੨ ਥੱਸਲੁਨੀਕੀਆਂ

1 2 3


ਕਾਂਡ 1

1 1 ਲਿਖਤੁਮ ਪੌਲੁਸ ਅਤੇ ਸਿਲਵਾਨੁਸ ਅਤੇ ਤਿਮੋਥਿਉਸ, ਅੱਗੇ ਜੋਗ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜਿਹੜੀ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਵਿੱਚ ਹੈ।
2 ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
3 ਹੇ ਭਰਾਵੋ, ਜਿਵੇਂ ਜੋਗ ਹੈ ਸਾਨੂੰ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਇਸ ਲਈ ਜੋ ਤੁਹਾਡੀ ਨਿਹਚਾ ਅੱਤ ਵਧਦੀ ਜਾਂਦੀ ਹੈ ਅਤੇ ਤੁਸਾਂ ਸਭਨਾਂ ਦਾ ਪ੍ਰੇਮ ਇੱਕ ਦੂਏ ਨਾਲ ਬਹੁਤਾ ਹੁੰਦਾ ਜਾਂਦਾ ਹੈ।
4 ਐਥੋਂ ਤੋੜੀ ਜੋ ਤੁਹਾਡੇ ਉਸ ਧੀਰਜ ਅਤੇ ਨਿਹਚਾ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾਂ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ੁਰ ਦੀਆਂ ਸਾਰੀਆਂ ਕਲੀਸਿਯਾਂ ਵਿੱਚ ਤੁਹਾਡੇ ਉੱਤੇ ਅਭਮਾਨ ਕਰਦੇ ਹਾਂ।
5 ਇਹ ਪਰਮੇਸ਼ੁਰ ਦੇ ਜਥਾਰਥ ਨਿਆਉਂ ਦਾ ਪਰਮਾਣ ਹੈ ਭਈ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਜੋਗ ਗਿਣੇ ਜਾਓ ਜਿਹ ਦੇ ਲਈ ਤੁਸੀਂ ਦੁਖ ਵੀ ਭੋਗਦੇ ਹੋ।
6 ਕਿਉਂ ਜੋ ਪਰਮੇਸ਼ੁਰ ਦੇ ਭਾਣੇ ਇਹ ਨਿਆਉਂ ਦੀ ਗੱਲ ਹੈ ਭਈ ਜਿਹੜੇ ਤੁਹਾਨੂੰ ਦੁਖ ਦਿੰਦੇ ਹਨ ਓਹਨਾਂ ਨੂੰ ਦੁਖ ਦੇਵੇ।
7 ਅਤੇ ਤੁਹਾਨੂੰ ਜਿਹੜੇ ਦੁਖ ਪਾਉਂਦੇ ਹੋ ਸਾਡੇ ਨਾਲ ਸੁਖ ਦੇਵੇ ਉਸ ਸਮੇਂ ਜਾਂ ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ।
8 ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।
9 ਓਹ ਸਜ਼ਾ ਭੋਗਣਗੇ ਅਰਥਾਤ ਪ੍ਰਭੁ ਦੇ ਹਜ਼ੂਰੋਂ ਅਤੇ ਉਹ ਦੀ ਸਮੱਰਥਾ ਦੇ ਤੇਜ ਤੋਂ ਸਦਾ ਦਾ ਵਿਨਾਸ,
10 ਉਸ ਦਿਨ ਜਦ ਉਹ ਆਵੇਗਾ ਭਈ ਆਪਣਿਆਂ ਸੰਤਾਂ ਵਿੱਚ ਵਡਿਆਇਆ ਜਾਵੇ ਅਤੇ ਸਾਰੇ ਨਿਹਚਾਵਾਨਾਂ ਵਿੱਚ ਅਚਰਜ ਮੰਨਿਆ ਜਾਵੇ ਕਿਉਂਕਿ ਤੁਹਾਥੋਂ ਸਾਡੀ ਸਾਖੀ ਦੀ ਪਰਤੀਤ ਕੀਤੀ ਗਈ।
11 ਇਸੇ ਕਰਕੇ ਅਸੀਂ ਤੁਹਾਡੇ ਲਈ ਸਦਾ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਭਈ ਤੁਹਾਨੂੰ ਸਾਡਾ ਪਰਮੇਸ਼ੁਰ ਤੁਹਾਡੇ ਸੱਦੇ ਦੇ ਜੋਗ ਜਾਣੇ ਅਤੇ ਨੇਕੀ ਦੀ ਸਾਰੀ ਭਾਵਨਾ ਨੂੰ ਅਤੇ ਨਿਹਚਾ ਦੇ ਕੰਮ ਨੂੰ ਸਮਰੱਥਾ ਨਾਲ ਪੂਰਿਆਂ ਕਰੇ।
12 ਤਾਂ ਜੋ ਸਾਡੇ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਦੇ ਅਨੁਸਾਰ ਤੁਹਾਡੇ ਵਿੱਚ ਸਾਡੇ ਪ੍ਰਭੁ ਯਿਸੂ ਦਾ ਨਾਮ ਵਡਿਆਇਆ ਜਾਵੇ ਅਤੇ ਉਸ ਵਿੱਚ ਤੁਸੀਂ ਵੀ।
ਕਾਂਡ 2

1 ਹੁਣ ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਵਿਖੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ।
2 ਭਈ ਤੁਸੀਂ ਕਿਸੇ ਰੂਹ ਯਾ ਬਾਣੀ ਯਾ ਸਾਡੇ ਨਾਉਂ ਦੀ ਜਾਹਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਾਬਰ ਜਾਓ ਭਈ ਮਾਨੋ ਪ੍ਰਭੁ ਦਾ ਦਿਨ ਆਣ ਪੁੱਜਿਆ ਹੈ !
3 ਕੋਈ ਤੁਹਾਨੂੰ ਕਿਸੇ ਤਰਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਕੁਧਰਮ ਦਾ ਪੁਰਖ ਅਰਥਾਤ ਵਿਨਾਸ ਦਾ ਪੁੱਤ੍ਰ ਪਰਗਟ ਨਾ ਹੋ ਜਾਵੇ।
4 ਜੋ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਯਾ ਪੂਜਿਆ ਜਾਂਦਾ ਹੈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੀਕ ਜੋ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਕਰਕੇ ਵਿਖਾਉਂਦਾ ਹੈ !
5 ਕੀ ਤੂਹਾਨੂੰ ਚੇਤੇ ਨਹੀਂ ਭਈ ਤੁਹਾਡੇ ਕੋਲ ਹੁੰਦਿਆਂ ਮੈਂ ਤੁਹਾਨੂੰ ਏਹ ਗੱਲਾਂ ਆਖੀਆਂ ?
6 ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਡੱਕੀ ਬੈਠਾ ਹੈ ਭਈ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ।
7 ਕੁਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ ਪਰ ਜਦ ਤਾਈਂ ਉਹ ਵਿੱਚੋਂ ਹਟ ਨਾ ਜਾਵੇ ਇੱਕ ਡੱਕਣ ਵਾਲਾ ਹੈ।
8 ਤਦ ਉਹ ਕੁਧਰਮੀ ਪਰਗਟ ਹੋਵੇਗਾ ਜਿਹ ਨੂੰ ਪ੍ਰਭੁ ਯਿਸੂ ਆਪਣੇ ਮੁਖ ਦੇ ਸਾਹ ਨਾਲ ਦਗਧ ਕਰੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ।
9 ਉਸ ਕੁਧਰਮੀ ਦਾ ਆਉਣਾ ਸ਼ਤਾਨ ਦੇ ਅਮਲ ਅਨੁਸਾਰ ਹਰ ਪਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਅਚਰਜਾਂ ਨਾਲ ਹੋਵੇਗਾ,
10 ਨਾਲੇ ਓਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ ਕੁਧਰਮ ਦੇ ਹਰ ਪਰਕਾਰ ਦੇ ਛਲ ਨਾਲ, ਇਸ ਕਾਰਨ ਜੋ ਓਹਨਾਂ ਨੇ ਸਚਿਆਈ ਦੇ ਪ੍ਰੇਮ ਨੂੰ ਕਬੂਲ ਨਾ ਕੀਤਾ ਜਿਸ ਤੋਂ ਓਹਨਾਂ ਦੀ ਮੁਕਤੀ ਹੋ ਜਾਂਦੀ।
11 ਸੋ ਇਸੇ ਕਰਕੇ ਪਰਮੇਸ਼ੁਰ ਓਹਨਾਂ ਉੱਤੇ ਧੋਖੇ ਦਾ ਅਸਰ ਘੱਲਦਾ ਹੈ ਭਈ ਉਹ ਝੂਠ ਨੂੰ ਸੱਚ ਮੰਨਣ।
12 ਤਾਂ ਜੋ ਓਹ ਸੱਭੇ ਦੋਸ਼ੀ ਠਹਿਰਨ ਜਿਨ੍ਹਾਂ ਸੱਚ ਨੂੰ ਨਾ ਮੰਨਿਆ ਸਗੋਂ ਕੁਧਰਮ ਉੱਤੇ ਪਰਸੰਨ ਰਹੇ।
13 ਪਰ ਹੇ ਭਰਾਵੋ, ਪ੍ਰਭੁ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰੀਏ ਇਸ ਕਰਕੇ ਜੋ ਪਰਮੇਸ਼ੁਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ ਭਈ ਤੁਹਾਨੂੰ ਆਤਮਾ ਤੋਂ ਪਵਿੱਤਰ ਹੋਣ ਨਾਲ ਅਤੇ ਸੱਚ ਨੂੰ ਮੰਨਣ ਨਾਲ ਮੁਕਤੀ ਹੱਥ ਆਵੇ।
14 ਜਿਹ ਦੇ ਲਈ ਉਸ ਨੇ ਤੁਹਾਨੂੰ ਸਾਡੀ ਖੁਸ਼ ਖਬਰੀ ਦੇ ਰਾਹੀਂ ਸੱਦਿਆ ਭਈ ਤੁਹਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੀ ਮਹਿਮਾ ਪਰਾਪਤ ਹੋਵੇ।
15 ਸੋ ਇਸ ਕਾਰਨ ਹੇ ਭਰਾਵੋ, ਕਾਇਮ ਰਹੋ ਅਤੇ ਉਨ੍ਹਾਂ ਰਵਾਇਤਾਂ ਨੂੰ ਜਿਹੜੀਆਂ ਤੁਸਾਂ ਭਾਵੇਂ ਜ਼ਬਾਨੀ ਭਾਵੇਂ ਸਾਡੀ ਪੱਤ੍ਰੀ ਤੋਂ ਸਿੱਖੀਆਂ ਫੜੀ ਰੱਖੋ।
16 ਹੁਣ ਸਾਡਾ ਪ੍ਰਭੁ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਭਲੀ ਆਸਾ ਦਿੱਤੀ।
17 ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਓਹਨਾਂ ਨੂੰ ਹਰੇਕ ਸ਼ੁਭ ਕਰਮ ਅਤੇ ਬਚਨ ਵਿੱਚ ਦ੍ਰਿੜ੍ਹ ਕਰੇ।
ਕਾਂਡ 3

1 1 ਮੁਕਦੀ ਗੱਲ, ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ ਭਈ ਪ੍ਰਭੁ ਦਾ ਬਚਨ ਫੈਲਰੇ ਅਤੇ ਵਡਿਆਇਆ ਜਾਵੇ ਜਿਵੇਂ ਤੁਹਾਡੇ ਵਿੱਚ ਵੀ ਹੈ।
2 ਅਤੇ ਇਹ ਭਈ ਅਸੀਂ ਪੁੱਠੇ ਅਤੇ ਬੁਰੇ ਮਨੁੱਖਾਂ ਤੋਂ ਬਚਾਏ ਜਾਈਏ ਕਿਉਂ ਜੋ ਸਭਨਾਂ ਨੂੰ ਨਿਹਚਾ ਨਹੀਂ ਹੈ।
3 ਪਰੰਤੂ ਪ੍ਰਭੁ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਦ੍ਰਿੜ੍ਹ ਕਰੇਗਾ ਅਤੇ ਦੁਸ਼ਟ ਤੋਂ ਬਚਾਈ ਰੱਖੇਗਾ।
4 ਅਤੇ ਸਾਨੂੰ ਪ੍ਰਭੁ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਭਈ ਜੋ ਕੁਝ ਅਸੀਂ ਹੁਕਮ ਦਿੰਦੇ ਹਾਂ ਸੋ ਤੁਸੀਂ ਕਰਦੇ ਹੋ ਨਾਲੇ ਕਰੋਗੇ ਭੀ।
5 ਅਤੇ ਪ੍ਰਭੁ ਤੁਹਾਡਿਆਂ ਮਨਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਈ ਰੱਖੇ।
6 ਹੁਣ ਹੇ ਭਰਾਵੋ, ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਨਾਮ ਉੱਤੇ ਤੁਹਾਨੂੰ ਹੁਕਮ ਦਿੰਦੇ ਹਾਂ ਭਈ ਤੁਸੀਂ ਹਰ ਇੱਕ ਭਰਾ ਤੋਂ ਜਿਹੜਾ ਉਸ ਰਵਾਇਤ ਦੇ ਅਨੁਸਾਰ ਨਹੀਂ ਜੋ ਤੁਸਾਂ ਸਾਥੋਂ ਪਾਈ ਸਗੋਂ ਕਸੂਤਾ ਚੱਲਦਾ ਹੈ ਨਿਆਰੇ ਰਹੋ।
7 ਤੁਸੀਂ ਆਪ ਤਾਂ ਜਾਣਦੇ ਹੋ ਭਈ ਤੁਹਾਨੂੰ ਕਿਸ ਤਰਾਂ ਸਾਡੀ ਰੀਸ ਕਰਨੀ ਚਾਹੀਦੀ ਹੈ ਕਿਉਂ ਜੋ ਅਸੀਂ ਤੁਹਾਡੇ ਵਿੱਚ ਕਸੂਤੇ ਨਾ ਚੱਲੇ,
8 ਨਾ ਕਿਸੇ ਕੋਲੋਂ ਮੁਖਤ ਰੋਟੀ ਖਾਧੀ ਸਗੋਂ ਮਿਹਨਤ ਪੋਹਰਿਆ ਨਾਲ ਰਾਤ ਦਿਨ ਕੰਮ ਧੰਦਾ ਕਰਦੇ ਸਾਂ ਭਈ ਤੁਹਾਡੇ ਵਿੱਚੋਂ ਕਿਸੇ ਉੱ ਤੇ ਭਾਰੂ ਨਾ ਹੋਈਏ।
9 ਨਾ ਇਸ ਕਰਕੇ ਜੋ ਸਾਨੂੰ ਇਖ਼ਤਿਆਰ ਨਹੀਂ ਸੀ ਪਰ ਇਸ ਲਈ ਜੋ ਅਸੀਂ ਆਪਣੇ ਆਪ ਨੂੰ ਤੁਹਾਡੇ ਲਈ ਨਮੂਨਾ ਕਰ ਵਿਖਾਈਏ ਭਈ ਤੁਸੀਂ ਸਾਡੀ ਰੀਸ ਕਰੋ।
10 ਕਿਉਂਕਿ ਜਦ ਅਸੀਂ ਤੁਹਾਡੇ ਕੋਲ ਸਾਂ ਤਦ ਵੀ ਤੁਹਾਨੂੰ ਇਹ ਹੁਕਮ ਦਿੱਤਾ ਸੀ ਭਈ ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।
11 ਕਿਉਂ ਜੋ ਅਸੀਂ ਸੁਣਦੇ ਹਾਂ ਭਈ ਕਈਕੁ ਤੁਹਾਡੇ ਵਿੱਚੋਂ ਕਸੂਤੇ ਚੱਲਦੇ ਅਤੇ ਕੁਝ ਕੰਮ ਧੰਦਾ ਨਹੀਂ ਕਰਦੇ ਸਗੋਂ ਪਰਾਏ ਕੰਮ ਵਿੱਚ ਲੱਤ ਅੜਾਉਂਦੇ ਹਨ।
12 ਹੁਣ ਅਸੀਂ ਪ੍ਰਭੁ ਯਿਸੂ ਮਸੀਹ ਵਿੱਚ ਏਹੋ ਜੇਹਿਆਂ ਨੂੰ ਹੁਕਮ ਦਿੰਦੇ ਅਤੇ ਤਗੀਦ ਕਰਦੇ ਹਾਂ ਜੋ ਓਹ ਚੁੱਪ ਚਾਪ ਕੰਮ ਧੰਦਾ ਕਰ ਕੇ ਆਪਣੀ ਰੋਟੀ ਖਾਇਆ ਕਰਨ।
13 ਪਰ ਤੁਸੀਂ, ਭਰਾਵੋ, ਭਲਿਆਈ ਕਰਦਿਆਂ ਹੌਸਲਾ ਨਾ ਹਾਰੋ।
14 ਅਤੇ ਜੇ ਕੋਈ ਇਸ ਪੱਤ੍ਰੀ ਵਿੱਚ ਲਿਖੇ ਹੋਏ ਸਾਡੇ ਬਚਨ ਨੂੰ ਨਾ ਮੰਨੇ ਤਾਂ ਉਹ ਦਾ ਧਿਆਨ ਰੱਖਣਾ ਜੋ ਉਹ ਦੀ ਸੰਗਤ ਨਾ ਕਰੋ ਭਈ ਉਹ ਲੱਜਿਆਵਾਨ ਹੋਵੇ।
15 ਤਾਂ ਵੀ ਉਹ ਨੂੰ ਵੈਰੀ ਕਰਕੇ ਨਾ ਜਾਣੋ ਸਗੋਂ ਭਰਾ ਕਰਕੇ ਸਮਝਾਓ।
16 ਹੁਣ ਸ਼ਾਂਤੀ ਦਾਤਾ ਪ੍ਰਭੁ ਆਪ ਤੁਹਾਨੂੰ ਹਰ ਵੇਲੇ ਹਰ ਪਰਕਾਰ ਨਾਲ ਸ਼ਾਂਤੀ ਦੇਵੇ। ਪ੍ਰਭੁ ਤੁਸਾਂ ਸਭਨਾਂ ਦੇ ਅੰਗ ਸੰਗ ਹੋਵੇ।
17 ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ। ਹਰੇਕ ਪੱਤ੍ਰੀ ਵਿੱਚ ਇਹੋ ਨਿਸ਼ਾਨੀ ਹੈ। ਇਉਂ ਮੈਂ ਲਿਖਦਾ ਹਾਂ।
18 ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਸਾਂ ਸਭਨਾਂ ਉੱਤੇ ਹੁੰਦੀ ਰਹੇ।