿਲਖ ਅਰ ਮਾਲ ਵੇਚ ਕੇ ਜਿਹੀ ਕਿਸੇ ਨੂੰ ਲੋੜ ਹੁੰਦੀ ਸੀ ਸਭਨਾਂ ਨੂੰ ਵੰਡ ਦਿੰਦੇ ਸਨ।
46 ਅਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਘਰੀਂ ਰੋਟੀ ਤੋੜਦੇ ਓਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛੱਕਦੇ ਸਨ।
47 ਅਤੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੁ ਦਿਨੋ ਦਿਨ ਓਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਰਲਾਉਂਦਾ ਸੀ।
ਕਾਂਡ 3

1 ਪਤਰਸ ਅਤੇ ਯੂਹੰਨਾ ਪ੍ਰਾਰਥਨਾ ਕਰਨ ਦੇ ਵੇਲੇ ਤੀਏ ਪਹਿਰ ਹੈਕਲ ਨੂੰ ਚੱਲੇ ਜਾਂਦੇ ਸਨ।
2 ਅਤੇ ਲੋਕ ਇੱਕ ਜਮਾਂਦਰੂ ਲੰਙੇ ਨੂੰ ਚੁੱਕੀ ਲਈ ਜਾਂਦੇ ਸਨ ਜਿਹ ਨੂੰ ਰੋਜ਼ ਹੈਕਲ ਦੇ ਫਾਟਕ ਕੋਲ ਜਿਹੜਾ ਸੋਹਣਾ ਸੱਦੀਦਾ ਹੈ ਬਹਾਲ ਦਿੰਦੇ ਸਨ ਭਈ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭਿੱਛਿਆ ਮੰਗੇ।
3 ਜਾਂ ਉਹ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵੱਲ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਤੋਂ ਭਿੱਛਿਆ ਮੰਗੀ।
4 ਤਦੋਂ ਪਤਰਸ ਨੇ ਯੂਹੰਨਾ ਨਾਲ ਉਹ ਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ !
5 ਤਾਂ ਉਹ ਨੇ ਉਨ੍ਹਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਨ੍ਹਾਂ ਵੱਲ ਧਿਆਨ ਕੀਤਾ।
6 ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ !
7 ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ ਕੇ ਉਹ ਨੂੰ ਉਠਾਲਿਆ। ਓਸੇ ਵੇਲੇ ਉਹ ਦੇ ਪੈਰ ਅਰ ਗਿੱਟੇ ਤਕੜੇ ਹੋ ਗਏ।
8 ਅਤੇ ਉਹ ਕੁੱਦ ਕੇ ਉੱਠ ਖੜਾ ਹੋਇਆ ਅਰ ਤੁਰਨ ਲੱਗਾ ਅਰ ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਹੋਇਆ ਉਨ੍ਹਾਂ ਨਾਲ ਹੈਕਲ ਵਿੱਚ ਗਿਆ।
9 ਸਭਨਾਂ ਲੋਕਾਂ ਨੇ ਉਹ ਨੂੰ ਤੁਰਦਾ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਵੇਖਿਆ।
10 ਅਤੇ ਉਹ ਨੂੰ ਪਛਾਣ ਲਿਆ ਭਈ ਇਹ ਉਹੋ ਹੈ ਜਿਹੜਾ ਹੈਕਲ ਦੇ ਸੋਹਣੇ ਫਾਟਕ ਉੱਤੇ ਭਿੱਛਿਆ ਮੰਗਣ ਨੂੰ ਬਹਿੰਦਾ ਹੁੰਦਾ ਸੀ ਅਤੇ ਜੋ ਉਹ ਦੇ ਨਾਲ ਹੋਇਆ ਸੀ ਓਹ ਉਸ ਤੋਂ ਡਾਢੇ ਹੈਰਾਨ ਹੋਏ ਅਤੇ ਅਚਰਜ ਮੰਨਿਆ।
11 ਜਿਸ ਵੇਲੇ ਉਹ ਪਤਰਸ ਅਤੇ ਯੂਹੰਨਾ ਨੂੰ ਚਿੰਬੜਦਾ ਜਾਂਦਾ ਸੀ ਸਾਰੇ ਲੋਕ ਬਹੁਤ ਦੰਗ ਹੋਏ ਹੋਏ ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਸੱਦੀਦਾ ਹੈ ਉਨ੍ਹਾਂ ਕੋਲ ਦੌੜੇ ਆਏ।
12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਹੇ ਇਸਰਾਏਲੀਓ, ਐਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੀ ਵੱਲ ਇਉਂ ਕਾਹਨੂੰ ਤੱਕ ਰਹੇ ਹੋ ਭਈ ਜਾਣੀਦਾ ਅਸਾਂ ਆਪਣੀ ਸਮਰੱਥਾ ਯਾ ਭਗਤੀ ਨਾਲ ਇਹ ਨੂੰ ਤੁਰਨ ਦੀ ਸ਼ਕਤੀ ਦਿੱਤੀ ?
13 ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਅਰਥਾਤ ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ ਜਿਹ ਨੂੰ ਤੁਸਾਂ ਹਵਾਲੇ ਕੀਤਾ ਅਤੇ ਪਿਲਾਤੁਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ ਜਾਂ ਉਸ ਨੇ ਉਹ ਨੂੰ ਛੱਡ ਦੇਣ ਦੀ ਦਲੀਲ ਕੀਤੀ।
14 ਪਰ ਤੁਸਾਂ ਉਸ ਪਵਿੱਤ੍ਰ ਅਰ ਧਰਮੀ ਤੋਂ ਇਨਕਾਰ ਕੀਤਾ ਅਤੇ ਚਾਹਿਆ ਭਈ ਇੱਕ ਖੂਨੀ ਤੁਹਾਡੇ ਲਈ ਛੱਡਿਆ ਜਾਵੇ।
15 ਪਰ ਜੀਉਣ ਦੇ ਕਰਤਾ ਨੂੰ ਮਾਰ ਸੁੱਟਿਆ ਜਿਹ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਅਸੀਂ ਏਸ ਗੱਲ ਦੇ ਗਵਾਹ ਹਾਂ।
16 ਉਹ ਦੇ ਨਾਮ ਉੱਤੇ ਨਿਹਚਾ ਕਰਨ ਕਰਕੇ ਉਹ ਦੇ ਨਾਮ ਹੀ ਨੇ ਐਸ ਮਨੁੱਖ ਨੂੰ ਜਿਹ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਤਕੜਾ ਕੀਤਾ। ਹਾਂ, ਓੱਸੇ ਨਿਹਚਾ ਨੇ ਜਿਹੜੀ ਉਹ ਦੇ ਦੁਆਰੇ ਤੋਂ ਹੈ ਇਹ ਪੂਰੀ ਤੰਦਰੁਸਤੀ ਤੁਸਾਂ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ।
17 ਅਤੇ ਹੁਣ ਹੇ ਭਾਈਓ, ਮੈਂ ਜਾਣਦਾ ਹਾਂ ਜੋ ਤੁਸਾਂ ਅਣਜਾਣਪੁਣੇ ਨਾਲ ਇਹ ਕੀਤਾ ਜਿਵੇਂ ਤੁਹਾਡੇ ਸਰਦਾਰਾਂ ਨੇ ਭੀ ਕੀਤਾ।
18 ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ੁਰ ਨੇ ਸਭਨਾਂ ਨਬੀਆਂ ਦੀ ਜ਼ਬਾਨੀ ਅਗੇਤੀ ਖਬਰ ਦਿੱਤੀ ਸੀ ਭਈ ਮੇਰਾ ਮਸੀਹ ਨੇ ਦੁਖ ਝੱਲਣਾ ਹੈ ਸੋ ਉਸ ਨੇ ਇਉਂ ਪੂਰੀਆਂ ਕੀਤੀਆਂ।
19 ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ ਦੇ ਹਜ਼ੂਰੋਂ ਸੁਖ ਦੇ ਦਿਨ ਆਉਣ।
20 ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਹਾਂ ਯਿਸੂ ਹੀ ਨੂੰ, ਘੱਲ ਦੇਵੇ।
21 ਜ਼ਰੂਰ ਹੈ ਜੋ ਉਹ ਸੁਰਗ ਵਿੱਚ ਜਾ ਰਹੇ ਜਿੰਨਾ ਚਿਰ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।
22 ਮੂਸਾ ਨੇ ਤਾ ਆਖਿਆ ਭਈ ਪ੍ਰਭੁ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ। ਜੋ ਕੁਝ ਉਹ ਤੁਹਾਨੂੰ ਆਖੇ ਉਸ ਨੂੰ ਸੁਣੋ।
23 ਅਤੇ ਐਉਂ ਹੋਵੇਗਾ ਕਿ ਹਰ ਇੱਕ ਜਾਨ ਜੋ ਉਸ ਨਬੀ ਦੀ ਨਾ ਸੁਣੇ ਕੌਮ ਵਿੱਚੋਂ ਛੇਕੀ ਜਾਵੇ।
24 ਅਤੇ ਸਾਰਿਆਂ ਨਬੀਆਂ ਨੇ ਸਮੂਏਲ ਤੋਂ ਅਤੇ ਉਨ੍ਹਾਂ ਤੋਂ ਜਿਹੜੇ ਉਹ ਦੇ ਮਗਰੋਂ ਹੋਏ, ਜਿੰਨਿਆਂ ਨੇ ਬਚਨ ਕੀਤਾ, ਉਨ੍ਹਾਂ ਨੇ ਭੀ ਇਨ੍ਹਾਂ ਹੀ ਦਿਨਾਂ ਦੀ ਖਬਰ ਦਿੱਤੀ।
25 ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤ੍ਰ ਹੋ ਜਿਹ ਨੂੰ ਪਰਮੇਸ਼ੁਰ ਨੇ ਤੁਹਾਡੇ ਪਿਉ ਦਾਦਿਆਂ ਨਾਲ ਕੀਤਾ ਸੀ ਜਦ ਅਬਰਾਹਾਮ ਨੂੰ ਆਖਿਆ, ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ।
26 ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਖੜਾ ਕਰ ਕੇ ਪਹਿਲਾਂ ਤੁਹਾਡੇ ਕੋਲ ਘੱਲਿਆ ਭਈ ਤੁਹਾਡੇ ਵਿੱਚੋਂ ਹਰੇਕ ਨੂੰ ਉਹ ਦੀਆਂ ਬੁਰਿਆਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ।
ਕਾਂਡ 4

1 1 ਜਾਂ ਓਹ ਲੋਕਾਂ ਨਾਲ ਬਚਨ ਕਰ ਰਹੇ ਸਨ ਤਾਂ ਜਾਜਕ, ਹੈਕਲ ਦਾ ਸਰਦਾਰ ਅਤੇ ਸਦੂਕੀ ਓਹਨਾਂ ਉੱਤੇ ਚੜ੍ਹ ਆਏ।
2 ਕਿਉਂ ਜੋ ਓਹ ਇਸ ਗੱਲ ਤੋਂ ਚਿੜ ਗਏ ਭਈ ਓਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪਰਮਾਣ ਦੇ ਕੇ ਮੋਇਆਂ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ।
3 ਅਤੇ ਓਹਨਾਂ ਤੇ ਹੱਥ ਪਾ ਕੇ ਦੂਏ ਦਿਨ ਤੀਕੁਰ ਹਵਾਲਾਤ ਵਿੱਚ ਰੱਖਿਆ ਕਿਉਂ ਜੋ ਹੁਣ ਸੰਝ ਪੈ ਗਈ ਸੀ।
4 ਪਰ ਉਨ੍ਹਾਂ ਵਿੱਚੋਂ ਜਿਨਾਂ ਬਚਨ ਸੁਣਿਆ ਸੀ ਬਹੁਤਿਆਂ ਨੇ ਨਿਹਚਾ ਕੀਤੀ ਅਤੇ ਉਨ੍ਹਾਂ ਮਨੁੱਖਾਂ ਦੀ ਗਿਣਤੀ ਪੰਜਕੁ ਹਜ਼ਾਰ ਹੋ ਗਈ।
5 ਦੂਜੇ ਦਿਨ ਇਉਂ ਹੋਇਆ ਕਿ ਉਨ੍ਹਾਂ ਦੇ ਸਰਦਾਰ ਅਤੇ ਬਜ਼ੁਰਗ ਅਤੇ ਗ੍ਰੰਥੀ ਯਰੂਸ਼ਲਮ ਵਿੱਚ ਇਕੱਠੇ ਹੋਏ।
6 ਅਰ ਸਰਦਾਰ ਜਾਜਕ ਅੰਨਾਸ ਉੱਥੇ ਸੀ ਨਾਲੇ ਕਯਾਫ਼ਾ ਅਰ ਯੂਹੰਨਾ ਅਰ ਸਿਕੰਦਰ ਅਤੇ ਜਿੰਨੇ ਸਰਦਾਰ ਜਾਜਕ ਦੇ ਸਾਕ ਨਾਤੇ ਦੇ ਸਨ।
7 ਤਾਂ ਓਹਨਾਂ ਨੂੰ ਵਿਚਾਲੇ ਖੜਾ ਕਰ ਕੇ ਪੁੱਛਿਆ, ਤੁਸਾਂ ਕਿਹੜੀ ਸ਼ਕਤੀ ਯਾ ਕਿਹੜੇ ਨਾਮ ਨਾਲ ਇਹ ਕੀਤਾ ?
8 ਤਦੋਂ ਪਤਰਸ ਨੇ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਉਨ੍ਹਾਂ ਨੂੰ ਆਖਿਆ, ਹੇ ਕੌਮ ਦੇ ਸਰਦਾਰੋ ਅਤੇ ਬਜ਼ੁਰਗੋ।
9 ਜੇ ਅੱਜ ਸਾਥੋਂ ਇਸ ਭਲੇ ਕੰਮ ਦੇ ਵਿਖੇ ਪੁੱਛੀਦਾ ਹੈ ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਭਈ ਉਹ ਕਿੱਕੁਰ ਚੰਗਾ ਕੀਤਾ ਗਿਆ ਹੈ।
10 ਤਾਂ ਤੁਸਾਂ ਸਭਨਾਂ ਨੂੰ ਅਤੇ ਇਸਰਾਏਲ ਦਿਆਂ ਸਾਰਿਆਂ ਲੋਕਾਂ ਨੂੰ ਮਲੂਮ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਹ ਨੂੰ ਤੁਸਾਂ ਸਲੀਬ ਉੱਤੇ ਚੜ੍ਹਾਇਆ ਅਤੇ ਜਿਹ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਉੱਸੇ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ।
11 ਇਹ ਉਹ ਪੱਥਰ ਹੈ ਜਿਹ ਨੂੰ ਤੁਸਾਂ ਰਾਜਾਂ ਨੇ ਰੱਦਿਆ ਜਿਹੜਾ ਖੂੰਜੇ ਦਾ ਸਿਰਾ ਹੋ ਗਿਆ।
12 ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।
13 ਜਾਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਜੋ ਓਹ ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਹਨ ਤਾਂ ਅਚਰਜ ਮੰਨਿਆ। ਫੇਰ ਓਹਨਾਂ ਨੂੰ ਪਛਾਣਿਆ ਭਈ ਏਹ ਯਿਸੂ ਦੇ ਨਾਲ ਰਹੇ ਸਨ।
14 ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਓਹਨਾਂ ਦੇ ਨਾਲ ਖੜਾ ਵੇਖ ਕੇ ਇਹ ਦੇ ਵਿਰੁੱਧ ਕੁਝ ਨਾ ਕਹਿ ਸੱਕੇ।
15 ਪਰ ਓਹਨਾਂ ਨੂੰ ਸਭਾ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ ਆਪਸ ਵਿੱਚ ਮਤਾ ਪਕਾਉਣ ਲੱਗੇ,
16 ਅਤੇ ਕਿਹਾ ਭਈ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ ? ਕਿਉਂਕਿ ਇਹ ਜੋ ਓਹਨਾਂ ਤੋਂ ਇੱਕ ਪਰਤੱਖ ਨਿਸ਼ਾਨ ਹੋਇਆ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਉੱਤੇ ਪਰਗਟ ਹੈ ਅਤੇ ਅਸੀਂ ਇਸ ਤੋਂ ਮੁੱਕਰ ਨਹੀਂ ਸੱਕਦੇ।
17 ਪਰ ਇਸ ਲਈ ਜੋ ਲੋਕਾਂ ਵਿੱਚ ਹੋਰ ਨਾ ਖਿੰਡ ਜਾਏ, ਆਓ ਅਸੀਂ ਓਹਨਾਂ ਨੂੰ ਦਬਕਾਈਏ ਜੋ ਓਹ ਐਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ।
18 ਤਦ ਓਹਨਾਂ ਨੂੰ ਸੱਦ ਕੇ ਤਗੀਦ ਕੀਤੀ ਭਈ ਕਦੇ ਯਿਸੂ ਦੇ ਨਾਮ ਉੱਤੇ ਨਾ ਕੂਣਾ ਨਾ ਸਿੱਖਿਆ ਦੇਣੀ।
19 ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਪਰਮੇਸ਼ੁਰ ਦੇ ਅੱਗੇ ਇਹ ਜੋਗ ਹੈ ਜੋ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਬਹੁਤੀ ਸੁਣੀਏ ? ਤੁਸੀਂ ਆਪੇ ਫ਼ੈਸਲਾ ਕਰੋ।
20 ਕਿਉਂਕਿ ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ।
21 ਤਦ ਉਨ੍ਹਾਂ ਨੇ ਓਹਨਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ ਕਿਉਂਕਿ ਲੋਕਾਂ ਦੇ ਕਾਰਨ ਓਹਨਾਂ ਉੱਤੇ ਡੰਨ ਲਾਉਣ ਦਾ ਕੋਈ ਰਾਹ ਨਾ ਵੇਖਿਆ ਇਸ ਲਈ ਕਿ ਜੋ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ।
22 ਕਿਉਂ ਜੋ ਉਹ ਮਨੁੱਖ ਜਿਹ ਦੇ ਉੱਤੇ ਇਹ ਚੰਗਾ ਹੋਣ ਦਾ ਨਿਸ਼ਾਨ ਕੀਤਾ ਗਿਆ ਚਾਹਲੀਆਂ ਵਰਿਹਾਂ ਤੋਂ ਉੱਤੇ ਦਾ ਸੀ।
23 ਤਦ ਓਹ ਛੁੱਟ ਕੇ ਆਪਣੇ ਸਾਥੀਆਂ ਕੋਲ ਆਏ ਅਰ ਜੋ ਪਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਓਹਨਾਂ ਨੂੰ ਆਖਿਆ ਸੀ ਸੁਣਾ ਦਿੱਤਾ।
24 ਜਦ ਉਨ੍ਹਾਂ ਨੇ ਇਹ ਸੁਣਿਆ ਤਦ ਇੱਕ ਮਨ ਹੋ ਕੇ ਉੱਚੀ ਅਵਾਜ਼ ਨਾਲ ਪਰਮੇਸ਼ੁਰ ਨੂੰ ਆਖਿਆ, ਹੇ ਮਾਲਕ ਤੂੰਏਂ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ।
25 ਤੈਂ ਪਵਿੱਤ੍ਰ ਆਤਮਾ ਦੇ ਰਾਹੀਂ ਸਾਡੇ ਵਡੇਰੇ ਆਪਣੇ ਬੰਦੇ ਦਾਊਦ ਦੀ ਜ਼ਬਾਨੀ ਆਖਿਆ, - ਕੌਮਾਂ ਕਾਹ ਨੂੰ ਡੰਡ ਪਾਈ ਹੈ, ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਕੀਤੀਆਂ ਹਨ ?
26 ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਇਕੱਠੇ ਹੋਏ, ਪ੍ਰਭੁ ਅਰ ਉਹ ਦੇ ਮਸੀਹ ਦੇ ਵਿਰੁੱਧ।
27 ਕਿਉਂ ਜੋ ਸੱਚੀ ਮੁੱਚੀ ਇਸੇ ਸ਼ਹਿਰ ਵਿੱਚ ਤੇਰੇ ਪਵਿੱਤ੍ਰ ਸੇਵਕ ਯਿਸੂ ਦੇ ਵਿਰੁੱਧ ਜਿਹ ਨੂੰ ਤੈਂ ਮਸਹ ਕੀਤਾ ਹੇਰੋਦੇਸ ਅਰ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਸਣੇ ਇਕੱਠੇ ਹੋਏ।
28 ਇਸ ਲਈ ਕਿ ਜੋ ਕੁਝ ਤੇਰੇ ਹੱਥ ਅਤੇ ਤੇਰੀ ਮੱਤ ਨੇ ਅਗੇਤਾ ਠਹਿਰਾ ਰੱਖਿਆ ਸੀ ਭਈ ਹੋਵੇ, ਸੋਈ ਕਰਨ।
29 ਅਤੇ ਹੁਣ ਹੇ ਪ੍ਰਭੁ ਓਹਨਾਂ ਦੀਆਂ ਧਮਕੀਆਂ ਨੂੰ ਵੇਖ ਅਰ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ।
30 ਜਦੋਂ ਤੂੰ ਆਪਣਾ ਹੱਥ ਚੰਗਾ ਕਰਨ ਨੂੰ ਲੰਮਾ ਕਰੇਂ ਅਤੇ ਤੇਰੇ ਪਵਿੱਤ੍ਰ ਸੇਵਕ ਯਿਸੂ ਦੇ ਨਾਮ ਤੋਂ ਨਿਸ਼ਾਨ ਅਤੇ ਅਚੰਭੇ ਪਰਗਟ ਹੋਣ।
31 ਜਦ ਓਹ ਬੇਨਤੀ ਕਰ ਹਟੇ ਤਾਂ ਉਹ ਥਾਂ ਜਿੱਥੇ ਓਹ ਇਕੱਠੇ ਹੋਏ ਸਨ ਹਿੱਲ ਗਿਆ ਅਤੇ ਸੱਭੋ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।
32 ਨਿਹਚਾ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਰ ਕਿਸੇ ਨੇ ਆਪਣੇ ਮਾਲ ਵਿੱਚੋਂ ਕਿਸੇ ਚੀਜ਼ ਨੂੰ ਆਪਣੀ ਨਹੀਂ ਆਖਿਆ ਪਰ ਓਹ ਸਾਰੀਆਂ ਵਸਤਾਂ ਵਿੱਚ ਭਾਈਵਾਲ ਸਨ।
33 ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੁ ਯਿਸੂ ਦੇ ਜੀ ਉੱਠਣ ਦੀ ਸਾਖੀ ਦਿੰਦੇ ਸਨ ਅਰ ਉਨ੍ਹਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ।
34 ਉਨ੍ਹਾਂ ਵਿੱਚੋਂ ਕਿਸੇ ਨੂੰ ਘਾਟਾ ਨਾ ਸੀ ਇਸ ਲਈ ਕਿ ਜਿਹੜੇ ਜਮੀਨਾਂ ਅਤੇ ਘਰਾਂ ਦੇ ਮਾਲਕ ਸਨ ਓਹ ਉਨ੍ਹਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ।
35 ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਦੇ ਸਨ ਅਤੇ ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।
36 ਯੂਸੁਫ਼ ਜਿਹ ਦਾ ਰਸੂਲਾਂ ਨੇ ਬਰਨਾਬਾਸ ਅਰਥਾਤ ਉਪਦੇਸ਼ ਦਾ ਪੁੱਤ੍ਰ ਨਾਉਂ ਧਰਿਆ ਜਿਹੜਾ ਇੱਕ ਲੇਵੀ ਅਤੇ ਜਨਮ ਦਾ ਕੁਪਰੁਸੀ ਸੀ।
37 ਉਹ ਦੇ ਕੋਲ ਕੁਝ ਜਮੀਨ ਸੀ ਸੋ ਉਹ ਨੂੰ ਵੇਚ ਕੇ ਮੁੱਲ ਦਾ ਰੁਪਿਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ।
ਕਾਂਡ 5

1 ਤਾਂ ਹਨਾਨਿਯਾ ਨਾਮੇ ਇੱਕ ਮਨੁੱਖ ਨੇ ਆਪਣੀ ਤੀਵੀਂ ਸਫ਼ੀਰਾ ਨਾਲ ਰਲ ਕੇ ਮਿਲਖ ਵੇਚੀ।
2 ਅਤੇ ਉਹ ਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ ਜੋ ਉਹ ਦੀ ਤੀਵੀਂ ਵੀ ਜਾਣਦੀ ਸੀ ਅਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ।
3 ਤਦ ਪਤਰਸ ਨੇ ਆਖਿਆ, ਹਨਾਨਿਯਾ ਸ਼ਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤ੍ਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇਂ ?
4 ਜਦ ਤੀਕੁਰ ਉਹ ਰਿਹਾ ਕੀ ਤੇਰਾ ਆਪਣਾ ਨਾ ਰਿਹਾ ? ਅਰ ਜਾਂ ਵਿਕ ਗਿਆ ਤਾਂ ਤੇਰੇ ਵੱਸ ਵਿੱਚ ਨਾ ਸੀ ? ਤੈਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।
5 ਹਨਾਨਿਯਾ ਏਹ ਗੱਲਾਂ ਸੁਣਦਿਆਂ ਸਾਰ ਡਿੱਗ ਪਿਆ ਅਤੇ ਉਹ ਨੇ ਪ੍ਰਾਣ ਛੱਡ ਦਿੱਤੇ ਅਤੇ ਜਿਨ੍ਹਾਂ ਸੁਣਿਆ ਉਨ੍ਹਾਂ ਸਭਨਾਂ ਨੂੰ ਵੱਡਾ ਡਰ ਲੱਗਾ।
6 ਅਤੇ ਜੁਆਨਾਂ ਨੇ ਉੱਠ ਕੇ ਉਹ ਨੂੰ ਕਫ਼ਨਾਇਆ ਅਰ ਬਾਹਰ ਲੈ ਜਾ ਕੇ ਦੱਬ ਦਿੱਤਾ।
7 ਤਾਂ ਤਿੰਨਾਂ ਘੰਟਿਆਂ ਦੇ ਪਿੱਛੋਂ ਉਹ ਦੀ ਤੀਵੀਂ ਇਹ ਵਿਥਿਆ ਨਾ ਜਾਣ ਕੇ ਅੰਦਰ ਆਈ।
8 ਤਦ ਪਤਰਸ ਨੇ ਉਹ ਨੂੰ ਅੱਗੋਂ ਆਖਿਆ ਕਿ ਮੈਨੂੰ ਦੱਸ, ਤੁਸਾਂ ਉਹ ਖੇਤ ਐੱਨੇ ਹੀ ਨੂੰ ਵੇਚਿਆ ? ਉਹ ਬੋਲੀ, ਆਹੋ ਐੱਨੇ ਹੀ ਨੂੰ।
9 ਤਦ ਪਤਰਸ ਨੇ ਉਹ ਨੂੰ ਕਿਹਾ, ਕਿਉਂ ਤੁਸਾਂ ਪ੍ਰਭੁ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ ? ਵੇਖ ਤੇਰੇ ਭਰਤਾ ਦੇ ਦੱਬਣ ਵਾਲਿਆਂ ਦੇ ਪੈਰ ਦਰ ਉੱਤੇ ਹਨ ਅਤੇ ਓਹ ਤੈਨੂੰ ਬਾਹਰ ਲੈ ਜਾਣਗੇ !
10 ਉਹ ਉਸੇ ਵੇਲੇ ਉਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ। ਤਦ ਉਨ੍ਹਾਂ ਜੁਆਨਾਂ ਨੇ ਅੰਦਰ ਜਾ ਕੇ ਉਹ ਨੂੰ ਮੋਈ ਵੇਖਿਆ ਅਤੇ ਬਾਹਰ ਲੈ ਜਾ ਕੇ ਉਹ ਦੇ ਭਰਤਾ ਦੇ ਕੋਲ ਦੱਬ ਦਿੱਤਾ।
11 ਤਾਂ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਏਹ ਗੱਲਾਂ ਸੁਣੀਆਂ ਉਨ੍ਹਾਂ ਸਭਨਾਂ ਨੂੰ ਵੱਡਾ ਡਰ ਲੱਗਾ।
12 ਰਸੂਲਾਂ ਦੇ ਹੱਥੋਂ ਬਹੁਤ ਸਾਰੀਆਂ ਨਿਸ਼ਾਨ ਅਰ ਅਚੰਭੇ ਲੋਕਾਂ ਵਿੱਚ ਪਰਗਟ ਹੋਏ ਅਤੇ ਓਹ ਸੱਭੋ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਸਨ।
13 ਹੋਰਨਾਂ ਵਿੱਚੋਂ ਕਿਸੇ ਦਾ ਹਿਆਉ ਨਾ ਪਿਆ ਜੋ ਉਨ੍ਹਾਂ ਦੀ ਸੰਗਤ ਕਰੇ ਪਰ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ।
14 ਅਤੇ ਹੋਰ ਨਿਹਚਾਵਾਨ ਭੀ ਨਾਲੇ ਮਨੁੱਖ ਨਾਲੇ ਤੀਵੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੁ ਨਾਲ ਮਿਲਦੀਆਂ ਜਾਂਦੀਆਂ ਸਨ।
15 ਐਥੋਂ ਤੋੜੀ ਜੋ ਲੋਕਾਂ ਨੇ ਰੋਗੀਆਂ ਨੂੰ ਵੀ ਬਾਹਰ ਚੌਂਕਾਂ ਵਿੱਚ ਲਿਆਂਦਾ ਅਤੇ ਉਨ੍ਹਾਂ ਨੂੰ ਖਟੋਲਿਆਂ ਅਤੇ ਮੰਜੀਆਂ ਉੱਤੇ ਪਾਇਆਂ ਇਸ ਲਈ ਕਿ ਜਦ ਪਤਰਸ ਆਵੇ ਤਦ ਹੋਰ ਨਹੀਂ ਤਾਂ ਉਹ ਦਾ ਪੜਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ।
16 ਅਤੇ ਯਰੂਸ਼ਲਮ ਦੇ ਆਲੇ ਦੁਆਲੇ ਦੇ ਨਗਰਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਰੋਗੀਆਂ ਨੂੰ ਅਤੇ ਉਨ੍ਹਾਂ ਨੂੰ ਜਿਹੜੇ ਭਰਿਸ਼ਟ ਆਤਮਿਆਂ ਦੇ ਦੁਖਾਏ ਹੋਏ ਸਨ ਲਿਆ ਕੇ ਇਕੱਠੇ ਹੋਏ ਅਤੇ ਓਹ ਸਭ ਚੰਗੇ ਕੀਤੇ ਗਏ।
17 ਪਰ ਸਰਦਾਰ ਜਾਜਕ ਅਤੇ ਉਹ ਦੇ ਨਾਲ ਦੇ ਸਭ ਜੋ ਸਦੂਕੀ ਪੰਥ ਦੇ ਸਨ ਉੱਠੇ ਅਤੇ ਓਹ ਖਾਰ ਨਾਲ ਭਰ ਗਏ।
18 ਅਤੇ ਰਸੂਲਾਂ ਉੱਤੇ ਹੱਥ ਪਾ ਕੇ ਓਹਨਾਂ ਨੂੰ ਆਮ ਹਵਾਲਾਤ ਵਿੱਚ ਪਾ ਦਿੱਤਾ।
19 ਪਰ ਰਾਤ ਨੂੰ ਪ੍ਰਭੁ ਦੇ ਇੱਕ ਦੂਤ ਨੇ ਉਸ ਬੰਦੀਖ਼ਾਨੇ ਦੇ ਬੂਹੇ ਖੋਲ੍ਹੇ ਅਤੇ ਓਹਨਾਂ ਨੂੰ ਬਾਹਰ ਕੱਢ ਕੇ ਆਖਿਆ,
20 ਜਾਓ ਹੈਕਲ ਵਿੱਚ ਖੜੋ ਕੇ ਐਸ ਜੀਉਣ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ।
21 ਸੋ ਇਹ ਸੁਣ ਕੇ ਓਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ। ਜਾਂ ਸਰਦਾਰ ਜਾਜਕ ਅਰ ਉਹ ਦੇ ਨਾਲ ਦੇ ਆਏ ਤਾਂ ਮਹਾਂ ਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਕੈਦਖ਼ਾਨੇ ਵਿੱਚ ਕਹਾ ਭੇਜਿਆ ਭਈ ਓਹਨਾਂ ਨੂੰ ਲੈ ਆਉਣ।
22 ਪਰ ਜਾਂ ਸਿਪਾਹੀ ਆਏ ਤਾਂ ਓਹਨਾਂ ਨੂੰ ਬੰਦੀਖ਼ਾਨੇ ਵਿੱਚ ਨਾ ਡਿੱਠਾ ਸੋ ਓਹ ਮੁੜ ਆਏ।
23 ਅਤੇ ਖਬਰ ਦਿੱਤੀ ਭਈ ਅਸਾਂ ਤਾਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਖਲੋਤੇ ਵੇਖਿਆ ਪਰ ਜਾਂ ਖੋਲ੍ਹਿਆ ਤਾਂ ਅੰਦਰ ਕਿਸੇ ਨੂੰ ਨਾ ਡਿੱਠਾ।
24 ਜਾਂ ਹੈਕਲ ਦੇ ਸਰਦਾਰ ਅਤੇ ਪਰਧਾਨ ਜਾਜਕਾਂ ਨੇ ਏਹ ਗੱਲਾਂ ਸੁਣੀਆਂ ਤਾਂ ਇਨ੍ਹਾਂ ਕਰਕੇ ਦੁਬਧਾ ਵਿੱਚ ਪਏ ਭਈ ਕੀ ਜਾਣੀਏ ਇਹ ਗੱਲ ਕਿੱਥੋਂ ਤੋੜੀ ਵਧੇ ?
25 ਤਦ ਕਿਨੇ ਆਣ ਕੇ ਉਨ੍ਹਾਂ ਨੂੰ ਖਬਰ ਦਿੱਤੀ ਕਿ ਵੇਖੋ ਜਿਨ੍ਹਾਂ ਮਨੁੱਖਾਂ ਨੂੰ ਤੁਸਾਂ ਬੰਦੀਖ਼ਾਨੇ ਵਿੱਚ ਪਾ ਦਿੱਤਾ ਸੀ ਓਹ ਹੈਕਲ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਕਰਦੇ ਹਨ !
26 ਤਦ ਉਹ ਸਰਦਾਰ ਸਿਪਾਹੀਆਂ ਨਾਲ ਜਾ ਕੇ ਓਹਨਾਂ ਨੂੰ ਲਿਆਇਆ ਪਰ ਧੱਕੇ ਨਾਲ ਨਹੀਂ ਕਿਉਂ ਜੋ ਓਹ ਲੋਕਾਂ ਤੋਂ ਡਰਦੇ ਸਨ ਭਈ ਓਹ ਕਿਤੇ ਸਾਨੂੰ ਪਥਰਾਹ ਨਾ ਕਰਨ।
27 ਅਤੇ ਓਹਨਾਂ ਨੂੰ ਲਿਆ ਕੇ ਮਹਾਂ ਸਭਾ ਵਿੱਚ ਖੜੇ ਕੀਤਾ। ਤਦ ਸਰਦਾਰ ਜਾਜਕ ਨੇ ਓਹਨਾਂ ਨੂੰ ਪੁੱਛਿਆ।
28 ਭਈ ਅਸਾਂ ਤਾਂ ਤੁਹਾਨੂੰ ਤਗੀਦ ਨਾਲ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਕਰਨਾ ਅਤੇ ਵੇਖੋ ਤੁਸਾਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਚਾਹੁੰਦੇ ਹੋ ਜੋ ਇਸ ਮਨੁੱਖ ਦਾ ਖੂਨ ਸਾਡੇ ਜੁੰਮੇ ਲਾਓ।
29 ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।
30 ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜਿਵਾਲਿਆ ਜਿਹ ਨੂੰ ਤੁਸਾਂ ਕਾਠ ਉੱਤੇ ਲਮਕਾ ਕੇ ਮਾਰ ਸੁੱਟਿਆ।
31 ਉਸੇ ਨੂੰ ਪਰਮੇਸ਼ੁਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰ ਕੇ ਹਾਕਮ ਅਤੇ ਮੁਕਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਏਲ ਨੂੰ ਤੋਬਾ ਆਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ।
32 ਅਸੀਂ ਏਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤ੍ਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ।
33 ਇਹ ਸੁਣ ਕੇ ਓਹ ਜਲ ਗਏ ਅਤੇ ਓਹਨਾਂ ਨੂੰ ਮਾਰ ਸੁੱਟਣ ਦੀ ਦਲੀਲ ਕੀਤੀ।
34 ਪਰ ਗਮਲੀਏਲ ਨਾਮੇ ਇੱਕ ਫ਼ਰੀਸੀ ਨੇ ਜੋ ਸ਼ਰਾ ਦਾ ਪੜ੍ਹਾਉਣ ਵਾਲਾ ਸੀ ਅਤੇ ਸਭਨਾਂ ਲੋਕਾਂ ਵਿੱਚ ਪਤਵੰਤਾ ਸੀ ਮਹਾਂ ਸਭਾ ਵਿੱਚ ਉੱਠ ਕੇ ਹੁਕਮ ਕੀਤਾ ਭਈ ਇਨ੍ਹਾਂ ਮਨੁੱਖਾਂ ਨੂੰ ਰਤੀਕੁ ਬਾਹਰ ਕਰ ਦਿਓ।
35 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਸਰਾਏਲੀ ਲੋਕੋ, ਖਬਰਦਾਰ ਰਹੋ ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ।
36 ਕਿਉਂ ਜੋ ਇਨ੍ਹਾਂ ਦਿਨਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਭਈ ਮੈਂ ਕੁਝ ਹਾਂ ਅਤੇ ਗਿਣਤੀ ਵਿੱਚ ਚਾਰਕੁ ਸੌ ਆਦਮੀ ਉਹ ਦੇ ਨਾਲ ਰਲ ਗਏ, ਸੋ ਉਹ ਮਾਰਿਆ ਗਿਆ ਅਰ ਸਭ ਜੋ ਉਹ ਨੂੰ ਮੰਨਦੇ ਸਨ ਖਿੰਡ ਖਿੰਡਾ ਗਏ ਅਤੇ ਬੇ ਠਿਕਾਣੇ ਹੋ ਗਏ।
37 ਉਹ ਦੇ ਪਿੱਛੋਂ ਮਰਦੁਮਸ਼ੁਮਾਰੀ ਦੇ ਦਿਨੀਂ ਯਹੂਦਾ ਗਲੀਲੀ ਉੱਠਿਆ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਲਿਆ। ਉਹ ਦਾ ਵੀ ਨਾਸ ਹੋਇਆ ਅਰ ਜਿੰਨੇ ਉਹ ਨੂੰ ਮੰਨਦੇ ਸਨ ਸਭ ਛਿੰਨ ਭਿੰਨ ਹੋ ਗਏ।
38 ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਭਈ ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ।
39 ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ ਭਈ ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ।
40 ਉਨ੍ਹਾਂ ਨੇ ਉਹ ਦੀ ਮੰਨ ਲਈ ਅਰ ਜਾਂ ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ।
41 ਸੋ ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ।
42 ਅਤੇ ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹੱਟੇ ਭਈ ਯਿਸੂ ਉਹੀ ਮਸੀਹ ਹੈ !
ਕਾਂਡ 6

1 ਉਨ੍ਹੀਂ ਦਿਨੀਂ ਜਾਂ ਚੇਲੇ ਬਹੁਤ ਹੁੰਦੇ ਜਾਂਦੇ ਸਨ ਤਾਂ ਯੂਨਾਨੀ-ਯਹੂਦੀ ਇਬਰਾਨੀਆਂ ਉੱਤੇ ਬੁੜਬੁੜਾਉਣ ਲੱਗੇ ਕਿਉਂ ਜੋ ਦਿਨ ਦਿਨ ਦੀ ਟਹਿਲ ਵਿੱਚ ਉਨ੍ਹਾਂ ਦੀਆਂ ਵਿਧਵਾਂ ਦੀ ਸੁਧ ਨਹੀਂ ਲੈਂਦੇ ਸਨ।
2 ਤਦ ਉਨ੍ਹਾਂ ਬਾਰਾਂ ਨੇ ਚੇਲਿਆਂ ਦੀ ਸੰਗਤ ਨੂੰ ਕੋਲ ਸੱਦ ਕੇ ਆਖਿਆ, ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ੁਰ ਦਾ ਬਚਨ ਛੱਡ ਕੇ ਖਿਲਾਉਣ ਪਿਲਾਉਣ ਦੀ ਟਹਿਲ ਕਰੀਏ।
3 ਸੋ ਭਾਈਓ ਆਪਣੇ ਵਿੱਚੋਂ ਸੱਤ ਨੇਕ ਨਾਮ ਆਦਮੀਆਂ ਨੂੰ ਜਿਹੜੇ ਆਤਮਾ ਅਤੇ ਬੁੱਧ ਨਾਲ ਭਰਪੂਰ ਹੋਣ ਚੁਣ ਲਓ ਭਈ ਅਸੀਂ ਓਹਨਾਂ ਨੂੰ ਇਸ ਕੰਮ ਉੱਤੇ ਠਹਿਰਾਈਏ।
4 ਪਰ ਅਸੀਂ ਪ੍ਰਾਰਥਨਾ ਵਿੱਚ ਅਰ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।
5 ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਸਤੀਫ਼ਾਨ ਨਾਮੇ ਇੱਕ ਪੁਰਸ਼ ਨੂੰ ਜਿਹੜਾ ਨਿਹਚਾ ਅਰ ਪਵਿੱਤ੍ਰ ਆਤਮਾ ਨਾਲ ਭਰਪੂਰ ਸੀ ਅਰ ਫਿਲਿੱਪੁਸ ਅਰ ਪ੍ਰੋਖੋਰੁਸ ਅਰ ਨਿਕਾਨੋਰ ਅਰ ਤੀਮੋਨ ਅਰ ਪਰਮਨਾਸ ਅਰ ਨਿਕਲਾਉਸ ਨੂੰ ਜੋ ਅੰਤਾਕਿਯਾ ਦਾ ਇੱਕ ਯਹੂਦੀ-ਮੁਰੀਦ ਸੀ ਚੁਣਿਆ।
6 ਅਤੇ ਓਹਨਾਂ ਨੂੰ ਰਸੂਲਾਂ ਦੇ ਅੱਗੇ ਖੜਾ ਕੀਤਾ ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰ ਕੇ ਓਹਨਾਂ ਉੱਤੇ ਹੱਥ ਰੱਖੇ।
7 ਤਾਂ ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾਂਦੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।
8 ਇਸਤੀਫ਼ਾਨ ਕਿਰਪਾ ਅਰ ਸ਼ਕਤੀ ਨਾਲ ਭਰਪੂਰ ਹੋ ਕੇ ਵੱਡੇ ਅਚੰਭੇ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ।
9 ਪਰ ਉਸ ਸਮਾਜ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਾਉਂਦੀ ਹੈ ਅਰ ਕੁਰੇਨੀਆਂ ਅਤੇ ਸਿਕੰਦਰੀਆਂ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਯਾ ਅਤੇ ਅਸਿਯਾ ਤੋਂ ਆਏ ਸਨ ਕਈਕੁ ਆਦਮੀ ਉੱਠ ਕੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ।
10 ਪਰ ਓਹ ਉਸ ਬੁੱਧ ਅਰ ਆਤਮਾ ਦਾ ਜਿਹ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸੱਕੇ।
11 ਫੇਰ ਉਨ੍ਹਾਂ ਨੇ ਮਨੁੱਖਾਂ ਨੂੰ ਗੱਠਿਆ ਜਿਹੜੇ ਬੋਲੇ ਭਈ ਅਸਾਂ ਇਹ ਨੂੰ ਮੂਸਾ ਦੇ ਅਤੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਦੇ ਸੁਣਿਆ।
12 ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਉਭਾਰਿਆ ਅਰ ਉਸ ਉੱਤੇ ਚੜ੍ਹ ਆਏ ਅਤੇ ਫੜ ਕੇ ਮਹਾਂ ਸਭਾ ਵਿੱਚ ਲੈ ਗਏ।
13 ਉਨ੍ਹਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ ਭਈ ਇਹ ਮਨੁੱਖ ਇਸ ਪਵਿੱਤ੍ਰ ਅਸਥਾਨ ਅਤੇ ਸ਼ਰਾ ਦੇ ਵਿਰੁੱਧ ਬੋਲਣ ਤੋਂ ਨਹੀਂ ਹਟਦਾ।
14 ਅਸਾਂ ਤਾਂ ਉਹ ਨੂੰ ਇਹ ਆਖਦੇ ਸੁਣਿਆ ਹੈ ਭਈ ਇਹ ਯਿਸੂ ਨਾਸਰੀ ਇਸ ਅਸਥਾਨ ਨੂੰ ਢਾਹ ਦੇਊਗਾ ਅਤੇ ਜਿਹੜੀਆਂ ਰੀਤਾਂ ਮੂਸਾ ਨੇ ਸਾਨੂੰ ਸੌਂਪੀਆਂ ਉਨ੍ਹਾਂ ਨੂੰ ਬਦਲ ਦੇਊਗਾ।
15 ਜਾਂ ਉਨ੍ਹਾਂ ਸਭਨਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ ਉਹ ਦੀ ਵੱਲ ਧਿਆਨ ਕੀਤਾ ਤਾਂ ਉਹ ਦਾ ਮੂੰਹ ਦੂਤ ਦੇ ਮੂੰਹ ਵਰਗਾ ਡਿੱਠਾ।
ਕਾਂਡ 7

1 ਤਦ ਸਰਦਾਰ ਜਾਜਕ ਨੇ ਪੁੱਛਿਆ ਕਿ ਏਹ ਗੱਲਾਂ ਏਵੇਂ ਹੀ ਹਨ ?
2 ਤਾਂ ਉਹ ਬੋਲਿਆ, ਹੇ ਭਾਈਓ ਅਤੇ ਹੇ ਪਿਤਰੋ, ਸੁਣੋ। ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਅੱਗੇ ਜਦ ਉਹ ਮਸੋਪੋਤਾਮਿਯਾ ਵਿੱਚ ਸੀ ਤੇਜ ਰੂਪ ਵਿਖਾਈ ਦਿੱਤਾ।
3 ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਸਾਕਾਂ ਵਿੱਚੋਂ ਨਿੱਕਲ ਕੇ ਉਸ ਦੇਸ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆ।
4 ਤਦ ਉਹ ਕਲਦੀਆਂ ਦੇ ਦੇਸ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ ਅਤੇ ਉਹ ਦੇ ਪਿਉ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਐਸ ਦੇਸ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ।
5 ਇਹ ਦੇ ਵਿੱਚ ਕੁਝ ਅਧਿਕਾਰ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ ਪਰ ਉਸ ਨੇ ਕਰਾਰ ਕੀਤਾ ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ ਨੂੰ ਦਿਆਂਗਾ ਭਾਵੇਂ ਉਹ ਦਾ ਬਾਲਕ ਅਜੇ ਹੈ ਨਹੀਂ ਸੀ।
6 ਪਰਮੇਸ਼ੁਰ ਨੇ ਐਉਂ ਆਖਿਆ ਭਈ ਤੇਰੀ ਅੰਸ ਪਰਦੇਸ ਵਿੱਚ ਜਾ ਰਹੇਗੀ ਅਤੇ ਓਹ ਉਸ ਨੂੰ ਗੁਲਾਮ ਬਣਾ ਕੇ ਰੱਖਣਗੇ ਅਰ ਚਾਰ ਸੌ ਵਰਿਹਾਂ ਤੀਕ ਦੁਖ ਦੇਣਗੇ।
7 ਫੇਰ ਪਰਮੇਸ਼ੁਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਹ ਦੇ ਓਹ ਗੁਲਾਮ ਹੋਣਗੇ ਡੰਨ ਲਾਵਾਂਗਾ ਅਰ ਉਹ ਦੇ ਪਿੱਛੋਂ ਓਹ ਨਿੱਕਲ ਆਉਣਗੇ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ।
8 ਅਤੇ ਉਸ ਨੇ ਉਹ ਦੇ ਨਾਲ ਸੁੰਨਤ ਦਾ ਨੇਮ ਕੀਤਾ। ਸੋ ਇਸ ਤਰਾਂ ਉਹ ਦੇ ਇਸਹਾਕ ਜੰਮਿਆ ਅਤੇ ਉਹ ਨੇ ਅੱਠਵੇਂ ਦਿਨ ਉਹ ਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਯਾਕੂਬ ਅਰ ਯਾਕੂਬ ਦੇ ਘਰ ਬਾਰਾਂ ਗੋਤਾਂ ਦੇ ਸਰਦਾਰ ਜੰਮੇ।
9 ਅਤੇ ਉਨ੍ਹਾਂ ਸਰਦਾਰਾਂ ਨੇ ਯੂਸੁਫ਼ ਨਾਲ ਖੁਣਸ ਕਰ ਕੇ ਉਹ ਨੂੰ ਵੇਚ ਦਿੱਤਾ ਕਿ ਮਿਸਰ ਵਿੱਚ ਲੈ ਜਾਣ ਪਰ ਪਰਮੇਸ਼ੁਰ ਉਹ ਦੇ ਨਾਲ ਸੀ।
10 ਅਤੇ ਉਹ ਨੂੰ ਉਹਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਹ ਨੂੰ ਮਿਸਰ ਦੇ ਪਾਤਸ਼ਾਹ ਫ਼ਿਰਊਨ ਦੇ ਸਾਹਮਣੇ ਕਿਰਪਾ ਅਰ ਬੁੱਧ ਦਿੱਤੀ ਅਤੇ ਉਸ ਨੇ ਉਹ ਨੂੰ ਮਿਸਰ ਦਾ ਅਤੇ ਆਪਣੇ ਸਾਰੇ ਘਰ ਦਾ ਹਾਕਮ ਬਣਾਇਆ।
11 ਫੇਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਅਰ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਉ ਦਾਦਿਆਂ ਨੂੰ ਅੰਨ ਨਹੀਂ ਸੀ ਲੱਭਦਾ।
12 ਪਰ ਜਾਂ ਯਾਕੂਬ ਨੇ ਸੁਣਿਆ ਭਈ ਮਿਸਰ ਵਿੱਚ ਅਨਾਜ ਹੈ ਤਾਂ ਸਾਡੇ ਪਿਉ ਦਾਦਿਆਂ ਨੂੰ ਪਹਿਲੀ ਵਾਰ ਘੱਲਿਆ।
13 ਅਤੇ ਦੂਈ ਵਾਰ ਭਾਈਆਂ ਉੱਤੇ ਯੂਸੁਫ਼ ਪਰਗਟ ਹੋ ਗਿਆ ਅਰ ਯੂਸੁਫ਼ ਦਾ ਘਰਾਣਾ ਫ਼ਿਰਊਨ ਨੂੰ ਮਲੂਮ ਹੋ ਗਿਆ।
14 ਤਦ ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਕੋੜਮੇ ਨੂੰ ਜੋ ਪੰਝੱਤਰ ਪ੍ਰਾਣੀ ਸਨ ਮੰਗਾ ਲਿਆ।
15 ਸੋ ਯਾਕੂਬ ਮਿਸਰ ਵਿੱਚ ਗਿਆ ਅਤੇ ਉਹ ਆਪ ਮਰ ਗਿਆ ਅਰ ਸਾਡੇ ਪਿਉ ਦਾਦੇ ਵੀ।
16 ਅਤੇ ਓਹ ਸ਼ਕਮ ਵਿੱਚ ਪੁਚਾਏ ਗਏ ਅਰ ਉਸ ਕਬਰਸਥਾਨ ਵਿੱਚ ਦੱਬੇ ਗਏ ਜਿਹੜਾ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤ੍ਰਾਂ ਤੋਂ ਰੁਪਏ ਦੇ ਕੇ ਮੁੱਲ ਲਿਆ ਸੀ।
17 ਪਰ ਜਾਂ ਉਸ ਕਰਾਰ ਦਾ ਵੇਲਾ ਜਿਹ ਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਨੇਮ ਕੀਤਾ ਸੀ ਨੇੜੇ ਆਇਆ ਤਾਂ ਓਹ ਲੋਕ ਮਿਸਰ ਵਿੱਚ ਵਧਣ ਅਤੇ ਬਹੁਤ ਹੋਣ ਲੱਗੇ।
18 ਉਸ ਵੇਲੇ ਤੀਕੁਰ ਕਿ ਮਿਸਰ ਦਾ ਇੱਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸੁਫ਼ ਨੂੰ ਨਾ ਜਾਣਦਾ ਸੀ।
19 ਉਹ ਨੇ ਸਾਡੀ ਕੌਮ ਨਾਲ ਚਤਰਾਈ ਕਰ ਕੇ ਸਾਡੇ ਪਿਉ ਦਾਦਿਆਂ ਨੂੰ ਤੰਗ ਕੀਤਾ ਭਈ ਓਹ ਆਪਣਿਆਂ ਬਾਲਕਾਂ ਨੂੰ ਬਾਹਰ ਸੁੱਟ ਦੇਣ ਕਿ ਜੀਉਂਦੇ ਨਾ ਰਹਿਣ।
20 ਉਸ ਸਮੇਂ ਮੂਸਾ ਜੰਮਿਆ ਜੋ ਅੱਤ ਸੋਹਣਾ ਸੀ। ਉਹ ਤਿੰਨਾਂ ਮਹੀਨੀਆਂ ਤੀਕੁਰ ਆਪਣੇ ਪਿਉ ਦੇ ਘਰ ਵਿੱਚ ਪਲਦਾ ਰਿਹਾ।
21 ਅਤੇ ਜਾਂ ਉਹ ਬਾਹਰ ਸੁੱਟਿਆ ਗਿਆ ਤਾਂ ਫ਼ਿਰਊਨ ਦੀ ਧੀ ਨੇ ਉਹ ਨੂੰ ਉਠਾ ਲਿਆ ਅਤੇ ਉਹ ਨੂੰ ਆਪਣਾ ਪੁੱਤ੍ਰ ਕਰਕੇ ਪਾਲਿਆ।
22 ਸੋ ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਆਪਣਿਆਂ ਬਚਨਾਂ ਅਤੇ ਕਰਨੀਆਂ ਵਿੱਚ ਸਮਰਥ ਸੀ।
23 ਜਦ ਉਹ ਚਾਹਲੀਆਂ ਵਰਿਹਾਂ ਦਾ ਹੋਣ ਲੱਗਾ ਤਦ ਉਹ ਦੇ ਮਨ ਵਿੱਚ ਆਇਆ ਭਈ ਮੈਂ ਜਾ ਕੇ ਆਪਣੇ ਭਾਈ ਇਸਰਾਏਲੀਆਂ ਦੀ ਖਬਰ ਲਵਾਂ।
24 ਤਦ ਇੱਕ ਉੱਤੇ ਵਾਧਾ ਹੁੰਦਾ ਵੇਖ ਕੇ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋਂ ਮਾਰਿਆ ਅਰ ਜਿਹ ਦੇ ਨਾਲ ਜ਼ੋਰਾਵਰੀ ਹੋਈ ਸੀ ਉਹ ਦਾ ਵੱਟਾ ਲਿਆ।
25 ਤਾਂ ਉਸ ਨੇ ਸੋਚਿਆ ਭਈ ਮੇਰੇ ਭਾਈ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਓਹ ਨਾ ਸਮਝੇ।
26 ਫਿਰ ਅਗਲੇ ਭਲਕ ਜਾਂ ਓਹ ਲੜਦੇ ਸਨ ਤਾਂ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ ਤੁਸੀਂ ਤਾਂ ਭਾਈ ਭਾਈ ਹੋ। ਕਿਉਂ ਇੱਕ ਦੂਏ ਦੇ ਉੱਤੇ ਵਾਧਾ ਕਰਦੇ ਹੋ ?
27 ਪਰ ਜਿਹੜਾ ਆਪਣੇ ਗੁਆਂਢੀ ਦੇ ਉੱਤੇ ਵਾਧਾ ਕਰਦਾ ਸੀ ਉਸ ਨੇ ਉਹ ਨੂੰ ਧੱਕਾ ਦੇ ਕੇ ਆਖਿਆ ਭਈ ਤੈਨੂੰ ਕਿਨ ਸਾਡੇ ਉੱਤੇ ਹਾਕਮ ਅਤੇ ਨਿਆਈਂ ਬਣਾਇਆ ਹੈ ?
28 ਭਲਾ, ਤੂੰ ਮੈਨੂੰ ਭੀ ਮਾਰਿਆ ਚਾਹੁੰਦਾ ਹੈਂ ਜਿਵੇਂ ਤੈਂ ਕੱਲ ਉਸ ਮਿਸਰੀ ਨੂੰ ਮਾਰ ਸੁੱਟਿਆ ਸੀ ?
29 ਇਸ ਗੱਲ ਉੱਤੇ ਮੂਸਾ ਭੱਜ ਗਿਆ ਅਤੇ ਮਿਦਯਾਨ ਦੇਸ ਵਿੱਚ ਜਾ ਰਿਹਾ। ਉੱਥੇ ਉਹ ਦੇ ਦੋ ਪੁੱਤ੍ਰ ਜੰਮੇ।
30 ਅਤੇ ਜਾਂ ਚਾਹਲੀ ਵਰਹੇ ਬੀਤ ਗਏ ਤਾਂ ਸੀਨਈ ਦੇ ਪਹਾੜ ਦੀ ਉਜਾੜ ਵਿੱਚ ਇੱਕ ਦੂਤ ਅੱਗ ਦੀ ਲੋ ਵਿੱਚ ਝਾੜੀ ਵਿੱਚੋਂ ਉਹ ਨੂੰ ਵਿਖਾਈ ਦਿੱਤਾ।
31 ਮੂਸਾ ਨੇ ਵੇਖ ਕੇ ਉਸ ਦਰਸ਼ਣ ਤੋਂ ਅਚਰਜ ਮੰਨਿਆ ਅਤੇ ਜਾਂ ਤੱਕਣ ਲਈ ਨੇੜੇ ਢੁਕਿਆ ਤਾਂ ਪ੍ਰਭੁ ਦੀ ਅਵਾਜ਼ ਆਈ।
32 ਭਈ ਮੈਂ ਤੇਰੇ ਪਿਉ ਦਾਦਿਆਂ ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਅਤੇ ਇਸਹਾਕ ਦਾ ਅਤੇ ਯਾਕੂਬ ਦਾ ਪਰਮੇਸ਼ੁਰ। ਤਦ ਮੂਸਾ ਕੰਬ ਉੱਠਿਆ ਅਤੇ ਉਹ ਨੂੰ ਤੱਕਣ ਦਾ ਹਿਆਉ ਨਾ ਪਿਆ।
33 ਤਦ ਪ੍ਰਭੁ ਨੇ ਉਹ ਨੂੰ ਆਖਿਆ ਕਿ ਆਪਣਿਆਂ ਪੈਰਾਂ ਦੀ ਜੁੱਤੀ ਲਾਹ ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਹੈਂ ਪਵਿੱਤ੍ਰ ਧਰਤੀ ਹੈ।
34 ਮੈਂ ਦ੍ਰਿਸ਼ਟ ਕਰ ਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿੱਚ ਹਨ ਕਸ਼ਟ ਵੇਖਿਆ ਅਤੇ ਮੈਂ ਉਨ੍ਹਾਂ ਦੇ ਹੌਕੇ ਸੁਣ ਕੇ ਉਨ੍ਹਾਂ ਨੂੰ ਛੁਡਾਉਣ ਉੱਤਰਿਆ ਹਾਂ ਸੋ ਹੁਣ ਆ, ਮੈਂ ਤੈਨੂੰ ਮਿਸਰ ਵਿੱਚ ਘੱਲਾਂਗਾ।
35 ਓਸੇ ਮੂਸਾ ਨੂੰ ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਕੇ ਕਿਹਾ ਜੋ ਤੈਨੂੰ ਕਿਹ ਨੇ ਹਾਕਮ ਅਤੇ ਨਿਆਈਂ ਬਣਾਇਆ ? ਓਸੇ ਨੂੰ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਘੱਲਿਆ।
36 ਇਹੋ ਮਨੁੱਖ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ ਚਾਹਲੀਆਂ ਵਰਿਹਾਂ ਤੀਕੁਰ ਅਚੰਭੇ ਅਤੇ ਨਿਸ਼ਾਨ ਵਿਖਾ ਕੇ ਉਨ੍ਹਾਂ ਨੂੰ ਕੱਢ ਲਿਆਇਆ।
37 ਇਹ ਉਹੋ ਮੂਸਾ ਹੈ ਜਿਨ ਇਸਰਾਏਲ ਦਿਆਂ ਪੁੱਤ੍ਰਾਂ ਨੂੰ ਆਖਿਆ ਭਈ ਪਰਮੇਸ਼ੁਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜਾ ਕਰੇਗਾ।
38 ਇਹ ਉਹੋ ਹੈ ਜੋ ਉਜਾੜ ਦੀ ਕਲੀਸਿਯਾ ਵਿੱਚ ਉਸ ਦੂਤ ਦੇ ਸੰਗ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ ਅਤੇ ਸਾਡੇ ਪਿਉ ਦਾਦਿਆਂ ਦੇ ਸੰਗ ਸੀ, ਅਤੇ ਉਸ ਨੇ ਜੀਉਂਦੇ ਬਚਨ ਪਾਏ ਭਈ ਸਾਨੂੰ ਸੌਂਪ ਦੇਵੇ।
39 ਪਰ ਸਾਡੇ ਪਿਉ ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ ਸਗੋਂ ਉਹ ਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ।
40 ਅਤੇ ਉਨ੍ਹਾਂ ਹਾਰੂਨ ਨੂੰ ਆਖਿਆ ਭਈ ਸਾਡੇ ਲਈ ਠਾਕਰ ਬਣਾ ਜਿਹੜੇ ਸਾਡੇ ਅੱਗੇ ਅੱਗੇ ਚੱਲਣ ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸਾਨੂੰ ਪਤਾ ਨਹੀਂ ਭਈ ਉਹ ਨੂੰ ਕੀ ਹੋਇਆ।
41 ਉਨ੍ਹੀਂ ਦਿਨੀਂ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤ ਨੂੰ ਬਲੀਦਾਨ ਚੜ੍ਹਾਇਆ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ।
42 ਪਰ ਪਰਮੇਸ਼ੁਰ ਉਨ੍ਹਾਂ ਤੋਂ ਫਿਰ ਗਿਆ ਅਤੇ ਉਨ੍ਹਾਂ ਨੂੰ ਛੱਡ ਦਿੱਤਾ ਕਿ ਅਕਾਸ਼ ਦੀ ਸੈਨਾ ਨੂੰ ਪੂਜਣ ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, - ਹੇ ਇਸਰਾਏਲ ਦੇ ਘਰਾਣੇ, ਕੀ ਤੁਸਾਂ ਮੈਨੂੰ ਉਜਾੜ ਵਿੱਚ ਚਾਹਲੀ ਵਰਹੇ ਪਸੂ ਭੇਟ ਅਤੇ ਬਲੀਦਾਨ ਚੜ੍ਹਾਏ ?
43 ਅਰ ਤੁਸੀਂ ਮੋਲੋਖ ਦੇ ਤੰਬੂ, ਅਤੇ ਰਿਫ਼ਾਨ ਦਿਓਤੇ ਦੇ ਤਾਰੇ ਨੂੰ, ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਸਾਓ ਜਿਹੜੀਆਂ ਤੁਸਾਂ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।
44 ਸਾਖੀ ਦਾ ਤੰਬੂ ਉਜਾੜ ਵਿੱਚ ਸਾਡੇ ਪਿਉ ਦਾਦਿਆਂ ਦੇ ਕੋਲ ਸੀ ਜਿਵੇਂ ਉਸੇ ਨੇ ਆਗਿਆ ਦਿੱਤੀ ਜਿਨ ਮੂਸਾ ਨੂੰ ਆਖਿਆ ਸੀ ਭਈ ਉਹ ਨੂੰ ਉਸ ਖਾਕੇ ਉੱਤੇ ਬਣਾ ਜੋ ਤੈਂ ਵੇਖਿਆ ਹੈ।
45 ਅਤੇ ਉਸ ਨੂੰ ਸਾਡੇ ਪਿਉ ਦਾਦੇ ਅਗਲਿਆਂ ਤੋਂ ਪਾ ਕੇ ਯਹੋਸ਼ੁਆ ਦੇ ਨਾਲ ਤਦ ਐੱਥੇ ਲਿਆਏ ਜਦ ਉਨ੍ਹਾਂ ਕੌਮਾਂ ਦੀ ਮਿਲਖ ਪਾਈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਡੇ ਪਿਉ ਦਾਦਿਆਂ ਦੇ ਅੱਗਿਓਂ ਕੱਢ ਦਿੱਤਾ ਅਤੇ ਉਹ ਦਾਊਦ ਦੇ ਦਿਨਾਂ ਤੀਕ ਰਿਹਾ।
46 ਉਹ ਨੇ ਪਰਮੇਸ਼ੁਰ ਦੇ ਹਜ਼ੂਰੋਂ ਕਿਰਪਾ ਪਾ ਕੇ ਚਾਹਿਆ ਜੋ ਯਾਕੂਬ ਦੇ ਪਰਮੇਸ਼ੁਰ ਦੇ ਲਈ ਇੱਕ ਅਸਥਾਨ ਬਣਾਵੇ।
47 ਪਰ ਸੁਲੇਮਾਨ ਨੇ ਉਹ ਦੇ ਲਈ ਇੱਕ ਭਵਨ ਬਣਾਇਆ। 48 ਪਰ ਅੱਤ ਮਹਾਨ ਹੱਥਾਂ ਦੀਆਂ ਬਣੀਆਂ ਹੋਈਆਂ ਹੈਕਲਾਂ ਵਿੱਚ ਨਹੀਂ ਵੱਸਦਾ ਜਿਵੇਂ ਨਬੀ ਕਹਿੰਦਾ ਹੈ,-
49 ਅਕਾਸ਼ ਮੇਰਾ ਸਿੰਘਾਸਣ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ, ਪ੍ਰਭੁ ਆਖਦਾ ਹੈ, ਯਾ ਕਿਹੜਾ ਥਾਂ ਮੇਰੇ ਅਰਾਮ ਦਾ ਹੈ ?
50 ਕੀ ਮੇਰੇ ਹੱਥਾਂ ਨੇ ਏਹ ਸਭ ਵਸਤਾਂ ਨਹੀਂ ਬਣਾਈਆਂ ?
51 ਹੇ ਹਠੀ ਅਤੇ ਮਨ ਅਰ ਕੰਨ ਦੇ ਬੇ ਸੁੰਨਤੀ ਲੋਕੋ, ਤੁਸੀਂ ਸਦਾ ਪਵਿੱਤ੍ਰ ਆਤਮਾ ਦਾ ਸਾਹਮਣਾ ਕਰਦੇ ਹੋ ! ਜਿਵੇਂ ਤੁਹਾਡੇ ਪਿਉ ਦਾਦਿਆਂ ਨੇ ਕੀਤਾ ਤਿਹਾ ਤੁਸੀਂ ਵੀ ਕਰਦੇ ਹੋ।
52 ਨਬੀਆਂ ਵਿੱਚੋਂ ਕਿਹ ਨੂੰ ਤੁਹਾਡੇ ਪਿਉ ਦਾਦਿਆਂ ਨੇ ਨਹੀਂ ਸਤਾਇਆ ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਹ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ। 53 ਤੁਸੀਂ ਸ਼ਰਾ ਨੂੰ ਜਿਹੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ। 54 ਏਹ ਗੱਲਾਂ ਸੁਣਦੇ ਹੀ ਉਹ ਮਨ ਵਿੱਚ ਸੜ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ। 55 ਪਰ ਉਹ ਨੇ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ੁਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਿਆ। 56 ਅਤੇ ਕਿਹਾ, ਵੇਖੋ ਮੈਂ ਅਕਾਸ਼ ਨੂੰ ਖੁਲ੍ਹਾ ਅਤੇ ਮਨੁੱਖ ਦੇ ਪੁੱਤ੍ਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਦਾ ਹਾਂ!
57 ਪਰ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕੀਤੇ ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ। 58 ਅਤੇ ਸ਼ਹਿਰੋਂ ਬਾਹਰ ਕੱਢ ਕੇ ਉਹ ਨੂੰ ਪਥਰਾਹ ਕੀਤਾ ਅਰ ਗਵਾਹਾਂ ਨੇ ਆਪਣੇ ਬਸਤਰ ਸੌਲੁਸ ਨਾਮੇ ਇੱਕ ਜੁਆਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ। 59 ਸੋ ਉਨ੍ਹਾਂ ਨੇ ਇਸਤੀਫ਼ਾਨ ਨੂੰ ਪਥਰਾਹ ਕੀਤਾ ਜੋ ਬੇਨਤੀ ਕਰਦਾ ਅਤੇ ਇਹ ਆਖਦਾ ਸੀ ਕਿ ਹੇ ਪ੍ਰਭੁ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ !
60 ਫੇਰ ਉਹ ਗੋਡੇ ਟੇਕ ਕੇ ਉੱਚੀ ਬੋਲਿਆ ਕਿ ਹੇ ਪ੍ਰਭੁ ਇਹ ਪਾਪ ਉਨ੍ਹਾਂ ਦੇ ਜੁੰਮੇ ਨਾ ਲਾ ! ਅਤੇ ਇਹ ਕਹਿ ਕੇ ਉਹ ਸੌਂ ਗਿਆ, ਅਰ ਸੌਲੁਸ ਉਹ ਦੇ ਮਾਰ ਦੇਣ ਉੱਤੇ ਰਾਜ਼ੀ ਸੀ।
ਕਾਂਡ 8

1 ਉਸੇ ਦਿਨ ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ ਅਤੇ ਰਸੂਲਾਂ ਤੋਂ ਬਿਨਾ ਓਹ ਸਭ ਯਹੂਦਿਯਾ ਅਰ ਸਾਮਰਿਯਾ ਦੇ ਦੇਸਾਂ ਵਿੱਚ ਖਿੰਡ ਗਏ।
2 ਭਗਤ ਲੋਕਾਂ ਨੇ ਇਸਤੀਫ਼ਾਨ ਨੂੰ ਦੱਬਿਆ ਅਤੇ ਉਹ ਦੇ ਲਈ ਵੱਡਾ ਵਿਰਲਾਪ ਕੀਤਾ।
3 ਪਰ ਸੌਲੁਸ ਕਲੀਸਿਯਾ ਦਾ ਨਾਸ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਵੜ ਕੇ ਮਰਦਾਂ ਅਤੇ ਤੀਵੀਆਂ ਨੂੰ ਧੂ ਘਸੀਟ ਕੇ ਕੈਦ ਵਿੱਚ ਪੁਆਉਂਦਾ ਸੀ।
4 ਸੋ ਜਿਹੜੇ ਖਿੰਡ ਗਏ ਸਨ ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਫਿਰੇ।
5 ਅਤੇ ਫ਼ਿਲਿੱਪੁਸ ਨੇ ਸਾਮਰਿਯਾ ਦੇ ਨਗਰ ਵਿੱਚ ਜਾ ਕੇ ਉਨ੍ਹਾਂ ਦੇ ਅੱਗੇ ਮਸੀਹ ਦਾ ਪਰਚਾਰ ਕੀਤਾ।
6 ਅਤੇ ਜਾਂ ਲੋਕਾਂ ਨੇ ਓਹ ਨਿਸ਼ਾਨ ਜੋ ਉਹ ਵਿਖਾਉਂਦਾ ਸੀ ਸੁਣੇ ਅਤੇ ਵੇਖੇ ਤਾਂ ਇੱਕ ਮਨ ਹੋ ਕੇ ਫ਼ਿਲਿੱਪੁਸ ਦੀਆਂ ਗੱਲਾਂ ਉੱਤੇ ਚਿੱਤ ਲਾਇਆ।
7 ਕਿਉਂਕਿ ਭਰਿਸ਼ਟ ਆਤਮੇ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੇ ਹੋਏ ਸਨ ਉੱਚੀ ਅਵਾਜ਼ ਨਾਲ ਚੀਕਾਂ ਮਾਰਦੇ ਨਿੱਕਲ ਗਏ ਅਤੇ ਅਧਰੰਗੀ ਅਤੇ ਲੰਙੇ ਬਥੇਰੇ ਚੰਗੇ ਕੀਤੇ ਗਏ।
8 ਅਰ ਉਸ ਨਗਰ ਵਿੱਚ ਵੱਡੀ ਧੰਨ ਧੰਨ ਹੋਈ।
9 ਪਰ ਸ਼ਮਊਨ ਨਾਮੇ ਇੱਕ ਮਨੁੱਖ ਸੀ ਜਿਹੜਾ ਅੱਗੇ ਉਸ ਨਗਰ ਵਿੱਚ ਜਾਦੂ ਕਰ ਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਭਈ ਮੈਂ ਕੋਈ ਮਹਾਂ ਪੁਰਖ ਹਾਂ।
10 ਅਰ ਛੋਟੇ ਤੋਂ ਲੈਕੇ ਵੱਡੇ ਤਾਈਂ ਸਭ ਉਹ ਦੀ ਵੱਲ ਚਿੱਤ ਲਾ ਕੇ ਆਖਦੇ ਸਨ ਭਈ ਇਹ ਮਨੁੱਖ ਪਰਮੇਸ਼ੁਰ ਦੀ ਉਹ ਸ਼ਕਤੀ ਹੈ ਜਿਹੜੀ ਵੱਡੀ ਕਹਾਉਂਦੀ ਹੈ !
11 ਅਤੇ ਉਨ੍ਹਾਂ ਉਹ ਦੀ ਵੱਲ ਇਸ ਕਰਕੇ ਚਿੱਤ ਲਾਇਆ ਕਿ ਉਹ ਨੇ ਬਹੁਤ ਚਿਰ ਤੋਂ ਜਾਦੂ ਕਰਕੇ ਉਨ੍ਹਾਂ ਨੂੰ ਹੈਰਾਨ ਕਰ ਰੱਖਿਆ ਸੀ।
12 ਪਰ ਜਾਂ ਉਨ੍ਹਾਂ ਨੇ ਫ਼ਿਲਿੱਪੁਸ ਦੀ ਪਰਤੀਤ ਕੀਤੀ ਜੋ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ ਖਬਰੀ ਸੁਣਾਉਂਦਾ ਸੀ ਤਾਂ ਮਨੁੱਖ ਨਾਲੇ ਤੀਵੀਆਂ ਬਪਤਿਸਮਾ ਲੈਣ ਲੱਗੇ।
13 ਨਾਲੇ ਸ਼ਮਊਨ ਨੇ ਆਪ ਵੀ ਪਰਤੀਤ ਕੀਤੀ ਅਤੇ ਬਪਤਿਸਮਾ ਲੈ ਕੇ ਫ਼ਿਲਿੱਪੁਸ ਦੇ ਨਾਲ ਹੀ ਰਿਹਾ ਅਤੇ ਨਿਸ਼ਾਨੀਆਂ ਅਤੇ ਵੱਡੀਆਂ ਕਰਾਮਾਤਾਂ ਜੋ ਪਰਗਟ ਹੋਈਆਂ ਸਨ ਵੇਖ ਕੇ ਦੰਗ ਹੋਇਆ।
14 ਜਾਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਭਈ ਸਾਮਰਿਯਾ ਨੇ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਦੇ ਕੋਲ ਘੱਲਿਆ।
15 ਓਹਨਾਂ ਜਾ ਕੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਭਈ ਓਹ ਪਵਿੱਤ੍ਰ ਆਤਮਾ ਪਾਉਣ।
16 ਕਿਉਂ ਜੋ ਉਹ ਅਜੇ ਤੀਕੁਰ ਉਨ੍ਹਾਂ ਵਿੱਚੋਂ ਕਿਸੇ ਤੇ ਨਾ ਉਤਰਿਆ ਸੀ ਪਰ ਉਨ੍ਹਾਂ ਨਿਰਾ ਪ੍ਰਭੁ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ।
17 ਤਦ ਇਨ੍ਹਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਨ੍ਹਾਂ ਨੂੰ ਪਵਿੱਤ੍ਰ ਆਤਮਾ ਮਿਲਿਆ।
18 ਸੋ ਜਾਂ ਸ਼ਮਊਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤ੍ਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਰੁਪਏ ਲਿਆਇਆ।
19 ਅਤੇ ਬੋਲਿਆ ਕਿ ਮੈਨੂੰ ਭੀ ਇਹ ਸ਼ਕਤੀ ਦਿਓ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਸੋ ਉਹ ਨੂੰ ਪਵਿੱਤ੍ਰ ਆਤਮਾ ਮਿਲੇ।
20 ਪਰ ਪਤਰਸ ਨੇ ਉਹ ਨੂੰ ਕਿਹਾ, ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੈਂ ਪਰਮੇਸ਼ੁਰ ਦੀ ਦਾਤ ਨੂੰ ਮੁੱਲ ਲੈਣ ਦਾ ਖਿਆਲ ਕੀਤਾ !
21 ਤੇਰਾ ਇਸ ਗੱਲ ਵਿੱਚ ਨਾ ਹਿੱਸਾ ਹੈ ਨਾ ਸਾਂਝ ਕਿਉਂ ਜੋ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸਿੱਧਾ ਨਹੀਂ।
22 ਸੋ ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੁ ਦੇ ਅੱਗੇ ਬੇਨਤੀ ਕਰ ਤਾਂ ਕੀ ਜਾਣੀਏ ਜੋ ਤੇਰੇ ਮਨ ਦੀ ਸੋਚ ਮਾਫ਼ ਕੀਤੀ ਜਾਵੇ।
23 ਕਿਉਂ ਜੋ ਮੈਂ ਵੇਖਦਾ ਹਾਂ ਭਈ ਤੂੰ ਪਿੱਤ ਦੀ ਕੁੜੱਤਣ ਅਤੇ ਬਦੀ ਦੇ ਬੰਧਨ ਵਿੱਚ ਹੈਂ।
24 ਸ਼ਮਊਨ ਨੇ ਉੱਤਰ ਦਿੱਤਾ, ਤੁਸੀਂ ਹੀ ਮੇਰੇ ਲਈ ਪ੍ਰਭੁ ਦੇ ਅੱਗੇ ਬੇਨਤੀ ਕਰੋ ਭਈ ਜਿਹੜੀਆਂ ਗੱਲਾਂ ਤੁਸਾਂ ਆਖੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।
25 ਸੋ ਜਾਂ ਉਨ੍ਹਾਂ ਸਾਖੀ ਦਿੱਤੀ ਅਤੇ ਪ੍ਰਭੁ ਦਾ ਬਚਨ ਸੁਣਾਇਆ ਤਾਂ ਯਰੂਸ਼ਲਮ ਨੂੰ ਮੁੜੇ ਅਤੇ ਸਾਮਰੀਆਂ ਦਿਆਂ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ ਖਬਰੀ ਸੁਣਾਈ।
26 ਪਰ ਪ੍ਰਭੁ ਦੇ ਇੱਕ ਦੂਤ ਨੇ ਫ਼ਿਲਿੱਪੁਸ ਨਾਲ ਬਚਨ ਕਰ ਕੇ ਆਖਿਆ ਕਿ ਉੱਠ ਅਤੇ ਦੱਖਣ ਵੱਲ ਉਸ ਰਸਤੇ ਉੱਤੇ ਜਾਹ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ, ਉਹ ਉਜਾੜ ਹੈ।
27 ਤਾਂ ਉਹ ਉੱਠ ਕੇ ਤੁਰ ਪਿਆ ਅਰ ਵੇਖੋ ਕਿ ਹਬਸ਼ ਦੇਸ ਦਾ ਇੱਕ ਮਨੁੱਖ ਸੀ ਜਿਹੜਾ ਖੋਜਾ ਅਰ ਹਬਸ਼ ਦੀ ਰਾਣੀ ਕੰਦਾਕੇ ਦਾ ਵੱਡਾ ਇਖ਼ਤਿਆਰ ਵਾਲਾ ਅਤੇ ਉਹ ਦੇ ਸਾਰੇ ਖ਼ਜ਼ਾਨੇ ਉੱਤੇ ਸੀ ਅਰ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ।
28 ਉਹ ਮੁੜਿਆ ਜਾਂਦਾ ਅਤੇ ਆਪਣੇ ਰਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੋਥੀ ਵਾਚ ਰਿਹਾ ਸੀ।
29 ਤਾਂ ਆਤਮਾ ਨੇ ਫ਼ਿਲਿੱਪੁਸ ਨੂੰ ਕਿਹਾ ਕਿ ਅਗਾਹਾਂ ਚੱਲ ਅਤੇ ਐਸ ਰਥ ਨਾਲ ਮਿਲ ਜਾਹ।
30 ਸੋ ਫ਼ਿਲਿੱਪੁਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸਾਯਾਹ ਨਬੀ ਦੀ ਪੋਥੀ ਨੂੰ ਵਾਚਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ ?
31 ਉਸ ਨੇ ਆਖਿਆ, ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ ? ਫੇਰ ਉਸ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ ਕਿ ਮੇਰੇ ਨਾਲ ਤੂੰ ਚੜ੍ਹ ਬੈਠ।
32 ਉਸ ਪੋਥੀ ਦੀ ਪਉੜੀ ਜੋ ਉਹ ਵਾਚ ਰਿਹਾ ਸੀ ਸੋ ਇਹ ਸੀ, — ਉਹ ਭੇਡ ਦੀ ਨਿਆਈਂ ਕੱਟੇ ਜਾਣ ਨੂੰ ਲਿਆਂਦਾ ਗਿਆ, ਉਹ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਗੂੰਗਾ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ!
33 ਉਹ ਦੀ ਅਧੀਨਗੀ ਵਿੱਚ ਉਹ ਦਾ ਨਿਆਉਂ ਨਖੁੱਟ ਗਿਆ। ਉਹ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ ? ਕਿਉਂਕਿ ਉਹ ਦੀ ਜਾਨ ਧਰਤੀ ਉੱਤੋਂ ਚੁੱਕੀ ਜਾਂਦੀ ਹੈ।
34 ਤਾਂ ਉਸ ਖੋਜੇ ਨੇ ਅੱਗੋਂ ਫ਼ਿਲਿੱਪੁਸ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਅਰਜ਼ ਕਰਦਾ ਹਾਂ ਭਈ ਨਬੀ ਕਿਹ ਦੀ ਗੱਲ ਕਰਦਾ ਹੈ, ਆਪਣੀ ਯਾ ਕਿਸੇ ਹੋਰ ਜਣੇ ਦੀ ?
35 ਤਦ ਫ਼ਿਲਿੱਪੁਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰ ਕੇ ਯਿਸੂ ਦੀ ਖੁਸ਼ ਖਬਰੀ ਉਸ ਨੂੰ ਸੁਣਾਈ।
36 ਅਤੇ ਓਹ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਦੇ ਕੋਲ ਅੱਪੜੇ। ਤਾਂ ਉਸ ਖੋਜੇ ਨੇ ਕਿਹਾ ਕਿ ਵੇਖ, ਪਾਣੀ ਹੈਗਾ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ ?
38 ਤਦ ਉਸ ਨੇ ਰਥ ਖੜਾ ਕਰਨ ਦਾ ਹੁਕਮ ਕੀਤਾ ਅਤੇ ਫ਼ਿਲਿੱਪੁਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉਤਰੇ ਅਤੇ ਉਹ ਨੇ ਉਸ ਨੂੰ ਬਪਤਿਸਮਾ ਦਿੱਤਾ।
39 ਅਰ ਜਾਂ ਓਹ ਪਾਣੀ ਵਿੱਚੋਂ ਨਿੱਕਲ ਆਏ ਤਾਂ ਪ੍ਰਭੁ ਦਾ ਆਤਮਾ ਫਿਲਿੱਪੁਸ ਨੂੰ ਫੜ ਲੈ ਗਿਆ ਅਤੇ ਖੋਜੇ ਨੇ ਉਹ ਨੂੰ ਫੇਰ ਨਾ ਵੇਖਿਆ ਕਿਉਂ ਜੋ ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ।
40 ਪਰ ਫ਼ਿਲਿੱਪੁਸ ਅਜ਼ੋਤੁਸ ਵਿੱਚ ਮਿਲਿਆ ਅਰ ਜਦ ਤੀਕੁਰ ਕੈਸਰਿਯਾ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ ਖਬਰੀ ਸੁਣਾਉਂਦਾ ਗਿਆ।
ਕਾਂਡ 9

1 ਪਰ ਸੌਲੁਸ ਅਜੇ ਪ੍ਰਭੁ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ ਹੋਇਆ ਸਰਦਾਰ ਜਾਜਕ ਦੇ ਕੋਲ ਗਿਆ।
2 ਅਤੇ ਉਸ ਕੋਲੋਂ ਦੰਮਿਸਕ ਦੀਆਂ ਸਮਾਜਾਂ ਦੇ ਨਾਉਂ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਭਈ ਜੋ ਇਸ ਪੰਥ ਦੇ ਮੈਨੂੰ ਮਿਲਣ ਭਾਵੇਂ ਮਨੁੱਖ ਭਾਵੇਂ ਤੀਵੀਂ ਤਾਂ ਓਹਨਾਂ ਨੂੰ ਬੱਧੇ ਹੋਏ ਯਰੂਸ਼ਲਮ ਵਿੱਚ ਲਿਆਵਾਂ।
3 ਜਾਂ ਉਹ ਚੱਲਿਆ ਜਾਂਦਾ ਸੀ ਤਾਂ ਐਉਂ ਹੋਇਆ ਜੋ ਉਹ ਦੰਮਿਸਕ ਦੇ ਨੇੜੇ ਆ ਢੁੱਕਿਆ ਅਤੇ ਅਚਾਣਕ ਅਕਾਸ਼ੋਂ ਇੱਕ ਜੋਤ ਉਹ ਦੇ ਚੁਫੇਰੇ ਚਮਕੀ।
4 ਤਾਂ ਉਹ ਭੁੰਞੇਂ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਉਹ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ?
5 ਉਹ ਨੇ ਆਖਿਆ, ਪ੍ਰਭੁ ਜੀ, ਤੂੰ ਕੌਣ ਹੈਂ ? ਉਸ ਨੇ ਕਿਹਾ, ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ।
6 ਪਰ ਉੱਠ ਅਤੇ ਸ਼ਹਿਰ ਵਿੱਚ ਜਾਹ ਅਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ।
7 ਜਿਹੜੇ ਪੁਰਖ ਉਹ ਦੇ ਨਾਲ ਪੈਂਡਾ ਕਰਦੇ ਸਨ ਓਹ ਚੁੱਪ ਚਾਪ ਖੜੇ ਰਹੇ ਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਡਿੱਠਾ ਨਾ ਸੀ।
8 ਸੌਲੁਸ ਭੋਂ ਉੱਤੋਂ ਉੱਠਿਆ ਪਰ ਜਾਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਨਾ ਦਿੱਸਿਆ ਅਰ ਉਹ ਦਾ ਹੱਥ ਫੜ ਕੇ ਦੰਮਿਸਕ ਵਿੱਚ ਲਿਆਏ।
9 ਅਤੇ ਉਹ ਤਿੰਨ ਦਿਨ ਅੰਨ੍ਹਾ ਰਿਹਾ ਅਤੇ ਨਾ ਕੁਝ ਖਾਧਾ ਨਾ ਪੀਤਾ।
10 ਦੰਮਿਸਕ ਵਿੱਚ ਹਨਾਨਿਯਾਹ ਨਾਉਂ ਦਾ ਇੱਕ ਚੇਲਾ ਸੀ। ਉਹ ਨੂੰ ਪ੍ਰਭੁ ਨੇ ਦਰਸ਼ਣ ਦੇ ਕੇ ਕਿਹਾ, ਹੇ ਹਨਾਨਿਯਾਹ ! ਓਸ ਆਖਿਆ, ਪ੍ਰਭੁ ਜੀ ਵੇਖ, ਮੈਂ ਹਾਜ਼ਰ ਹਾਂ।
11 ਤਾਂ ਪ੍ਰਭੁ ਨੇ ਉਹ ਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹਾਉਂਦੀ ਹੈ ਜਾਹ ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮੇ ਤਰਸੁਸ ਦੇ ਰਹਿਣ ਵਾਲੇ ਦੇ ਲਈ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰਦਾ ਹੈ।
12 ਅਤੇ ਉਸ ਨੇ ਹਨਾਨਿਯਾਹ ਨਾਮੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਡਿੱਠਾ ਹੈ ਤਾਂ ਜੋ ਫੇਰ ਸੁਜਾਖਾ ਹੋਵੇ।
13 ਪਰ ਹਨਾਨਿਯਾਹ ਨੇ ਉੱਤਰ ਦਿੱਤਾ ਕਿ ਪ੍ਰਭੁ ਜੀ ਮੈਂ ਬਹੁਤਿਆਂ ਕੋਲੋਂ ਏਸ ਮਨੁੱਖ ਦੀ ਗੱਲ ਸੁਣੀ ਹੈ ਜੋ ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕੇਡੀ ਬੁਰਿਆਈ ਕੀਤੀ ਹੈ !
14 ਅਤੇ ਉਸ ਨੇ ਪਰਧਾਨ ਜਾਜਕਾਂ ਦੀ ਵੱਲੋਂ ਇਸ ਗੱਲ ਦੀ ਮੁਖ਼ਤਿਆਰੀ ਪਾਈ ਹੈ ਭਈ ਏਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਬੰਨ੍ਹ ਲਵੇ।
15 ਪਰ ਪ੍ਰਭੁ ਨੇ ਉਹ ਨੂੰ ਆਖਿਆ, ਤੂੰ ਚੱਲਿਆ ਜਾਹ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ।
16 ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਝ ਝੱਲਣਾ ਪਵੇਗਾ।
17 ਤਦ ਹਨਾਨਿਯਾਹ ਚੱਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਅਰ ਉਸ ਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲੁਸ, ਪ੍ਰਭੁ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਜਿਸ ਤੋਂ ਤੂੰ ਆਇਆ ਸੀ ਵਿਖਾਈ ਦਿੱਤਾ ਮੈਨੂੰ ਘੱਲਿਆ ਹੈ ਭਈ ਤੂੰ ਸੁਜਾਖਾ ਹੋ ਜਾਵੇਂ ਅਰ ਪਵਿੱਤ੍ਰ ਆਤਮਾ ਨਾਲ ਭਰ ਜਾਵੇਂ।
18 ਓਵੇਂ ਉਹ ਦੀਆਂ ਅੱਖਾਂ ਤੋਂ ਛਿਲਕੇ ਜੇਹੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ ਅਤੇ ਉੱਠ ਕੇ ਬਪਤਿਸਮਾ ਲਿਆ ਅਰ ਪਰਸ਼ਾਦ ਛੱਕ ਕੇ ਤਕੜਾ ਹੋ ਗਿਆ।
19 ਫੇਰ ਉਹ ਕਈ ਦਿਨ ਦੰਮਿਸਕ ਵਿੱਚ ਚੇਲਿਆਂ ਦੇ ਨਾਲ ਰਿਹਾ।
20 ਅਰ ਉਹ ਤੁਰਤ ਸਮਾਜਾਂ ਵਿੱਚ ਯਿਸੂ ਦਾ ਪਰਚਾਰ ਕਰਨ ਲੱਗਾ ਭਈ ਉਹ ਪਰਮੇਸ਼ੁਰ ਦਾ ਪੁੱਤ੍ਰ ਹੈ।
21 ਅਤੇ ਸਭ ਸੁਣਨ ਵਾਲੇ ਅਚਰਜ ਹੋ ਕੇ ਬੋਲੇ, ਕੀ ਇਹ ਉਹੋ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ ਕਰਦਾ ਸੀ ਅਤੇ ਉਹ ਇਸੇ ਗੱਲ ਲਈ ਐਥੇ ਆਇਆ ਸੀ ਭਈ ਉਨ੍ਹਾਂ ਨੂੰ ਬੱਧੇ ਹੋਏ ਪਰਧਾਨ ਜਾਜਕਾਂ ਦੇ ਅੱਗੇ ਲੈ ਜਾਵੇ ?
22 ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕਰ ਕੇ ਭਈ ਮਸੀਹ ਇਹੋ ਹੈ ਉਨ੍ਹਾਂ ਯਹੂਦੀਆਂ ਨੂੰ ਜਿਹੜੇ ਦੰਮਿਸਕ ਵਿੱਚ ਰਹਿੰਦੇ ਸਨ ਘਬਰਾ ਦਿੱਤਾ।
23 ਜਾਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਹ ਦੇ ਮਾਰ ਘੱਤਣ ਦਾ ਮਤਾ ਪਕਾਇਆ।
24 ਪਰ ਉਨ੍ਹਾਂ ਦਾ ਮਤਾ ਸੌਲੁਸ ਨੂੰ ਮਲੂਮ ਹੋ ਗਿਆ ਅਤੇ ਉਨ੍ਹਾਂ ਨੇ ਰਾਤ ਦਿਨ ਦਰਵੱਜਿਆਂ ਦੀ ਵੀ ਰਾਖੀ ਕੀਤੀ ਭਈ ਉਹ ਨੂੰ ਮਾਰ ਸੁੱਟਣ।
25 ਪਰ ਉਹ ਦੇ ਚੇਲਿਆਂ ਨੇ ਰਾਤ ਦੇ ਵੇਲੇ ਉਹ ਨੂੰ ਲਿਆ ਅਤੇ ਟੋਕਰੇ ਵਿੱਚ ਬਹਾਲ ਕੇ ਸਫ਼ੀਲ ਉੱਪਰੋਂ ਉਤਾਰ ਦਿੱਤਾ।
26 ਜਾਂ ਉਹ ਯਰੂਸ਼ਲਮ ਵਿੱਚ ਆਇਆ ਤਾਂ ਚੇਲਿਆਂ ਵਿੱਚ ਰਲ ਜਾਣ ਦਾ ਜਤਨ ਕੀਤਾ ਪਰ ਸਭ ਉਸ ਤੋਂ ਡਰਦੇ ਸਨ ਕਿਉਂ ਜੋ ਉਹ ਦੇ ਚੇਲੇ ਹੋਣ ਨੂੰ ਸਤ ਨਾ ਮੰਨਿਆ।
27 ਪਰ ਬਰਨਬਾਸ ਉਹ ਨੂੰ ਰਸੂਲਾਂ ਦੇ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਭਈ ਉਹ ਨੇ ਕਿਸ ਪਰਕਾਰ ਰਾਹ ਵਿੱਚ ਪ੍ਰਭੁ ਨੂੰ ਡਿੱਠਾ ਸੀ ਅਤੇ ਉਸ ਨੇ ਉਹ ਦੇ ਨਾਲ ਗੱਲਾਂ ਕੀਤੀਆਂ ਅਤੇ ਉਹ ਕਿਸ ਤਰਾਂ ਦੰਮਿਸਕ ਵਿੱਚ ਯਿਸੂ ਦੇ ਨਾਮ ਉੱਤੇ ਬੇਧੜਕ ਬਚਨ ਕਰਦਾ ਸੀ।
28 ਤਦ ਉਹ ਉਨ੍ਹਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ ਜਾਂਦਾ ਰਿਹਾ।
29 ਅਤੇ ਪ੍ਰਭੁ ਦੇ ਨਾਮ ਤੇ ਬੇਧੜਕ ਬਚਨ ਕਰਦਾ ਸੀ ਅਤੇ ਯੂਨਾਨੀ-ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ ਪਰ ਉਨ੍ਹਾਂ ਉਹ ਦੇ ਮਾਰ ਸੁੱਟਣ ਨੂੰ ਲੱਕ ਬੱਧਾ।
30 ਜਾਂ ਭਾਈਆਂ ਨੂੰ ਇਹ ਮਲੂਮ ਹੋਇਆ ਤਾਂ ਓਹ ਉਸ ਨੂੰ ਕੈਸਰਿਯਾ ਵਿੱਚ ਲਿਆਏ ਅਤੇ ਤਰਸੁਸ ਦੀ ਵੱਲ ਤੋਰ ਦਿੱਤਾ।
31 ਸੋ ਸਾਰੇ ਯਹੂਦਿਯਾ ਅਤੇ ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸੁਖ ਪਾਇਆ ਅਤੇ ਬਣਦੀ ਗਈ ਅਤੇ ਪ੍ਰਭੁ ਦੇ ਭੌ ਅਤੇ ਪਵਿੱਤ੍ਰ ਆਤਮਾ ਦੀ ਤਸੱਲੀ ਵਿੱਚ ਚੱਲਦਿਆਂ ਹੋਇਆਂ ਵਧਦੀ ਜਾਂਦੀ ਸੀ।
32 ਤਾਂ ਐਉਂ ਹੋਇਆ ਕਿ ਪਤਰਸ ਸਭਨੀਂ ਪਾਸੀਂ ਫਿਰਦਾ ਫਿਰਦਾ ਉਨ੍ਹਾਂ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਵਿੱਚ ਰਹਿੰਦੇ ਸਨ।
33 ਅਰ ਉੱਥੇ ਐਨਿਯਾਸ ਨਾਮੇ ਇੱਕ ਮਨੁੱਖ ਉਹ ਨੂੰ ਮਿਲਿਆ ਜਿਹੜਾ ਅੱਠਾਂ ਵਰਿਹਾਂ ਤੋਂ ਅਧਰੰਗ ਦੇ ਮਾਰੇ ਮੰਜੇ ਉੱਤੇ ਪਿਆ ਹੋਇਆ ਸੀ।
34 ਪਤਰਸ ਨੇ ਉਸ ਨੂੰ ਆਖਿਆ, ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ, ਉੱਠ ਅਤੇ ਆਪਣਾ ਵਿਛਾਉਣਾ ਸੁਧਾਰ, ਅਤੇ ਉਹ ਝੱਟ ਉੱਠਿਆ !
35 ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੁ ਦੀ ਵੱਲ ਫਿਰੇ।
36 ਯਾੱਪਾ ਵਿੱਚ ਤਬਿਥਾ ਕਰਕੇ ਜਿਹ ਦਾ ਅਰਥ ਹਰਨੀ ਹੈ ਇੱਕ ਚੇਲੀ ਸੀ। ਇਹ ਤੀਵੀਂ ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।
37 ਤਾਂ ਐਉਂ ਹੋਇਆ ਕਿ ਉਨ੍ਹੀਂ ਦਿਨੀਂ ਬਿਮਾਰ ਹੋ ਕੇ ਉਹ ਮਰ ਗਈ ਅਤੇ ਉਸ ਨੂੰ ਨੁਲ੍ਹਾ ਧੁਲਾ ਕੇ ਇੱਕ ਚੁਬਾਰੇ ਵਿੱਚ ਰੱਖ ਦਿੱਤਾ।
38 ਅਰ ਇਸ ਲਈ ਜੋ ਲੁੱਦਾ ਯਾੱਪਾ ਦੇ ਨੇੜੇ ਸੀ ਚੇਲਿਆਂ ਨੇ ਇਹ ਸੁਣ ਕੇ ਜੋ ਪਤਰਸ ਉੱਥੇ ਹੀ ਹੈ ਦੋ ਮਨੁੱਖ ਭੇਜ ਕੇ ਉਹ ਦੀ ਮਿੰਨਤ ਕੀਤੀ ਭਈ ਸਾਡੇ ਕੋਲ ਆਉਣ ਵਿੱਚ ਢਿੱਲ ਨਾ ਕਰਿਓ।
39 ਤਦ ਪਤਰਸ ਉੱਠ ਕੇ ਉਨ੍ਹਾਂ ਦੇ ਨਾਲ ਤੁਰ ਪਿਆ ਅਰ ਜਾਂ ਉੱਥੇ ਪੁੱਜਿਆ ਤਾਂ ਓਹ ਉਹ ਨੂੰ ਉਸ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਂ ਉਹ ਦੇ ਕੋਲ ਖੜੀਆਂ ਰੋਂਦੀਆਂ ਸਨ ਅਤੇ ਓਹ ਕੁੜਤੇ ਅਤੇ ਬਸਤਰ ਜੋ ਦੋਰਕਸ ਨੇ ਓਹਨਾਂ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ।
40 ਪਰ ਪਤਰਸ ਨੇ ਸਭਨਾਂ ਨੂੰ ਬਾਹਰ ਕੱਢਿਆ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਅਰ ਲੋਥ ਦੀ ਵੱਲ ਮੁੜ ਕੇ ਕਿਹਾ, ਹੇ ਤਬਿਥਾ, ਉੱਠ ! ਤਾਂ ਉਸ ਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ !
41 ਉਹ ਨੇ ਹੱਥ ਦੇ ਕੇ ਉਸ ਨੂੰ ਉਠਾਲਿਆ ਅਤੇ ਸੰਤਾਂ ਅਰ ਵਿਧਵਾਂ ਨੂੰ ਸੱਦ ਕੇ ਉਸ ਨੂੰ ਉਨ੍ਹਾਂ ਦੇ ਅੱਗੇ ਜੀਉਂਦੀ ਹਾਜ਼ਰ ਕੀਤਾ।
42 ਇਹ ਗੱਲ ਸਾਰੇ ਯਾੱਪਾ ਵਿੱਚ ਉਜਾਗਰ ਹੋ ਗਈ ਅਰ ਬਥੇਰਿਆਂ ਨੇ ਪ੍ਰਭੁ ਉੱਤੇ ਨਿਹਚਾ ਕੀਤੀ।
43 ਫੇਰ ਐਉਂ ਹੋਇਆ ਕਿ ਉਹ ਬਹੁਤ ਦਿਨ ਯਾੱਪਾ ਵਿੱਚ ਸ਼ਮਊਨ ਨਾਮੇ ਇੱਕ ਖਟੀਕ ਦੇ ਘਰ ਟਿਕਿਆ।
ਕਾਂਡ 10

1 ਕੈਸਰਿਯਾ ਵਿੱਚ ਕੁਰਨੇਲਿਯੁਸ ਕਰਕੇ ਇੱਕ ਮਨੁੱਖ ਸੀ ਜਿਹੜਾ ਇਤਾਲਿਯਾਨੀ ਨਾਮੇ ਇੱਕ ਪਲਟਣ ਦਾ ਸੂਬੇਦਾਰ ਸੀ।
2 ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ੁਰ ਦਾ ਭੌ ਕਰਨ ਵਾਲਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਨਿੱਤ ਪਰਮੇਸ਼ੁਰ ਅੱਗੇ ਬੇਨਤੀ ਕਰਦਾ ਸੀ।
3 ਉਹ ਨੇ ਦਿਨ ਦੇ ਤੀਏਕੁ ਪਹਿਰ ਦਰਸ਼ਣ ਪਾ ਕੇ ਸਾਫ਼ ਵੇਖਿਆ ਭਈ ਪਰਮੇਸ਼ੁਰ ਦਾ ਇੱਕ ਦੂਤ ਉਹ ਦੇ ਕੋਲ ਅੰਦਰ ਆਇਆ ਅਤੇ ਉਹ ਨੂੰ ਆਖਿਆ, ਹੇ ਕੁਰਨੇਲਿਯੁਸ !
4 ਉਹ ਨੇ ਉਸ ਦੀ ਵੱਲ ਧਿਆਨ ਕਰ ਕੇ ਵੇਖਿਆ ਅਤੇ ਡਰ ਕੇ ਕਿਹਾ, ਪ੍ਰਭੁ ਜੀ, ਕੀ ਹੈ ? ਉਸ ਨੇ ਉਹ ਨੂੰ ਆਖਿਆ, ਤੇਰੀਆਂ ਪ੍ਰਾਰਥਨਾਂ ਅਤੇ ਤੇਰੇ ਦਾਨ ਯਾਦਗੀਰੀ ਦੇ ਲਈ ਪਰਮੇਸ਼ੁਰ ਦੇ ਹਜ਼ੂਰ ਪਹੁੰਚੇ।
5 ਅਤੇ ਹੁਣ ਯਾੱਪਾ ਨੂੰ ਮਨੁੱਖ ਭੇਜ ਕੇ ਉਸ ਸ਼ਮਊਨ ਨੂੰ ਜਿਹੜਾ ਪਤਰਸ ਸੱਦੀਦਾ ਹੈ ਬੁਲਵਾ ਲੈ।
6 ਉਹ ਕਿਸੇ ਸ਼ਮਊਨ ਖਟੀਕ ਦੇ ਉਤਰਿਆ ਹੋਇਆ ਹੈ ਜਿਹ ਦਾ ਘਰ ਸਮੁੰਦਰ ਦੇ ਕੰਢੇ ਹੈ।
7 ਅਰ ਜਾਂ ਉਹ ਦੂਤ ਜਿਹ ਨੇ ਉਸ ਨਾਲ ਗੱਲਾਂ ਕੀਤੀਆਂ ਸਨ ਚੱਲਿਆ ਗਿਆ ਤਾਂ ਉਹ ਨੇ ਆਪਣੇ ਟਹਿਲੂਆਂ ਵਿੱਚੋਂ ਦੋ ਜਣੇ ਅਤੇ ਉਨ੍ਹਾਂ ਵਿੱਚੋਂ ਜਿਹੜੇ ਨਿੱਤ ਉਹ ਦੇ ਕੋਲ ਰਹਿੰਦੇ ਸਨ ਇੱਕ ਧਰਮੀ ਸਿਪਾਹੀ ਨੂੰ ਸੱਦਿਆ।
8 ਅਤੇ ਸਭ ਗੱਲਾਂ ਉਨ੍ਹਾਂ ਨੂੰ ਸੁਣਾ ਕੇ ਯਾੱਪਾ ਨੂੰ ਘੱਲਿਆ।
9 ਦੂਜੇ ਦਿਨ ਜਾਂ ਓਹ ਰਾਹ ਵਿੱਚ ਚੱਲੇ ਜਾਂਦੇ ਸਨ ਅਤੇ ਨਗਰ ਦੇ ਨੇੜੇ ਜਾ ਢੁੱਕੇ ਤਾਂ ਪਤਰਸ ਦੁਪਹਿਰਕੁ ਵੇਲੇ ਕੋਠੇ ਉੱਤੇ ਪ੍ਰਾਰਥਨਾ ਕਰਨ ਗਿਆ।
10 ਅਤੇ ਉਹ ਨੂੰ ਭੁੱਖ ਲੱਗੀ ਅਰ ਉਹ ਨੇ ਚਾਹਿਆ ਭਈ ਕੁਝ ਖਾਵੇ ਪਰ ਜਾਂ ਓਹ ਤਿਆਰ ਕਰ ਰਹੇ ਸਨ ਉਹ ਬੇਸੁਧ ਹੋ ਗਿਆ।
11 ਅਤੇ ਕੀ ਵੇਖਦਾ ਹੈ ਕਿ ਅਕਾਸ਼ ਖੁਲ੍ਹਾ ਹੈ ਅਤੇ ਇੱਕ ਚੀਜ਼ ਵੱਡੀ ਚਾਦਰ ਦੇ ਸਮਾਨ ਚੌਹੁੰ ਪੱਲਿਆਂ ਤੋਂ ਧਰਤੀ ਦੀ ਵੱਲ ਲਮਕਾਈ ਹੋਈ ਹੇਠਾਂ ਉਤਰਦੀ ਹੈ।
12 ਉਸ ਵਿੱਚ ਸਭ ਤਰਾਂ ਦੇ ਚੁਪਾਏ ਅਰ ਧਰਤੀ ਦੇ ਘਿੱਸਰਨ ਵਾਲੇ ਜੀਉ ਜੰਤ ਅਤੇ ਅਕਾਸ਼ ਦੇ ਪੰਛੀ ਸਨ।
13 ਅਤੇ ਉਹ ਨੂੰ ਇੱਕ ਅਵਾਜ਼ ਆਈ ਕਿ ਹੇ ਪਤਰਸ ਉੱਠ ਅਤੇ ਕੱਟ ਕੇ ਖਾਹ !
14 ਪਰ ਪਤਰਸ ਨੇ ਆਖਿਆ, ਨਾ ਪ੍ਰਭੁ ਜੀ ਐਉਂ ਨਹੀਂ ਹੋਣਾ ਕਿਉਂ ਜੋ ਮੈਂ ਕੋਈ ਅਸ਼ੁੱਧ ਯਾ ਭ੍ਰਿਸ਼ਟ ਚੀਜ਼ ਕਦੇ ਨਹੀਂ ਖਾਧੀ।
15 ਫੇਰ ਦੂਈ ਵਾਰ ਉਹ ਨੂੰ ਅਵਾਜ਼ ਆਈ ਕਿ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹੁ।
16 ਇਹ ਤਿੰਨ ਵਾਰੀ ਹੋਇਆ ਅਰ ਝੱਟ ਉਹ ਚੀਜ਼ ਅਕਾਸ਼ ਉੱਤੇ ਚੁੱਕੀ ਗਈ।
17 ਜਾਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਭਈ ਇਹ ਦਰਸ਼ਣ ਜਿਹੜਾ ਮੈਂ ਵੇਖਿਆ ਹੈ ਸੋ ਕੀ ਹੋਊ ? ਤਾਂ ਵੇਖੋ ਓਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਮਊਨ ਦਾ ਘਰ ਪੁੱਛਦੇ ਪੁੱਛਦੇ ਡੇਉੜ੍ਹੀ ਤੇ ਆਣ ਖੜੋਤੇ।
18 ਅਤੇ ਹਾਕ ਮਾਰ ਕੇ ਪੁੱਛਿਆ ਭਈ ਸ਼ਮਊਨ ਜਿਹ ਨੂੰ ਪਤਰਸ ਕਰਕੇ ਆਖੀਦਾ ਹੈ ਏਥੇ ਹੀ ਉਤਰਿਆ ਹੋਇਆ ਹੈ ?
19 ਜਾਂ ਪਤਰਸ ਉਸ ਦਰਸ਼ਣ ਦੀ ਸੋਚ ਵਿੱਚ ਪਿਆ ਹੋਇਆ ਸੀ ਤਾਂ ਆਤਮਾ ਨੇ ਉਹ ਨੂੰ ਆਖਿਆ, ਵੇਖ ਤਿੰਨ ਮਨੁੱਖ ਤੈਨੂੰ ਭਾਲਦੇ ਹਨ।
20 ਪਰ ਤੂੰ ਉੱਠ ਅਤੇ ਹੇਠਾਂ ਜਾਹ ਅਰ ਨਿਸੰਗ ਉਨ੍ਹਾਂ ਦੇ ਨਾਲ ਤੁਰ ਪਉ ਕਿਉਂ ਜੋ ਉਨ੍ਹਾਂ ਨੂੰ ਮੈਂ ਭੇਜਿਆ ਹੈ।
21 ਤਦ ਪਤਰਸ ਨੇ ਉਨ੍ਹਾਂ ਮਨੁੱਖਾਂ ਕੋਲ ਉੱਤਰ ਕੇ ਕਿਹਾ ਕਿ ਵੇਖੋ, ਜਿਹ ਨੂੰ ਤੁਸੀਂ ਭਾਲਦੇ ਹੋ ਸੋ ਮੈਂ ਹੀ ਹਾਂ। ਤੁਸੀਂ ਕਾਹ ਦੇ ਲਈ ਆਏ ਹੋ?
22 ਓਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਪੁਰਖ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਾ ਅਰ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤ੍ਰ ਦੂਤ ਨੇ ਹੁਕਮ ਦਿੱਤਾ ਭਈ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਗੱਲਾਂ ਸੁਣੇ।
23 ਤਦ ਉਸ ਨੇ ਉਨ੍ਹਾਂ ਨੂੰ ਅੰਦਰ ਸੱਦ ਕੇ ਆਦਰ ਭਾਉ ਕੀਤਾ। ਦੂਜੇ ਦਿਨ ਉਹ ਉੱਠ ਕੇ ਉਨ੍ਹਾਂ ਦੇ ਨਾਲ ਗਿਆ ਅਤੇ ਕਈ ਭਾਈ ਯਾੱਪਾ ਦੇ ਰਹਿਣ ਵਾਲੇ ਉਹ ਦੇ ਨਾਲ ਹੋ ਤੁਰੇ।
24 ਅਗਲੇ ਭਲਕ ਓਹ ਕੈਸਰਿਯਾ ਵਿੱਚ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਸਾਕਾਂ ਅਰ ਪਿਆਰੇ ਮਿੱਤ੍ਰਾਂ ਨੂੰ ਇਕੱਠੇ ਕਰ ਕੇ ਓਹਨਾਂ ਦਾ ਰਾਹ ਵੇਖ ਰਿਹਾ ਸੀ।
25 ਜਾਂ ਪਤਰਸ ਅੰਦਰ ਜਾਣ ਲੱਗਾ ਤਾਂ ਐਉਂ ਹੋਇਆ ਕਿ ਕੁਰਨੇਲਿਯੁਸ ਉਹ ਨੂੰ ਆ ਮਿਲਿਆ ਅਤੇ ਉਹ ਦੇ ਪੈਰੀਂ ਪੈ ਕੇ ਮੱਥਾ ਟੇਕਿਆ।
26 ਪਰ ਪਤਰਸ ਨੇ ਉਸ ਨੂੰ ਉੱਠਾ ਕੇ ਆਖਿਆ, ਉੱਠ ਖਲੋ, ਮੈਂ ਆਪ ਭੀ ਤਾਂ ਮਨੁੱਖ ਹੀ ਹਾਂ।
27 ਅਰ ਉਸ ਨਾਲ ਗੱਲਾਂ ਬਾਤਾਂ ਕਰਦਾ ਅੰਦਰ ਗਿਆ ਅਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਵੇਖੇ।
28 ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ ਮਿਲਾਪ ਰੱਖਣਾ ਯਾ ਉਹ ਦੇ ਘਰ ਜਾਣਾ ਮਨਾ ਹੈ ਪਰੰਤੂ ਪਰਮੇਸ਼ੁਰ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਭਈ ਮੈਂ ਕਿਸੇ ਮਨੁੱਖ ਨੂੰ ਅਸ਼ੁੱਧ ਯਾ ਭਰਿਸ਼ਟ ਨਾ ਕਹਾਂ।
29 ਇਸ ਲਈ ਮੈਂ ਜਾਂ ਸੱਦਿਆ ਗਿਆ ਤਾਂ ਇਹ ਦੇ ਵਿਰੁੱਧ ਕੁਝ ਨਾ ਕਹਿ ਕੇ ਚੱਲਿਆ ਆਇਆ। ਸੋ ਮੈਂ ਇਹ ਪੁੱਛਣਾ ਹਾਂ ਭਈ ਤੁਸਾਂ ਮੈਨੂੰ ਕਾਹ ਦੇ ਲਈ ਬੁਲਾਇਆ ਹੈ ?
30 ਕੁਰਨੇਲਿਯੁਸ ਨੇ ਕਿਹਾ ਕਿ ਚਾਰ ਦਿਨ ਹੋਏ ਮੈਂ ਇਸੇ ਵੇਲੇ ਤੀਕੁਰ ਆਪਣੇ ਘਰ ਵਿੱਚ ਤੀਜੇ ਪਹਿਰ ਦੀ ਪ੍ਰਾਰਥਨਾ ਕਰ ਰਿਹਾ ਸਾਂ ਅਤੇ ਵੇਖੋ, ਇੱਕ ਪੁਰਖ ਭੜਕੀਲੇ ਬਸਤਰ ਪਹਿਨੀ ਮੇਰੇ ਸਾਹਮਣੇ ਖੜਾ ਸੀ।
31 ਅਤੇ ਕਹਿੰਦਾ ਸੀ, ਹੇ ਕੁਰਨੇਲਿਯੁਸ ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ੁਰ ਦੀ ਦਰਗਾਹੇ ਯਾਦ ਹੋਏ।
32 ਇਸ ਲਈ ਯਾੱਪਾ ਵੱਲ ਮਨੁੱਖ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਬੁਲਵਾ ਲੈ। ਉਹ ਸਮੁੰਦਰ ਦੇ ਕੰਢੇ ਸ਼ਮਊਨ ਖਟੀਕ ਦੇ ਘਰ ਉਤਰਿਆ ਹੋਇਆ ਹੈ।
33 ਉਪਰੰਤ ਮੈਂ ਓਸੇ ਵੇਲੇ ਮਨੁੱਖ ਤੇਰੇ ਕੋਲ ਘੱਲੇ ਅਤੇ ਤੈਂ ਚੰਗਾ ਕੀਤਾ ਜੋ ਏਥੇ ਆਇਆ। ਸੋ ਹੁਣ ਅਸੀਂ ਸੱਭੇ ਪਰਮੇਸ਼ੁਰ ਦੇ ਅੱਗੇ ਹਾਜ਼ਰ ਹਾਂ ਭਈ ਜੋ ਕੁਝ ਪ੍ਰਭੁ ਨੇ ਤੈਨੂੰ ਹੁਕਮ ਕੀਤਾ ਹੈ ਸੋ ਸੁਣੀਏ।
34 ਤਦ ਪਤਰਸ ਨੇ ਮੂੰਹ ਖੋਲ੍ਹ ਕੇ ਆਖਿਆ, ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ।
35 ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।
36 ਜਿਹੜਾ ਬਚਨ ਉਸ ਨੇ ਇਸਰਾਏਲ ਦੇ ਵੰਸ ਦੇ ਕੋਲ ਘੱਲਿਆ ਜਦ ਯਿਸੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੁ ਹੈ ਸੁਲਾਹ ਦੀ ਖੁਸ਼ ਖਬਰੀ ਸੁਣਾਈ।
37 ਉਸ ਗੱਲ ਨੂੰ ਤੁਸੀਂ ਆਪ ਜਾਣਦੇ ਹੋ ਜਿਹੜੀ ਉਸ ਬਪਤਿਸਮਾ ਦੇ ਮਗਰੋਂ ਜਿਹ ਦਾ ਯੂਹੰਨਾ ਨੇ ਪਰਚਾਰ ਕੀਤਾ ਸੀ ਗਲੀਲ ਤੋਂ ਸਾਰੇ ਯਹੂਦਿਯਾ ਵਿੱਚ ਫੈਲ ਗਈ।
38 ਅਰਥਾਤ ਯਿਸੂ ਨਾਸਰੀ ਭਈ ਪਰਮੇਸ਼ੁਰ ਨੇ ਕਿਸ ਬਿਧ ਨਾਲ ਉਹ ਨੂੰ ਪਵਿੱਤ੍ਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ।
39 ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਹ ਨੇ ਯਹੂਦੀਆਂ ਦੇ ਦੇਸ ਅਤੇ ਯਰੂਸ਼ਲਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਹ ਨੂੰ ਰੁੱਖ ਉੱਤੇ ਲਮਕਾ ਕੇ ਮਾਰ ਸੁੱਟਿਆ।
40 ਉਹ ਨੂੰ ਪਰਮੇਸ਼ੁਰ ਨੇ ਤੀਜੇ ਦਿਨ ਜਿਵਾਲਿਆ ਅਤੇ ਉਹ ਨੂੰ ਪਰਗਟ ਹੋਣ ਦਿੱਤਾ।
41 ਸਭਨਾਂ ਲੋਕਾਂ ਉੱਤੇ ਨਹੀਂ ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ ਅੱਗਿਓਂ ਹੀ ਪਰਮੇਸ਼ੁਰ ਦੇ ਚੁਣੇ ਹੋਏ ਸਨ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਉਹ ਦੇ ਨਾਲ ਖਾਧਾ ਪੀਤਾ।
42 ਅਤੇ ਉਹ ਨੇ ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ ਦਿਓ ਜੋ ਇਹ ਉਹੋ ਹੈ ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰਨ ਵਾਲਾ ਹੋਵੇ।
43 ਉਹ ਦੇ ਉੱਤੇ ਸਭ ਨਬੀ ਸਾਖੀ ਦਿੰਦੇ ਹਨ ਕਿ ਜੋ ਕੋਈ ਉਹ ਦੇ ਉੱਤੇ ਨਿਹਚਾ ਕਰੇ ਸੋ ਉਹ ਦੇ ਨਾਮ ਕਰਕੇ ਪਾਪਾਂ ਦੀ ਮਾਫ਼ੀ ਪਾਵੇਗਾ।
44 ਪਤਰਸ ਏਹ ਗੱਲਾਂ ਕਰਦਾ ਹੀ ਸੀ ਕਿ ਪਵਿੱਤ੍ਰ ਆਤਮਾ ਬਚਨ ਦੇ ਸਭਨਾਂ ਸੁਣਨ ਵਾਲਿਆਂ ਤੇ ਉਤਰਿਆ।
45 ਅਰ ਸੁੰਨਤ ਕੀਤੇ ਹੋਏ ਨਿਹਚਾਵਾਨ ਜਿੰਨੇ ਪਤਰਸ ਦੇ ਨਾਲ ਆਏ ਸਨ ਸਭ ਦੰਗ ਹੋ ਗਏ ਜੋ ਪਰਾਈਆਂ ਕੌਮਾਂ ਦੇ ਲੋਕਾਂ ਉੱਤੇ ਵੀ ਪਵਿੱਤ੍ਰ ਆਤਮਾ ਦੀ ਦਾਤ ਵਹਾਈ ਗਈ।
46 ਕਿਉਂ ਜੋ ਉਨ੍ਹਾਂ ਨੇ ਓਹਨਾਂ ਨੂੰ ਬੋਲੀਆਂ ਬੋਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਸੁਣਿਆ। ਤਦ ਪਤਰਸ ਨੇ ਅੱਗੋਂ ਆਖਿਆ,
47 ਕੀ ਕੋਈ ਪਾਣੀ ਨੂੰ ਰੋਕ ਸੱਕਦਾ ਹੈ ਕਿ ਏਹਨਾਂ ਲੋਕਾਂ ਨੂੰ ਜਿਨ੍ਹਾਂ ਸਾਡੇ ਵਾਂਙੁ ਪਵਿੱਤ੍ਰ ਆਤਮਾ ਪਾਇਆ ਹੈ ਬਪਤਿਸਮਾ ਨਾ ਦਿੱਤਾ ਜਾਵੇ ? 48 ਅਤੇ ਉਸ ਨੇ ਹੁਕਮ ਕੀਤਾ ਕਿ ਓਹਨਾਂ ਨੂੰ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਜਾਵੇ। ਫੇਰ ਓਹਨਾਂ ਉਸ ਦੀ ਮਿੰਨਤ ਕੀਤੀ ਭਈ ਉਹ ਕੁਝ ਦਿਨ ਉੱਥੇ ਰਹੇ।
ਕਾਂਡ 11

1 ਰਸੂਲਾਂ ਅਰ ਭਾਈਆਂ ਨੇ ਜੋ ਯਹੂਦਿਯਾ ਵਿੱਚ ਸਨ ਸੁਣਿਆ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ਰ ਦਾ ਬਚਨ ਮੰਨ ਲਿਆ ਹੈ।
2 ਅਤੇ ਜਾਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਓਹ ਜਿਹੜੇ ਸੁੰਨਤੀਆਂ ਵਿੱਚੋਂ ਸਨ।
3 ਉਹ ਦੇ ਨਾਲ ਇਹ ਕਹਿ ਕੇ ਝਗੜਨ ਲੱਗੇ ਭਈ ਤੈਂ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ !
4 ਤਦ ਪਤਰਸ ਸ਼ੁਰੂ ਕਰ ਕੇ ਜਿਵੇਂ ਹੋਇਆ ਸੀ ਤਿਵੇਂ ਉਨ੍ਹਾਂ ਦੇ ਅੱਗੇ ਬਿਆਨ ਕਰ ਕੇ ਕਹਿਣ ਲੱਗਾ।
5 ਕਿ ਮੈਂ ਯਾੱਪਾ ਦੇ ਨਗਰ ਵਿੱਚ ਪ੍ਰਾਰਥਨਾ ਕਰਦਾ ਸਾ ਅਤੇ ਬੇਸੁਧੀ ਵਿੱਚ ਦਰਸ਼ਣ ਡਿੱਠਾ ਕਿ ਇੱਕ ਚੀਜ਼ ਵੱਡੀ ਚਾਦਰ ਦੇ ਸਮਾਨ ਚੌਹੁੰ ਪੱਲਿਆਂ ਤੋਂ ਅਕਾਸ਼ੋਂ ਲਮਕਾਈ ਹੋਈ ਉਤਰਦੀ ਮੇਰੇ ਤੀਕੁਰ ਆਈ।
6 ਜਾਂ ਮੈਂ ਉਹ ਦੀ ਵੱਲ ਧਿਆਨ ਕਰ ਕੇ ਸੋਚਿਆ ਤਾਂ ਧਰਤੀ ਦੇ ਚੁਪਾਏ ਅਤੇ ਜੰਗਲੀ ਜਨਾਉਰ ਅਤੇ ਘਿੱਸਰਨ ਵਾਲੇ ਜੀਉ ਜੰਤ ਅਤੇ ਅਕਾਸ਼ ਦੇ ਪੰਛੀ ਵੇਖੇ।
7 ਅਤੇ ਮੈਂ ਇੱਕ ਅਵਾਜ਼ ਭੀ ਸੁਣੀ ਜੋ ਮੈਨੂੰ ਆਖਦੀ ਹੈ, ਹੇ ਪਤਰਸ ਉੱਠ ਅਤੇ ਕੱਟ ਕੇ ਖਾਹ।
8 ਪਰ ਮੈਂ ਆਖਿਆ, ਨਾ ਪ੍ਰਭੁ ਜੀ ਐਉਂ ਨਹੀਂ ਹੋਣਾ ਕਿਉਂ ਜੋ ਕੋਈ ਅਸ਼ੁੱਧ ਯਾ ਭ੍ਰਿਸ਼ਟ ਚੀਜ਼ ਮੇਰੇ ਮੂੰਹ ਵਿੱਚ ਕਦੇ ਨਹੀਂ ਆਈ !
9 ਅਤੇ ਦੂਜੀ ਵਾਰ ਅਵਾਜ਼ ਨੇ ਅਕਾਸ਼ੋਂ ਉੱਤਰ ਦਿੱਤਾ ਭਈ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹੁ।
10 ਇਹ ਤਿੰਨ ਵਾਰੀ ਹੋਇਆ ਅਤੇ ਉਹ ਸਭ ਕੁਝ ਫੇਰ ਅਕਾਸ਼ ਵੱਲ ਖਿੱਚਿਆ ਗਿਆ।
11 ਅਰ ਵੇਖੋ ਕਿ ਓਸੇ ਵੇਲੇ ਘਰ ਦੇ ਅੱਗੇ ਜਿੱਥੇ ਅਸੀਂ ਸਾਂ ਤਿੰਨ ਮਨੁੱਖ ਆਣ ਖਲੋਤੇ ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਘੱਲੇ ਹੋਏ ਸਨ।
12 ਅਰ ਆਤਮਾ ਨੇ ਮੈਨੂੰ ਕਿਹਾ ਭਈ ਤੂੰ ਉਨ੍ਹਾਂ ਦੇ ਨਾਲ ਚੱਲਿਆ ਜਾਹ ਅਤੇ ਕੁਝ ਭਿੰਨ ਭੇਦ ਨਾ ਰੱਖ ਅਤੇ ਏਹ ਛੇਓ ਭਾਈ ਵੀ ਮੇਰੇ ਨਾਲ ਤੁਰ ਪਏ ਅਤੇ ਅਸੀਂ ਉਸ ਮਨੁੱਖ ਦੇ ਘਰ ਜਾ ਵੜੇ।
13 ਤਦ ਉਸ ਨੇ ਸਾਨੂੰ ਦੱਸਿਆ ਭਈ ਕਿੱਕੁਰ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ ਜਿਨ ਆਖਿਆ ਕਿ ਯਾੱਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਬੁਲਵਾ।
14 ਉਹ ਤੈਨੂੰ ਅਜੇਹੀਆਂ ਗੱਲਾਂ ਸੁਣਾਵੇਗਾ ਜਿਨ੍ਹਾਂ ਤੋਂ ਤੂੰ ਅਤੇ ਤੇਰਾ ਸਾਰਾ ਘਰ ਬਚਾਏ ਜਾਓਗੇ।
15 ਅਤੇ ਜਾਂ ਮੈਂ ਗੱਲਾਂ ਕਰਨ ਲੱਗਾ ਤਾਂ ਪਵਿੱਤ੍ਰ ਆਤਮਾ ਉਨ੍ਹਾਂ ਤੇ ਉਤਰਿਆ ਜਿਸ ਤਰਾਂ ਪਹਿਲਾਂ ਸਾਡੇ ਉੱਤੇ ਉਤਰਿਆ ਸੀ।
16 ਤਦ ਮੈਨੂੰ ਪ੍ਰਭੁ ਦਾ ਬਚਨ ਚੇਤੇ ਆਇਆ ਕਿ ਕਿਸ ਤਰਾਂ ਉਹ ਨੇ ਆਖਿਆ ਸੀ ਭਈ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।
17 ਇਸ ਲਈ ਜਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੋ ਜਹੀ ਦਾਤ ਦਿੱਤੀ ਜਹੀ ਸਾਨੂੰ ਭੀ ਜਦ ਅਸੀਂ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਤਾਂ ਫੇਰ ਮੈਂ ਕੌਣ ਸਾਂ ਜੋ ਪਰਮੇਸ਼ੁਰ ਨੂੰ ਰੋਕ ਸੱਕਦਾ ?
18 ਜਾਂ ਉਨ੍ਹਾਂ ਏਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਤਦ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਭੀ ਜੀਉਣ ਲਈ ਤੋਬਾ ਬਖ਼ਸ਼ੀ ਹੈ !
19 ਉਪਰੰਤ ਓਹ ਲੋਕ ਜਿਹੜੇ ਉਸ ਬਿਪਤਾ ਤੋਂ ਜੋ ਇਸਤੀਫ਼ਾਨ ਦੇ ਕਾਰਨ ਹੋਈ ਸੀ ਛਿੰਨ ਭਿੰਨ ਹੋ ਗਏ ਸਨ ਓਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਯਾ ਤੀਕੁਰ ਫਿਰਦਿਆਂ ਹੋਇਆਂ ਯਹੂਦੀਆਂ ਤੋਂ ਬਿਨਾ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ।
20 ਪਰ ਉਨ੍ਹਾਂ ਵਿੱਚੋਂ ਕਈ ਕੁਪਰੁਸ ਅਰ ਕੁਰੇਨੇ ਦੇ ਮਨੁੱਖ ਸਨ ਜਿਨ੍ਹਾਂ ਅੰਤਾਕਿਯਾ ਵਿੱਚ ਆਣ ਕੇ ਪ੍ਰਭੁ ਯਿਸੂ ਦੀ ਖੁਸ਼ ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਭੀ ਗੱਲਾਂ ਕੀਤੀਆਂ।
21 ਅਤੇ ਪ੍ਰਭੁ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਬਾਹਲੇ ਲੋਕ ਨਿਹਚਾ ਕਰ ਕੇ ਪ੍ਰਭੁ ਦੀ ਵੱਲ ਫਿਰੇ।
22 ਉਨ੍ਹਾਂ ਦੀ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੀਕੁ ਪਹੁੰਚੀ। ਤਾਂ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਤਾਈਂ ਘੱਲਿਆ।
23 ਸੋ ਜਾਂ ਓਹ ਉੱਥੇ ਪਹੁੰਚਿਆ ਅਤੇ ਪਰਮੇਸ਼ੁਰ ਦੀ ਕਿਰਪਾ ਵੇਖੀ ਤਾਂ ਅਨੰਦ ਹੋਇਆ ਅਰ ਉਨ੍ਹਾਂ ਸਭਨਾਂ ਨੂੰ ਉਪਦੇਸ਼ ਦਿੱਤਾ ਭਈ ਦਿਲ ਦੀ ਤਕੜਾਈ ਨਾਲ ਪ੍ਰਭੁ ਵੱਲ ਲੱਗੇ ਰਹੋ।
24 ਕਿਉਂਕਿ ਉਹ ਭਲਾ ਮਾਨਸ ਅਰ ਪਵਿੱਤ੍ਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ ਅਰ ਬਹੁਤ ਸਾਰੇ ਲੋਕ ਪ੍ਰਭੁ ਦੇ ਨਾਲ ਮਿਲ ਗਏ।
25 ਤਾਂ ਉਹ ਸੌਲੁਸ ਦੀ ਭਾਲ ਕਰਨ ਤਰਸੁਸ ਨੂੰ ਗਿਆ।
26 ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਰ ਇਉਂ ਹੋਇਆ ਜੋ ਓਹ ਇੱਕ ਪੂਰਾ ਸਾਲ ਕਲੀਸਿਯਾ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਅਤੇ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ।
27 ਉਨ੍ਹੀਂ ਦਿਨੀਂ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ।
28 ਇੱਕ ਨੇ ਉਨ੍ਹਾਂ ਵਿੱਚੋਂ ਜਿਹ ਦਾ ਨਾਮ ਆਗਬੁਸ ਸੀ ਉੱਠ ਕੇ ਆਤਮਾ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆ ਵਿੱਚ ਵੱਡਾ ਕਾਲ ਪਏਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ।
29 ਅਤੇ ਚੇਲਿਆਂ ਵਿੱਚੋਂ ਹਰੇਕ ਨੇ ਆਪੋ ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਾਈਆਂ ਦੀ ਮੱਦਤ ਲਈ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ ਕੁਝ ਘੱਲਣ ਦੀ ਦਲੀਲ ਕੀਤੀ ।
30 ਸੋ ਉਨ੍ਹਾਂ ਨੇ ਏਵੇਂ ਹੀ ਕੀਤਾ ਅਤੇ ਬਰਨਬਾਸ ਅਰ ਸੌਲੁਸ ਦੇ ਹੱਥੀਂ ਬਜੁਰਗਾਂ ਦੇ ਕੋਲ ਉਹ ਘੱਲਿਆ।
ਕਾਂਡ 12

1 ਉਸ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਵਿੱਚ ਕਈ ਲੋਕਾਂ ਨੂੰ ਦੁੱਖ ਦੇਣ ਲਈ ਹੱਥ ਚੁੱਕਿਆ।
2 ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਸੁੱਟਿਆ।
3 ਅਤੇ ਜਾਂ ਵੇਖਿਆ ਭਈ ਯਹੂਦੀਆਂ ਨੂੰ ਇਹ ਕੰਮ ਚੰਗਾ ਲੱਗਾ ਤਾਂ ਹੋਰ ਭੀ ਵਾਧਾ ਕੀਤਾ ਜੋ ਪਤਰਸ ਨੂੰ ਭੀ ਫੜ ਲਿਆ। ਏਹ ਪਤੀਰੀ ਰੋਟੀ ਦੇ ਦਿਨ ਸਨ।
4 ਸੋ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਚੌਹੁੰ ਚੌਹੁੰ ਸਿਪਾਹੀਆਂ ਦੇ ਚੌਹੁੰ ਪਹਿਰਿਆਂ ਦੇ ਹਵਾਲੇ ਕੀਤਾ ਭਈ ਉਹ ਦੀ ਚੌਕਸੀ ਕਰਨ ਅਤੇ ਦਾਯਾ ਕੀਤਾ ਜੋ ਉਹ ਨੂੰ ਪਸਾਹ ਦੇ ਤਿਉਹਾਰ ਦੇ ਪਿੱਛੋਂ ਲੋਕਾਂ ਦੇ ਅੱਗੇ ਕੱਢ ਲਿਆਵੇ।
5 ਸੋ ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ ਪਰ ਕਲੀਸਿਯਾ ਉਹ ਦੇ ਲਈ ਪਰਮੇਸ਼ੁਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ।
6 ਜਾਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ ਉਸ ਰਾਤ ਪਤਰਸ ਦੋਹੁੰ ਸੰਗਲਾਂ ਨਾਲ ਜਕੜਿਆ ਹੋਇਆ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ ਅਰ ਪਹਿਰੇ ਵਾਲੇ ਕੈਦਖ਼ਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ।
7 ਤਾਂ ਵੇਖੋ, ਪ੍ਰਭੁ ਦਾ ਇੱਕ ਦੂਤ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰਿਆ ਅਤੇ ਉਹ ਨੂੰ ਜਗਾ ਕੇ ਆਖਿਆ ਕਿ ਛੇਤੀ ਉੱਠ ਅਤੇ ਉਹ ਦੇ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ।
8 ਅਰ ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ ਤਾਂ ਉਹ ਨੇ ਏਸੇ ਤਰਾਂ ਕੀਤਾ। ਫੇਰ ਉਸ ਨੇ ਉਹ ਨੂੰ ਆਖਿਆ, ਆਪਣੀ ਚਾਦਰ ਓੜ੍ਹ ਕੇ ਮੇਰੇ ਮਗਰ ਆ ਜਾਹ।
9 ਅਤੇ ਉਹ ਨਿੱਕਲ ਕੇ ਉਸ ਦੇ ਪਿੱਛੇ ਪਿੱਛੇ ਤੁਰ ਪਿਆ ਅਰ ਨਾ ਜਾਤਾ ਭਈ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ ਸਗੋਂ ਇਹ ਸਮਝਿਆ ਜੋ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ।
10 ਤਦ ਓਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਲੋਹੇ ਦੇ ਫਾਟਕ ਤੀਕ ਆਏ ਜਿਹੜਾ ਸ਼ਹਿਰ ਵਿੱਚ ਪੁਚਾਉਂਦਾ ਹੈ ਅਰ ਉਹ ਆਪ ਤੋਂ ਆਪ ਉਨ੍ਹਾਂ ਲਈ ਖੁਲ੍ਹ ਗਿਆ ਅਤੇ ਓਹ ਨਿੱਕਲ ਕੇ ਇੱਕ ਗਲੀ ਦੇ ਰਾਹ ਤੁਰ ਪਏ ਤਾਂ ਓਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ।
11 ਤਦ ਪਤਰਸ ਨੇ ਸੋਝੀ ਵਿੱਚ ਆਣ ਕੇ ਕਿਹਾ ਕਿ ਹੁਣ ਮੈਂ ਠੀਕ ਜਾਣਿਆ ਭਈ ਪ੍ਰਭੁ ਨੇ ਆਪਣਾ ਦੂਤ ਘੱਲਿਆ ਅਤੇ ਮੈਨੂੰ ਹੇਰੋਦੇਸ ਦੇ ਹੱਥੋਂ ਅਰ ਯਹੂਦੀ ਕੌਮ ਦੀ ਸਾਰੀ ਆਸਾ ਤੋਂ ਛੁਡਾ ਦਿੱਤਾ ਹੈ !
12 ਫੇਰ ਸੋਚ ਕੇ ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਦੀ ਮਾਤਾ ਮਰਿਯਮ ਦੇ ਘਰ ਆਇਆ ਜਿੱਥੇ ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ।
13 ਜਾਂ ਉਹ ਨੇ ਡੇਉੜ੍ਹੀ ਦਾ ਬੂਹਾ ਖੜਕਾਇਆ ਤਾਂ ਇੱਕ ਟਹਿਲਣ ਰੋਦੇ ਨਾਮੇ ਸੁਣਨ ਆਈ।
14 ਅਤੇ ਪਤਰਸ ਦਾ ਬੋਲ ਪਛਾਣ ਕੇ ਖੁਸ਼ੀ ਦੇ ਮਾਰੇ ਬੂਹਾ ਨਾ ਖੋਲ੍ਹਿਆ ਪਰ ਅੰਦਰ ਨੂੰ ਦੌੜ ਕੇ ਖਬਰ ਦਿੱਤੀ ਜੋ ਡੇਉੜੀ ਦੇ ਅੱਗੇ ਪਤਰਸ ਖੜਾ ਹੈ !
15 ਉਨ੍ਹਾਂ ਉਸ ਨੂੰ ਆਖਿਆ, ਤੂੰ ਤਾਂ ਕਮਲੀ ਹੈਂ, ਪਰ ਉਹ ਵੱਡੇ ਹਠ ਨਾਲ ਬੋਲੀ ਭਈ ਗੱਲ ਏਵੇਂ ਹੀ ਹੈ ! ਤਦ ਉਨ੍ਹਾਂ ਆਖਿਆ, ਕਿ ਉਹ ਦਾ ਦੂਤ ਹੋਣਾ ਹੈ।
16 ਪਰ ਪਤਰਸ ਬੂਹਾ ਖੜਕਾਉਂਦਾ ਰਿਹਾ। ਤਾਂ ਉਨ੍ਹਾਂ ਨੇ ਬੂਹਾ ਖੋਲ੍ਹ ਕੇ ਉਹ ਨੂੰ ਵੇਖਿਆ ਅਤੇ ਅਚਰਜ ਰਹਿ ਗਏ।
17 ਪਰੰਤੂ ਉਹ ਨੇ ਉਨ੍ਹਾਂ ਨੂੰ ਹੱਥ ਨਾਲ ਸੈਨਤ ਕੀਤੀ ਭਈ ਚੁੱਪ ਰਹਿਣ ਅਤੇ ਦੱਸਿਆ ਜੋ ਪ੍ਰਭੁ ਨੇ ਕਿਸ ਤਰਾਂ ਮੈਨੂੰ ਕੈਦਖ਼ਾਨੇ ਵਿੱਚੋਂ ਕੱਢਿਆ ਅਤੇ ਆਖਿਆ ਕਿ ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿਓ, ਅਤੇ ਉਹ ਬਾਹਰ ਜਾ ਕੇ ਹੋਰ ਥਾਂ ਨੂੰ ਚੱਲਿਆ ਗਿਆ।
18 ਜਾਂ ਦਿਨ ਚੜ੍ਹਿਆ ਤਾਂ ਸਿਪਾਹੀਆਂ ਵਿੱਚ ਬਹੁਤ ਘਬਰਾਹਟ ਪੈ ਗਈ ਕਿ ਪਤਰਸ ਕਿੱਧਰ ਗਿਆ ?
19 ਜਾਂ ਹੇਰੋਦੇਸ ਨੇ ਉਹ ਦਾ ਖੋਜ ਕੀਤਾ ਅਤੇ ਉਹ ਨਾ ਲੱਭਾ ਤਾਂ ਪਹਿਰੇ ਵਾਲਿਆਂ ਦੀ ਜਾਚ ਕਰ ਕੇ ਹੁਕਮ ਦਿੱਤਾ ਜੋ ਓਹ ਵੱਢੇ ਜਾਣ ਅਰ ਉਹ ਯਹੂਦਿਯਾ ਤੋਂ ਨਿੱਕਲ ਕੇ ਕੈਸਰਿਯਾ ਵਿੱਚ ਜਾ ਠਹਿਰਿਆ।
20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਰਾਜ਼ ਸੀ। ਤਦ ਓਹ ਇੱਕ ਮਨ ਹੋ ਕੇ ਉਹ ਦੇ ਕੋਲ ਆਏ ਅਰ ਬਲਾਸਤੁਸ ਨੂੰ ਜਿਹੜਾ ਰਾਜੇ ਦੇ ਮਹਿਲ ਦਾ ਨਾਜ਼ਰ ਸੀ ਫੁਸਲਾ ਕੇ ਸੁਲਾਹ ਲਈ ਅਰਜ਼ ਕਰਨ ਲੱਗੇ ਕਿਉਂ ਜੋ ਉਨ੍ਹਾਂ ਦੇ ਦੇਸ ਦੀ ਪਿਤਰਪਾਲ ਰਾਜੇ ਦੇ ਦੇਸ ਤੋਂ ਹੁੰਦੀ ਸੀ।
21 ਹੇਰੋਦੇਸ ਇੱਕ ਮਿੱਥੇ ਹੋਏ ਦਿਨ ਨੂੰ ਰਾਜ ਬਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਣ ਉੱਤੇ ਬੈਠਾ ਅਰ ਉਨ੍ਹਾਂ ਦੇ ਅੱਗੇ ਬੋਲਣ ਲੱਗਾ।
22 ਅਤੇ ਲੋਕ ਉੱਚੀ ਦੇ ਕੇ ਬੋਲ ਉੱਠੇ ਭਈ ਇਹ ਤਾਂ ਦਿਓਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ !
23 ਤਾਂ ਓਵੇਂ ਪ੍ਰਭੁ ਦੇ ਇੱਕ ਦੂਤ ਨੇ ਉਹ ਨੂੰ ਮਾਰਿਆ ਇਸ ਲਈ ਜੋ ਉਹ ਨੇ ਪਰਮੇਸ਼ੁਰ ਦੀ ਵਡਿਆਈ ਨਾ ਕੀਤੀ ਅਤੇ ਕੀੜੇ ਪੈ ਕੇ ਮਰ ਗਿਆ।
24 ਪਰ ਪਰਮੇਸ਼ੁਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।
25 ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਪੂਰੀ ਕਰਕੇ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਸੱਦੀਦਾ ਹੈ ਨਾਲ ਲੈ ਕੇ ਯਰੂਸ਼ਲਮ ਤੋਂ ਮੁੜੇ।
ਕਾਂਡ 13

1 1 ਅੰਤਾਕਿਯਾ ਦੀ ਕਲੀਸਿਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ ਅਰਥਾਤ ਬਰਨਬਾਸ ਅਰ ਸ਼ਿਮਓਨ ਜੋ ਨੀਗਰ ਕਹਾਉਂਦਾ ਹੈ ਅਰ ਲੂਕਿਯੁਸ ਕੁਰੈਨੇ ਦਾ ਇੱਕ ਮਨੁੱਖ ਅਤੇ ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲੁਸ।
2 ਜਾਂ ਇਹ ਪ੍ਰਭੁ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤ੍ਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।
3 ਤਦ ਉਨ੍ਹਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਉੱਤੇ ਹੱਥ ਧਰੇ ਅਤੇ ਉਨ੍ਹਾਂ ਨੂੰ ਵਿਦਿਆ ਕੀਤਾ।
4 ਸੋ ਉਹ ਪਵਿੱਤ੍ਰ ਆਤਮਾ ਦੇ ਘੱਲੇ ਹੋਏ ਸਿਲੂਕਿਯਾ ਨੂੰ ਆਏ ਅਰ ਉੱਥੋਂ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ।
5 ਅਤੇ ਉਨ੍ਹਾਂ ਨੇ ਸਲਮੀਸ ਵਿੱਚ ਪਹੁੰਚ ਕੇ ਯਹੂਦੀਆਂ ਦੀਆਂ ਸਮਾਜਾਂ ਵਿੱਚ ਪਰਮੇਸ਼ੁਰ ਦਾ ਬਚਨ ਸੁਣਾਇਆ ਅਤੇ ਯੂਹੰਨਾ ਉਨ੍ਹਾਂ ਦਾ ਸੇਵਕ ਨਾਲ ਸੀ।
6 ਜਾਂ ਓਹ ਉਸ ਸਾਰੇ ਟਾਪੂ ਵਿੱਚ ਫਿਰਦੇ ਫਿਰਦੇ ਪਾਫ਼ੁਸ ਤਾਈਂ ਆਏ ਤਾਂ ਉਨ੍ਹਾਂ ਨੂੰ ਬਰਯੇਸੂਸ ਨਾਉਂ ਦਾ ਇੱਕ ਆਦਮੀ ਮਿਲਿਆ ਜਿਹੜਾ ਜਾਦੂਗਰ, ਝੂਠਾ ਨਬੀ ਅਤੇ ਕੌਮ ਦਾ ਯਹੂਦੀ ਸੀ।
7 ਉਹ ਸਰਗੀਉਸ ਪੌਲੁਸ ਡਿਪਟੀ ਦੇ ਨਾਲ ਸੀ ਜਿਹੜਾ ਬੁੱਧਵਾਨ ਮਨੁੱਖ ਸੀ। ਇਸ ਨੇ ਬਰਨਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਸੱਦ ਕੇ ਪਰਮੇਸ਼ੁਰ ਦਾ ਬਚਨ ਸੁਣਨਾ ਚਾਹਿਆ।
8 ਇਲਮਾਸ ਜਾਦੂਗਰ ਨੇ (ਕਿ ਉਹ ਦੇ ਨਾਉਂ ਦਾ ਇਹੋ ਅਰਥ ਹੈ) ਡਿਪਟੀ ਨੂੰ ਉਸ ਮੱਤ ਤੋਂ ਫੇਰਨ ਦਾ ਦਾਯਾ ਕਰ ਕੇ ਉਨ੍ਹਾਂ ਦਾ ਸਾਹਮਣਾ ਕੀਤਾ।
9 ਪਰ ਸੌਲੁਸ ਨੇ ਜਿਹ ਨੂੰ ਪੌਲੁਸ ਵੀ ਆਖੀਦਾ ਹੈ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਉਹ ਦੀ ਵੱਲ ਧਿਆਨ ਕੀਤਾ।
10 ਅਤੇ ਆਖਿਆ ਕਿ ਓਏ ਤੂੰ ਜੋ ਸਭ ਤਰਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ ਸ਼ਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ! ਕੀ ਤੂੰ ਪ੍ਰਭੁ ਦੇ ਸਿੱਧੇ ਰਾਹਾਂ ਨੂੰ ਵਿੰਗੇ ਕਰਨੋਂ ਨਹੀਂ ਟਲੇਂਗਾ?
11 ਹੁਣ ਵੇਖ, ਪ੍ਰਭੁ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨਾ· ਹੋ ਜਾਏਂਗਾ ਅਤੇ ਕੁਝ ਚਿਰ ਤੀਕੁਰ ਸੂਰਜ ਨੂੰ ਨਾ ਵੇਖੇਂਗਾ ! ਅਤੇ ਓਵੇਂ ਉਹ ਦੇ ਉੱਤੇ ਧੁੰਦ ਅਰ ਅਨ੍ਹੇਰਾ ਛਾ ਗਿਆ। ਤਾਂ ਉਹ ਟੋਲਦਾ ਫਿਰਿਆ ਭਈ ਕੋਈ ਹੱਥ ਫੜ ਕੇ ਮੈਨੂੰ ਲੈ ਚੱਲੇ।
12 ਤਦ ਡਿਪਟੀ ਨੇ ਜਾਂ ਇਹ ਵਾਰਤਾ ਵੇਖੀ ਤਾਂ ਪ੍ਰਭੁ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਨਿਹਚਾ ਕੀਤਾ।
13 ਤਾਂ ਪੌਲੁਸ ਅਰ ਉਹ ਦੇ ਸਾਥੀ ਪਾਫ਼ੁਸ ਤੋਂ ਜਹਾਜ਼ ਤੇ ਚੜ੍ਹ ਕੇ ਪਮਫ਼ੁਲਿਯਾ ਦੇ ਪਰਗਾ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਗਿਆ।
14 ਪਰ ਓਹ ਪਰਗਾ ਤੋਂ ਲੰਘ ਕੇ ਪਿਸਿਦਿਯਾ ਦੇ ਅੰਤਾਕਿਯਾ ਵਿੱਚ ਅੱਪੜੇ ਅਰ ਸਬਤ ਦੇ ਦਿਨ ਸਮਾਜ ਵਿੱਚ ਜਾ ਬੈਠੇ।
15 ਅਤੇ ਤੁਰੇਤ ਅਰ ਨਬੀਆਂ ਦੇ ਪੜ੍ਹਨ ਤੋਂ ਪਿੱਛੋਂ ਸਮਾਜ ਦੇ ਸਰਦਾਰਾਂ ਨੇ ਓਹਨਾਂ ਨੂੰ ਕਹਾ ਭੇਜਿਆ ਕਿ ਹੇ ਭਾਈਓ, ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਦਾ ਬਚਨ ਤੁਹਾਡੇ ਕੋਲ ਹੋਵੇ ਤਾਂ ਸੁਣਾਓ।
16 ਤਦ ਪੌਲੁਸ ਖੜਾ ਹੋ ਗਿਆ ਅਤੇ ਹੱਥ ਨਾਲ ਸੈਨਤ ਕਰ ਕੇ ਕਿਹਾ, ਹੇ ਇਸਰਾਏਲੀਓ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਿਓ ਸੁਣੋ।
17 ਇਸਰਾਏਲ ਦੀ ਇਸ ਕੌਮ ਦੇ ਪਰਮੇਸ਼ੁਰ ਨੇ ਸਾਡੇ ਪਿਉ ਦਾਦਿਆਂ ਨੂੰ ਚੁਣਿਆ ਅਤੇ ਇਸ ਕੌਮ ਨੂੰ ਜਦ ਮਿਸਰ ਦੇਸ ਵਿੱਚ ਪਰਦੇਸੀ ਸੀ ਵਧਾਇਆ ਅਤੇ ਭੁਜਾ ਦੇ ਬਲ ਨਾਲ ਉਨ੍ਹਾਂ ਨੂੰ ਉਸ ਵਿੱਚੋਂ ਕੱਢ ਲਿਆਂਦਾ।
18 ਅਤੇ ਚਾਹਲੀਆਂ-ਕੁ ਵਰਿਹਾਂ ਤੀਕੁਰ ਉਜਾੜ ਵਿੱਚ ਉਨ੍ਹਾਂ ਦੀ ਝਾਲ ਝੱਲੀ।
19 ਅਰ ਕਨਾਨ ਦੇਸ ਵਿੱਚ ਸੱਤਾਂ ਕੌਮਾਂ ਦਾ ਨਾਸ ਕਰ ਕੇ ਉਨ੍ਹਾਂ ਦੇ ਦੇਸ ਨੂੰ ਕੋਈ ਸਾਢੇ ਚਾਰਕੁ ਸੌ ਵਰਿਹਾਂ ਤੀਕੁਰ ਉਨ੍ਹਾਂ ਦਾ ਵਿਰਸਾ ਕਰ ਦਿੱਤਾ।
20 ਉਹ ਦੇ ਮਗਰੋਂ ਉਸ ਨੇ ਸਮੂਏਲ ਨਬੀ ਤੀਕ ਉਨ੍ਹਾਂ ਨੂੰ ਨਿਆਈਂ ਦਿੱਤੇ।
21 ਏਹ ਦੇ ਮਗਰੋਂ ਉਨ੍ਹਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ੁਰ ਨੇ ਇੱਕ ਮਨੁੱਖ ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼ ਦੇ ਪੁੱਤ੍ਰ ਸ਼ਾਊਲ ਨੂੰ ਚਾਹਲੀਆਂ ਵਰਿਹਾਂ ਤੀਕੁਰ ਉਨ੍ਹਾਂ ਨੂੰ ਦਿੱਤਾ।
22 ਫੇਰ ਉਹ ਨੂੰ ਹਟਾ ਕੇ ਦਾਊਦ ਨੂੰ ਖੜਾ ਕੀਤਾ ਭਈ ਉਨ੍ਹਾਂ ਦਾ ਪਾਤਸ਼ਾਹ ਹੋਵੇ ਜਿਹ ਦੇ ਹੱਕ ਵਿੱਚ ਉਹ ਨੇ ਸਾਖੀ ਦੇ ਕੇ ਆਖਿਆ ਭਈ ਮੈਂ ਯੱਸੀ ਦੇ ਪੁੱਤ੍ਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹੋ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।
23 ਓਸੇ ਦੀ ਅੰਸ ਤੋਂ ਪਰਮੇਸ਼ੁਰ ਨੇ ਆਪਣੇ ਕਰਾਰ ਮੂਜਬ ਇਸਰਾਏਲ ਦੇ ਕੋਲ ਇੱਕ ਮੁਕਤੀ ਦਾਤਾ ਯਿਸੂ ਨੂੰ ਲਿਆਂਦਾ।
24 ਜਿਹਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਸਰਾਏਲ ਦੇ ਸਰਬੱਤ ਲੋਕਾਂ ਦੇ ਅੱਗੇ ਤੋਬਾ ਦੇ ਬਪਤਿਸਮਾ ਦਾ ਪਰਚਾਰ ਕੀਤਾ।
25 ਜਾਂ ਯੂਹੰਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ ਤਾਂ ਉਹ ਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ ? ਮੈਂ ਉਹ ਨਹੀਂ ਹਾਂ ਪਰ ਵੇਖੋ ਮੇਰੇ ਪਿੱਛੇ ਇੱਕ ਆਉਂਦਾ ਹੈ ਜਿਹ ਦੇ ਪੈਰਾਂ ਦੀ ਜੁੱਤੀ ਮੈਂ ਖੋਲ੍ਹਣ ਦੇ ਜੋਗ ਨਹੀਂ।
26 ਹੇ ਭਾਈਓ, ਅਬਰਾਹਾਮ ਦੀ ਅੰਸ ਦੇ ਪੁੱਤ੍ਰੋ ਅਤੇ ਤੁਹਾਡੇ ਵਿੱਚ ਜਿਹੜੇ ਪਰਮੇਸ਼ੁਰ ਦਾ ਭੈ ਕਰਦੇ ਹੋ ਸਾਡੇ ਕੋਲ ਇਸ ਮੁਕਤੀ ਦਾ ਬਚਨ ਭੇਜਿਆ ਹੋਇਆ ਹੈ।
27 ਕਿਉਂ ਜੋ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਸਰਦਾਰਾਂ ਨੇ ਉਹ ਨੂੰ ਅਤੇ ਨਬੀਆਂ ਦੇ ਬਚਨਾਂ ਨੂੰ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ ਨਾ ਜਾਣ ਕੇ ਉਹ ਨੂੰ ਡੰਨ ਦੇ ਜੋਗ ਠਹਿਰਾਉਣ ਨਾਲ ਉਨ੍ਹਾਂ ਨੂੰ ਪੂਰਿਆਂ ਕੀਤਾ।
28 ਭਾਵੇਂ ਉਨ੍ਹਾਂ ਨੇ ਉਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਤਾਂ ਵੀ ਪਿਲਾਤੁਸ ਦੇ ਅੱਗੇ ਅਰਜ਼ ਕੀਤੀ ਜੋ ਉਹ ਜਾਨੋਂ ਮਾਰਿਆ ਜਾਵੇ।
29 ਅਤੇ ਜਾਂ ਸਭ ਕੁਝ ਜੋ ਉਹ ਦੇ ਹੱਕ ਵਿੱਚ ਲਿਖਿਆ ਹੋਇਆ ਸੀ ਪੂਰਾ ਕਰ ਚੁੱਕੇ ਤਾਂ ਉਹ ਨੂੰ ਰੁੱਖ ਉੱਤੋਂ ਲਾਹ ਕੇ ਕਬਰ ਵਿੱਚ ਰੱਖਿਆ।
30 ਪਰੰਤੂ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ।
31 ਅਤੇ ਉਹ ਬਹੁਤ ਦਿਨਾਂ ਤੀਕ ਉਨ੍ਹਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹ ਦੇ ਨਾਲ ਆਏ ਸਨ ਅਤੇ ਹੁਣ ਲੋਕਾਂ ਦੇ ਅੱਗੇ ਉਹ ਦੇ ਉੱਤੇ ਸਾਖੀ ਦੇਣ ਵਾਲੇ ਹਨ।
32 ਅਸੀਂ ਤੁਹਾਨੂੰ ਉਸ ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਉ ਦਾਦਿਆਂ ਨਾਲ ਕੀਤਾ ਗਿਆ ਸੀ।
33 ਭਈ ਪਰਮੇਸ਼ੁਰ ਨੇ ਯਿਸੂ ਨੂੰ ਉਠਾਲ ਕੇ ਸਾਡੀ ਉਲਾਦ ਦੇ ਲਈ ਓਸੇ ਬਚਨ ਨੂੰ ਪੂਰਾ ਕੀਤਾ ਹੈ ਜਿਵੇਂ ਦੂਜੇ ਜ਼ਬੂਰ ਵਿੱਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤ੍ਰ ਹੈਂ, ਅੱਜ ਤੂੰ ਮੈਥੋਂ ਜੰਮਿਆ।
34 ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਉਠਾਲਿਆ ਭਈ ਉਹ ਫੇਰ ਸੜਨ ਦੀ ਵੱਲ ਕਦੇ ਨਾ ਮੁੜੇ ਉਹ ਨੇ ਇਉਂ ਆਖਿਆ ਹੈ ਜੋ ਮੈਂ ਦਾਊਦ ਦੇ ਪਵਿੱਤ੍ਰ ਅਤੇ ਅਟੱਲ ਪਦਾਰਥ ਤੁਹਾਨੂੰ ਦਿਆਂਗਾ।
35 ਏਸ ਲਈ ਉਹ ਕਿਸੇ ਹੋਰ ਜ਼ਬੂਰ ਵਿੱਚ ਵੀ ਆਖਦਾ ਹੈ ਭਈ ਤੂੰ ਆਪਣੇ ਪਵਿੱਤ੍ਰ ਪੁਰਖ ਨੂੰ ਸੜਨ ਨਾ ਦੇਵੇਂਗਾ।
36 ਦਾਊਦ ਤਾਂ ਆਪਣੇ ਸਮੇਂ ਵਿੱਚ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਸੌਂ ਗਿਆ ਅਤੇ ਆਪਣੇ ਪਿਉ ਦਾਦਿਆਂ ਵਿੱਚ ਜਾ ਮਿਲਿਆ ਅਤੇ ਸੜ ਗਿਆ।
37 ਪਰ ਇਹ ਜਿਹ ਨੂੰ ਪਰਮੇਸ਼ੁਰ ਨੇ ਜਿਵਾਲਿਆ ਨਾ ਸੜਿਆ।
38 ਸੋ ਹੇ ਭਾਈਓ, ਇਹ ਜਾਣੋ ਕਿ ਓਸੇ ਦੇ ਵਸੀਲੇ ਨਾਲ ਤੁਹਾਨੂੰ ਪਾਪਾਂ ਦੀ ਮਾਫ਼ੀ ਦੀ ਖਬਰ ਦਿੱਤੀ ਜਾਂਦੀ ਹੈ।
39 ਅਤੇ ਉਸੇ ਦੇ ਰਾਹੀਂ ਹਰੇਕ ਜਿਹੜਾ ਨਿਹਚਾ ਕਰਦਾ ਹੈ ਉਨ੍ਹਾਂ ਸਭਨਾਂ ਗੱਲਾਂ ਤੋਂ ਬੇਗੁਨਾਹ ਠਹਿਰਾਇਆ ਜਾਂਦਾ ਹੈ ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਸ਼ਰਾ ਨਾਲ ਬੇਗੁਨਾਹ ਨਾ ਠਹਿਰ ਸੱਕੇ।
40 ਸੋ ਤੁਸੀਂ ਚੌਕਸ ਰਹੋ ਕਿਤੇ ਐਉਂ ਨਾ ਹੋਵੇ ਕਿ ਉਹ ਜੋ ਨਬੀਆਂ ਵਿੱਚ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ-
41 ਹੇ ਤੁੱਛ ਜਾਣਨ ਵਾਲਿਓ ਵੇਖੋ, ਅਤੇ ਅਚਰਜ ਮੰਨੋ, ਅਰ ਨਸ਼ਟ ਹੋ ਜਾਓ ! ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕਾਰਜ ਕਰਦਾ ਹਾਂ, ਅਜਿਹਾ ਕਾਰਜ ਕਿ ਭਾਵੇਂ ਕੋਈ ਤੁਹਾਨੂੰ ਦੱਸੇ, ਪਰ ਤੁਸੀਂ ਕਦੀ ਉਹ ਨੂੰ ਸਤ ਨਾ ਮੰਨੋਗੇ।
42 ਜਾਂ ਓਹ ਬਾਹਰ ਨਿੱਕਲ ਰਹੇ ਸਨ ਤਾਂ ਓਹ ਬੇਨਤੀ ਕਰਨ ਲੱਗੇ ਭਈ ਅਗਲੇ ਸਬਤ ਦੇ ਦਿਨ ਏਹੋ ਗੱਲਾਂ ਸਾਨੂੰ ਸੁਣਾਈਆਂ ਜਾਣ।
43 ਜਾਂ ਸਭਾ ਉੱਠ ਗਈ ਤਾਂ ਬਹੁਤ ਸਾਰੇ ਯਹੂਦੀ ਅਤੇ ਯਹੂਦੀ- ਮੁਰੀਦਾਂ ਵਿੱਚੋਂ ਭਗਤ ਪੌਲੁਸ ਅਤੇ ਬਰਨਬਾਸ ਦੇ ਮਗਰ ਲੱਗ ਤੁਰੇ। ਉਨ੍ਹਾਂ ਨੇ ਓਹਨਾਂ ਨਾਲ ਗੱਲਾਂ ਕਰ ਕੇ ਓਹਨਾਂ ਨੂੰ ਸਮਝਾ ਦਿੱਤਾ ਭਈ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ।
44 ਅਗਲੇ ਸਬਤ ਦੇ ਦਿਨ ਕਰੀਬ ਸਾਰਾ ਨਗਰ ਪਰਮੇਸ਼ੁਰ ਦਾ ਬਚਨ ਸੁਣਨ ਨੂੰ ਇਕੱਠਾ ਹੋਇਆ।
45 ਪਰ ਯਹੂਦੀ ਐਡੀ ਭੀੜ ਵੇਖ ਦੇ ਖਾਰ ਦੇ ਨਾਲ ਭਰ ਗਏ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਅਰ ਕੁਫ਼ਰ ਬਕਣ ਡਹਿ ਪਏ।
46 ਤਦ ਪੌਲੁਸ ਅਤੇ ਬਰਨਬਾਸ ਬੇਧੜਕ ਹੋ ਕੇ ਬੋਲੇ ਕਿ ਜਰੂਰ ਸੀ ਜੋ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ ਪਰ ਜਿਸ ਕਰਕੇ ਤੁਸੀਂ ਉਹ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਉਣ ਦੇ ਜੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ।
47 ਕਿਉਂ ਜੋ ਪ੍ਰਭੁ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ- ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋਤ ਠਹਿਰਾਇਆ ਹੈ, ਭਈ ਤੂੰ ਧਰਤੀ ਦੇ ਬੰਨੇ ਤੀਕੁਰ ਮੁਕਤੀ ਦਾ ਕਾਰਨ ਹੋਵੇਂ। 48 ਤਾਂ ਪਰਾਈਆਂ ਕੌਮਾਂ ਦੇ ਲੋਕ ਏਹ ਗੱਲਾਂ ਸੁਣ ਕੇ ਅਨੰਦ ਹੋਏ ਅਤੇ ਪਰਮੇਸ਼ੁਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਉਣ ਲਈ ਠਹਿਰਾਏ ਗਏ ਸਨ ਉਨ੍ਹਾਂ ਨਿਹਚਾ ਕੀਤੀ। 49 ਅਰ ਉਸ ਸਾਰੇ ਦੇਸ ਵਿੱਚ ਪ੍ਰਭੁ ਦਾ ਬਚਨ ਫੈਲਦਾ ਗਿਆ। 50 ਪਰ ਯਹੂਦੀਆਂ ਨੇ ਭਗਤਣਾਂ ਪਤਵੰਤੀਆਂ ਇਸਤ੍ਰੀਆਂ ਅਤੇ ਨਗਰ ਦੇ ਵੱਡੇ ਆਦਮੀਆਂ ਨੂੰ ਉਭਾਰਿਆ ਅਰ ਪੌਲੁਸ ਅਤੇ ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਨ੍ਹਾਂ ਨੂੰ ਆਪਣੀ ਹੱਦੋਂ ਬਾਹਰ ਕੱਢ ਦਿੱਤਾ।
51 ਪਰ ਓਹ ਉਨ੍ਹਾਂ ਉੱਤੇ ਆਪਣਿਆਂ ਪੈਰਾਂ ਦੀ ਧੂੜ ਝਾੜ ਕੇ ਇਕੋਨਿਯੁਮ ਵਿੱਚ ਆਏ। 52 ਅਤੇ ਚੇਲੇ ਅਨੰਦ ਅਰ ਪਵਿੱਤ੍ਰ ਆਤਮਾ ਨਾਲ ਭਰੇ ਰਹਿੰਦੇ ਸਨ।
ਕਾਂਡ 14

1 ਇਕੋਨਿਯੁਮ ਵਿੱਚ ਇਉਂ ਹੋਇਆ ਕਿ ਓਹ ਯਹੂਦੀਆਂ ਦੀ ਸਮਾਜ ਵਿੱਚ ਗਏ ਅਰ ਅਜਿਹਾ ਬਚਨ ਕੀਤਾ ਜੋ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਾਹਲੇ ਲੋਕਾਂ ਨੇ ਨਿਹਚਾ ਕੀਤੀ।
2 ਪਰ ਉਨ੍ਹਾਂ ਯਹੂਦੀਆਂ ਨੇ ਜਿਨ੍ਹਾਂ ਨਾ ਮੰਨਿਆ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨਾਂ ਨੂੰ ਉਭਾਰ ਕੇ ਭਾਈਆਂ ਦੀ ਵੱਲੋਂ ਬੁਰਾ ਕਰ ਦਿੱਤਾ।
3 ਸੋ ਓਹ ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੁ ਦੇ ਆਸਰੇ ਬੇਧੜਕ ਉਪਦੇਸ਼ ਕਰਦੇ ਰਹੇ ਅਰ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ ਕੰਮ ਵਿਖਾਲ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਸਾਖੀ ਦਿੰਦਾ ਰਿਹਾ।
4 ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕਈ ਯਹੂਦੀਆਂ ਦੀ ਵੱਲ ਅਤੇ ਕਈ ਰਸੂਲਾਂ ਦੀ ਵੱਲ ਹੋ ਗਏ।
5 ਜਾਂ ਪਰਾਈਆਂ ਕੌਮਾਂ ਦਿਆਂ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਸਰਦਾਰਾਂ ਸਣੇ ਉਨ੍ਹਾਂ ਦੀ ਪਤ ਲਾਹੁਣ ਅਤੇ ਪਥਰਾਉ ਕਰਨ ਨੂੰ ਹੱਲਾ ਕੀਤਾ।
6 ਤਾਂ ਓਹ ਇਹ ਮਲੂਮ ਕਰ ਕੇ ਲੁਕਾਉਨਿਯਾ ਨਗਰ ਲੁਸਤ੍ਰਾ ਅਰ ਦਰਬੇ ਅਤੇ ਉਨ੍ਹਾਂ ਦੇ ਲਾਂਭ ਛਾਂਭ ਦੇ ਇਲਾਕੇ ਵਿੱਚ ਭੱਜ ਗਏ।
7 ਅਰ ਉੱਥੇ ਖੁਸ਼ ਖਬਰੀ ਸੁਣਾਉਂਦੇ ਰਹੇ।
8 ਲੁਸਤ੍ਰਾ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਜਿਹੜਾ ਜਮਾਂਦਰੂ ਲੰਙਾ ਸੀ ਅਰ ਕਦੇ ਨਹੀਂ ਸੀ ਤੁਰਿਆ।
9 ਉਸ ਨੇ ਪੌਲੁਸ ਨੂੰ ਗੱਲਾਂ ਕਰਦਾ ਸੁਣਿਆ ਅਤੇ ਇਸ ਨੇ ਉਹ ਦੀ ਵੱਲ ਧਿਆਨ ਕਰ ਕੇ ਜਾਂ ਵੇਖਿਆ ਭਈ ਇਹ ਦੇ ਵਿੱਚ ਚੰਗਾ ਹੋਣ ਦੀ ਨਿਹਚਾ ਹੈ।
10 ਤਾਂ ਉੱਚੀ ਦੇ ਕੇ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜਾ ਹੋ ! ਤਾਂ ਉਹ ਉੱਛਲ ਕੇ ਤੁਰਨ ਲੱਗ ਪਿਆ।
11 ਜਦ ਓਹਨਾਂ ਲੋਕਾਂ ਨੇ ਜੋ ਕੁਝ ਪੌਲੁਸ ਨੇ ਕੀਤਾ ਸੀ ਵੇਖਿਆ ਤਦ ਓਹ ਲੁਕਾਉਨਿਯਾ ਦੀ ਬੋਲੀ ਵਿੱਚ ਉੱਚੀ ਅਵਾਜ਼ ਨਾਲ ਆਖਣ ਲੱਗੇ ਭਈ ਦਿਓਤੇ ਮਾਨਸ ਰੂਪ ਧਾਰ ਕੇ ਸਾਡੇ ਕੋਲ ਉਤਰੇ ਹਨ !
12 ਅਤੇ ਉਨ੍ਹਾਂ ਨੇ ਬਰਨਬਾਸ ਦਾ ਨਾਉਂ ਦਿਔਸ ਅਤੇ ਪੌਲੁਸ ਦਾ ਨਾਉਂ ਹਰਮੇਸ ਰੱਖਿਆ ਇਸ ਲਈ ਜੋ ਇਹ ਬਚਨ ਕਰਨ ਵਿੱਚ ਆਗੂ ਸੀ।
13 ਦਿਔਸ ਦਾ ਮੰਦਰ ਨਗਰ ਦੇ ਸਾਹਮਣੇ ਸੀ ਅਤੇ ਉਹ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਫਾਟਕਾਂ ਕੋਲ ਲਿਆ ਕੇ ਚਾਹੁੰਦਾ ਸੀ ਜੋ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ।
14 ਪਰ ਜਾਂ ਬਰਨਬਾਸ ਅਰ ਪੌਲੁਸ ਰਸੂਲਾਂ ਨੇ ਇਹ ਸੁਣਿਆ ਤਾਂ ਆਪਣੇ ਲੀੜੇ ਪਾੜੇ ਅਤੇ ਲੋਕਾਂ ਦੇ ਵਿੱਚ ਬਾਹਰ ਨੂੰ ਦੌੜੇ।
15 ਅਤੇ ਇਹ ਪੁਕਾਰ ਕੇ ਕਹਿਣ ਲੱਗੇ ਕਿ ਹੇ ਪੁਰਖੋ, ਤੁਸੀਂ ਇਹ ਕਾਹਨੂੰ ਕਰਦੇ ਹੋ ? ਅਸੀਂ ਭੀ ਤੁਹਾਡੇ ਵਾਂਙੁ ਦੁਖ ਸੁਖ ਭੋਗਣ ਵਾਲੇ ਮਨੁੱਖ ਹਾਂ ਅਤੇ ਤੁਹਾਨੂੰ ਇਹ ਖੁਸ਼ ਖਬਰੀ ਦਾ ਉਪਦੇਸ਼ ਦਿੰਦੇ ਹਾਂ ਭਈ ਇਨ੍ਹਾਂ ਵਿਰਥੀਆਂ ਗੱਲਾਂ ਤੋਂ ਲਾਂਭੇ ਹੋ ਕੇ ਜੀਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ।
16 ਉਸ ਨੇ ਅਗਲਿਆਂ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ।
17 ਤਾਂ ਭੀ ਉਹ ਨੇ ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾਂ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।
18 ਏਹ ਗੱਲਾਂ ਕਹਿ ਕੇ ਉਨ੍ਹਾਂ ਨੇ ਮਸਾਂ ਮਸਾਂ ਲੋਕਾਂ ਨੂੰ ਹਟਾਇਆ ਜੋ ਉਨ੍ਹਾਂ ਦੇ ਅੱਗੇ ਬਲੀਦਾਨ ਨਾ ਕਰਨ।
19 ਪਰੰਤੂ ਕਈ ਯਹੂਦੀ ਅੰਤਾਕਿਯਾ ਅਰ ਇਕੁਨਿਯੁਮ ਤੋਂ ਉੱਥੇ ਆਏ ਅਤੇ ਲੋਕਾਂ ਨੂੰ ਉਭਾਰ ਕੇ ਪੌਲੁਸ ਨੂੰ ਪਥਰਾਉ ਕੀਤਾ ਅਤੇ ਇਹ ਸਮਝ ਕੇ ਭਈ ਉਹ ਮਰ ਗਿਆ ਹੈ ਉਹ ਨੂੰ ਘਸੀਟ ਕੇ ਨਗਰੋਂ ਬਾਹਰ ਲੈ ਗਏ।
20 ਪਰ ਜਾਂ ਚੇਲੇ ਉਹ ਦੇ ਚੁਫੇਰੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਆਇਆ ਅਤੇ ਅਗਲੇ ਭਲਕ ਬਰਨਬਾਸ ਦੇ ਨਾਲ ਦਰਬੇ ਨੂੰ ਚੱਲਿਆ ਗਿਆ।
21 ਅਰ ਜਾਂ ਉਸ ਨਗਰ ਵਿੱਚ ਖੁਸ਼ ਖਬਰੀ ਸੁਣਾ ਚੁੱਕੇ ਅਤੇ ਬਹੁਤ ਸਾਰਿਆਂ ਨੂੰ ਚੇਲੇ ਕਰ ਚੁੱਕੇ ਤਾਂ ਲੁਸਤ੍ਰਾ ਅਤੇ ਇਕੁਨਿਯੁਮ ਅਤੇ ਅੰਤਾਕਿਯਾ ਨੂੰ ਮੁੜੇ।
22 ਅਰ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਅਰ ਇਹ ਉਪਦੇਸ਼ ਦਿੰਦੇ ਸਨ ਕਿ ਨਿਹਚਾ ਵਿੱਚ ਬਣੇ ਰਹੋ ਅਤੇ ਕਿਹਾ ਭਈ ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ।
23 ਜਾਂ ਉਨ੍ਹਾਂ ਨੇ ਹਰੇਕ ਕਲੀਸਿਯਾ ਵਿੱਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ ਅਤੇ ਵਰਤ ਨਾਲ ਪ੍ਰਾਰਥਨਾ ਕੀਤੀ ਤਾਂ ਓਹਨਾਂ ਨੂੰ ਪ੍ਰਭੁ ਦੇ ਹੱਥ ਸੌਂਪ ਦਿੱਤਾ ਜਿਹ ਦੇ ਉੱਤੇ ਓਹਨਾਂ ਨਿਹਚਾ ਕੀਤੀ ਸੀ।
24 ਤਾਂ ਓਹ ਪਿਸਿਦਿਯਾ ਵਿੱਚੋਂ ਦੀ ਲੰਘ ਕੇ ਪੰਫ਼ੁਲਿਯਾ ਵਿੱਚ ਆਏ।
25 ਅਤੇ ਪਰਗਾ ਵਿੱਚ ਬਚਨ ਸੁਣਾ ਕੇ ਅੱਤਲਿਯਾ ਨੂੰ ਜਾ ਉਤਰੇ।
26 ਉੱਥੋਂ ਜਹਾਜ਼ ਤੇ ਚੜ੍ਹ ਕੇ ਅੰਤਾਕਿਯਾ ਨੂੰ ਚੱਲੇ ਜਿੱਥੋਂ ਓਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਪਰਮੇਸ਼ੁਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ।
27 ਜਾਂ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੀ ਕਰ ਕੇ ਖਬਰ ਦਿੱਤੀ ਜੋ ਪਰਮੇਸ਼ੁਰ ਨੇ ਸਾਡੇ ਨਾਲ ਕੀ ਕੀਤਾ ਅਤੇ ਇਹ ਕਿ ਉਸ ਨੇ ਪਰਾਈਆਂ ਕੌਮਾਂ ਦੇ ਲਈ ਨਿਹਚਾ ਦਾ ਦਰਵੱਜਾ ਖੋਲ੍ਹਿਆ।
28 ਤਾਂ ਓਹ ਚੇਲਿਆਂ ਦੇ ਨਾਲ ਬਹੁਤ ਚਿਰ ਠਹਿਰੇ।
ਕਾਂਡ 15

1 ਕਈ ਆਦਮੀ ਯਹੂਦਿਯਾ ਤੋਂ ਆਣ ਕੇ ਭਾਈਆਂ ਨੂੰ ਸਿਖਾਲਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸੱਕਦੀ।
2 ਸੋ ਜਾਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ ਬਹੁਤ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ।
3 ਜਾਂ ਓਹ ਕਲੀਸਿਯਾ ਵੱਲੋਂ ਕੁਝ ਦੂਰ ਪੁਚਾਏ ਗਏ ਤਾਂ ਫੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨ ਫਿਰਨ ਦੀ ਖਬਰ ਦਿੰਦੇ ਗਏ ਅਤੇ ਸਭਨਾਂ ਭਾਈਆਂ ਨੂੰ ਬਹੁਤ ਖੁਸ਼ ਕੀਤਾ।
4 ਜਾਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਕਲੀਸਿਯਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਆਦਰ ਭਾਉ ਕੀਤਾ ਅਤੇ ਓਹਨਾਂ ਨੇ ਜੋ ਕੁਝ ਪਰਮੇਸ਼ੁਰ ਨੇ ਓਹਨਾਂ ਦੇ ਨਾਲ ਕੀਤਾ ਸੀ ਸੋ ਸੁਣਾ ਦਿੱਤਾ।
5 ਤਦ ਕਈਆਂ ਨੇ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਨਿਹਚਾ ਕੀਤੀ ਉੱਠ ਕੇ ਕਿਹਾ ਭਈ ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਸ਼ਰਾ ਨੂੰ ਮੰਨਣ ਦਾ ਹੁਕਮ ਦੇਣਾ ਚਾਹੀਦਾ ਹੈ।
6 ਤਾਂ ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਭਈ ਏਸ ਗੱਲ ਨੂੰ ਸੋਚਣ।
7 ਅਰ ਜਾਂ ਬਹੁਤ ਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਨ੍ਹਾਂ ਨੂੰ ਆਖਿਆ, - ਹੇ ਭਾਈਓ, ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਜੋ ਪਰਾਈਆਂ ਕੌਮਾਂ ਮੇਰੀ ਜ਼ਬਾਨੀ ਖੁਸ਼ ਖਬਰੀ ਦਾ ਬਚਨ ਸੁਣਨ ਅਤੇ ਨਿਹਚਾ ਕਰਨ।
8 ਅਤੇ ਪਰਮੇਸ਼ੁਰ ਨੇ ਜੋ ਅੰਤਰਜਾਮੀ ਹੈ ਜਿਹਾ ਸਾਨੂੰ ਤਿਹਾ ਹੀ ਉਨ੍ਹਾਂ ਨੂੰ ਭੀ ਪਵਿੱਤ੍ਰ ਆਤਮਾ ਦੇ ਕੇ ਉਨ੍ਹਾਂ ਉੱਤੇ ਸਾਖੀ ਦਿੱਤੀ।
9 ਅਤੇ ਨਿਹਚਾ ਨਾਲ ਉਨ੍ਹਾਂ ਦੇ ਮਨ ਸ਼ੁੱਧ ਕਰ ਕੇ ਸਾਡੇ ਅਤੇ ਉਨ੍ਹਾਂ ਦੇ ਵਿੱਚ ਕੁਝ ਭਿੰਨ ਭੇਦ ਨਾ ਰੱਖਿਆ।
10 ਸੋ ਹੁਣ ਕਿਉਂ ਤੁਸੀਂ ਪਰਮੇਸ਼ੁਰ ਨੂੰ ਪਰਤਾਉਂਦੇ ਹੋ ਕਿ ਚੇਲਿਆਂ ਦੀ ਧੋਣ ਤੇ ਜੂਲਾ ਰੱਖੋ ਜਿਹ ਨੂੰ ਨਾ ਸਾਡੇ ਪਿਉ ਦਾਦੇ, ਨਾ ਅਸੀਂ ਚੁੱਕ ਸੱਕੇ ?
11 ਪਰ ਸਾਨੂੰ ਪਰਤੀਤ ਹੈ ਕਿ ਅਸੀਂ ਪ੍ਰਭੁ ਯਿਸੂ ਦੀ ਕਿਰਪਾ ਨਾਲ ਬਚਾਏ ਜਾਵਾਂਗੇ ਜਿਸ ਤਰਾਂ ਕਿ ਓਹ ਭੀ।
12 ਤਾਂ ਸਾਰੀ ਸਭਾ ਚੁੱਪ ਰਹੀ ਅਤੇ ਓਹ ਬਰਨਬਾਸ ਅਰ ਪੌਲੁਸ ਤੋਂ ਇਹ ਵਾਰਤਾ ਸੁਣਨ ਲੱਗੇ ਜੋ ਪਰਮੇਸ਼ੁਰ ਨੇ ਕਿਹੋ ਕਿਹੇ ਨਿਸ਼ਾਨ ਅਤੇ ਅਚੰਭੇ ਓਹਨਾਂ ਦੇ ਹੱਥੀਂ ਪਰਾਈਆਂ ਕੌਮਾਂ ਵਿੱਚ ਵਿਖਾਲੇ।
13 ਅਰ ਜਾਂ ਓਹ ਚੁੱਪ ਹੋਏ ਤਾਂ ਯਾਕੂਬ ਅੱਗੋਂ ਕਹਿਣ ਲੱਗਾ, - ਹੇ ਭਾਈਓ, ਮੇਰੀ ਸੁਣੋ।
14 ਸ਼ਮਊਨ ਨੇ ਦੱਸਿਆ ਹੈ ਭਈ ਕਿਸ ਪਰਕਾਰ ਪਰਮੇਸ਼ੁਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।
15 ਅਤੇ ਨਬੀਆਂ ਦੇ ਬਚਨ ਏਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ,-
16 ਇਹ ਦੇ ਪਿੱਛੋਂ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ, ਅਤੇ ਉਹ ਦੇ ਖੋਲੇ ਨੂੰ ਫੇਰ ਬਣਾ ਕੇ ਖੜਾ ਕਰਾਂਗਾ,
17 ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੇ ਸਦਾਉਂਦੇ ਹਨ ਪ੍ਰਭੁ ਨੂੰ ਭਾਲਣ।
18 ਪ੍ਰਭੁ ਜਿਹੜਾ ਮੁੱਢੋਂ ਏਹ ਗੱਲਾਂ ਪਰਗਟ ਕਰਦਾ ਹੈ ਇਉਂ ਆਖਦਾ ਹੈ।
19 ਸੋ ਮੇਰੀ ਸਲਾਹ ਇਹ ਹੈ ਕਿ ਪਰਾਈਆਂ ਕੌਮਾਂ ਵਿੱਚੋਂ ਜਿਹੜੇ ਪਰਮੇਸ਼ੁਰ ਦੀ ਵੱਲ ਮੁੜਦੇ ਹਨ ਅਸੀਂ ਓਹਨਾਂ ਨੂੰ ਔਖਿਆਂ ਨਾ ਕਰੀਏ।
20 ਸਗੋਂ ਓਹਨਾਂ ਨੂੰ ਲਿਖ ਭੇਜੀਏ ਭਈ ਮੂਰਤਾਂ ਦੀਆਂ ਪਲੀਤਗੀਆਂ ਅਤੇ ਹਰਾਮਕਾਰੀ ਅਤੇ ਗਲ ਘੁੱਟੇ ਹੋਏ ਦੇ ਮਾਸ ਅਤੇ ਲਹੂ ਤੋਂ ਬਚੇ ਰਹਿਣ।
21 ਕਿਉਂ ਜੋ ਅਗਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਅਤੇ ਹਰ ਸਬਤ ਦੇ ਦਿਨ ਸਮਾਜਾਂ ਵਿੱਚ ਉਹ ਦੀ ਪੋਥੀ ਪੜ੍ਹੀ ਜਾਂਦੀ ਹੈ।
22 ਤਦ ਰਸੂਲਾਂ ਅਤੇ ਬਜ਼ੁਰਗਾਂ ਨੇ ਸਾਰੀ ਕਲੀਸਿਯਾ ਸਣੇ ਚੰਗਾ ਜਾਣਿਆ ਕਿ ਆਪਣੇ ਵਿੱਚੋਂ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਘੱਲਣ ਅਰਥਾਤ ਯਹੂਦਾ ਨੂੰ ਜਿਹੜਾ ਬਰਸੱਬਾਸ ਕਹਾਉਂਦਾ ਅਤੇ ਸੀਲਾਸ ਨੂੰ ਜਿਹੜੇ ਭਾਈਆਂ ਵਿੱਚ ਮੁਰਹੈਲ ਸਨ।
23 ਅਰ ਉਨ੍ਹਾਂ ਦੇ ਹੱਥ ਇਹ ਲਿਖ ਘੱਲਿਆ ਭਈ ਉਨ੍ਹਾਂ ਭਾਈਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹੋ ਕੇ ਅੰਤਾਕਿਯਾ ਅਤੇ ਸੁਰਿਯਾ ਅਤੇ ਕਿਲਿਕਿਯਾ ਵਿੱਚ ਰਹਿੰਦੇ ਹਨ ਰਸੂਲਾਂ ਅਤੇ ਬਜ਼ੁਰਗਾਂ ਭਾਈਆਂ ਦਾ ਪਰਨਾਮ।
24 ਜਾਂ ਅਸਾਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਘਬਰਾ ਦਿੱਤਾ ਪਰ ਅਸਾਂ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦਿੱਤਾ।
25 ਤਾਂ ਅਸਾਂ ਇੱਕ ਮਨ ਹੋ ਕੇ ਚੰਗਾ ਜਾਣਿਆ ਜੋ ਕਈਕੁ ਪੁਰਸ਼ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ।
26 ਜੋ ਅਜੇਹੇ ਮਨੁੱਖ ਹਨ ਕਿ ਜਿਨ੍ਹਾਂ ਆਪਣੇ ਪ੍ਰਾਣ ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਬਦਲੇ ਜੋਖੋਂ ਵਿੱਚ ਪਾ ਦਿੱਤੇ, ਤੁਹਾਡੇ ਕੋਲ ਘੱਲੀਏ।
27 ਸੋ ਅਸਾਂ ਯਹੂਦਾ ਅਤੇ ਸੀਲਾਸ ਨੂੰ ਭੇਜਿਆ ਹੈ ਜੋ ਆਪ ਏਹ ਗੱਲਾਂ ਜਬਾਨੀ ਭੀ ਦੱਸਣਗੇ।
28 ਕਿਉਂਕਿ ਪਵਿੱਤ੍ਰ ਆਤਮਾ ਨੇ ਅਤੇ ਅਸਾਂ ਚੰਗਾ ਜਾਣਿਆ ਜੋ ਇਨ੍ਹਾਂ ਜਰੂਰੀ ਗੱਲਾਂ ਤੋਂ ਬਿਨਾ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ।
29 ਕਿ ਤੁਸੀਂ ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਗਲ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ। ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪ ਨੂੰ ਬਚਾ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਤੁਹਾਡੀ ਕਲਿਆਣ ਹੋਵੇ।
30 ਫੇਰ ਓਹ ਵਿਦਿਆ ਹੋ ਕੇ ਅੰਤਾਕਿਯਾ ਨੂੰ ਆਏ ਅਰ ਸੰਗਤ ਨੂੰ ਇਕੱਠੀ ਕਰ ਕੇ ਚਿੱਠੀ ਦਿੱਤੀ।
31 ਓਹ ਪੜ੍ਹ ਕੇ ਏਸ ਤਸੱਲੀ ਦੀ ਗੱਲੋਂ ਬਹੁਤ ਅਨੰਦ ਹੋਏ।
32 ਤਾਂ ਯਹੂਦਾ ਅਰ ਸੀਲਾਸ ਨੇ ਜੋ ਆਪ ਭੀ ਨਬੀ ਸਨ ਭਾਈਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਤਕੜੇ ਕੀਤਾ।
33 ਅਤੇ ਓਹ ਕਿੰਨਾਕੁ ਚਿਰ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਾਈਆਂ ਕੋਲੋਂ ਸੁੱਖ ਸਾਂਦ ਨਾਲ ਵਿਦਿਆ ਹੋਏ।
35 ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਭੁ ਦਾ ਬਚਨ ਸਿਖਾਲਦੇ ਅਤੇ ਉਹ ਦੀ ਖੁਸ਼ ਖਬਰੀ ਸੁਣਾਉਂਦੇ ਸਨ।
36 ਕਈ ਦਿਨ ਪਿੱਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਓ ਹਰੇਕ ਨਗਰ ਵਿੱਚ ਜਿੱਥੇ ਅਸਾਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ ਫੇਰ ਜਾ ਕੇ ਭਾਈਆਂ ਦੀ ਖਬਰ ਲਈਏ ਭਈ ਉਨ੍ਹਾਂ ਦਾ ਕੀ ਹਾਲ ਹੈ।
37 ਅਤੇ ਬਰਨਬਾਸ ਦੀ ਇਹ ਸਲਾਹ ਹੋਈ ਜੋ ਅਸੀਂ ਯੂਹੰਨਾ ਨੂੰ ਵੀ ਜਿਹੜਾ ਮਰਕੁਸ ਸਦਾਉਂਦਾ ਹੈ ਨਾਲ ਲੈ ਚੱਲੀਏ।
38 ਪਰ ਪੌਲੁਸ ਨੇ ਚੰਗਾ ਨਾ ਜਾਣਿਆ ਕਿ ਉਹ ਨੂੰ ਨਾਲ ਲੈ ਚੱਲੇ ਜਿਹੜਾ ਪਮਫ਼ੁਲਿਯਾ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ।
39 ਤਦ ਉਨ੍ਹਾਂ ਵਿੱਚ ਐੱਨਾ ਵਿਗਾੜ ਹੋਇਆ ਜੋ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚੱਲਿਆ ਗਿਆ।
40 ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਜਾਂ ਭਾਈਆਂ ਕੋਲੋਂ ਪਰਮੇਸ਼ੁਰ ਦੀ ਕਿਰਪਾ ਨੂੰ ਸੌਂਪਿਆ ਗਿਆ ਤਾਂ ਉਹ ਤੁਰ ਪਿਆ।
41 ਅਰ ਸੁਰਿਯਾ ਅਤੇ ਕਿਲਕਿਯਾ ਵਿੱਚ ਫਿਰਦਿਆਂ ਹੋਇਆਂ ਉਸ ਨੇ ਕਲੀਸਿਯਾ ਨੂੰ ਤਕੜੇ ਕੀਤਾ।
ਕਾਂਡ 16

1 ਉਹ ਦਰਬੇ ਅਤੇ ਲੁਸਤ੍ਰਾ ਵਿੱਚ ਭੀ ਆਇਆ ਅਰ ਵੇਖੋ ਉੱਥੇ ਤਿਮੋਥਿਉਸ ਨਾਮੇ ਇੱਕ ਚੇਲਾ ਹੈਸੀ ਜਿਹੜਾ ਇੱਕ ਨਿਹਚਾਵਾਨ ਯਹੂਦਣ ਦਾ ਪੁੱਤ੍ਰ ਸੀ ਪਰ ਉਹ ਦਾ ਪਿਉ ਯੂਨਾਨੀ ਸੀ।
2 ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ।
3 ਪੌਲੁਸ ਨੇ ਚਾਹਿਆ ਭਈ ਇਹ ਮੇਰੇ ਨਾਲ ਚੱਲੇ ਸੋ ਉਨ੍ਹਾਂ ਯਹੂਦੀਆਂ ਦੇ ਕਾਰਨ ਜਿਹੜੇ ਉਸ ਗਿਰਦੇ ਦੇ ਸਨ ਉਹ ਨੂੰ ਲੈ ਕੇ ਉਹ ਦੀ ਸੁੰਨਤ ਕੀਤੀ ਕਿਉਂ ਜੋ ਓਹ ਸੱਭੋ ਜਾਣਦੇ ਸਨ ਭਈ ਉਹ ਦਾ ਪਿਉ ਯੂਨਾਨੀ ਸੀ।
4 ਓਹ ਨਗਰ ਨਗਰ ਫਿਰਦਿਆਂ ਹੋਇਆਂ ਓਹ ਹੁਕਮ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਓਹਨਾਂ ਨੂੰ ਸੌਂਪਦੇ ਗਏ।
5 ਸੋ ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦਿਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।
6 ਓਹ ਫ਼ਰੁਗਿਯਾ ਅਰ ਗਲਾਤਿਯਾ ਦੇ ਇਲਾਕੇ ਵਿੱਚ ਦੀ ਲੰਘ ਗਏ ਕਿਉਂ ਜੋ ਪਵਿੱਤ੍ਰ ਆਤਮਾ ਨੇ ਉਨ੍ਹਾਂ ਨੂੰ ਅਸਿਯਾ ਵਿੱਚ ਬਚਨ ਸੁਣਾਉਣ ਤੋਂ ਮਨਾ ਕੀਤਾ ਸੀ।
7 ਤਦ ਉਨ੍ਹਾਂ ਨੇ ਮੁਸਿਯਾ ਦੇ ਸਾਹਮਣੇ ਆ ਕੇ ਬਿਥੁਨਿਯਾ ਵਿੱਚ ਜਾਣ ਦਾ ਜਤਨ ਕੀਤਾ ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਨਾ ਜਾਣ ਦਿੱਤਾ।
8 ਸੋ ਓਹ ਮੁਸਿਯਾ ਕੋਲ ਦੀ ਲੰਘ ਕੇ ਤ੍ਰੋਆਸ ਵਿੱਚ ਆ ਉਤਰੇ।
9 ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ ਜੋ ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ।
10 ਜਾਂ ਉਸ ਨੇ ਇਹ ਦਰਸ਼ਣ ਪਾਇਆ ਤਾਂ ਓਸੇ ਵੇਲੇ ਅਸਾਂ ਮਕਦੂਨਿਯਾ ਵਿੱਚ ਜਾਣ ਦਾ ਜਤਨ ਕੀਤਾ ਇਸ ਲਈ ਜੋ ਅਸਾਂ ਪੱਕ ਜਾਣਿਆ ਭਈ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ ਖਬਰੀ ਸੁਣਾਈਏ।
11 ਤਾਂ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਅਗਲੇ ਭਲਕ ਨਿਯਾਪੁਲਿਸ ਨੂੰ।
12 ਅਰ ਉੱਥੋਂ ਫ਼ਿਲਿੱਪੈ ਨੂੰ ਜੋ ਮਕਦੂਨਿਯਾ ਦੇ ਉਸ ਪਾਸੇ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਓਸੇ ਸ਼ਹਿਰ ਵਿੱਚ ਰਹੇ।
13 ਅਤੇ ਸਬਤ ਦੇ ਦਿਨ ਫਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਭਈ ਬੰਦਗੀ ਕਰਨ ਦਾ ਕੋਈ ਅਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਤੀਵੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ।
14 ਅਰ ਲੁਦਿਯਾ ਨਾਮੇ ਥੁਆਤੀਰਾ ਨਗਰ ਦੀ ਇੱਕ ਤੀਵੀਂ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਸੁਣਦੀ ਸੀ। ਉਹ ਦਾ ਮਨ ਪ੍ਰਭੁ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ।
15 ਅਤੇ ਜਾਂ ਉਸ ਨੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ ਤਾਂ ਮਿੰਨਤ ਕਰ ਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ ਅਤੇ ਸਾਨੂੰ ਮੱਲੋ ਮੱਲੀ ਲੈ ਗਈ।
16 ਇਉਂ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਅਸਥਾਨ ਨੂੰ ਜਾਂਦੇ ਸਾਂ ਤਾਂ ਇੱਕ ਗੋੱਲੀ ਸਾਨੂੰ ਮਿਲੀ ਜਿਹ ਦੇ ਵਿੱਚ ਭੇਤ ਬੁਝਣ ਦੀ ਰੂਹ ਸੀ ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ।
17 ਸੋ ਪੌਲੁਸ ਦੇ ਅਤੇ ਸਾਡੇ ਮਗਰ ਆਣ ਕੇ ਹਾਕਾਂ ਮਾਰਦੀ ਅਤੇ ਕਹਿੰਦੀ ਸੀ ਜੋ ਏਹ ਲੋਕ ਅੱਤ ਮਹਾਂ ਪਰਮੇਸ਼ੁਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ !
18 ਉਹ ਬਹੁਤ ਦਿਨਾਂ ਤੀਕੁਰ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾਹ ! ਅਤੇ ਉਹ ਉਸੇ ਘੜੀ ਨਿੱਕਲ ਗਈ।
19 ਪਰ ਜਾਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਪੌਲੁਸ ਅਤੇ ਸੀਲਾਸ ਨੂੰ ਫੜ ਕੇ ਬਜ਼ਾਰ ਵਿੱਚ ਹਾਕਮਾਂ ਦੇ ਕੋਲ ਖਿੱਚ ਕੇ ਲੈ ਚੱਲੇ।
20 ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਭਈ ਇਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ।
21 ਅਤੇ ਸਾਨੂੰ ਅਜੇਹੀਆਂ ਰੀਤਾਂ ਦੱਸਦੇ ਹਨ ਕਿ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਜੋਗ ਨਹੀਂ।
22 ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਦੁਆਲੇ ਦੇ ਲੀੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਕੀਤਾ।
23 ਉਨ੍ਹਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਭਈ ਵੱਡੀ ਚੌਕਸੀ ਨਾਲ ਉਨ੍ਹਾਂ ਦੀ ਖਬਰਦਾਰੀ ਕਰ !
24 ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰੀਂ ਕਾਠ ਠੋਕ ਦਿੱਤਾ।
25 ਪਰ ਅੱਧੀਕੁ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦਾ ਭਜਨ ਗਾਉਂਦੇ ਸਨ ਅਰ ਕੈਦੀ ਉਨ੍ਹਾਂ ਦੀ ਸੁਣਦੇ ਸਨ।
26 ਤਾਂ ਅਚਾਣਕ ਇੱਕ ਐਡਾ ਭੁਚਾਲ ਆਇਆ ਜੋ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਰ ਝੱਟ ਸਾਰੇ ਬੂਹੇ ਖੁਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਖੁਲ੍ਹ ਗਈਆਂ !
27 ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਾਂ ਕੈਦਖ਼ਾਨੇ ਦੇ ਬੂਹੇ ਖੁਲ੍ਹੇ ਵੇਖੇ ਤਾਂ ਇਹ ਸਮਝ ਕੇ ਭਈ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਧੂਈ ਅਤੇ ਆਪ ਨੂੰ ਮਾਰਨ ਲੱਗਾ।
28 ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪ ਨੂੰ ਕੁਝ ਨੁਕਸਾਨ ਨਾ ਪੁਚਾ ਕਿਉਂ ਜੋ ਅਸੀਂ ਸਭ ਏੱਥੇ ਹੀ ਹਾਂ !
29 ਤਦ ਉਹ ਦੀਵੇ ਮੰਗਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ।
30 ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾ ਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ ?
31 ਉਨ੍ਹਾਂ ਆਖਿਆ, ਪ੍ਰਭੁ ਯਿਸੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ।
32 ਤਾਂ ਉਨ੍ਹਾਂ ਉਸ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੁ ਦਾ ਬਚਨ ਸੁਣਾਇਆ।
33 ਅਤੇ ਰਾਤ ਦੀ ਓਸੇ ਘੜੀ ਉਸ ਨੇ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਜ਼ਖਮ ਧੋਤੇ ਅਰ ਉਸ ਨੇ ਅਰ ਉਸ ਦੇ ਸਾਰੇ ਘਰ ਦਿਆਂ ਨੇ ਓਸੇ ਵੇਲੇ ਬਪਤਿਸਮਾ ਲਿਆ।
34 ਅਤੇ ਉਨ੍ਹਾਂ ਨੂੰ ਘਰ ਵਿੱਚ ਲਿਆ ਕੇ ਉਨ੍ਹਾਂ ਦੇ ਅੱਗੇ ਭੋਜਨ ਪਰੋਸਿਆ ਅਤੇ ਉਸ ਨੇ ਪਰਮੇਸ਼ੁਰ ਦੀ ਪਰਤੀਤ ਕਰ ਕੇ ਆਪਣੇ ਸਾਰੇ ਟੱਬਰ ਸਣੇ ਵੱਡੀ ਖੁਸ਼ੀ ਮਨਾਈ।
35 ਜਾਂ ਦਿਨ ਚੜ੍ਹਿਆ ਤਾਂ ਸਰਦਾਰਾਂ ਨੇ ਪਿਆਦਿਆਂ ਦੇ ਰਾਹੀਂ ਕਹਾ ਭੇਜਿਆ ਭਈ ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ।
36 ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖਬਰ ਦਿੱਤੀ ਜੋ ਸਰਦਾਰਾਂ ਨੇ ਤੁਹਾਨੂੰ ਛੱਡਣ ਲਈ ਕਹਾ ਭੇਜਿਆ ਹੈ ਸੋ ਹੁਣ ਨਿੱਕਲ ਕੇ ਸੁੱਖ ਸਾਂਦ ਨਾਲ ਚੱਲੇ ਜਾਓ।
37 ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤਿਆਂ ਬਿਨਾਂ ਸਭਨਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਓਹ ਸਾਨੂੰ ਚੁੱਪ ਕੀਤੇ ਕੱਢਦੇ ਹਨ ? ਇਹ ਕਦੀ ਨਹੀਂ ਹੋਣਾ ਸਗੋਂ ਓਹ ਆਪੇ ਆਣ ਕੇ ਸਾਨੂੰ ਬਾਹਰ ਲੈ ਚੱਲਣ।
38 ਤਦ ਪਿਆਦਿਆਂ ਨੇ ਏਹ ਗੱਲਾਂ ਸਰਦਾਰਾਂ ਨੂੰ ਜਾ ਸੁਣਾਈਆਂ ਅਤੇ ਜਾਂ ਓਹਨਾਂ ਸੁਣਿਆ ਜੋ ਏਹ ਰੋਮੀ ਹਨ ਤਾਂ ਡਰ ਗਏ।
39 ਅਤੇ ਆਣ ਕੇ ਉਨ੍ਹਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਅਰਦਾਸ ਕੀਤੀ ਜੋ ਸ਼ਹਿਰੋਂ ਚੱਲੇ ਜਾਓ।
40 ਤਦ ਓਹ ਕੈਦੋਂ ਛੁੱਟ ਕੇ ਲੁਦਿਯਾ ਦੇ ਗਏ ਅਰ ਭਾਈਆਂ ਨੂੰ ਵੇਖ ਕੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਤੁਰ ਪਏ।
ਕਾਂਡ 17

1 ਫੇਰ ਓਹ ਅਮਫ਼ਿਪੁਲਿਸ ਅਤੇ ਅਪੁੱਲੋਨਿਯਾ ਦੇ ਵਿੱਚੋਂ ਦੀ ਲੰਘ ਕੇ ਥੱਸਲੁਨੀਕੇ ਨੂੰ ਆਏ ਜਿੱਥੇ ਯਹੂਦੀਆਂ ਦੀ ਇੱਕ ਸਮਾਜ ਸੀ।
2 ਅਤੇ ਪੌਲੁਸ ਆਪਣੇ ਦਸਤੂਰ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਰ ਤਿੰਨਾਂ ਸਬਤਾਂ ਦੇ ਦਿਨਾਂ ਤੀਕ ਲਿਖਤਾਂ ਵਿੱਚੋਂ ਉਨ੍ਹਾਂ ਨੂੰ ਬਚਨ ਸੁਣਾਉਂਦਾ ਰਿਹਾ।
3 ਅਤੇ ਅਰਥ ਖੋਲ੍ਹ ਕੇ ਉਹ ਨੇ ਬਿਆਨ ਕੀਤਾ ਭਈ ਮਸੀਹ ਦਾ ਦੁਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜਰੂਰੀ ਸੀ ਅਤੇ ਇਹ ਯਿਸੂ ਜਿਹ ਦੀ ਮੈਂ ਤੁਹਾਨੂੰ ਖਬਰ ਦਿੰਦਾ ਹਾਂ ਉਹੋ ਮਸੀਹ ਹੈ।
4 ਸੋ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਮੰਨ ਲਿਆ ਅਤੇ ਪੌਲੁਸ ਅਰ ਸੀਲਾਸ ਦੇ ਨਾਲ ਰਲ ਗਏ ਅਰ ਇਸੇ ਤਰਾਂ ਭਗਤ ਯੂਨਾਨੀਆਂ ਵਿੱਚੋਂ ਬਾਹਲੇ ਲੋਕ ਅਤੇ ਬਹੁਤ ਸਾਰੀਆਂ ਸਰਦਾਰਨੀਆਂ ਵੀ।
5 ਪਰ ਯਹੂਦੀਆਂ ਨੇ ਖੁਣਸ ਕਰਕੇ ਬਜ਼ਾਰ ਦੇ ਲੁੱਚਿਆਂ ਲੰਡਿਆਂ ਵਿੱਚੋਂ ਕਈ ਪੁਰਖਾਂ ਨੂੰ ਆਪਣੇ ਸੰਗ ਰਲਾ ਲਿਆ ਅਤੇ ਭੀੜ ਲਾ ਕੇ ਨਗਰ ਵਿੱਚ ਰੌਲਾ ਪਾ ਦਿੱਤਾ ਅਤੇ ਯਾਸੋਨ ਦੇ ਘਰ ਉੱਤੇ ਹੱਲਾ ਕਰ ਕੇ ਉਨ੍ਹਾਂ ਨੂੰ ਲੋਕਾਂ ਦੇ ਕੋਲ ਬਾਹਰ ਲਿਆਉਣਾ ਚਾਹੁੰਦੇ ਸਨ।
6 ਪਰ ਜਾਂ ਓਹ ਨਾ ਲੱਭੇ ਤਾਂ ਯਾਸੋਨ ਅਤੇ ਕਈ ਭਾਈਆਂ ਨੂੰ ਨਗਰ ਦੇ ਸਰਦਾਰਾਂ ਅੱਗੇ ਇਉਂ ਡੰਡ ਪਾਉਂਦੇ ਖਿੱਚ ਲਿਆਏ ਭਈ ਏਹ ਲੋਕ ਜਿਨ੍ਹਾਂ ਜਗਤ ਨੂੰ ਉਲਟਾ ਦਿੱਤਾ ਹੈ ਏੱਥੇ ਵੀ ਆਏ ਹਨ !
7 ਯਾਸੋਨ ਨੇ ਉਨ੍ਹਾਂ ਨੂੰ ਉਤਾਰਿਆ ਹੈ ਅਤੇ ਏਹ ਸਭ ਕੈਸਰ ਦੇ ਹੁਕਮਾਂ ਦੇ ਵਿਰੁੱਧ ਕਹਿੰਦੇ ਹਨ ਕਿ ਪਾਤਸ਼ਾਹ ਤਾਂ ਹੋਰ ਹੈ ਅਰਥਾਤ ਯਿਸੂ।
8 ਸੋ ਉਨ੍ਹਾਂ ਨੇ ਲੋਕਾਂ ਨੂੰ ਅਤੇ ਨਗਰ ਦਿਆਂ ਸਰਦਾਰਾਂ ਨੂੰ ਏਹ ਗੱਲਾਂ ਸੁਣਾ ਕੇ ਘਬਰਾ ਦਿੱਤਾ।
9 ਤਾਂ ਓਹਨਾਂ ਨੇ ਯਾਸੋਨ ਅਰ ਦੂਜਿਆਂ ਤੋਂ ਮੁਚੱਲਕਾ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
10 ਪਰ ਭਾਈਆਂ ਨੇ ਤਾਬੜਤੋੜ ਰਾਤ ਦੇ ਵੇਲੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਨੂੰ ਘੱਲ ਦਿੱਤਾ ਅਰ ਓਹ ਉੱਥੇ ਪਹੁੰਚ ਕੇ ਯਹੂਦੀਆਂ ਦੀ ਸਮਾਜ ਵਿੱਚ ਗਏ।
11 ਏਥੇ ਦੇ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।
12 ਇਸ ਲਈ ਬਹੁਤੇ ਉਨ੍ਹਾਂ ਵਿੱਚੋਂ ਅਤੇ ਯੂਨਾਨੀ ਪਤਵੰਤ ਇਸਤ੍ਰੀਆਂ ਅਤੇ ਪੁਰਖਾਂ ਵਿੱਚੋਂ ਵੀ ਢੇਰ ਸਾਰਿਆਂ ਨੇ ਨਿਹਚਾ ਕੀਤੀ।
13 ਪਰ ਜਾਂ ਥੱਸਲੁਨੀਕੇ ਦੇ ਯਹੂਦੀਆਂ ਨੇ ਜਾਣਿਆ ਭਈ ਪੌਲੁਸ ਪਰਮੇਸ਼ੁਰ ਦਾ ਬਚਨ ਬਰਿਯਾ ਵਿੱਚ ਵੀ ਸੁਣਾਉਂਦਾ ਹੈ ਤਾਂ ਉੱਥੇ ਵੀ ਆਣ ਕੇ ਲੋਕਾਂ ਨੂੰ ਉਭਾਰਨ ਅਤੇ ਘਬਰਾ ਦੇਣ ਲੱਗੇ।
14 ਤਦ ਭਾਈਆਂ ਨੇ ਝੱਟ ਪੌਲੁਸ ਨੂੰ ਵਿਦਿਆ ਕੀਤਾ ਭਈ ਸਮੁੰਦਰ ਤੀਕ ਜਾਵੇ ਅਤੇ ਸੀਲਾਸ ਅਰ ਤਿਮੋਥਿਉਸ ਉੱਥੇ ਹੀ ਰਹੇ।
15 ਪਰ ਪੌਲੁਸ ਦੇ ਪੁਚਾਉਣ ਵਾਲਿਆਂ ਨੇ ਉਹ ਨੂੰ ਅਥੇਨੈ ਤਾਈਂ ਲਿਆਂਦਾ ਅਤੇ ਸੀਲਾਸ ਅਰ ਤਿਮੋਥਿਉਸ ਦੇ ਲਈ ਹੁਕਮ ਲੈ ਕੇ ਭਈ ਜਿਸ ਤਰਾਂ ਹੋ ਸੱਕੇ ਛੇਤੀ ਉਹ ਦੇ ਕੋਲ ਆ ਜਾਣ ਓਹ ਤੁਰ ਪਏ।
16 ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਦੀ ਉਡੀਕ ਕਰਦਾ ਸੀ ਤਾਂ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹ ਦਾ ਜੀ ਜਲ ਗਿਆ।
17 ਇਸ ਲਈ ਉਹ ਸਮਾਜ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਦੇ ਨਾਲ ਅਤੇ ਰੋਜ ਬਜ਼ਾਰ ਵਿੱਚ ਉਨ੍ਹਾਂ ਨਾਲ ਜੋ ਉਸ ਨੂੰ ਮਿਲਦੇ ਸਨ ਗਿਆਨ ਗੋਸ਼ਟ ਕਰਦਾ ਸੀ।
18 ਅਪਿਕੂਰੀ ਅਰ ਸਤੋਇਕੀ ਪੰਡਤਾਂ ਵਿੱਚੋਂ ਵੀ ਕਈਕੁ ਉਸ ਨਾਲ ਟਕਰਨ ਲੱਗੇ ਅਤੇ ਕਈਆਂ ਨੇ ਆਖਿਆ ਜੋ ਇਹ ਬਕਵਾਦੀ ਕੀ ਕਹਿਣਾ ਚਾਹੁੰਦਾ ਹੈ ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਮਲੂਮ ਹੁੰਦਾ ਹੈ ਕਿਉਂ ਜੋ ਉਹ ਯਿਸੂ ਦੀ ਅਰ ਕਿਆਮਤ ਦੀ ਖੁਸ਼ ਖਬਰੀ ਸੁਣਾਉਂਦਾ ਸੀ।
19 ਓਹ ਉਸ ਨੂੰ ਫੜ ਕੇ ਅਰਿਯੁਪਗੁਸ ਉੱਤੇ ਲੈ ਗਏ ਅਰ ਬੋਲੇ, ਕੀ ਅਸੀਂ ਪੁੱਛ ਸੱਕਦੇ ਹਾਂ ਭਈ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈਂ ਕੀ ਹੈ ?
20 ਤੂੰ ਤਾਂ ਸਾਡੇ ਕੰਨੀਂ ਅਨੋਖੀਆਂ ਗੱਲਾਂ ਪਾਉਂਦਾ ਹੈਂ ਸੋ ਅਸੀਂ ਉਨ੍ਹਾਂ ਦਾ ਅਰਥ ਜਾਣਿਆ ਚਾਹੁੰਦੇ ਹਾਂ।
21 ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ ਨਵੀਆਂ ਨਵੀਆਂ ਗੱਲਾਂ ਸੁਣਨ ਅਥਵਾ ਸੁਣਾਉਣ ਤੋਂ ਬਿਨਾ ਆਪਣਾ ਵੇਲਾ ਹੋਰ ਕਿਸੇ ਕੰਮ ਵਿੱਚ ਨਹੀਂ ਕੱਟਦੇ ਸਨ।
22 ਸੋ ਪੌਲੁਸ ਅਰਿਯੁਪਗੁਸ ਦੇ ਵਿੱਚ ਖੜਾ ਹੋ ਕੇ ਕਹਿਣ ਲੱਗਾ, - ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ ਹਾਂ।
23 ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਭੀ ਵੇਖੀ ਜਿਹ ਦੇ ਉੱਤੇ ਇਹ ਲਿਖਿਆ ਹੋਇਆ ਸੀ ਅਣਜਾਤੇ ਦੇਵ ਲਈ। ਉਪਰੰਤ ਜਿਹ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਓਸੇ ਦੀ ਖਬਰ ਦਿੰਦਾ ਹਾਂ।
24 ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਇਆਂ ਹੋਇਆਂ ਮੰਦਰਾਂ ਵਿੱਚ ਨਹੀਂ ਵੱਸਦਾ ਹੈ।
25 ਅਤੇ ਨਾ ਕਿਸੇ ਚੀਜ਼ ਤੋਂ ਥੁੜ ਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਆਪੇ ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।
26 ਅਤੇ ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ ਅਤੇ ਉਨ੍ਹਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ।
27 ਭਈ ਓਹ ਪਰਮੇਸ਼ੁਰ ਨੂੰ ਭਾਲਣ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।
28 ਕਿਉਂਕਿ ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਭੀ ਕਿੰਨਿਆਂ ਨੇ ਆਖਿਆ ਹੈ ਭਈ ਅਸੀਂ ਤਾਂ ਉਹ ਦੀ ਅੰਸ ਭੀ ਹਾਂ।
29 ਸੋ ਪਰਮੇਸ਼ੁਰ ਦੀ ਅੰਸ ਹੋ ਕੇ ਸਾਨੂੰ ਜੋਗ ਨਹੀਂ ਜੋ ਇਹ ਸਮਝੀਏ ਭਈ ਪਰਮੇਸ਼ੁਰ ਸੋਨੇ, ਚਾਂਦੀ ਯਾ ਪੱਥਰ ਵਰਗਾ ਹੈ। ਜਿਹ ਨੂੰ ਮਨੁੱਖ ਦੀ ਹਥੌਟੀ ਅਤੇ ਮਨ ਨੇ ਘੜਿਆ ਹੈ।
30 ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮਿਆਂ ਵੱਲੋਂ ਅੱਖੀਆਂ ਫੇਰ ਲਈਆਂ ਸਨ ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਓਹ ਸਭ ਹਰੇਕ ਥਾਂ ਤੋਬਾ ਕਰਨ।
31 ਕਿਉਂ ਜੋ ਉਸ ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।
32 ਜਾਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ ਪਰ ਹੋਰਨਾਂ ਆਖਿਆ, ਅਸੀਂ ਇਹ ਗੱਲ ਤੈਥੋਂ ਕਦੇ ਫੇਰ ਸੁਣਾਂਗੇ।
33 ਸੋ ਪੌਲੁਸ ਉਨ੍ਹਾਂ ਦੇ ਵਿੱਚੋਂ ਚੱਲਿਆ ਗਿਆ।
34 ਪਰੰਤੂ ਕਈ ਪੁਰਖਾਂ ਨੇ ਉਹ ਦੇ ਨਾਲ ਰਲ ਕੇ ਪਰਤੀਤ ਕੀਤੀ। ਉਨ੍ਹਾਂ ਵਿੱਚੋਂ ਦਿਯਾਨੁਸਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮੇ ਇੱਕ ਤੀਵੀਂ ਅਤੇ ਹੋਰ ਕਈ ਉਨ੍ਹਾਂ ਦੇ ਨਾਲ ਸਨ।
ਕਾਂਡ 18

1 ਇਹ ਦੇ ਪਿੱਛੋਂ ਪੌਲੁਸ ਅਥੇਨੈ ਤੋਂ ਤੁਰ ਕੇ ਕੁਰਿੰਥੁਸ ਵਿੱਚ ਆਇਆ।
2 ਅਰ ਉੱਥੇ ਅਕੂਲਾ ਨਾਉਂ ਦਾ ਯਹੂਦੀ ਉਹ ਨੂੰ ਮਿਲਿਆ ਜਿਹ ਦੀ ਜੰਮਣ ਭੂਮੀ ਪੁੰਤੁਸ ਸੀ ਅਤੇ ਥੋੜੇ ਚਿਰ ਦਾ ਆਪਣੀ ਤੀਵੀਂ ਪ੍ਰਿਸਕਿੱਲਾ ਸਣੇ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਭਈ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ।
3 ਅਤੇ ਇਸ ਲਈ ਜੋ ਓਹ ਇੱਕੋ ਕਿਰਤ ਕਰਮ ਵਾਲੇ ਸਨ ਉਨ੍ਹਾਂ ਦੇ ਸੰਗ ਰਿਹਾ ਅਤੇ ਓਹ ਕੰਮ ਕਰਨ ਲੱਗੇ ਕਿਉਂ ਜੋ ਕਿਰਤ ਵਿੱਚ ਓਹ ਤੰਬੂ ਬਣਾਉਣ ਵਾਲੇ ਸਨ।
4 ਅਤੇ ਉਹ ਹਰ ਸਬਤ ਨੂੰ ਸਮਾਜ ਵਿੱਚ ਗਿਆਨ ਗੋਸ਼ਟ ਕਰਦਾ ਅਤੇ ਯਹੂਦੀਆਂ ਤੇ ਯੂਨਾਨੀਆਂ ਨੂੰ ਮਨਾਉਂਦਾ ਸੀ।
5 ਪਰ ਜਦ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਸਾਖੀ ਦੇ ਰਿਹਾ ਸੀ ਜੋ ਯਿਸੂ ਓਹੋ ਮਸੀਹ ਹੈ।
6 ਜਾਂ ਓਹ ਸਾਹਮਣਾ ਕਰਨ ਅਤੇ ਕੁਫ਼ਰ ਬਕਣ ਲੱਗੇ ਤਾਂ ਉਸ ਨੇ ਆਪਣੇ ਲੀੜੇ ਝਾੜ ਕੇ ਉਨ੍ਹਾਂ ਨੂੰ ਆਖਿਆ, ਤੁਹਾਡਾ ਖੂਨ ਤੁਹਾਡੇ ਸਿਰ ! ਮੈਂ ਬੇਦੋਸ਼ ਹਾਂ ! ਏਦੋਂ ਅੱਗੇ ਮੈਂ ਪਰਾਈਆਂ ਕੌਮਾਂ ਵੱਲ ਜਾਵਾਂਗਾ।
7 ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮੇ ਪਰਮੇਸ਼ੁਰ ਦੇ ਇੱਕ ਭਗਤ ਦੇ ਘਰ ਗਿਆ ਜਿਹ ਦਾ ਘਰ ਸਮਾਜ ਮੰਦਰ ਦੇ ਨਾਲ ਲੱਗਦਾ ਸੀ।
8 ਅਤੇ ਸਮਾਜ ਦੇ ਸਰਦਾਰ ਕਰਿਸਪੁਸ ਨੇ ਆਪਣੇ ਸਾਰੇ ਘਰਾਣੇ ਸਣੇ ਪ੍ਰਭੁ ਦੀ ਪਰਤੀਤ ਕੀਤੀ ਅਤੇ ਕੁਰਿੰਥੀਆਂ ਵਿੱਚੋਂ ਬਥੇਰੇ ਲੋਕਾਂ ਨੇ ਸੁਣ ਕੇ ਨਿਹਚਾ ਕੀਤੀ ਅਤੇ ਬਪਤਿਸਮਾ ਲਿਆ।
9 ਤਾਂ ਪ੍ਰਭੁ ਨੇ ਰਾਤ ਦੇ ਵੇਲੇ ਪੌਲੁਸ ਨੂੰ ਦਰਸ਼ਣ ਦੇ ਕੇ ਕਿਹਾ, ਨਾ ਡਰ ਸਗੋਂ ਬੋਲੀ ਜਾਹ ਅਤੇ ਚੁੱਪ ਨਾ ਰਹੁ।
10 ਇਸ ਲਈ ਜੋ ਮੈਂ ਤੇਰੇ ਨਾਲ ਹਾਂ ਅਤੇ ਕੋਈ ਤੈਨੂੰ ਦੁਖ ਦੇਣ ਲਈ ਤੇਰੇ ਉੱਤੇ ਹੱਲਾ ਨਾ ਕਰੇਗਾ ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।
11 ਸੋ ਉਹ ਡੂਢ ਬਰਸ ਉੱਥੇ ਰਹਿ ਕੇ ਉਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਰਿਹਾ।
12 ਪਰ ਜਦ ਗਾਲੀਓ ਅਖਾਯਾ ਦਾ ਡਿਪਟੀ ਸੀ ਤਾਂ ਯਹੂਦੀ ਮਿਲ ਕੇ ਪੌਲੁਸ ਉੱਤੇ ਚੜ੍ਹ ਆਏ ਅਤੇ ਉਹ ਨੂੰ ਅਦਾਲਤ ਵਿੱਚ ਲੈ ਜਾਕੇ ਬੋਲੇ।
13 ਇਹ ਮਨੁੱਖ ਲੋਕਾਂ ਨੂੰ ਸ਼ਰਾ ਤੋਂ ਉਲਟਾ ਪਰਮੇਸ਼ੁਰ ਦੀ ਬੰਦਗੀ ਕਰਨ ਨੂੰ ਉਭਾਰਦਾ ਹੈ।
14 ਪਰ ਜਾਂ ਪੌਲੁਸ ਮੂੰਹ ਖੋਲ੍ਹਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, ਹੇ ਯਹੂਦੀਓ ਜੇ ਕੁਝ ਜ਼ੁਲਮ ਯਾ ਸਖਤ ਬਦਮਾਸ਼ੀ ਦੀ ਗੱਲ ਹੁੰਦੀ ਤਾਂ ਜੋਗ ਸੀ ਜੋ ਮੈਂ ਤੁਹਾਡੀ ਸੁਣਦਾ।
15 ਪਰ ਏਹ ਝਗੜੇ ਸ਼ਬਦਾਂ ਅਤੇ ਨਾਵਾਂ ਅਤੇ ਤੁਹਾਡੀ ਆਪਣੀ ਸ਼ਰਾ ਵਿਖੇ ਹਨ ਤਾਂ ਤੁਸੀਂ ਹੀ ਜਾਣੋ, ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਗੱਲਾਂ ਦਾ ਮੁਨਸਫ਼ ਹੋਵਾਂ।
16 ਤਾਂ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਕੱਢ ਦਿੱਤਾ।
17 ਤਾਂ ਉਨ੍ਹਾਂ ਸਭਨਾਂ ਨੇ ਸਮਾਜ ਦੇ ਸਰਦਾਰ ਸੋਸਥਨੇਸ ਨੂੰ ਫੜ ਕੇ ਅਦਾਲਤ ਦੇ ਸਾਹਮਣੇ ਮਾਰਿਆ ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੁਝ ਧਿਆਨ ਨਾ ਕੀਤਾ।
18 ਪੌਲੁਸ ਹੋਰ ਵੀ ਬਹੁਤ ਦਿਨ ਉੱਥੇ ਠਹਿਰ ਕੇ ਫੇਰ ਭਾਈਆਂ ਕੋਲੋਂ ਵਿਦਿਆ ਹੋਇਆ ਅਤੇ ਕੰਖਰਿਯਾ ਵਿੱਚ ਸਿਰ ਮੁਨਾ ਕੇ, ਕਿਉਂ ਜੋ ਉਹ ਨੇ ਮੰਨਤ ਮੰਨੀ ਸੀ, ਪ੍ਰਿਸਕਿੱਲਾ ਅਤੇ ਅਕੂਲਾ ਦੇ ਸੰਗ ਜਹਾਜ਼ ਤੇ ਸੁਰਿਯਾ ਦੀ ਵੱਲ ਨੂੰ ਚੱਲਿਆ ਗਿਆ।
19 ਅਤੇ ਅਫ਼ਸੁਸ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਉੱਥੇ ਹੀ ਛੱਡਿਆ ਪਰ ਆਪ ਸਮਾਜ ਵਿੱਚ ਜਾ ਕੇ ਯਹੂਦੀਆਂ ਦੇ ਨਾਲ ਗਿਆਨ ਗੋਸ਼ਟ ਕੀਤੀ।
20 ਤਾਂ ਉਨ੍ਹਾਂ ਨੇ ਉਹ ਦੇ ਅੱਗੇ ਬੇਨਤੀ ਕੀਤੀ ਭਈ ਉਹ ਕੁਝ ਦਿਨ ਹੋਰ ਰਹੇ ਪਰ ਉਹ ਨੇ ਨਾ ਮੰਨਿਆ।
21 ਪਰੰਤੁ ਇਹ ਕਹਿ ਕੇ ਭਈ ਪਰਮੇਸ਼ੁਰ ਚਾਹੇ ਤਾਂ ਮੈਂ ਤੁਹਾਡੇ ਕੋਲ ਫੇਰ ਆਵਾਂਗਾ ਉਹ ਉਨ੍ਹਾਂ ਕੋਲੋਂ ਵਿਦਿਆ ਹੋਇਆ ਅਤੇ ਜਹਾਜ਼ ਤੇ ਚੜ੍ਹ ਕੇ ਅਫ਼ਸੁਸ ਤੋਂ ਚੱਲਿਆ ਗਿਆ।
22 ਉਹ ਕੈਸਰਿਯਾ ਵਿੱਚ ਉਤਰਿਆ ਅਰ ਜਾਂ ਉਹ ਨੇ ਜਾ ਕੇ ਕਲੀਸਿਯਾ ਦੀ ਸੁਖ ਸਾਂਦ ਪੁੱਛੀ ਤਾਂ ਅੰਤਾਕਿਯਾ ਵਿੱਚ ਆਇਆ।
23 ਅਰ ਉੱਥੇ ਕੁਝ ਚਿਰ ਰਹਿ ਕੇ ਉਹ ਚੱਲਿਆ ਗਿਆ ਅਤੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਦੇਸ ਵਿੱਚ ਥਾਂ ਥਾਂ ਫਿਰ ਕੇ ਸਾਰਿਆਂ ਚੇਲਿਆਂ ਨੂੰ ਤਕੜਾ ਕਰਦਾ ਗਿਆ।
24 ਅਪੁੱਲੋਸ ਨਾਮੇ ਇੱਕ ਯਹੂਦੀ ਜਿਹ ਦੀ ਜੰਮਣ ਭੂਮੀ ਸਿਕੰਦਰਿਯਾ ਸੀ ਅਰ ਜੋ ਸੁਆਰਾ ਬੋਲਣ ਵਾਲਾ ਅਤੇ ਲਿਖਤਾਂ ਵਿੱਚ ਵੱਡਾ ਸੁਚੇਤ ਸੀ ਅਫ਼ਸੁਸ ਵਿੱਚ ਆਇਆ।
25 ਇਹ ਨੇ ਪ੍ਰਭੁ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਮਨ ਵਿੱਚ ਸਰਗਰਮ ਹੋ ਕੇ ਯਿਸੂ ਦੀਆਂ ਗੱਲਾਂ ਜਤਨ ਨਾਲ ਸੁਣਾਉਂਦਾ ਅਤੇ ਸਿਖਾਲਦਾ ਸੀ ਪਰ ਨਿਰਾ ਯੂਹੰਨਾ ਦਾ ਬਪਤਿਸਮਾ ਜਾਣਦਾ ਸੀ।
26 ਉਹ ਸਮਾਜ ਵਿੱਚ ਬੇਧੜਕ ਬੋਲਣ ਲੱਗਾ ਪਰ ਜਾਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਹ ਦੀ ਸੁਣੀ ਤਾਂ ਉਸ ਨੂੰ ਆਪਣੇ ਨਾਲ ਰਲਾ ਕੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ।
27 ਜਦ ਉਸ ਨੇ ਅਖਾਯਾ ਨੂੰ ਜਾਣ ਦੀ ਦਲੀਲ ਕੀਤੀ ਤਦ ਭਾਈਆਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ ਭਈ ਉਸ ਦਾ ਆਦਰ ਭਾਉ ਕਰਨ। ਸੋ ਉਸ ਨੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ ਜਿਨ੍ਹਾਂ ਕਿਰਪਾ ਦੇ ਕਾਰਨ ਨਿਹਚਾ ਕੀਤੀ ਸੀ।
28 ਕਿਉਂ ਜੋ ਉਸ ਨੇ ਲਿਖਤਾਂ ਤੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਉਹੋ ਮਸੀਹ ਹੈ ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ।
ਕਾਂਡ 19

1 ਇਉਂ ਹੋਇਆ ਕਿ ਜਾਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੁਸ ਉੱਪਰਲੇ ਇਲਾਕਿਆਂ ਵਿੱਚੋਂ ਦੀ ਲੰਘ ਕੇ ਅਫ਼ਸੁਸ ਨੂੰ ਆਇਆ।
2 ਅਤੇ ਕਈਆਂ ਚੇਲਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਆਖਿਆ, ਜਾਂ ਤੁਸਾਂ ਨਿਹਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤ੍ਰ ਆਤਮਾ ਮਿਲਿਆ ? ਉਨ੍ਹਾਂ ਉਸ ਨੂੰ ਕਿਹਾ, ਅਸਾਂ ਤਾਂ ਇਹ ਸੁਣਿਆ ਭੀ ਨਹੀਂ ਪਵਿੱਤ੍ਰ ਆਤਮਾ ਹੈਗਾ ਹੈ।
3 ਓਨ ਆਖਿਆ, ਫੇਰ ਤੁਸਾਂ ਕਾਹ ਦਾ ਬਪਤਿਸਮਾ ਲਿਆ ? ਓਹ ਬੋਲੇ, ਯੂਹੰਨਾ ਦਾ ਬਪਤਿਸਮਾ।
4 ਉਪਰੰਤ ਪੌਲੁਸ ਨੇ ਕਿਹਾ, ਯੂਹੰਨਾ ਤੋਬਾ ਦਾ ਬਪਤਿਸਮਾ ਦਿੰਦਾ ਅਤੇ ਲੋਕਾਂ ਨੂੰ ਇਹ ਆਖਦਾ ਸੀ ਭਈ ਤੁਸੀਂ ਉਸ ਉੱਤੇ ਜੋ ਮੇਰੇ ਪਿੱਛੇ ਆਉਣ ਵਾਲਾ ਹੈ ਅਰਥਾਤ ਯਿਸੂ ਉੱਤੇ ਨਿਹਚਾ ਕਰੋ।
5 ਇਹ ਸੁਣ ਕੇ ਉਨ੍ਹਾਂ ਨੇ ਪ੍ਰਭੁ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ।
6 ਅਤੇ ਜਾਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਧਰੇ ਤਾਂ ਪਵਿੱਤ੍ਰ ਆਤਮਾ ਉਨ੍ਹਾਂ ਤੇ ਉਤਰਿਆ ਅਰ ਓਹ ਬੋਲੀਆਂ ਬੋਲਣ ਅਤੇ ਅਗੰਮ ਵਾਕ ਕਰਨ ਲੱਗੇ।
7 ਓਹ ਸਭ ਬਾਰਾਂਕੁ ਪੁਰਖ ਸਨ।
8 ਫੇਰ ਪੌਲੁਸ ਸਮਾਜ ਵਿੱਚ ਜਾ ਕੇ ਪਰਮੇਸ਼ੁਰ ਦੇ ਰਾਜ ਦੇ ਵਿਖੇ ਬਚਨ ਸੁਣਾਉਂਦਿਆਂ ਅਤੇ ਲੋਕਾਂ ਨੂੰ ਸਮਝਾਉਂਦਿਆਂ ਹੋਇਆਂ ਤਿੰਨ ਮਹੀਨੇ ਬੇਧੜਕ ਬੋਲਦਾ ਰਿਹਾ।
9 ਪਰ ਜਾਂ ਕਿੰਨਿਆਂ ਨੇ ਕਠੋਰ ਹੋ ਕੇ ਨਾ ਮੰਨਿਆ ਅਤੇ ਲੋਕਾਂ ਦੇ ਅੱਗੇ ਉਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਸ ਨੇ ਓਹਨਾਂ ਕੋਲੋਂ ਅੱਡ ਹੋ ਕੇ ਚੇਲਿਆਂ ਨੂੰ ਅਲੱਗ ਕੀਤਾ ਅਤੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਰੋਜ ਬਚਨ ਸੁਣਾਉਂਦਾ ਸੀ।
10 ਇਹ ਦੋ ਵਰਿਹਾਂ ਤੀਕ ਹੁੰਦਾ ਰਿਹਾ ਐਥੋਂ ਤੋੜੀ ਜੋ ਅਸਿਯਾ ਦੇ ਵਾਸੀ ਕੀ ਯਹੂਦੀ ਕੀ ਯੂਨਾਨੀ ਸਭਨਾਂ ਨੇ ਪ੍ਰਭੁ ਦਾ ਬਚਨ ਸੁਣਿਆ।
11 ਪਰਮੇਸ਼ੁਰ ਪੌਲੁਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਵਿਖਾਲਦਾ ਸੀ।
12 ਐਥੋਂ ਤੀਕ ਜੋ ਰੁਮਾਲ ਅਰ ਪਟਕੇ ਉਹ ਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਨ੍ਹਾਂ ਦੇ ਰੋਗ ਜਾਂਦੇ ਰਹਿੰਦੇ ਅਰ ਦੁਸ਼ਟ ਆਤਮੇ ਨਿੱਕਲ ਜਾਂਦੇ ਸਨ।
13 ਤਦੋਂ ਯਹੂਦੀਆਂ ਵਿੱਚੋਂ ਕਈ ਆਦਮੀਆਂ ਨੇ ਜੋ ਇੱਧਰ ਉੱਧਰ ਫਿਰਦਿਆਂ ਹੋਇਆਂ ਝਾੜ ਫੂੰਕ ਕਰਦੇ ਹੁੰਦੇ ਸਨ ਇਹ ਦਿਲੇਰੀ ਕੀਤੀ ਕਿ ਜਿਨ੍ਹਾਂ ਨੂੰ ਦੁਸ਼ਟ ਆਤਮੇ ਚਿੰਬੜੇ ਹੋਏ ਸਨ ਉਨ੍ਹਾਂ ਉੱਤੇ ਪ੍ਰਭੁ ਯਿਸੂ ਦਾ ਨਾਮ ਲੈ ਕੇ ਕਹਿਣ ਲੱਗੇ ਭਈ ਮੈਂ ਤੁਹਾਨੂੰ ਯਿਸੂ ਦੇ ਨਾਮ ਦੀ ਸੌਂਹ ਦਿੰਦਾ ਹਾਂ ਜਿਹ ਦੀ ਪੌਲੁਸ ਮਨਾਦੀ ਕਰਦਾ ਹੈ।
14 ਅਤੇ ਸਕੇਵਾ ਨਾਮੇ ਕਿਸੇ ਯਹੂਦੀ ਪਰਧਾਨ ਜਾਜਕ ਦੇ ਸੱਤ ਪੁੱਤ੍ਰ ਸਨ ਜਿਹੜੇ ਇਹੋ ਕਰਦੇ ਸਨ।
15 ਪਰ ਦੁਸ਼ਟ ਆਤਮਾ ਨੇ ਓਹਨਾਂ ਨੂੰ ਉੱਤਰ ਦਿੱਤਾ ਭਈ ਮੈਂ ਯਿਸੂ ਨੂੰ ਸਿਆਣਦਾ ਹਾਂ ਅਤੇ ਪੌਲੁਸ ਨੂੰ ਮੈਂ ਜਾਣਦਾ ਹਾਂ ਪਰ ਤੁਸੀਂ ਕੌਣ ਹੋ ?
16 ਅਤੇ ਉਹ ਮਨੁੱਖ ਜਿਹ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਟੁੱਟ ਕੇ ਓਹਨਾਂ ਉੱਤੇ ਆਣ ਪਿਆ ਅਤੇ ਦੋਹਾਂ ਨੂੰ ਵੱਸ ਵਿੱਚ ਲਿਆ ਕੇ ਓਹਨਾਂ ਤੇ ਐਡੀ ਸਖ਼ਤੀ ਕੀਤੀ ਜੋ ਓਹ ਨੰਗੇ ਅਤੇ ਘਾਇਲ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ।
17 ਇਹ ਗੱਲ ਸਭ ਯਹੂਦੀਆਂ ਅਰ ਯੂਨਾਨੀਆਂ ਉੱਤੇ ਜਿਹੜੇ ਅਫ਼ਸੁਸ ਵਿੱਚ ਰਹਿੰਦੇ ਸਨ ਉਜਾਗਰ ਹੋ ਗਈ ਅਤੇ ਓਹ ਸਭ ਡਰ ਗਏ ਅਤੇ ਪ੍ਰਭੁ ਯਿਸੂ ਦੇ ਨਾਮ ਦੀ ਵਡਿਆਈ ਹੋਈ।
18 ਜਿਨ੍ਹਾਂ ਨਿਹਚਾ ਕੀਤੀ ਸੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆਣ ਕੇ ਆਪਣਿਆਂ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ।
19 ਅਰ ਬਹੁਤੇ ਉਨ੍ਹਾਂ ਵਿੱਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ ਅਤੇ ਜਾਂ ਓਹਨਾਂ ਦੇ ਮੁੱਲ ਦਾ ਜੋੜ ਕੀਤਾ ਤਾਂ ਪੰਜਾਹ ਹਜ਼ਾਰ ਰੁਪਿਆ ਹੋਇਆ !
20 ਇਸੇ ਤਰਾਂ ਪ੍ਰਭੁ ਦਾ ਬਚਨ ਵਧਿਆ ਅਤੇ ਪਰਬਲ ਹੋਇਆ।
21 ਜਾਂ ਏਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਮਨ ਵਿੱਚ ਦਾਯਾ ਕੀਤਾ ਜੋ ਮਕਦੂਨਿਯਾ ਅਰ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ ਕਿ ਜਾਂ ਮੈਂ ਉੱਥੇ ਹੋ ਆਵਾਂ ਤਾਂ ਮੈਨੂੰ ਰੋਮ ਭੀ ਵੇਖਣਾ ਚਾਹੀਦਾ ਹੈ।
22 ਸੋ ਉਨ੍ਹਾਂ ਵਿੱਚੋਂ ਜਿਹੜੇ ਉਹ ਦੀ ਟਹਿਲ ਕਰਦੇ ਸਨ ਦੋ ਜਣੇ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਵਿੱਚ ਭੇਜ ਕੇ ਉਹ ਆਪ ਅਸਿਯਾ ਵਿੱਚ ਕੁਝ ਚਿਰ ਅਟਕਿਆ।
23 ਉਸ ਸਮੇਂ ਇਸ ਪੰਥ ਦੇ ਵਿਖੇ ਵੱਡਾ ਪਸਾਦ ਉੱਠਿਆ।
24 ਕਿਉਂ ਜੋ ਦੇਮੇਤ੍ਰਿਯੁਮ ਨਾਮੇ ਇੱਕ ਸੁਨਿਆਰ ਅਰਤਿਮਿਸ ਦੇ ਰੁਪਹਿਲੇ ਮੰਦਰ ਬਣਵਾ ਕੇ ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।
25 ਉਸ ਨੇ ਉਨ੍ਹਾਂ ਨੂੰ ਅਤੇ ਉਸ ਕਿਰਤ ਦੇ ਹੋਰ ਕਾਰੀਗਰਾਂ ਨੂੰ ਇਕੱਠਿਆ ਕਰ ਕੇ ਕਿਹਾ, ਹੇ ਮਨੁੱਖੋ ਤੁਸੀਂ ਜਾਣਦੇ ਹੋ ਭਈ ਇਸੇ ਕੰਮ ਤੋਂ ਸਾਨੂੰ ਧਨ ਪ੍ਰਾਪਤ ਹੁੰਦਾ ਹੈ।
26 ਅਰ ਤੁਸੀਂ ਤਾਂ ਵੇਖਦੇ ਅਰ ਸੁਣਦੇ ਹੋ ਜੋ ਇਸ ਪੌਲੁਸ ਨੇ ਇਹ ਕਹਿ ਕੇ ਭਈ ਜਿਹੜੇ ਹੱਥਾਂ ਨਾਲ ਬਣਾਏ ਹੋਏ ਹਨ, ਓਹ ਦਿਓਤੇ ਨਹੀਂ ਹੁੰਦੇ, ਨਿਰਾ ਅਫ਼ਸੁਸ ਵਿੱਚ ਨਹੀਂ ਸਗੋਂ ਸਾਰੇਕੁ ਅਸਿਯਾ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਸਮਝੂ ਕੇ ਬਹਿਕਾ ਦਿੱਤਾ ਹੈ।
27 ਸੋ ਨਿਰਾ ਇਹੋ ਸੰਸਾ ਨਹੀਂ ਜੋ ਸਾਡੀ ਕਿਰਤ ਮਾਤ ਪੈ ਜਾਵੇ ਸਗੋਂ ਇਹ ਭੀ ਕਿ ਮਹਾਂ ਦੇਵੀ ਅਰਤਿਮਿਸ ਦਾ ਮੰਦਰ ਰੁਲ ਜਾਵੇ ਅਰ ਜਿਹ ਨੂੰ ਸਰਬੱਤ ਅਸਿਯਾ ਸਗੋਂ ਦੁਨੀਆ ਪੂਜਦੀ ਹੈ ਉਹ ਦੀ ਮਹਿਮਾ ਜਾਂਦੀ ਰਹੇ।
28 ਇਹ ਗੱਲ ਸੁਣ ਕੇ ਓਹ ਕ੍ਰੋਧ ਨਾਲ ਭਰ ਗਏ ਅਤੇ ਉੱਚੀ ਉੱਚੀ ਬੋਲੇ ਭਈ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ !
29 ਤਾਂ ਸਾਰੇ ਸ਼ਹਿਰ ਵਿੱਚ ਹੁੱਲੜ ਪੈ ਗਿਆ ਅਤੇ ਓਹ ਇੱਕ ਮਨ ਹੋ ਕੇ ਗਾਯੁਸ ਅਰ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਅਤੇ ਸਫ਼ਰ ਵਿੱਚ ਪੌਲੁਸ ਦੇ ਸਾਥੀ ਸਨ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਟੁੱਟ ਪਏ।
30 ਜਾਂ ਪੌਲੁਸ ਨੇ ਲੋਕਾਂ ਵਿੱਚ ਅੰਦਰ ਜਾਣ ਦੀ ਦਲੀਲ ਕੀਤੀ ਤਾਂ ਚੇਲਿਆਂ ਨੇ ਉਹ ਨੂੰ ਜਾਣ ਨਾ ਦਿੱਤਾ।
31 ਅਰ ਅਸਿਯਾ ਦੇ ਸਰਦਾਰਾਂ ਵਿੱਚੋਂ ਵੀ ਕਈਆਂ ਨੇ ਜੋ ਉਹ ਦੇ ਮਿੱਤ੍ਰ ਸਨ ਮਿੰਨਤ ਨਾਲ ਉਹ ਦੇ ਕੋਲ ਕਹਾ ਭੇਜਿਆ ਭਈ ਤਮਾਸ਼ੇ ਘਰ ਵਿੱਚ ਨਾ ਵੜਨਾ !
32 ਉਪਰੰਤ ਡੰਡ ਪਾ ਕੇ ਕੋਈ ਕੁਝ ਆਖਦਾ ਸੀ ਅਤੇ ਕੋਈ ਕੁਝ ਇਸ ਲਈ ਕਿ ਜਮਾਤ ਘਬਰਾ ਰਹੀ ਸੀ ਅਰ ਬਹੁਤਿਆਂ ਨੂੰ ਪਤਾ ਨਾ ਲੱਗਾ ਭਈ ਅਸੀਂ ਕਾਹਦੇ ਲਈ ਇਕੱਠੇ ਹੋਏ ਹਾਂ।
33 ਓਹਨਾਂ ਨੇ ਸਿੰਕਦਰ ਨੂੰ ਜਿਹ ਨੂੰ ਯਹੂਦੀ ਅਗਾਹਾਂ ਧੱਕਦੇ ਸਨ ਭੀੜ ਵਿੱਚੋਂ ਸਾਹਮਣੇ ਕਰ ਦਿੱਤਾ ਅਤੇ ਸਿੰਕਦਰ ਨੇ ਹੱਥ ਨਾਲ ਸੈਨਤ ਕਰ ਕੇ ਲੋਕਾਂ ਦੇ ਅੱਗੇ ਉਜ਼ਰ ਕਰਨਾ ਚਾਹਿਆ।
34 ਪਰ ਜਾਂ ਉਨ੍ਹਾਂ ਜਾਣਿਆ ਭਈ ਇਹ ਯਹੂਦੀ ਹੈ ਤਾਂ ਸੱਭੋ ਇੱਕ ਅਵਾਜ਼ ਨਾਲ ਦੋਕੁ ਘੰਟਿਆਂ ਤੀਕੁਰ ਉੱਚੀ ਉੱਚੀ ਬੋਲਦੇ ਰਹੇ ਭਈ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ !
35 ਤਾਂ ਸ਼ਹਿਰ ਦੇ ਮੁਹੱਰਰ ਨੇ ਭੀੜ ਨੂੰ ਠੰਡੀ ਕਰ ਕੇ ਆਖਿਆ, ਹੇ ਅਫ਼ਸੀ ਮਰਦੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਭਈ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦਾ ਅਤੇ ਅਕਾਸ਼ ਦੀ ਵੱਲੋਂ ਗਿਰੀ ਹੋਈ ਮੂਰਤੀ ਦਾ ਸੇਵਕ ਹੈ !
36 ਸੋ ਜਾਂ ਇਨ੍ਹਾਂ ਗੱਲਾਂ ਦਾ ਖੰਡਣ ਨਹੀਂ ਹੋ ਸੱਕਦਾ ਤੁਹਾਨੂੰ ਚਾਹੀਦਾ ਹੈ ਭਈ ਚੁੱਪ ਰਹੋ ਅਤੇ ਬਿਨ ਸੋਚੇ ਕੁਝ ਨਾ ਕਰੋ।
37 ਕਿਉਂ ਜੋ ਤੁਸੀਂ ਇਨ੍ਹਾਂ ਮਨੁੱਖਾਂ ਨੂੰ ਐੱਥੇ ਲਿਆਏ ਹੋ ਜੋ ਨਾ ਤਾਂ ਮੰਦਰ ਦੇ ਚੋਰ ਹਨ ਅਤੇ ਨਾ ਸਾਡੀ ਦੇਵੀ ਦੀ ਨਿੰਦਿਆ ਕਰਨ ਵਾਲੇ ਹਨ।
38 ਸੋ ਜੇ ਦੇਮੇਤ੍ਰਿਯੁਸ ਅਰ ਉਹ ਦੇ ਨਾਲ ਦੇ ਕਾਰੀਗਰਾਂ ਦਾ ਕਿਸੇ ਉੱਤੇ ਕੁਝ ਦਾਵਾ ਹੋਵੇ ਤਾਂ ਕਚਹਿਰੀਆਂ ਲੱਗੀਆਂ ਹਨ ਅਤੇ ਡਿਪਟੀ ਵੀ ਹਨ, ਓਹ ਇੱਕ ਦੂਜੇ ਤੇ ਨਾਲਸ਼ ਕਰਨ।
39 ਪਰ ਜੇ ਤੁਸੀਂ ਕੋਈ ਹੋਰ ਗੱਲ ਪੁੱਛਦੇ ਹੋ ਤਾਂ ਕਨੂਨੀ ਮਜਲਸ ਵਿੱਚ ਨਿਬੇੜਾ ਕੀਤਾ ਜਾਊ।
40 ਕਿਉਂਕਿ ਅੱਜ ਦੇ ਪਸਾਦ ਦੇ ਕਾਰਨ ਸਾਨੂੰ ਡਰ ਹੈ ਭਈ ਕਿਧਰੇ ਸਾਡੇ ਉੱਤੇ ਨਾਲਸ਼ ਨਾ ਹੋਵੇ ਇਸ ਲਈ ਜੋ ਇਹ ਦਾ ਕੋਈ ਕਾਰਨ ਨਹੀਂ ਹੈ ਅਰ ਇਹ ਦੇ ਵਿਖੇ ਭੀੜ ਦੇ ਹੋਣ ਦਾ ਕੋਈ ਉਜ਼ਰ ਸਾਥੋਂ ਨਹੀਂ ਕੀਤਾ ਜਾਊ !
41 ਅਤੇ ਉਸ ਨੇ ਇਉਂ ਕਹਿ ਕੇ ਜਮਾਤ ਨੂੰ ਵਿਦਿਆ ਕੀਤਾ।
ਕਾਂਡ 20

1 ਜਾਂ ਰੌਲਾ ਹਟ ਗਿਆ ਤਾਂ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਦਿਲਾਸਾ ਦਿੱਤਾ ਅਤੇ ਓਹਨਾਂ ਕੋਲੋਂ ਵਿਦਿਆ ਹੋ ਕੇ ਮਕਦੂਨਿਯਾ ਵਿੱਚ ਜਾਣ ਨੂੰ ਤੁਰ ਪਿਆ।
2 ਅਤੇ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਬਹੁਤੀਆਂ ਗੱਲਾਂ ਨਾਲ ਦਿਲਾਸਾ ਦੇ ਕੇ ਯੂਨਾਨ ਵਿੱਚ ਆਇਆ।
3 ਉੱਥੇ ਤਿੰਨ ਮਹੀਨੇ ਕੱਟ ਕੇ ਜਦੋਂ ਉਹ ਜਹਾਜ਼ ਉੱਤੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ ਤਦੋਂ ਯਹੂਦੀ ਉਹ ਦੀ ਘਾਤ ਵਿੱਚ ਲੱਗੇ, ਇਸ ਲਈ ਉਹ ਨੇ ਮਕਦੂਨਿਯਾ ਦੇ ਰਾਹ ਹੋ ਕੇ ਮੁੜਨ ਦੀ ਦਲੀਲ ਕੀਤੀ।
4 ਅਤੇ ਪੁੱਰਸ ਦਾ ਪੁੱਤ੍ਰ ਸੋਪਤਰੁਸ ਜਿਹੜਾ ਬਰਿਯਾ ਦਾ ਸੀ ਅਤੇ ਥੱਸਲੁਨੀਕੀਆਂ ਵਿੱਚੋਂ ਅਰਿਸਤਰਖੁਸ ਅਤੇ ਸਿਕੁੰਦੁਸ ਅਤੇ ਦਰਬੇ ਦਾ ਗਾਯੁਸ ਅਤੇ ਤਿਮੋਥਿਉਸ ਅਰ ਅਸਿਯਾ ਦੇ ਤੁਖਿਕੁਸ ਅਰ ਤ੍ਰੋਫ਼ਿਮੁਸ, ਏਹ ਉਹ ਦੇ ਨਾਲ ਅਸਿਯਾ ਤੀਕੁਰ ਗਏ।
5 ਪਰ ਏਹੋ ਅਗਾਹਾਂ ਜਾ ਕੇ ਤ੍ਰੋਆਸ ਵਿੱਚ ਸਾਨੂੰ ਉਡੀਕਦੇ ਸਨ।
6 ਅਤੇ ਪਤੀਰੀ ਰੋਟੀ ਦੇ ਦਿਨਾਂ ਦੇ ਪਿੱਛੋਂ ਅਸੀਂ ਫ਼ਿਲਿੱਪੈ ਤੋਂ ਜਹਾਜ਼ ਉੱਤੇ ਚੜ੍ਹੇ ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਰ ਸੱਤ ਦਿਨ ਉੱਥੇ ਟਿਕੇ।
7 ਹਫਤੇ ਦੇ ਪਹਿਲੇ ਦਿਨ ਜਾਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਭਲਕ ਤੁਰ ਜਾਣ ਨੂੰ ਤਿਆਰ ਸੀ ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤਾਈਂ ਉਪਦੇਸ਼ ਕਰਦਾ ਰਿਹਾ।
8 ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸਾਂ ਬਹੁਤ ਸਾਰੇ ਦੀਵੇ ਬਲਦੇ ਸਨ।
9 ਅਤੇ ਯੂਤਖੁਸ ਨਾਮੇ ਇੱਕ ਜੁਆਨ ਤਾਕੀ ਵਿੱਚ ਬੈਠਾ ਗਾੜੀ ਨੀਂਦ ਨਾਲ ਉਂਘਲਾਇਆ ਹੋਇਆ ਸੀ ਅਰ ਜਿਉਂ ਪੌਲੁਸ ਬਹੁਤ ਚਿਰ ਤੀਕਰ ਬਚਨ ਕਰਦਾ ਰਿਹਾ ਤਾਂ ਉਹ ਨੀਂਦਰ ਦੇ ਮਾਰੇ ਉਂਘਲਾਇਆ ਹੋਇਆ ਤਿਮੰਜਲੇ ਤੋਂ ਹੇਠਾਂ ਡਿੱਗ ਪਿਆ ਅਤੇ ਮੁਰਦੇ ਨੂੰ ਚੁੱਕਿਆ ਗਿਆ।
10 ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ ਨਾਲ ਲਾ ਕੇ ਆਖਣ ਲੱਗਾ ਭਈ ਤੁਸੀਂ ਰੌਲਾ ਨਾ ਪਾਓ ਕਿਉਂ ਜੋ ਉਹ ਦੀ ਜਾਨ ਉਸ ਵਿੱਚ ਹੈ।
11 ਫੇਰ ਉਹ ਉੱਪਰ ਆਇਆ ਅਤੇ ਰੋਟੀ ਤੋੜ ਕੇ ਖਾਧੀ ਅਰ ਐੱਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ ਤਦ ਉਹ ਤੁਰ ਪਿਆ।
12 ਅਤੇ ਓਹ ਉਸ ਮੁੰਡੇ ਨੂੰ ਜੀਉਂਦਾ ਲਿਆਏ ਅਰ ਬਹੁਤ ਸ਼ਾਂਤ ਹੋਏ।
13 ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੇ ਅਸਾਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ ਕਿਉਂ ਜੋ ਉਹ ਆਪ ਪੈਦਲ ਜਾਣ ਦੀ ਦਲੀਲ ਕਰ ਕੇ ਏਵੇਂ ਹੀ ਹੁਕਮ ਦੇ ਗਿਆ ਸੀ।
14 ਜਾਂ ਉਹ ਅੱਸੁਸ ਵਿੱਚ ਸਾਨੂੰ ਆ ਮਿਲਿਆ ਤਾਂ ਅਸੀਂ ਉਹ ਨੂੰ ਚੜ੍ਹਾ ਕੇ ਮਿਤੁਲੇਨੇ ਨੂੰ ਆਏ।
15 ਅਰ ਉੱਥੋਂ ਜਹਾਜ਼ ਖੋਲ੍ਹ ਕੇ ਦੂਜੇ ਦਿਨ ਖੀਓਸ ਦੇ ਬਰਾਬਰ ਪਹੁੰਚੇ ਅਤੇ ਉਸ ਦੇ ਦੂਏ ਦਿਨ ਸਾਮੁਸ ਵਿੱਚ ਜਾ ਲੱਗੇ। ਫੇਰ ਅਗਲੇ ਭਲਕ ਮਿਲੇਤੁਸ ਨੂੰ ਆਏ।
16 ਕਿਉਂਕਿ ਪੌਲੁਸ ਨੇ ਇਹ ਠਾਣਿਆ ਸੀ ਜੋ ਅਫ਼ਸੁਸ ਤੋਂ ਲੰਘ ਜਾਵਾਂ ਭਈ ਅਸਿਯਾ ਵਿੱਚ ਮੈਨੂੰ ਕਿਤੇ ਚਿਰ ਨਾ ਲੱਗੇ ਕਿਉਂ ਜੋ ਉਹ ਛੇਤੀ ਕਰਦਾ ਸੀ ਕਿ ਜੇ ਹੋ ਸੱਕੇ ਤਾਂ ਪੰਤੇਕੁਸਤ ਦਾ ਦਿਨ ਯਰੂਸ਼ਲਮ ਵਿੱਚ ਕੱਟਾਂ।
17 ਉਸ ਨੇ ਮਿਲੇਤੁਸ ਤੋਂ ਅਫ਼ਸੁਸ ਵੀ ਵੱਲ ਸੁਨੇਹਾ ਭੇਜ ਕੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਦਵਾਇਆ।
18 ਅਤੇ ਜਾਂ ਓਹ ਉਸ ਦੇ ਕੋਲ ਆਏ ਤਾਂ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਜਾਂ ਅਸਿਯਾ ਵਿੱਚ ਆਇਆ ਤਾਂ ਨਿੱਤ ਤੁਹਾਡੇ ਨਾਲ ਕਿਸ ਤਰਾਂ ਰਿਹਾ।
19 ਕਿ ਮੈਂ ਬਹੁਤ ਅਧੀਨਗੀ ਨਾਲ ਹੰਝੂ ਵਹਾ ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਜੋ ਯਹੂਦੀਆਂ ਦੇ ਘਾਤ ਲਾਉਣ ਤੋਂ ਮੇਰੇ ਉੱਤੇ ਆਣ ਪਏ ਪ੍ਰਭੁ ਦੀ ਸੇਵਾ ਕਰਦਾ ਸਾਂ।
20 ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ।
21 ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰੋ।
22 ਹੁਣ ਵੇਖੋ ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਉੱਤੇ ਕੀ ਬੀਤੇਗਾ।
23 ਪਰ ਐੱਨਾ ਜਾਣਦਾ ਹਾਂ ਭਈ ਪਵਿੱਤ੍ਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਸਾਖੀ ਦਿੰਦਾ ਹੈ ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ।
24 ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰਾਂ ਪਿਆਰੀ ਨਹੀਂ ਸਮਝਦਾ ਹਾਂ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੁ ਯਿਸੂ ਤੋਂ ਪਾਈ ਸੀ।
25 ਅਤੇ ਹੁਣ ਵੇਖੋ ਮੈਂ ਜਾਣਦਾ ਹਾਂ ਜੋ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ ਰਾਜ ਦਾ ਪਰਚਾਰ ਕਰਦਾ ਫਿਰਿਆ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ।
26 ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਅੱਗੇ ਸਾਖੀ ਦਿੰਦਾ ਹਾਂ ਭਈ ਮੈਂ ਸਭਨਾਂ ਦੇ ਲਹੂ ਤੋਂ ਬੇਦੋਸ਼ ਹਾਂ।
27 ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮੱਤ ਦੱਸਣ ਤੋਂ ਨਹੀਂ ਝਕਿਆ।
28 ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।
29 ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ।
30 ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।
31 ਇਸ ਕਰਕੇ ਜਾਗਦੇ ਰਹੋ ਅਤੇ ਯਾਦ ਰੱਖੋ ਜੋ ਮੈਂ ਤਿੰਨਾਂ ਵਰਿਹਾਂ ਤੀਕੁਰ ਰਾਤ ਦਿਨ ਰੋ ਰੋ ਕੇ ਹਰੇਕ ਨੂੰ ਚਿਤਾਉਣ ਤੋਂ ਨਹੀਂ ਟਲਿਆ।
32 ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਰ ਉਹ ਦੀ ਕਿਰਪਾ ਦੇ ਬਚਨ ਦੇ ਸਪੁਰਦ ਕਰਦਾ ਹਾਂ ਜਿਹੜਾ ਤੁਹਾਨੂੰ ਸਿੱਧ ਬਣਾ ਸੱਕਦਾ ਹੈ ਅਤੇ ਤੁਹਾਨੂੰ ਸਰਬੱਤ ਪਵਿੱਤ੍ਰ ਕੀਤਿਆਂ ਹੋਇਆਂ ਵਿੱਚ ਅਧਿਕਾਰ ਦੇ ਸੱਕਦਾ ਹੈ।
33 ਮੈਂ ਕਿਸੇ ਦੀ ਚਾਂਦੀ ਯਾ ਸੋਨੇ ਯਾ ਬਸਤ੍ਰ ਦਾ ਲੋਭ ਨਹੀਂ ਕੀਤਾ।
34 ਤੁਸੀਂ ਆਪ ਜਾਣਦੇ ਹੋ ਭਈ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ।
35 ਮੈਂ ਤੁਹਾਨੂੰ ਸਭਨਾਂ ਗੱਲਾਂ ਵਿੱਚ ਇਹ ਕਰ ਵਿਖਾਲਿਆ ਭਈ ਤੁਹਾਨੂੰ ਚਾਹੀਦਾ ਹੈ ਕਿ ਓਸੇ ਤਰਾਂ ਮਿਹਨਤ ਕਰ ਕੇ ਨਤਾਣਿਆਂ ਦੀ ਸਹਾਇਤਾ ਕਰੋ ਅਤੇ ਪ੍ਰਭੁ ਯਿਸੂ ਦੇ ਬਚਨ ਨੂੰ ਚੇਤੇ ਰੱਖੋ ਜੋ ਉਹ ਨੇ ਆਪ ਫ਼ਰਮਾਇਆ ਸੀ ਭਈ ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।
36 ਉਸ ਨੇ ਇਉਂ ਕਹਿ ਕੇ ਗੋਡੇ ਟੇਕੇ ਅਰ ਉਨ੍ਹਾਂ ਸਭਨਾਂ ਦੇ ਨਾਲ ਪ੍ਰਾਰਥਨਾ ਕੀਤੀ।
37 ਓਹ ਸੱਭੋ ਬਹੁਤ ਰੁੰਨੇ ਅਤੇ ਪੌਲੁਸ ਦੇ ਗਲ ਮਿਲ ਮਿਲ ਕੇ ਉਹ ਨੂੰ ਚੁੰਮਿਆ।
38 ਅਰ ਨਿੱਜ ਕਰਕੇ ਏਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਭਈ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ, ਅਤੇ ਉਨ੍ਹਾਂ ਜਹਾਜ਼ ਤਾਈਂ ਉਹ ਨੂੰ ਪੁਚਾ ਦਿੱਤਾ।
ਕਾਂਡ 21

1 ਐਉਂ ਹੋਇਆ ਕਿ ਜਾਂ ਅਸਾਂ ਉਨ੍ਹਾਂ ਤੋਂ ਵਿਦਿਆ ਹੋ ਕੇ ਜਹਾਜ਼ ਖੋਲ੍ਹ ਦਿੱਤਾ ਤਾਂ ਸਿੱਧੇ ਰਾਹ ਕੋਸ ਨੂੰ ਆਏ ਅਰ ਦੂਜੇ ਦਿਨ ਰੋਦੁਸ ਨੂੰ ਅਰ ਉੱਥੋਂ ਪਾਤਰਾ ਨੂੰ।
2 ਅਤੇ ਇੱਕ ਜਹਾਜ਼ ਫ਼ੈਨੀਕੇ ਨੂੰ ਪਾਰ ਜਾਣ ਵਾਲਾ ਵੇਖ ਕੇ ਅਸੀਂ ਉਸ ਉੱਤੇ ਸੁਆਰ ਹੋਏ ਅਤੇ ਤੁਰ ਪਏ।
3 ਜਾਂ ਕੁਪਰੁਸ ਵਿਖਾਈ ਦਿੱਤਾ ਤਾਂ ਉਹ ਨੂੰ ਖੱਬੇ ਹੱਥ ਛੱਡ ਕੇ ਸੁਰਿਯਾ ਨੂੰ ਚੱਲੇ ਅਤੇ ਸੂਰ ਵਿੱਚ ਜਾ ਉਤਰੇ ਕਿਉਂ ਜੋ ਉੱਥੇ ਜਹਾਜ਼ ਦਾ ਮਾਲ ਉਤਾਰਨਾ ਸੀ।
4 ਅਰ ਚੇਲਿਆਂ ਨੂੰ ਲੱਭ ਕੇ ਅਸੀਂ ਸੱਤ ਦਿਨ ਉੱਥੇ ਠਹਿਰੇ। ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲੁਸ ਨੂੰ ਆਖਿਆ ਜੋ ਯਰੂਸ਼ਲਮ ਨੂੰ ਨਾ ਜਾਹ।
5 ਅਤੇ ਇਉਂ ਹੋਇਆ ਕਿ ਜਾਂ ਅਸੀਂ ਉਨ੍ਹਾਂ ਦਿਨਾਂ ਨੂੰ ਪੂਰੇ ਕਰ ਚੁੱਕੇ ਤਾਂ ਨਿੱਕਲ ਕੇ ਤੁਰ ਪਏ ਅਤੇ ਓਹ ਸਾਰੇ ਤੀਵੀਆਂ ਅਤੇ ਬਾਲਕਾਂ ਸਣੇ ਨਗਰ ਦੇ ਬਾਹਰ ਤੀਕੁਰ ਸਾਡੇ ਨਾਲ ਆਏ ਅਤੇ ਸਮੁੰਦਰ ਦੇ ਕੰਢੇ ਤੇ ਗੋਡੇ ਟੇਕ ਕੇ ਅਸਾਂ ਪ੍ਰਾਰਥਨਾ ਕੀਤੀ।
6 ਅਤੇ ਇੱਕ ਦੂਜੇ ਤੋਂ ਵਿਦਿਆ ਹੋ ਕੇ ਅਸੀਂ ਜਹਾਜ਼ ਉੱਤੇ ਸੁਆਰ ਹੋਏ ਪਰ ਓਹ ਆਪਣੇ ਘਰਾਂ ਨੂੰ ਮੁੜ ਗਏ।
7 ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਮੁਕਾ ਕੇ ਤੁਲਮਾਇਸ ਵਿੱਚ ਅੱਪੜੇ ਅਰ ਭਾਈਆਂ ਦੀ ਸੁਖ ਸਾਂਦ ਪੁੱਛ ਕੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ।
8 ਫੇਰ ਅਗਲੇ ਭਲਕ ਅਸੀਂ ਤੁਰ ਕੇ ਕੈਸਰਿਯਾ ਵਿੱਚ ਆਏ ਅਤੇ ਫ਼ਿਲਿੱਪੁਸ ਇੰਜੀਲ ਦੇ ਪਰਚਾਰਕ ਦੇ ਘਰ ਜਾ ਕੇ ਉਹ ਦੇ ਨਾਲ ਰਹੇ। ਉਹ ਉਨ੍ਹਾਂ ਸੱਤਾਂ ਵਿੱਚੋਂ ਇੱਕ ਸੀ।
9 ਉਹ ਦੇ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ।
10 ਅਤੇ ਜਾਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਆਗਬੁਸ ਨਾਉਂ ਦਾ ਇੱਕ ਨਬੀ ਯਹੂਦਿਯਾ ਤੋਂ ਉਤਰ ਆਇਆ।
11 ਉਹ ਨੇ ਸਾਡੇ ਕੋਲ ਆਣ ਕੇ ਪੌਲੁਸ ਦਾ ਕਮਰਪਟਕਾ ਚੁੱਕ ਲਿਆ ਅਤੇ ਆਪਣੇ ਹੱਥ ਪੈਰ ਬੰਨ੍ਹ ਕੇ ਕਿਹਾ, ਪਵਿੱਤ੍ਰ ਆਤਮਾ ਇਉਂ ਆਖਦਾ ਹੈ ਭਈ ਯਹੂਦੀ ਲੋਕ ਯਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਹ ਦਾ ਇਹ ਪਟਕਾ ਹੈ ਇਸੇ ਤਰਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਹਵਾਲੇ ਕਰਨਗੇ।
12 ਜਾਂ ਇਹ ਗੱਲਾਂ ਸੁਣੀਆਂ ਤਾਂ ਅਸਾਂ ਅਤੇ ਉੱਥੋਂ ਦੇ ਰਹਿਣ ਵਾਲਿਆਂ ਨੇ ਵੀ ਉਹ ਦੀ ਮਿੰਨਤ ਕੀਤੀ ਭਈ ਯਰੂਸ਼ਲਮ ਨੂੰ ਨਾ ਜਾਵੇ।
13 ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ ? ਕਿਉਂ ਜੋ ਮੈਂ ਪ੍ਰਭੁ ਯਿਸੂ ਦੇ ਨਾਮ ਦੇ ਬਦਲੇ ਯਰੂਸ਼ਲਮ ਵਿੱਚ ਨਿਰਾ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।
14 ਜਾਂ ਉਹ ਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਰਹੇ ਭਈ ਪ੍ਰਭੁ ਦੀ ਮਰਜ਼ੀ ਪੂਰੀ ਹੋਵੇ।
15 ਇਨ੍ਹਾਂ ਦਿਨਾਂ ਦੇ ਪਿੱਛੋਂ ਅਸੀਂ ਆਪਣਾ ਵਲੇਵਾ ਲੈ ਕੇ ਯਰੂਸ਼ਲਮ ਨੂੰ ਤੁਰ ਪਏ।
16 ਅਤੇ ਕੈਸਰਿਯਾ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਅਰ ਮਨਾਸੋਨ ਕੁਪਰੁਸੀ ਇੱਕ ਪੁਰਾਣਾ ਚੇਲਾ ਜਿਹ ਦੇ ਕੋਲ ਅਸਾਂ ਉਤਰਨਾ ਸੀ ਆਪਣੇ ਨਾਲ ਲਿਆਏ।
17 ਜਾਂ ਅਸੀਂ ਯਰੂਸ਼ਲਮ ਵਿੱਚ ਆ ਪਹੁੰਚੇ ਤਾਂ ਭਾਈਆਂ ਨੇ ਖੁਸ਼ੀ ਨਾਲ ਸਾਡੀ ਆਗਤ ਭਾਗਤ ਕੀਤੀ।
18 ਦੂਜੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਦੇ ਘਰ ਗਿਆ ਅਤੇ ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ।
19 ਅਤੇ ਉਸ ਨੇ ਓਹਨਾਂ ਨੂੰ ਪਰਨਾਮ ਕਰ ਕੇ ਜੋ ਜੋ ਕੰਮ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਵਿੱਚ ਉਹ ਦੀ ਟਹਿਲ ਦੇ ਵਸੀਲੇ ਨਾਲ ਕੀਤੇ ਸਨ ਇੱਕ ਇੱਕ ਕਰਕੇ ਸੁਣਾ ਦਿੱਤੇ।
20 ਸੋ ਉਨ੍ਹਾਂ ਸੁਣ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, ਭਾਈ ਜੀ, ਤੂੰ ਵੇਖਦਾ ਹੈਂ ਜੋ ਯਹੂਦੀਆਂ ਵਿੱਚ ਕਿੰਨੇਕੁ ਹਜ਼ਾਰ ਨਿਹਚਾਵਾਨ ਹਨ ਅਰ ਸੱਭੇ ਸ਼ਰਾ ਦੇ ਗੈਰਤ ਵਾਲੇ ਹਨ।
21 ਅਤੇ ਉਨ੍ਹਾਂ ਤੇਰੀ ਇਹ ਖਬਰ ਸੁਣੀ ਹੈ ਜੋ ਤੂੰ ਸਾਰੇ ਯਹੂਦੀਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚ ਵੱਸਦੇ ਹਨ ਇਹ ਸਿਖਾਲਦਾ ਹੈਂ ਭਈ ਮੂਸਾ ਨੂੰ ਤਿਆਗੋ ਅਤੇ ਆਖਦਾ ਹੈਂ ਜੋ ਆਪਣਿਆਂ ਬਾਲਕਾਂ ਦੀ ਸੁੰਨਤ ਨਾ ਕਰਵਾਓ ਅਤੇ ਰੀਤਾਂ ਉੱਤੇ ਨਾ ਚੱਲੋ।
22 ਸੋ ਹੁਣ ਕੀ ਗੱਲ ਹੋਵੇ ? ਓਹ ਜਰੂਰ ਸੁਣ ਲੈਣਗੇ ਜੋ ਤੂੰ ਆਇਆ ਹੈਂ।
23 ਇਸ ਲਈ ਤੂੰ ਐਉਂ ਕਰ ਜਿਸ ਤਰਾਂ ਅਸੀਂ ਤੈਨੂੰ ਦੱਸਦੇ ਹਾਂ। ਸਾਡੇ ਕੋਲ ਚਾਰ ਪੁਰਖ ਹਨ ਜਿਨ੍ਹਾਂ ਮੰਨਤ ਮੰਨੀ ਹੈ।
24 ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਤਾਈਂ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁਝ ਖਰਚ ਕਰ ਜੋ ਓਹ ਆਪਣੇ ਸਿਰ ਮੁਨਾਉਣ ਤਾਂ ਸਭ ਲੋਕ ਜਾਣਨਗੇ ਭਈ ਜਿਹੜੀਆਂ ਗੱਲਾਂ ਉਹ ਦੇ ਵਿਖੇ ਅਸਾਂ ਸੁਣੀਆਂ ਹਨ ਸੋ ਕੁਝ ਨਹੀਂ ਸਗੋਂ ਇਹ ਕਿ ਉਹ ਆਪ ਭੀ ਸ਼ਰਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ।
25 ਪਰ ਪਰਾਈਆਂ ਕੌਮਾ ਦੇ ਹੱਕ ਵਿੱਚ ਜਿਨ੍ਹਾਂ ਨਿਹਚਾ ਕੀਤੀ ਹੈ ਅਸੀਂ ਇਹ ਠਹਿਰਾ ਕੇ ਲਿਖ ਭੇਜਿਆ ਸੀ ਭਈ ਓਹ ਮੂਰਤਾਂ ਦੇ ਚੜ੍ਹਾਵੇ ਅਤੇ ਲਹੂ ਅਤੇ ਗਲ ਘੁੱਟੇ ਹੋਏ ਦੇ ਮਾਸ ਅਤੇ ਹਰਾਮਕਾਰੀ ਤੋਂ ਆਪ ਨੂੰ ਬਚਾ ਰੱਖਣ।
26 ਤਦ ਪੌਲੁਸ ਨੇ ਉਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਅਤੇ ਦੂਜੇ ਦਿਨ ਉਨ੍ਹਾਂ ਸਣੇ ਆਪ ਨੂੰ ਸ਼ੁੱਧ ਕਰ ਕੇ ਹੈਕਲ ਵਿੱਚ ਗਿਆ ਅਰ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖਬਰ ਦਿੰਦਾ ਗਿਆ ਜਦ ਤਾਈਂ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਭੇਟ ਚੜ੍ਹਾਈ ਨਾ ਗਈ।
27 ਜਾਂ ਓਹ ਸੱਤ ਦਿਨ ਪੂਰੇ ਹੋਣ ਲੱਗੇ ਤਾਂ ਓਹਨਾਂ ਯਹੂਦੀਆਂ ਨੇ ਜਿਹੜੇ ਅਸਿਯਾ ਦੇ ਸਨ ਉਹ ਨੂੰ ਹੈਕਲ ਵਿੱਚ ਵੇਖ ਕੇ ਸਾਰੀ ਭੀੜ ਨੂੰ ਭੜਕਾਇਆ।
28 ਅਰ ਓਸ ਉੱਤੇ ਹੱਥ ਪਾ ਕੇ ਦੁਹਾਈ ਦੇਣ ਲੱਗੇ, ਹੇ ਇਸਰਾਏਲੀ ਮਰਦੋ ਬਹੁੜੋ ! ਇਹ ਉਹੋ ਮਨੁੱਖ ਹੈ ਜਿਹੜਾ ਹਰ ਥਾਂ ਸਾਡੀ ਕੌਮ ਅਤੇ ਸ਼ਰਾ ਅਤੇ ਐਸ ਥਾਂ ਦੇ ਵਿਰੁੱਧ ਸਭਨਾਂ ਨੂੰ ਸਿੱਖਿਆ ਦਿੰਦਾ ਹੈ ! ਨਾਲੇ ਉਸ ਨੇ ਯੂਨਾਨੀਆਂ ਨੂੰ ਭੀ ਹੈਕਲ ਵਿੱਚ ਲਿਆਂਦਾ ਅਤੇ ਇਸ ਪਵਿੱਤ੍ਰ ਥਾਂ ਨੂੰ ਭਰਿਸ਼ਟ ਕੀਤਾ ਹੈ !
29 ਇਸ ਲਈ ਜੋ ਉਨ੍ਹਾਂ ਨੇ ਏਦੋਂ ਅੱਗੇ ਸ਼ਹਿਰ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਉਹ ਦੇ ਨਾਲ ਡਿੱਠਾ ਸੀ ਅਤੇ ਭਰਮ ਕੀਤਾ ਜੋ ਪੌਲੁਸ ਉਹ ਨੂੰ ਹੈਕਲ ਵਿੱਚ ਲਿਆਇਆ ਹੋਵੇਗਾ।
30 ਤਦ ਸਾਰੇ ਸ਼ਹਿਰ ਵਿੱਚ ਰੌਲਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ ਅਤੇ ਪੌਲੁਸ ਨੂੰ ਫੜ ਕੇ ਹੈਕਲੋਂ ਬਾਹਰ ਖਿੱਚ ਖੜਿਆ ਅਰ ਝੱਟ ਦਰਵੱਜੇ ਬੰਦ ਕੀਤੇ ਗਏ।
31 ਜਾਂ ਓਹ ਉਸ ਦੇ ਮਾਰ ਸੁੱਟਣ ਦੇ ਮਗਰ ਪਏ ਤਾਂ ਫੌਜ ਦੇ ਸਰਦਾਰ ਨੂੰ ਖਬਰ ਪਹੁੰਚੀ ਭਈ ਸਾਰੇ ਯਰੂਸ਼ਲਮ ਵਿੱਚ ਪਸਾਦ ਮਚ ਗਿਆ !
32 ਉਹ ਉੱਸੇ ਵੇਲੇ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਲੈ ਕੇ ਉਨ੍ਹਾਂ ਉੱਤੇ ਦੌੜ ਪਿਆ ਅਤੇ ਓਹ ਲੋਕ ਸਰਦਾਰ ਅਤੇ ਸਿਪਾਹੀਆਂ ਨੂੰ ਵੇਖ ਕੇ ਪੌਲੁਸ ਦੇ ਮਾਰਨ ਤੋਂ ਹਟ ਗਏ।
33 ਤਦ ਸਰਦਾਰ ਨੇ ਨੇੜੇ ਆਣ ਕੇ ਉਹ ਨੂੰ ਫੜ ਲਿਆ ਅਤੇ ਹੁਕਮ ਦਿੱਤਾ ਭਈ ਉਹ ਨੂੰ ਦੋ ਸੰਗਲਾਂ ਨਾਲ ਬੰਨ੍ਹ ਲਓ ਅਰ ਪੁੱਛਿਆ ਜੋ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ ?
34 ਤਦ ਭੀੜ ਵਿੱਚੋਂ ਕਈ ਕੁਝ ਪੁਕਾਰਨ ਲੱਗੇ ਅਤੇ ਕਈ ਕੁਝ ਅਰ ਜਾਂ ਉਸ ਰੌਲੇ ਦੇ ਕਾਰਨ ਹਕੀਕਤ ਮਲੂਮ ਨਾ ਕਰ ਸੱਕਿਆ ਤਾਂ ਉਸ ਨੇ ਹੁਕਮ ਦਿੱਤਾ ਭਈ ਇਹ ਨੂੰ ਕਿਲੇ ਵਿੱਚ ਲੈ ਜਾਓ।
35 ਅਤੇ ਜਾਂ ਉਹ ਪੌੜੀਆਂ ਉੱਤੇ ਪਹੁੰਚਿਆ ਤਾਂ ਐਉਂ ਹੋਇਆ ਜੋ ਭੀੜ ਦੇ ਧੱਕੇ ਦੇ ਮਾਰੇ ਸਿਪਾਹੀਆਂ ਨੇ ਉਹ ਨੂੰ ਚੁੱਕ ਲਿਆ।
36 ਕਿਉਂ ਜੋ ਲੋਕਾਂ ਦੀ ਭੀੜ ਇਹ ਡੰਡ ਪਾਉਂਦੀ ਮਗਰ ਚੱਲੀ ਆਉਂਦੀ ਸੀ ਭਈ ਇਹ ਨੂੰ ਮਾਰ ਦਿਓ !
37 ਜਦ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਤਾਂ ਉਹ ਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁਝ ਆਖਾਂ ? ਉਹ ਬੋਲਿਆ, ਭਲਾ, ਤੂੰ ਯੂਨਾਨੀ ਬੋਲੀ ਜਾਣਦਾ ਹੈਂ ?
38 ਫੇਰ ਤੂੰ ਉਹੋ ਮਿਸਰੀ ਨਹੀਂ ਹੈਂ ਜਿਹੜਾ ਇਨ੍ਹਾਂ ਦਿਨਾਂ ਤੋਂ ਅੱਗੇ ਦੰਗਾ ਕਰ ਕੇ ਡਾਕੂਆਂ ਦੇ ਚਾਰ ਹਜ਼ਾਰ ਆਦਮੀਆਂ ਨੂੰ ਜੰਗਲ ਵਿੱਚ ਲੈ ਗਿਆ ਸੀ ?
39 ਪੌਲੁਸ ਨੇ ਕਿਹਾ, ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਿਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ ਜੋ ਕੋਈ ਮਾੜਾ ਸ਼ਹਿਰ ਨਹੀਂ ਹੈ ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦਿਹ।
40 ਜਾਂ ਉਸ ਨੇ ਪਰਵਾਨਗੀ ਦਿੱਤੀ ਤਾਂ ਪੌਲੁਸ ਨੇ ਪੌੜੀਆਂ ਉੱਤੇ ਖੜੋ ਕੇ ਲੋਕਾਂ ਨੂੰ ਹੱਥ ਨਾਲ ਸੈਨਤ ਕੀਤੀ ਅਤੇ ਜਾਂ ਓਹ ਸਭ ਚੁੱਪ ਚਾਪ ਹੋ ਗਏ ਤਾਂ ਉਹ ਇਬਰਾਨੀ ਭਾਖਿਆ ਵਿੱਚ ਬੋਲਣ ਲੱਗਾ ਅਤੇ ਆਖਿਆ,
ਕਾਂਡ 22

1 ਹੇ ਭਰਾਵੋ ਅਤੇ ਹੇ ਪਿਤਰੋ, ਮੇਰਾ ਇਹ ਉਜ਼ਰ ਜੋ ਹੁਣ ਮੈਂ ਤੁਹਾਡੇ ਸਾਹਮਣੇ ਕਰਦਾ ਹਾਂ ਸੁਣੋ।
2 ਉਨ੍ਹਾਂ ਨੇ ਜਾਂ ਸੁਣਿਆ ਜੋ ਉਹ ਇਬਰਾਨੀ ਭਾਖਿਆ ਵਿੱਚ ਸਾਡੇ ਨਾਲ ਗੱਲਾਂ ਕਰਦਾ ਹੈ ਤਾਂ ਹੋਰ ਵੀ ਚੁੱਪ ਰਹਿ ਗਏ। ਤਦ ਉਹ ਬੋਲਿਆ,
3 ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਿਕਿਯਾ ਦੇ ਤਰਸੁਸ ਵਿੱਚ ਜੰਮਿਆ ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ ਦਾਦਿਆਂ ਦੀ ਸ਼ਰਾ ਪੂਰੇ ਚੱਜ ਨਾਲ ਸਿੱਖੀ ਅਤੇ ਪਰਮੇਸ਼ੁਰ ਦੇ ਲਈ ਅਜਿਹਾ ਹੀ ਅਣਖੀ ਸਾਂ ਜਿਹੇ ਤੁਸੀਂ ਸਭ ਅੱਜ ਦੇ ਦਿਨ ਹੋ।
4 ਅਰ ਮੈਂ ਪੁਰਖਾਂ ਅਤੇ ਤੀਵੀਆਂ ਨੂੰ ਬੰਨ੍ਹ ਬੰਨ੍ਹ ਕੇ ਅਰ ਕੈਦ ਵਿੱਚ ਪੁਆ ਕੇ ਇਸ ਪੰਥ ਦੇ ਲੋਕਾਂ ਨੂੰ ਮੌਤ ਤੀਕੁਰ ਸਤਾਇਆ।
5 ਜਿਵੇਂ ਸਰਦਾਰ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਸਾਖੀ ਦਿੰਦੀ ਹੈ ਕਿ ਜਿਨ੍ਹਾਂ ਕੋਲੋਂ ਮੈਂ ਭਾਈਆਂ ਦੇ ਨਾਉਂ ਚਿੱਠੀਆਂ ਵੀ ਲੈ ਕੇ ਦੰਮਿਸਕ ਨੂੰ ਜਾਂਦਾ ਸਾਂ ਭਈ ਓਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਯਰੂਸ਼ਲਮ ਵਿੱਚ ਬੱਧੇ ਹੋਏ ਲਿਆਵਾਂ।
6 ਅਤੇ ਐਉਂ ਹੋਇਆ ਕਿ ਜਾਂ ਮੈਂ ਤੁਰਦੇ ਤੁਰਦੇ ਦੰਮਿਸਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰਕੁ ਦੇ ਵੇਲੇ ਚੁਫੇਰੇ ਅਚਾਣਕ ਅਕਾਸ਼ੋਂ ਵੱਡੀ ਜੋਤ ਚਮਕੀ।
7 ਅਰ ਮੈਂ ਜਮੀਨ ਉੱਤੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ?
8 ਤਦ ਮੈਂ ਉੱਤਰ ਦਿੱਤਾ ਕਿ ਪ੍ਰਭੁ ਜੀ ਤੂੰ ਕੌਣ ਹੈਂ ? ਉਹ ਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ।
9 ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ ਪਰ ਉਹ ਦੀ ਅਵਾਜ਼ ਜੋ ਮੇਰੇ ਸੰਗ ਬੋਲਦਾ ਸੀ ਨਾ ਸੁਣੀ।
10 ਫੇਰ ਮੈਂ ਕਿਹਾ, ਹੇ ਪ੍ਰਭੁ ਮੈਂ ਕੀ ਕਰਾਂ ? ਪ੍ਰਭੁ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦੰਮਿਸਕ ਵਿੱਚ ਜਾਹ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ।
11 ਜਾਂ ਮੈ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸੱਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜੀ ਦੰਮਿਸਕ ਵਿੱਚ ਆਇਆ।
12 ਅਰ ਇੱਕ ਮਨੁੱਖ ਹਨਾਨਿਯਾਹ ਨਾਮੇ ਜੋ ਸ਼ਰਾ ਦੀ ਰੀਤ ਮੂਜਬ ਭਗਤ ਲੋਕ ਸੀ ਅਤੇ ਸਾਰੇ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕਨਾਮ ਸੀ।
13 ਮੇਰੇ ਕੋਲ ਆਇਆ ਅਤੇ ਉਸ ਨੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸੌਲੁਸ ਸੁਜਾਖਾ ਹੋ ਜਾਹ, ਅਰ ਓਸੇ ਵੇਲੇ ਮੈਂ ਉਹ ਦੇ ਉੱਤੇ ਨਜ਼ਰ ਕੀਤੀ।
14 ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇਂ ਅਤੇ ਉਸ ਧਰਮੀ ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ।
15 ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੈਂ ਵੇਖੀਆਂ ਅਤੇ ਸੁਣੀਆਂ ਹਨ।
16 ਹੁਣ ਤੂੰ ਕਿਉਂ ਢਿੱਲ ਕਰਦਾ ਹੈਂ ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ।
17 ਅਤੇ ਐਉਂ ਹੋਇਆ ਕਿ ਜਾਂ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੈਕਲ ਵਿੱਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁੱਧ ਹੋ ਗਿਆ।
18 ਅਤੇ ਉਹ ਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਸ਼ਤਾਬੀ ਨਿੱਕਲ ਜਾਹ ਕਿਉਂ ਜੋ ਓਹ ਮੇਰੇ ਹੱਕ ਵਿੱਚ ਤੇਰੀ ਸਾਖੀ ਨਾ ਮੰਨਣਗੇ।
19 ਮੈਂ ਆਖਿਆ, ਹੇ ਪ੍ਰਭੁ ਓਹ ਆਪ ਜਾਣਦੇ ਹਨ ਜੋ ਮੈਂ ਉਨ੍ਹਾਂ ਨੂੰ ਜਿਨ੍ਹਾਂ ਤੇਰੇ ਉੱਤੇ ਨਿਹਚਾ ਕੀਤੀ ਕੈਦ ਕਰਦਾ ਅਤੇ ਹਰੇਕ ਸਮਾਜ ਵਿੱਚ ਮਾਰਦਾ ਸਾਂ।
20 ਅਰ ਜਾਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਭੀ ਕੋਲ ਖੜਾ ਅਤੇ ਰਾਜ਼ੀ ਸਾਂ ਅਤੇ ਉਹ ਦੇ ਖੂਨੀਆਂ ਦੇ ਬਸਤ੍ਰਾਂ ਦੀ ਰਾਖੀ ਕਰਦਾ ਸਾਂ।
21 ਤਾਂ ਓਨ ਮੈਨੂੰ ਆਖਿਆ ਕਿ ਤੁਰ ਜਾਹ ਕਿਉਂ ਜੋ ਮੈਂ ਤੈਨੂੰ ਦੂਰ ਵਾਟ ਪਰਾਈਆਂ ਕੌਮਾਂ ਦੇ ਕੋਲ ਘੱਲਾਂਗਾ।
22 ਓਹ ਏਸ ਗੱਲ ਤੀਕੁਰ ਉਹ ਦੀ ਸੁਣਦੇ ਰਹੇ ਤਾਂ ਉੱਚੀ ਅਵਾਜ਼ ਨਾਲ ਆਖਣ ਲੱਗੇ ਭਈ ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ ਕਿਉਂ ਜੋ ਉਹ ਦਾ ਜੀਉਣਾ ਹੀ ਜੋਗ ਨਹੀਂ !
23 ਜਾਂ ਉਹ ਧੁੰਮ ਮਚਾਉਣ ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ।
24 ਤਾਂ ਸਰਦਾਰ ਨੇ ਹੁਕਮ ਦਿੱਤਾ ਜੋ ਉਹ ਨੂੰ ਕਿਲੇ ਵਿੱਚ ਲਿਆਉਣ ਅਤੇ ਆਖਿਆ ਭਈ ਉਹ ਨੂੰ ਕੋਰੜੇ ਮਾਰ ਕੇ ਪਰਤਾਓ ਤਾਂ ਜੋ ਮੈਨੂੰ ਮਲੂਮ ਹੋਵੇ ਕਿ ਓਹ ਕਿਸ ਕਾਰਨ ਇਹ ਦੇ ਮਗਰ ਇਉਂ ਡੰਡ ਪਾਉਂਦੇ ਹਨ।
25 ਜਾਂ ਉਨ੍ਹਾਂ ਉਹ ਨੂੰ ਤਸਮਿਆਂ ਨਾਲ ਜਕੜਿਆ ਤਾਂ ਪੌਲੁਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜਾ ਸੀ ਆਖਿਆ, ਕੀ ਤੁਹਾਨੂੰ ਜੋਗ ਹੈ ਜੋ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤਿਆਂ ਬਿਨਾ ਕੋਰੜੇ ਮਾਰੋ ?
26 ਜਾਂ ਸੂਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਦੇ ਕੋਲ ਜਾ ਕੇ ਖਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੇ ਹੋ ? ਇਹ ਮਨੁੱਖ ਤਾਂ ਰੋਮੀ ਹੈ !
27 ਸਰਦਾਰ ਨੇ ਕੋਲ ਜਾ ਕੇ ਉਹ ਨੂੰ ਆਖਿਆ, ਮੈਨੂੰ ਦੱਸ, ਤੂੰ ਰੋਮੀ ਹੈਂ? ਉਹ ਬੋਲਿਆ, ਹਾਂ ਜੀ ।
28 ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖਰਚ ਕੇ ਇਹ ਮਰਾਤਬਾ ਪਾਇਆ ! ਪੌਲੁਸ ਬੋਲਿਆ, ਪਰ ਮੈਂ ਅਜਿਹਾ ਹੀ ਜੰਮਿਆ।
29 ਉਪਰੰਤ ਜਿਹੜੇ ਉਹ ਨੂੰ ਪਰਤਾਉਣ ਲੱਗੇ ਸਨ ਓਹ ਝੱਟ ਉਹ ਦੇ ਕੋਲੋਂ ਹਟ ਗਏ ਅਤੇ ਸਰਦਾਰ ਭੀ ਇਹ ਜਾਣ ਕੇ ਭਈ ਉਹ ਰੋਮੀ ਹੈ ਅਤੇ ਮੈਂ ਉਹ ਨੂੰ ਬੰਨ੍ਹਿਆ, ਡਰ ਗਿਆ।
30 ਅਗਲੇ ਭਲਕ ਉਸ ਨੇ ਇਸ ਇਰਾਦੇ ਨਾਲ ਜੋ ਹਕੀਕਤ ਮਲੂਮ ਕਰੇ ਭਈ ਯਹੂਦੀਆਂ ਨੇ ਉਹ ਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਹ ਨੂੰ ਖੋਲ੍ਹ ਦਿੱਤਾ ਅਤੇ ਪਰਧਾਨ ਜਾਜਕਾਂ ਅਤੇ ਸਾਰੀ ਮਹਾ ਸਭਾ ਦੇ ਇਕੱਠੇ ਹੋਣ ਦਾ ਹੁਕਮ ਕੀਤਾ। ਫੇਰ ਉਸ ਨੇ ਪੌਲੁਸ ਨੂੰ ਹੇਠ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜਾ ਕੀਤਾ।
ਕਾਂਡ 23

1 ਤਾਂ ਪੌਲੁਸ ਨੇ ਸਭਾ ਦੀ ਵੱਲ ਧਿਆਨ ਲਾ ਕੇ ਕਿਹਾ, ਹੇ ਭਰਾਵੋ, ਮੈਂ ਅੱਜ ਤੀਕ ਪੂਰੀ ਨੇਕਨੀਅਤੀ ਨਾਲ ਪਰਮੇਸ਼ੁਰ ਦੇ ਅੱਗੇ ਚੱਲਦਾ ਰਿਹਾ ਹਾਂ।
2 ਤਾਂ ਹਨਾਨਿਯਾਹ ਨਾਮੇ ਸਰਦਾਰ ਜਾਜਕ ਨੇ ਉਨ੍ਹਾਂ ਨੂੰ ਜਿਹੜੇ ਕੋਲ ਖਲੋਤੇ ਸਨ ਹੁਕਮ ਦਿੱਤਾ ਭਈ ਮਾਰੋ ਏਹ ਦੇ ਮੂੰਹ ਤੇ !
3 ਤਦ ਪੌਲੁਸ ਨੇ ਉਹ ਨੂੰ ਆਖਿਆ, ਹੇ ਸਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ ! ਤੂੰ ਤਾਂ ਸ਼ਰਾ ਦੇ ਮੂਜਬ ਮੇਰਾ ਨਿਆਉਂ ਕਰਨ ਲਈ ਬੈਠਾ ਹੈਂ ਅਤੇ ਸ਼ਰਾ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ ?
4 ਤਾਂ ਜਿਹੜੇ ਕੋਲ ਖੜੇ ਸਨ ਓਹ ਬੋਲੇ, ਕੀ ਤੂੰ ਪਰਮੇਸ਼ੁਰ ਦੇ ਸਰਦਾਰ ਜਾਜਕ ਨੂੰ ਗਾਲ ਕੱਢਦਾ ਹੈਂ ?
5 ਤਾਂ ਪੌਲੁਸ ਨੇ ਆਖਿਆ, ਹੇ ਭਰਾਵੋ, ਮੈਨੂੰ ਖਬਰ ਨਾ ਸੀ ਜੋ ਇਹ ਸਰਦਾਰ ਜਾਜਕ ਹੈ ਕਿਉਂ ਜੋ ਲਿਖਿਆ ਹੈ ਭਈ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਾ ਕਹੁ।
6 ਪਰ ਜਾਂ ਪੌਲੁਸ ਨੇ ਮਲੂਮ ਕੀਤਾ ਜੋ ਇਨ੍ਹਾਂ ਵਿੱਚ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਮੇਰੇ ਜੁੰਮੇ ਦੋਸ਼ ਲਾਈਦਾ ਹੈ !
7 ਜਾਂ ਉਹ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਭੀੜ ਵਿੱਚ ਫੁੱਟ ਪੈ ਗਈ।
8 ਕਿਉਂ ਜੋ ਸਦੂਕੀ ਆਖਦੇ ਹਨ ਭਈ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ ਪਰ ਫ਼ਰੀਸੀ ਦੋਹਾਂ ਨੂੰ ਮੰਨਦੇ ਹਨ।
9 ਤਦ ਵੱਡਾ ਰੌਲਾ ਪਿਆ ਤੇ ਫ਼ਰੀਸੀਆਂ ਦੀ ਵੱਲ ਦੇ ਗ੍ਰੰਥੀਆਂ ਵਿੱਚੋਂ ਕਈਕੁ ਪੁਰਸ਼ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਐਸ ਮਨੁੱਖ ਵਿੱਚ ਸਾਨੂੰ ਕੋਈ ਬੁਰਿਆਈ ਨਹੀਂ ਮਲੂਮ ਹੁੰਦੀ ਪਰ ਜੇ ਕਿਸੇ ਆਤਮਾ ਯਾ ਦੂਤ ਨੇ ਉਹ ਦੇ ਨਾਲ ਗੱਲ ਕੀਤੀ ਹੈ ਤਾਂ ਫੇਰ ਕੀ ਹੋਇਆ ?
10 ਜਾਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਸਰਦਾਰ ਨੇ ਇਸ ਡਰ ਦੇ ਮਾਰੇ ਭਈ ਕਿਤੇ ਓਹ ਪੌਲੁਸ ਦੇ ਟੋਟੇ ਨਾ ਕਰਨ ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹ ਨੂੰ ਉਨ੍ਹਾਂ ਵਿੱਚੋਂ ਬਦੋ ਬਦੀ ਕੱਢ ਕੇ ਕਿਲੇ ਦੇ ਅੰਦਰ ਲੈ ਜਾਓ।
11 ਓਸੇ ਰਾਤ ਪ੍ਰਭੁ ਨੇ ਉਹ ਦੇ ਕੋਲ ਖੜੋ ਕੇ ਕਿਹਾ, ਹੌਸਲਾ ਰੱਖ ਕਿਉਂਕਿ ਜਿਸ ਤਰਾਂ ਤੈਂ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਸਾਖੀ ਦਿੱਤੀ ਓਸੇ ਤਰਾਂ ਤੈਨੂੰ ਰੋਮ ਵਿੱਚ ਭੀ ਸਾਖੀ ਦੇਣੀ ਪਵੇਗੀ।
12 ਜਾਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦ ਤੀਕੁਰ ਪੌਲੁਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਧ੍ਰਿਗ ਹੋਵੇ !
13 ਜਿਨ੍ਹਾਂ ਆਪਸ ਵਿੱਚ ਰਲ ਕੇ ਇਹ ਸੌਂਹ ਖਾਧੀ ਸੀ ਓਹ ਚਾਹਲੀਆਂ ਤੋਂ ਵੱਧ ਸਨ।
14 ਸੋ ਉਨ੍ਹਾਂ ਨੇ ਪਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਭਈ ਅਸਾਂ ਆਪਣੇ ਉੱਤੇ ਧ੍ਰਿਗ ਲਈ ਹੈ ਕਿ ਜਦ ਤੀਕੁਰ ਪੌਲੁਸ ਨੂੰ ਮਾਰ ਨਾ ਲਈਏ ਅਸੀਂ ਕੁਝ ਨਾ ਚੱਖਾਂਗੇ।
15 ਸੋ ਹੁਣ ਤੁਸੀਂ ਸਭਾ ਦੇ ਨਾਲ ਰਲ ਕੇ ਫੌਜ ਦੇ ਸਰਦਾਰ ਨੂੰ ਕਹੋ ਜੋ ਉਹ ਨੂੰ ਤੁਹਾਡੇ ਕੋਲ ਲੈ ਆਵੇ ਭਈ ਜਿੱਕੂੰ ਤੁਸੀਂ ਉਹ ਦੀ ਹਕੀਕਤ ਹੋਰ ਵੀ ਠੀਕ ਤਰਾਂ ਨਾਲ ਮਲੂਮ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਹ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਘੱਤਣ ਨੂੰ ਤਿਆਰ ਹੋ ਰਹਾਂਗੇ।
16 ਪਰ ਪੌਲੁਸ ਦਾ ਭਣੇਵਾਂ ਉਨ੍ਹਾਂ ਦੇ ਘਾਤ ਲਾਉਣ ਦਾ ਹਾਲ ਸੁਣ ਕੇ ਆਇਆ ਅਤੇ ਕਿਲੇ ਦੇ ਅੰਦਰ ਜਾ ਕੇ ਪੌਲੁਸ ਨੂੰ ਦੱਸ ਦਿੱਤਾ।
17 ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਸੱਦ ਕੇ ਆਖਿਆ ਭਈ ਇਸ ਜੁਆਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾਹ ਕਿਉਂ ਜੋ ਇਸ ਨੇ ਉਹ ਨੂੰ ਕੁਝ ਦੱਸਣਾ ਹੈ।
18 ਸੋ ਉਸ ਨੇ ਉਹ ਨੂੰ ਆਪਣੇ ਨਾਲ ਲੈ ਕੇ ਸਰਦਾਰ ਕੋਲ ਲਿਆਂਦਾ ਅਤੇ ਕਿਹਾ, ਪੌਲੁਸ ਕੈਦੀ ਨੇ ਮੈਨੂੰ ਕੋਲ ਸੱਦ ਕੇ ਅਰਜ਼ ਕੀਤੀ ਜੋ ਇਸ ਜੁਆਨ ਨੂੰ ਤੁਹਾਡੇ ਕੋਲ ਲਿਆਵਾਂ ਕਿ ਉਹ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ।
19 ਉਪਰੰਤ ਸਰਦਾਰ ਨੇ ਉਹ ਦਾ ਹੱਥ ਫੜਿਆ ਅਤੇ ਲਾਂਭੇ ਲੈ ਜਾ ਕੇ ਇਕਾਂਤ ਵਿੱਚ ਪੁੱਛਿਆ, ਉਹ ਕੀ ਹੈ ਜੋ ਤੈਂ ਮੈਨੂੰ ਦੱਸਣਾ ਹੈ ?
20 ਉਹ ਬੋਲਿਆ, ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਅਰਜ਼ ਕਰਨ ਜੋ ਤੁਸੀਂ ਭਲਕੇ ਪੌਲੁਸ ਨੂੰ ਸਭਾ ਵਿੱਚ ਲਿਆਵੋ ਭਈ ਜਿੱਕੂੰ ਤੁਸੀਂ ਉਹ ਦੇ ਵਿਖੇ ਕੁਝ ਹੋਰ ਵੀ ਠੀਕ ਤਰਾਂ ਨਾਲ ਪੁੱਛਿਆ ਚਾਹੁੰਦੇ ਹੋ।
21 ਸੋ ਤੁਸੀਂ ਉਨ੍ਹਾਂ ਦੀ ਨਾ ਮੰਨਿਓ ਕਿਉਂ ਜੋ ਉਨ੍ਹਾਂ ਵਿੱਚੋਂ ਚਾਹਲੀਆਂ ਮਨੁੱਖਾਂ ਤੋਂ ਵੱਧ ਉਹ ਦੀ ਘਾਤ ਵਿੱਚ ਲੱਗ ਰਹੇ ਹਨ ਜਿਨ੍ਹਾਂ ਆਪਣੇ ਉੱਤੇ ਧ੍ਰਿਗ ਲਈ ਹੈ ਕਿ ਜਦ ਤਾਈਂ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਖਾਵਾਂਗੇ ਨਾ ਪੀਵਾਂਗੇ ਅਤੇ ਹੁਣ ਓਹ ਤਿਆਰ ਹੋ ਕੇ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠੇ ਹਨ।
22 ਤਾਂ ਸਰਦਾਰ ਨੇ ਉਸ ਜੁਆਨ ਨੂੰ ਇਹ ਹੁਕਮ ਦੇ ਕੇ ਵਿਦਿਆ ਕੀਤਾ ਭਈ ਕਿਸੇ ਕੋਲ ਨਾ ਆਖੀਂ ਜੋ ਤੈਂ ਇਹ ਗੱਲ ਮੈਨੂੰ ਦੱਸੀ ਹੈ।
23 ਅਤੇ ਉਸ ਨੇ ਸੂਬੇਦਾਰਾਂ ਵਿੱਚੋਂ ਦੋ ਜਣਿਆਂ ਨੂੰ ਸੱਦ ਕੇ ਕਿਹਾ ਭਈ ਦੋ ਸੌ ਸਿਪਾਹੀ ਕੈਸਰਿਯਾ ਨੂੰ ਜਾਣ ਅਰ ਸੱਤਰ ਅਸਵਾਰ ਅਤੇ ਦੋ ਸੌ ਭਾਲੇਬਰਦਾਰ ਪਹਿਰ ਰਾਤ ਗਈ ਨੂੰ ਤਿਆਰ ਕਰ ਰੱਖੋ।
24 ਅਤੇ ਅਸਵਾਰੀ ਹਾਜ਼ਰ ਕਰੋ ਜੋ ਓਹ ਪੌਲੁਸ ਨੂੰ ਚੜ੍ਹਾ ਕੇ ਫ਼ੇਲਿਕਸ ਹਾਕਮ ਦੇ ਕੋਲ ਸੁਖ ਸਾਂਦ ਨਾਲ ਪੁਚਾ ਦੇਣ।
25 ਫੇਰ ਉਸ ਨੇ ਇਸ ਪਰਕਾਰ ਦਾ ਖਤ ਲਿਖਿਆ, -
26 ਕਲੌਦਿਯੁਸ ਲੁਸਿਯਸ ਦਾ ਹਾਕਮ ਫ਼ੇਲਿਕਸ ਬਹਾਦੁਰ ਨੂੰ ਪਰਨਾਮ।
27 ਇਸ ਮਰਦ ਨੂੰ ਜਾਂ ਯਹੂਦੀ ਲੋਕਾਂ ਨੇ ਫੜ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ ਤਾਂ ਮੈਂ ਇਹ ਮਲੂਮ ਕਰ ਕੇ ਭਈ ਉਹ ਰੋਮੀ ਹੈ ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ।
28 ਅਤੇ ਜਾਂ ਮੈਂ ਇਹ ਮਲੂਮ ਕਰਨਾ ਚਾਹਿਆ ਕਿ ਉਨ੍ਹਾਂ ਕਿਸ ਕਾਰਨ ਇਸ ਉੱਤੇ ਨਾਲਸ਼ ਕੀਤੀ ਤਾਂ ਉਨ੍ਹਾਂ ਦੀ ਸਭਾ ਵਿੱਚ ਇਹ ਨੂੰ ਲੈ ਗਿਆ।
29 ਸੋ ਮੈਨੂੰ ਪਤਾ ਲੱਗ ਗਿਆ ਜੋ ਉਨ੍ਹਾਂ ਦੀ ਸ਼ਰਾ ਦੇ ਝਗੜਿਆਂ ਵਿਖੇ ਇਸ ਉੱਤੇ ਨਾਲਸ਼ ਹੋਈ ਹੈ ਪਰ ਕੋਈ ਇਹੋ ਜਿਹਾ ਦਾਵਾ ਨਹੀਂ ਸੀ ਜੋ ਉਹ ਦੇ ਕਤਲ ਯਾ ਕੈਦ ਦਾ ਕਾਰਨ ਹੋਵੇ।
30 ਜਾਂ ਮੈਨੂੰ ਖਬਰ ਹੋਈ ਜੋ ਓਹ ਐਸ ਮਰਦ ਦੀ ਘਾਤ ਵਿੱਚ ਲੱਗਣਗੇ ਤਾਂ ਮੈਂ ਤਾਬੜਤੋੜ ਇਹ ਨੂੰ ਤੁਹਾਡੇ ਕੋਲ ਘੱਲ ਦਿੱਤਾ ਅਤੇ ਇਹ ਦੇ ਮੁਦਈਆਂ ਨੂੰ ਭੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹ ਦੇ ਉੱਤੇ ਨਾਲਸ਼ ਕਰਨ।
31 ਉਪਰੰਤ ਸਿਪਾਹੀਆਂ ਨੇ ਹੁਕਮ ਅਨੁਸਾਰ ਪੌਲੁਸ ਨੂੰ ਲੈ ਕੇ ਰਾਤੋ ਰਾਤ ਅੰਤਿਪਤ੍ਰਿਸ ਵਿੱਚ ਪੁਚਾਇਆ।
32 ਪਰ ਅਗਲੇ ਭਲਕ ਅਸਵਾਰਾਂ ਨੂੰ ਉਹ ਦੇ ਨਾਲ ਜਾਣ ਲਈ ਛੱਡ ਕੇ ਓਹ ਆਪ ਕਿਲੇ ਨੂੰ ਮੁੜੇ।
33 ਸੋ ਉਨ੍ਹਾਂ ਨੇ ਕੈਸਰਿਯਾ ਵਿੱਚ ਆਣ ਕੇ ਹਾਕਮ ਨੂੰ ਖਤ ਦੇ ਦਿੱਤਾ ਅਤੇ ਪੌਲੁਸ ਨੂੰ ਵੀ ਉਹ ਦੇ ਅੱਗੇ ਹਾਜ਼ਰ ਕੀਤਾ।
34 ਉਸ ਨੇ ਖਤ ਪੜ੍ਹ ਕੇ ਪੁੱਛਿਆ ਭਈ ਉਹ ਕਿਹੜੇ ਸੂਬੇ ਦਾ ਹੈ ਅਰ ਜਦ ਮਲੂਮ ਕੀਤਾ ਜੋ ਉਹ ਕਿਲਕਿਯਾ ਦਾ ਹੈ।
35 ਤਾਂ ਕਿਹਾ ਕਿ ਤੇਰੇ ਮੁਦਈ ਭੀ ਆ ਲੈਣ ਤਦ ਮੈਂ ਤੇਰੀ ਸੁਣਾਂਗਾ ਅਤੇ ਹੁਕਮ ਦਿੱਤਾ ਜੋ ਹੇਰੋਦੇਸ ਦੇ ਮਹਿਲ ਵਿੱਚ ਉਹ ਨੂੰ ਚੌਕਸੀ ਨਾਲ ਰੱਖੋ।
ਕਾਂਡ 24

1 ਪੰਜਾਂ ਦਿਨਾਂ ਪਿੱਛੋਂ ਹਨਾਨਿਯਾਹ ਸਰਦਾਰ ਜਾਜਕ ਕਈ ਬਜ਼ੁਰਗਾਂ ਸਣੇ ਤਰਤੁੱਲੁਸ ਨਾਮੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ ਅਤੇ ਉਨ੍ਹਾਂ ਨੇ ਪੌਲੁਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ।
2 ਅਤੇ ਜਾਂ ਉਹ ਬੁਲਾਇਆ ਗਿਆ ਤਾਂ ਤਰਤੁੱਲੁਸ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗਾ ਜੋ ਹੇ ਫ਼ੇਲਿਕਸ ਬਹਾਦੁਰ, ਇਸ ਲਈ ਜੋ ਅਸੀਂ ਤੁਹਾਡੇ ਵਸੀਲੇ ਵੱਡਾ ਸੁਖ ਭੋਗਦੇ ਹਾਂ ਅਤੇ ਤੁਹਾਡੀ ਦੂਰ ਅੰਦੇਸ਼ੀ ਨਾਲ ਐਸ ਕੌਮ ਦੇ ਬਹੁਤ ਸਾਰੇ ਕੰਮ ਸੌਰਦੇ ਹਨ।
3 ਅਸੀਂ ਹਰ ਪਰਕਾਰ ਅਤੇ ਸਭਨੀਂ ਥਾਈਂ ਇਹ ਗੱਲ ਵੱਡੇ ਸ਼ੁਕਰ ਨਾਲ ਮੰਨ ਲੈਂਦੇ ਹਾਂ।
4 ਪਰ ਇਸ ਲਈ ਜੋ ਤੁਹਾਨੂੰ ਬਹੁਤ ਔਖਾ ਨਾ ਕਰਾਂ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰ ਕੇ ਸਾਡੀਆਂ ਥੋੜੀਆਂ ਜੇਹੀਆਂ ਗੱਲਾਂ ਸੁਣ ਲਓ।
5 ਕਿਉਂ ਜੋ ਅਸਾਂ ਇਸ ਮਨੁੱਖ ਨੂੰ ਇੱਕ ਬਲਾ ਅਤੇ ਸਾਰੀ ਦੁਨੀਆ ਦੇ ਸਭ ਯਹੂਦੀਆਂ ਵਿੱਚ ਪਸਾਦ ਪਾਉਣ ਵਾਲਾ ਵੇਖਿਆ ਅਤੇ ਉਹ ਨਾਸਰੀਆਂ ਦੇ ਪੰਥ ਦਾ ਆਗੂ ਹੈ।
6 ਇਸ ਨੇ ਹੈਕਲ ਨੂੰ ਭੀ ਭਰਿਸ਼ਟ ਕਰਨ ਦਾ ਜਤਨ ਕੀਤਾ। ਸੋ ਅਸਾਂ ਇਹ ਨੂੰ ਫੜ ਭੀ ਲਿਆ।
8 ਅਤੇ ਤੁਸੀਂ ਆਪ ਜਾਚ ਕਰ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਜੋ ਅਸੀਂ ਇਹ ਦੇ ਜੁੰਮੇ ਲਾਉਂਦੇ ਹਾਂ ਇਸ ਤੋਂ ਮਲੂਮ ਕਰ ਸੱਕੋਗੇ।
9 ਯਹੂਦੀਆਂ ਨੇ ਵੀ ਏਕਾ ਕਰ ਕੇ ਕਿਹਾ ਜੋ ਏਹ ਗੱਲਾਂ ਇਸੇ ਤਰਾਂ ਹਨ।
10 ਫੇਰ ਜਾਂ ਹਾਕਮ ਨੇ ਪੌਲੁਸ ਨੂੰ ਬੋਲਣ ਦੀ ਸੈਨਤ ਕੀਤੀ ਤਾਂ ਉਹ ਨੇ ਉੱਤਰ ਦਿੱਤਾ,- ਮੈਨੂੰ ਮਲੂਮ ਹੈ ਜੋ ਤੁਸੀਂ ਬਹੁਤ ਵਰਿਹਾਂ ਤੋਂ ਐਸ ਕੌਮ ਦੇ ਹਾਕਮ ਹੋ ਇਸ ਲਈ ਮੈਂ ਹੌਸਲੇ ਨਾਲ ਆਪਣਾ ਉਜ਼ਰ ਬਿਆਨ ਕਰਦਾ ਹਾਂ।
11 ਕਿਉਂਕਿ ਤੁਸੀਂ ਜਾਣ ਸੱਕਦੇ ਹੋ ਜੋ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ ਕਿ ਮੈਂ ਬੰਦਗੀ ਕਰਨ ਲਈ ਯਰੂਸ਼ਲਮ ਨੂੰ ਗਿਆ ਸਾਂ।
12 ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਯਾ ਲੋਕਾਂ ਵਿੱਚ ਬਲਵਾ ਮਚਾਉਂਦੇ ਨਹੀਂ ਵੇਖਿਆ, ਨਾ ਤਾਂ ਸਮਾਜਾਂ ਵਿੱਚ, ਨਾ ਸ਼ਹਿਰ ਵਿੱਚ।
13 ਅਤੇ ਨਾ ਉਨ੍ਹਾਂ ਗੱਲਾਂ ਨੂੰ ਜਿਨ੍ਹਾਂ ਦਾ ਹੁਣ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤੁਹਾਡੇ ਅੱਗੇ ਸਾਬਤ ਕਰ ਸੱਕਦੇ ਹਨ।
14 ਪਰ ਮੈਂ ਤੁਹਾਡੇ ਅੱਗੇ ਇਹ ਮੰਨ ਲੈਂਦਾ ਹਾਂ ਭਈ ਜਿਸ ਰਾਹ ਨੂੰ ਓਹ ਕੁਰਾਹ ਕਰਕੇ ਆਖਦੇ ਹਨ ਓਸੇ ਦੇ ਅਨੁਸਾਰ ਮੈਂ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਹਾਂ ਅਤੇ ਸਾਰੀਆਂ ਗੱਲਾਂ ਨੂੰ ਮੰਨਦਾ ਹਾਂ ਜਿਹੜੀਆਂ ਸ਼ਰਾ ਨਾਲ ਮਿਲਦੀਆਂ ਹਨ ਅਤੇ ਜਿਹੜੀਆਂ ਨਬੀਆਂ ਵਿੱਚ ਲਿਖੀਆਂ ਹੋਈਆਂ ਹਨ।
15 ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਹ ਦੀ ਏਹ ਆਪ ਵੀ ਉਡੀਕ ਕਰਦੇ ਹਨ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।
16 ਮੈਂ ਆਪ ਭੀ ਇਸ ਵਿੱਚ ਜਤਨ ਕਰਦਾ ਹਾਂ ਜੋ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਕਰੇ।
17 ਕਈਆਂ ਵਰਿਹਾਂ ਪਿੱਛੋਂ ਮੈਂ ਆਪਣੀ ਕੌਮ ਦੇ ਲਈ ਦਾਨ ਪੁਚਾਉਣ ਅਤੇ ਭੇਟ ਚੜ੍ਹਾਉਣ ਆਇਆ।
18 ਇਨ੍ਹਾਂ ਹੀ ਗੱਲਾਂ ਵਿੱਚ ਉਨ੍ਹਾਂ ਨੇ ਮੈਨੂੰ ਹੈਕਲ ਵਿੱਚ ਸ਼ੁੱਧ ਹੋਏ ਵੇਖਿਆ ਨਾ ਤਾਂ ਭੀੜ ਅਤੇ ਨਾ ਰੌਲੇ ਨਾਲ।
19 ਪਰ ਅਸਿਯਾ ਦੇ ਕਈ ਯਹੂਦੀ ਸਨ ਜਿਨ੍ਹਾਂ ਨੂੰ ਚਾਹੀਦਾ ਸੀ ਜੋ ਤੁਹਾਡੇ ਅੱਗੇ ਹਾਜ਼ਰ ਹੁੰਦੇ ਅਤੇ ਜੇ ਉਨ੍ਹਾਂ ਦਾ ਮੇਰੇ ਉੱਤੇ ਕੋਈ ਦਾਵਾ ਹੁੰਦਾ ਤਾਂ ਨਾਲਸ਼ ਕਰਦੇ।
20 ਅਥਵਾ ਏਹੋ ਆਪ ਕਹਿ ਦੇਣ ਭਈ ਉਨ੍ਹਾਂ ਨੇ ਜਦ ਮੈਂ ਸਭਾ ਦੇ ਅੱਗੇ ਖੜਾ ਸਾਂ ਮੇਰੇ ਵਿੱਚ ਕੀ ਬੁਰਿਆਈ ਵੇਖੀ ?
21 ਬਿਨਾ ਇਸ ਇੱਕ ਗੱਲ ਦੇ ਜਿਹੜੀ ਮੈਂ ਉਨ੍ਹਾਂ ਵਿੱਚ ਖੜੇ ਪੁਕਾਰ ਕੇ ਆਖੀ ਸੀ ਭਈ ਮੁਰਦਿਆਂ ਦੇ ਜੀ ਉੱਠਣ ਦੇ ਵਿਖੇ ਅੱਜ ਮੇਰੇ ਉੱਤੇ ਦੋਸ਼ ਲਾਈਦਾ ਹੈ।
22 ਪਰ ਫ਼ੇਲਿਕਸ ਨੇ ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰਾਂ ਜਾਣਦਾ ਸੀ ਇਹ ਕਹਿ ਕੇ ਉਨ੍ਹਾਂ ਨੂੰ ਟਾਲ ਦਿੱਤਾ ਕਿ ਜਾਂ ਲੁਸਿਯਸ ਫੌਜ ਦਾ ਸਰਦਾਰ ਆਊ ਤਾਂ ਮੈਂ ਤੁਹਾਡੀਆਂ ਗੱਲਾਂ ਦਾ ਨਬੇੜਾ ਕਰਾਂਗਾ।
23 ਫੇਰ ਉਹ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਜੋ ਪੌਲੁਸ ਨੂੰ ਨਜ਼ਰ ਬੰਦ ਰੱਖ ਅਤੇ ਉਹ ਨੂੰ ਚੈਨ ਕਰਨ ਦਿਹ ਅਤੇ ਉਸ ਦੇ ਆਪਣਿਆਂ ਵਿੱਚੋਂ ਕਿਸੇ ਨੂੰ ਉਹ ਦੀ ਟਹਿਲ ਕਰਨ ਤੋਂ ਨਾ ਰੋਕ।
24 ਪਰ ਕਈਆਂ ਦਿਨਾਂ ਪਿੱਛੋਂ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਸਣੇ ਜਿਹੜੀ ਯਹੂਦਣ ਸੀ ਆਇਆ ਅਤੇ ਪੌਲੁਸ ਨੂੰ ਬੁਲਵਾ ਕੇ ਮਸੀਹ ਯਿਸੂ ਦੇ ਉੱਤੇ ਨਿਹਚਾ ਕਰਨ ਦੇ ਵਿਖੇ ਉਸ ਤੋਂ ਸੁਣਿਆ।
25 ਜਾਂ ਉਹ ਧਰਮ ਅਤੇ ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਵਿਖੇ ਬਚਨ ਸੁਣਾ ਰਿਹਾ ਸੀ ਤਾਂ ਫ਼ੇਲਿਕਸ ਨੇ ਭੈ ਖਾਧਾ ਅਤੇ ਉੱਤਰ ਦਿੱਤਾ ਭਈ ਐਤਕੀ ਤੂੰ ਜਾਹ, ਫੇਰ ਵਿਹਲ ਪਾ ਕੇ ਤੈਨੂੰ ਬੁਲਾਵਾਂਗਾ।
26 ਨਾਲੇ ਇਹ ਵੀ ਆਸ ਰੱਖਦਾ ਸੀ ਭਈ ਪੌਲੁਸ ਮੈਨੂੰ ਕੁਝ ਰੋਕੜ ਦੇਵੇਗਾ। ਇਸੇ ਗੱਲੇ ਉਹ ਨੂੰ ਬਹੁਤ ਵਾਰੀ ਸਦਵਾ ਕੇ ਉਸ ਨਾਲ ਗੱਲ ਬਾਤ ਕਰਦਾ ਹੁੰਦਾ ਸੀ।
27 ਅਤੇ ਜਾਂ ਦੋ ਵਰਹੇ ਪੂਰੇ ਹੋਏ ਪੁਰਕਿਯੁਸ ਫ਼ੇਸਤੁਸ ਫ਼ੇਲਿਕਸ ਦੇ ਥਾਂ ਹਾਕਮ ਹੋ ਕੇ ਆਇਆ ਅਤੇ ਫ਼ੇਲਿਕਸ ਜੋ ਇਹ ਚਾਹੁੰਦਾ ਸੀ ਭਈ ਯਹੂਦੀਆਂ ਨੂੰ ਪਰਸੰਨ ਕਰੇ ਪੌਲੁਸ ਨੂੰ ਕੈਦ ਵਿੱਚ ਹੀ ਛੱਡ ਗਿਆ।
ਕਾਂਡ 25

1 ਉਪਰੰਤ ਫ਼ੇਸਤੁਸ ਉਸ ਸੂਬੇ ਵਿੱਚ ਪਹੁੰਚ ਕੇ ਤਿੰਨਾਂ ਦਿਨਾਂ ਦੇ ਮਗਰੋਂ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ।
2 ਤਾਂ ਪਰਧਾਨ ਜਾਜਕਾਂ ਅਤੇ ਯਹੂਦੀਆਂ ਦੇ ਸਰਦਾਰਾਂ ਨੇ ਪੌਲੁਸ ਦੇ ਵਿਰੁੱਧ ਉਹ ਦੇ ਕੰਨ ਭਰੇ।
3 ਅਤੇ ਉਸ ਦੀਆਂ ਮਿੰਨਤਾਂ ਕਰ ਕੇ ਉਹ ਦੇ ਵਿਰੁੱਧ ਐੱਨੀ ਰਿਆਇਤ ਚਾਹੀ ਜੋ ਉਹ ਨੂੰ ਯਰੂਸ਼ਲਮ ਨੂੰ ਬੁਲਾਵੇ ਅਤੇ ਘਾਤ ਵਿੱਚ ਸਨ ਜੋ ਉਹ ਨੂੰ ਰਸਤੇ ਵਿੱਚ ਹੀ ਮਾਰ ਘੱਤਣ।
4 ਉਪਰੰਤ ਫ਼ੇਸਤੁਸ ਨੇ ਉੱਤਰ ਦਿੱਤਾ ਜੋ ਪੌਲੁਸ ਕੈਸਰਿਯਾ ਵਿੱਚ ਨਜ਼ਰ ਬੰਦ ਹੈ ਅਤੇ ਮੈਂ ਆਪ ਉੱਥੇ ਛੇਤੀ ਜਾਣ ਨੂੰ ਤਿਆਰ ਹਾਂ।
5 ਫੇਰ ਬੋਲਿਆ, ਜਿਹੜੇ ਤੁਹਾਡੇ ਵਿੱਚੋਂ ਗੱਲਕਰ ਹੋਣ ਉਹ ਮੇਰੇ ਨਾਲ ਚੱਲਣ ਅਤੇ ਜੇ ਉਸ ਵਿੱਚ ਕੋਈ ਔਗੁਣ ਹੋਵੇ ਤਾਂ ਉਹ ਦੇ ਉੱਤੇ ਨਾਲਸ਼ ਕਰਨ।
6 ਉਹ ਉਨ੍ਹਾਂ ਵਿੱਚ ਕੋਈ ਅੱਠ ਦੱਸ ਦਿਨ ਰਹਿ ਕੇ ਕੈਸਰਿਯਾ ਨੂੰ ਗਿਆ ਅਰ ਅਗਲੇ ਭਲਕ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਪੌਲੁਸ ਨੂੰ ਲਿਆਉਣ।
7 ਜਾਂ ਉਹ ਹਾਜ਼ਰ ਹੋਇਆ ਤਾਂ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਹ ਦੇ ਉਦਾਲੇ ਖੜੇ ਹੋ ਕੇ ਉਸ ਉੱਤੇ ਬਹੁਤ ਸਾਰੀਆਂ ਭਾਰੀਆਂ ਤੁਹਮਤਾਂ ਲਾਉਣ ਲੱਗੇ ਜਿਨ੍ਹਾਂ ਨੂੰ ਸਾਬਤ ਨਾ ਕਰ ਸੱਕੇ।
8 ਪਰ ਪੌਲੁਸ ਨੇ ਆਪਣੇ ਉਜ਼ਰ ਵਿੱਚ ਕਿਹਾ ਭਈ ਨਾ ਤਾਂ ਮੈਂ ਯਹੂਦੀਆਂ ਦੀ ਸ਼ਰਾ ਦਾ, ਨਾ ਹੈਕਲ ਦਾ, ਨਾ ਕੈਸਰ ਦਾ ਕੁਝ ਵਿਗਾੜਿਆ ਹੈ।
9 ਪਰ ਫ਼ੇਸਤੁਸ ਨੇ ਜੋ ਚਾਹੁੰਦਾ ਸੀ ਭਈ ਯਹੂਦੀਆਂ ਨੂੰ ਪਰਸੰਨ ਕਰੇ ਅੱਗੋਂ ਪੌਲੁਸ ਨੂੰ ਆਖਿਆ, ਕੀ ਤੂੰ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹੈਂ ਭਈ ਉੱਥੇ ਮੇਰੇ ਅੱਗੇ ਇਨ੍ਹਾਂ ਗੱਲਾਂ ਵਿਖੇ ਤੇਰਾ ਨਿਆਉਂ ਕੀਤਾ ਜਾਵੇ ?
10 ਪੌਲੁਸ ਨੇ ਕਿਹਾ, ਮੈਂ ਕੈਸਰੀ ਅਦਾਲਤ ਦੀ ਗੱਦੀ ਦੇ ਅੱਗੇ ਖੜਾ ਹਾਂ। ਚਾਹੀਦਾ ਹੈ ਕਿ ਮੇਰਾ ਨਿਆਉਂ ਏੱਥੇ ਹੀ ਹੋਵੇ। ਯਹੂਦੀਆਂ ਦੇ ਉੱਤੇ ਮੈਂ ਕੋਈ ਵਾਧਾ ਨਹੀਂ ਕੀਤਾ ਜਿਵੇਂ ਤੁਸੀਂ ਵੀ ਅੱਛੀ ਤਰਾਂ ਜਾਣਦੇ ਹੋ।
11 ਸੋ ਜੇ ਮੈਂ ਕੋਈ ਵਾਧਾ ਕੀਤਾ ਅਤੇ ਕਤਲ ਦੇ ਲਾਇਕ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਕਤਲ ਹੋਣ ਵਿੱਚ ਉਜ਼ਰ ਨਹੀਂ ਕਰਦਾ ਪਰ ਜੇ ਉਨ੍ਹਾਂ ਗੱਲਾਂ ਦਾ ਕੁਝ ਅਸਲ ਨਾ ਹੋਵੇ ਜਿਨ੍ਹਾਂ ਦਾ ਏਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤਾਂ ਕਿਸੇ ਦੀ ਮਜਾਲ ਨਹੀਂ ਜੋ ਮੈਨੂੰ ਉਨ੍ਹਾਂ ਦੇ ਹਵਾਲੇ ਕਰੇ। ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ !
12 ਤਦ ਫ਼ੇਸਤੁਸ ਨੇ ਸਲਾਹਕਾਰਾਂ ਨਾਲ ਗੱਲ ਕਰ ਕੇ ਉੱਤਰ ਦਿੱਤਾ ਭਈ ਤੈਂ ਕੈਸਰ ਦੀ ਦੁਹਾਈ ਦਿੱਤੀ ਹੈ, ਤੂੰ ਕੈਸਰ ਹੀ ਦੇ ਕੋਲ ਜਾਏਂਗਾ !
13 ਕੁਝ ਦਿਨ ਬੀਤੇ ਰਾਜਾ ਅਗ੍ਰਿੱਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਦੀ ਆਉ ਭਗਤ ਨੂੰ ਆਏ।
14 ਅਰ ਜਾਂ ਓਹ ਉੱਥੇ ਕਈ ਦਿਨ ਰਹੇ ਤਾਂ ਫ਼ੇਸਤੁਸ ਨੇ ਪੌਲੁਸ ਦੀ ਵਿਥਿਆ ਰਾਜੇ ਨੂੰ ਸੁਣਾ ਕੇ ਕਿਹਾ ਜੋ ਇੱਕ ਮਨੁੱਖ ਹੈ ਜਿਹ ਨੂੰ ਫ਼ੇਲਿਕਸ ਕੈਦ ਵਿੱਚ ਛੱਡ ਗਿਆ।
15 ਅਤੇ ਜਾਂ ਮੈਂ ਯਰੂਸ਼ਲਮ ਵਿੱਚ ਸਾਂ ਤਾਂ ਪਰਧਾਨ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਹ ਦੇ ਵਿਖੇ ਮੇਰੇ ਕੰਨੀਂ ਗੱਲਾਂ ਪਾਈਆਂ ਅਤੇ ਅਰਜ਼ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ।
16 ਉਨ੍ਹਾਂ ਨੂੰ ਮੈਂ ਇਹ ਉੱਤਰ ਦਿੱਤਾ ਭਈ ਰੋਮੀਆਂ ਦਾ ਕਾਨੂਨ ਨਹੀਂ ਹੈ ਜੋ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿੰਨਾ ਚਿਰ ਮੁਦਾਅਲੈ ਆਪਣੇ ਮੁਦਈਆਂ ਦੇ ਰੋਬਰੂ ਹੋ ਕੇ ਦਾਵੇ ਦਾ ਜਵਾਬ ਦੇਣ ਦਾ ਮੌਕਾ ਨਾ ਪਾਵੇ।
17 ਸੋ ਜਾਂ ਓਹ ਐੱਥੇ ਆਣ ਇਕੱਠੇ ਹੋਏ ਤਾਂ ਮੈਂ ਕੁਝ ਢਿੱਲ ਨਾ ਕੀਤੀ ਸਗੋਂ ਅਗਲੇ ਭਲਕ ਅਦਾਲਤ ਦੀ ਗੱਦੀ ਤੇ ਬੈਠ ਕੇ ਹੁਕਮ ਦਿੱਤਾ ਜੋ ਉਸ ਮਨੁੱਖ ਨੂੰ ਹਾਜ਼ਰ ਕਰਨ।
18 ਪਰ ਜਾਂ ਉਹ ਦੇ ਮੁਦਈ ਖੜੇ ਹੋਏ ਤਾਂ ਉਨ੍ਹਾਂ ਨੇ ਇਹੋ ਜਿਹੀ ਕੋਈ ਬੁਰੀ ਗੱਲ ਉਹ ਦੇ ਜੁੰਮੇ ਨਾ ਲਾਈ ਜਿਹੀ ਮੈਂ ਸਮਝਦਾ ਸਾਂ।
19 ਪਰ ਓਹ ਆਪਣੀ ਦੇਵਪੂਜਾ ਵਿਖੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਸੀ ਭਈ ਉਹ ਤਾਂ ਜੀਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ।
20 ਜਾਂ ਮੈਂ ਦੁਬਧਾ ਵਿੱਚ ਪਿਆ ਕਿ ਇਨ੍ਹਾਂ ਗੱਲਾਂ ਦਾ ਕਿੱਕੁਰ ਨਿਬੇੜਾ ਕਰਾਂ ਤਾਂ ਮੈਂ ਪੁੱਛਿਆ, ਤੂੰ ਯਰੂਸ਼ਲਮ ਵਿੱਚ ਜਾਣ ਨੂੰ ਰਾਜੀ ਹੈਂ ਜੋ ਉੱਥੇ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਉਂ ਹੋਵੇ?
21 ਪਰ ਜਾਂ ਪੌਲੁਸ ਨੇ ਦੁਹਾਈ ਦਿੱਤੀ ਜੋ ਮੇਰਾ ਨਿਆਉਂ ਪਾਤਸ਼ਾਹ ਦੀ ਅਦਾਲਤ ਉੱਤੇ ਰਹਿਣ ਦਿਓ ਤਾਂ ਮੈਂ ਹੁਕਮ ਦਿੱਤਾ ਜੋ ਉਹ ਨਜ਼ਰਬੰਦ ਰਹੇ ਜਦ ਤਾਈਂ ਮੈਂ ਉਹ ਨੂੰ ਕੈਸਰ ਕੋਲ ਨਾ ਭੇਜਾਂ। 22 ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ ਕਿ ਮੈਂ ਆਪ ਭੀ ਉਸ ਮਨੁੱਖ ਦੀ ਸੁਣਿਆ ਚਾਹੁੰਦਾ ਹਾਂ। ਉਹ ਬੋਲਿਆ, ਤੂੰ ਭਲਕੇ ਉਹ ਦੀ ਸੁਣ ਲਵੀਂ।
23 ਸੋ ਦੂਜੇ ਦਿਨ ਜਾਂ ਅਗ੍ਰਿੱਪਾ ਅਤੇ ਬਰਨੀਕੇ ਵੱਡੀ ਧੂਮ ਧਾਮ ਨਾਲ ਆਏ ਅਤੇ ਫੌਜ ਦੇ ਸਰਦਾਰਾਂ ਅਤੇ ਸ਼ਹਿਰ ਦੇ ਉੱਤਮ ਲੋਕਾਂ ਸਣੇ ਕਚਹਿਰੀ ਵਿੱਚ ਜਾ ਵੜੇ ਤਾਂ ਫ਼ੇਸਤੁਸ ਦੇ ਹੁਕਮ ਨਾਲ ਪੌਲੁਸ ਨੂੰ ਲਿਆਏ।
24 ਤਦ ਫ਼ੇਸਤੁਸ ਨੇ ਆਖਿਆ, ਹੇ ਰਾਜਾ ਅਗ੍ਰਿੱਪਾ ਅਤੇ ਸਭ ਲੋਕੋ ਜਿਹੜੇ ਐੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਐਸ ਮਨੁੱਖ ਨੂੰ ਵੇਖਦੇ ਹੋ ਜਿਹ ਦੇ ਕਾਰਨ ਯਹੂਦੀਆਂ ਦੇ ਸਾਰੇ ਲੋਕ ਯਰੂਸ਼ਲਮ ਵਿੱਚ ਅਰ ਐੱਥੇ ਭੀ ਮੇਰੇ ਪਿੱਛੇ ਪਏ ਅਤੇ ਇਹ ਡੰਡ ਪਾਉਂਦੇ ਸਨ ਜੋ ਇਹ ਦਾ ਅੱਗੇ ਨੂੰ ਜੀਉਂਦਾ ਰਹਿਣਾ ਹੀ ਜੋਗ ਨਹੀਂ।
25 ਪਰ ਮੈਂ ਜਾਣ ਲਿਆ ਜੋ ਉਹ ਨੇ ਕਤਲ ਦੇ ਲਾਇਕ ਕੁਝ ਨਹੀਂ ਕੀਤਾ ਅਤੇ ਜਦੋਂ ਉਸ ਨੇ ਆਪ ਪਾਤਸ਼ਾਹ ਦੀ ਦੁਹਾਈ ਦਿੱਤੀ ਤਦ ਮੈਂ ਠਾਣ ਲਿਆ ਜੋ ਉਹ ਨੂੰ ਘੱਲ ਦਿਆਂ।
26 ਪਰ ਮੈਨੂੰ ਉਹ ਦੇ ਵਿਖੇ ਕੋਈ ਗੱਲ ਠੀਕ ਨਹੀਂ ਦਿੱਸਦੀ ਜੋ ਆਪਣੇ ਮਾਲਕ ਨੂੰ ਲਿਖਾਂ ਇਸ ਲਈ ਮੈਂ ਉਹ ਨੂੰ ਤੁਹਾਡੇ ਅੱਗੇ ਅਤੇ ਨਿੱਜ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਤਹਕੀਕਾਤ ਦੇ ਪਿੱਛੋਂ ਮੈਂ ਕੁਝ ਲਿਖ ਸੱਕਾਂ।
27 ਕਿਉਂ ਜੋ ਮੈਨੂੰ ਇਹ ਸਿਆਣੀ ਗੱਲ ਨਹੀਂ ਮਲੂਮ ਹੁੰਦੀ ਭਈ ਇੱਕ ਕੈਦੀ ਨੂੰ ਘੱਲਾਂ ਅਤੇ ਨਾਲ ਹੀ ਨਾ ਦੱਸਾਂ ਜੋ ਕੀ ਕੀ ਦੋਸ਼ ਉਹ ਦੇ ਜੁੰਮੇ ਲਾਏ ਹਨ।
ਕਾਂਡ 26

1 ਤਾਂ ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਪਰਵਾਨਗੀ ਹੈ। ਤਦ ਪੌਲੁਸ ਬਾਂਹ ਕੱਢ ਕੇ ਇਹ ਉਜ਼ਰ ਕਰਨ ਲੱਗਾ, -
2 ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਚੰਗੇ ਭਾਗ ਸਮਝਦਾ ਹਾਂ ਕਿ ਜਿਨ੍ਹਾਂ ਗੱਲਾਂ ਦੀ ਯਹੂਦੀ ਮੇਰੇ ਉੱਤੇ ਨਾਲਸ਼ ਕਰਦੇ ਹਨ ਉਨ੍ਹਾਂ ਸਭਨਾਂ ਦਾ ਅੱਜ ਤੁਹਾਡੇ ਅੱਗੇ ਉਜ਼ਰ ਕਰਾਂ।
3 ਖ਼ਾਸ ਕਰਕੇ ਇਸ ਲਈ ਜੋ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਚਾਲਾਂ ਅਤੇ ਦੀਨੀ ਝਗੜਿਆਂ ਤੋਂ ਅੱਛੀ ਤਰਾਂ ਮਹਿਰਮ ਹੋ। ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਧੀਰਜ ਨਾਲ ਮੇਰੀ ਗੱਲ ਸੁਣਿਓ।
4 ਜੁਆਨੀ ਤੋਂ ਮੇਰੀ ਚਾਲ ਨੂੰ ਜਿਹੜੀ ਮੁੱਢੋਂ ਆਪਣੀ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ ਸਾਰੇ ਯਹੂਦੀ ਜਾਣਦੇ ਹਨ।
5 ਸੋ ਜੇ ਓਹ ਸਾਖੀ ਦੇਣੀ ਚਾਹੁਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ ਭਈ ਸਾਡੇ ਧਰਮ ਦੇ ਸਭਨਾਂ ਤੋਂ ਖਰੇ ਪੰਥ ਦੇ ਅਨੁਸਾਰ ਮੈਂ ਫ਼ਰੀਸੀ ਦੀ ਚਾਲ ਚੱਲਿਆ।
6 ਅਤੇ ਹੁਣ ਮੈਂ ਉਸ ਕਰਾਰ ਦੀ ਆਸ ਦੇ ਕਾਰਨ ਜਿਹੜਾ ਪਰਮੇਸ਼ੁਰ ਨੇ ਸਾਡੇ ਪਿਉ ਦਾਦਿਆਂ ਨਾਲ ਕੀਤਾ ਸੀ ਅਦਾਲਤ ਲਈ ਖੜਾ ਹਾਂ।
7 ਓਸੇ ਕਰਾਰ ਨੂੰ ਪ੍ਰਾਪਤ ਕਰਨ ਦੀ ਆਸ ਉੱਤੇ ਸਾਡੀਆਂ ਬਾਰਾਂ ਗੋਤਾਂ ਦਿਨ ਰਾਤ ਵੱਡੇ ਜਤਨ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ। ਹੇ ਰਾਜਾ, ਇਸੇ ਆਸ ਦੇ ਬਦਲੇ ਯਹੂਦੀ ਮੇਰੇ ਉੱਤੇ ਨਾਲਸ਼ ਕਰਦੇ ਹਨ !
8 ਇਹ ਗੱਲ ਕਿਉਂ ਤੁਹਾਡੇ ਲੇਖੇ ਬੇ ਇਤਬਾਰ ਗਿਣੀਦੀ ਹੈ ਜੋ ਪਰਮੇਸ਼ੁਰ ਮੁਰਦਿਆਂ ਨੂੰ ਜਿਵਾਲੇ ?
9 ਮੈਂ ਤਾਂ ਆਪਣੇ ਚਿੱਤ ਵਿੱਚ ਇਹ ਸਮਝਿਆ ਭਈ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ।
10 ਸੋ ਇਹੋ ਮੈਂ ਯਰੂਸ਼ਲਮ ਵਿੱਚ ਕੀਤਾ ਵੀ ਅਤੇ ਪਰਧਾਨ ਜਾਜਕਾਂ ਕੋਲੋਂ ਇਖ਼ਤਿਆਰ ਪਾ ਕੇ ਬਹੁਤ ਸੰਤਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕੀਤਾ ਅਤੇ ਜਾਂ ਓਹ ਮਾਰੇ ਜਾਂਦੇ ਸਨ ਤਾਂ ਮੈਂ ਉਨ੍ਹਾਂ ਦੇ ਵਿਰੁੱਧ ਹਾਮੀ ਭਰਦਾ ਸਾਂ।
11 ਮੈਂ ਹਰੇਕ ਸਮਾਜ ਵਿੱਚ ਉਨ੍ਹਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਕੁਫ਼ਰ ਬਕਵਾਉਣ ਲਈ ਉਨ੍ਹਾਂ ਨੂੰ ਤੰਗ ਕੀਤਾ ਸਗੋਂ ਉਨ੍ਹਾਂ ਦੇ ਵਿਰੋਧ ਵਿੱਚ ਅੱਤ ਸੁਦਾਈ ਹੋ ਕੇ ਮੈਂ ਪਰਦੇਸ ਦੇ ਨਗਰਾਂ ਤੀਕ ਵੀ ਉਨ੍ਹਾਂ ਨੂੰ ਸਤਾਉਂਦਾ ਸਾਂ।
12 ਜਾਂ ਮੈਂ ਪਰਧਾਨ ਜਾਜਕਾਂ ਤੋਂ ਇਖ਼ਤਿਆਰ ਅਤੇ ਹੁਕਮ ਪਾ ਕੇ ਐਸ ਗੱਲ ਉੱਤੇ ਦੰਮਿਸਕ ਨੂੰ ਚੱਲਿਆ ਜਾਂਦਾ ਸਾਂ।
13 ਤਾਂ ਹੇ ਰਾਜਾ, ਦੁਪਹਿਰ ਦੇ ਵੇਲੇ ਮੈਂ ਰਾਹ ਵਿੱਚ ਅਕਾਸ਼ ਤੋਂ ਇੱਕ ਜੋਤ ਸੂਰਜ ਨਾਲੋਂ ਵੀ ਬਹੁਤ ਉਜਲੀ ਆਪਣੇ ਅਤੇ ਆਪਣਿਆਂ ਸਾਥੀਆਂ ਦੇ ਚੁਫੇਰੇ ਚਮਕਦੀ ਵੇਖੀ।
14 ਅਤੇ ਜਾਂ ਅਸੀਂ ਸੱਭੇ ਭੋਂ ਤੇ ਡਿੱਗ ਪਏ ਤਾਂ ਮੈਂ ਇੱਕ ਅਵਾਜ਼ ਸੁਣੀ ਜੋ ਇਬਰਾਨੀ ਭਾਖਿਆ ਵਿੱਚ ਮੈਨੂੰ ਐਉਂ ਆਖਦੀ ਸੀ ਕਿ ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ? ਪ੍ਰੈਣ ਦੀ ਆਰ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ !
15 ਤਾਂ ਮੈਂ ਆਖਿਆ, ਪ੍ਰਭੁ ਜੀ, ਤੂੰ ਕੌਣ ਹੈਂ ? ਪ੍ਰਭੁ ਬੋਲਿਆ, ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ।
16 ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖਲੋ ਜਾਹ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ ਭਈ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿੱਚ ਤੈਂ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦਿਆਂਗਾ ਤੈਨੂੰ ਸੇਵਕ ਅਤੇ ਸਾਖੀ ਠਹਿਰਾਵਾਂ।
17 ਮੈਂ ਤੈਨੂੰ ਇਸ ਕੌਮ ਅਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਹਾਂ।
18 ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇਂ ਭਈ ਓਹ ਅਨ੍ਹੇਰੇ ਤੋਂ ਚਾਨਣ ਦੀ ਵੱਲ ਅਤੇ ਸ਼ਤਾਨ ਦੇ ਵੱਸ ਤੋਂ ਪਰਮੇਸ਼ੁਰ ਦੀ ਵੱਲ ਮੁੜਨ ਕਿ ਓਹ ਪਾਪਾਂ ਦੀ ਮਾਫ਼ੀ ਅਤੇ ਉਨ੍ਹਾਂ ਵਿੱਚ ਜੋ ਮੇਰੇ ਉੱਤੇ ਨਿਹਚਾ ਕਰ ਕੇ ਪਵਿੱਤ੍ਰ ਹੋਏ ਹਨ ਵਿਰਸਾ ਪਾਉਣ।
19 ਸੋ ਹੇ ਰਾਜਾ ਅਗ੍ਰਿੱਪਾ, ਮੈਂ ਉਸ ਸੁਰਗੀ ਦਰਸ਼ਣ ਤੋਂ ਬੇਮੁਖ ਨਾ ਹੋਇਆ।
20 ਸਗੋਂ ਪਹਿਲਾਂ ਦੰਮਿਸਕ ਦੇ ਰਹਿਣ ਵਾਲਿਆਂ ਨੂੰ ਅਤੇ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਦੇਸ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਭਈ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਲਾਇਕ ਕੰਮ ਕਰੋ।
21 ਇਨ੍ਹਾਂ ਹੀ ਗੱਲਾਂ ਕਰਕੇ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮੇਰੇ ਮਾਰ ਸੁੱਟਣ ਦੇ ਪਿੱਛੇ ਪਏ।
22 ਸੋ ਪਰਮੇਸ਼ੁਰ ਦੀ ਮੱਦਤ ਪਾ ਕੇ ਮੈਂ ਅੱਜ ਤਾਈਂ ਖੜਾ ਹਾਂ ਅਤੇ ਛੋਟੇ ਵੱਡੇ ਦੇ ਅੱਗੇ ਸਾਖੀ ਦਿੰਦਾ ਹਾਂ ਅਰ ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਆਖੀਆਂ ਸਨ ਭਈ ਹੋਣਗੀਆਂ ਉਨ੍ਹਾਂ ਤੋਂ ਬਿਨਾ ਹੋਰ ਮੈਂ ਕੁਝ ਨਹੀਂ ਕਹਿੰਦਾ।
23 ਕਿ ਜਰੂਰ ਹੈ ਜੋ ਮਸੀਹ ਦੁੱਖ ਝੱਲੇ ਅਤੇ ਪਹਿਲਾਂ ਉਹ ਮੁਰਦਿਆਂ ਦੇ ਜੀ ਉੱਠਣ ਤੋਂ ਐਸ ਕੌਮ ਅਤੇ ਪਰਾਈਆਂ ਕੌਮਾਂ ਨੂੰ ਵੀ ਚਾਨਣ ਦਾ ਪਰਚਾਰ ਕਰੇ।
24 ਜਾਂ ਉਹ ਆਪਣਾ ਇਹ ਉਜ਼ਰ ਕਰ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਨਾਲ ਆਖਿਆ, ਹੇ ਪੌਲੁਸ, ਤੂੰ ਕਮਲਾ ਹੈਂ, ਬਹੁਤੀ ਵਿਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ !
25 ਪੌਲੁਸ ਨੇ ਆਖਿਆ, ਹੇ ਫ਼ੇਸਤੁਸ ਬਹਾਦੁਰ, ਮੈਂ ਕਮਲਾ ਨਹੀਂ ਸਗੋਂ ਸਚਿਆਈ ਅਤੇ ਸੋਝੀ ਦੀਆਂ ਗੱਲਾਂ ਕਰਦਾ ਹਾਂ।
26 ਕਿਉਂਕਿ ਰਾਜਾ ਜਿਹ ਦੇ ਸਾਹਮਣੇ ਮੈਂ ਬੇਧੜਕ ਬੋਲਦਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ ਕਿਉਂ ਜੋ ਮੈਨੂੰ ਨਿਹਚਾ ਹੈ ਭਈ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਇਸ ਲਈ ਜੋ ਇਹ ਵਾਰਤਾ ਖੂੰਜੇ ਵਿੱਚ ਨਹੀਂ ਹੋਈ।
27 ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਦੀ ਪਰਤੀਤ ਕਰਦੇ ਹੋ ? ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਪਰਤੀਤ ਕਰਦੇ ਹੋ।
28 ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਸ ਹੋਊਗੀ ਭਈ ਮੈਨੂੰ ਥੋੜੇ ਹੀ ਕੀਤੇ ਮਸੀਹੀ ਕਰ ਲਵੇਂ !
29 ਪੌਲੁਸ ਬੋਲਿਆ, ਪਰਮੇਸ਼ੁਰ ਕਰੇ ਕਿ ਭਾਵੇਂ ਥੋੜੇ ਭਾਵੇਂ ਬਹੁਤ ਕੀਤੇ, ਨਿਰਾ ਤੁਸੀਂ ਹੀ ਨਹੀਂ ਪਰ ਓਹ ਸਭ ਵੀ ਜਿਹੜੇ ਅੱਜ ਦੇ ਦਿਨ ਮੇਰੀ ਸੁਣਦੇ ਹਨ ਇਨ੍ਹਾਂ ਬੰਧਨਾਂ ਤੋਂ ਬਿਨਾ ਏਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ !
30 ਤਦੋਂ ਰਾਜਾ, ਹਾਕਮ, ਬਰਨੀਕੇ ਅਰ ਓਹ ਜਿਹੜੇ ਉਨ੍ਹਾਂ ਦੇ ਨਾਲ ਬੈਠੇ ਸਨ ਉੱਠ ਖੜੇ ਹੋਏ।
31 ਅਤੇ ਅੱਡ ਜਾ ਕੇ ਆਪਸ ਵਿੱਚ ਗੱਲਾਂ ਕਰ ਕੇ ਕਹਿਣ ਲੱਗੇ ਜੋ ਇਹ ਮਨੁੱਖ ਤਾਂ ਮਾਰੇ ਜਾਣ ਯਾ ਕੈਦ ਹੋਣ ਦੇ ਲਾਇਕ ਕੁਝ ਨਹੀਂ ਕਰਦਾ।
32 ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਆਖਿਆ ਕਿ ਜੇ ਇਹ ਮਨੁੱਖ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸੱਕਦਾ।
ਕਾਂਡ 27

1 ਜਾਂ ਇਹ ਗੱਲ ਠਹਿਰੀ ਜੋ ਅਸੀਂ ਜਹਾਜ਼ ਉੱਤੇ ਚੜ੍ਹ ਕੇ ਇਤਾਲਿਯਾ ਨੂੰ ਜਾਈਏ ਤਾਂ ਉਨ੍ਹਾਂ ਨੇ ਪੌਲੁਸ ਅਤੇ ਕਈ ਹੋਰ ਕੈਦੀਆਂ ਨੂੰ ਯੂਲਿਉਸ ਨਾਮੇ ਪਾਤਸ਼ਾਹੀ ਪਲਟਣ ਦੇ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ।
2 ਅਤੇ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਜਹਾਜ਼ ਤੇ ਜਿਹੜਾ ਅਸਿਯਾ ਦੇ ਕਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ ਸਵਾਰ ਹੋ ਕੇ ਤੁਰ ਪਏ ਅਤੇ ਅਰਿਸਤਰਖੁਸ ਥੱਸਲੁਨੀਕੇ ਦਾ ਇੱਕ ਮਕਦੂਨੀ ਸਾਡੇ ਨਾਲ ਸੀ।
3 ਅਗਲੇ ਭਲਕ ਅਸੀਂ ਸੈਦਾ ਵਿੱਚ ਜਾ ਉਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਚੰਗਾ ਸਲੂਕ ਕਰ ਕੇ ਪਰਵਾਨਗੀ ਦਿੱਤੀ ਜੋ ਆਪਣੇ ਮਿੱਤਰਾਂ ਕੋਲ ਜਾ ਕੇ ਚੈਨ ਕਰੇ।
4 ਉੱਥੋਂ ਜਹਾਜ਼ ਖੋਲ੍ਹ ਕੇ ਅਸੀਂ ਕੁਪਰੁਸ ਦੇ ਓਹਲੇ ਜਾ ਨਿੱਕਲੇ ਕਿਉਂ ਜੋ ਪੌਣ ਸਾਹਮਣੀ ਸੀ।
5 ਅਤੇ ਜਾਂ ਅਸੀਂ ਕਿਲਿਕਿਯਾ ਅਰ ਪੰਮਫੁਲਿਯਾ ਦੇ ਲਾਗੇ ਦੇ ਸਮੁੰਦਰੋਂ ਪਾਰ ਲੰਘੇ ਤਾਂ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਉਤਰੇ।
6 ਉੱਥੇ ਸੂਬੇਦਾਰ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਇਤਾਲਿਯਾ ਨੂੰ ਜਾਣ ਵਾਲਾ ਵੇਖ ਕੇ ਸਾਨੂੰ ਉਹ ਦੇ ਉੱਤੇ ਚੜ੍ਹਾਇਆ।
7 ਅਤੇ ਜਾਂ ਅਸੀਂ ਬਹੁਤ ਦਿਨਾਂ ਤੀਕ ਹੌਲੀ ਹੌਲੀ ਚੱਲੇ ਸਾਂ ਅਤੇ ਮਸਾਂ ਮਸਾਂ ਕਨੀਦੁਸ ਦੇ ਸਾਹਮਣੇ ਪਹੁੰਚੇ ਤਾਂ ਇਸ ਲਈ ਜੋ ਪੌਣ ਸਾਨੂੰ ਅਗਾਹਾਂ ਵਧਣ ਨਾ ਸੀ ਦਿੰਦੀ ਅਸੀਂ ਕਰੇਤ ਦੇ ਓਹਲੇ ਸਲਮੋਨੇ ਦੇ ਸਾਹਮਣੇ ਚੱਲੇ।
8 ਅਰ ਮਸਾਂ ਮਸਾਂ ਉਹ ਦੇ ਲਾਗੇ ਲਾਗੇ ਹੋ ਕੇ ਸੁੰਦਰ ਘਾਟ ਨਾਮੇ ਇੱਕ ਥਾਂ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।
9 ਜਾਂ ਕਿੰਨਾ ਚਿਰ ਬੀਤ ਗਿਆ ਅਤੇ ਸਮੁੰਦਰ ਦਾ ਸਫ਼ਰ ਡਰਾਉਣਾ ਹੋ ਗਿਆ ਸੀ ਇਸ ਲਈ ਜੋ ਵਰਤ ਦੇ ਦਿਨ ਲੰਘ ਚੁੱਕੇ ਸਨ ਤਾਂ ਪੌਲੁਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਸਮਝਾਇਆ।
10 ਕਿ ਹੇ ਪੁਰਖੋ, ਮੈਨੂੰ ਦਿੱਸਦਾ ਹੈ ਜੋ ਇਸ ਸਫ਼ਰ ਵਿੱਚ ਬੁਰਾ ਹਾਲ ਅਤੇ ਬਹੁਤ ਘਾਟਾ ਹੋਣ ਵਾਲਾ ਹੈ ਨਿਰਾ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੇ ਪ੍ਰਾਣਾਂ ਦਾ ਵੀ।
11 ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨਾਲੋਂ ਮਲਾਹਾਂ ਦੇ ਸਿਰਕਰਦੇ ਅਤੇ ਜਹਾਜ਼ ਦੇ ਮਾਲਕ ਦੀਆਂ ਗੱਲਾਂ ਨੂੰ ਵੱਧ ਮੰਨਿਆ।
12 ਅਰ ਇਸ ਲਈ ਕਿ ਉਹ ਘਾਟ ਸਿਆਲ ਕੱਟਣ ਲਈ ਚੰਗਾ ਨਾ ਸੀ ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਐੱਥੋਂ ਚੱਲੇ ਚੱਲੀਏ ਭਈ ਜੇ ਕਿਵੇਂ ਹੋ ਸੱਕੇ ਤਾਂ ਫ਼ੈਨੀਕੁਸ ਤੋੜੀ ਪਹੁੰਚ ਕੇ ਸਿਆਲ ਕੱਟੀਏ ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਰ ਦੱਖਣ ਪੂਰਬ ਦੇ ਖੂੰਜੇ ਦੀ ਵੱਲ ਹੈ।
13 ਅਤੇ ਜਾਂ ਦੱਖਣ ਦੀ ਪੌਣ ਹੌਲੇ ਹੌਲੇ ਵੱਗਣ ਲੱਗੀ ਤਾਂ ਉਨ੍ਹਾਂ ਇਹ ਸਮਝ ਕੇ ਭਈ ਅਸੀਂ ਮੁਰਾਦ ਨੂੰ ਪਹੁੰਚੇ ਲੰਗਰ ਚੁੱਕ ਲਿਆ ਅਤੇ ਕਰੇਤ ਦੇ ਲਾਗੇ ਲਾਗੇ ਹੋ ਤੁਰੇ।
14 ਪਰ ਥੋੜੇ ਚਿਰ ਪਿੱਛੋਂ ਉਸ ਪਾਸਿਓਂ ਇੱਕ ਵੱਡਾ ਤੁਫ਼ਾਨ ਝੁੱਲ ਪਿਆ ਜਿਹ ਨੂੰ ਯੂਰਕੂਲੋਨ ਕਹਿੰਦੇ ਹਨ।
15 ਜਾਂ ਜਹਾਜ਼ ਪੌਣ ਦੇ ਢਹਿ ਚੜ੍ਹ ਗਿਆ ਅਤੇ ਉਹ ਦੇ ਸਾਹਮਣੇ ਠਹਿਰ ਨਾ ਸੱਕਿਆ ਤਾਂ ਸਾਡੀ ਕੋਈ ਵਾਹ ਨਾ ਲੱਗੀ ਅਤੇ ਅਸੀਂ ਰੁੜ੍ਹਦੇ ਚੱਲੇ ਗਏ।
16 ਅਰ ਕਲੌਦਾ ਨਾਮੇ ਇੱਕ ਛੋਟੇ ਟਾਪੂ ਦੇ ਹੇਠ ਜਾ ਕੇ ਅਸੀਂ ਮਸਾਂ ਮਸਾਂ ਡੋਂਗੀ ਨੂੰ ਕਾਬੂ ਵਿੱਚ ਲਿਆਏ।
17 ਸੋ ਜਾਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਕੱਸਿਆ ਅਤੇ ਇਸ ਡਰ ਦੇ ਮਾਰੇ ਭਈ ਕਿਤੇ ਬਰੇਤੀ ਵਿੱਚ ਨਾ ਜਾ ਫੱਸੀਏ ਪਾਲ ਊਲ ਲਾਹ ਦਿੱਤੇ ਅਤੇ ਐਵੇਂ ਰੁੜ੍ਹਦੇ ਚੱਲੇ ਗਏ।
18 ਜਾਂ ਅਨ੍ਹੇਰੀ ਦੇ ਕਾਰਨ ਅਸਾਂ ਬਹੁਤ ਹੁਝਕੇ ਖਾਧੇ ਤਾਂ ਦੂਜੇ ਦਿਨ ਉਨ੍ਹਾਂ ਨੇ ਜਹਾਜ਼ ਦਾ ਭਾਰ ਕੱਢ ਕੇ ਸੁੱਟ ਦਿੱਤਾ।
19 ਅਰ ਤੀਜੇ ਦਿਨ ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਅਸਬਾਬ ਵੀ ਉਤਾਰ ਸੁੱਟਿਆ।
20 ਜਾਂ ਬਹੁਤ ਦਿਨਾਂ ਤਾਈਂ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਰ ਵੱਡੀ ਅਨ੍ਹੇਰੀ ਚੱਲਦੀ ਰਹੀ ਤਾਂ ਓੜਕ ਨੂੰ ਸਾਡੇ ਬਚਣ ਦੀ ਸਾਰੀ ਆਸ ਮੂਲੋਂ ਜਾਂਦੀ ਰਹੀ।
21 ਅਤੇ ਬਹੁਤ ਸਾਰੇ ਫਾਕਿਆਂ ਦੇ ਪਿੱਛੋਂ ਪੌਲੁਸ ਉਨ੍ਹਾਂ ਦੇ ਵਿੱਚ ਖਲੋ ਕੇ ਬੋਲਿਆ ਕਿ ਹੇ ਪੁਰਖੋ, ਤੁਹਾਨੂੰ ਚਾਹੀਦਾ ਸੀ ਜੋ ਮੇਰੀ ਗੱਲ ਮੰਨ ਕੇ ਕਰੇਤ ਤੋਂ ਜਹਾਜ਼ ਨਾ ਖੋਲ੍ਹਦੇ ਤਾਂ ਇਹ ਬੁਰਾ ਹਾਲ ਅਤੇ ਘਾਟਾ ਨਾ ਹੁੰਦਾ।
22 ਹੁਣ ਮੈਂ ਤੁਹਾਨੂੰ ਸਮਝਾਉਂਦਾ ਹਾਂ ਭਈ ਤੁਸੀਂ ਹੌਸਲਾ ਰੱਖੋ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਨਿਰਾ ਜਹਾਜ਼ ਦਾ।
23 ਇਸ ਲਈ ਕਿ ਉਹ ਪਰਮੇਸ਼ੁਰ ਜਿਹ ਦਾ ਮੈਂ ਹਾਂ ਅਤੇ ਜਿਸ ਦੀ ਸੇਵਾ ਵੀ ਕਰਦਾ ਹਾਂ ਉਹ ਦਾ ਦੂਤ ਅੱਜ ਰਾਤ ਮੇਰੇ ਕੋਲ ਆਣ ਖਲੋਤਾ।
24 ਅਤੇ ਬੋਲਿਆ ਕਿ ਹੇ ਪੌਲੁਸ, ਨਾ ਡਰ ! ਜਰੂਰ ਹੈ ਜੋ ਤੂੰ ਕੈਸਰ ਦੇ ਅੱਗੇ ਹਾਜ਼ਰ ਹੋਵੇਂ ਅਤੇ ਵੇਖ ਪਰਮੇਸ਼ੁਰ ਨੇ ਸਭਨਾਂ ਨੂੰ ਜੋ ਤੇਰੇ ਨਾਲ ਜਹਾਜ਼ ਵਿੱਚ ਹਨ ਤੈਨੂੰ ਬਖ਼ਸ਼ ਦਿੱਤਾ ਹੈ।
25 ਉਪਰੰਤ ਹੇ ਪੁਰਖੋ, ਹੌਸਲਾ ਰੱਖੋ ਕਿਉਂ ਜੋ ਮੈਂ ਪਰਮੇਸ਼ੁਰ ਦੀ ਪਰਤੀਤ ਕਰਦਾ ਹਾਂ ਭਈ ਜਿਹਾ ਮੈਨੂੰ ਕਿਹਾ ਗਿਆ ਹੈ ਤਿਹਾ ਹੀ ਹੋਵੇਗਾ !
26 ਪਰ ਕਿਸੇ ਟਾਪੂ ਵਿੱਚ ਅਸੀਂ ਜਰੂਰ ਜਾ ਪਵਾਂਗੇ।
27 ਸੋ ਜਾਂ ਚੌਧਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ ਉੱਧਰ ਰੁੜ੍ਹਦੇ ਸਾਂ ਤਾਂ ਅੱਧੀਕੁ ਰਾਤੀਂ ਮਲਾਹਾਂ ਨੇ ਅਟਕਲ ਨਾਲ ਜਾਚਿਆ ਭਈ ਅਸੀਂ ਕਿਸੇ ਦੇਸ ਦੇ ਨੇੜੇ ਆ ਢੁੱਕੇ ਹਾਂ।
28 ਤਾਂ ਪਾਣੀ ਦੀ ਥਾਹ ਲਈ ਜੋ ਅੱਸੀ ਹੱਥ ਨਿੱਕਲਿਆ ਅਤੇ ਕੁਝ ਅੱਗੇ ਵੱਧ ਕੇ ਫੇਰ ਥਾਹ ਲਈ ਤਾਂ ਸੱਠ ਹੱਥ ਨਿੱਕਲਿਆ।
29 ਅਤੇ ਏਸ ਡਰ ਦੇ ਮਾਰੇ ਭਈ ਅਸੀਂ ਕਿਤੇ ਪੱਥਰਾਂ ਵਾਲੇ ਥਾਂ ਨਾ ਜਾ ਪਈਏ ਉਨ੍ਹਾਂ ਨੇ ਜਹਾਜ਼ ਦੇ ਪਿਛਲੇ ਪਾਸߠȓਂ ਚਾਰ ਲੰਗਰ ਸੁੱਟੇ ਅਤੇ ਸਵੇਰ ਦੀ ਉਡੀਕ ਕਰਦੇ ਰਹੇ।
30 ਜਦ ਮਲਾਹਾਂ ਨੇ ਜਹਾਜ਼ ਉੱਤੋਂ ਭਜਣਾ ਚਾਹਿਆ ਅਤੇ ਅਗਲੇ ਪਾਸਿਓਂ ਲੰਗਰ ਪਾਉਣ ਦੇ ਬਹਾਨੇ ਨਾਲ ਡੌਂਗੀ ਨੂੰ ਸਮੁੰਦਰ ਵਿੱਚ ਉਤਾਰਿਆ।
31 ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ ਕਿ ਜੇ ਏਹ ਜਹਾਜ਼ ਉੱਤੇ ਨਾ ਰਹਿਣ ਤਾਂ ਤੁਸੀਂ ਨਹੀਂ ਬਚ ਸੱਕਦੇ।
32 ਤਦੋਂ ਸਿਪਾਹੀਆਂ ਨੇ ਡੋਂਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ।
33 ਅਤੇ ਜਾਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਛਕੋ ਅਤੇ ਆਖਿਆ ਭਈ ਅੱਜ ਤੁਹਾਨੂੰ ਆਸਰਾ ਤੱਕਦਿਆਂ ਚੌਦਾਂ ਦਿਨ ਹੋਏ ਜੋ ਫ਼ਾਕਾ ਕੀਤਾ ਅਤੇ ਕੁਝ ਨਹੀਂ ਖਾਧਾ।
34 ਸੋ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਭਈ ਕੁਝ ਭੋਜਨ ਛਕੋ ਕਿਉਂ ਜੋ ਇਹ ਦੇ ਵਿੱਚ ਤੁਹਾਡਾ ਬਚਾਉ ਹੈ ਇਸ ਲਈ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ !
35 ਇਹ ਕਹਿ ਕੇ ਉਹ ਨੇ ਰੋਟੀ ਲਈ ਅਤੇ ਸਭਨਾਂ ਦੇ ਸਾਹਮਣੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਭੰਨ ਕੇ ਖਾਣ ਲੱਗਾ।
36 ਤਾਂ ਉਨ੍ਹਾਂ ਸਭਨਾਂ ਨੂੰ ਹੌਸਲਾ ਹੋਇਆ ਅਤੇ ਉਨ੍ਹਾਂ ਆਪ ਵੀ ਅੰਨ ਪਾਣੀ ਖਾਧਾ।
37 ਅਸੀਂ ਸਰਬੱਤ ਦੋ ਸੌ ਛਿਹੱਤਰ ਪ੍ਰਾਣੀ ਉਸ ਜਹਾਜ਼ ਉੱਤੇ ਸਾਂ।
38 ਅਤੇ ਜਾਂ ਓਹ ਅੰਨ ਪਾਣੀ ਖਾ ਕੇ ਰੱਜ ਗਏ ਤਾਂ ਉਨ੍ਹਾਂ ਕਣਕ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹੌਲਿਆਂ ਕਰ ਲਿਆ।
39 ਜਦ ਦਿਨ ਚੜ੍ਹਿਆ ਤਦ ਉਨ੍ਹਾਂ ਉਸ ਦੇਸ ਨੂੰ ਨਾ ਪਛਾਤਾ ਪਰ ਇੱਕ ਖਾੜੀ ਡਿੱਠੀ ਜਿਹ ਦਾ ਕੰਢਾ ਪੱਧਰਾ ਸੀ ਅਤੇ ਓਹ ਸਲਾਹ ਕਰਨ ਲੱਗੇ ਭਈ ਅਸੀਂ ਜਹਾਜ਼ ਨੂੰ ਧੱਕ ਕੇ ਉਸ ਉੱਤੇ ਚੜ੍ਹਾ ਸੱਕਦੇ ਹਾਂ ਕਿ ਨਹੀਂ।
40 ਅਤੇ ਉਨ੍ਹਾਂ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ ਨਾਲੇ ਪਤਵਾਰਾਂ ਦੇ ਰੱਸੇ ਖੋਲ੍ਹੇ ਅਤੇ ਪੌਣ ਦੇ ਲੋਟ ਉੱਤੇ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲੇ।
41 ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲੇ ਸਨ ਉਨ੍ਹਾਂ ਨੇ ਜਹਾਜ਼ ਨੂੰ ਨਿੱਕੇ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਅੜਿਆ ਹੀ ਰਿਹਾ ਪਰ ਪਿਛਲਾ ਠਾਠਾਂ ਦੇ ਜ਼ੋਰ ਨਾਲ ਟੁੱਟ ਗਿਆ।
42 ਤਦ ਸਿਪਾਹੀਆਂ ਦੀ ਇਹ ਸਲਾਹ ਹੋਈ ਜੋ ਕੈਦੀਆਂ ਨੂੰ ਮਾਰ ਸੁੱਟੀਏ ਭਈ ਕਿਤੇ ਐਉਂ ਨਾ ਹੋਵੇ ਕਿ ਕੋਈ ਤਰ ਕੇ ਨੱਠ ਜਾਵੇ।
43 ਪਰ ਸੂਬੇਦਾਰ ਨੇ ਜੋ ਇਹ ਚਾਹੁੰਦਾ ਸੀ ਕਿ ਪੌਲੁਸ ਨੂੰ ਬਚਾਵੇ ਉਨ੍ਹਾਂ ਨੂੰ ਇਸ ਇਰਾਦੇ ਤੋਂ ਹਟਾ ਦਿੱਤਾ ਅਤੇ ਹੁਕਮ ਕੀਤਾ ਭਈ ਜਿਨ੍ਹਾਂ ਨੂੰ ਤਰਨਾ ਆਉਂਦਾ ਹੋਵੇ ਸੋ ਛਾਲ ਮਾਰ ਕੇ ਪਹਿਲਾਂ ਧਰਤੀ ਤੇ ਜਾ ਨਿੱਕਲਣ।
44 ਅਤੇ ਬਾਕੀ ਦੇ ਕਈ ਫੱਟਾਂ ਉੱਤੇ ਅਰ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ, ਅਰ ਏਸੇ ਤਰਾਂ ਹੋਇਆ ਜੋ ਸੱਭੇ ਧਰਤੀ ਉੱਤੇ ਬਚ ਨਿੱਕਲੇ।
ਕਾਂਡ 28

1 ਜਾਂ ਅਸੀਂ ਬਚ ਨਿੱਕਲੇ ਤਾਂ ਅਸੀਂ ਮਲੂਮ ਕੀਤਾ ਜੋ ਏਸ ਟਾਪੂ ਦਾ ਨਾਉਂ ਮਾਲਟਾ ਹੈ।
2 ਉੱਥੋਂ ਦੇ ਓਪਰੇ ਲੋਕਾਂ ਨੇ ਸਾਡੇ ਨਾਲ ਵੱਡਾ ਭਾਰਾ ਸਲੂਕ ਕੀਤਾ ਕਿ ਉਨ੍ਹਾਂ ਉਸ ਵੇਲੇ ਮੀਂਹ ਦੀ ਝੜੀ ਅਤੇ ਪਾਲੇ ਦੇ ਕਾਰਨ ਅੱਗ ਬਾਲ ਕੇ ਅਸਾਂ ਸਭਨਾਂ ਨੂੰ ਕੋਲ ਬੁਲਾ ਲਿਆ।
3 ਅਤੇ ਜਾਂ ਪੌਲੁਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਉੱਤੇ ਪਾਈਆਂ ਤਾਂ ਇੱਕ ਸੱਪ ਸੇਕ ਨਾਲ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ।
4 ਤਾਂ ਓਹ ਓਪਰੇ ਲੋਕ ਉਸ ਕੀੜੇ ਨੂੰ ਉਹ ਦੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ ਭਈ ਠੀਕ ਇਹ ਮਨੁੱਖ ਖੂਨੀ ਹੈ ਕਿ ਭਾਵੇਂ ਇਹ ਸਮੁੰਦਰੋਂ ਬਚ ਨਿੱਕਲਿਆ ਪਰ ਨਿਆਉਂ ਇਹ ਨੂੰ ਜੀਉਂਦਾ ਨਹੀਂ ਛੱਡਦਾ !
5 ਤਦ ਉਹ ਨੇ ਉਸ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ।
6 ਪਰ ਓਹ ਉਡੀਕਦੇ ਰਹੇ ਕਿ ਉਹ ਹੁਣੇ ਸੁੱਜ ਜਾਵੇ ਯਾ ਅਚਾਣਕ ਮਰ ਕੇ ਡਿੱਗ ਪਵੇ ਪਰ ਜਾਂ ਉਨ੍ਹਾਂ ਬਹੁਤ ਚਿਰ ਤਾਈਂ ਉਡੀਕ ਕਰ ਕੇ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ ਤਾਂ ਉਨ੍ਹਾਂ ਨੂੰ ਹੋਰ ਸੋਚ ਆਈ ਅਤੇ ਕਹਿਣ ਲੱਗੇ ਭਈ ਇਹ ਤਾਂ ਕੋਈ ਦਿਉਤਾ ਹੈ !
7 ਉਸ ਥਾਂ ਦੇ ਨੇੜੇ ਪੁਬਲਿਯੁਸ ਨਾਮੇ ਉਸ ਟਾਪੂ ਦੇ ਸਰਦਾਰ ਦੀ ਮਿਲਖ ਸੀ। ਸੋ ਉਹ ਨੇ ਸਾਨੂੰ ਘਰ ਲੈ ਜਾ ਕੇ ਵੱਡੇ ਪ੍ਰੇਮ ਨਾਲ ਤਿੰਨਾਂ ਦਿਨਾਂ ਤਾਈਂ ਸਾਡਾ ਆਦਰ ਭਾਉ ਕੀਤਾ।
8 ਤਾਂ ਐਉਂ ਹੋਇਆ ਜੋ ਪੁਬਲਿਯੁਸ ਦਾ ਪਿਉ ਤਾਪ ਅਤੇ ਮਰੋੜਾਂ ਨਾਲ ਮਾਂਦਾ ਪਿਆ ਹੋਇਆ ਸੀ ਸੋ ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ।
9 ਏਸ ਗੱਲੇ ਬਾਕੀ ਦੇ ਲੋਕ ਵੀ ਜਿਹੜੇ ਉਸ ਟਾਪੂ ਵਿੱਚ ਰੋਗੀ ਸਨ ਆਏ ਅਤੇ ਚੰਗੇ ਕੀਤੇ ਗਏ।
10 ਤਾਂ ਉਨ੍ਹਾਂ ਨੇ ਸਾਡਾ ਵੱਡਾ ਆਦਰ ਕੀਤਾ ਅਤੇ ਜਾਂ ਅਸੀਂ ਤੁਰਨ ਲੱਗੇ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਸੀ ਜਹਾਜ਼ ਉੱਤੇ ਲੱਦ ਦਿੱਤੀਆਂ।
11 ਤਿੰਨਾਂ ਮਹੀਨਿਆਂ ਦੇ ਪਿੱਛੋਂ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹ ਦਾ ਪਤਾ ਦੇਉਸਕੂਰੀ ਸੀ ਅਤੇ ਉਹ ਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਸੀ।
12 ਅਤੇ ਸੈਰਾਕੂਸ ਵਿੱਚ ਉਤਰ ਕੇ ਤਿੰਨ ਦਿਨ ਰਹੇ।
13 ਫੇਰ ਉੱਥੋਂ ਚੱਕਰ ਖਾ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਪਿੱਛੋਂ ਜਾਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ।
14 ਉੱਥੇ ਸਾਨੂੰ ਭਾਈ ਮਿਲੇ ਜਿਨ੍ਹਾਂ ਸਾਡੀ ਮਿੰਨਤ ਕੀਤੀ ਜੋ ਇੱਕ ਸਾਤਾ ਸਾਡੇ ਕੋਲ ਰਹੋ, ਅਤੇ ਇਸੇ ਤਰਾਂ ਅਸੀਂ ਰੋਮ ਨੂੰ ਆਏ।
15 ਉੱਥੋਂ ਭਾਈ ਸਾਡੀ ਖਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੀਕੁਰ ਸਾਡੇ ਮਿਲਣ ਨੂੰ ਆਏ। ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।
16 ਜਾਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਹ ਦੀ ਰਾਖੀ ਕਰਦਾ ਸੀ ਅੱਡ ਰਹਿਣ ਦੀ ਪਰਵਾਨਗੀ ਹੋਈ।
17 ਤਾਂ ਐਉਂ ਹੋਇਆ ਜੋ ਤਿੰਨਾਂ ਦਿਨਾਂ ਪਿੱਛੋਂ ਉਹ ਨੇ ਯਹੂਦੀਆਂ ਦੇ ਵੱਡੇ ਆਦਮੀਆਂ ਨੂੰ ਇਕੱਠੇ ਬੁਲਾ ਲਿਆ ਅਰ ਜਾਂ ਓਹ ਇਕੱਠੇ ਹੋਏ ਤਾਂ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਭਾਵੇਂ ਮੈਂ ਆਪਣੀ ਕੌਮ ਦੇ ਅਤੇ ਵੱਡਿਆਂ ਦੀਆਂ ਰਸਮਾਂ ਦੇ ਉਲਟ ਕੁਝ ਨਹੀਂ ਕੀਤਾ ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲਮ ਤੋਂ ਰੋਮੀਆਂ ਦੇ ਹੱਥ ਹਵਾਲੇ ਕੀਤਾ ਗਿਆ ਹਾਂ।
18 ਅਤੇ ਉਨ੍ਹਾਂ ਮੇਰੀ ਜਾਚ ਕਰ ਕੇ ਚਾਹਿਆ ਜੋ ਮੈਨੂੰ ਛੱਡ ਦੇਣ ਇਸ ਲਈ ਜੋ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਾ ਸੀ।
19 ਪਰ ਜਾਂ ਯਹੂਦੀ ਇਹ ਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਲਾਚਾਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ, ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉੱਤੇ ਕਿਸੇ ਗੱਲ ਵਿੱਚ ਦੋਸ਼ ਲਾਉਣਾ ਸੀ।
20 ਸੋ ਇਸ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲ ਬਾਤ ਕਰੋ ਕਿਉਂ ਜੋ ਮੈਂ ਇਸਰਾਏਲ ਦੀ ਆਸ ਦੇ ਬਦਲੇ ਐਸ ਸੰਗਲ ਨਾਲ ਜਕੜਿਆ ਹੋਇਆ ਹਾਂ।
21 ਉਨ੍ਹਾਂ ਉਸ ਨੂੰ ਆਖਿਆ ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਵਿਖੇ ਕੋਈ ਚਿੱਠੀ ਆਈ, ਨਾ ਭਾਈਆਂ ਵਿੱਚੋਂ ਕਿਨੇ ਆਣ ਕੇ ਤੇਰੀ ਖਬਰ ਦਿੱਤੀ ਨਾ ਤੇਰੀ ਕੁਝ ਬਦੀ ਸੁਣਾਈ।
22 ਪਰ ਅਸੀਂ ਇਹੋ ਚੰਗਾ ਜਾਣਦੇ ਹਾਂ ਭਈ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ ਕਿਉਂ ਜੋ ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।
23 ਜਦ ਉਨ੍ਹਾਂ ਨੇ ਉਹ ਦੇ ਲਈ ਇੱਕ ਦਿਨ ਠਹਿਰਾਇਆ ਤਦ ਬਹੁਤ ਸਾਰੇ ਉਹ ਦੇ ਡੇਰੇ ਉੱਤੇ ਉਸ ਕੋਲ ਆਏ ਅਤੇ ਉਹ ਪਰਮੇਸ਼ੁਰ ਦੇ ਰਾਜ ਉੱਤੇ ਸਾਖੀ ਦੇ ਕੇ ਅਤੇ ਮੂਸਾ ਦੀ ਸ਼ਰਾ ਅਤੇ ਨਬੀਆਂ ਵਿੱਚੋਂ ਯਿਸੂ ਦੇ ਹੱਕ ਵਿੱਚ ਪਰਮਾਣ ਲਿਆ ਕੇ ਸਵੇਰ ਤੋਂ ਲੈ ਕੇ ਸੰਝ ਤਾਈਂ ਉਨ੍ਹਾਂ ਨੂੰ ਉਪਦੇਸ਼ ਕਰਦਾ ਰਿਹਾ।
24 ਤਾਂ ਕਈਆਂ ਨੇ ਓਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਪਰਤੀਤ ਨਾ ਕੀਤੀ।
25 ਜਾਂ ਓਹ ਆਪਸ ਵਿੱਚ ਇੱਕ ਜ਼ਬਾਨ ਨਾ ਹੋਏ ਤਾਂ ਪੌਲੁਸ ਦੇ ਇਹ ਇੱਕ ਗੱਲ ਕਹਿੰਦੇ ਹੀ ਓਹ ਚੱਲੇ ਗਏ ਕਿ ਪਵਿੱਤ੍ਰ ਆਤਮਾ ਨੇ ਤੁਹਾਡੇ ਵੱਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ,-
26 ਇਸ ਪਰਜਾ ਦੇ ਕੋਲ ਜਾਹ ਅਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁਝੋਗੇ ਨਾ,
27 ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਓਹ ਕੰਨਾਂ ਨਾਲ ਉੱਚਾ ਸੁਣਦੇ ਹਨ, ਏਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਓਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂ।
28 ਸੋ ਏਹ ਜਾਣੋ ਭਈ ਪਰਮੇਸ਼ੁਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਦੇ ਕੋਲ ਘੱਲੀ ਗਈ ਹੈ ਅਤੇ ਓਹ ਸੁਣ ਵੀ ਲੈਣਗੀਆਂ।
30 ਤਾਂ ਉਹ ਪੂਰੇ ਦੋ ਵਰਹੇ ਆਪਣੇ ਭਾੜੇ ਦੇ ਘਰ ਵਿੱਚ ਰਿਹਾ ਅਤੇ ਉਨ੍ਹਾਂ ਸਭਨਾਂ ਦਾ ਜੋ ਉਹ ਦੇ ਕੋਲ ਆਉਂਦੇ ਸਨ ਆਦਰ ਭਾਉ ਕਰਦਾ।
31 ਅਰ ਬਿਨਾ ਰੋਕ ਟੋਕ ਅੱਤ ਦਿਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ।