ਫ਼ਿਲਿੱਪੀਆਂ

1 2 3 4


ਕਾਂਡ 1

1 ਲਿਖਤੁਮ ਪੌਲੁਸ ਅਰ ਤਿਮੋਥਿਉਸ ਮਸੀਹ ਯਿਸੂ ਦੇ ਦਾਸ, ਅੱਗੇ ਜੋਗ ਫ਼ਿਲਿੱਪੈ ਵਿੱਚ ਦੇ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸਿਯਾ ਦਿਆਂ ਨਿਗਾਹਬਾਨਾਂ ਅਤੇ ਸੇਵਕਾਂ ਸਣੇ,
2 ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
3 ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ
4 ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਸਾਂ ਸਭਨਾਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ।
5 ਇਸ ਲਈ ਜੋ ਤੁਸੀਂ ਪਹਿਲੇ ਦਿਨੋਂ ਹੁਣ ਤੀਕੁਰ ਖੁਸ਼ ਖਬਰੀ ਦੇ ਫੈਲਾਉਣ ਵਿੱਚ ਸਾਂਝੀ ਰਹੇ
6 ਅਤੇ ਇਸ ਗੱਲ ਦੀ ਮੈਨੂੰ ਪਰਤੀਤ ਹੈ ਭਈ ਜਿਹ ਨੇ ਤੁਹਾਡੇ ਵਿੱਚ ਸ਼ੁਭ ਕੰਮ ਦਾ ਮੁੱਢ ਧਰਿਆ ਸੋ ਯਿਸੂ ਮਸੀਹ ਦੇ ਦਿਨ ਤੋੜੀ ਉਹ ਨੂੰ ਪੂਰਿਆਂ ਕਰੇਗਾ।
7 ਇਉਂ ਤੁਸਾਂ ਸਭਨਾਂ ਦੇ ਲਈ ਮੈਨੂੰ ਇਹੋ ਮੰਨਣਾ ਉਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸੱਭੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ।
8 ਪਰਮੇਸ਼ੁਰ ਤਾਂ ਮੇਰਾ ਗਵਾਹ ਹੈ ਜੋ ਮੈਂ ਮਸੀਹ ਯਿਸੂ ਜਿਹਾ ਹਿਤ ਕਰਕੇ ਤੁਸਾਂ ਸਭਨਾਂ ਨੂੰ ਕਿੰਨਾ ਹੀ ਲੋਚਦਾ ਹਾਂ
9 ਅਤੇ ਮੈਂ ਇਹ ਪਾ੍ਰਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪ੍ਰਕਾਰ ਦੇ ਬਿਬੇਕ ਨਾਲ ਹੋਰ ਤੋਂ ਵਧਦਾ ਚੱਲਿਆ ਜਾਵੇ।
10 ਭਈ ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ
11 ਅਤੇ ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।
12 ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਭਈ ਮੇਰੇ ਉੱਤੇ ਜੋ ਬੀਤਿਆ ਸੋ ਇੰਜੀਲ ਦੇ ਫੈਲਰ ਜਾਣ ਦਾ ਹੀ ਕਾਰਨ ਹੋਇਆ।
13 ਐਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਮਿੱਤ ਹਨ
14 ਅਰ ਬਹੁਤੇ ਜੋ ਪ੍ਰਭੁ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਨਿਧੜਕ ਬਚਨ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।
15 ਕਈ ਤਾਂ ਖਾਰ ਅਤੇ ਝਗੜੇ ਨਾਲ ਅਰ ਕਈ ਭਲੀ ਮਨਸ਼ਾ ਨਾਲ ਭੀ ਮਸੀਹ ਦਾ ਪਰਚਾਰ ਕਰਦੇ ਹਨ।
16 ਏਹ ਤਾਂ ਪ੍ਰੇਮ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਇੰਜੀਲ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ
17 ਪਰ ਓਹ ਨਿਸ਼ਕਪਟਤਾ ਨਾਲ ਤਾਂ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰਿਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ।
18 ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਗੱਲੋਂ ਅਨੰਦ ਹਾਂ ਅਤੇ ਰਹਾਂਗਾ ਭੀ।
19 ਕਿਉਂ ਜੋ ਮੈਂ ਜਾਣਦਾ ਹਾਂ ਭਈ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਏਹ ਮੇਰੀ ਮੁਕਤੀ ਦੇ ਲਈ ਨਿੱਕਲੇਗਾ।
20 ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਲੱਜਿਆਵਾਨ ਨਹੀਂ ਹੋਵਾਂਗਾ ਸਗੋਂ ਪੂਰੀ ਦਿਲੇਰੀ ਨਾਲ ਜਿਵੇਂ ਸਦਾ ਤਿਵੇਂ ਹੁਣ ਭੀ ਮੇਰੀ ਦੇਹੀ ਵਿੱਚ ਭਾਵੇਂ ਜੀਉਣ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ।
21 ਕਿਉਂਕਿ ਜੀਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ।
22 ਪਰ ਜੇ ਸਰੀਰ ਵਿੱਚ ਜੀਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਹ ਨੂੰ ਚੁਣਾਂ,
23 ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆਂ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਇਸ ਲਈ ਜੋ ਇਹ ਬਹੁਤ ਹੀ ਉੱਤਮ ਹੈ,
24 ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਨੱਮਿਤ ਵਧੀਕ ਲੋੜੀਂਦਾ ਹੈ
25 ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜੀਉਂਦਾ ਰਹਾਂਗਾ ਅਤੇ ਤੁਸਾਂ ਸਭਨਾਂ ਦੇ ਨਾਲ ਠਹਿਰਾਂਗਾ ਭਈ ਨਿਹਚਾ ਵਿੱਚ ਤੁਹਾਡੀ ਉੱਨਤੀ ਅਤੇ ਅਨੰਦ ਹੋਵੇ।
26 ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵਧ ਜਾਵੇ।
27 ਨਿਰੀ ਤੁਸੀਂ ਮਸੀਹ ਦੀ ਖੁਸ਼ ਖਬਰੀ ਦੇ ਜੋਗ ਚਾਲ ਚੱਲੋ ਇਸ ਲਈ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਮਿਲਾਂ ਭਾਵੇਂ ਤੁਹਾਥੋਂ ਪਰੋਖੇ ਹੋਵਾਂ ਪਰ ਤੁਹਾਡੀ ਇਹ ਵਿਥਿਆ ਸੁਣਾਂ ਭਈ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ
28 ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ ਜਿਹੜਾ ਓਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ।
29 ਕਿਉਂ ਜੋ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ ਭਈ ਤੁਸੀਂ ਨਾ ਕੇਵਲ ਉਸ ਉੱਤੇ ਨਿਹਚਾ ਹੀ ਕਰੋ ਸਗੋਂ ਉਹ ਦੇ ਲਈ ਦੁਖ ਵੀ ਝੱਲੋ
30 ਅਤੇ ਤੁਸੀਂ ਉਹੋ ਜਿਹਾ ਜਤਨ ਕਰੋ ਜੋ ਤੁਸਾਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।
ਕਾਂਡ 2

1 1 ਸੋ ਜੇ ਮਸੀਹ ਵਿੱਚ ਕੁਝ ਦਿਲਾਸਾ, ਜੇ ਪ੍ਰੇਮ ਦੀ ਕੁਝ ਤਸੱਲੀ, ਜੇ ਆਤਮਾ ਦੀ ਕੁਝ ਸਾਂਝ, ਜੇ ਕੁਝ ਦਿਆਲਗੀ ਅਤੇ ਦਰਦਮੰਦੀ ਹੈ
2 ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਭਈ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪ੍ਰੇਮ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ।
3 ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।
4 ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।
5 ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ
6 ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।
7 ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ
8 ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈ ਸਗੋਂ ਸਲੀਬ ਦੀ ਮੌਤ ਤਾਈ ਆਗਿਆਕਾਰ ਬਣਿਆ।
9 ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ।
10 ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ
11 ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!
12 ਇਸ ਲਈ, ਹੇ ਮਰੇ ਪਿਆਰਿਓ, ਜਿਵੇਂ ਤੁਸਾਂ ਸਦਾ ਆਗਿਆਕਾਰੀ ਕੀਤੀ ਨਿਰੇ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਪਰੋਖੇ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਹੋ।
13 ਕਿਉਂ ਜੋ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ।
14 ਤੁਸੀਂ ਸੱਭੇ ਕੰਮ ਬੁੜ ਬੁੜ ਅਤੇ ਝਗੜੇ ਕਰਨ ਤੋਂ ਬਿਨਾ ਕਰੋ।
15 ਭਈ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹੋ ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਙੁ ਦਿੱਸਦੇ ਹੋ
16 ਅਤੇ ਜੀਵਨ ਦਾ ਬਚਨ ਪੇਸ਼ ਕਰਦੇ ਹੋ ਤਾਂ ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਭਈ ਮੇਰੀ ਦੌੜ ਅਤੇ ਮੇਰੀ ਮਿਹਨਤ ਅਕਾਰਥ ਨਹੀਂ ਗਈ।
17 ਪਰ ਭਾਵੇਂ ਮੈਂ ਤੁਹਾਡੀ ਨਿਹਚਾ ਦੇ ਬਲੀਦਾਨ ਅਤੇ ਸੇਵਕਾਈ ਉੱਤੇ ਵਹਾਇਆ ਜਾਂਦਾ ਹਾਂ ਤਾਂ ਵੀ ਮੈਂ ਅਨੰਦ ਕਰਦਾ ਹਾਂ ਅਤੇ ਤੁਹਾਨੂੰ ਸਭਨਾਂ ਨੂੰ ਵਧਾਈਆਂ ਦਿੰਦਾ ਹਾਂ।
18 ਇਸੇ ਤਰ੍ਹਾਂ ਤੁਸੀਂ ਭੀ ਅਨੰਦ ਕਰੋ ਅਤੇ ਮੈਨੂੰ ਵਧਾਈਆਂ ਦਿਓ।
19 ਪਰ ਮੈਨੂੰ ਪ੍ਰਭੁ ਯਿਸੂ ਉੱਤੇ ਇਹ ਆਸ ਹੈ ਜੋ ਤਿਮੋਥਿਉਸ ਨੂੰ ਛੇਤੀ ਤੁਹਾਡੇ ਕੋਲ ਘੱਲ ਦਿਆਂ ਭਈ ਤੁਹਾਡੀਆਂ ਬੀਤੀਆਂ ਸੁਣਨ ਤੋਂ ਮੇਰਾ ਮਨ ਵੀ ਸੀਤਲ ਹੋਵੇ।
20 ਕਿਉਂਕਿ ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।
21 ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ।
22 ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤ੍ਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ।
23 ਸੋ ਮੈਨੂੰ ਆਸ ਹੈ ਜਿਸ ਵੇਲੇ ਵੇਖ ਲਵਾਂ ਜੋ ਮੇਰਾ ਕੀ ਹਾਲ ਹੋਵੇਗਾ ਤਾਂ ਝੱਟ ਉਹ ਨੂੰ ਘੱਲ ਦਿਆਂ।
24 ਪਰ ਮੈਨੂੰ ਪ੍ਰਭੁ ਉੱਤੇ ਪਰਤੀਤ ਹੈ ਜੋ ਆਪ ਵੀ ਛੇਤੀ ਆਵਾਂਗਾ।
25 ਪਰ ਇਪਾਫ਼ਰੋਦੀਤੁਸ ਜੋ ਮੇਰਾ ਭਰਾ ਅਤੇ ਮੇਰੇ ਨਾਲ ਦਾ ਕੰਮ ਕਰਨ ਵਾਲਾ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੀ ਥੁੜ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਘੱਲਣਾ ਜਰੂਰੀ ਜਾਣਿਆ।
26 ਇਸ ਲਈ ਜੋ ਉਹ ਤੁਸਾਂ ਸਭਨਾਂ ਨੂੰ ਬਹੁਤ ਲੋਚਦਾ ਸੀ ਅਤੇ ਤੁਸਾਂ ਜੋ ਸੁਣਿਆ ਸੀ ਭਈ ਉਹ ਮਾਂਦਾ ਪਿਆ ਹੈ ਇਸ ਕਰਕੇ ਉਹ ਉਦਾਸ ਰਹਿੰਦਾ ਸੀ
27 ਅਤੇ ਉਹ ਤਾਂ ਸੱਚੀਂ ਮੁੱਚੀਂ ਮਾਂਦਾ ਸੀ ਸਗੋਂ ਮਰਨਊ ਹੋ ਗਿਆ ਸੀ ਪਰੰਤੂ ਪਰਮੇਸ਼ੁਰ ਨੇ ਉਸ ਉੱਤੇ ਦਯਾ ਕੀਤੀ ਅਤੇ ਨਿਰੇ ਉਸੇ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸ਼ੋਕ ਤੋਂ ਸ਼ੋਕ ਪਵੇ।
28 ਇਸ ਲਈ ਮੈ ਹੋਰ ਵੀ ਜਤਨ ਕਰ ਕੇ ਉਹ ਨੂੰ ਘੱਲਿਆ ਭਈ ਤੁਸੀਂ ਉਹ ਨੂੰ ਫੇਰ ਵੇਖ ਕੇ ਅਨੰਦ ਹੋਵੋ ਅਤੇ ਮੇਰਾ ਵੀ ਸ਼ੋਕ ਘੱਟ ਜਾਵੇ।
29 ਸੋ ਤੁਸੀਂ ਉਹ ਨੂੰ ਪ੍ਰਭੁ ਵਿੱਚ ਪੂਰੇ ਅਨੰਦ ਨਾਲ ਕਬੂਲ ਕਰੋ ਅਤੇ ਏਹੋ ਜੇਹਿਆਂ ਦਾ ਆਦਰ ਕਰੋ।
30 ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂੰਹ ਵਿੱਚ ਆਇਆ ਕਿਉਂ ਜੋ ਮੇਰੀ ਟਹਿਲ ਕਰਨ ਵਿੱਚ ਜੇ ਤੁਹਾਡੀ ਵੱਲੋਂ ਥੁੜ ਸੀ ਉਹ ਨੂੰ ਪੂਰਿਆਂ ਕਰਨ ਲਈ ਓਨ ਆਪਣੀ ਜਾਨ ਤਲੀ ਉੱਤੇ ਧਰੀ।
ਕਾਂਡ 3

1 ਮੁਕਦੀ ਗੱਲ, ਹੇ ਮੇਰੇ ਭਰਾਵੋ, ਪ੍ਰਭੁ ਵਿੱਚ ਅਨੰਦ ਰਹੋ। ਓਹੋ ਗੱਲਾਂ ਤੁਹਾਨੂੰ ਮੁੜ ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ।
2 ਕੁੱਤਿਆਂ ਤੋਂ ਸੁਚੇਤ ਰਹੋ। ਕੁਕਰਮੀਆਂ ਤੋਂ ਸੁਚੇਤ ਰਹੋ। ਲਿੰਗ ਕੱਟਣ ਵਾਲਿਆਂ ਤੋਂ ਸੁਚੇਤ ਰਹੋ!
3 ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ।
4 ਭਾਵੇਂ ਮੈਂ ਸਰੀਰ ਦਾ ਭੀ ਆਸਰਾ ਰੱਖ ਸੱਕਦਾ। ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਕਰ ਸੱਕਦਾ ਹੈ ਤਾਂ ਮੈਂ ਵਧੇਰੇ ਕਰ ਸੱਕਦਾ ਹਾਂ।
5 ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਸ਼ਰਾ ਦੀ ਪੁੱਛੋ ਤਾਂ ਫ਼ਰੀਸੀ।
6 ਅਣਖ ਦੀ ਪੁੱਛੋਂ ਤਾਂ ਕਲੀਸਿਯਾ ਦਾ ਸਤਾਉਣ ਵਾਲਾ। ਸ਼ਰਾ ਵਾਲੇ ਧਰਮ ਦੀ ਪੁੱਛੋਂ ਤਾਂ ਨਿਰਦੋਸ਼।
7 ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ।
8 ਸਗੋਂ ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ
9 ਅਤੇ ਮੈਂ ਉਸ ਵਿੱਚ ਪਾਇਆ ਜਾਵਾਂ ਅਤੇ ਮੇਰੇ ਆਪਣੇ ਧਰਮ ਸਹਿਤ ਨਹੀਂ ਜਿਹੜਾ ਸ਼ਰਾ ਤੋਂ ਹੁੰਦਾ ਹੈ ਸਗੋਂ ਉਸ ਧਰਮ ਸਹਿਤ ਜਿਹੜਾ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ ਅਰਥਾਤ ਉਸ ਧਰਮ ਸਹਿਤ ਜਿਹੜਾ ਪਰਮੇਸ਼ੁਰ ਦੀ ਵੱਲੋਂ ਨਿਹਚਾ ਦੇ ਰਾਹੀਂ ਪਰਾਪਤ ਹੁੰਦਾ ਹੈ।
10 ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹ ਦਿਆਂ ਦੁਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ।
11 ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅੱਪੜ ਪਵਾਂ।
12 ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ ਅਥਵਾ ਮੈਂ ਅਜੇ ਸਿੱਧ ਹੋ ਗਿਆ ਪਰ ਮੈਂ ਪਿੱਛੇ ਲੱਗਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਭੀ ਹੱਥ ਪਾਇਆ ਸੀ।
13 ਹੇ ਭਰਾਵੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧ ਕੇ
14 ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।
15 ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖਿਆਲ ਰੱਖੀਏ ਅਰ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰਾਂ ਦਾ ਖਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ ਭੀ ਪਰਗਟ ਕਰ ਦੇਵੇਗਾ।
16 ਪਰ ਜਿੱਥੋਂ ਤੋੜੀ ਅਸੀਂ ਅੱਪੜੇ ਹਾਂ ਉਸੇ ਦੇ ਅਨੁਸਾਰ ਚੱਲੀਏ।
17 ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਤੁਹਾਡੇ ਲਈ ਨਮੂਨੇ ਹਾਂ।
18 ਕਿਉਂਕਿ ਬਾਹਲੇ ਅਜਿਹੇ ਚੱਲਣ ਵਾਲੇ ਹਨ ਜਿਨ੍ਹਾਂ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਭੀ ਰੁਦਨ ਕਰ ਕੇ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ।
19 ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਨ੍ਹਾਂ ਦਾ ਈਸ਼ੁਰ ਢਿੱਡ ਹੈ, ਜਿਨ੍ਹਾਂ ਦਾ ਘੁਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ।
20 ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੁ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ,
21 ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈ ਬਣਾਵੇਗਾ।
ਕਾਂਡ 4

1 ਸੋ ਹੇ ਮੇਰੇ ਪਿਆਰੇ ਭਰਾਵੋ, ਜਿਨ੍ਹਾਂ ਨੂੰ ਮੈਂ ਬਹੁਤ ਲੋਚਦਾ ਹਾਂ ਜੋ ਮੇਰਾ ਅਨੰਦ ਅਤੇ ਮੁਕਟ ਹੋ, ਤੁਸੀਂ ਏਸੇ ਤਰਾਂ, ਹੇ ਪਿਆਰਿਓ, ਪ੍ਰਭੁ ਵਿੱਚ ਦ੍ਰਿੜ੍ਹ ਰਹੋ।
2 ਮੈਂ ਯੂਓਦੀਆ ਦੇ ਅੱਗੇ ਬੇਨਤੀ ਕਰਦਾ ਅਤੇ ਸੁੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਭਈ ਓਹ ਪ੍ਰਭੁ ਵਿੱਚ ਇੱਕ ਮਨ ਹੋਣ।
3 ਹਾਂ, ਤੇਰੇ ਅੱਗੇ ਵੀ, ਹੇ ਸੱਚੇ ਸਾਥੀ, ਮੈਂ ਅਰਦਾਸ ਕਰਦਾ ਹਾਂ ਜੋ ਤੂੰ ਏਹਨਾਂ ਤੀਵੀਆਂ ਦੀ ਸਹਾਇਤਾ ਕਰ ਜਿਨ੍ਹਾਂ ਨੇ ਕਲੈਮੰਸ ਅਤੇ ਹੋਰਨਾਂ ਮੇਰੇ ਨਾਲ ਦੇ ਕੰਮ ਕਰਨ ਵਾਲਿਆਂ ਸਣੇ ਜਿਨ੍ਹਾਂ ਦੇ ਨਾਉਂ ਜੀਵਨ ਦੇ ਪੁਸਤਕ ਵਿੱਚ ਲਿਖੇ ਹੋਏ ਹਨ ਖੁਸ਼ ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਜਤਨ ਕੀਤਾ ਸੀ।
4 ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ।
5 ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ। ਪ੍ਰਭੁ ਨੇੜੇ ਹੈ।
6 ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ
7 ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।
8 ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।
9 ਜੋ ਕੁਝ ਤੁਸਾਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਓਹੀਓ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ।
10 ਪਰ ਮੈਂ ਪ੍ਰਭੁ ਵਿੱਚ ਇਸ ਗੱਲ ਤੋਂ ਬਹੁਤ ਅਨੰਦ ਹਾਂ ਜੋ ਹੁਣ ਐਨੇ ਚਿਰ ਪਿੱਛੋਂ ਤੁਸਾਂ ਮੁੜ ਮੇਰੀ ਚਿੰਤਾ ਕੀਤੀ। ਤ ੁਸਾਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਵੇਲਾ ਹੱਥ ਨਾ ਲੱਗਾ।
11 ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ।
12 ਮੈਂ ਘਟਣਾ ਜਾਣਦਾ ਹਾਂ, ਨਾਲੇ ਵਧਣਾ ਭੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ, ਕੀ ਥੁੜਣਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।
13 ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।
14 ਤਾਂ ਵੀ ਤੁਸਾਂ ਭਲਾ ਕੀਤਾ ਜੋ ਏਸ ਬਿਪਤਾ ਵਿੱਚ ਮੇਰੇ ਸਾਂਝੀ ਹੋਏ।
15 ਹੇ ਫ਼ਿਲਿੱਪੀਓ, ਤੁਸੀਂ ਆਪ ਵੀ ਜਾਣਦੇ ਹੋ ਭਈ ਜਾਂ ਮੈਂ ਖੁਸ਼ ਖਬਰੀ ਪਹਿਲਾਂ ਸੁਣਾਉਣ ਲੱਗਾ ਜਦ ਮੈਂ ਮਕਦੂਨਿਯਾ ਤੋਂ ਨਿੱਕਲ ਆਇਆ ਤਾਂ ਕਿਸੇ ਕਲੀਸਿਯਾ ਨੇ ਲੈਣ ਦੇਣ ਦੀ ਗੱਲ ਵਿੱਚ ਮੇਰਾ ਸਾਥ ਨਾ ਦਿੱਤਾ ਪਰ ਕੇਵਲ ਤੁਸਾਂ।
16 ਕਿਉਂ ਜੋ ਥਸੱਲੁਨੀਕੇ ਵਿੱਚ ਭੀ ਤੁਸਾਂ ਮੇਰੀ ਲੋੜ ਪੂਰੀ ਕਰਨ ਲਈ ਇਕੇਰਾਂ ਨਹੀਂ ਸਗੋਂ ਕਈ ਵੇਰਾਂ ਕੁਝ ਘੱਲ ਦਿੱਤਾ।
17 ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਧਦਾ ਜਾਂਦਾ ਹੈ
18 ਅਤੇ ਮੈਨੂੰ ਕੁਝ ਮਿਲ ਗਿਆ ਹੈ, ਸਗੋਂ ਵਾਧੂ ਹੈ। ਮੈਂ ਭਰਪੂਰ ਹਾਂ ਕਿਉਂ ਜੋ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ ਜੋ ਧੂਪ ਦੀ ਸੁਗੰਧ ਅਤੇ ਇਹੋ ਜਿਹਾ ਪਰਵਾਨ ਬਲੀਦਾਨ ਹੈ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ
19 ਅਤੇ ਮੇਰਾ ਪਰਮੇਸ਼ਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ।
20 ਹੁਣ ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਜੁੱਗੋ ਜੁਗ ਵਡਿਆਈ ਹੋਵੇ। ਆਮੀਨ।
21 ਮਸੀਹ ਯਿਸੂ ਵਿੱਚ ਹਰੇਕ ਸੰਤ ਨੂੰ ਸੁਖ ਸਾਂਦ ਆਖਣਾ। ਮੇਰੇ ਨਾਲ ਜਿਹੜੇ ਭਾਈ ਹਨ ਤੁਹਾਨੂੰ ਸੁਖ ਸਾਂਦ ਆਖਦੇ ਹਨ।
22 ਸਾਰੇ ਸੰਤ ਪਰ ਖ਼ਾਸ ਕਰਕੇ ਓਹ ਜੋ ਕੈਸਰ ਦੇ ਘਰ ਵਿੱਚੋਂ ਹਨ ਤੁਹਾਨੂੰ ਸੁਖ ਸਾਂਦ ਆਖਦੇ ਹਨ।
23 ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੁੰਦੀ ਰਹੇ।