ਯਾਕੂਬ

1 2 3 4 5


ਕਾਂਡ 1

1 1 ਲਿਖਤੁਮ ਯਾਕੂਬ ਜਿਹੜਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦਾ ਦਾਸ ਹਾਂ ਅੱਗੇ ਜੋਗ ਉਨ੍ਹਾਂ ਬਾਰਾਂ ਗੋਤਾਂ ਦੀ ਜਿਹੜੇ ਖਿੰਡੇ ਹੋਏ ਹਨ ਸੁਖ ਸਾਂਦ ਹੋਵੇ।
2 ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ।
3 ਕਿਉਂ ਜੋ ਤੁਸੀਂ ਜਾਣਦੋ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।
4 ਅਤੇ ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।
5 ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲੇ ਦਿਲ ਨਾਲ ਬਿਨਾ ਉਲਾਂਭੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ।
6 ਪਰ ਨਿਹਚਾ ਨਾਲ ਮੰਗੇ ਅਤੇ ਕੁਝ ਭਰਮ ਨਾ ਕਰੇ ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ।
7 ਇਹੋ ਜਿਹਾ ਮਨੁੱਖ ਨਾ ਸਮਝੇ ਭਈ ਪ੍ਰਭੁ ਕੋਲੋਂ ਮੈਨੂੰ ਕੁਝ ਲੱਭੇਗਾ।
8 ਉਹ ਦੁਚਿੱਤਾ ਮਨੁੱਖ ਹੈ ਜਿਹੜਾ ਆਪਣਿਆਂ ਸਾਰਿਆਂ ਚਲਣਾਂ ਵਿੱਚ ਚੰਚਲ ਹੈ।
9 ਪਰ ਉਹ ਭਾਈ ਜਿਹੜਾ ਨੀਵਾਂ ਹੈ ਆਪਣੀ ਉੱਚੀ ਪਦਵੀ ਉੱਤੇ ਅਭਮਾਨ ਕਰੇ।
10 ਅਤੇ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਙੁ ਜਾਂਦਾ ਰਹੇਗਾ।
11 ਕਿਉਂ ਜੋ ਸੂਰਜ ਲੋ ਨਾਲ ਚੜ੍ਹਿਆ ਅਤੇ ਘਾਹ ਨੂੰ ਸੁਕਾ ਦਿੱਤਾ ਅਤੇ ਉਹ ਦਾ ਫੁੱਲ ਝੜ ਗਿਆ ਅਤੇ ਉਹ ਦੇ ਰੂਪ ਦਾ ਸੁਹੱਪਣ ਨਸ਼ਟ ਹੋ ਗਿਆ। ਇਸੇ ਤਰਾਂ ਧਨਵਾਨ ਭੀ ਆਪਣਿਆਂ ਚਲਣਾਂ ਵਿੱਚ ਕੁਮਲਾ ਜਾਵੇਗਾ।
12 ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪਰਾਪਤ ਹੋਵੇਗਾ ਜਿਹ ਦਾ ਪ੍ਰਭੁ ਨੇ ਆਪਣਿਆ ਪ੍ਰੇਮੀਆਂ ਨਾਲ ਵਾਇਦਾ ਕੀਤਾ ਹੈ।
13 ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।
14 ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ।
15 ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।
16 ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਧੋਖਾ ਨਾ ਖਾਓ।
17 ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ ਜਿਹ ਦੇ ਵਿੱਚ ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈ।
18 ਉਹ ਨੇ ਆਪਣੀ ਹੀ ਮਨਸ਼ਾ ਤੋਂ ਸਾਨੂੰ ਸਚਿਆਈ ਦੇ ਬਚਨ ਨਾਲ ਜਨਮ ਦਿੱਤਾ ਭਈ ਅਸੀਂ ਉਹ ਦੀਆਂ ਰਚਨਾਂ ਵਿੱਚੋਂ ਪਹਿਲੇ ਫਲ ਜੇਹੇ ਹੋਈਏ।
19 ਇਹ ਤਾਂ ਤੁਸੀਂ ਜਾਣਦੇ ਹੋ, ਹੇ ਮੇਰੇ ਪਿਆਰੇ ਭਰਾਵੋ। ਪਰ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।
20 ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।
21 ਇਸ ਕਾਰਨ ਤੁਸੀਂ ਹਰ ਪਰਕਾਰ ਦੇ ਗੰਦ ਮੰਦ ਅਤੇ ਬਦੀ ਦੀ ਵਾਫ਼ਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸੱਕਦਾ ਹੈ ਨਰਮਾਈ ਨਾਲ ਕਬੂਲ ਕਰ ਲਓ।
22 ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ।
23 ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਓਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ।
24 ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਓਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ।
25 ਪਰ ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।
26 ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਚਾੜ੍ਹੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਓਸ ਮਨੁੱਖ ਦੀ ਭਗਤੀ ਅਵਿਰਥੀ ਹੈ।
27 ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।
ਕਾਂਡ 2

1 1 ਹੇ ਮੇਰੇ ਭਰਾਵੋ, ਸਾਡੇ ਪਰਤਾਪਵਾਨ ਪ੍ਰਭੁ ਯਿਸੂ ਮਸੀਹ ਦੀ ਨਿਹਚਾ ਨੂੰ ਕਿਸੇ ਦੇ ਪੱਖ ਪਾਤ ਨਾਲ ਨਾ ਰੱਖੋ।
2 ਕਿਉਂਕਿ ਜੇ ਕੋਈ ਪੁਰਖ ਸੋਨੇ ਦੀ ਅੰਗੂਠੀ ਪਾਈ ਅਤੇ ਭੜਕੀਲੇ ਬਸਤਰ ਪਹਿਨੇ ਤੁਹਾਡੀ ਸਮਾਜ ਵਿੱਚ ਆਇਆ ਅਤੇ ਇੱਕ ਗਰੀਬ ਵੀ ਮੈਲੇ ਲੀੜੇ ਪਹਿਨੇ ਆਇਆ,
3 ਅਤੇ ਤੁਸਾਂ ਓਸ ਭੜਕੀਲੇ ਬਸਤਰਾਂ ਵਾਲੇ ਦਾ ਲਿਹਾਜ਼ ਕੀਤਾ ਅਤੇ ਓਹ ਨੂੰ ਆਖਿਆ, ਐਥੇ ਚੰਗੀ ਤਰਾਂ ਨਾਲ ਬਹਿ ਜਾਓ ਅਤੇ ਉਸ ਗਰੀਬ ਨੂੰ ਕਿਹਾ ਭਈ ਤੂੰ ਉੱਥੇ ਖੜਾ ਰਹੁ ਯਾ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ।
4 ਤਾਂ ਕੀ ਤੁਸਾਂ ਆਪਣਿਆਂ ਮਨਾਂ ਵਿੱਚ ਦੁਆਇਤ ਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈ ਨਹੀਂ ਬਣੇ ?
5 ਸੁਣੋ, ਹੇ ਮੇਰੇ ਭਰਾਵੋ, ਕੀ ਪਰਮੇਸ਼ੁਰ ਨੇ ਓਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਭਈ ਨਿਹਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਕਾਰੀ ਹੋਣ ਜਿਹ ਦਾ ਬਚਨ ਉਹ ਨੇ ਆਪਣਿਆਂ ਪ੍ਰੇਮੀਆਂ ਨੂੰ ਦਿੱਤਾ ਸੀ ?
6 ਪਰ ਤੁਸਾਂ ਗਰੀਬ ਦੀ ਪਤ ਲਾਹ ਸੁੱਟੀ ! ਭਲਾ, ਧਨਵਾਨ ਤੁਹਾਡੇ ਨਾਲ ਅਨ੍ਹੇਰ ਨਹੀਂ ਕਰਦੇ ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਨਹੀਂ ਖੜਦੇ ?
7 ਭਲਾ, ਏਹੋ ਨਹੀਂ ਜਿਹੜੇ ਉਸ ਉੱਤਮ ਨਾਮ ਉੱਤੇ ਜਿਸ ਤੋਂ ਤੁਸੀਂ ਸਦਾਉਂਦੇ ਹੋ ਕੁਫ਼ਰ ਬੱਕਦੇ ਹਨ ?
8 ਪਰ ਤਾਂ ਵੀ ਜੇ ਤੁਸੀਂ ਓਸ ਸ਼ਾਹੀ ਹੁਕਮ ਨੂੰ ਪੂਰਿਆਂ ਕਰਦੇ ਹੋ ਜਿਵੇਂ ਧਰਮ ਪੁਸਤਕ ਵਿੱਚ ਹੈ ਭਈ ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ, ਤਾਂ ਭਲਾ ਕਰਦੇ ਹੋ।
9 ਪਰ ਜੇ ਤੁਸੀਂ ਪੱਖ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਸ਼ਰਾ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ।
10 ਜੋ ਕੋਈ ਸਾਰੀ ਸ਼ਰਾ ਦੀ ਪਾਲਨਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਉਹ ਸਭਨਾਂ ਵਿੱਚ ਦੋਸ਼ੀ ਹੋਇਆ।
11 ਕਿਉਂਕਿ ਜਿਹ ਨੇ ਆਖਿਆ ਭਈ ਜ਼ਨਾਹ ਨਾ ਕਰ, ਉਹ ਨੇ ਇਹ ਵੀ ਆਖਿਆ ਭਈ ਖੂਨ ਨਾ ਕਰ। ਸੋ ਜੇ ਤੈਂ ਜ਼ਨਾਹ ਨਾ ਕੀਤਾ ਪਰ ਖੂਨ ਕੀਤਾ ਤਾਂ ਤੂੰ ਸ਼ਰਾ ਦਾ ਉਲੰਘਣ ਕਰਨ ਵਾਲਾ ਹੋਇਆ।
12 ਤੁਸੀਂ ਇਉਂ ਬੋਲੋ ਅਤੇ ਇਉਂ ਕੰਮ ਕਰੋ ਜਿਵੇਂ ਓਹ ਜਿਨ੍ਹਾਂ ਦਾ ਨਿਆਉਂ ਅਜ਼ਾਦੀ ਦੀ ਸ਼ਰਾ ਨਾਲ ਹੋਣਾ ਹੈ।
13 ਕਿਉਂਕਿ ਜਿਹ ਨੇ ਦਯਾ ਨਾ ਕੀਤੀ ਉਹ ਦਾ ਨਿਆਉਂ ਦਯਾ ਤੋਂ ਬਿਨਾ ਕੀਤਾ ਜਾਵੇਗਾ। ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ।
14 ਹੇ ਮੇਰੇ ਭਰਾਵੋ, ਜੇ ਕੋਈ ਆਖੇ ਭਈ ਮੈਨੂੰ ਨਿਹਚਾ ਹੈ ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ ? ਭਲਾ, ਇਹ ਨਿਹਚਾ ਉਹ ਨੂੰ ਬਚਾ ਸੱਕਦੀ ਹੈ ?
15 ਜੇ ਕੋਈ ਭਾਈ ਯਾ ਭੈਣ ਨੰਗਾ ਅਤੇ ਰੱਜਵੀ ਰੋਟੀ ਤੋਂ ਥੁੜਿਆ ਹੋਵੇ।
16 ਅਤੇ ਤੁਸਾਂ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਭਈ ਸੁਖ ਸਾਂਦ ਨਾਲ ਜਾਓ। ਨਿੱਘੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਦੀਆਂ ਹਨ ਓਹ ਤੁਸਾਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ ?
17 ਇਸੇ ਪਰਕਾਰ ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ।
18 ਪਰ ਕੋਈ ਆਖੇਗਾ ਭਈ ਤੇਰੇ ਕੋਲ ਨਿਹਚਾ ਹੈ ਅਤੇ ਮੇਰੇ ਕੋਲ ਅਮਲ ਹਨ। ਤੂੰ ਆਪਣੀ ਨਿਹਚਾ ਅਮਲਾਂ ਬਿਨਾ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਅਮਲਾਂ ਨਾਲ ਤੈਨੂੰ ਆਪਣੀ ਨਿਹਚਾ ਵਿਖਾਵਾਂਗਾ।
19 ਤੂੰ ਨਿਹਚਾ ਰੱਖਦਾ ਹੈਂ ਜੋ ਪਰਮੇਸ਼ੁਰ ਇੱਕੋ ਹੈ। ਇਹ ਤੂੰ ਅੱਛਾ ਕਰਦਾ ਹੈਂ। ਭੂਤ ਇਹੋ ਨਿਹਚਾ ਕਰਦੇ ਹਨ ਅਤੇ ਕੰਬਦੇ ਹਨ।
20 ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਜਾਣਿਆ ਚਾਹੁੰਦਾ ਹੈਂ ਭਈ ਅਮਲਾਂ ਬਾਝੋਂ ਨਿਹਚਾ ਅਕਾਰਥ ਹੈ ?
21 ਕੀ ਸਾਡਾ ਪਿਤਾ ਅਬਰਾਹਾਮ ਅਮਲਾਂ ਨਾਲ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਹ ਨੇ ਆਪਣੇ ਪੁੱਤ੍ਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ੍ਹ ਦਿੱਤਾ ?
22 ਤੂੰ ਵੇਖਦਾ ਹੈਂ ਭਈ ਨਿਹਚਾ ਉਹ ਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਹਚਾ ਸੰਪੂਰਨ ਹੋਈ।
23 ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਸਦਾਇਆ।
24 ਤੁਸੀਂ ਵੇਖਦੇ ਹੋ ਭਈ ਮਨੁੱਖ ਨਿਰੀ ਨਿਹਚਾ ਨਾਲ ਹੀ ਨਹੀਂ ਸਗੋਂ ਅਮਲਾਂ ਨਾਲ ਧਰਮੀ ਠਹਿਰਾਇਆ ਜਾਂਦਾ ਹੈ।
25 ਅਤੇ ਓਸੇ ਪਰਕਾਰ ਕੀ ਰਹਾਬ ਵੇਸਵਾ ਭੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਹਲਕਾਰਿਆਂ ਨੂੰ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾ ?
26 ਜਿੱਕੁਰ ਆਤਮਾ ਬਾਝੋਂ ਸਰੀਰ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।
ਕਾਂਡ 3

1 ਹੇ ਮੇਰੇ ਭਰਾਵੋ, ਬਾਹਲੇ ਉਪਦੇਸ਼ਕ ਨਾ ਬਣੋ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਾਨੂੰ ਵਧੀਕ ਸਜ਼ਾ ਮਿਲੇਗੀ।
2 ਇਸ ਲਈ ਜੋ ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।
3 ਜਦੋਂ ਅਸੀਂ ਘੋੜਿਆਂ ਦੀਆਂ ਲਗਾਮਾਂ ਉਨ੍ਹਾਂ ਦੇ ਮੂੰਹਾਂ ਵਿੱਚ ਦਿੰਦੇ ਹਾਂ ਭਈ ਓਹ ਸਾਡੇ ਵੱਸ ਵਿੱਚ ਰਹਿਣ ਤਾਂ ਉਨ੍ਹਾਂ ਦੇ ਸਾਰੇ ਨੂੰ ਸਰੀਰ ਨੂੰ ਵੀ ਮੋੜ ਲੈਂਦੇ ਹਾਂ।
4 ਵੇਖੋ, ਜਹਾਜ਼ ਵੀ ਭਾਵੇਂ ਕੇਡੇ ਕੇਡੇ ਵੱਡੇ ਹਨ ਅਤੇ ਡਾਢੀਆਂ ਅਨ੍ਹੇਰੀਆਂ ਨਾਲ ਉਡਾਏ ਜਾਂਦੇ ਹਨ ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਾਂਝੀ ਦਾ ਜੀ ਕਰੇ ਮੋੜੇ ਜਾਂਦੇ ਹਨ।
5 ਇਸੇ ਪਰਕਾਰ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੇ ਫੌੜ ਮਾਰਦੀ ਹੈ, — ਵੇਖੋ, ਕੇਡਾ ਵੱਡਾ ਬਣ ਕਿਹੀ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ !
6 ਜੀਭ ਵੀ ਇੱਕ ਅੱਗ ਹੈ ! ਸਾਡਿਆਂ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਅਤੇ ਭਵਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ !
7 ਕਿਉਂਕਿ ਜੰਗਲੀ ਜਨਾਉਰਾਂ ਅਤੇ ਪੰਛੀਆਂ, ਘਿੱਸਰਨ ਵਾਲੇ ਅਤੇ ਜਲ ਜੰਤੂਆਂ ਦੀ ਹਰੇਕ ਜ਼ਾਤ ਮਨੁੱਖ ਜ਼ਾਤ ਦੇ ਵੱਸ ਵਿੱਚ ਕੀਤੀ ਜਾਂਦੀ ਸਗੋਂ ਕੀਤੀ ਭੀ ਗਈ ਹੈ।
8 ਪਰ ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ। ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਵਿੱਸ ਨਾਲ ਭਰੀ ਹੋਈ ਹੈ।
9 ਓਸੇ ਨਾਲ ਅਸੀਂ ਪ੍ਰਭੁ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਓਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ।
10 ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿੱਕਲਦੀ ਹੈ ! ਹੇ ਮੇਰੇ ਭਰਾਵੋ, ਏਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ ਹਨ !
11 ਭਲਾ, ਸੋਮੇ ਦੇ ਇੱਕੋ ਮੂੰਹ ਤੋਂ ਕਦੇ ਮਿੱਠਾ ਅਤੇ ਖਾਰਾ ਪਾਣੀ ਭੀ ਨਿੱਕਲਦਾ ਹੈ ?
12 ਹੇ ਮੇਰੇ ਭਰਾਵੋ, ਕੀ ਇਹ ਹੋ ਸੱਕਦਾ ਹੈ ਜੋ ਹਜੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹਜੀਰ ਲੱਗੇ ? ਖਾਰੇ ਪਾਣੀ ਵਿੱਚੋਂ ਭੀ ਮਿੱਠਾ ਪਾਣੀ ਨਹੀਂ ਨਿੱਕਲਦਾ ਹੈ।
13 ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ।
14 ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਅਤੇ ਧੜੇਬਾਜ਼ੀ ਕਰਦੇ ਹੋ ਤਾਂ ਸਚਿਆਈ ਦੇ ਵਿਰੁੱਧ ਨਾ ਘੁਮੰਡ ਕਰੋ, ਨਾ ਝੂਠ ਮਾਰੋ।
15 ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰ ਆਉਂਦੀ ਹੈ ਸਗੋਂ ਸੰਸਾਰੀ, ਪ੍ਰਾਣਕ, ਸ਼ਤਾਨੀ ਹੈ।
16 ਕਿਉਂਕਿ ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਘਮਸਾਣ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ।
17 ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।
18 ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ।
ਕਾਂਡ 4

1 ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ ? ਕੀ ਐਥੋਂ ਨਹੀਂ ਅਰਥਾਤ ਤੁਹਾਡਿਆਂ ਭੋਗ ਬਿਲਾਸਾਂ ਤੋਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਜੁੱਧ ਕਰਦੇ ਹਨ ?
2 ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪਰਾਪਤ ਨਹੀਂ ਕਰ ਸੱਕਦੇ। ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ। ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਜੋ ਮੰਗਦੇ ਨਹੀਂ।
3 ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਈ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ।
4 ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।
5 ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਧਰਮ ਪੁਸਤਕ ਐਂਵੇਂ ਕਹਿੰਦਾ ਹੈ ਭਈ ਉਹ ਉਸ ਆਤਮਾ ਲਈ ਜਿਹੜਾ ਉਹ ਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਲੋਚਦਾ ਹੈ ?
6 ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।
7 ਉਪਰੰਤ ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।
8 ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।
9 ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਅਨੰਦ ਉਦਾਸੀ ਨਾਲ ਬਦਲ ਜਾਵੇ।
10 ਪ੍ਰਭੁ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ।
11 ਹੇ ਭਰਾਵੋ, ਇੱਕ ਦੂਏ ਦੇ ਵਿਰੁੱਧ ਨਾ ਬੋਲੋ। ਜੋ ਕੋਈ ਭਰਾ ਦੇ ਵਿਰੁੱਧ ਬੋਲਦਾ ਹੈ ਅਥਵਾ ਆਪਣੇ ਭਰਾ ਉੱਤੇ ਦੋਸ਼ ਲਾਉਂਦਾ ਹੈ ਸੋ ਸ਼ਰਾ ਦੇ ਵਿਰੁੱਧ ਬੋਲਦਾ ਹੈ ਅਤੇ ਸ਼ਰਾ ਉੱਤੇ ਦੋਸ਼ ਲਾਉਂਦਾ ਹੈ। ਪਰ ਜੇ ਤੂੰ ਸ਼ਰਾ ਉੱਤੇ ਦੋਸ਼ ਲਾਉਂਦਾ ਹੈ ਤਾਂ ਤੂੰ ਸ਼ਰਾ ਉੱਤੇ ਅਮਲ ਕਰਨ ਵਾਲਾ ਨਹੀਂ ਸਗੋਂ ਦੋਸ਼ ਲਾਉਣ ਵਾਲਾ ਹੋਇਆ।
12 ਸ਼ਰਾ ਦਾ ਦੇਣ ਵਾਲਾ ਅਤੇ ਨਿਆਈ ਇੱਕੋ ਹੈ ਅਰਥਾਤ ਉਹ ਜਿਹੜਾ ਮੁਕਤੀ ਦੇਣ ਅਤੇ ਨਾਸ ਕਰਨ ਨੂੰ ਸਮਰੱਥ ਹੈ। ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ ?
13 ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਹਾ ਕੱਟਾਂਗੇ ਅਤੇ ਵਣਜ ਬੁਪਾਰ ਕਰਾਂਗੇ ਅਤੇ ਕੁਝ ਖੱਟਾਂਗੇ।
14 ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ ! ਤੁਹਾਡੀ ਜਿੰਦ ਹੈ ਹੀ ਕੀ ? ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।
15 ਸਗੋਂ ਤੁਸਾਂ ਇਹ ਆਖਣਾ ਸੀ ਭਈ ਪ੍ਰਭੁ ਚਾਹੇ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਯਾ ਉਹ ਕੰਮ ਕਰਾਂਗੇ।
16 ਪਰ ਹੁਣ ਤੁਸੀਂ ਆਪਣੀਆਂ ਗੱਪਾਂ ਉੱਤੇ ਘੁਮੰਡ ਕਰਦੇ ਹੋ। ਇਹੋ ਜਿਹਾ ਘੁਮੰਡ ਸਾਰਾ ਹੀ ਬੁਰਾ ਹੁੰਦਾ ਹੈ।
17 ਸੋ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਏਹ ਉਹ ਦੇ ਲਈ ਪਾਪ ਹੈ।
ਕਾਂਡ 5

1 1 ਓਏ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾਂ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ ਮਾਰ ਕੇ ਰੋਵੋ !
2 ਤੁਹਾਡਾ ਧਨ ਗਲ ਗਿਆ ਅਤੇ ਤੁਹਾਡੇ ਬਸਤਰ ਕੀੜੇ ਦੇ ਖਾਧੇ ਹੋਏ ਹਨ।
3 ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਙੁ ਤੁਹਾਡਾ ਮਾਸ ਖਾ ਜਾਵੇਗਾ। ਤੁਸਾਂ ਅੰਤ ਦਿਆਂ ਦਿਨਾਂ ਵਿੱਚ ਧਨ ਜੋੜਿਆ ਹੈ।
4 ਵੇਖੋ, ਜਿਨ੍ਹਾਂ ਲਾਵਿਆਂ ਨੇ ਤੁਹਾਡੇ ਖੇਤ ਵੱਢੇ ਓਹਨਾਂ ਦੀ ਲਾਵੀ ਜਿਹੜੀ ਤੁਸਾਂ ਦਲਬੇ ਨਾਲ ਦੱਬ ਰੱਖੀ ਹੈ ਫਰਿਆਦਾਂ ਕਰਦੀ ਅਤੇ ਵਾਢਿਆਂ ਦੀਆਂ ਦੁਹਾਈਆਂ ਸੈਨਾਂ ਦੇ ਪ੍ਰਭੁ ਦੀ ਕੰਨੀਂ ਪਹੁੰਚ ਗਈਆਂ ਹਨ !
5 ਤੁਸਾਂ ਧਰਤੀ ਉੱਤੇ ਮੌਜਾਂ ਮਾਣੀਆਂ ਅਤੇ ਸ਼ੂਕਾ ਸ਼ਾਕੀ ਕੀਤੀ। ਤੁਸਾਂ ਕੋਹੇ ਜਾਣ ਦੇ ਦਿਨ ਆਪਣੇ ਹਿਰਦਿਆਂ ਨੂੰ ਪਾਲਿਆ ਹੈ !
6 ਤੁਸਾਂ ਧਰਮੀ ਨੂੰ ਦੋਸ਼ੀ ਠਹਿਰਾਇਆ, ਉਹ ਨੂੰ ਵੱਢ ਸੁੱਟਿਆ। ਉਹ ਤੁਹਾਡਾ ਸਾਹਮਣਾ ਨਹੀਂ ਕਰਦਾ।
7 ਸੋ ਹੇ ਭਰਾਵੋ, ਪ੍ਰਭੁ ਦੇ ਆਉਣ ਤੀਕ ਧੀਰਜ ਕਰੋ। ਵੇਖੋ, ਕਰਸਾਣ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਓਹ ਦੇ ਲਈ ਧੀਰਜ ਕਰਦਾ ਹੈ ਜਿੰਨਾ ਚਿਰ ਓਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ।
8 ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੁ ਦਾ ਆਉਣਾ ਨੇੜੇ ਹੀ ਹੈ।
9 ਹੇ ਭਰਾਵੋ, ਇੱਕ ਦੂਏ ਦੇ ਵਿਰੁੱਧ ਬੁੜ ਬੁੜ ਨਾ ਕਰੋ ਭਈ ਤੁਸੀਂ ਦੋਸ਼ੀ ਨਾ ਠਹਿਰਾਏ ਜਾਓ। ਵੇਖੋ, ਨਿਆਈ ਬੂਹੇ ਉੱਤੇ ਖਲੋਤਾ ਹੈ !
10 ਹੇ ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੁ ਦਾ ਨਾਮ ਲੈ ਕੇ ਬੋਲਦੇ ਸਨ ਉਨ੍ਹਾਂ ਨੂੰ ਦੁਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਓ।
11 ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ। ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।
12 ਹੇ ਮੇਰੇ ਭਰਾਵੋ, ਸਭ ਤੋਂ ਪਹਿਲਾਂ ਇਹ ਹੈ ਭਈ ਤੁਸਾਂ ਸੌਂਹ ਨਾ ਖਾਣੀ, ਨਾ ਅਕਾਸ਼ ਦੀ, ਨਾ ਧਰਤੀ ਦੀ, ਨਾ ਹੋਰ ਕਾਸੇ ਦੀ ਸੌਂਹ। ਪਰ ਤੁਹਾਡੀ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਭਈ ਤੁਸੀਂ ਸਜ਼ਾ ਹੇਠਾਂ ਨਾ ਆ ਜਾਓ।
13 ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ? ਤਾਂ ਪ੍ਰਾਰਥਨਾ ਕਰੇ। ਕੋਈ ਅਨੰਦ ਹੈ ? ਤਾਂ ਭਜਨ ਗਾਵੇ।
14 ਕੀ ਤੁਹਾਡੇ ਵਿੱਚ ਕੋਈ ਮਾਂਦਾ ਹੈ ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ।
15 ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।
16 ਇਸ ਲਈ ਤੁਸੀਂ ਆਪੋ ਵਿੱਚੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਏ ਲਈ ਪ੍ਰਾਰਥਨਾ ਕਰੋ ਭਈ ਤੁਸੀਂ ਨਰੋਏ ਹੋ ਜਾਓ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ।
17 ਏਲੀਯਾਹ ਸਾਡੇ ਵਰਗਾ ਦੁਖ ਸੁਖ ਭੋਗਣ ਵਾਲਾ ਮਨੁੱਖ ਸੀ ਅਤੇ ਉਹ ਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਭਈ ਵਰਖਾ ਨਾ ਹੋਵੇ ਤਾਂ ਸਾਢੇ ਤਿੰਨਾਂ ਵਰਿਹਾਂ ਤੀਕ ਉਸ ਧਰਤੀ ਉੱਤੇ ਵਰਖਾ ਨਾ ਹੋਈ।
18 ਅਤੇ ਉਹ ਨੇ ਫੇਰ ਪ੍ਰਾਰਥਨਾ ਕੀਤੀ ਅਤੇ ਅਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਆਪਣੇ ਫਲ ਉਗਾਏ।
19 ਮੇਰੇ ਭਰਾਵੋ, ਜੇ ਕੋਈ ਤੁਹਾਡੇ ਵਿੱਚੋਂ ਸਚਿਆਈ ਦੇ ਰਾਹੋਂ ਭੁੱਲ ਜਾਵੇ ਅਤੇ ਕੋਈ ਉਹ ਨੂੰ ਮੋੜ ਲਿਆਵੇ।
20 ਤਾਂ ਉਹ ਜਾਣ ਲਵੇ ਭਈ ਜਿਹ ਨੇ ਇੱਕ ਪਾਪੀ ਨੂੰ ਉਹ ਦੀ ਬਦਰਾਹੀ ਤੋਂ ਮੋੜ ਲਿਆਂਦਾ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਾਹਲਿਆਂ ਪਾਪਾਂ ਨੂੰ ਢੱਕ ਦੇਵੇਗਾ।