੧ ਪਤਰਸ

1 2 3 4 5


ਕਾਂਡ 1

1 ਲਿਖਤੁਮ ਪਤਰਸ ਜਿਹੜਾ ਯਿਸੂ ਮਸੀਹ ਦਾ ਰਸੂਲ ਹਾਂ, ਅੱਗੇ ਜੋਗ ਉਨ੍ਹਾਂ ਪਰਦੇਸੀਆਂ ਨੂੰ ਜੋ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ ਅਤੇ ਬਿਥੁਨਿਯਾ ਵਿੱਚ ਖਿੰਡੇ ਹੋਏ ਹਨ।
2 ਜਿਹੜੇ ਪਿਤਾ ਪਰਮੇਸ਼ੁਰ ਦੇ ਅਗੇਤ੍ਰੇ ਗਿਆਨ ਦੇ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਨਾਲ ਚੁਣੇ ਹੋਏ ਹਨ ਭਈ ਆਗਿਆਕਾਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਨ੍ਹਾਂ ਉੱਤੇ ਛਿੜਕਿਆ ਜਾਵੇ। ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ।
3 ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹ ਨੇ ਆਪਣੀ ਅੱਤ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ।
4 ਅਰਥਾਤ ਓਸ ਅਵਨਾਸੀ, ਨਿਰਮਲ ਅਤੇ ਨਾ ਕੁਮਲਾਉਣ ਵਾਲੇ ਅਧਕਾਰ ਲਈ ਜੋ ਸੁਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਹੈ।
5 ਜਿਹੜੇ ਨਿਹਚਾ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਓਸ ਮੁਕਤੀ ਨੂੰ ਪਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪਰਗਟਹੋਣ ਵਾਲੀ ਹੈ ਬਚਾਏ ਰਹਿੰਦੇ ਹੋ।
6 ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ ਭਾਵੇਂ ਹੁਣ ਥੋੜਾਕੁ ਚਿਰ ਜੇਕਰ ਲੋੜੀਦਾ ਹੋਵੇ ਤਾਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ ਹੋ।
7 ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।
8 ਜਿਹ ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਓਸ ਉੱਤੇ ਨਿਹਚਾ ਕਰ ਕੇ ਐਡਾ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ।
9 ਅਤੇ ਆਪਣੀ ਨਿਹਚਾ ਦਾ ਫਲ ਅਰਥਾਤ ਜਾਨਾਂ ਦੀ ਮੁਕਤੀ ਪਰਾਪਤ ਕਰਦੇ ਹੋ।
10 ਇਸੇ ਮੁਕਤੀ ਦੇ ਵਿਖੇ ਉਨ੍ਹਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ ਜਿਨ੍ਹਾਂ ਉਸ ਕਿਰਪਾ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਅਗੰਮ ਵਾਕ ਕੀਤਾ।
11 ਅਤੇ ਓਹ ਇਹ ਖੋਜ ਵਿਚਾਰ ਕਰਦੇ ਸਨ ਭਈ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਸੀ ਜਦ ਮਸੀਹ ਦਿਆਂ ਦੁਖਾਂ ਦੇ ਅਤੇ ਉਨ੍ਹਾਂ ਦੇ ਪਿੱਛੋਂ ਦੀ ਮਹਿਮਾ ਦੇ ਵਿਖੇ ਅੱਗੋਂ ਹੀ ਸਾਖੀ ਦਿੰਦਾ ਸੀ ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦਾ ਪਤਾ ਦਿੰਦਾ ਸੀ।
12 ਸੋ ਉਨ੍ਹਾਂ ਉੱਤੇ ਇਹ ਪਰਗਟ ਕੀਤਾ ਗਿਆ ਭਈ ਓਹ ਆਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਓਹ ਗੱਲਾਂ ਆਖਦੇ ਸਨ ਜਿਨ੍ਹਾਂ ਦੀ ਖਬਰ ਹੁਣ ਤੁਹਾਨੂੰ ਉਨ੍ਹਾਂ ਦੇ ਰਾਹੀਂ ਮਿਲੀ ਜਿਨ੍ਹਾਂ ਪਵਿੱਤਰ ਆਤਮਾ ਨਾਲ ਜੋ ਸੁਰਗੋਂ ਘੱਲਿਆ ਗਿਆ ਤੁਹਾਨੂੰ ਖੁਸ਼ ਖਬਰੀ ਸੁਣਾਈ ਅਤੇ ਦੂਤ ਵੱਡੀ ਚਾਹ ਨਾਲ ਇਨ੍ਹਾਂ ਗੱਲਾਂ ਨੂੰ ਮਲੂਮ ਕਰਨਾ ਚਾਹੁੰਦੇ ਹਨ !
13 ਇਸ ਲਈ ਤੁਸੀਂ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੁਚੇਤ ਰਹੋ ਅਤੇ ਓਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ।
14 ਅਤੇ ਆਗਿਆਕਾਰ ਬੱਚਿਆਂ ਵਾਂਙੁ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜੇਹੇ ਨਾ ਬਣੋ।
15 ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤੁਸੀਂ ਆਪ ਭੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ।
16 ਕਿਉਂ ਜੋ ਇਹ ਲਿਖਿਆ ਹੋਇਆ ਹੈ ਭਈ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।
17 ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨਾ ਪੱਖ ਪਾਤ ਨਿਆਉਂ ਕਰਦਾ ਹੈ ਤਾਂ ਆਪਣੀ ਮੁਸਾਫ਼ਰੀ ਦਾ ਸਮਾ ਭੈ ਨਾਲ ਬਤੀਤ ਕਰੋ।
18 ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਸੀਂ ਆਪਣੀ ਅਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ।
19 ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ।
20 ਉਹ ਤਾਂ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਥਾਪਿਆ ਗਿਆ ਸੀ ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪਰਗਟ ਹੋਇਆ।
21 ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਉੱਤੇ ਨਿਹਚਾ ਰੱਖਦੇ ਹੋ ਜਿਨ੍ਹਾਂ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਹ ਨੂੰ ਮਹਿਮਾ ਦਿੱਤੀ ਤਾਂ ਜੋ ਤੁਹਾਡੀ ਨਿਹਚਾ ਅਤੇ ਆਸ ਪਰਮੇਸ਼ੁਰ ਉੱਤੇ ਹੋਵੇ।
22 ਤੁਸਾਂ ਜੋ ਸਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਾਂ ਤਨੋਂ ਮਨੋਂ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।
23 ਕਿਉਂ ਜੋ ਤੁਸੀਂ ਨਾਸਵਾਨ ਤੁਖਮ ਤੋਂ ਨਹੀਂ ਸਗੋਂ ਅਵਨਾਸੀ ਤੋਂ ਪਰਮੇਸ਼ੁਰ ਦੇ ਬਚਨ ਰਾਹੀਂ ਜਿਹੜਾ ਜੀਉਂਦਾ ਅਤੇ ਇਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ।
24 ਕਿਉਂਕਿ-ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਤੇਜ ਘਾਹ ਦੇ ਫੁੱਲ ਵਰਗਾ ਹੈ। ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਪ੍ਰਭੁ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ।
25 ਅਤੇ ਇਹ ਉਹੋ ਬਚਨ ਹੈ ਜਿਹ ਦੀ ਖੁਸ਼ ਖਬਰੀ ਤੁਹਾਨੂੰ ਸੁਣਾਈ ਗਈ ਸੀ।
ਕਾਂਡ 2

1 ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ।
2 ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਓਸ ਨਾਲ ਮੁਕਤੀ ਲਈ ਵਧਦੇ ਜਾਓ।
3 ਜੇਕਰ ਤਾਂ ਤੁਸਾਂ ਸੁਆਦ ਚੱਖ ਕੇ ਵੇਖਿਆ ਭਈ ਪ੍ਰਭੁ ਕਿਰਪਾਲੂ ਹੈ।
4 ਜਿਹਦੇ ਕੋਲ ਤੁਸੀਂ ਆਏ ਹੋਏ ਜਾਣੋ ਇੱਕ ਜੀਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰੰਤੂ ਪਰਮੇਸ਼ੁਰ ਦੇ ਭਾਣੇ ਚੁਣਿਆ ਹੋਇਆ ਅਤੇ ਅਮੋਲਕ ਹੈ।
5 ਤੁਸੀਂ ਆਪ ਵੀ ਜੀਉਂਦੇ ਪੱਥਰਾਂ ਦੀ ਨਿਆਈਂ ਹੋ ਕੇ ਆਤਮਕ ਘਰ ਉੱਸਰਦੇ ਜਾਓ ਭਈ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਤੁਸੀਂ ਓਹ ਆਤਮਕ ਬਲੀਦਾਨ ਚੜ੍ਹਾਓ ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਭਾਉਂਦੇ ਹਨ।
6 ਇਸ ਲਈ ਜੋ ਧਰਮ ਪੁਸਤਕ ਵਿੱਚ ਇਹ ਆਇਆ ਹੈ, — ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਅਮੋਲਕ, ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਪਰਤੀਤ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋ ਵੇਗਾ।
7 ਸੋ ਉਹ ਤੁਹਾਡੇ ਲਈ ਜਿਹੜੇ ਨਿਹਚਾ ਕਰਦੇ ਹੋ ਅਮੋਲਕ ਹੈ, ਪਰ ਜਿਹੜੇ ਨਿਹਚਾ ਨਹੀਂ ਕਰਦੇ, — ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।
8 ਅਤੇ, — ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ। ਓਹ ਅਣਆਗਿਆਕਾਰ ਹੋ ਕੇ ਬਚਨ ਤੋਂ ਠੋਕਰ ਖਾਂਦੇ ਹਨ ਜਿਹ ਦੇ ਲਈ ਓਹ ਠਹਿਰਾਏ ਵੀ ਗਏ ਸਨ।
9 ਪਰ ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।
10 ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਓ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ। ਤੁਸਾਂ ਉੱਤੇ ਰਹਮ ਨਾ ਹੋਇਆ ਪਰ ਹੁਣ ਰਹਮ ਹੋਇਆ ਹੈ।
11 ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾਂ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ।
12 ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਨੇਕ ਚਾਲ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।
13 ਤੁਸੀਂ ਪ੍ਰਭੁ ਦੇ ਨਮਿੱਤ ਮਨੁੱਖ ਦੇ ਹਰੇਕ ਪਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਇਸ ਲਈ ਜੋ ਉਹ ਸਭਨਾਂ ਤੋਂ ਵੱਡਾ ਹੈ।
14 ਭਾਵੇਂ ਹਾਕਮਾਂ ਦੇ ਇਸ ਲਈ ਜੋ ਓਹ ਉਸ ਦੇ ਘੱਲੇ ਹੋਏ ਹਨ ਭਈ ਕੁਕਰਮੀਆਂ ਨੂੰ ਸਜ਼ਾ ਦੇਣ ਅਤੇ ਸੁਕਰਮੀਆਂ ਦੀ ਸੋਭਾ ਕਰਨ।
15 ਕਿਉਂ ਜੋ ਪਰਮੇਸ਼ੁਰ ਦੀ ਇੱਛਿਆ ਇਉਂ ਹੈ ਭਈ ਤੁਸੀਂ ਸੁਕਰਮ ਕਰ ਕੇ ਮੂਰਖ ਲੋਕਾਂ ਦੀ ਆਗਿਆਨਤਾ ਦਾ ਮੂੰਹ ਬੰਦ ਕਰ ਦਿਓ।
16 ਤੁਸੀਂ ਅਜ਼ਾਦ ਹੋ ਕੇ ਆਪਣੀ ਅਜ਼ਾਦੀ ਨੂੰ ਬੁਰਿਆਈ ਦਾ ਪੜਦਾ ਨਾ ਬਣਾਓ ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਜਾਣੋ।
17 ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪ੍ਰੇਮ ਰੱਖੋ, ਪਰਮੇਸ਼ੁਰ ਦਾ ਭੈ ਮੰਨੋ, ਪਾਤਸ਼ਾਹ ਦਾ ਆਦਰ ਕਰੋ।
18 ਹੇ ਨੌਕਰੋ, ਪੂਰੇ ਅਦਬ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ, — ਨਿਰੇ ਭਲਿਆਂ ਅਤੇ ਅਸੀਲਾਂ ਦੇ ਹੀ ਨਹੀਂ ਸਗੋਂ ਕਰੜੇ ਸੁਭਾਉ ਵਾਲਿਆਂ ਦੇ ਭੀ।
19 ਕਿਉਂਕਿ ਜੇ ਕੋਈ ਪਰਮੇਸ਼ੁਰ ਦੇ ਖ਼ਿਆਲ ਨਾਲ ਬੇਇਨਸਾਫ਼ੀ ਝੱਲ ਕੇ ਦੁਖ ਸਹਿ ਲਵੇ ਤਾਂ ਇਹ ਪਰਵਾਨ ਹੈ।
20 ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ ? ਪਰ ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪਰਵਾਨ ਹੈ।
21 ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।
22 ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਵਲ ਛਲ ਦੀ ਗੱਲ ਨਿੱਕਲੀ।
23 ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।
24 ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ।
25 ਤੁਸੀਂ ਤਾਂ ਭੇਡਾਂ ਵਾਂਙੁ ਭਟਕਦੇ ਫਿਰਦੇ ਸਾਓ ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ।
ਕਾਂਡ 3

1 ਇਸੇ ਪਰਕਾਰ ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ।
2 ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।
3 ਅਤੇ ਤੁਹਾਡਾ ਸਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ।
4 ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ।
5 ਕਿਉਂ ਜੋ ਇਸੇ ਤਰਾਂ ਅਗਲੇ ਸਮਿਆਂ ਵਿੱਚ ਪਵਿੱਤਰ ਇਸਰਤੀਆਂ ਜਿਹੜੀਆਂ ਪਰਮੇਸ਼ੁਰ ਉੱਤੇ ਆਸ ਰੱਖਦੀਆਂ ਸਨ ਆਪਣਿਆਂ ਪੁਰਸ਼ਾਂ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਸਿੰਗਾਰਦੀਆਂ ਸਨ।
6 ਜਿਵੇਂ ਸਾਰਾਹ ਅਬਰਾਹਾਮ ਨੂੰ ਸੁਆਮੀ ਕਹਿ ਕੇ ਉਹ ਦੇ ਅਧੀਨ ਰਹੀ ਜਿਹ ਦੀਆਂ ਤੁਸੀਂ ਬੱਚੀਆਂ ਹੋਈਆਂ ਜੇ ਸ਼ੁਭ ਕਰਮ ਕਰਦੀਆਂ ਅਤੇ ਕਿਸੇ ਪਰਕਾਰ ਦੇ ਡਹਿਲ ਨਾਲ ਨਾ ਡਰਦੀਆਂ ਹੋਵੋ।
7 ਇਸੇ ਤਰਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਭੀ ਭਈ ਤੁਸੀਂ ਦੋਵੇਂ ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ ਅਧਕਾਰੀ ਹੋ ਉਹ ਦਾ ਆਦਰ ਕਰੇ ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।
8 ਗੱਲ ਕਾਹਦੀ, ਤੁਸੀਂ ਸੱਭੇ ਇੱਕ ਮੰਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।
9 ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਲਟੇ ਅਸੀਸ ਦਿਓ ਕਿਉਂ ਜੋ ਤੁਸੀਂ ਇਸੇ ਦੇ ਲਈ ਸੱਦੇ ਗਏ ਤਾਂ ਜੋ ਅਸੀਸ ਦੇ ਅਧਕਾਰੀ ਹੋਵੋ।
10 ਕਿਉਂਕਿ,— ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਉਹ ਆਪਣੀ ਜੀਭ ਨੂੰ ਬੁਰਿਆਈ ਤੋਂ, ਅਤੇ ਆਪਣੇ ਬੁੱਲ੍ਹਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ।
11 ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹ ਦਾ ਪਿੱਛਾ ਕਰੇ।
12 ਕਿਉਂ ਜੋ ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ। ਪ੍ਰਭੁ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ।
13 ਜੇ ਤੁਸੀਂ ਭਲਿਆਈ ਕਰਨ ਵਿੱਚ ਚੁਸਤ ਹੋਵੋ ਤਾਂ ਉਹ ਕਿਹੜਾ ਹੈ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇਗਾ ?
14 ਪਰ ਜੇ ਤੁਹਾਨੂੰ ਧਰਮ ਦੇ ਕਾਰਨ ਦੁਖ ਮਿਲੇ ਵੀ ਤਾਂ ਧੰਨ ਹੋ ! ਉਨ੍ਹਾਂ ਦੇ ਡਰਾਉਣ ਤੋਂ ਨਾ ਡਰੋ ਅਤੇ ਨਾ ਘਬਰਾਓ।
15 ਸਗੋਂ ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।
16 ਅਤੇ ਅੰਤਹਕਰਨ ਸ਼ੁੱਧ ਰੱਖੋ ਭਈ ਓਹ ਜਿਹੜੇ ਤੁਹਾਡੀ ਸ਼ੁਭ ਚਾਲ ਨੂੰ ਜੋ ਮਸੀਹ ਵਿੱਚ ਹੈ ਮੰਦਾ ਆਖਦੇ ਹਨ ਸੋ ਜਿਸ ਗੱਲ ਵਿੱਚ ਓਹ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਲੱਜਿਆਵਾਨ ਹੋਣ।
17 ਕਿਉਂਕਿ ਜੇ ਪਰਮੇਸ਼ੁਰ ਦੀ ਇੱਛਿਆ ਇਉਂ ਹੋਵੇ ਤਾਂ ਸ਼ੁਭ ਕਰਮ ਕਰਕੇ ਦੁਖ ਝੱਲਣਾ ਇਸ ਨਾਲੋਂ ਚੰਗਾ ਹੈ ਜੋ ਤੁਸੀਂ ਖੋਟੇ ਕਰਮ ਕਰਕੇ ਦੁਖ ਝੱਲੋ।
18 ਕਿਉਂ ਜੋ ਮਸੀਹ ਨੇ ਭੀ ਇੱਕ ਵਾਰ ਪਾਪਾਂ ਦੇ ਪਿੱਛੇ ਦੁਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਦੇ ਲਈ ਭਈ ਉਹ ਸਾਨੂੰ ਪਰਮੇਸ਼ੁਰ ਦੇ ਕੋਲ ਪੁਚਾਵੇ। ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਵਾਲਿਆ ਗਿਆ।
19 ਜਿਹ ਦੇ ਵਿੱਚ ਹੋ ਕੇ ਉਹ ਨੇ ਉਨ੍ਹਾਂ ਆਤਮਿਆਂ ਦੇ ਕੋਲ ਜਿਹੜੇ ਕੈਦ ਵਿੱਚ ਸਨ ਜਾ ਕੇ ਮਨਾਦੀ ਕੀਤੀ।
20 ਜਿਹੜੇ ਪਿੱਛਲੇ ਸਮੇਂ ਅਣਆਗਿਆਕਾਰੀ ਸਨ ਜਿਸ ਵੇਲੇ ਪਰਮੇਸ਼ੁਰ ਨੂਹ ਦੇ ਦਿਨੀਂ ਧੀਰਜ ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਪਈ ਸੀ ਜਿਹ ਦੇ ਵਿੱਚ ਥੋੜੇ ਅਰਥਾਤ ਅੱਠ ਜਣੇ ਪਾਣੀ ਤੋਂ ਬਚ ਗਏ।
21 ਏਹ ਬਪਤਿਸਮੇ ਦਾ ਨਮੂਨਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ। ਏਹ ਸਰੀਰ ਦੀ ਮੈਲ ਲਾਹੁਣੀ ਨਹੀਂ ਪਰ ਸ਼ੁੱਧ ਅੰਤਹਕਰਨ ਨਾਲ ਪਰਮੇਸ਼ੁਰ ਨੂੰ ਭਾਲਣਾ ਹੈ।
22 ਉਹ ਸੁਰਗ ਵਿੱਚ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਹੈ ਅਤੇ ਦੂਤ ਅਤੇ ਇਖਤਿਆਰ ਵਾਲੇ ਅਤੇ ਸ਼ਕਤੀ ਵਾਲੇ ਉਹ ਦੇ ਅਧੀਨ ਕੀਤੇ ਹੋਏ ਹਨ।
ਕਾਂਡ 4

1 ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁਖ ਝੱਲਿਆ ਤਾਂ ਤੁਸੀਂ ਵੀ ਓਸੇ ਮਨਸ਼ਾ ਦੇ ਹਥਿਆਰ ਬੰਨ੍ਹੋਂ ਕਿਉਂਕਿ ਜਿਹ ਨੇ ਸਰੀਰ ਵਿੱਚ ਦੁਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ।
2 ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾਂ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ।
3 ਕਿਉਂ ਜੋ ਬੀਤਿਆ ਹੋਇਆ ਸਮਾ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਨੂੰ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾਂ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇ ਬਾਜ਼ੀਆਂ ਅਤੇ ਘਿਣਾਉਣੀਆਂ ਮੂਰਤੀ ਪੂਜਾਂ ਵਿੱਚ ਚੱਲਦੇ ਸਾਂ।
4 ਓਹ ਉਸ ਨੂੰ ਅਚਰਜ ਮੰਨਦੇ ਹਨ ਭਈ ਤੁਸੀਂ ਓਸੇ ਅੱਤ ਬਦਚਲਣੀ ਵਿੱਚ ਉਨ੍ਹਾਂ ਦੇ ਨਾਲ ਨਹੀਂ ਖੇਡਦੇ ਤਾਂ ਹੀ ਓਹ ਤੁਹਾਡੀ ਨਿੰਦਿਆ ਕਰਦੇ ਹਨ।
5 ਓਹ ਉਸ ਨੂੰ ਲੇਖਾ ਦੇਣਗੇ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਉਂ ਕਰਨ ਨੂੰ ਤਿਆਰ ਹੈ।
6 ਕਿਉਂ ਜੋ ਮੁਰਦਿਆਂ ਨੂੰ ਵੀ ਇੰਜੀਲ ਇਸੇ ਲਈ ਸੁਣਾਈ ਗਈ ਭਈ ਸਰੀਰ ਕਰਕੇ ਉਨ੍ਹਾਂ ਦਾ ਨਿਆਉਂ ਤਾਂ ਮਨੁੱਖਾਂ ਦੇ ਅਨੁਸਾਰ ਹੋਵੇ ਪਰ ਆਤਮਾ ਕਰਕੇ ਓਹ ਪਰਮੇਸ਼ੁਰ ਵਾਂਙੁ ਜੀਉਂਦੇ ਰਹਿਣ।
7 ਪਰ ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਲਈ ਸੁਚੇਤ ਰਹੋ।
8 ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।
9 ਮੱਥੇ ਵੱਟ ਪਾਇਆਂ ਬਿਨਾ ਇੱਕ ਦੂਏ ਦੀ ਪਰਾਹੁਣਚਾਰੀ ਕਰੋ।
10 ਹਰੇਕ ਨੂੰ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ।
11 ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ੁਰ ਦੀਆਂ ਬਾਣੀਆਂ ਦੇ ਅਨੁਸਾਰ ਕਰੇ, ਜੇ ਕੋਈ ਟਹਿਲ ਕਰੇ ਤਾਂ ਓਸ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ੁਰ ਦਿੰਦਾ ਹੈ ਭਈ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ ਕੀਤੀ ਜਾਵੇ ਜਿਹ ਦੀ ਮਹਿਮਾ ਅਤੇ ਪਰਾਕ੍ਰਮ ਜੁੱਗੋ ਜੁੱਗ ਹੈ। ਆਮੀਨ।
12 ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹ ਨੂੰ ਅਚਰਜ ਨਾ ਮੰਨੋ ਭਈ ਜਿੱਕੁਰ ਤੁਹਾਡੇ ਨਾਲ ਕੋਈ ਅਣੋਖੀ ਗੱਲ ਪਈ ਬੀਤਦੀ ਹੈ।
13 ਸਗੋਂ ਜਿੰਨੇਕੁ ਤੁਸੀਂ ਮਸੀਹ ਦੇ ਦੁਖਾਂ ਵਿੱਚ ਸਾਂਝੀ ਹੋ ਉੱਨਾਕੁ ਅਨੰਦ ਕਰੋ ਭਈ ਉਹ ਦੇ ਤੇਜ ਦੇ ਪਰਕਾਸ਼ ਹੋਣ ਦੇ ਵੇਲੇ ਭੀ ਤੁਸੀਂ ਡਾਢੇ ਅਨੰਦ ਨਾਲ ਨਿਹਾਲ ਹੋਵੋ।
14 ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ ਇਸ ਲਈ ਜੋ ਤੇਜ ਦਾ ਪਿਤਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ।
15 ਪਰ ਐਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਯਾ ਚੋਰ ਯਾ ਬੁਰਿਆਰ ਯਾ ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲਾ ਹੋ ਕੇ ਦੁਖ ਪਾਵੇ !
16 ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੇ।
17 ਕਿਉਂ ਜੋ ਸਮਾ ਆ ਪਹੁੰਚਾ ਭਈ ਪਰਮੇਸ਼ੁਰ ਦੇ ਘਰੋਂ ਨਿਆਉਂ ਸ਼ੁਰੂ ਹੋਵੇ ਅਤੇ ਜੇ ਉਹ ਪਹਿਲਾਂ ਸਾਥੋਂ ਸ਼ੁਰੂ ਹੋਵੇ ਤਾਂ ਉਨ੍ਹਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ ਖਬਰੀ ਨੂੰ ਨਹੀਂ ਮੰਨਦੇ ?
18 ਜੇ ਧਰਮੀ ਮਰ ਮਰ ਕੇ ਬਚਦਾ ਹੈ, ਤਾਂ ਭਗਤੀਹੀਣ ਅਤੇ ਪਾਪੀ ਦਾ ਕੀ ਠਿਕਾਣਾ ?
19 ਉਪਰੰਤ ਜਿਹੜੇ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ ਦੁਖ ਭੋਗਦੇ ਹਨ ਓਹ ਸ਼ੁਭ ਕਰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਓਸ ਵਫ਼ਾਦਾਰ ਕਰਤਾਰ ਨੂੰ ਸੌਂਪ ਦੇਣ।
ਕਾਂਡ 5

1 ਜਿਹੜੇ ਬਜ਼ੁਰਗ ਤੁਹਾਡੇ ਵਿੱਚ ਹਨ ਮੈਂ ਜੋ ਉਨ੍ਹਾਂ ਦੇ ਨਾਲ ਦਾ ਬਜ਼ੁਰਗ ਅਤੇ ਮਸੀਹ ਦੇ ਦੁਖਾਂ ਦਾ ਗਵਾਹ ਨਾਲੇ ਓਸ ਤੇਜ ਵਿੱਚ ਜੋ ਪਰਕਾਸ਼ ਹੋਣ ਵਾਲਾ ਹੈ ਸਾਂਝੀ ਹਾਂ ਓਹਨਾਂ ਅੱਗੇ ਇਹ ਬੇਨਤੀ ਕਰਦਾ ਹਾਂ।
2 ਭਈ ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ।
3 ਅਤੇ ਓਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ ਸਗੋਂ ਇੱਜੜ ਦੇ ਲਈ ਨਮੂਨਾ ਬਣੋ।
4 ਤਾਂ ਜਿਸ ਵੇਲੇ ਸਰਦਾਰ ਅਯਾਲੀ ਪਰਗਟ ਹੋਵੇਗਾ ਤੁਹਾਨੂੰ ਤੇਜ ਦਾ ਉਹ ਮੁਕਟ ਮਿਲੇਗਾ ਜਿਹੜਾ ਕੁਮਲਾਉਂਦਾ ਨਹੀਂ।
5 ਇਸੇ ਤਰਾਂ ਹੇ ਜੁਆਨੋ, ਬਜ਼ੁਰਗਾਂ ਦੇ ਅਧੀਨ ਹੋਵੋ, ਸਗੋਂ ਤੁਸੀਂ ਸੱਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।
6 ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ।
7 ਅਤੇ ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।
8 ਸੁਚੇਤ ਹੋਵੋ, ਜਾਗਦੇ ਰਹੋ ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ !
9 ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।
10 ਅਤੇ ਪਰਮ ਕਿਰਪਾਲੂ ਪਰਮੇਸ਼ੁਰ ਜਿਹ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ ਜਦ ਤੁਸਾਂ ਥੋੜਾ ਚਿਰ ਦੁਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ।
11 ਪਰਾਕ੍ਰਮ ਜੁੱਗੋ ਜੁੱਗ ਉਸੇ ਦਾ ਹੋਵੇ। ਆਮੀਨ।
12 ਮੈਂ ਤੁਹਾਨੂੰ ਸਿਲਵਾਨੁਸ ਦੇ ਹੱਥੀਂ ਜੋ ਮੇਰੀ ਸਮਝ ਵਿੱਚ ਸਾਡਾ ਮਾਤਬਰ ਭਾਈ ਹੈ ਥੋੜੇ ਵਿੱਚ ਲਿਖ ਕੇ ਉਪਦੇਸ਼ ਅਤੇ ਸਾਖੀ ਦਿੱਤੀ ਭਈ ਪਰਮੇਸ਼ੁਰ ਦੀ ਸੱਚੀ ਕਿਰਪਾ ਇਹੋ ਹੈ। ਉਹ ਦੇ ਉੱਤੇ ਤੁਸੀਂ ਖਲੋਤੇ ਰਹੋ।
13 ਬਾਬੁਲ ਵਿੱਚ ਜਿਹੜੀ ਤੁਹਾਡੇ ਨਾਲ ਦੀ ਚੁਣੀ ਹੋਈ ਹੈ ਉਹ ਅਤੇ ਮੇਰਾ ਪੁੱਤ੍ਰ ਮਰਕੁਸ ਤੁਹਾਡੀ ਸੁਖ ਸਾਂਦ ਪੁੱਛਦੇ ਹਨ।
14 ਤੁਸੀਂ ਪ੍ਰੇਮ ਨਾਲ ਇੱਕ ਦੂਏ ਨੂੰ ਚੁੰਮ ਕੇ ਸੁਖ ਸਾਂਦ ਪੁੱਛੋ। ਤੁਹਾਨੂੰ ਸਭਨਾਂ ਨੂੰ ਜਿਹੜੇ ਮਸੀਹ ਵਿੱਚ ਹੋ ਸ਼ਾਂਤੀ ਹੁੰਦੀ ਰਹੇ।