ਤੀਤੁਸ

1 2 3


ਕਾਂਡ 1

1 ਲਿਖਤੁਮ ਪੌਲੁਸ ਜੋ ਪਰਮੇਸ਼ੁਰ ਦਾ ਦਾਸ ਅਤੇ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਦੀ ਨਿਹਚਾ ਦੇ ਨਮਿੱਤ ਅਰ ਸਤ ਦੀ ਓਸ ਸਿਆਣ ਦੇ ਨਮਿੱਤ ਜੋ ਭਗਤੀ ਦੇ ਅਨੁਸਾਰ ਹੈ ਯਿਸੂ ਮਸੀਹ ਦਾ ਰਸੂਲ ਹਾਂ।
2 ਉਸ ਸਦੀਪਕ ਜੀਵਨ ਦੀ ਆਸ ਉੱਤੇ ਜਿਹ ਦਾ ਪਰਮੇਸ਼ੁਰ ਨੇ ਜੋ ਝੂਠ ਬੋਲ ਨਹੀਂ ਸੱਕਦਾ ਸਨਾਤਨ ਸਮਿਆਂ ਤੋਂ ਵਾਇਦਾ ਕੀਤਾ ਸੀ।
3 ਪਰ ਵੇਲੇ ਸਿਰ ਆਪਣੇ ਬਚਨ ਨੂੰ ਉਸ ਪਰਚਾਰ ਦੇ ਰਾਹੀਂ ਪਰਗਟ ਕੀਤਾ ਜਿਹੜਾ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਆਗਿਆ ਅਨੁਸਾਰ ਮੈਨੂੰ ਸੌਂਪਿਆ ਗਿਆ।
4 ਅੱਗੇ ਜੋਗ ਤੀਤੁਸ ਨੂੰ ਜਿਹੜਾ ਨਿਹਚਾ ਦੀ ਸਾਂਝ ਵਿੱਚ ਮੇਰਾ ਸੱਚਾ ਬੱਚਾ ਹੈ ਪਿਤਾ ਪਰਮੇਸ਼ੁਰ ਅਤੇ ਸਾਡੇ ਮੁਕਤੀ ਦਾਤਾ ਮਸੀਹ ਯਿਸੂ ਦੀ ਵੱਲੋਂ ਤੈਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
5 ਮੈਂ ਤੈਨੂੰ ਇਸ ਨਮਿੱਤ ਕਰੇਤ ਵਿੱਚ ਛੱਡਿਆ ਸੀ ਭਈ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਓਹਨਾਂ ਨੂੰ ਸੁਆਰੇਂ ਅਤੇ ਨਗਰ ਨਗਰ ਬਜ਼ੁਰਗ ਥਾਪ ਦੇਵੇਂ ਜਿਵੇਂ ਮੈਂ ਤੈਨੂੰ ਆਗਿਆ ਕੀਤੀ ਸੀ।
6 ਜੇ ਕੋਈ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ ਜਿਹ ਦੇ ਬਾਲਕ ਨਿਹਚਾਵਾਨ ਹੋਣ ਅਤੇ ਉਨ੍ਹਾਂ ਦੇ ਜੁੰਮੇ ਬਦਚਲਣੀ ਦਾ ਦੋਸ਼ ਨਾ ਹੋਵੇ ਅਤੇ ਨਾ ਓਹ ਢੀਠ ਹੋਣ।
7 ਕਿਉਂਕਿ ਚਾਹੀਦਾ ਹੈ ਭਈ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਮੁਖ਼ਤਿਆਰ ਹੋ ਕੇ ਨਿਰਦੋਸ਼ ਹੋਵੇ, ਨਾ ਮਨ ਮਤੀਆ, ਨਾ ਕ੍ਰੋਧੀ, ਨਾ ਪਿਆਕੜ, ਨਾ ਮੁੱਕੇਬਾਜ਼, ਨਾ ਝੂਠੇ ਨਫ਼ੇ ਦਾ ਲੋਭੀ ਹੋਵੇ।
8 ਸਗੋਂ ਪਰਾਹੁਣਚਾਰ, ਨੇਕੀ ਦਾ ਪ੍ਰੇਮੀ, ਸੁਰਤ ਵਾਲਾ, ਧਰਮੀ, ਪਵਿੱਤਰ, ਸੰਜਮੀ ਹੋਵੇ।
9 ਅਤੇ ਨਿਹਚਾ ਜੋਗ ਬਚਨ ਨੂੰ ਜਿਹੜਾ ਇਸ ਸਿੱਖਿਆ ਦੇ ਅਨੁਸਾਰ ਹੈ ਫੜੀ ਰੱਖੇ ਭਈ ਉਹ ਖਰੀ ਸਿੱਖਿਆ ਨਾਲ ਉਪਦੇਸ਼ ਕਰੇ ਨਾਲੇ ਢੁੱਚਰ ਡਾਹੁਣ ਵਾਲਿਆਂ ਨੂੰ ਕਾਇਲ ਕਰ ਸੱਕੇ।
10 ਬਾਹਲੇ ਢੀਠ, ਬਕਵਾਦੀ ਅਤੇ ਛਲੀਏ ਹਨ ਖਾਸ ਕਰਕੇ ਸੁੰਨਤੀਆਂ ਵਿੱਚੋਂ।
11 ਜਿਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ। ਓਹ ਝੂਠੇ ਨਫ਼ੇ ਦੇ ਨਮਿੱਤ ਅਜੇਹੀ ਸਿੱਖਿਆ ਦੇ ਕੇ ਘਰਾਂ ਦੇ ਘਰ ਉਲਦ ਸੁੱਟਦੇ ਹਨ।
12 ਕਿਸੇ ਨੇ ਉਨ੍ਹਾਂ ਵਿੱਚੋਂ ਜਿਹੜਾ ਉਨ੍ਹਾਂ ਦਾ ਹੀ ਨਬੀ ਸੀ ਆਖਿਆ ਭਈ ਕਰੇਤੀ ਸਦਾ ਝੂਠ ਮਾਰਨ ਵਾਲੇ ਅਤੇ ਬੁਰੇ ਦਰਿੰਦੇ ਅਤੇ ਆਲਸੀ ਪੇਟੂ ਹਨ।
13 ਇਹ ਸਾਖੀ ਸਤ ਹੈ। ਏਸ ਲਈ ਤੂੰ ਉਨ੍ਹਾਂ ਨੂੰ ਕਰੜਾਈ ਨਾਲ ਝਿੜਕ ਦੇਈਂ ਭਈ ਓਹ ਨਿਹਚਾ ਵਿੱਚ ਪੱਕੇ ਹੋਣ।
14 ਅਤੇ ਯਹੂਦੀਆਂ ਦੀਆਂ ਖਿਆਲੀ ਕਹਾਣੀਆਂ ਵੱਲ ਅਤੇ ਅਜੇਹੇ ਮਨੁੱਖਾਂ ਦੇ ਹੁਕਮਾਂ ਵੱਲ ਜਿਹੜੇ ਸਚਿਆਈ ਤੋਂ ਫਿਰ ਜਾਂਦੇ ਹਨ ਚਿੱਤ ਨਾ ਲਾਉਣ।
15 ਸੁੱਚਿਆਂ ਲਈ ਸੱਭੋ ਕੁਝ ਸੁੱਚਾ ਹੈ ਪਰ ਭਰਿਸ਼ਟਾਂ ਅਤੇ ਬੇਪਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ ਸਗੋਂ ਉਨ੍ਹਾਂ ਦੀ ਬੁੱਧ ਅਤੇ ਅੰਤਹਕਰਨ ਭਰਿਸ਼ਟ ਹੋਏ ਹੋਏ ਹਨ।
16 ਓਹ ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ ਕਿਉਂ ਜੋ ਓਹ ਘਿਣਾਉਣੇ ਅਤੇ ਅਣਆਗਿਆਕਾਰ ਅਤੇ ਹਰੇਕ ਭਲੇ ਕੰਮ ਦੇ ਲਈ ਅਪਰਵਾਨ ਹਨ।
ਕਾਂਡ 2

1 ਪਰ ਤੂੰ ਓਹ ਗੱਲਾਂ ਆਖੀਂ ਜਿਹੜੀਆਂ ਖਰੀ ਸਿੱਖਿਆ ਨਾਲ ਫੱਬਣ।
2 ਭਈ ਬੁੱਢੇ ਪੁਰਸ਼ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਅਤੇ ਨਿਹਚਾ, ਪ੍ਰੇਮ, ਅਰ ਧੀਰਜ ਵਿੱਚ ਪੱਕੇ ਹੋਣ।
3 ਇਸੇ ਪਰਕਾਰ ਬੁੱਢੀਆਂ ਇਸਤ੍ਰੀਆਂ ਦਾ ਚਾਲ ਚਲਣ ਅਦਬ ਵਾਲਾ ਹੋਵੇ, ਓਹ ਨਾ ਉਂਗਲ ਕਰਨ ਵਾਲੀਆਂ, ਨਾ ਬਹੁਤ ਮੈ ਦੀਆਂ ਗੁਲਾਮਾਂ ਹੋਣ, ਸਗੋਂ ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ।
4 ਭਈ ਮੁਟਿਆਰਾਂ ਨੂੰ ਅਜਿਹੀ ਮੱਤ ਦੇਣ ਜੋ ਓਹ ਆਪਣੇ ਪਤੀਆਂ ਨਾਲ ਪ੍ਰੇਮ ਰੱਖਣ, ਅਤੇ ਬਾਲ ਬੱਚਿਆਂ ਨਾਲ ਪਿਆਰ ਕਰਨ।
5 ਸੁਰਤ ਵਾਲੀਆਂ, ਸਤਵੰਤੀਆਂ, ਸੁਘੜ ਬੀਬੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਭਈ ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।
6 ਇਸੇ ਪਰਕਾਰ ਜੁਆਨਾਂ ਨੂੰ ਤਗੀਦ ਕਰ ਭਈ ਸੁਰਤ ਵਾਲੇ ਹੋਣ।
7 ਅਤੇ ਸਭਨੀਂ ਗੱਲੀਂ ਤੂੰ ਆਪਣੇ ਆਪ ਨੂੰ ਸ਼ੁਭ ਕਰਮਾਂ ਦਾ ਨਮੂਨਾ ਕਰ ਵਿਖਾਲ, - ਸਿੱਖਿਆ ਦੇਣ ਵਿੱਚ ਸੁਚੱਮਤਾਈ ਅਤੇ ਗੰਭੀਰਤਾਈ।
8 ਅਤੇ ਖਰਾ ਬਚਨ ਹੋਵੇ ਜਿਹ ਦੇ ਉੱਤੇ ਕੋਈ ਦੋਸ਼ ਨਾ ਲੱਗ ਸੱਕੇ ਭਈ ਵਿਰੋਧੀ ਸਾਡੇ ਉੱਤੇ ਔਗੁਣ ਲਾਉਣ ਦਾ ਦਾਉ ਨਾ ਪਾ ਕੇ ਲੱਜਿਆਵਾਨ ਹੋਵੇ।
9 ਗੁਲਾਮਾਂ ਨੂੰ ਤਗੀਦ ਕਰ ਕੇ ਆਪਣਿਆਂ ਮਾਲਕਾਂ ਦੇ ਅਧੀਨ ਰਹਿਣ ਅਤੇ ਸਭਨਾਂ ਗੱਲਾਂ ਵਿੱਚ ਉਨ੍ਹਾਂ ਦੇ ਮਨ ਭਾਉਂਦੇ ਹੋਣ ਅਤੇ ਗੱਲ ਨਾ ਮੋੜਨ।
10 ਚੋਰੀ ਚਲਾਕੀ ਨਾ ਕਰਨ ਸਗੋਂ ਪੂਰੀ ਮਾਤਬਰੀ ਵਿਖਾਲਣ ਭਈ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਨ।
11 ਕਿਉਂ ਜੋ ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ।
12 ਅਤੇ ਸਾਨੂੰ ਤਾੜਨਾ ਦਿੰਦੀ ਹੈ ਭਈ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ।
13 ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾਂ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਤੇਜ ਦੇ ਪਰਗਟ ਹੋਣ ਦੀ ਉਡੀਕ ਰੱਖੀਏ।
14 ਜਿਹ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ।
15 ਏਹ ਗੱਲਾਂ ਆਖ ਅਤੇ ਪੂਰੇ ਇਖ਼ਤਿਆਰ ਨਾਲ ਤਗੀਦ ਕਰ ਅਤੇ ਝਿੜਕ ਦਿਹ। ਕੋਈ ਤੈਨੂੰ ਤੁੱਛ ਨਾ ਜਾਣੇ !
ਕਾਂਡ 3

1 ਉਨ੍ਹਾਂ ਨੂੰ ਚੇਤੇ ਕਰਾ ਭਈ ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਅਧੀਨ ਹੋਣ ਅਤੇ ਆਗਿਆਕਾਰ ਬਣੇ ਰਹਿਣ। ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖਣ।
2 ਕਿਸੇ ਦੀ ਬਦਨਾਮੀ ਨਾ ਕਰਨ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।
3 ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਨਦਾਨ, ਅਣਆਗਿਆਕਾਰ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਬਿਲਾਸਾਂ ਦੇ ਗੁਲਾਮ ਸਾਂ, ਬੁਰਿਆਈ ਅਤੇ ਖਾਰ ਵਿੱਚ ਉਮਰ ਭੋਗਦੇ ਸਾਂ, ਘਿਣਾਉਣੇ ਅਤੇ ਇੱਕ ਦੂਏ ਦੇ ਵੈਰੀ ਸਾਂ।
4 ਪਰ ਜਾਂ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪਰਗਟ ਹੋਇਆ।
5 ਤਾਂ ਉਸ ਨੇ ਉਨ੍ਹਾਂ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ।
6 ਜਿਹ ਨੂੰ ਉਸ ਨੇ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਬਹੁਤ ਕਰਕੇ ਵਹਾ ਦਿੱਤਾ।
7 ਭਈ ਅਸੀਂ ਉਹ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਆਸ ਦੇ ਅਨੁਸਾਰ ਸਦੀਪਕ ਜੀਵਨ ਦੇ ਅਧਕਾਰੀ ਹੋਈਏ।
8 ਇਹ ਬਚਨ ਸਤ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਵਿਖੇ ਪਕਿਆਈ ਨਾਲ ਬੋਲਿਆ ਕਰੇਂ ਭਈ ਜਿਨ੍ਹਾਂ ਪਰਮੇਸ਼ੁਰ ਦੀ ਪਰਤੀਤ ਕੀਤੀ ਹੈ ਓਹ ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣ। ਏਹ ਗੱਲਾਂ ਭਲੀਆਂ ਅਤੇ ਮਨੁੱਖਾਂ ਲਈ ਗੁਣਕਾਰ ਹਨ।
9 ਪਰ ਮੂਰਖਪੁਣੇ ਦਿਆਂ ਪ੍ਰਸ਼ਨਾਂ ਅਤੇ ਕੁਲਪੱਤ੍ਰੀਆਂ ਅਤੇ ਝਗੜਿਆਂ ਅਤੇ ਉਨ੍ਹਾਂ ਬਖੇੜਿਆਂ ਤੋਂ ਜਿਹੜੇ ਸ਼ਰਾ ਦੇ ਵਿਖੇ ਹੋਣ ਲਾਂਭੇ ਰਹੁ ਕਿਉਂ ਜੋ ਏਹ ਨਿਸਫਲ ਅਤੇ ਅਕਾਰਥ ਹਨ।
10 ਜਿਹੜਾ ਮਨੁੱਖ ਕੁਪੰਥੀ ਹੋਵੇ ਇੱਕ ਦੋ ਵਾਰੀ ਉਹ ਨੂੰ ਮੱਤ ਦੇ ਕੇ ਉਸ ਤੋਂ ਪਰੇ ਰਹੁ।
11 ਕਿਉਂ ਜੋ ਤੂੰ ਜਾਣਦਾ ਹੈਂ ਭਈ ਇਹੋ ਜਿਹਾ ਮਨੁੱਖ ਬੇਮੁਖ ਹੋਇਆ ਹੋਇਆ ਹੈ ਅਤੇ ਪਾਪ ਕਰਦਾ ਅਤੇ ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ।
12 ਜਦ ਮੈਂ ਅਰਤਿਮਾਸ ਯਾ ਤੁਖਿਕੁਸ ਨੂੰ ਤੇਰੇ ਕੋਲ ਘੱਲਾਂ ਤਾਂ ਤੂੰ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦੀ ਦਲੀਲ ਕੀਤੀ ਹੈ।
13 ਜ਼ੇਨਸ ਸ਼ਰਾ ਦੇ ਪੜ੍ਹਾਉਣ ਵਾਲੇ ਅਤੇ ਅਪੁੱਲੋਸ ਨੂੰ ਜਤਨ ਕਰ ਕੇ ਅਗਾਹਾਂ ਤੋਰ ਦਿਹ ਭਈ ਓਹਨਾਂ ਨੂੰ ਕਾਸੇ ਦੀ ਥੁੜ ਨਾ ਹੋਵੇ।
14 ਅਤੇ ਸਾਡੇ ਲੋਕਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਭਈ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣ ਭਈ ਓਹ ਨਿਸਫਲ ਨਾ ਰਹਿਣ।
15 ਸੱਭੇ ਜੋ ਮੇਰੇ ਨਾਲ ਹਨ ਤੇਰੀ ਸੁਖ ਸਾਂਦ ਪੁੱਛਦੇ ਹਨ। ਜਿਹੜੇ ਨਿਹਚਾ ਵਿਖੇ ਸਾਡੇ ਨਾਲ ਤਿਹ ਰੱਖਦੇ ਹਨ ਓਹਨਾਂ ਨੂੰ ਸੁਖ ਸਾਂਦ ਆਖੀਂ। ਤੁਸਾਂ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ।