੧ ਥੱਸਲੁਨੀਕੀਆਂ

1 2 3 4 5


ਕਾਂਡ 1

1 ਲਿਖਤੁਮ ਪੌਲੁਸ ਅਤੇ ਸਿਲਵਾਨੁਸ ਅਤੇ ਤਿਮੋਥਿਉਸ, ਅੱਗੇ ਜੋਗ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜੋ ਪਿਤਾ ਪਰ ਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਵਿੱਚ ਹੈ। ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
2 ਅਸੀਂ ਆਪਣੀਆਂ ਪ੍ਰਾਰਥਨਾਂ ਵਿੱਚ ਤੁਹਾਡਾ ਜ਼ਿਕਰ ਕਰਦਿਆਂ ਤੁਸਾਂ ਸਭਨਾਂ ਦੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ।
3 ਅਤੇ ਤੁਹਾਡੀ ਨਿਹਚਾ ਦਾ ਕੰਮ ਅਤੇ ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਤੁਹਾਡੀ ਆਸਾ ਦੀ ਧੀਰਜ ਆਪਣੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਨਿੱਤ ਚੇਤੇ ਕਰਦੇ ਹਾਂ।
4 ਹੇ ਭਰਾਵੋ, ਪਰਮੇਸ਼ੁਰ ਦੇ ਪਿਆਰਿਓ, ਅਸੀਂ ਜਾਣਦੇ ਹਾਂ ਭਈ ਤੁਸੀਂ ਚੁਣੇ ਹੋਏ ਹੋ।
5 ਇਸ ਲਈ ਜੋ ਸਾਡੀ ਖੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਜੋ ਤੁਹਾਡੇ ਨਮਿੱਤ ਤੁਸਾਂ ਨਾਲ ਸਾਡਾ ਕਿਹੋ ਜਿਹਾ ਵਰਤਾਰਾ ਸੀ।
6 ਅਤੇ ਤੁਸੀਂ ਉਸ ਬਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ ਸਾਡੀ ਅਤੇ ਪ੍ਰਭੁ ਦੀ ਰੀਸ ਕਰਨ ਲੱਗ ਪਏ ਸਾਓ।
7 ਐਥੋਂ ਤੀਕ ਜੋ ਤੁਸੀਂ ਉਨ੍ਹਾਂ ਸਭਨਾਂ ਨਿਹਚਾਵਾਨਾਂ ਲਈ ਜਿਹੜੇ ਮਕਦੂਨਿਯਾ ਅਤੇ ਅਖਾਯਾ ਵਿੱਚ ਹਨ ਨਮੂਨਾ ਬਣੇ।
8 ਕਿਉਂ ਜੋ ਤੁਹਾਡੇ ਕੋਲੋਂ ਪ੍ਰਭੁ ਦੇ ਬਚਨ ਦੀ ਧੁੰਮ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪਈ ਹੈ ਸਗੋਂ ਤੁਹਾਡੀ ਨਿਹਚਾ ਜੋ ਪਰਮੇਸ਼ੁਰ ਉੱਤੇ ਹੈ ਸਭਨੀਂ ਥਾਈਂ ਉਜਾਗਰ ਹੋ ਗਈ ਜਿਸ ਕਰਕੇ ਸਾਡੇ ਆਖਣ ਦੀ ਕੋਈ ਲੋੜ ਨਹੀਂ।
9 ਓਹ ਤਾਂ ਆਪੇ ਸਾਡੇ ਵਿਖੇ ਦੱਸਦੇ ਹਨ ਜੋ ਤੁਹਾਡੇ ਕੋਲ ਸਾਡਾ ਆਉਣਾ ਕਿਸ ਪਰਕਾਰ ਦਾ ਹੋਇਆ ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਭਈ ਸਤ ਸ੍ਰੀ ਅਕਾਲ ਪਰਮੇਸ਼ੁਰ ਦੀ ਸੇਵਾ ਕਰੋ।
10 ਅਤੇ ਉਹ ਦੇ ਪੁੱਤ੍ਰ ਦੇ ਸੁਰਗੋਂ ਆਉਣ ਦੀ ਉਡੀਕ ਕਰੋ ਜਿਸ ਨੂੰ ਓਨ ਮੁਰਦਿਆਂ ਵਿੱਚੋਂ ਜਿਵਾਲਿਆ ਅਰਥਾਤ ਯਿਸੂ ਦੀ ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾ ਲੈਂਦਾ ਹੈ।
ਕਾਂਡ 2

1 ਹੇ ਭਰਾਵੋ, ਤੁਹਾਡੇ ਕੋਲ ਸਾਡਾ ਆਉਣਾ ਤੁਸੀਂ ਆਪ ਜਾਣਦੇ ਹੋ ਭਈ ਉਹ ਅਕਾਰਥ ਨਹੀਂ ਹੋਇਆ ਹੈ।
2 ਭਾਵੇਂ ਅਸਾਂ ਅੱਗੇ ਫਿਲਿੱਪੈ ਵਿੱਚ ਜਿਹਾ ਤੁਸੀਂ ਜਾਣਦੇ ਹੋ ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।
3 ਸਾਡਾ ਉਪਦੇਸ਼ ਤਾਂ ਧੋਖੇ ਤੋਂ ਨਹੀਂ, ਨਾ ਅਸ਼ੁੱਧਤਾ ਤੋਂ, ਨਾ ਛਲ ਨਾਲ ਹੁੰਦਾ ਹੈ।
4 ਪਰੰਤੂ ਜਿਵੇਂ ਅਸੀਂ ਖਰਮੇਸ਼ੁਰ ਵੱਲੋਂ ਪਰਵਾਨ ਹੋਏ ਹਾਂ ਜੋ ਇੰਜੀਲ ਸਾਨੂੰ ਸੌਂਪੀ ਜਾਵੇ ਤਿਵੇਂ ਅਸੀਂ ਬੋਲਦੇ ਹਾਂ, ਇਉਂ ਨਹੀਂ ਭਈ ਅਸੀਂ ਮਨੁੱਖਾਂ ਨੂੰ ਰਿਝਾਉਂਦੇ ਹਾਂ ਸਗੋਂ ਪਰਮੇਸ਼ੁਰ ਨੂੰ ਜਿਹੜਾ ਸਾਡਿਆਂ ਮਨਾਂ ਨੂੰ ਪਰਤਾਉਂਦਾ ਹੈ।
5 ਕਿਉਂ ਜੋ ਨਾ ਤਾਂ ਅਸੀਂ ਖੁਸ਼ਾਮਦ ਦੀਆਂ ਗੱਲਾਂ ਕਦੇ ਕੀਤੀਆਂ ਜਿਵੇਂ ਤੁਸੀਂ ਜਾਣਦੇ ਹੋ ਅਤੇ ਨਾ ਹੀ ਲੋਭ ਦਾ ਪੜਦਾ ਬਣਾਇਆ- ਪਰਮੇਸ਼ੁਰ ਸਾਖੀ ਹੈ।
6 ਅਤੇ ਨਾ ਅਸੀਂ ਮਨੁੱਖਾਂ ਪਾਸੋਂ ਵਡਿਆਈ ਚਾਹੁੰਦੇ ਸਾਂ, ਨਾ ਤੁਹਾਡੇ ਪਾਸੋਂ, ਨਾ ਹੋਰਨਾਂ ਪਾਸੋਂ, ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਕਰਕੇ ਭਾਰ ਪਾ ਸੱਕਦੇ ਸਾਂ।
7 ਪਰ ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ।
8 ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।
9 ਹੇ ਭਰਾਵੋ, ਸਾਡੀ ਮਿਹਨਤ ਪੋਹਰਿਆ ਤੁਹਾਨੂੰ ਚੇਤੇ ਤਾਂ ਹੋਵੇਗੀ ਭਈ ਅਸਾਂ ਇਸ ਕਰਕੇ ਜੋ ਤੁਹਾਡੇ ਵਿੱਚੋਂ ਕਿਸੇ ਉੱਤੇ ਭਾਰੂ ਨਾ ਹੋਈਏ ਰਾਤ ਦਿਨ ਕੰਮ ਧੰਦਾ ਕਰ ਕੇ ਤੁਹਾਨੂੰ ਪਰਮੇ ਸ਼ੁਰ ਦੀ ਖੁਸ਼ ਖਬਰੀ ਸੁਣਾਈ।
10 ਤੁਸੀਂ ਸਾਖੀ ਹੋ ਨਾਲੇ ਪਰਮੇਸ਼ੁਰ ਵੀ ਜੋ ਕਿਹੀ ਪਵਿੱਤਰਤਾਈ ਅਤੇ ਧਰਮ ਅਤੇ ਨਿਰਦੂਸ਼ਨਾ ਸਹਿਤ ਤੁਸਾਂ ਨਿਹਚਾਵਾਨਾਂ ਨਾਲ ਸਾਡਾ ਵਰਤਾਰਾ ਸੀ।
11 ਸੋ ਤੁਸੀਂ ਜਾਣਦੇ ਹੋ ਭਈ ਜਿਵੇਂ ਪਿਤਾ ਆਪਣੇ ਬਾਲਕਾਂ ਨੂੰ ਤਿਵੇਂ ਅਸੀਂ ਤੁਹਾਡੇ ਵਿੱਚੋਂ ਇੱਕ ਇੱਕ ਨੂੰ ਕਿਵੇ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ।
12 ਜੋ ਤੁਸੀਂ ਪਰਮੇਸ਼ੁਰ ਦੇ ਜੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਤੇਜ ਵਿੱਚ ਸੱਦਦਾ ਹੈ।
13 ਇਸ ਕਾਰਨ ਅਸੀਂ ਵੀ ਨਿੱਤ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਭਈ ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰ ਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਨਿਹਚਾਵਾਨਾਂ ਵਿੱਚ ਕੰਮ ਵੀ ਕਰਦਾ ਹੈ।
14 ਕਿਉਂ ਜੋ ਹੇ ਭਰਾਵੋ, ਤੁਸੀਂ ਪਰਮੇਸ਼ੁਰ ਦੀਆਂ ਓਹਨਾਂ ਕਲੀਸਿਯਾ ਵਰਗੇ ਹੋਏ ਹੋ ਜਿਹੜੀਆਂ ਮਸੀਹ ਯਿਸੂ ਦੀਆਂ ਯਹੂਦਿਯਾ ਵਿੱਚ ਹਨ ਇਸ ਲਈ ਜੋ ਤੁਸਾਂ ਆਪਣੀ ਕੌਮ ਵਾਲਿਆਂ ਦੇ ਹੱਥੋਂ ਓਹੋ ਦੁਖ ਝੱਲੇ ਜਿਹੜੇ ਓਹਨਾਂ ਵੀ ਯਹੂਦੀਆਂ ਦੇ ਹੱਥੋ ਝੱਲੇ ਸਨ।
15 ਨਾਲੇ ਪ੍ਰਭੁ ਯਿਸੂ ਨੂੰ ਨਾਲੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਸਾਨੂੰ ਕੱਢ ਦਿੱਤਾ। ਓਹ ਪਰਮੇਸ਼ੁਰ ਨੂੰ ਨਹੀਂ ਭਾਉਂਦੇ ਅਤੇ ਸਭਨਾਂ ਮਨੁੱਖਾਂ ਦੇ ਵਿਰੋਧੀ ਹਨ।
16 ਓਹ ਸਾਨੂੰ ਪਰਾਈਆਂ ਕੌਮਾਂ ਨਾਲ ਗੱਲ ਕਰਨ ਤੋਂ ਵਰਜਦੇ ਹਨ ਜਿਸ ਤੋਂ ਓਹ ਬਚਾਏ ਜਾਣ ਤਾਂ ਜੋ ਓਹਨਾਂ ਦੇ ਪਾਪਾਂ ਦਾ ਪੈਮਾਨਾ ਸਦਾ ਭਰਿਆ ਰਹੇ ! ਪਰ ਕ੍ਰੋਧ ਓਹਨਾਂ ਦੇ ਉੱਤੇ ਹੱਦ ਤੀਕ ਆਣ ਪਿਆ ਹੈ !
17 ਪਰ ਹੇ ਭਰਾਵੋ, ਅਸੀਂ ਜੋ ਥੋੜਾ ਚਿਰ ਤੁਹਾਥੋਂ ਵਿਛੜੇ ਰਹੇ ਮਨ ਕਰਕੇ ਨਹੀਂ ਪਰ ਦੇਹ ਕਰਕੇ ਤਾਂ ਅਸਾਂ ਵੱਡੀ ਚਾਹ ਨਾਲ ਤੁਹਾਡਾ ਦਰਸ਼ਣ ਕਰਨ ਲਈ ਬਹੁਤ ਹੀ ਜਤਨ ਕੀਤਾ।
18 ਕਿਉਂ ਜੋ ਅਸਾਂ ਅਰਥਾਤ ਮੈਂ ਪੌਲੁਸ ਨੇ ਵਾਰ ਵਾਰ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ ਪਰ ਸ਼ਤਾਨ ਨੇ ਸਾਨੂੰ ਡੱਕ ਲਿਆ।
19 ਸਾਡੀ ਆਸ ਯਾ ਅਨੰਦ ਯਾ ਅਭਮਾਨ ਦਾ ਮੁਕਟ ਕੌਣ ਹੈ ? ਭਲਾ, ਸਾਡੇ ਪ੍ਰਭੁ ਯਿਸੂ ਅੱਗੇ ਉਹ ਦੇ ਆਉਣ ਦੇ ਵੇਲੇ ਤੁਸੀਂ ਨਹੀਂ ਹੋਵੋਗੇ ?
20 ਕਿਉਂ ਜੋ ਤੁਸੀਂ ਸਾਡੇ ਪਰਤਾਪ ਅਤੇ ਅਨੰਦ ਦਾ ਕਾਰਨ ਹੋ।
ਕਾਂਡ 3

1 ਇਸ ਕਾਰਨ ਜਾਂ ਅਸੀਂ ਹੋਰ ਨਾ ਝੱਲ ਸੱਕੇ ਤਾਂ ਅਥੇਨੇ ਵਿੱਚ ਇਕੱਲੇ ਹੀ ਰਹਿ ਜਾਣ ਨੂੰ ਚੰਗਾ ਜਾਣਿਆ।
2 ਅਤੇ ਤਿਮੋਥਿਉਸ ਨੂੰ ਘੱਲਿਆ ਜਿਹੜਾ ਸਾਡਾ ਭਰਾ ਅਤੇ ਮਸੀਹ ਦੀ ਖੁਸ਼ ਖਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ ਹੈ ਭਈ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਨਿਹਚਾ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ।
3 ਤਾਂ ਜੋ ਇਨ੍ਹਾਂ ਬਿਪਤਾਂ ਕਰਕੇ ਕੋਈ ਡੋਲ ਨਾ ਜਾਵੇ ਕਿਉਂ ਜੋ ਤੁਸੀਂ ਆਪ ਜਾਣਦੇ ਹੋ ਭਈ ਅਸੀਂ ਇਸੇ ਲਈ ਥਾਪੇ ਹੋਏ ਹਾਂ।
4 ਸਗੋਂ ਜਾਂ ਅਸੀਂ ਤੁਹਾਡੇ ਕੋਲ ਸਾਂ ਤਾਂ ਤੁਹਾਨੂੰ ਅੱਗੋਂ ਹੀ ਆਖਦੇ ਹੁੰਦੇ ਸਾਂ ਜੋ ਅਸਾਂ ਬਿਪਤਾ ਭੋਗਣੀਆਂ ਹਨ ਅਤੇ ਸੋਈਓ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ।
5 ਇਸ ਕਾਰਨ ਮੈਂ ਵੀ ਜਾਂ ਹੋਰ ਝੱਲ ਨਾ ਸੱਕਿਆ ਤਾਂ ਤੁਹਾਡੀ ਨਿਹਚਾ ਮਲੂਮ ਕਰਨ ਲਈ ਘੱਲਿਆ ਭਈ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਅਕਾਰਥ ਗਈ ਹੋਵੇ।
6 ਪਰ ਹੁਣ ਜਾਂ ਤੁਹਾਡੀ ਵੱਲੋਂ ਤਿਮੋਥਿਉਸ ਸਾਡੇ ਕੋਲ ਆਇਆ ਅਤੇ ਤੁਹਾਡੀ ਨਿਹਚਾ ਅਤੇ ਪ੍ਰੇਮ ਦੀ ਖੁਸ਼ ਖਬਰੀ ਲਿਆਇਆ, ਨਾਲੇ ਇਸ ਗੱਲ ਦੀ ਭਈ ਤੁਸੀਂ ਸਾਨੂੰ ਸਦਾ ਚੰਗੀ ਤਰਾਂ ਚੇਤੇ ਰੱਖਦੇ ਹੋ ਅਤੇ ਸਾਡੇ ਦਰਸ਼ਣ ਨੂੰ ਲੋਚਦੇ ਹੋ ਜਿਵੇਂ ਅਸੀਂ ਵੀ ਤੁਹਾਡੇ ਦਰਸ਼ਣ ਨੂੰ।
7 ਤਾਂ ਇਸ ਲਈ ਹੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟ ਅਤੇ ਬਿਪਤਾ ਵਿੱਚ ਤੁਹਾਡੇ ਵਿਖੇ ਤੁਹਾਡੀ ਨਿਹਚਾ ਦੇ ਕਾਰਨ ਤਸੱਲੀ ਹੋ ਗਈ।
8 ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਜੇ ਤੁਸੀਂ ਪ੍ਰਭੁ ਵਿੱਚ ਪੱਕੇ ਰਹੋ।
9 ਉਸ ਸਾਰੇ ਅਨੰਦ ਲਈ ਜਿਸ ਕਰਕੇ ਅਸੀਂ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਕਾਰਨ ਅਨੰਦ ਕਰਦੇ ਹਾਂ ਅਸੀਂ ਤੁ ਹਾਡੇ ਵਿਖੇ ਕਿਹੜੇ ਮੂੰਹ ਨਾਲ ਪਰਮੇਸ਼ੁਰ ਦਾ ਧੰਨਵਾਦ ਕਰੀਏ ?
10 ਅਸੀਂ ਰਾਤ ਦਿਨ ਅਤਯੰਤ ਬੇਨਤੀ ਕਰਦੇ ਰਹਿੰਦੇ ਹਾਂ ਜੋ ਤੁਹਾਡਾ ਦਰਸ਼ਣ ਕਰੀਏ ਅਤੇ ਤੁਹਾਡੀ ਨਿਹਚਾ ਦਾ ਘਾਟਾ ਪੂਰਾ ਕਰ ਦੇਈਏ।
11 ਹੁਣ ਸਾਡਾ ਪਰਮੇਸ਼ੁਰ ਅਤੇ ਪਿਤਾ, ਅਤੇ ਸਾਡਾ ਪ੍ਰਭੁ ਯਿਸੂ, ਤੁਹਾਡੇ ਕੋਲ ਆਉਣ ਨੂੰ ਸਾਡੇ ਲਈ ਆਪ ਰਾਹ ਕੱਢ ਦੇਵੇ।
12 ਅਤੇ ਪ੍ਰਭੁ ਤੁਹਾਡੇ ਇੱਕ ਦੂਏ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪ੍ਰੇਮ ਕਰਨ ਨੂੰ ਵਧਾਵੇ ਅਤੇ ਬਹੁਤਾ ਕਰੇ, ਜਿਵੇਂ ਅਸੀਂ ਵੀ ਤੁਹਾਡੇ ਨਾਲ।
13 ਤਾਂ ਜੋ ਤੁਹਾਡਿਆਂ ਮਨਾਂ ਨੂੰ ਤਕੜਿਆਂ ਕਰੇ ਭਈ ਜਿਸ ਵੇਲੇ ਸਾਡਾ ਪ੍ਰਭੁ ਯਿਸੂ ਆਪਣੇ ਸਾਰਿਆਂ ਸੰਤਾਂ ਸਣੇ ਆਵੇਗਾ ਤਾਂ ਓਹ ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੋਸ਼ ਹੋਣ।
ਕਾਂਡ 4

1 1 ਮੁਕਦੀ ਗੱਲ, ਹੇ ਭਰਾਵੋ, ਅਸੀਂ ਪ੍ਰਭੁ ਯਿਸੂ ਵਿੱਚ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਤਗੀਦ ਕਰਦੇ ਹਾਂ ਕਿ ਜਿਵੇਂ ਤੁਸਾਂ ਸਾਥੋਂ ਸਿੱਖਿਆ ਪਾਈ ਭਈ ਕਿੱਕੁਰ ਚੱਲਣਾ ਅਤੇ ਪਰਮੇਸ਼ੁਰ ਨੂੰ ਪਰਸੰਨ ਕਰਨਾ ਚਾਹੀਦਾ ਹੈ- ਜਿਵੇਂ ਤੁਸੀਂ ਚੱਲਦੇ ਵੀ ਹੋ- ਸੋ ਇਸ ਵਿੱਚ ਹੋਰ ਭੀ ਵਧਦੇ ਚੱਲੇ ਜਾਓ।
2 ਕਿਉਂਕਿ ਤੁਸੀਂ ਜਾਣਦੇ ਹੋ ਜੋ ਅਸਾਂ ਤੁਹਾਨੂੰ ਪ੍ਰਭੂ ਯਿਸੂ ਦੀ ਵੱਲੋਂ ਕੀ ਕੀ ਹੁਕਮ ਦਿੱਤੇ।
3 ਪਰਮੇਸ਼ੁਰ ਦੀ ਇੱਛਿਆ ਤੁਹਾਡੀ ਪਵਿੱਤਰਤਾਈ ਦੀ ਹੈ ਭਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ।
4 ਅਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਲਈ ਇਸਤ੍ਰੀ ਨੂੰ ਪਵਿੱਤਰਤਾਈ ਅਤੇ ਪਤ ਨਾਲ ਪਰਾਪਤ ਕਰਨਾ ਜਾਣੇ।
5 ਨਾ ਕਾਮ ਦੀ ਵਾਸ਼ਨਾ ਨਾਲ ਪਰਾਈਆਂ ਕੌਮਾਂ ਵਾਂਙੁ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ।
6 ਅਤੇ ਕੋਈ ਇਸ ਗੱਲ ਵਿੱਚ ਅਪਰਾਧੀ ਨਾ ਹੋਵੇ, ਨਾ ਆਪਣੇ ਭਾਈ ਨਾਲ ਵਾਧਾ ਕਰੇ ਕਿਉਂ ਜੋ ਪ੍ਰਭੁ ਇਨ੍ਹਾਂ ਸਭਨਾਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ ਜਿਵੇਂ ਅਸਾਂ ਅੱਗੇ ਵੀ ਤੁਹਾਨੂੰ ਆਖਿਆ ਅਤੇ ਸਾਖੀ ਦਿੱਤੀ ਸੀ।
7 ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਪਲੀਤੀ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ।
8 ਉਪਰੰਤ ਜੋ ਕੋਈ ਇਹ ਨੂੰ ਰੱਦਦਾ ਹੈ ਸੋ ਮਨੁੱਖ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਰੱਦਦਾ ਹੈ ਜਿਹੜਾ ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ ।
9 ਪਰ ਭਰੱਪਣ ਦੇ ਪ੍ਰੇਮ ਦੇ ਵਿਖੇ ਤੁਹਾਨੂੰ ਕੁਝ ਲਿਖਣ ਦੀ ਲੋੜ ਨਹੀਂ ਕਿਉਂ ਜੋ ਤੁਸੀਂ ਆਪ ਇੱਕ ਦੂਏ ਨਾਲ ਪ੍ਰੇਮ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ ਹੋ।
10 ਤੁਸੀਂ ਤਾਂ ਉਨ੍ਹਾਂ ਸਭਨਾਂ ਭਾਈਆਂ ਨਾਲ ਜਿਹੜੇ ਸਾਰੇ ਮਕਦੂਨਿਯਾ ਵਿੱਚ ਹਨ ਅਜਿਹਾ ਹੀ ਕਰਦੇ ਭੀ ਹੋ। ਪਰ ਹੇ ਭਰਾਵੋ, ਅਸੀਂ ਤੁਹਾਨੂੰ ਤਗੀਦ ਕਰਦੇ ਹਾਂ ਜੋ ਤੁਸੀਂ ਹੋਰ ਭੀ ਵਧਦੇ ਚੱਲੇ ਜਾਓ।
11 ਅਤੇ ਜਿਵੇਂ ਅਸਾਂ ਤੁਹਾਨੂੰ ਹੁਕਮ ਦਿੱਤਾ ਸੀ ਤੁਸੀਂ ਚੁੱਪ ਚਾਪ ਰਹਿਣ ਅਤੇ ਆਪੋ ਆਪਣੇ ਕੰਮ ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦੀ ਧਾਰਨਾ ਧਾਰੋ।
12 ਭਈ ਤੁਸੀਂ ਬਾਹਰਲਿਆਂ ਲੋਕਾਂ ਦੇ ਸਾਹਮਣੇ ਭਲਮਣਸਊ ਨਾਲ ਚੱਲੋ ਅਤੇ ਕਿਸੇ ਦੇ ਅਰਥੀਏ ਨਾ ਹੋਵੋ।
13 ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਦੀ ਵਿਥਿਆ ਤੋਂ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ ਭਈ ਤੁਸੀਂ ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ ਨਾ ਕਰੋ।
14 ਕਿਉਂਕਿ ਜੇ ਸਾਨੂੰ ਇਹ ਪਰਤੀਤ ਹੋਈ ਹੈ ਭਈ ਯਿਸੂ ਮੋਇਆ ਅਤੇ ਫੇਰ ਜੀ ਉੱਠਿਆ ਤਾਂ ਇਸੇ ਤਰਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਉਹ ਦੇ ਨਾਲ ਲਿਆਵੇਗਾ।
15 ਅਸੀਂ ਪ੍ਰਭੁ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਭਈ ਅਸੀਂ ਜਿਹੜੇ ਜੀਉਂਦੇ ਅਤੇ ਪ੍ਰਭੁ ਦੇ ਆਉਣ ਤੀਕ ਬਾਕੀ ਰਹਿੰਦੇ ਹਾਂ ਸੋ ਓਹਨਾਂ ਤੋਂ ਜਿਹੜੇ ਸੌਂ ਗਏ ਹਨ ਕਦੀ ਅਗੇਤ੍ਰੇ ਨਾ ਹੋਵਾਂਗੇ।
16 ਇਸ ਲਈ ਜੋ ਪ੍ਰਭੁ ਆਪ ਲਲਕਾਰੇ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਓਹ ਪਹਿਲਾਂ ਜੀ ਉੱਠਣਗੇ।
17 ਤਦ ਅਸੀਂ ਜਿਹੜੇ ਜੀਉਂਦੇ ਅਤੇ ਬਾਕੀ ਰਹਿੰਦੇ ਹਾਂ ਓਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਣਕ ਉਠਾਏ ਜਾਵਾਂਗੇ ਅਤੇ ਇਸੇ ਤਰਾਂ ਅਸੀਂ ਸਦਾ ਪ੍ਰਭੁ ਦੇ ਸੰਗ ਰਹਾਂਗੇ।
18 ਸੋ ਤੁਸੀਂ ਇਨ੍ਹਾਂ ਗੱਲਾਂ ਨਾਲ ਇੱਕ ਦੂਏ ਨੂੰ ਤਸੱਲੀ ਦਿਓ।
ਕਾਂਡ 5

1 ਪਰ ਹੇ ਭਰਾਵੋ, ਤੁਹਾਨੂੰ ਕੋਈ ਲੋੜ ਨਹੀਂ ਜੋ ਤੁਹਾਡੀ ਵੱਲ ਸਮਿਆਂ ਅਤੇ ਵੇਲਿਆਂ ਲਈ ਕੁਝ ਲਿਖਿਆ ਜਾਵੇ।
2 ਕਿਉਂ ਜੋ ਤੁਸੀਂ ਆਪ ਠੀਕ ਤਰਾਂ ਜਾਣਦੇ ਹੋ ਭਈ ਪ੍ਰਭੁ ਦਾ ਦਿਨ ਇਸ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਰਾਤ ਨੂੰ ਚੋਰ।
3 ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।
4 ਪਰ ਹੇ ਭਰਾਵੋ, ਤੁਸੀਂ ਅਨ੍ਹੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਦੀ ਨਿਆਈਂ ਆਣ ਪਵੇ।
5 ਕਿਉਂ ਜੋ ਤੁਸੀਂ ਸੱਭੇ ਚਾਨਣ ਦੇ ਪੁੱਤ੍ਰ ਅਤੇ ਦਿਨ ਦੇ ਪੁੱਤ੍ਰ ਹੋ। ਅਸੀਂ ਰਾਤ ਦੇ ਨਹੀਂ, ਨਾ ਅਨ੍ਹੇਰੇ ਦੇ ਹਾਂ।
6 ਸੋ ਇਸ ਲਈ ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ।
7 ਕਿਉਂਕਿ ਜਿਹੜੇ ਸੌਂਦੇ ਹਨ ਓਹ ਰਾਤ ਨੂੰ ਹੀ ਸੌਂਦੇ ਹਨ ਅਤੇ ਜਿਹੜੇ ਮਤਵਾਲੇ ਹੁੰਦੇ ਹਨ ਓਹ ਰਾਤ ਨੂੰ ਹੀ ਮਤਵਾਲੇ ਹੁੰਦੇ ਹਨ।
8 ਪਰ ਅਸੀਂ ਜਦੋਂ ਦਿਨ ਦੇ ਹਾਂ ਤਾਂ ਨਿਹਚਾ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ ਕੇ ਸੁਚੇਤ ਰਹੀਏ।
9 ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ ਸਗੋਂ ਇਸ ਲਈ ਥਾਪਿਆ ਭਈ ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪਰਾਪਤ ਕਰੀਏ।
10 ਜਿਹੜਾ ਸਾਡੇ ਲਈ ਮੋਇਆ ਭਈ ਅਸੀਂ ਭਾਵੇਂ ਜਾਗਦੇ ਭਾਵੇਂ ਸੁੱਤੇ ਹੋਈਏ ਉਹ ਨਾਲ ਹੀ ਜੀਵੀਏ।
11 ਇਸ ਕਾਰਨ ਤੁਸੀਂ ਇੱਕ ਦੂਏ ਨੂੰ ਤਸੱਲੀ ਦਿਓ ਅਤੇ ਇੱਕ ਦੂਏ ਦੀ ਉੱਨਤੀ ਕਰੋ ਜਿਵੇਂ ਤੁਸੀਂ ਕਰਦੇ ਵੀ ਹੋ।
12 ਹੁਣ ਹੇ ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਭਈ ਜਿਹੜੇ ਤੁਹਾਡੇ ਵਿੱਚ ਮਿ ਹਨਤ ਕਰਦੇ ਅਤੇ ਪ੍ਰਭੁ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ ਤੁਸੀਂ ਉਨ੍ਹਾਂ ਨੂੰ ਮੰਨੋ।
13 ਅਤੇ ਓਹਨਾਂ ਦੇ ਕੰਮ ਦੀ ਖਾਤਰ ਪ੍ਰੇਮ ਨਾਲ ਓਹਨਾਂ ਦਾ ਬਹੁਤਾ ਹੀ ਆਦਰ ਕਰੋ। ਆਪੋ ਵਿੱਚ ਮੇਲ ਰੱਖੋ।
14 ਹੇ ਭਰਾਵੋ, ਅਸੀਂ ਤੁਹਾਨੂੰ ਤਗੀਦ ਕਰਦੇ ਹਾਂ ਜੋ ਤੁਸੀਂ ਕੁਸੂਤਿਆਂ ਨੂੰ ਸਮਝਾਓ, ਕਮਦਿਲਿਆਂ ਨੂੰ ਦਿਲਾਸਾ ਦਿਓ ਨਿਤਾਣਿਆਂ ਨੂੰ ਸਮਾ ਲੋ, ਸਭਨਾਂ ਨਾਲ ਧੀਰਜ ਕਰੋ।
15 ਵੇਖਣਾ ਭਈ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ ਸਗੋਂ ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ।
16 ਸਦਾ ਅਨੰਦ ਰਹੋ।
17 ਨਿੱਤ ਪ੍ਰਾਰਥਨਾ ਕਰੋ।
18 ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਇੱਛਿਆ ਹੈ।
19 ਆਤਮਾ ਨੂੰ ਨਾ ਬੁਝਾਓ।
20 ਅਗੰਮ ਵਾਕਾਂ ਨੂੰ ਤੁੱਛ ਨਾ ਜਾਣੋ।
21 ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ।
22 ਹਰ ਪਰਕਾਰ ਦੀ ਬਦੀ ਤੋਂ ਲਾਂਭੇ ਰਹੋ।
23 ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪੇ ਤੁਹਾਨੂੰ ਪੂਰੀ ਤਰਾਂ ਪਵਿੱਤਰ ਕਰੇ ਅਰ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੁ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ ਰਹੇ।
24 ਤੁਹਾਡਾ ਸੱਦਣ ਵਾਲਾ ਵਫ਼ਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ।
25 ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ।
26 ਤੁਸੀਂ ਪਵਿੱਤਰ ਚੁੰਮੇ ਨਾਲ ਸਭਨਾਂ ਭਰਾਵਾਂ ਦੀ ਸੁਖ ਸਾਂਦ ਪੁੱਛੋ।
27 ਮੈਂ ਤੁਹਾਨੂੰ ਪ੍ਰਭੁ ਦੀ ਸੌਂਹ ਦਿੰਦਾ ਹਾਂ ਜੋ ਇਹ ਪੱਤ੍ਰੀ ਸਭਨਾਂ ਭਰਾਵਾਂ ਨੂੰ ਪੜ੍ਹ ਕੇ ਸੁਣਾਉਣੀ।
28 ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੁੰਦੀ ਰਹੇ।